Print Page Options
Previous Prev Day Next DayNext

Read the Gospels in 40 Days

Read through the four Gospels--Matthew, Mark, Luke, and John--in 40 days.
Duration: 40 days
Punjabi Bible: Easy-to-Read Version (ERV-PA)
Version
ਯੂਹੰਨਾ 21

ਯਿਸੂ ਦਾ ਸੱਤ ਚੇਲਿਆਂ ਨੂੰ ਪ੍ਰਗਟ ਹੋਣਾ

21 ਬਾਅਦ ਵਿੱਚ ਯਿਸੂ ਨੇ ਆਪਣੇ-ਆਪ ਨੂੰ ਚੇਲਿਆਂ ਅੱਗੇ ਦਰਸ਼ਾਇਆ। ਇਹ ਤਿਬਿਰਿਯਾਸ ਦੀ ਝੀਲ ਤੇ ਵਾਪਰਿਆ। ਕੁਝ ਚੇਲੇ ਉੱਥੇ ਇੱਕਤਰ ਹੋਏ ਸਨ। ਉਹ ਸ਼ਮਊਨ ਪਤਰਸ, ਥੋਮਾ, ਜਿਹੜਾ ਕਿ ਦਦਿਮੁਸ ਕਹਾਉਂਦਾ ਹੈ, ਨੱਥਾਨਿਏਲ ਜੋ ਗਲੀਲ ਦੇ ਕਾਨਾ ਤੋਂ ਸੀ, ਜ਼ਬਦੀ ਦੇ ਪੁੱਤਰ ਅਤੇ ਉਸ ਦੇ ਚੇਲਿਆਂ ਵਿੱਚੋਂ ਦੋ ਹੋਰ ਸਨ। ਸ਼ਮਊਨ ਪਤਰਸ ਨੇ ਕਿਹਾ, “ਮੈਂ ਮੱਛੀਆਂ ਫ਼ੜਨ ਜਾਂਦਾ ਹਾਂ।”

ਦੂਜੇ ਬਾਕੀ ਚੇਲਿਆਂ ਨੇ ਕਿਹਾ, “ਅਸੀਂ ਵੀ ਤੇਰੇ ਨਾਲ ਚੱਲਦੇ ਹਾਂ।” ਤਾਂ ਸਾਰੇ ਚੇਲੇ ਗਏ ਅਤੇ ਬੇੜੀ ਵਿੱਚ ਚੜ੍ਹ੍ਹ ਗਏ। ਉਨ੍ਹਾਂ ਉਸ ਰਾਤ ਮੱਛੀਆਂ ਫ਼ੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਕੋਈ ਮੱਛੀ ਨਾ ਫ਼ੜ ਸੱਕੇ।

ਅਗਲੀ ਸਵੇਰ ਯਿਸੂ ਕਿਨਾਰੇ ਤੇ ਖਲੋਤਾ ਸੀ ਪਰ ਚੇਲਿਆਂ ਨੂੰ ਨਹੀਂ ਪਤਾ ਸੀ ਕਿ ਉਹ ਯਿਸੂ ਸੀ। ਤਦ ਯਿਸੂ ਨੇ ਚੇਲਿਆਂ ਨੂੰ ਕਿਹਾ, “ਮਿੱਤਰੋ ਕੀ ਤੁਸੀਂ ਮੱਛੀਆਂ ਫ਼ੜੀਆਂ?”

ਚੇਲਿਆਂ ਨੇ ਆਖਿਆ, “ਨਹੀਂ।”

ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਆਪਣਾ ਜਾਲ ਬੇੜੀ ਦੇ ਸੱਜੇ ਪਾਸੇ ਪਾਣੀ ਵਿੱਚ ਸੁੱਟੋ ਉੱਥੇ ਤੁਹਾਨੂੰ ਕੁਝ ਮੱਛੀਆਂ ਮਿਲਣਗੀਆਂ ਤਾਂ ਚੇਲਿਆਂ ਨੇ ਇੰਝ ਹੀ ਕੀਤਾ। ਉਨ੍ਹਾਂ ਨੂੰ ਉੱਥੇ ਮੱਛੀਆਂ ਮਿਲੀਆਂ। ਜਿਵੇਂ ਕਿ ਜਾਲ ਬਹੁਤ ਭਾਰਾ ਹੋ ਗਿਆ ਹੋਵੇ ਤੇ ਉਹ ਇਸ ਨੂੰ ਬੇੜੀ ਵੱਲ ਖਿੱਚਣ ਦੇ ਅਯੋਗ ਸਨ।

ਉਹ ਚੇਲਾ ਜਿਸ ਨੂੰ ਯਿਸੂ ਨੇ ਪਿਆਰ ਕੀਤਾ ਉਸ ਨੇ ਪਤਰਸ ਨੂੰ ਕਿਹਾ, “ਉਹ ਪ੍ਰਭੂ ਹੈ।” ਜਦ ਪਤਰਸ ਨੇ ਉਸ ਨੂੰ ਇਹ ਕਹਿੰਦਿਆਂ ਸੁਣਿਆ, “ਉਹ ਪ੍ਰਭੂ ਹੈ।” ਉਸ ਨੇ ਆਪਣਾ ਕੱਪੜਾ ਆਪਣੇ ਆਲੇ-ਦੁਆਲੇ ਲਪੇਟ ਲਿਆ ਅਤੇ ਪਾਣੀ ਵਿੱਚ ਛਾਲ ਮਾਰ ਗਿਆ (ਇਸਤੋਂ ਪਹਿਲਾਂ ਮੱਛੀਆਂ ਫ਼ੜਦੇ ਹੋਏ ਉਸ ਨੇ ਆਪਣੇ ਕੱਪੜੇ ਲਾਹੇ ਹੋਏ ਸਨ।) ਦੂਜੇ ਚੇਲੇ ਬੇੜੀ ਵਿੱਚ ਨਦੀ ਦੇ ਕੰਢੇ ਵੱਲ ਨੂੰ ਚੱਲੇ ਗਏ ਅਤੇ ਮੱਛੀਆਂ ਦਾ ਭਰਿਆ ਹੋਇਆ ਜਾਲ ਖਿੱਚਣ ਲੱਗੇ। ਉਹ ਕਿਨਾਰੇ ਤੋਂ ਕੋਈ ਸੌ ਕੁ ਗਜ ਦੀ ਦੂਰੀ ਤੇ ਹੀ ਸਨ। ਜਦੋਂ ਚੇਲੇ ਪਾਣੀ ਵਿੱਚੋਂ ਬਾਹਰ ਆਏ ਅਤੇ ਜ਼ਮੀਨ ਤੇ ਪਹੁੰਚੇ, ਉੱਥੇ ਉਨ੍ਹਾਂ ਨੇ ਅੱਗ ਵੇਖੀ। ਇਸ ਉੱਤੇ ਇੱਕ ਮੱਛੀ ਅਤੇ ਰੋਟੀ ਪਈ ਸੀ। 10 ਯਿਸੂ ਨੇ ਆਖਿਆ ਉਹ “ਮੱਛੀ ਲਿਆਓ ਜਿਹੜੀ ਤੁਸੀਂ ਹੁਣੇ ਫ਼ੜੀ ਹੈ।”

11 ਸ਼ਮਊਨ ਪਤਰਸ ਬੇੜੀ ਵਿੱਚ ਗਿਆ ਅਤੇ ਜਾਲ ਨੂੰ ਕਿਨਾਰੇ ਤੇ ਖਿੱਚ ਲਿਆਇਆ। ਇਹ, ਇੱਕ ਸੌ ਤਰਵਿੰਜਾ ਵੱਡੀਆਂ ਮੱਛੀਆਂ ਨਾਲ ਭਰਿਆ ਹੋਇਆ ਸੀ ਭਾਵੇਂ ਮੱਛੀਆਂ ਬੜੀਆਂ ਭਾਰੀਆਂ ਸਨ ਪਰ ਜਾਲ ਤਾਂ ਵੀ ਨਾ ਟੁੱਟਿਆ। 12 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਆਓ ਤੇ ਆਕੇ ਖਾਵੋ।” ਕਿਸੇ ਚੇਲੇ ਵਿੱਚ ਉਸ ਨੂੰ ਇਹ ਪੁੱਛਣ ਦਾ ਹੌਂਸਲਾ ਨਹੀਂ ਸੀ, “ਤੂੰ ਕੌਣ ਹੈਂ?” ਉਹ ਜਾਣਦੇ ਸਨ ਕਿ ਇਹ ਪ੍ਰਭੂ ਹੀ ਸੀ। 13 ਯਿਸੂ ਆਇਆ, ਰੋਟੀ ਲਈ ਅਤੇ ਉਨ੍ਹਾਂ ਨੂੰ ਦੇ ਦਿੱਤੀ। ਇੰਝ ਹੀ ਮੱਛੀ ਵੀ ਲਈ ਅਤੇ ਉਨ੍ਹਾਂ ਨੂੰ ਦਿੱਤੀ।

14 ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਇਹ ਤੀਜੀ ਵਾਰ ਸੀ ਕਿ ਯਿਸੂ ਚੇਲਿਆਂ ਨੂੰ ਪ੍ਰਗਟ ਹੋਇਆ ਸੀ।

ਯਿਸੂ ਦਾ ਪਤਰਸ ਨਾਲ ਗੱਲ ਕਰਨਾ

15 ਉਨ੍ਹਾਂ ਦੇ ਖਾ ਹਟਣ ਤੋਂ ਬਾਅਦ, ਯਿਸੂ ਨੇ ਸ਼ਮਊਨ ਪਤਰਸ ਨੂੰ ਆਖਿਆ, “ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਜਿੰਨਾ ਪਿਆਰ ਇਹ ਲੋਕ ਮੈਨੂੰ ਕਰਦੇ ਹਨ ਤੂੰ ਮੈਨੂੰ ਇਨ੍ਹਾਂ ਲੋਕਾਂ ਨਾਲੋਂ ਵੱਧ ਪਿਆਰ ਕਰਦਾ ਹੈਂ?”

ਪਤਰਸ ਨੇ ਕਿਹਾ, “ਹਾਂ ਪ੍ਰਭੂ ਜੀ, ਤੂੰ ਜਾਣਦਾ ਹੈਂ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ।”

ਤਦ ਯਿਸੂ ਨੇ ਪਤਰਸ ਨੂੰ ਕਿਹਾ, “ਮੇਰੇ ਲੇਲੇ [a] ਚਾਰ।”

16 ਯਿਸੂ ਨੇ ਫ਼ੇਰ ਪਤਰਸ ਨੂੰ ਆਖਿਆ, “ਹੇ ਸ਼ਮਊਨ ਯੂਹੰਨਾ ਦੇ ਪੁੱਤਰ ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?”

ਪਤਰਸ ਨੇ ਕਿਹਾ, “ਹਾਂ ਪ੍ਰਭੂ ਤੂੰ ਜਾਣਦਾ ਹੈਂ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ।”

ਤਦ ਯਿਸੂ ਨੇ ਪਤਰਸ ਨੂੰ ਆਖਿਆ, “ਮੇਰਿਆਂ ਭੇਡਾਂ ਦੀ ਰੱਖਿਆ ਕਰ।”

17 ਤੀਜੀ ਵਾਰ ਯਿਸੂ ਨੇ ਫ਼ਿਰ ਪਤਰਸ ਨੂੰ ਆਖਿਆ, “ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?”

ਪਤਰਸ ਉਦਾਸ ਹੋ ਗਿਆ ਇਸ ਲਈ ਕਿ ਯਿਸੂ ਨੇ ਤੀਜੀ ਵਾਰ ਉਸ ਨੂੰ ਪੁੱਛਿਆ ਕਿ, “ਕੀ ਤੂੰ ਮੇਰੇ ਨਾਲ ਪਿਆਰ ਕਰਦਾ ਹੈਂ।” ਪਤਰਸ ਨੇ ਕਿਹਾ, “ਪ੍ਰਭੂ ਤੂੰ ਸਭ ਕੁਝ ਜਾਣਦਾ ਹੈ ਕਿ ਮੈਂ ਤੇਰੇ ਨਾਲ ਪਿਆਰ ਕਰਦਾ ਹਾਂ।”

ਯਿਸੂ ਨੇ ਪਤਰਸ ਨੂੰ ਕਿਹਾ, “ਮੇਰੀਆਂ ਭੇਡਾਂ [b] ਚਾਰ। 18 ਮੈਂ ਤੈਨੂੰ ਸੱਚ ਆਖਦਾ ਜਦੋਂ ਤੂੰ ਜਵਾਨ ਸੀ ਤੂੰ ਲੱਕ ਦੁਆਲੇ ਪੇਟੀ ਬੰਨ੍ਹ ਕੇ ਜਿੱਥੇ ਤੇਰਾ ਜੀਅ ਕਰਦਾ ਤੂੰ ਤੁਰ ਜਾਂਦਾ ਸੀ, ਪਰ ਜਦ ਤੂੰ ਬੁੱਢਾ ਹੋਵੇਂਗਾ ਤੂੰ ਆਪਣੇ ਹੱਥ ਬਾਹਰ ਫ਼ੈਲਾਵੇਂਗਾ ਅਤੇ ਕੋਈ ਹੋਰ ਵਿਅਕਤੀ ਤੇਰੇ ਲੱਕ ਦੁਆਲੇ ਕਮਰਕਸ ਬੰਨ੍ਹੇਗਾ ਅਤੇ ਜਿੱਥੇ ਤੇਰਾ ਜੀਅ ਨਹੀਂ ਕਰੇਗਾ ਜਾਣ ਨੂੰ ਉਹ ਤੈਨੂੰ ਉੱਥੇ ਲੈ ਜਾਵੇਗਾ।” 19 (ਯਿਸੂ ਨੇ ਉਸ ਨੂੰ ਇਹ ਸੂਚਿਤ ਕਰਨ ਲਈ ਕਿਹਾ ਕਿ ਪਰਮੇਸ਼ੁਰ ਨੂੰ ਮਹਿਮਾਮਈ ਕਰਨ ਲਈ ਕਿਸ ਤਰ੍ਹਾਂ ਦੀ ਮੌਤ ਮਰੇਗਾ।) ਅਤੇ ਇਹ ਕਹਿ ਕੇ ਉਸ ਨੇ ਆਖਿਆ, “ਮੇਰਾ ਅਨੁਸਰਣ ਕਰ।”

20 ਪਤਰਸ ਆਸੇ-ਪਾਸੇ ਮੁੜਿਆ ਅਤੇ ਵੇਖਿਆ ਕਿ ਜਿਸ ਨੂੰ ਯਿਸੂ ਨੇ ਬਹੁਤ ਪਿਆਰ ਕੀਤਾ ਸੀ ਉਹ ਚੇਲਾ ਪਿੱਛੇ ਆ ਰਿਹਾ ਸੀ। (ਇਹ ਉਹ ਚੇਲਾ ਸੀ ਜਿਹੜਾ ਉਸ ਰਾਤ ਦੇ ਖਾਨੇ ਵੇਲੇ ਯਿਸੂ ਵੱਲ ਝੁਕਿਆ ਸੀ ਤੇ ਆਖਿਆ ਸੀ “ਪ੍ਰਭੂ, ਤੈਨੂੰ ਦੁਸ਼ਮਨਾਂ ਹੱਥੀਂ ਕੌਣ ਫ਼ੜਵਾਏਗਾ?”) 21 ਜਦੋਂ ਪਤਰਸ ਨੇ ਉਸ ਚੇਲੇ ਨੂੰ ਆਪਣੇ ਪਿੱਛੋਂ ਆਉਂਦਿਆਂ ਪਾਇਆ ਤਾਂ ਉਸ ਨੇ ਯਿਸੂ ਨੂੰ ਪੁੱਛਿਆ, “ਪ੍ਰਭੂ ਜੀ ਇਸਦੇ ਬਾਰੇ ਤੁਹਾਡਾ ਕੀ ਖਿਆਲ ਹੈ? ਇਸ ਨਾਲ ਕੀ ਬੀਤੇਗੀ?”

22 ਯਿਸੂ ਨੇ ਉੱਤਰ ਦਿੱਤਾ, “ਜੇ ਮੈਂ ਚਾਵ੍ਹਾਂ ਕਿ ਮੇਰੇ ਆਉਣ ਤੱਕ ਉਹ ਜੀਵੇ, ਤਾਂ ਤੈਨੂੰ ਕੀ? ਤੂੰ ਮੇਰੇ ਪਿੱਛੇ ਹੋ ਤੁਰ।”

23 ਤਾਂ ਇਹ ਕਹਾਣੀ ਚੇਲਿਆਂ ਵਿੱਚ ਫ਼ੈਲ ਗਈ। ਉਹ ਆਖ ਰਹੇ ਸਨ ਕਿ ਇਹ ਚੇਲਾ ਜਿਸ ਨੂੰ ਯਿਸੂ ਨੇ ਬਹੁਤ ਪਿਆਰ ਕੀਤਾ, ਨਹੀਂ ਮਰੇਗਾ। ਪਰ ਯਿਸੂ ਨੇ ਇਹ ਨਹੀਂ ਆਖਿਆ ਸੀ ਕਿ ਉਹ ਨਹੀਂ ਮਰੇਗਾ। ਸਗੋਂ ਅਸਲ ਵਿੱਚ ਆਖਿਆ ਸੀ, “ਜੇ ਮੈਂ ਚਾਵ੍ਹਾਂ ਮੇਰੇ ਆਉਣ ਤੱਕ ਜ਼ਰੂਰ ਜੀਵੇ ਤਾਂ ਤੁਹਾਨੂੰ ਕੀ?”

24 ਇਹ ਉਹ ਚੇਲਾ ਹੈ ਜਿਸਨੇ ਇਨ੍ਹਾਂ ਗੱਲਾਂ ਦੀ ਗਵਾਹੀ ਦਿੱਤੀ ਹੈ। ਅਤੇ ਜਿਸਨੇ ਇਹ ਗੱਲਾਂ ਲਿੱਖੀਆਂ ਅਤੇ ਅਸੀਂ ਜਾਣਦੇ ਹਾਂ ਕਿ ਉਸਦੀ ਪ੍ਰਮਾਣਕਤਾ ਸੱਚੀ ਹੈ।

25 ਯਿਸੂ ਨੇ ਹੋਰ ਵੀ ਬਹੁਤ ਗੱਲਾਂ ਕੀਤੀਆਂ। ਜੇ ਉਹ ਸਾਰੀਆਂ ਇੱਕ-ਇੱਕ ਕਰਕੇ ਲਿਖੀਆਂ ਜਾਂਦੀਆਂ ਤਾਂ ਮੈਂ ਸਮਝਦਾ ਹਾਂ ਕਿ ਸਾਰੀਆਂ ਪੁਸਤਕਾਂ ਲਿਖੇ ਜਾਣ ਲਈ ਸ਼ਾਇਦ ਸਾਰੀ ਦੁਨੀਆਂ ਵੀ ਕਾਫ਼ੀ ਨਾ ਹੁੰਦੀ।

Punjabi Bible: Easy-to-Read Version (ERV-PA)

2010 by World Bible Translation Center