Read the Gospels in 40 Days
ਬਾਰ੍ਹਾਂ ਰਸੂਲ(A)
10 ਯਿਸੂ ਨੇ ਆਪਣੇ ਬਾਰ੍ਹਾਂ ਚੇਲਿਆਂ ਨੂੰ ਸੱਦਿਆ। ਉਸ ਨੇ ਉਨ੍ਹਾਂ ਨੂੰ ਭ੍ਰਿਸ਼ਟ ਆਤਮਾਵਾਂ ਕੱਢਣ ਦੀ ਸ਼ਕਤੀ ਦਿੱਤੀ। ਉਸ ਨੇ ਉਨ੍ਹਾਂ ਨੂੰ ਹਰ-ਤਰ੍ਹਾਂ ਦੇ ਰੋਗ ਅਤੇ ਬਿਮਾਰੀ ਨੂੰ ਚੰਗਿਆਂ ਕਰਨ ਦੀ ਸ਼ਕਤੀ ਦਿੱਤੀ। 2 ਬਾਰ੍ਹਾਂ ਰਸੂਲਾਂ ਦੇ ਨਾਮ ਇਉਂ ਹਨ:
ਸ਼ਮਊਨ ਜਿਹੜਾ ਪਤਰਸ ਕਹਾਉਂਦਾ ਹੈ,
ਅਤੇ ਉਸਦਾ ਭਰਾ ਅੰਦ੍ਰਿਯਾਸ;
ਜ਼ਬਦੀ ਦਾ ਪੁੱਤਰ ਯਾਕੂਬ
ਅਤੇ ਉਸਦਾ ਭਰਾ ਯੂਹੰਨਾ;
3 ਫ਼ਿਲਿਪੁਸ
ਅਤੇ ਬਰਤੁਲਮਈ;
ਥੋਮਾ
ਅਤੇ ਮੱਤੀ ਮਸੂਲੀਆ,
ਹਲਫਈ ਦਾ ਪੁੱਤਰ ਯਾਕੂਬ
ਅਤੇ ਥੱਦਈ;
4 ਸ਼ਮਊਨ ਕਨਾਨੀ [a]
ਅਤੇ ਯਹੂਦਾ ਇਸੱਕਰਿਯੋਤੀ ਜਿਸਨੇ ਉਸ ਨੂੰ ਫੜਵਾ ਵੀ ਦਿੱਤਾ।
5 ਯਿਸੂ ਨੇ ਬਾਰ੍ਹਾਂ ਰਸੂਲਾਂ ਨੂੰ ਇਹ ਹਿਦਾਇਤਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਭੇਜ ਦਿੱਤਾ। ਉਸ ਨੇ ਆਖਿਆ, “ਗੈਰ-ਯਹੂਦੀਆਂ ਦੇ ਇਲਾਕੇ ਨੂੰ ਨਾ ਜਾਣਾ ਅਤੇ ਸਾਮਰੀਆ ਦੇ ਕਿਸੇ ਵੀ ਨਗਰ ਵਿੱਚ ਪ੍ਰਵੇਸ਼ ਨਾ ਕਰਨਾ। 6 ਸਗੋਂ ਇਸਰਾਏਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਜਾਓ। 7 ਜਾਓ ਅਤੇ ਪ੍ਰਚਾਰ ਕਰੋ ‘ਸਵਰਗ ਦਾ ਰਾਜ ਨੇੜੇ ਆ ਰਿਹਾ ਹੈ।’ 8 ਰੋਗੀਆਂ ਨੂੰ ਚੰਗਾ ਕਰੋ, ਮੁਰਦਿਆਂ ਨੂੰ ਜਿਉਂਦਿਆਂ ਕਰੋ, ਕੋੜ੍ਹੀਆਂ ਨੂੰ ਸ਼ੁੱਧ ਕਰੋ, ਭੂਤਾਂ ਨੂੰ ਕੱਢੋ। ਮੈਂ ਇਹ ਅਧਿਕਾਰ ਤੁਹਾਨੂੰ ਮੁਫ਼ਤ ਦਿੱਤਾ ਹੈ, ਇਸ ਲਈ ਤੁਸੀਂ ਵੀ ਹੋਰਾਂ ਲੋਕਾਂ ਦੀ ਮੁਫ਼ਤ ਮਦਦ ਕਰੋ। 9 ਆਪਣੇ ਕਮਰ ਕਸਿਆਂ ਵਿੱਚ ਸੋਨਾ, ਚਾਂਦੀ ਨਾ ਤਾਂਬਾ ਕੁਝ ਵੀ ਨਾ ਲਿਓ। 10 ਨਾ ਹੀ ਆਪਣੇ ਨਾਲ ਕੋਈ ਝੋਲਾ ਚੁੱਕੋ। ਆਪਣੇ ਸਫ਼ਰ ਵਿੱਚ ਸਿਰਫ਼ ਉਹੀ ਕੱਪੜੇ ਅਤੇ ਉਹੀ ਜੁੱਤੀ ਲਿਓ ਜਿਹੜੀ ਤੁਸੀਂ ਪਾਈ ਹੋਈ ਹੈ। ਨਾ ਹੀ ਤੁਸੀਂ ਆਪਣੇ ਨਾਲ ਲਾਠੀ ਲੈਣੀ ਹੈ। ਇੱਕ ਕਾਮੇ ਨੂੰ ਹੱਕ ਹੈ ਕਿ ਜੋ ਉਸ ਨੂੰ ਚਾਹੀਦਾ ਲੈ ਸੱਕਦਾ ਹੈ।
11 “ਜਦ ਤੁਸੀਂ ਕਿਸੇ ਨਗਰ ਜਾਂ ਸ਼ਹਿਰ ਵਿੱਚ ਵੜੋ ਤਾਂ ਇਹ ਪੁੱਛੋ ਕਿ ਇੱਥੇ ਲਾਇੱਕ ਮਨੁੱਖ ਕੌਣ ਹੈ। ਅਤੇ ਜਿੰਨਾ ਚਿਰ ਕਿਤੇ ਹੋਰ ਨਾ ਜਾਵੋ ਉੱਥੇ ਹੀ ਠਹਿਰੇ ਰਹੋ। 12 ਅਤੇ ਉਸ ਘਰ ਵਿੱਚ ਵੜਦਿਆਂ ਹੀ ਉਸਦੀ ਸੁੱਖ ਮੰਗੋ। 13 ਜੇਕਰ ਉਸ ਘਰ ਦੇ ਲੋਕ ਤੁਹਾਡਾ ਸੁਆਗਤ ਕਰਦੇ ਹਨ, ਤਾਂ ਉਹ ਤੁਹਾਡੀ ਸ਼ਾਂਤੀ ਦੇ ਲਾਇੱਕ ਹਨ। ਜੋ ਸ਼ਾਂਤੀ ਤੁਸੀਂ ਉਨ੍ਹਾਂ ਲਈ ਚਾਹੀ ਉਹ ਉਨ੍ਹਾਂ ਦੀ ਹੋਵੇ। ਪਰ ਜੇਕਰ ਉਹ ਤੁਹਾਡਾ ਸੁਆਗਤ ਨਹੀਂ ਕਰਦੇ ਉਹ ਤੁਹਾਡੀ ਸ਼ਾਂਤੀ ਦੇ ਲਾਇੱਕ ਨਹੀਂ ਹਨ। ਤਾਂ ਜੋ ਸ਼ਾਂਤੀ ਤੁਸੀਂ ਉਨ੍ਹਾਂ ਨੂੰ ਬਖਸ਼ੀ ਉਹ ਵਾਪਸ ਲੈ ਲਵੋ। 14 ਜੇਕਰ ਕੋਈ ਘਰ ਜਾਂ ਸ਼ਹਿਰ ਤੁਹਾਡਾ ਸੁਆਗਤ ਨਾ ਕਰੇ, ਅਤੇ ਤੁਹਾਡੇ ਸ਼ਬਦਾਂ ਵੱਲ ਧਿਆਨ ਨਾ ਦੇਵੇ, ਤਾਂ ਜਦੋਂ ਤੁਸੀਂ ਉਹ ਜਗ੍ਹਾ ਛੱਡੋਂ ਤਾਂ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ। 15 ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਨਿਆਂ ਦੇ ਦਿਨ ਉਸ ਨਗਰ ਦਾ ਹਾਲ ਸਦੂਮ ਅਤੇ ਅਮੂਰਾਹ [b] ਦੇ ਦੇਸ਼ ਨਾਲੋਂ ਵੀ ਭਿਆਨਕ ਹੋਵੇਗਾ।
ਯਿਸੂ ਦਾ ਮੁਸ਼ਕਲਾਂ ਬਾਰੇ ਖਬਰਦਾਰ ਕਰਨਾ(B)
16 “ਸੁਣੋ! ਮੈਂ ਤੁਹਾਨੂੰ ਭੇਡਾਂ ਵਾਂਗ ਬਘਿਆੜਾਂ ਵਿੱਚ ਭੇਜਦਾ ਹਾਂ। ਸੋ ਤੁਸੀਂ ਸਪਾਂ ਵਰਗੇ ਹੁਸ਼ਿਆਰ ਅਤੇ ਕਬੂਤਰਾਂ ਵਰਗੇ ਭੋਲੇ ਹੋਵੋ। 17 ਲੋਕਾਂ ਤੋਂ ਹੋਸ਼ਿਆਰ ਰਹੋ, ਕਿਉਂਕਿ ਉਹ ਤੁਹਾਨੂੰ ਕੈਦ ਕਰਕੇ ਤੁਹਾਡਾ ਨਿਰਨਾ ਕਰਨਗੇ ਅਤੇ ਆਪਣੇ ਪ੍ਰਾਰਥਨਾ ਸਥਾਨਾਂ ਵਿੱਚ ਤੁਹਾਨੂੰ ਕੋੜੇ ਮਾਰਨਗੇ। 18 ਤੁਸੀਂ ਮੇਰੇ ਕਾਰਣ ਰਾਜਪਾਲਾਂ ਅਤੇ ਰਾਜਿਆਂ ਦੇ ਅੱਗੇ ਪੇਸ਼ ਕੀਤੇ ਜਾਵੋਗੇ। ਤੁਸੀਂ ਮੇਰੇ ਬਾਰੇ ਉਨ੍ਹਾਂ ਰਾਜਿਆਂ, ਰਾਜਪਾਲਾਂ ਅਤੇ ਲੋਕਾਂ ਨੂੰ ਦੱਸੋਂਗੇ ਜਿਹੜੇ ਗੈਰ-ਯਹੂਦੀ ਹਨ। 19 ਪਰ ਜਦੋਂ ਲੋਕ ਤੁਹਾਨੂੰ ਗਿਰਫ਼ਤਾਰ ਕਰਨ, ਤਾਂ ਇਹ ਚਿੰਤਾ ਨਾ ਕਰੋ ਕਿ ਇਸ ਬਾਰੇ ਕੀ ਆਖੀਏ ਅਤੇ ਉਨ੍ਹਾਂ ਨੂੰ ਕਿਵੇਂ ਦੱਸੀਏ। ਕਿਉਂਕਿ ਜਿਹੜੇ ਤੁਹਾਨੂੰ ਸ਼ਬਦ ਆਖਣੇ ਚਾਹੀਦੇ ਹਨ ਉਹ ਉਸੇ ਘੜੀ ਤੁਹਾਨੂੰ ਦਿੱਤੇ ਜਾਣਗੇ। 20 ਕਿਉਂਕਿ ਬੋਲਣ ਵਾਲੇ ਤੁਸੀਂ ਨਹੀਂ ਹੋਵੋਂਗੇ, ਸਗੋਂ ਤੁਹਾਡੇ ਪਿਤਾ ਦਾ ਆਤਮਾ ਤੁਹਾਡੇ ਰਾਹੀਂ ਬੋਲ ਰਿਹਾ ਹੋਵੇਗਾ।
21 “ਭਰਾ ਆਪਣੇ ਭਰਾਵਾਂ ਦੇ ਵੈਰੀ ਬਣ ਜਾਣਗੇ ਅਤੇ ਉਨ੍ਹਾਂ ਨੂੰ ਮਰਵਾਉਣ ਵਾਸਤੇ ਗਿਰਫ਼ਤਾਰ ਕਰਾਉਣਗੇ। ਪਿਤਾ ਅਪਣੇ ਬੱਚਿਆਂ ਦੇ ਵਿਰੁੱਧ ਖੜ੍ਹੇ ਹੋ ਜਾਣਗੇ ਅਤੇ ਬੱਚੇ ਆਪਣੇ ਮਾਪਿਆਂ ਦੇ ਖਿਲਾਫ਼ ਖੜ੍ਹੇ ਹੋ ਜਾਣਗੇ ਅਤੇ ਉਹ ਉਨ੍ਹਾਂ ਨੂੰ ਮਾਰਨ ਵਾਸਤੇ ਸੌਂਪ ਦੇਣਗੇ। 22 ਮੇਰੇ ਨਾਮ ਕਾਰਣ ਸਭ ਲੋਕ ਤੁਹਾਨੂੰ ਨਫ਼ਰਤ ਕਰਨਗੇ। ਜਿਹੜਾ ਅੰਤ ਤੀਕ ਸਹੇਗਾ ਸੋ ਹੀ ਬਚਾਇਆ ਜਾਵੇਗਾ। 23 ਜੇਕਰ ਇੱਕ ਨਗਰ ਵਿੱਚ ਲੋਕ ਤੁਹਾਨੂੰ ਕਸ਼ਟ ਦੇਣ ਤਾਂ, ਦੂਸਰੇ ਨਗਰ ਵਿੱਚ ਚੱਲੇ ਜਾਓ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਤੁਸੀਂ ਮਨੁੱਖ ਦੇ ਪੁੱਤਰ ਦੇ ਆਉਣ ਤੋਂ ਪਹਿਲਾਂ ਇਸਰਾਏਲ ਦੇ ਸਾਰੇ ਨਗਰਾਂ ਵਿੱਚ ਨਹੀਂ ਜਾਵੋਂਗੇ।
24 “ਕੋਈ ਵੀ ਚੇਲਾ ਆਪਣੇ ਗੁਰੂ ਨਾਲੋਂ ਵੱਡਾ ਨਹੀਂ, ਅਤੇ ਕੋਈ ਨੌਕਰ ਆਪਣੇ ਮਾਲਕ ਨਾਲੋਂ ਵੱਡਾ ਨਹੀਂ 25 ਇੰਨਾ ਹੀ ਬਹੁਤ ਹੈ ਕਿ ਚੇਲਾ ਆਪਣੇ ਗੁਰੂ ਜਿਹਾ ਅਤੇ ਨੌਕਰ ਆਪਣੇ ਮਾਲਕ ਜਿਹਾ ਹੋਵੇ। ਜੇਕਰ ਘਰ ਦੇ ‘ਮਾਲਕ ਨੂੰ ਬਆਲ-ਜ਼ਬੂਲ’ (ਸ਼ੈਤਾਨ) ਆਖਿਆ ਜਾਂਦਾ, ਤਾਂ ਘਰ ਦੇ ਬਾਕੀ ਲੋਕਾਂ ਨੂੰ ਇਸਤੋਂ ਵੀ ਬੱਦਤਰ ਨਾਂ ਨਾਲ ਸੱਦਿਆ ਜਾਵੇਗਾ।
ਪਰਮੇਸ਼ੁਰ ਤੋਂ ਡਰੋ ਲੋਕਾਂ ਤੋਂ ਨਹੀਂ(C)
26 “ਸੋ ਤੁਸੀਂ ਉਨ੍ਹਾਂ ਕੋਲੋਂ ਨਾ ਡਰੋ, ਕਿਉਂਕਿ ਕੋਈ ਚੀਜ਼ ਲੁਕੀ ਨਹੀਂ ਹੈ। ਜਿਹੜੀ ਪਰਗਟ ਨਹੀਂ ਕੀਤੀ ਜਾਵੇਗੀ, ਨਾਹੀ ਕੁਝ ਗੁਪਤ ਹੈ ਜੋ ਜਾਣਿਆ ਨਹੀਂ ਜਾਵੇਗਾ। 27 ਜੋ ਕੁਝ ਵੀ ਮੈਂ ਤੁਹਾਨੂੰ ਹਨੇਰੇ ਵਿੱਚ ਆਖ ਰਿਹਾ ਹਾਂ ਤੁਸੀਂ ਉਸ ਨੂੰ ਚਾਨਣ ਵਿੱਚ ਆਖੋ ਅਤੇ ਜੋ ਕੁਝ ਵੀ ਤੁਸੀਂ ਕੰਨਾਂ ਨਾਲ ਸੁਣਦੇ ਹੋਂ ਉਸਦਾ ਖੁੱਲੇਆਮ ਪ੍ਰਚਾਰ ਕਰੋ।
28 “ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਦੇਹ ਨੂੰ ਤਾਂ ਮਾਰ ਸੁੱਟਦੇ ਹਨ ਪਰ ਰੂਹ ਨੂੰ ਨਹੀਂ ਮਾਰ ਸੱਕਦੇ, ਸਗੋਂ ਉਸੇ ਕੋਲੋਂ ਡਰੋ ਜਿਹੜਾ ਦੇਹ ਅਤੇ ਰੂਹ ਦੋਹਾਂ ਨੂੰ ਨਰਕ ਵਿੱਚ ਨਸ਼ਟ ਕਰ ਸੱਕਦਾ ਹੈ। 29 ਇੱਕ ਪੈਸੇ ਨੂੰ ਦੀਆਂ ਦੋ ਚਿੜੀਆਂ ਵਿਕਦੀਆਂ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਤੁਹਾਡੇ ਪਿਤਾ ਦੀ ਮਰਜ਼ੀ ਬਿਨਾਂ ਖਤਮ ਨਹੀਂ ਹੋ ਸੱਕਦੀ। 30 ਅਤੇ ਤੁਹਾਡੇ ਸਿਰ ਦੇ ਵਾਲ ਵੀ ਗਿਣੇ ਜਾਂਦੇ ਹਨ। 31 ਸੋ ਤੁਸੀਂ ਨਾ ਡਰੋ! ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਵੱਧ ਉੱਤਮ ਹੋ।
ਲੋਕਾਂ ਨੂੰ ਤੁਹਾਡੇ ਵਿਸ਼ਵਾਸ ਬਾਰੇ ਦੱਸਣਾ(D)
32 “ਜੋ ਕੋਈ ਮਨੁੱਖ ਲੋਕਾਂ ਨੂੰ ਦੱਸਦਾ ਹੈ ਕਿ ਉਹ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਮੈਂ ਵੀ ਆਪਣੇ ਪਿਤਾ ਅੱਗੇ ਜਿਹੜਾ ਸਵਰਗ ਵਿੱਚ ਹੈ ਦੱਸਾਂਗਾ ਕਿ ਉਹ ਵਿਅਕਤੀ ਮੇਰੇ ਨਾਲ ਸੰਬੰਧਿਤ ਹੈ। 33 ਪਰ ਜੋ ਕੋਈ ਮਨੁੱਖ ਲੋਕਾਂ ਨੂੰ ਦੱਸਦਾ ਹੈ ਕਿ ਉਹ ਮੇਰੇ ਵਿੱਚ ਵਿਸ਼ਵਾਸ ਨਹੀਂ ਕਰਦਾ ਤਾਂ ਮੈਂ ਵੀ ਆਪਣੇ ਪਿਤਾ ਦੇ ਅੱਗੇ ਜਿਹੜਾ ਸਵਰਗ ਵਿੱਚ ਹੈ ਉਸਦਾ ਇਕਰਾਰ ਨਹੀਂ ਕਰਾਂਗਾ।
ਮੈਂ ਤੁਹਾਨੂੰ ਤਲਵਾਰ ਦੇਣ ਆਇਆ ਹਾਂ(E)
34 “ਇਹ ਨਾ ਸੋਚੋ ਕਿ ਮੈਂ ਧਰਤੀ ਉੱਤੇ ਤੁਹਾਨੂੰ ਸ਼ਾਂਤੀ ਦੇਣ ਆਇਆ ਹਾਂ। ਮੈਂ ਸ਼ਾਂਤੀ ਦੇਣ ਨਹੀਂ, ਸਗੋਂ ਤਲਵਾਰ ਦੇਣ ਲਈ ਆਇਆ ਹਾਂ। 35-36 ਕਿਉਂਕਿ ਮੈਂ ਇਹ ਪੂਰਨ ਕਰਨ ਵਾਸਤੇ ਆਇਆ ਹਾਂ:
‘ਮਨੁੱਖ ਦੇ ਵੈਰੀ ਉਸ ਦੇ ਆਪਣੇ ਘਰ ਦੇ ਜੀਅ ਹੋਣਗੇ।
ਪੁੱਤਰ ਆਪਣੇ ਪਿਓ ਦੇ ਵਿਰੁੱਧ ਹੋਵੇਗਾ
ਅਤੇ ਧੀ ਆਪਣੀ ਮਾਂ ਦੇ ਵਿਰੁੱਧ ਹੋਵੇਗੀ।
ਅਤੇ ਇੱਕ ਨੂੰਹ ਆਪਣੀ ਸੱਸ ਦੇ ਵਿਰੁੱਧ ਹੋਵੇਗੀ।’ (F)
37 “ਜੋ ਵਿਅਕਤੀ ਪਿਉ ਜਾਂ ਮਾਂ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ, ਉਹ ਮੇਰੇ ਮਗਰ ਚੱਲਣ ਦੇ ਲਾਇੱਕ ਨਹੀਂ ਹੈ। 38 ਜੇਕਰ ਕੋਈ ਵਿਅਕਤੀ ਆਪਣੀ ਸਲੀਬ ਨੂੰ ਕਬੂਲ ਨਹੀਂ ਕਰੇਗਾ ਉਹ ਉਸ ਨੂੰ ਤਦ ਦਿੱਤੀ ਜਾਵੇਗੀ ਜਦ ਉਹ ਮੇਰੇ ਮਗਰ ਤੁਰੇਗਾ। 39 ਜੇਕਰ ਕੋਈ ਵਿਅਕਤੀ ਆਪਣੀ ਪਤਨੀ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ, ਉਹ ਸੱਚਾ ਜੀਵਨ ਗੁਆ ਲਵੇਗਾ। ਜੋ ਕੋਈ ਵੀ ਮੇਰੇ ਲਈ ਆਪਣੀ ਜਾਨ ਦੇਵੇਗਾ ਸੱਚਾ ਜੀਵਨ ਲੱਭ ਲਵੇਗਾ।
ਤੁਹਾਨੂੰ ਕਬੂਲਣ ਵਾਸਤੇ ਪਰਮੇਸ਼ੁਰ ਲੋਕਾਂ ਨੂੰ ਅਸੀਸਾਂ ਦੇਵੇਗਾ(G)
40 “ਜੋ ਕੋਈ ਤੁਹਾਨੂੰ ਕਬੂਲਦਾ ਹੈ ਉਹ ਮੈਨੂੰ ਕਬੂਲਦਾ ਹੈ, ਅਤੇ ਜੋ ਕੋਈ ਮੈਨੂੰ ਕਬੂਲਦਾ ਹੈ ਉਹ ਉਸ ਨੂੰ ਕਬੂਲ ਕਰਦਾ ਹੈ ਜਿਸਨੇ ਮੈਨੂੰ ਭੇਜਿਆ ਹੈ। 41 ਜੇਕਰ ਕੋਈ ਕਿਸੇ ਨਬੀ ਨੂੰ ਇਸ ਕਰਕੇ ਕਬੂਲਦਾ ਹੈ ਕਿ ਉਹ ਨਬੀ ਹੈ ਤਾਂ, ਉਹ ਉਸਦਾ ਫ਼ਲ ਪ੍ਰਾਪਤ ਕਰੇਗਾ ਜੋ ਇੱਕ ਨਬੀ ਦਾ ਹੁੰਦਾ ਹੈ। ਅਤੇ ਜੋ ਕੋਈ ਚੰਗੇ ਆਦਮੀ ਨੂੰ ਇਸ ਲਈ ਕਬੂਲਦਾ ਹੈ ਕਿਉਂਕਿ ਉਹ ਇੱਕ ਚੰਗਾ ਆਦਮੀ ਹੈ, ਤਾਂ ਉਹ ਉਸਦਾ ਫ਼ਲ ਪ੍ਰਾਪਤ ਕਰੇਗਾ ਜੋ ਇੱਕ ਚੰਗੇ ਆਦਮੀ ਦਾ ਹੁੰਦਾ ਹੈ। 42 ਇਹ ਛੋਟੇ ਬੱਚੇ ਮੇਰੇ ਚੇਲੇ ਹਨ। ਜੇਕਰ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਕਿਸੇ ਇੱਕ ਨੂੰ ਵੀ ਇਹ ਸੋਚਕੇ ਇੱਕ ਠੰਡੇ ਪਾਣੀ ਦਾ ਪਿਆਲਾ ਦਿੰਦਾ ਹੈ ਕਿਉਂ ਜੋ ਉਹ ਮੇਰੇ ਚੇਲੇ ਹਨ, ਤਾਂ ਸੱਚਮੁੱਚ ਮੈਂ ਤੁਹਾਨੂੰ ਦੱਸਦਾ ਹਾਂ ਕਿ, ਉਹ ਆਪਣਾ ਫ਼ਲ ਪ੍ਰਾਪਤ ਕਰੇਗਾ।”
ਯਿਸੂ ਅਤੇ ਯੂਹੰਨਾ ਬਪਤਿਸਮਾ ਦੇਣ ਵਾਲਾ(H)
11 ਆਪਣੇ ਬਾਰ੍ਹਾਂ ਚੇਲਿਆਂ ਨੂੰ ਹਿਦਾਇਤਾਂ ਦੇਣ ਤੋਂ ਬਾਅਦ, ਯਿਸੂ ਨੇ ਉਹ ਥਾਂ ਛੱਡ ਦਿੱਤੀ ਅਤੇ ਗਲੀਲੀ ਦੇ ਨਗਰਾਂ ਵਿੱਚ ਉਪਦੇਸ਼ ਦੇਣ ਅਤੇ ਪ੍ਰਚਾਰ ਕਰਨ ਲਈ ਚੱਲਿਆ ਗਿਆ।
2 ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਕੈਦਖਾਨੇ ਵਿੱਚ ਮਸੀਹ ਦੇ ਕੰਮਾਂ ਬਾਰੇ ਸੁਣਕੇ ਆਪਣੇ ਕੁਝ ਚੇਲਿਆਂ ਨੂੰ ਉਸ ਵੱਲ ਭੇਜਿਆ। 3 ਯੂਹੰਨਾ ਦੇ ਚੇਲਿਆਂ ਨੇ ਯਿਸੂ ਨੂੰ ਆਖਿਆ, “ਕੀ ਤੂੰ ਉਹੀ ਵਿਅਕਤੀ ਹੈਂ ਜਿਸ ਬਾਰੇ ਯੂਹੰਨਾ ਨੇ ਕਿਹਾ ਸੀ ਕਿ ਆਉਣ ਵਾਲਾ ਹੈ, ਜਾਂ ਫ਼ਿਰ ਸਾਨੂੰ ਕਿਸੇ ਹੋਰ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ?”
4 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਜੋ ਕੁਝ ਤੁਸੀਂ ਸੁਣਦੇ ਅਤੇ ਵੇਖਦੇ ਹੋ ਜਾਕੇ ਯੂਹੰਨਾ ਨੂੰ ਆਖ ਦੇਣਾ, 5 ਕਿ ਅੰਨ੍ਹੇ ਸੁਜਾਖੇ ਹੁੰਦੇ ਹਨ ਅਤੇ ਲੰਗੜ੍ਹੇ ਤੁਰਦੇ ਹਨ, ਕੋੜ੍ਹੀ ਸ਼ੁੱਧ ਕੀਤੇ ਜਾਂਦੇ ਹਨ, ਬੋਲੇ ਸੁਣਦੇ ਹਨ ਅਤੇ ਮੁਰਦੇ ਜਿਵਾਏ ਜਾਂਦੇ ਹਨ ਅਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਹੈ। 6 ਜਿਹੜਾ ਵਿਅਕਤੀ ਮੈਨੂੰ ਕਬੂਲਦਾ ਹੈ ਉਹ ਧੰਨ ਹੈ।”
7 ਯਿਸੂ ਨੇ ਯੂਹੰਨਾ ਬਾਰੇ ਲੋਕਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ, “ਤੁਸੀਂ ਬਾਹਰ ਉਜਾੜ ਵਿੱਚ ਕੀ ਵੇਖਣ ਨਿਕਲੇ ਸੀ? ਇੱਕ ਕਾਨੇ ਨੂੰ ਜਿਹੜਾ ਹਵਾ ਨਾਲ ਹਿੱਲਦਾ ਹੈ? ਨਹੀਂ! 8 ਸੱਚਮੁੱਚ ਤੁਸੀਂ ਕੀ ਵੇਖਣ ਲਈ ਬਾਹਰ ਨਿਕਲੇ ਸੀ? ਕੀ ਮਹੀਨ ਵਸਤਰ ਪਹਿਨੇ ਹੋਏ ਇੱਕ ਮਨੁੱਖ ਨੂੰ ਵੇਖਣ? ਨਹੀਂ! ਉਹ ਜਿਹੜੇ ਮਹੀਨ ਵਸਤਰ ਪਹਿਨਦੇ ਹਨ ਉਹ ਰਾਜਿਆਂ ਦੇ ਮਹਿਲਾਂ ਵਿੱਚ ਹਨ। 9 ਫ਼ੇਰ ਤੁਸੀਂ ਬਾਹਰ ਕੀ ਵੇਖਣ ਲਈ ਨਿਕਲੇ ਸੀ? ਇੱਕ ਨਬੀ ਨੂੰ? ਹਾਂ ਮੈਂ ਤੁਹਾਨੂੰ ਦੱਸਦਾ ਹਾਂ, ਯੂਹੰਨਾ ਨਬੀ ਨਾਲੋਂ ਵੀ ਵੱਧੇਰੇ ਹੈ। 10 ਇਹ ਓਹੋ ਹੈ ਜਿਸਦੇ ਬਾਰੇ ਪੋਥੀਆਂ ਵਿੱਚ ਇਹ ਲਿਖਿਆ ਹੋਇਆ ਹੈ:
‘ਸੁਣੋ! ਮੈਂ ਤੁਹਾਡੇ ਅੱਗੇ ਆਪਣਾ ਦੂਤ ਘੱਲ ਰਿਹਾ ਹਾਂ ਜਿਹੜਾ ਕਿ
ਤੁਹਾਡੇ ਲਈ ਤੁਹਾਡਾ ਰਾਹ ਤਿਆਰ ਕਰੇਗਾ।’ (I)
11 “ਮੈਂ ਤੁਹਾਨੂੰ ਸੱਚ ਦੱਸਦਾ ਹਾਂ: ਸਾਰੇ ਆਦਮੀਆਂ ਵਿੱਚੋਂ, ਜਿਹੜੇ ਔਰਤਾਂ ਤੋਂ ਜੰਮੇ ਹਨ, ਕੋਈ ਵੀ ਯੂਹੰਨਾ ਬਪਤਿਸਮਾ ਦੇਣ ਵਾਲੇ ਤੋਂ ਵੱਡਾ ਨਹੀਂ ਹੈ। ਪਰ ਹਾਲੇ ਵੀ, ਜੋ ਸਵਰਗ ਦੇ ਰਾਜ ਵਿੱਚ ਛੋਟਾ ਹੈ ਉਹ ਯੂਹੰਨਾ ਤੋਂ ਵੱਡਾ ਹੈ। 12 ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਹੁਣ ਤੀਕ ਸਵਰਗ ਦੇ ਰਾਜ ਉੱਤੇ ਜੋਰ ਮਾਰਿਆ ਜਾਂਦਾ ਹੈ। ਜਿਹੜੇ ਬਲ ਦਾ ਉਪਯੋਗ ਕਰਦੇ ਹਨ ਇਸ ਨੂੰ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। 13 ਕਿਉਂ ਜੋ ਸਾਰੇ ਨਬੀ ਅਤੇ ਤੁਰੇਤ ਯੂਹੰਨਾ ਦੇ ਆਉਣ ਤੀਕ ਬੋਲੇ। 14 ਜੇਕਰ ਤੁਸੀਂ ਉਹ ਗੱਲਾਂ ਜੋ ਸ਼ਰ੍ਹਾ ਅਤੇ ਨਬੀਆਂ ਨੇ ਆਖੀਆਂ ਹਨ, ਮੰਨੋ ਤਾਂ ਤੁਸੀਂ ਵਿਸ਼ਵਾਸ ਕਰੋਂਗੇ ਕਿ ਯੂਹੰਨਾ ਉਹੀ ਏਲੀਯਾਹ ਹੈ ਜੋ ਆਉਣ ਵਾਲਾ ਸੀ। 15 ਜੇਕਰ ਤੁਸੀਂ ਮੈਨੂੰ ਸੁਣ ਸੱਕਦੇ ਹੋ, ਤਾਂ ਸੁਣੋ।
16 “ਮੈਂ ਇਸ ਪੀੜ੍ਹੀ ਦੇ ਲੋਕਾਂ ਦੀ ਤੁਲਨਾ ਕਿਸ ਨਾਲ ਕਰਾਂ? ਅੱਜ ਦੇ ਲੋਕ ਉਨ੍ਹਾਂ ਬੱਚਿਆਂ ਵਰਗੇ ਹਨ ਜੋ ਕਿ ਬੱਚਿਆਂ ਦਾ ਇੱਕ ਧੜਾ ਬਣਾਕੇ ਬਾਜ਼ਾਰ ਵਿੱਚ ਬੈਠੇ ਦੂਜੇ ਬਾਲਕਾਂ ਦੇ ਧੜੇ ਨੂੰ ਆਵਾਜ਼ ਮਾਰਕੇ ਆਖਦੇ ਹਨ,
17 ‘ਅਸੀਂ ਤੁਹਾਡੇ ਲਈ ਬੰਸਰੀ
ਵਜਾਈ ਪਰ ਤੁਸੀਂ ਨਾ ਨੱਚੇ।
ਅਸੀਂ ਉਦਾਸ ਗੀਤ ਗਾਇਆ
ਪਰ ਤੁਸੀਂ ਨਾ ਪਿੱਟਿਆ।’
18 ਮੈਂ ਕਿਉਂ ਕਹਿੰਦਾ ਹਾਂ ਕਿ ਲੋਕ ਇਹੋ ਜਿਹੇ ਹਨ? ਕਿਉਂਕਿ ਯੂਹੰਨਾ ਆਇਆ ਪਰ ਉਸ ਨੇ ਦੂਜੇ ਲੋਕਾਂ ਵਾਂਗ ਨਾ ਖਾਧਾ ਨਾ ਪੀਤਾ, ‘ਅਤੇ ਲੋਕਾਂ ਨੇ ਆਖਿਆ ਕਿ ਉਸ ਦੇ ਅੰਦਰ ਭੂਤ ਹੈ।’ 19 ਮਨੁੱਖ ਦਾ ਪੁੱਤਰ ਖਾਂਦਾ ਪੀਂਦਾ ਆਇਆ ਅਤੇ ਲੋਕ ਆਖਦੇ ਹਨ ਕਿ ਵੇਖੋ ਇੱਕ ਖਾਊ ਅਤੇ ਸ਼ਰਾਬੀ ਮਨੁੱਖ ਮਸੂਲੀਆਂ ਅਤੇ ਪਾਪੀਆਂ ਦਾ ਯਾਰ ਹੈ! ਪਰ ਗਿਆਨ ਖੁਦ ਦੀਆਂ ਕਰਨੀਆਂ ਤੋਂ ਧਰਮੀ ਦਿਖਾਇਆ ਜਾਂਦਾ ਹੈ।”
ਯਿਸੂ ਉਨ੍ਹਾਂ ਨੂੰ ਚੇਤਾਵਨੀ ਦਿੰਦਾ ਜੋ ਵਿਸ਼ਵਾਸ ਨਹੀਂ ਕਰਦੇ(J)
20 ਯਿਸੂ ਨੇ ਉਨ੍ਹਾਂ ਸ਼ਹਿਰਾਂ ਦੀ ਆਲੋਚਨਾ ਕੀਤੀ ਜਿਨ੍ਹਾਂ ਵਿੱਚ ਉਸ ਨੇ ਬਹੁਤ ਸਾਰੇ ਕਰਿਸ਼ਮੇ ਕੀਤੇ। ਉੱਥੋਂ ਦੇ ਸ਼ਹਿਰਾਂ ਦੇ ਲੋਕਾਂ ਨੇ ਆਪਣੇ ਜੀਵਨ ਢੰਗ ਨਹੀਂ ਬਦਲੇ ਅਤੇ ਨਾਹੀ ਪਾਪ ਕਰਨੇ ਬੰਦ ਕੀਤੇ। 21 ਯਿਸੂ ਨੇ ਕਿਹਾ, “ਤੇਰੇ ਲਈ ਇਹ ਬੁਰਾ ਹੋਵੇਗਾ ਖੁਰਾਜ਼ੀਨ! ਤੇਰੇ ਲਈ ਇਹ ਬੁਰਾ ਹੋਵੇਗਾ ਬੈਤਸੈਦਾ! [c] ਤੁਹਾਡੇ ਵਿੱਚ ਮੈਂ ਬਹੁਤ ਕਰਿਸ਼ਮੇ ਕੀਤੇ। ਜੇਕਰ ਉਹ ਕਰਿਸ਼ਮੇ ਸੂਰ ਅਤੇ ਸੈਦਾ [d] ਵਿੱਚ ਕੀਤੇ ਜਾਂਦੇ, ਤਾਂ ਬਹੁਤ ਪਹਿਲਾਂ ਉਨ੍ਹਾਂ ਲੋਕਾਂ ਨੇ ਆਪਣੇ ਜੀਵਨ ਬਦਲ ਲਏ ਹੁੰਦੇ। 22 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਨਿਆਂ ਦੇ ਦਿਨ ਤੁਹਾਡੇ ਨਾਲੋਂ ਸੂਰ ਅਤੇ ਸੈਦਾ ਦਾ ਹਾਲ ਪੁੱਛਣ ਜੋਗ ਹੋਵੇਗਾ।
23 “ਹੇ ਕਫ਼ਰਨਾਹੂਮ! ਕੀ ਤੂੰ ਸਵਰਗ ਤੀਕ ਉੱਚਾ ਚੁੱਕਿਆ ਜਾਵੇਂਗਾ? ਨਹੀਂ! ਤੈਨੂੰ ਥੱਲੇ ਮੌਤ ਦੀ ਥਾਵੇਂ ਸੁੱਟਿਆ ਜਾਵੇਗਾ, ਕਿਉਂਕਿ ਜਿਹੜੀਆਂ ਕਰਾਮਾਤਾਂ ਤੇਰੇ ਵਿੱਚ ਵਿਖਾਈਆਂ ਗਈਆਂ ਜੇਕਰ ਉਹੀ ਕਰਾਮਾਤਾਂ ਸਦੂਮ ਵਿੱਚ ਵਿਖਾਈਆਂ ਜਾਂਦੀਆਂ ਤਾਂ ਉਹ ਅੱਜ ਤੀਕ ਬਣਿਆ ਰਹਿੰਦਾ। 24 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਨਿਆਂ ਦੇ ਦਿਨ ਤੁਹਾਡਾ ਹਾਲ ਸਦੂਮ ਦੇਸ਼ ਨਾਲੋਂ ਮਾੜਾ ਹੋਵੇਗਾ।”
ਯਿਸੂ ਆਪਣੇ ਲੋਕਾਂ ਨੂੰ ਵਿਸ਼ਰਾਮ ਦਿੰਦਾ(K)
25 ਤਦ ਯਿਸੂ ਨੇ ਆਖਿਆ, “ਹੇ ਪਿਤਾ, ਸਵਰਗ ਅਤੇ ਧਰਤੀ ਦੇ ਪ੍ਰਭੂ, ਮੈਂ ਤੇਰੀ ਉਸਤਤਿ ਕਰਦਾ ਹਾਂ ਅਤੇ ਜੋ ਤੂੰ ਇਨ੍ਹਾਂ ਗੱਲਾਂ ਨੂੰ ਸਿਆਣੇ ਅਤੇ ਚੁਸਤ ਲੋਕਾਂ ਤੋਂ ਗੁਪਤ ਰੱਖਿਆ। ਪਰ ਤੂੰ ਇਹ ਗੱਲਾਂ ਆਮ ਆਦਮੀਆਂ ਨੂੰ ਪ੍ਰਗਟ ਕੀਤੀਆਂ ਹਨ। 26 ਹਾਂ, ਪਿਤਾ! ਤੂੰ ਅਜਿਹਾ ਕੀਤਾ, ਕਿਉਂਕਿ ਸੱਚਮੁੱਚ ਤੂੰ ਇਹੀ ਕਰਨਾ ਚਾਹੁੰਦਾ ਸੀ।
27 “ਸਭ ਕੁਝ ਮੇਰੇ ਪਿਤਾ ਨੇ ਮੈਨੂੰ ਸੌਂਪਿਆ ਹੋਇਆ ਹੈ। ਪਿਤਾ ਤੋਂ ਬਿਨਾ ਪੁੱਤਰ ਨੂੰ ਕੋਈ ਨਹੀਂ ਜਾਣਦਾ ਅਤੇ ਨਾ ਹੀ ਪੁੱਤਰ ਤੋਂ ਬਿਨਾ ਪਿਤਾ ਨੂੰ ਕੋਈ ਜਾਣਦਾ ਹੈ। ਜਿਨ੍ਹਾਂ ਨੂੰ ਪੁੱਤਰ ਪ੍ਰਗਟ ਕਰਨ ਲਈ ਚੁਣੇਗਾ, ਸਿਰਫ਼ ਉਹੀ ਲੋਕ ਪਿਤਾ ਨੂੰ ਜਾਨਣਗੇ।
28 “ਉਹ ਸਾਰੇ ਲੋਕ ਜੋ ਥੱਕੇ ਹੋਏ ਹਨ ਅਤੇ ਜਿਨ੍ਹਾਂ ਨੇ ਭਾਰੀ ਬੋਝ ਚੁੱਕੇ ਹੋਏ ਹਨ ਮੇਰੇ ਕੋਲ ਆਵੋ, ਮੈਂ ਤੁਹਾਨੂੰ ਆਰਾਮ ਦੇਵਾਂਗਾ। 29 ਮੇਰਾ ਜੂਲਾ ਆਪਣੇ ਉੱਤੇ ਚੁੱਕੋ ਅਤੇ ਮੈਥੋਂ ਸਿਖੋ, ਕਿਉਂਕਿ ਮੈਂ ਕੋਮਲ ਅਤੇ ਨਿਮ੍ਰ ਦਿਲ ਹਾ। ਇਉਂ, ਤੁਸੀਂ ਆਪਣੇ ਆਤਮਾ ਅੰਦਰ ਵਿਸ਼ਰਾਮ ਮਹਿਸੂਸ ਕਰੋਂਗੇ। 30 ਕਿਉਂਕਿ ਮੇਰਾ ਜੂਲਾ ਸੁਖਾਲਾ ਹੈ ਅਤੇ ਜੋ ਬੋਝ ਮੈਂ ਤੁਹਾਨੂੰ ਦਿੰਦਾ ਹਾਂ ਉਹ ਹੌਲਾ ਹੈ।”
ਕੁਝ ਯਹੂਦੀਆਂ ਵੱਲੋਂ ਯਿਸੂ ਦੀ ਨਿੰਦਿਆ(L)
12 ਉਸ ਵੇਲੇ, ਯਿਸੂ ਕਣਕ ਦੇ ਖੇਤਾਂ ਵਿੱਚੋਂ ਲੰਘ ਰਿਹਾ ਸੀ। ਉਸ ਦੇ ਚੇਲੇ ਉਸ ਦੇ ਨਾਲ ਸਨ ਅਤੇ ਉਹ ਭੁੱਖੇ ਸਨ ਇਸ ਲਈ ਉਨ੍ਹਾਂ ਨੇ ਸਿੱਟੇ ਤੋੜ-ਤੋੜ ਕੇ ਖਾਣੇ ਸ਼ੁਰੂ ਕਰ ਦਿੱਤੇ। 2 ਫ਼ਰੀਸੀਆਂ ਨੇ ਇਹ ਵੇਖਿਆ ਅਤੇ ਉਸ ਨੂੰ ਆਖਿਆ, “ਵੇਖ! ਤੇਰੇ ਚੇਲੇ ਉਹ ਕਰ ਰਹੇ ਹਨ ਜੋ ਸਬਤ ਦੇ ਦਿਨ ਦੀ ਸ਼ਰ੍ਹਾ ਦੇ ਵਿਰੁੱਧ ਹੈ।”
3 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਭਲਾ ਤੁਸੀਂ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਸੀ ਜਦੋਂ ਉਹ ਅਤੇ ਉਸ ਦੇ ਸਾਥੀ ਭੁੱਖੇ ਸਨ? 4 ਦਾਊਦ ਪਰਮੇਸ਼ੁਰ ਦੇ ਘਰ ਗਿਆ, ਉਸ ਨੇ ਅਤੇ ਉਸ ਦੇ ਸਾਥੀਆਂ ਨੇ ਉੱਥੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ, ਜਿਹੜੀਆਂ ਕਿ ਦਾਊਦ ਅਤੇ ਉਸ ਦੇ ਸਾਥੀਆਂ ਲਈ ਖਾਣੀਆਂ ਯੋਗ ਨਹੀਂ ਸਨ। ਸਿਰਫ਼ ਜਾਜਕਾਂ ਨੂੰ ਹੀ ਇਨ੍ਹਾਂ ਨੂੰ ਖਾਣ ਦੀ ਇਜਾਜ਼ਤ ਸੀ? 5 ਕੀ ਤੁਸੀਂ ਤੁਰੇਤ ਵਿੱਚ ਇਹ ਨਹੀਂ ਪੜ੍ਹਿਆ ਕਿ ਹਰ ਸਬਤ ਦੇ ਦਿਨ ਮੰਦਰ ਵਿੱਚ ਜਾਜਕ ਹੀ ਸਬਤ ਦੇ ਦਿਨ ਦੀ ਸ਼ਰ੍ਹਾ ਨੂੰ ਤੋੜਦੇ ਹਨ, ਅਤੇ ਹਾਲੇ ਵੀ ਉਹ ਦੋਸ਼ੀ ਨਹੀਂ ਹਨ? 6 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਇੱਥੇ ਅਜਿਹਾ ਵੀ ਹੈ, ਜੋ ਮੰਦਰ ਨਾਲੋਂ ਵੀ ਮਹਾਨ ਹੈ। 7 ਪਵਿੱਤਰ ਪੁਸਤਕ ਵਿੱਚ ਕਿਹਾ ਗਿਆ ਹੈ, ‘ਮੈਂ ਜੀਵ ਬਲੀਦਾਨ ਨਹੀਂ ਚਾਹੁੰਦਾ ਸਗੋਂ ਮੈਂ ਦਯਾ ਚਾਹੁੰਦਾ ਹਾਂ।’ ਜੇਕਰ ਤੁਸੀਂ ਇਸਦਾ ਅਰਥ ਜਾਣਦੇ ਹੁੰਦੇ ਤਾਂ ਤੁਸੀਂ ਉਨ੍ਹਾਂ ਲੋਕਾਂ ਦਾ ਨਿਰਨਾ ਨਾ ਕਰਦੇ ਜਿਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ।
8 “ਕਿਉਂ ਜੋ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਪ੍ਰਭੂ ਹੈ।”
ਯਿਸੂ ਦਾ ਟੁੰਡੇ ਦੇ ਹੱਥ ਨੂੰ ਠੀਕ ਕਰਨਾ(M)
9 ਯਿਸੂ ਉਸ ਜਗ੍ਹਾ ਤੋਂ ਤੁਰਕੇ ਉੱਥੋਂ ਦੇ ਪ੍ਰਾਰਥਨਾ ਸਥਾਨ ਤੇ ਗਿਆ। 10 ਉੱਥੇ ਇੱਕ ਮਨੁੱਖ ਸੀ ਜਿਸਦਾ ਹੱਥ ਸੁਕਿਆ ਹੋਇਆ ਸੀ। ਉੱਥੇ ਕੁਝ ਯਹੂਦੀਆਂ ਨੇ ਯਿਸੂ ਦੇ ਜੁੰਮੇ ਇੱਕ ਦੋਸ਼ ਲਾਉਣ ਲਈ ਇਹ ਕਹਿਕੇ ਉਸ ਨੂੰ ਪੁੱਛਿਆ ਕਿ, “ਕੀ ਸਬਤ ਦੇ ਦਿਨ ਕਿਸੇ ਨੂੰ ਚੰਗਾ ਕਰਨਾ ਸ਼ਰ੍ਹਾ ਅਨੁਸਾਰ ਹੈ?”
11 ਯਿਸੂ ਨੇ ਜਵਾਬ ਦਿੱਤਾ, “ਜੇਕਰ ਤੁਹਾਡੇ ਵਿੱਚੋਂ ਕਿਸੇ ਕੋਲ ਇੱਕ ਭੇਡ ਹੋਵੇ ਅਤੇ ਜੇ ਸਬਤ ਦੇ ਦਿਨ ਉਹ ਟੇਏ ਵਿੱਚ ਡਿੱਗ ਪਵੇ, ਤਾਂ ਕੀ ਤੁਸੀਂ ਉਸ ਨੂੰ ਟੋਏ ਵਿੱਚੋਂ ਨਹੀਂ ਕੱਢੋਂਗੇ? 12 ਨਿਸ਼ਚੇ ਹੀ, ਆਦਮੀ ਭੇਡ ਨਾਲੋਂ ਕਿਤੇ ਵੱਧ ਮੁੱਲਵਾਨ ਹੈ। ਇਸ ਲਈ ਸਬਤ ਦੇ ਦਿਨ ਚੰਗਾ ਕਰਨਾ ਸ਼ਰ੍ਹਾ ਅਨੁਸਾਰ ਹੈ।”
13 ਤਦ ਯਿਸੂ ਨੇ ਉਸ ਟੁੰਡੇ ਮਨੁੱਖ ਨੂੰ ਕਿਹਾ, “ਮੈਨੂੰ ਆਪਣਾ ਹੱਥ ਵੇਖਣਦੇ?” ਜਦ ਮਨੁੱਖ ਨੇ ਆਪਣਾ ਹੱਥ ਯਿਸੂ ਅੱਗੇ ਕੀਤਾ ਤਾਂ ਉਹ ਦੂਜੇ ਹੱਥ ਵਰਗਾ ਹੀ ਚੰਗਾ ਹੋ ਗਿਆ। 14 ਪਰ ਫ਼ਰੀਸੀ ਪ੍ਰਾਰਥਨਾ ਸਥਾਨ ਤੋਂ ਵਿਦਾ ਹੋ ਗਏ ਅਤੇ ਉਨ੍ਹਾਂ ਨੇ ਯਿਸੂ ਨੂੰ ਮਾਰਨ ਦੀਆਂ ਵਿਉਂਤਾਂ ਬਣਾਈਆਂ।
ਯਿਸੂ, ਪਰਮੇਸ਼ੁਰ ਦਾ ਚੁਣਿਆ ਹੋਇਆ ਸੇਵਕ ਹੈ
15 ਯਿਸੂ ਫ਼ਰੀਸੀਆਂ ਦੀਆਂ ਵਿਉਂਤਾਂ ਜਾਣ ਗਿਆ ਅਤੇ ਉਸ ਨੇ ਉਹ ਜਗ੍ਹਾ ਛੱਡ ਦਿੱਤੀ। ਬਹੁਤ ਸਾਰੇ ਲੋਕ ਉਸ ਦੇ ਪਿੱਛੇ ਲੱਗ ਤੁਰੇ, ਅਤੇ ਉਸ ਨੇ ਉਨ੍ਹਾਂ ਸਾਰਿਆਂ ਨੂੰ ਚੰਗਾ ਕੀਤਾ। 16 ਅਤੇ ਉਨ੍ਹਾਂ ਨੂੰ ਤਾਗੀਤ ਕੀਤੀ ਕਿ ਉਹ ਉਸ ਬਾਰੇ ਹੋਰਾਂ ਨੂੰ ਨਾ ਦੱਸਣ। 17 ਯਿਸੂ ਨੇ ਇਹ ਸਭ ਨਬੀ ਯਸਾਯਾਹ ਦੇ ਇਨ੍ਹਾਂ ਸ਼ਬਦਾਂ ਨੂੰ ਪੂਰਨ ਕਰਨ ਲਈ ਕੀਤਾ।
18 “ਇਹ ਮੇਰਾ ਸੇਵਕ ਹੈ
ਜਿਸ ਨੂੰ ਮੈਂ ਚੁਣਿਆ ਹੈ।
ਮੇਰਾ ਪਿਆਰਾ ਹੈ
ਜਿਸਤੋਂ ਮੈਂ ਪ੍ਰਸੰਨ ਹਾਂ।
ਮੈਂ ਆਪਣਾ ਆਤਮਾ ਉਸ ਉੱਪਰ ਰੱਖਾਂਗਾ,
ਅਤੇ ਉਹ ਕੌਮਾਂ ਵਿੱਚ ਨਿਆਂ ਦਾ ਐਲਾਨ ਕਰੇਗਾ।
19 ਉਹ ਨਾ ਝਗੜਾ ਕਰੇਗਾ ਅਤੇ ਨਾ ਹੀ ਚੀਕੇਗਾ।
ਨਾ ਹੀ ਰਾਹਾਂ ਵਿੱਚ ਕੋਈ ਉਸਦੀ ਆਵਾਜ਼ ਸੁਣੇਗਾ।
20 ਉਹ ਲਿਤਾੜੇ ਹੋਏ ਕਾਨੇ ਨੂੰ ਨਹੀਂ ਤੋੜੇਗਾ।
ਉਹ ਉਸ ਦੀਵੇ ਨੂੰ ਬਾਹਰ ਰੱਖੇਗਾ ਜੋ ਕਿ ਬੁਝਣ ਵਾਲਾ ਹੈ ਉਹ ਅਜਿਹਾ
ਉਦੋਂ ਤੱਕ ਕਰੇਗਾ ਜਦੋਂ ਤੱਕ ਉਹ ਨਿਰਪੱਖ ਨਿਆਂ ਦੀ ਜਿੱਤ ਸਥਾਪਿਤ ਨਾ ਕਰ ਦੇਵੇ।
21 ਅਤੇ ਕੌਮਾਂ ਉਸ ਉੱਪਰ ਆਪਣੀ ਆਸ ਰੱਖਣਗੀਆਂ।” (N)
ਯਿਸੂ ਨੂੰ ਪਰਮੇਸ਼ੁਰ ਵੱਲੋਂ ਸ਼ਕਤੀ(O)
22 ਫ਼ੇਰ ਲੋਕ, ਇੱਕ ਅੰਨ੍ਹੇ ਗੂੰਗੇ ਮਨੁੱਖ, ਜਿਸ ਨੂੰ ਭੂਤ ਚਿੰਬੜਿਆਂ ਹੋਇਆ ਸੀ, ਉਸ ਦੇ ਕੋਲ ਲਿਆਏ ਅਤੇ ਯਿਸੂ ਨੇ ਉਸ ਨੂੰ ਅਜਿਹਾ ਚੰਗਾ ਕੀਤਾ ਕੀ ਉਹ ਬੋਲਣ-ਵੇਖਣ ਲੱਗਾ। 23 ਸਾਰੇ ਲੋਕ ਹੈਰਾਨ ਸਨ ਅਤੇ ਆਖਿਆ, “ਕੀ ਇਹ ਆਦਮੀ ਦਾਊਦ ਦਾ ਪੁੱਤਰ ਤਾਂ ਨਹੀਂ ਜਿਸ ਨੂੰ ਪਰਮੇਸ਼ੁਰ ਨੇ ਸਾਡੇ ਲੋਕਾਂ ਵਿੱਚ ਭੇਜਣ ਦਾ ਵਾਅਦਾ ਕੀਤਾ ਸੀ।”
24 ਫ਼ਰੀਸੀਆਂ ਨੇ ਲੋਕਾਂ ਨੂੰ ਇਸ ਤਰ੍ਹਾਂ ਕਹਿੰਦਿਆਂ ਸੁਣਿਆ ਅਤੇ ਆਖਿਆ, “ਉਹ ਬਆਲ-ਜ਼ਬੂਲ ਦੇ ਸ਼ਾਸਕ ਦੀ ਸਹਾਇਤਾ ਨਾਲ ਲੋਕਾਂ ਵਿੱਚੋਂ ਭੂਤਾਂ ਨੂੰ ਕੱਢਦਾ ਹੈ।”
25 ਪਰ ਉਸ ਨੇ ਉਨ੍ਹਾਂ ਦੀ ਸੋਚ-ਵਿੱਚਾਰ ਜਾਣਕੇ ਉਨ੍ਹਾਂ ਨੂੰ ਆਖਿਆ, “ਹਰ ਉਹ ਰਾਜ, ਜੋ ਆਪਣੇ-ਆਪ ਨਾਲ ਲੜਦਾ ਹੈ,ਨਸ਼ਟ ਹੋ ਜਾਵੇਗਾ, ਅਤੇ ਉਹ ਸ਼ਹਿਰ ਜਾਂ ਪਰਿਵਾਰ, ਜੋ ਆਪਣੇ ਆਪ ਨਾਲ ਲੜਦਾ ਹੈ, ਖੜ੍ਹਾ ਨਹੀਂ ਹੋ ਸੱਕਦਾ। 26 ਅਤੇ ਜੇ ਸ਼ੈਤਾਨ ਆਪਣੇ ਹੀ ਭੂਤਾਂ ਨੂੰ ਬਾਹਰ ਧੱਕਦਾ ਹੈ, ਤਾਂ ਸ਼ੈਤਾਨ ਆਪਣੇ ਹੀ ਖਿਲਾਫ਼ ਲੜ ਰਿਹਾ ਹੈ। ਇਸ ਤਰ੍ਹਾਂ ਉਸਦਾ ਰਾਜ ਨਹੀਂ ਚੱਲ ਸੱਕਦਾ? 27 ਜੇਕਰ ਮੈਂ ਭੂਤਾਂ ਨੂੰ ਕੱਢਣ ਵਾਸਤੇ ਬਆਲ-ਜ਼ਬੂਲ ਦੀ ਸ਼ਕਤੀ ਦੀ ਵਰਤੋਂ ਕਰਦਾ ਹਾਂ, ਤਾਂ ਤੁਹਾਡੇ ਚੇਲੇ ਭੂਤ ਕੱਢਣ ਵਾਸਤੇ ਕਿਸ ਸ਼ਕਤੀ ਦੀ ਵਰਤੋਂ ਕਰਦੇ ਹਨ? ਇਸ ਲਈ ਤੁਹਾਡੇ ਆਪਣੇ ਲੋਕ ਇਹ ਸਾਬਿਤ ਕਰ ਦਿੰਦੇ ਹਨ ਕਿ ਤੁਸੀਂ ਗਲਤ ਹੋ। 28 ਪਰ ਜੇ ਮੈਂ ਪਰਮੇਸ਼ੁਰ ਦੇ ਆਤਮਾ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਇਸਦਾ ਮਤਲਬ ਹੈ ਕਿ ਪਰਮੇਸ਼ੁਰ ਦਾ ਰਾਜ ਤੁਹਾਡੇ ਉੱਤੇ ਆ ਪਹੁੰਚਿਆ ਹੈ। 29 ਜੇਕਰ ਕੋਈ ਮਨੁੱਖ ਕਿਸੇ ਜ਼ੋਰਾਵਰ ਦੇ ਘਰ ਵਿੱਚ ਘੁਸ ਕੇ ਉਸਦਾ ਮਾਲ ਚੋਰੀ ਕਰਨਾ ਚਾਹੇ ਤਾਂ ਪਹਿਲਾਂ ਉਹ ਉਸ ਜੋਰਾਵਰ ਨੂੰ ਬੰਨ੍ਹੇਗਾ ਤਾਂ ਹੀ ਉਹ ਜੋਰਾਵਰ ਦੇ ਘਰੋਂ ਮਾਲ ਚੋਰੀ ਕਰ ਸੱਕਦਾ ਹੈ। 30 ਉਹ ਜੋ ਕੋਈ ਮੇਰੇ ਨਾਲ ਨਹੀਂ ਹੈ, ਮੇਰੇ ਖਿਲਾਫ਼ ਹੈ। ਉਹ ਜੋ ਕੋਈ ਮੇਰੇ ਨਾਲ ਨਾਲ ਨਹੀਂ ਜੁੜਦਾ, ਖਿੰਡ ਜਾਂਦਾ ਹੈ।
31 “ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ ਕਿ ਹਰ ਪਾਪ ਅਤੇ ਹਰ ਕੁਫ਼ਰ ਲਈ ਮਾਫ਼ੀ ਹੈ ਜੋ ਲੋਕ ਕਰਦੇ ਅਤੇ ਕਹਿੰਦੇ ਹਨ। ਪਰ ਉਹ ਕੁਫ਼ਰ, ਜਿਹੜਾ ਪਵਿੱਤਰ ਆਤਮਾ ਦੇ ਵਿਰੁੱਧ ਹੋਵੇ, ਮਾਫ਼ ਨਹੀਂ ਕੀਤਾ ਜਾਵੇਗਾ। 32 ਅਤੇ ਜੇ ਕੋਈ ਮਨੁੱਖ ਦੇ ਪੁੱਤਰ ਵਿਰੁੱਧ ਗੱਲ ਕਰੇ ਉਸ ਨੂੰ ਮਾਫ਼ ਕੀਤਾ ਜਾਵੇਗਾ ਪਰ ਜੇ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਗੱਲ ਕਰੇ ਤਾਂ ਉਸ ਨੂੰ ਨਾ ਇਸ ਜੁੱਗ ਵਿੱਚ ਤੇ ਨਾਹੀ ਆਉਣ ਵਾਲੇ ਜੁੱਗ ਵਿੱਚ ਮਾਫ਼ ਕੀਤਾ ਜਾਵੇਗਾ।
ਤੁਹਾਡੀ ਕਰਨੀ ਦੱਸਦੀ ਹੈ ਕਿ ਤੁਸੀਂ ਕੀ ਹੋ(P)
33 “ਜੇਕਰ ਤੁਹਾਨੂੰ ਚੰਗਾ ਫ਼ਲ ਚਾਹੀਦਾ ਹੈ ਤਾਂ, ਰੁੱਖ ਨੂੰ ਚੰਗਾ ਬਣਾਓ। ਜੇਕਰ ਤੁਹਾਡਾ ਰੁੱਖ ਬੁਰਾ ਹੈ, ਤਾਂ ਇਸਦਾ ਫ਼ਲ ਵੀ ਭੈੜਾ ਹੋਵੇਗਾ, ਕਿਉਂਕਿ ਬਿਰਛ ਆਪਣੇ ਫ਼ਲੋਂ ਹੀ ਪਛਾਣਿਆ ਜਾਂਦਾ ਹੈ। 34 ਹੇ ਸੱਪਾਂ ਦੇ ਬੱਚਿਓ! ਕੀ ਤੁਸੀਂ ਬੁਰੇ ਹੋਕੇ ਚੰਗੀਆਂ ਗੱਲਾਂ ਕਰ ਸੱਕਦੇ ਹੋਂ? ਤੁਹਾਡਾ ਦਿਲ ਜਿਸ ਨਾਲ ਭਰਿਆ ਹੈ, ਤੁਹਾਡਾ ਮੂੰਹ ਵੀ ਉਹੀ ਬੋਲਦਾ ਹੈ। 35 ਇੱਕ ਚੰਗੇ ਵਿਅਕਤੀ ਦੇ ਦਿਲ ਵਿੱਚ ਚੰਗੀਆਂ ਗੱਲਾਂ ਦੀ ਸਮਗ੍ਰੀ ਹੈ। ਇਸ ਲਈ ਉਹ ਆਪਣੇ ਦਿਲੋਂ ਚੰਗੀਆਂ ਗੱਲਾਂ ਬੋਲਦਾ ਹੈ। ਅਤੇ ਦੁਸ਼ਟ ਆਦਮੀ ਬੁਰੀਆਂ ਗੱਲਾਂ ਰੱਖਦਾ ਹੈ ਅਤੇ ਉਹ ਦਿਲੋਂ ਮੰਦਾ ਬੋਲਦਾ ਹੈ। 36 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਹਰੇਕ ਅਕਾਰਥ ਗੱਲ ਲਈ, ਜੋ ਮਨੁੱਖ ਬੋਲਣਗੇ ਨਿਆਂ ਦੇ ਦਿਨ ਉਸਦਾ ਹਿਸਾਬ ਦੇਣਗੇ। 37 ਤੁਹਾਡੇ ਸ਼ਬਦਾਂ ਤੋਂ, ਤੁਸੀਂ ਧਰਮੀ ਮੰਨੇ ਜਾਵੋਂਗੇ। ਤੁਹਾਡੇ ਸ਼ਬਦਾਂ ਤੋਂ ਤੁਹਾਡਾ ਦੋਸ਼ੀ ਹੋਣ ਦਾ ਨਿਰਨਾ ਕੀਤਾ ਜਾਵੇਗਾ।”
ਯਹੂਦੀਆਂ ਨੇ ਯਿਸੂ ਤੋਂ ਨਿਸ਼ਾਨ ਮੰਗਿਆ(Q)
38 ਤਦ ਕੁਝ ਨੇਮ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੇ ਪੁੱਛਿਆ, “ਗੁਰੂ, ਅਸੀਂ ਤੈਥੋਂ ਨਿਸ਼ਾਨ ਵਜੋਂ ਕੋਈ ਕਰਿਸ਼ਮਾ ਵੇਖਣਾ ਚਾਹੁੰਦੇ ਹਾਂ।”
39 ਯਿਸੂ ਨੇ ਉੱਤਰ ਦਿੱਤਾ, “ਦੁਸ਼ਟ ਅਤੇ ਪਾਪੀ ਲੋਕ ਹੀ ਨਿਸ਼ਾਨ ਵਜੋਂ ਕਰਿਸ਼ਮਾ ਵੇਖਣਾ ਲੋਚਦੇ ਹਨ। ਪਰ ਉਨ੍ਹਾਂ ਲੋਕਾਂ ਨੂੰ ਸਬੂਤ ਵਜੋਂ ਕੋਈ ਨਿਸ਼ਾਨ ਨਹੀਂ ਦਿੱਤਾ ਜਾਵੇਗਾ, ਸਿਵਾ ਉਸ ਨਿਸ਼ਾਨ ਦੇ, ਜੋ ਨਬੀ ਯੂਨਾਹ ਨਾਲ ਵਾਪਰਿਆ। 40 ਜਿਵੇਂ ਕਿ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤ ਵੱਡੀ ਮੱਛੀ ਦੇ ਢਿਡ ਵਿੱਚ ਰਿਹਾ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਤਿੰਨ ਦਿਨ ਅਤੇ ਤਿੰਨ ਰਾਤ ਧਰਤੀ ਦੇ ਅੰਦਰ ਰਹੇਗਾ। 41 ਨੀਨਵਾਹ ਦੇ ਲੋਕ ਅਤੇ ਉਹ ਲੋਕ ਜੋ ਅੱਜ ਜਿਉਂਦੇ ਹਨ, ਨਿਆਂ ਦੇ ਦਿਨ ਉੱਠ ਖੜ੍ਹੇ ਹੋਣਗੇ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਉਣਗੇ ਕਿਉਂਕਿ ਯੂਨਾਹ ਦਾ ਪ੍ਰਚਾਰ ਸੁਣਕੇ ਉਨ੍ਹਾਂ ਨੇ ਆਪਣੇ ਜੀਵਨ ਬਦਲ ਲਏ। ਅਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਯੂਨਾਹ ਤੋਂ ਵੀ ਵੱਡਾ ਇੱਥੇ ਹੈ।
42 “ਦੱਖਣ ਦੀ ਰਾਣੀ ਵੀ ਇਸ ਪੀੜ੍ਹੀ ਦੇ ਲੋਕਾਂ ਨਾਲ ਨਿਆਂ ਦੇ ਦਿਨ ਉੱਠ ਖੜ੍ਹੀ ਹੋਵੇਗੀ ਅਤੇ ਉਹ ਦਿਖਾਵੇਗੀ ਕੋ ਤੁਸੀਂ ਗਲਤ ਹੋ। ਕਿਉਂਕਿ ਉਹ ਦੂਰ-ਦੁਰਾਡਿਉਂ ਸੁਲੇਮਾਨ ਦਾ ਉਪਦੇਸ਼ ਸੁਨਣ ਆਈ ਸੀ ਅਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਸੁਲੇਮਾਨ ਤੋਂ ਵੀ ਵੱਡਾ ਇੱਥੇ ਹੈ।
ਅੱਜ ਦੇ ਲੋਕ ਦੁਸ਼ਟ ਹਨ(R)
43 “ਪਰ ਜਦੋਂ ਦੁਸ਼ਟ ਆਤਮਾ ਮਨੁੱਖ ਵਿੱਚੋਂ ਨਿਕਲ ਗਿਆ ਹੋਵੇ, ਤਾਂ ਉਹ ਖੁਸ਼ਕ ਥਾਵਾਂ ਵਿੱਚ ਆਰਾਮ ਭਾਲਦਾ ਫ਼ਿਰਦਾ ਹੈ ਪਰ ਉਸ ਨੂੰ ਕੋਈ ਆਰਾਮ ਦੀ ਜਗ੍ਹਾ ਨਹੀਂ ਲੱਭਦੀ। 44 ਤਦ ਇਹ ਆਖਦਾ ਹੈ, ‘ਮੈਂ ਆਪਣੇ ਘਰੋਂ, ਜਿੱਥੋਂ ਨਿਕਲਿਆ ਸੀ, ਉੱਥੇ ਹੀ ਮੁੜ ਜਾਵਾਂਗਾ।’ ਅਤੇ ਜਦੋਂ ਉਹ ਮੁੜ ਉਸ ਘਰ ਪਰਤਦਾ ਹੈ ਤਾਂ ਉਹ ਵੇਖਦਾ ਹੈ ਕਿ ਉਹ ਘਰ ਸੁੰਨਾ, ਝਾੜਿਆ ਅਤੇ ਸੰਵਰਿਆ ਹੋਇਆ ਹੈ। 45 ਤਦ ਉਹ ਪ੍ਰੇਤ ਆਤਮਾ ਜਾਂਦਾ ਹੈ ਅਤੇ ਆਪਣੇ ਤੋਂ ਵੀ ਵੱਧ ਭੈੜੇ ਸੱਤ ਹੋਰ ਭ੍ਰਿਸ਼ਟ ਆਤਮੇ ਨਾਲ ਲਿਆਉਂਦਾ ਹੈ। ਫ਼ਿਰ ਉਹ ਸਾਰੇ ਆਤਮੇ ਉਸ ਮਨੁੱਖ ਅੰਦਰ ਜਾ ਵੱਸਦੇ ਹਨ। ਫ਼ੇਰ ਉਸ ਮਨੁੱਖ ਦਾ ਹਾਲ ਪਹਿਲਾਂ ਨਾਲੋਂ ਵੀ ਵੱਧ ਬੁਰਾ ਹੁੰਦਾ ਹੈ। ਇਹੀ ਦੁਸ਼ਟ ਲੋਕਾਂ ਨਾਲ ਵਾਪਰੇਗਾ ਜੋ ਅੱਜ ਜਿਉਂਦੇ ਹਨ।”
ਯਿਸੂ ਦੇ ਚੇਲੇ ਹੀ ਉਸਦਾ ਪਰਿਵਾਰ(S)
46 ਜਦੋਂ ਯਿਸੂ ਲੋਕਾਂ ਨਾਲ ਗੱਲਾਂ ਕਰ ਰਿਹਾ ਸੀ, ਉਸਦੀ ਮਾਤਾ ਅਤੇ ਭਰਾ ਉਸ ਨਾਲ ਗੱਲ ਕਰਨ ਲਈ ਬਾਹਰ ਖੜੋਤੇ ਹੋਏ ਸਨ। 47 ਤਾਂ ਇੱਕ ਬੰਦੇ ਨੇ ਉਸ ਨੂੰ ਆਖਿਆ, “ਬਾਹਰ ਤੇਰੀ ਮਾਤਾ ਅਤੇ ਭਰਾ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਹਨ।”
48 ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਕੌਣ ਹੈ ਮੇਰੀ ਮਾਤਾ ਅਤੇ ਕੌਣ ਹਨ ਮੇਰੇ ਭਰਾ?” 49 ਅਤੇ ਉਸ ਨੇ ਆਪਣੇ ਚੇਲੇ ਵਿਖਾਏ ਅਤੇ ਆਖਿਆ, “ਵੇਖੋ ਇਹੀ ਮੇਰੀ ਮਾਤਾ ਹੈ ਅਤੇ ਇਹੀ ਮੇਰੇ ਭਰਾ ਹਨ। 50 ਕਿਉਂਕਿ ਜੋ ਕੋਈ ਵੀ ਮੇਰੇ ਸੁਰਗੀ ਪਿਤਾ ਦੀ ਇੱਛਾ ਪੂਰੀ ਕਰਦਾ ਹੈ ਉਹੀ ਮੇਰਾ ਭਰਾ, ਭੈਣ ਅਤੇ ਮਾਤਾ ਹੈ।”
2010 by World Bible Translation Center