Print Page Options
Previous Prev Day Next DayNext

Chronological

Read the Bible in the chronological order in which its stories and events occurred.
Duration: 365 days
Punjabi Bible: Easy-to-Read Version (ERV-PA)
Version
ਉਤਪਤ 16-18

ਦਾਸੀ ਹਾਜਰਾ

16 ਸਾਰਈ ਅਬਰਾਮ ਦੀ ਪਤਨੀ ਸੀ। ਉਸ ਦੇ ਅਤੇ ਅਬਰਾਮ ਦੇ ਉਲਾਦ ਨਹੀਂ ਹੋਈ। ਸਾਰਈ ਦੀ ਮਿਸਰ ਦੀ ਇੱਕ ਦਾਸੀ ਸੀ। ਉਸਦਾ ਨਾਮ ਹਾਜਰਾ ਸੀ। ਸਾਰਈ ਨੇ ਅਬਰਾਮ ਨੂੰ ਆਖਿਆ, “ਯਹੋਵਾਹ ਨੇ ਮੈਨੂੰ ਬੱਚੇ ਹੋਣ ਤੋਂ ਰੋਕ ਦਿੱਤਾ ਹੈ। ਇਸ ਲਈ ਮੇਰੀ ਦਾਸੀ ਹਾਜਰਾ ਨਾਲ ਸੰਭੋਗ ਕਰ। ਮੈਂ ਉਸ ਦੇ ਬੱਚੇ ਨੂੰ ਆਪਣੇ ਬੱਚੇ ਵਾਂਗ ਹੀ ਪ੍ਰਵਾਨ ਕਰਾਂਗੀ।” ਅਬਰਾਮ ਆਪਣੀ ਪਤਨੀ ਦੀ ਬੇਨਤੀ ਨਾਲ ਸਹਿਮਤ ਹੋ ਗਿਆ।

ਇਹ ਗੱਲ ਅਬਰਾਮ ਦੇ ਕਨਾਨ ਦੀ ਧਰਤੀ ਉੱਤੇ ਦਸ ਸਾਲ ਰਹਿ ਚੁੱਕਣ ਤੋਂ ਬਾਦ ਵਾਪਰੀ। ਸਾਰਈ ਨੇ ਹਾਜਰਾ ਨੂੰ ਆਪਣੇ ਪਤੀ ਦੀ ਪਤਨੀ ਹੋਣ ਲਈ ਸੌਂਪ ਦਿੱਤਾ। (ਹਾਜਰਾ ਉਸਦੀ ਮਿਸਰ ਦੀ ਦਾਸੀ ਸੀ।) ਹਾਜਰਾ ਅਬਰਾਮ ਤੋਂ ਗਰਭਵਤੀ ਹੋ ਗਈ। ਜਦੋਂ ਹਾਜਰਾ ਨੂੰ ਇਹ ਪਤਾ ਲੱਗਾ ਤਾਂ ਉਸਦੀ ਮਾਲਕਣ ਨੂੰ ਹਾਜਰਾ ਦੀ ਨਿਗਾਹ ਵਿੱਚ ਇੰਨੀ ਇੱਜ਼ਤ ਨਹੀਂ ਮਿਲੀ। ਪਰ ਸਾਰਈ ਨੇ ਅਬਰਾਮ ਨੂੰ ਆਖਿਆ, “ਮੇਰੀ ਦਾਸੀ ਹੁਣ ਮੈਨੂੰ ਨਫ਼ਰਤ ਕਰਦੀ ਹੈ। ਅਤੇ ਇਸ ਲਈ ਮੈਂ ਤੈਨੂੰ ਕਸੂਰਵਾਰ ਸਮਝਦੀ ਹਾਂ। ਮੈਂ ਉਸ ਨੂੰ ਤੈਨੂੰ ਸੌਂਪਿਆ। ਉਹ ਗਰਭਵਤੀ ਹੋਈ ਅਤੇ ਫ਼ੇਰ ਉਹ ਇਹ ਮਹਿਸੂਸ ਕਰਨ ਲੱਗ ਪਈ ਕਿ ਉਹ ਮੇਰੇ ਨਾਲੋਂ ਬਿਹਤਰ ਹੈ। ਮੈਂ ਚਾਹੁੰਦੀ ਹਾਂ ਕਿ ਯਹੋਵਾਹ ਇਸਦਾ ਨਿਆਂ ਕਰੇ ਕਿ ਸਾਡੇ ਵਿੱਚੋਂ ਕੌਣ ਸਹੀ ਹੈ।”

ਪਰ ਅਬਰਾਮ ਨੇ ਸਾਰਈ ਨੂੰ ਆਖਿਆ, “ਹਾਜਰਾ ਤੇਰੀ ਦਾਸੀ ਹੈ। ਤੂੰ ਉਸ ਦੇ ਨਾਲ ਜੋ ਚਾਹੇਂ ਸਲੂਕ ਕਰ ਸੱਕਦੀ ਹੈਂ।” ਇਸ ਤਰ੍ਹਾਂ ਸਾਰਈ ਆਪਣੀ ਦਾਸੀ ਨਾਲ ਬੁਰਾ ਸਲੂਕ ਕਰਨ ਲੱਗੀ ਅਤੇ ਹਾਜਰਾ ਘਰੋਂ ਭੱਜ ਗਈ।

ਹਾਜਰਾ ਦਾ ਪੁੱਤਰ ਇਸਮਾਏਲ

ਯਹੋਵਾਹ ਦੇ ਦੂਤ ਨੇ ਹਾਜਰਾ ਨੂੰ ਮਾਰੂਥਲ ਅੰਦਰ ਇੱਕ ਟੋਭੇ ਦੇ ਕੰਢੇ ਪਿਆ ਦੇਖਿਆ। ਟੋਭਾ ਸੂਰ ਦੇ ਰਸਤੇ ਉੱਤੇ ਸੀ। ਦੂਤ ਨੇ ਆਖਿਆ, “ਹਾਜਰਾ, ਤੂੰ ਸਾਰਈ ਦੀ ਦਾਸੀਂ ਹੈਂ। ਤੂੰ ਇੱਥੇ ਕੀ ਕਰ ਰਹੀ ਹੈਂ? ਤੂੰ ਕਿਧਰ ਜਾ ਰਹੀ ਹੈਂ?”

ਹਾਜਰਾ ਨੇ ਆਖਿਆ, “ਮੈਂ ਸਾਰਈ ਤੋਂ ਦੂਰ ਭੱਜ ਰਹੀ ਹਾਂ।”

ਯਹੋਵਾਹ ਦੇ ਦੂਤ ਨੇ ਹਾਜਰਾ ਨੂੰ ਆਖਿਆ, “ਸਾਰਈ ਤੇਰੀ ਮਾਲਕਣ ਹੈ। ਉਸ ਕੋਲ ਘਰ ਚਲੀ ਜਾਹ ਅਤੇ ਉਸਦਾ ਹੁਕਮ ਮੰਨ।” 10 ਯਹੋਵਾਹ ਦੇ ਦੂਤ ਨੇ ਹਾਜਰਾ ਨੂੰ ਇਹ ਵੀ ਆਖਿਆ, “ਤੇਰੇ ਤੋਂ ਬਹੁਤ ਲੋਕ ਪੈਦਾ ਹੋਣਗੇ। ਉਹ ਇੰਨੇ ਹੋਣਗੇ ਕਿ ਉਨ੍ਹਾਂ ਦੀ ਗਿਣਤੀ ਨਹੀਂ ਹੋ ਸੱਕੇਗੀ।”

11 ਯਹੋਵਾਹ ਦੇ ਦੂਤ ਨੇ ਇਹ ਵੀ ਆਖਿਆ,

“ਹਾਜਰਾ, ਤੂੰ ਹੁਣ ਗਰਭਵਤੀ ਹੈਂ ਤੇ
    ਤੂੰ ਇੱਕ ਪੁੱਤਰ ਨੂੰ ਜਨਮ ਦੇਵੇਂਗੀ।
ਤੂੰ ਉਸਦਾ ਨਾਮ ਇਸਮਾਏਲ ਰੱਖੀਂ।
    ਕਿਉਂਕਿ ਯਹੋਵਾਹ ਨੇ ਸੁਣ ਲਿਆ ਹੈ ਕਿ ਤੇਰੇ ਨਾਲ ਬੁਰਾ ਸਲੂਕ ਹੋਇਆ ਅਤੇ ਉਹ ਤੇਰੀ ਸਹਾਇਤਾ ਕਰੇਗਾ।
12 ਇਸਮਾਏਲ ਜੰਗਲੀ ਖੋਤੇ ਵਾਂਗ ਆਵਾਰਾ
    ਅਤੇ ਆਜ਼ਾਦ ਹੋਵੇਗਾ।
ਉਹ ਹਰੇਕ ਦੇ ਵਿਰੁੱਧ ਹੋਵੇਗਾ।
    ਅਤੇ ਹਰ ਕੋਈ ਉਸ ਦੇ ਵਿਰੁੱਧ ਹੋਵੇਗਾ।
ਉਹ ਥਾਂ-ਥਾਂ ਘੁੰਮੇਗਾ ਅਤੇ ਆਪਣੇ ਭਰਾਵਾਂ ਲਾਗੇ ਡੇਰਾ ਲਾਵੇਗਾ;
    ਪਰ ਉਹ ਉਨ੍ਹਾਂ ਦੇ ਵਿਰੁੱਧ ਹੋਵੇਗਾ।”

13 ਯਹੋਵਾਹ ਨੇ ਹਾਜਰਾ ਨਾਲ ਗੱਲ ਕੀਤੀ। ਉਸ ਨੇ ਯਹੋਵਾਹ ਨੂੰ ਜਿਸਨੇ ਉਸ ਨਾਲ ਗੱਲ ਕੀਤੀ ਇਉਂ ਬੁਲਾਇਆ, “‘ਪਰਮੇਸ਼ੁਰ ਜਿਹੜਾ ਮੇਰੇ ਵੱਲ ਧਿਆਨ ਦਿੰਦਾ।’” ਉਸ ਨੇ ਉਸਦਾ ਅਜਿਹਾ ਨਾਮ ਇਸ ਲਈ ਧਰਿਆ ਕਿਉਂਕਿ ਉਸ ਨੇ ਸੋਚਿਆ, “ਮੈਂ ਦੇਖਦੀ ਹਾਂ ਕਿ ਇੱਥੇ ਵੀ, ਪਰਮੇਸ਼ੁਰ ਮੈਨੂੰ ਦੇਖਦਾ ਹੈ ਅਤੇ ਮੇਰਾ ਧਿਆਨ ਰੱਖਦਾ ਹੈ!” 14 ਇਸ ਲਈ ਉਸ ਖੂਹ ਦਾ ਨਾਮ ਬਏਰ-ਲਹਈ-ਰੋਈ ਰੱਖਿਆ ਗਿਆ। ਉਹ ਖੂਹ ਕਾਦੇਸ ਅਤੇ ਬਰਦ ਦੇ ਵਿੱਚਕਾਰ ਹੈ।

15 ਹਾਜਰਾ ਨੇ ਅਬਰਾਮ ਦੇ ਪੁੱਤਰ ਨੂੰ ਜਨਮ ਦਿੱਤਾ ਅਤੇ ਅਬਰਾਮ ਨੇ ਪੁੱਤਰ ਦਾ ਨਾਮ ਇਸਮਾਏਲ ਰੱਖਿਆ। 16 ਅਬਰਾਮ ਉਦੋਂ 86 ਵਰ੍ਹਿਆਂ ਦਾ ਸੀ ਜਦੋਂ ਹਾਜਰਾ ਤੋਂ ਇਸਮਾਏਲ ਦਾ ਜਨਮ ਹੋਇਆ।

ਇਕਰਾਰਨਾਮੇ ਦਾ ਸਬੂਤ ਸੁੰਨਤ

17 ਜਦੋਂ ਅਬਰਾਮ 99 ਵਰ੍ਹਿਆਂ ਦਾ ਹੋਇਆ ਤਾਂ ਯਹੋਵਾਹ ਨੇ ਉਸ ਨੂੰ ਦਰਸ਼ਨ ਦਿੱਤਾ। ਯਹੋਵਾਹ ਨੇ ਆਖਿਆ, “ਮੈਂ ਸਰਬ ਸ਼ਕਤੀਮਾਨ ਪਰਮੇਸ਼ੁਰ [a] ਹਾਂ। ਮੇਰੇ ਲਈ ਇਹ ਗੱਲਾਂ ਕਰ: ਮੇਰਾ ਹੁਕਮ ਮੰਨ ਅਤੇ ਸਹੀ ਢੰਗ ਨਾਲ ਜਿਉਂ। ਜੇ ਤੂੰ ਅਜਿਹਾ ਕਰੇਂਗਾ, ਤਾਂ ਮੈਂ ਤੇਰੇ ਮੇਰੇ ਵਿੱਚਕਾਰ ਇੱਕ ਇਕਰਾਰਨਾਮਾ ਤਿਆਰ ਕਰਾਂਗਾ। ਮੈਂ ਤੇਰੇ ਲੋਕਾਂ ਨੂੰ ਮਹਾਨ ਕੌਮ ਬਨਾਉਣ ਦਾ ਇਕਰਾਰ ਦਿਆਂਗਾ।”

ਫ਼ੇਰ ਅਬਰਾਮ ਨੇ ਪਰਮੇਸ਼ੁਰ ਨੂੰ ਸਿਜਦਾ ਕੀਤਾ। ਪਰਮੇਸ਼ੁਰ ਨੇ ਉਸ ਨੂੰ ਆਖਿਆ, “ਮੇਰੇ ਹਿੱਸੇ ਦਾ ਇਕਰਾਰਨਾਮਾ ਇਹ ਹੈ: ਮੈਂ ਤੈਨੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣਾ ਦਿਆਂਗਾ। ਮੈਂ ਤੇਰਾ ਨਾਮ ਬਦਲ ਦਿਆਂਗਾ। ਤੇਰਾ ਨਾਮ ਅਬਰਾਮ ਨਹੀਂ ਹੋਵੇਗਾ-ਤੇਰਾ ਨਾਮ ਅਬਰਾਹਾਮ ਹੋਵੇਗਾ। ਮੈਂ ਤੈਨੂੰ ਇਹ ਨਾਮ ਇਸ ਲਈ ਦੇਵਾਂਗਾ ਕਿਉਂਕਿ ਮੈਂ ਤੈਨੂੰ ਅਨੇਕਾਂ ਕੌਮਾਂ ਦਾ ਪਿਤਾ ਬਣਾ ਰਿਹਾ ਹਾਂ। ਮੈਂ ਤੈਨੂੰ ਬਹੁਤ ਸਾਰੇ ਉੱਤਰਾਧਿਕਾਰੀ ਦਿਆਂਗਾ। ਨਵੀਆਂ ਕੌਮਾਂ ਅਤੇ ਰਾਜੇ ਤੇਰੇ ਤੋਂ ਪੈਦਾ ਹੋਣਗੇ। ਮੈਂ ਆਪਣਾ ਇਕਰਾਰਨਾਮਾ ਮੇਰੇ ਅਤੇ ਤੇਰੇ ਅਤੇ ਤੇਰੇ ਉੱਤਰਾਧਿਕਾਰੀਆਂ ਵਿੱਚਕਾਰ ਹਮੇਸ਼ਾ ਲਈ ਸਦੀਵੀ ਇਕਰਾਰਨਾਮੇ ਵਜੋਂ ਸਥਾਪਿਤ ਕਰ ਰਿਹਾ ਹਾਂ। ਮੈਂ ਤੇਰਾ ਪਰਮੇਸ਼ੁਰ ਹੋਵਾਂਗਾ ਅਤੇ ਤੇਰੇ ਸਾਰੇ ਉੱਤਰਾਧਿਕਾਰੀਆਂ ਦਾ ਪਰਮੇਸ਼ੁਰ ਹੋਵਾਂਗਾ। ਅਤੇ ਮੈਂ ਇਹ ਧਰਤੀ ਤੈਨੂੰ ਤੇ ਤੇਰੇ ਉੱਤਰਾਧਿਕਾਰੀਆਂ ਨੂੰ ਦੇਵਾਂਗਾ। ਮੈਂ ਤੁਹਾਨੂੰ ਇਹ ਧਰਤੀ ਦੇ ਦਿਆਂਗਾ ਜਿਸ ਵਿੱਚੋਂ ਤੂੰ ਲੰਘ ਰਿਹਾ ਹੈਂ-ਕਨਾਨ ਦੀ ਧਰਤੀ। ਮੈਂ ਇਹ ਧਰਤੀ ਤੁਹਾਨੂੰ ਸਦਾ ਲਈ ਦੇ ਦੇਵਾਂਗਾ। ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ।”

ਅਤੇ ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, “ਹੁਣ ਤੇਰੇ ਹਿੱਸੇ ਦਾ ਇਕਰਾਰਨਾਮਾ ਇਹ ਹੈ। ਤੂੰ ਅਤੇ ਤੇਰੇ ਉੱਤਰਾਧਿਕਾਰੀ ਮੇਰੇ ਇਕਰਾਰਨਾਮੇ ਨੂੰ ਮੰਨਣਗੇ। 10 ਇਕਰਾਰਨਾਮਾ ਇਹ ਹੈ ਜਿਹੜਾ ਤੁਸੀਂ ਮੰਨੋਂਗੇ। ਇਹ ਇਕਰਾਰਨਾਮਾ ਤੁਹਾਡੇ ਤੇ ਮੇਰੇ ਵਿੱਚਕਾਰ ਹੈ। ਇਹ ਤੁਹਾਡੇ ਸਾਰੇ ਉੱਤਰਾਧਿਕਾਰੀਆਂ ਲਈ ਹੈ: ਜਿਹੜਾ ਵੀ ਮੁੰਡਾ ਜੰਮੇ ਉਸਦੀ ਸੁੰਨਤ ਕਰਨੀ ਜ਼ਰੂਰੀ ਹੈ। 11 ਤੁਸੀਂ ਇਹ ਦਰਸ਼ਾਉਣ ਲਈ ਮਾਸ ਨੂੰ ਕੱਟੋਂਗੇ ਕਿ ਤੁਸੀਂ ਮੇਰੇ ਤੇ ਤੁਹਾਡੇ ਦਰਮਿਆਨ ਹੋਏ ਇਕਰਾਰਨਾਮੇ ਉੱਤੇ ਚੱਲਦੇ ਹੋਂ। 12 ਜਦੋਂ ਪੁੱਤਰ ਅੱਠਾਂ ਦਿਨਾਂ ਦਾ ਹੋਵੇ, ਤੁਸੀਂ ਉਸਦੀ ਸੁੰਨਤ ਕਰ ਦੇਣੀ। ਕੋਈ ਵੀ ਮੁੰਡਾ ਜੋ ਤੁਹਾਡੇ ਘਰੇ ਜਨਮਿਆ ਜਾਂ ਭਾਵੇਂ ਕਿਸੇ ਵੀ ਵਿਦੇਸ਼ੀ ਗੁਲਾਮ ਦੇ ਘਰੇ ਜਿਸ ਨੂੰ ਤੁਸੀਂ ਖਰੀਦਿਆ ਹੋਵੇ ਜੋ ਤੁਹਾਡੇ ਨਾਲ ਸੰਬੰਧਿਤ ਨਹੀਂ ਹਨ, ਉਸਦੀ ਸੁੰਨਤ ਹੋਣੀ ਚਾਹੀਦੀ ਹੈ। 13 ਇਸ ਲਈ ਤੁਹਾਡੇ ਉੱਤਰਾਧਿਕਾਰੀਆਂ ਦਰਮਿਆਨ ਹਰ ਮੁੰਡੇ ਦੀ ਸੁੰਨਤ ਹੋਵੇਗੀ। ਜੋ ਵੀ ਮੁੰਡਾ ਤੁਹਾਡੇ ਪਰਿਵਾਰ ਵਿੱਚ ਜੰਮੇ ਜਾਂ ਗੁਲਾਮ ਵਜੋਂ ਖਰੀਦਿਆ ਜਾਵੇ, ਉਸਦੀ ਸੁੰਨਤ ਹੋਣੀ ਚਾਹੀਦੀ ਹੈ। ਇਸ ਤਰ੍ਹਾਂ, ਮੇਰਾ ਇਕਰਾਰਨਾਮਾ ਸਦੀਵੀ ਇਕਰਾਰਨਾਮੇ ਵਜੋਂ ਤੁਹਾਡੇ ਸਰੀਰਾਂ ਉੱਤੇ ਨਿਸ਼ਾਨਿਆਂ ਜਾਵੇਗਾ। 14 ਅਬਰਾਹਾਮ, ਤੇਰੇ ਤੇ ਮੇਰੇ ਦਰਮਿਆਨ ਇਕਰਾਰਨਾਮਾ ਇਹ ਹੈ: ਕੋਈ ਵੀ ਆਦਮੀ ਜਿਸਦੀ ਸੁੰਨਤ ਨਾ ਹੋਈ ਹੋਵੇ ਉਸ ਨੂੰ ਆਪਣੇ ਲੋਕਾਂ ਵਿੱਚੋਂ ਛੇਕ ਦੇਣਾ ਚਾਹੀਦਾ ਹੈ। ਕਿਉਂਕਿ ਉਸ ਬੰਦੇ ਨੇ ਮੇਰਾ ਇਕਰਾਰਨਾਮਾ ਤੋੜਿਆ ਹੈ।”

ਇਸਹਾਕ-ਇਕਰਾਰ ਕੀਤਾ ਹੋਇਆ ਪੁੱਤਰ

15 ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, “ਮੈਂ ਤੇਰੀ ਪਤਨੀ ਸਾਰਈ ਨੂੰ ਨਵਾਂ ਨਾਮ ਦਿਆਂਗਾ। ਉਸਦਾ ਨਾਮ ਸਾਰਾਹ ਹੋਵੇਗਾ। 16 ਮੈਂ ਉਸ ਨੂੰ ਅਸੀਸ ਦੇਵਾਂਗਾ। ਮੈਂ ਉਸ ਨੂੰ ਇੱਕ ਪੁੱਤਰ ਦੇਵਾਂਗਾ ਅਤੇ ਤੂੰ ਉਸਦਾ ਪਿਤਾ ਹੋਵੇਂਗਾ। ਉਹ ਅਨੇਕਾਂ ਨਵੀਆਂ ਕੌਮਾਂ ਦੀ ਮਾਤਾ ਹੋਵੇਗੀ। ਉਸ ਤੋਂ ਕੌਮਾਂ ਦੇ ਰਾਜੇ ਪੈਦਾ ਹੋਣਗੇ।”

17 ਅਬਰਾਹਾਮ ਨੇ ਧਰਤੀ ਤੇ ਝੁਕ ਕੇ ਸਿਜਦਾ ਕੀਤਾ ਇਹ ਦਰਸਾਉਣ ਲਈ ਕਿ ਉਹ ਪਰਮੇਸ਼ੁਰ ਦਾ ਆਦਰ ਕਰਦਾ ਸੀ। ਪਰ ਉਹ ਹੱਸ ਪਿਆ ਅਤੇ ਮਨ ਵਿੱਚ ਸੋਚਿਆ, “ਮੈਂ 100 ਵਰ੍ਹਿਆਂ ਦਾ ਹੋ ਗਿਆ ਹਾਂ। ਮੈਂ ਪੁੱਤਰ ਪੈਦਾ ਨਹੀਂ ਕਰ ਸੱਕਦਾ। ਅਤੇ ਸਾਰਾਹ 90 ਵਰ੍ਹਿਆਂ ਦੀ ਹੈ। ਉਹ ਬੱਚਾ ਪੈਦਾ ਨਹੀਂ ਕਰ ਸੱਕਦੀ।”

18 ਫ਼ੇਰ ਅਬਰਾਹਾਮ ਨੇ ਪਰਮੇਸ਼ੁਰ ਨੂੰ ਆਖਿਆ, “ਕੀ ਤੂੰ ਇਸਮਾਏਲ ਰਾਹੀਂ ਆਪਣਾ ਇਕਰਾਰ ਜਾਰੀ ਨਹੀਂ ਰੱਖ ਸੱਕਦਾ।”

19 ਪਰਮੇਸ਼ੁਰ ਨੇ ਆਖਿਆ, “ਨਹੀਂ! ਮੈਂ ਆਖਿਆ ਸੀ ਕਿ ਤੇਰੀ ਪਤਨੀ ਸਾਰਾਹ ਪੁੱਤਰ ਨੂੰ ਜਨਮ ਦੇਵੇਗੀ। ਤੂੰ ਉਸਦਾ ਨਾਮ ਇਸਹਾਕ ਰੱਖੀਂ। ਮੈਂ ਉਸ ਨਾਲ ਇਕਰਾਰਨਾਮਾ ਕਰਾਂਗਾ। ਉਹ ਇਕਰਾਰਨਾਮਾ ਅਜਿਹਾ ਇਕਰਾਰਨਾਮਾ ਹੋਵੇਗਾ ਜਿਹੜਾ ਉਸ ਦੇ ਉੱਤਰਾਧਿਕਾਰੀਆਂ ਨਾਲ ਸਦਾ ਜਾਰੀ ਰਹੇਗਾ।

20 “ਤੂੰ ਇਸਮਾਏਲ ਦਾ ਜ਼ਿਕਰ ਕੀਤਾ ਸੀ। ਅਤੇ ਮੈਂ ਸੁਣ ਲਿਆ ਹੈ। ਮੈਂ ਉਸ ਨੂੰ ਅਸੀਸ ਦੇਵਾਂਗਾ। ਉਸ ਦੇ ਬਹੁਤ ਸਾਰੇ ਬੱਚੇ ਹੋਣਗੇ। ਉਹ ਬਾਰ੍ਹਾਂ ਮਹਾਨ ਆਗੂਆਂ ਦਾ ਪਿਤਾ ਹੋਵੇਗਾ। ਉਸਦਾ ਪਰਿਵਾਰ ਇੱਕ ਮਹਾਨ ਕੌਮ ਬਣ ਜਾਵੇਗਾ। 21 ਪਰ ਮੈਂ ਆਪਣਾ ਇਕਰਾਰਨਾਮਾ ਇਸਹਾਕ ਨਾਲ ਕਰਾਂਗਾ। ਇਸਹਾਕ ਉਹ ਪੁੱਤਰ ਹੋਵੇਗਾ ਜਿਸ ਨੂੰ ਸਾਰਾਹ ਜਨਮ ਦੇਵੇਗੀ। ਇਸ ਪੁੱਤਰ ਦਾ ਜਨਮ ਅਗਲੇ ਸਾਲ ਇਸੇ ਸਮੇਂ ਹੋਵੇਗਾ।”

22 ਜਦੋਂ ਪਰਮੇਸ਼ੁਰ ਅਬਰਾਹਾਮ ਨਾਲ ਗੱਲ ਕਰ ਹਟਿਆ ਤਾਂ ਪਰਮੇਸ਼ੁਰ ਉੱਪਰ ਅਕਾਸ਼ ਵਿੱਚ ਚੱਲਿਆ ਗਿਆ। 23 ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ ਸੀ ਕਿ ਉਹ ਆਪਣੇ ਪਰਿਵਾਰ ਦੇ ਸਾਰੇ ਆਦਮੀਆਂ ਅਤੇ ਮੁੰਡਿਆਂ ਦੀ ਸੁੰਨਤ ਕਰ ਦੇਵੇ। ਇਸ ਲਈ ਅਬਰਾਹਾਮ ਨੇ ਇਸਮਾਏਲ ਅਤੇ ਆਪਣੇ ਘਰ ਵਿੱਚ ਜਨਮੇ ਸਾਰੇ ਗੁਲਾਮਾਂ ਨੂੰ ਇਕੱਠਿਆਂ ਕਰ ਲਿਆ। ਅਬਰਾਹਾਮ ਨੇ ਉਨ੍ਹਾਂ ਗੁਲਾਮਾਂ ਨੂੰ ਵੀ ਇਕੱਠਾ ਕਰ ਲਿਆ ਜਿਨ੍ਹਾਂ ਨੂੰ ਪੈਸੇ ਨਾਲ ਖਰੀਦਿਆ ਗਿਆ ਸੀ। ਅਬਰਾਹਾਮ ਦੇ ਘਰ ਦੇ ਹਰੇਕ ਆਦਮੀ ਅਤੇ ਮੁੰਡੇ ਨੂੰ ਇਕੱਠਿਆਂ ਕਰ ਲਿਆ ਗਿਆ ਅਤੇ ਉਨ੍ਹਾਂ ਸਾਰਿਆਂ ਦੀ ਸੁੰਨਤ ਕਰ ਦਿੱਤੀ ਜਿਵੇਂ ਕਿ ਪਰਮੇਸ਼ੁਰ ਨੇ ਆਖਿਆ ਸੀ।

24 ਅਬਰਾਹਾਮ 99 ਸਾਲਾਂ ਦਾ ਸੀ ਜਦੋਂ ਉਸਦੀ ਸੁੰਨਤ ਕੀਤੀ ਗਈ। 25 ਅਤੇ ਉਸਦਾ ਪੁੱਤਰ, ਇਸਮਾਏਲ 13 ਵਰ੍ਹਿਆਂ ਦਾ ਸੀ ਜਦੋਂ ਉਸਦੀ ਸੁੰਨਤ ਕੀਤੀ ਗਈ। 26 ਅਬਰਾਹਾਮ ਅਤੇ ਉਸ ਦੇ ਪੁੱਤਰ ਇਸਮਾਏਲ ਦੀ ਉਸ ਇੱਕੋ ਦਿਨ ਸੁੰਨਤ ਕੀਤੀ ਗਈ। 27 ਅਤੇ ਓਸੇ ਦਿਨ ਹੀ ਅਬਰਾਹਾਮ ਦੇ ਘਰ ਦੇ ਸਾਰੇ ਆਦਮੀਆਂ ਦੀ ਸੁੰਨਤ ਕੀਤੀ ਗਈ। ਉਸ ਦੇ ਘਰ ਜੰਮੇ ਸਾਰੇ ਗੁਲਾਮਾਂ ਅਤੇ ਖਰੀਦੇ ਹੋਏ ਸਾਰੇ ਗੁਲਾਮਾਂ ਦੀ ਸੁੰਨਤ ਕੀਤੀ ਗਈ।

ਤਿੰਨ ਮਹਿਮਾਨ

18 ਬਾਦ ਵਿੱਚ, ਯਹੋਵਾਹ ਨੇ ਫ਼ੇਰ ਅਬਰਾਹਾਮ ਨੂੰ ਦਰਸ਼ਨ ਦਿੱਤਾ। ਅਬਰਾਹਾਮ ਮਮਰੇ ਦੇ ਬਲੂਤ ਦੇ ਰੁੱਖਾਂ ਨੇੜੇ ਰਹਿ ਰਿਹਾ ਸੀ। ਇੱਕ ਦਿਨ, ਸਖ਼ਤ ਗਰਮੀ ਵੇਲੇ, ਅਬਰਾਹਾਮ ਆਪਣੇ ਤੰਬੂ ਦੇ ਦਰਵਾਜ਼ੇ ਉੱਤੇ ਬੈਠਾ ਹੋਇਆ ਸੀ। ਅਬਰਾਹਾਮ ਨੇ ਉੱਪਰ ਵੱਲ ਤੱਕਿਆ ਅਤੇ ਤਿੰਨ ਆਦਮੀਆਂ ਨੂੰ ਆਪਣੇ ਸਾਹਮਣੇ ਖਲੋਤਿਆਂ ਦੇਖਿਆ। ਜਦੋਂ ਉਸ ਨੇ ਉਨ੍ਹਾਂ ਨੂੰ ਦੇਖਿਆ, ਉਹ ਉਨ੍ਹਾਂ ਵੱਲ ਦੌੜਿਆ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਝੁਕ ਕੇ ਸਨਮਾਨ ਦਿੱਤਾ। ਅਬਰਾਹਾਮ ਨੇ ਆਖਿਆ, “ਸ਼੍ਰੀਮਾਨ ਜੀਓ, ਕੁਝ ਸਮਾਂ ਮੇਰੇ ਨਾਲ, ਆਪਣੇ ਨੌਕਰ, ਨਾਲ ਠਹਿਰੋ। ਮੈਂ ਤੁਹਾਡੇ ਚਰਨ ਧੋਣ ਲਈ ਕੁਝ ਪਾਣੀ ਲਿਆਉਂਦਾ ਹਾਂ। ਤੁਸੀਂ ਰੁੱਖਾਂ ਹੇਠਾਂ ਆਰਾਮ ਕਰ ਸੱਕਦੇ ਹੋਂ। ਮੈਂ ਤੁਹਾਡੇ ਲਈ ਕੁਝ ਭੋਜਨ ਲਿਆਉਂਦਾ ਹਾਂ ਅਤੇ ਤੁਸੀਂ ਰੱਜ ਕੇ ਛਕੋ। ਫ਼ੇਰ ਤੁਸੀਂ ਆਪਣਾ ਸਫ਼ਰ ਜਾਰੀ ਰੱਖ ਸੱਕਦੇ ਹੋਂ।”

ਤਿੰਨਾਂ ਆਦਮੀਆਂ ਨੇ ਆਖਿਆ, “ਚੰਗੀ ਗੱਲ ਹੈ। ਅਸੀਂ ਓਵੇਂ ਹੀ ਕਰਾਂਗੇ ਜਿਵੇਂ ਤੂੰ ਆਖਦਾ ਹੈਂ।”

ਅਬਰਾਹਾਮ ਭੱਜ ਕੇ ਤੰਬੂ ਵੱਲ ਗਿਆ। ਅਬਰਾਹਾਮ ਨੇ ਸਾਰਾਹ ਨੂੰ ਆਖਿਆ, “ਛੇਤੀ ਨਾਲ ਤਿੰਨ ਆਦਮੀਆਂ ਲਈ ਚੋਖਾ ਸਾਰਾ ਆਟਾ ਗੁੰਨ੍ਹ ਅਤੇ ਤਿੰਨ ਰੋਟੀਆਂ ਪਕਾ।” ਫ਼ੇਰ ਅਬਰਾਹਾਮ ਆਪਣੇ ਪਸ਼ੂਆਂ ਵੱਲ ਦੌੜਿਆ। ਅਬਰਾਹਾਮ ਨੇ ਆਪਣਾ ਸਭ ਤੋਂ ਚੰਗਾ ਵੱਛਾ ਲਿਆ। ਅਬਰਾਹਾਮ ਨੇ ਵੱਛਾ ਨੌਕਰ ਨੂੰ ਦੇ ਦਿੱਤਾ। ਅਬਰਾਹਾਮ ਨੇ ਨੌਕਰ ਨੂੰ ਆਖਿਆ ਕਿ ਛੇਤੀ ਨਾਲ ਵਛਾ ਜਿਬਾਹ ਕਰੇ ਅਤੇ ਇਸਦਾ ਭੋਜਨ ਤਿਆਰ ਕਰੇ। ਅਬਰਾਹਾਮ ਨੇ ਮਾਸ, ਦੁੱਧ ਅਤੇ ਮੱਖਣ ਲਿਆਂਦਾ ਅਤੇ ਇਨ੍ਹਾਂ ਨੂੰ ਤਿੰਨਾ ਆਦਮੀਆਂ ਅੱਗੇ ਧਰ ਦਿੱਤਾ। ਫ਼ੇਰ ਉਹ ਉਨ੍ਹਾਂ ਦੇ ਨੇੜੇ ਖਲੋ ਗਿਆ ਜਦੋਂ ਉਹ ਰੁੱਖ ਹੇਠਾਂ ਬੈਠੇ ਹੋਏ ਭੋਜਨ ਛਕ ਰਹੇ ਸਨ।

ਫ਼ੇਰ ਆਦਮੀਆਂ ਨੇ ਅਬਰਾਹਾਮ ਨੂੰ ਆਖਿਆ, “ਤੇਰੀ ਪਤਨੀ ਸਾਰਾਹ ਕਿੱਥੇ ਹੈ?”

ਅਬਰਾਹਾਮ ਨੇ ਆਖਿਆ, “ਉਹ ਤੰਬੂ ਵਿੱਚ ਹੈ।”

10 ਤਾਂ ਯਹੋਵਾਹ ਨੇ ਆਖਿਆ, “ਮੈਂ ਬਹਾਰ ਦੇ ਮੌਸਮ ਵਿੱਚ ਫ਼ੇਰ ਆਵਾਂਗਾ। ਓਸ ਸਮੇਂ, ਤੇਰੀ ਪਤਨੀ ਸਾਰਾਹ ਇੱਕ ਪੁੱਤਰ ਨੂੰ ਜਨਮ ਦੇਵੇਗੀ।”

ਸਾਰਾਹ ਤੰਬੂ ਵਿੱਚ ਖਲੋਤੀ ਇਹ ਗੱਲਾਂ ਸੁਣ ਰਹੀ ਸੀ। 11 ਅਬਰਾਹਾਮ ਅਤੇ ਸਾਰਾਹ ਬਹੁਤ ਬਿਰਧ ਸਨ। ਸਾਰਾਹ ਬੱਚੇ ਜਣਨ ਦੀ ਉਮਰ ਟੱਪ ਚੁੱਕੀ ਸੀ। 12 ਇਸ ਲਈ ਸਾਰਾਹ ਨੇ ਜੋ ਸੁਣਿਆ ਸੀ ਉਸਤੇ ਵਿਸ਼ਵਾਸ ਨਹੀਂ ਕੀਤਾ। ਉਹ ਦਿਲ ਵਿੱਚ ਹੱਸੀ ਅਤੇ ਆਖਿਆ, “ਮੈਂ ਬੁੱਢੀ ਹਾਂ ਤੇ ਮੇਰਾ ਪਤੀ ਬੁੱਢਾ ਹੈ। ਮੈਂ ਇੰਨੀ ਬੁੱਢੀ ਹਾਂ ਕਿ ਬੱਚਾ ਨਹੀਂ ਜਣ ਸੱਕਦੀ।”

13 ਤਾਂ ਯਹੋਵਾਹ ਨੇ ਅਬਰਾਹਾਮ ਨੂੰ ਆਖਿਆ, “ਸਾਰਾਹ ਹਸੀ ਸੀ ਅਤੇ ਉਸ ਨੇ ਆਖਿਆ ਸੀ ਕਿ ਉਹ ਇੰਨੀ ਬੁੱਢੀ ਉਮਰੇ ਬੱਚਾ ਨਹੀਂ ਜਣ ਸੱਕਦੀ। 14 ਕੀ ਯਹੋਵਾਹ ਲਈ ਕੋਈ ਗੱਲ ਇੰਨੀ ਔਖੀ ਹੈ? ਨਹੀਂ! ਮੈਂ ਬਹਾਰ ਦੇ ਮੌਸਮ ਵਿੱਚ ਫ਼ੇਰ ਆਵਾਂਗਾ, ਜਦੋਂ ਮੈਂ ਆਖਿਆ ਹੈ ਤਾਂ ਆਵਾਂਗਾ। ਅਤੇ ਤੇਰੀ ਪਤਨੀ ਸਾਰਾਹ ਪੁੱਤਰ ਨੂੰ ਜਨਮ ਦੇਵੇਗੀ।”

15 ਪਰ ਸਾਰਾਹ ਨੇ ਆਖਿਆ, “ਮੈਂ ਨਹੀਂ ਹਸੀ!” (ਉਸ ਨੇ ਇਹ ਗੱਲ ਇਸ ਵਾਸਤੇ ਆਖੀ ਕਿਉਂਕਿ ਉਹ ਡਰ ਗਈ ਸੀ।)

ਪਰ ਯਹੋਵਾਹ ਨੇ ਆਖਿਆ, “ਨਹੀਂ! ਮੈਂ ਜਾਣਦਾ ਹਾਂ ਕਿ ਇਹ ਸੱਚ ਨਹੀਂ ਹੈ। ਤੂੰ ਜ਼ਰੂਰ ਹਸੀ ਸੀ।”

16 ਫ਼ੇਰ ਆਦਮੀ ਜਾਣ ਲਈ ਉੱਠ ਖਲੋਤੇ। ਉਨ੍ਹਾਂ ਨੇ ਸਦੂਮ ਵੱਲ ਦੇਖਿਆ ਅਤੇ ਉਸ ਦਿਸ਼ਾ ਵੱਲ ਸਫ਼ਰ ਕਰਨਾ ਆਰੰਭ ਕਰ ਦਿੱਤਾ। ਅਬਰਾਹਾਮ ਉਨ੍ਹਾਂ ਨੂੰ ਛੱਡਣ ਲਈ ਕੁਝ ਦੂਰ ਉਨ੍ਹਾਂ ਦੇ ਨਾਲ ਗਿਆ।

ਅਬਰਾਹਾਮ ਦਾ ਪਰਮੇਸ਼ੁਰ ਨਾਲ ਸੌਦਾ

17 ਯਹੋਵਾਹ ਨੇ ਮਨ ਵਿੱਚ ਆਖਿਆ, “ਕੀ ਮੈਨੂੰ ਅਬਰਾਹਾਮ ਨੂੰ ਉਹ ਗੱਲ ਦੱਸ ਦੇਣੀ ਚਾਹੀਦੀ ਹੈ ਜਿਹੜੀ ਮੈਂ ਹੁਣ ਕਰਾਂਗਾ? 18 ਅਬਰਾਹਾਮ ਇੱਕ ਮਹਾਨ ਤੇ ਸ਼ਕਤੀਸ਼ਾਲੀ ਕੌਮ ਬਣ ਜਾਵੇਗਾ। ਅਤੇ ਧਰਤੀ ਦੇ ਸਾਰੇ ਲੋਕਾਂ ਨੂੰ ਉਸ ਦੇ ਕਾਰਣ ਅਸੀਸ ਮਿਲੇਗੀ। 19 ਕਿਉਂਕਿ ਮੈਂ ਉਸ ਨੂੰ ਜਾਣਦਾ ਹਾਂ, ਇਸ ਲਈ ਮੈਂ ਅਬਰਾਹਾਮ ਨਾਲ ਇੱਕ ਖਾਸ ਇਕਰਾਰਨਾਮਾ ਕੀਤਾ ਹੈ ਤਾਂ ਜੋ ਉਹ ਆਪਣੇ ਬੱਚਿਆਂ ਅਤੇ ਆਪਣੇ ਉੱਤਰਾਧਿਕਾਰੀਆਂ ਨੂੰ ਯਹੋਵਾਹ ਦੀ ਰਜ਼ਾ ਅਨੁਸਾਰ ਜਿਉਣ ਦੀ ਹਿਦਾਇਤ ਦੇਵੇ ਅਤੇ ਉਹ ਸਹੀ ਢੰਗ ਨਾਲ ਜੀਵਨ ਜਿਉਣ ਅਤੇ ਨਿਆਂਪੂਰਣ ਹੋਣ। ਫ਼ੇਰ ਮੈਂ, ਯਹੋਵਾਹ, ਉਸ ਨੂੰ ਉਹ ਚੀਜ਼ਾਂ ਦੇ ਸੱਕਾਂਗਾ ਜਿਨ੍ਹਾਂ ਦਾ ਮੈਂ ਇਕਰਾਰ ਕੀਤਾ ਸੀ।”

20 ਫ਼ੇਰ ਯਹੋਵਾਹ ਨੇ ਆਖਿਆ, “ਮੈਂ ਬਹੁਤ ਵਾਰੀ ਸੁਣਿਆ ਹੈ ਕਿ ਸਦੂਮ ਅਤੇ ਅਮੂਰਾਹ ਦੇ ਲੋਕ ਬਹੁਤ ਮਾੜੇ ਹਨ। 21 ਇਸ ਲਈ ਮੈਂ ਜਾਕੇ ਦੇਖਾਂਗਾ ਕਿ ਕੀ ਹਾਲਾਤ ਇੰਨੇ ਹੀ ਮਾੜੇ ਹਨ ਜਿੰਨੇ ਮੈਂ ਸੁਣੇ ਹਨ। ਫੇਰ ਮੈਨੂੰ ਯਕੀਨ ਹੋ ਜਾਵੇਗਾ।”

22 ਇਸ ਤਰ੍ਹਾਂ ਆਦਮੀ ਮੁੜ ਪਏ ਅਤੇ ਸਦੂਮ ਵੱਲ ਤੁਰ ਪਏ। ਪਰ ਅਬਰਾਹਾਮ ਓੱਥੇ ਯਹੋਵਾਹ ਦੇ ਸਨਮੁੱਖ ਖਲੋਤਾ ਸੀ। 23 ਫ਼ੇਰ ਅਬਰਾਹਾਮ ਯਹੋਵਾਹ ਵੱਲ ਆਇਆ ਤੇ ਆਖਿਆ, “ਯਹੋਵਾਹ, ਕੀ ਤੂੰ ਬੁਰੇ ਲੋਕਾਂ ਦੇ ਨਾਲ ਨੇਕ ਬੰਦਿਆਂ ਨੂੰ ਵੀ ਤਬਾਹ ਕਰਨ ਦੀ ਸੋਚ ਰਿਹਾ ਹੈਂ? 24 ਜੇ ਉਸ ਸ਼ਹਿਰ ਵਿੱਚ 50 ਨੇਕ ਆਦਮੀ ਹੋਣ, ਤਾਂ ਕੀ ਹੋਵੇਗਾ? ਕੀ ਫ਼ੇਰ ਵੀ ਤੂੰ ਉਸ ਸ਼ਹਿਰ ਨੂੰ, ਉਨ੍ਹਾਂ 50 ਚੰਗੇ ਲੋਕਾਂ ਦੀ ਖਾਤਿਰ ਬਚਾਉਣ ਦੀ ਬਜਾਇ ਤਬਾਹ ਕਰ ਦੇਵੇਂਗਾ। 25 ਤੈਨੂੰ ਸ਼ਹਿਰ ਨੂੰ ਤਬਾਹ ਨਹੀਂ ਕਰਨਾ ਚਾਹੀਦਾ। ਤੈਨੂੰ ਬੁਰੇ ਬੰਦਿਆਂ ਨੂੰ ਮਾਰਨ ਲਈ 50 ਨੇਕ ਬੰਦਿਆਂ ਨੂੰ ਤਬਾਹ ਨਹੀਂ ਕਰਨਾ ਚਾਹੀਦਾ। ਜੇ ਅਜਿਹਾ ਵਾਪਰੇਗਾ ਤਾਂ ਨੇਕ ਬੰਦੇ ਅਤੇ ਬਦ ਬੰਦੇ ਇੱਕੋ ਜਿਹੇ ਹੋਣਗੇ-ਉਨ੍ਹਾਂ ਦੋਹਾਂ ਨੂੰ ਸਜ਼ਾ ਮਿਲੇਗੀ। ਤੂੰ ਸਾਰੀ ਦੁਨੀਆਂ ਦਾ ਮੁਨਸਿਫ਼ ਹੈਂ। ਮੈਂ ਜਾਣਦਾ ਹਾਂ ਕਿ ਤੂੰ ਸਹੀ ਗੱਲ ਕਰੇਂਗਾ।”

26 ਫ਼ੇਰ ਯਹੋਵਾਹ ਨੇ ਆਖਿਆ, “ਜੇ ਮੈਨੂੰ ਸਦੂਮ ਦੇ ਸ਼ਹਿਰ ਵਿੱਚ 50 ਨੇਕ ਬੰਦੇ ਮਿਲ ਜਾਣਗੇ ਤਾਂ ਮੈਂ ਸਾਰੇ ਸ਼ਹਿਰ ਨੂੰ ਬਚਾ ਲਵਾਂਗਾ।”

27 ਤਾਂ ਅਬਰਾਹਾਮ ਨੇ ਆਖਿਆ, “ਤੇਰੇ ਸਾਹਮਣੇ ਤਾਂ ਯਹੋਵਾਹ ਮੈਂ ਸਿਰਫ਼ ਖਾਕ ਅਤੇ ਰਾਖ ਹਾਂ। ਪਰ ਮੈਂ ਤੈਨੂੰ ਇੱਕ ਵਾਰੀ ਫ਼ੇਰ ਖੇਚਲ ਦੇਣਾ ਚਾਹੁੰਦਾ ਹਾਂ ਅਤੇ ਤੇਰੇ ਕੋਲੋਂ ਇਹ ਸਵਾਲ ਪੁੱਛਦਾ ਹਾਂ: 28 ਜੇ ਭਲਾ ਪੰਜ ਨੇਕ ਆਦਮੀ ਘੱਟ ਹੋਣ ਫ਼ੇਰ ਕੀ ਹੋਵੇਗਾ? ਜੇ ਉਸ ਸ਼ਹਿਰ ਵਿੱਚ ਸਿਰਫ਼ 45 ਨੇਕ ਆਦਮੀ ਹੋਏ, ਫ਼ੇਰ? ਕੀ ਤੂੰ ਸਿਰਫ਼ ਪੰਜ ਬੰਦਿਆਂ ਕਾਰਣ ਸਾਰੇ ਸ਼ਹਿਰ ਨੂੰ ਤਬਾਹ ਕਰ ਦੇਵੇਂਗਾ?”

ਯਹੋਵਾਹ ਨੇ ਆਖਿਆ, “ਜੇ ਮੈਨੂੰ ਓੱਥੇ 45 ਨੇਕ ਬੰਦੇ ਮਿਲ ਗਏ ਤਾਂ ਮੈਂ ਸ਼ਹਿਰ ਨੂੰ ਤਬਾਹ ਨਹੀਂ ਕਰਾਂਗਾ।”

29 ਅਬਰਾਹਾਮ ਫ਼ੇਰ ਬੋਲਿਆ। ਉਸ ਨੇ ਆਖਿਆ, “ਅਤੇ ਜੇ ਤੁਹਾਨੂੰ ਓੱਥੇ ਸਿਰਫ਼ 40 ਨੇਕ ਬੰਦੇ ਮਿਲੇ ਤਾਂ ਕੀ ਤੂੰ ਸ਼ਹਿਰ ਨੂੰ ਤਬਾਹ ਕਰ ਦੇਵੇਂਗਾ?”

ਯਹੋਵਾਹ ਨੇ ਆਖਿਆ, “ਜੇ ਮੈਨੂੰ 40 ਨੇਕ ਬੰਦੇ ਮਿਲ ਗਏ ਤਾਂ ਮੈਂ ਸ਼ਹਿਰ ਨੂੰ ਤਬਾਹ ਨਹੀਂ ਕਰਾਂਗਾ।”

30 ਫ਼ੇਰ ਅਬਰਾਹਾਮ ਨੇ ਆਖਿਆ, “ਯਹੋਵਾਹ, ਕਿਰਪਾ ਕਰਕੇ ਮੇਰੇ ਨਾਲ ਨਾਰਾਜ਼ ਨਾ ਹੋਣਾ। ਮੈਨੂੰ ਇਹ ਗਲ ਪੁੱਛਣ ਦੀ ਇਜਾਜ਼ਤ ਦੇ: ਜੇ ਤੁਹਾਨੂੰ ਸ਼ਹਿਰ ਵਿੱਚ 30 ਨੇਕ ਬੰਦੇ ਮਿਲ ਗਏ ਤਾਂ ਕੀ ਤੂੰ ਸ਼ਹਿਰ ਨੂੰ ਤਬਾਹ ਕਰ ਦੇਵੇਂਗਾ?”

ਯਹੋਵਾਹ ਨੇ ਆਖਿਆ, “ਜੇ ਮੈਨੂੰ 30 ਨੇਕ ਬੰਦੇ ਮਿਲ ਗਏ ਤਾਂ ਮੈਂ ਸ਼ਹਿਰ ਨੂੰ ਤਬਾਹ ਨਹੀਂ ਕਰਾਂਗਾ।”

31 ਫ਼ੇਰ ਅਬਰਾਹਾਮ ਨੇ ਆਖਿਆ, “ਕੀ ਮੈਂ ਤੈਨੂੰ ਇੱਕ ਵਾਰੀ ਫ਼ੇਰ ਖੇਚਲ ਦੇ ਸੱਕਦਾ ਹਾਂ ਤੇ ਪੁੱਛ ਸੱਕਦਾ ਹਾਂ ਕਿ ਜੇ ਓੱਥੇ 20 ਨੇਕ ਬੰਦੇ ਹੋਣਗੇ ਫ਼ੇਰ ਕੀ ਹੋਵੇਗਾ?”

ਯਹੋਵਾਹ ਨੇ ਜਵਾਬ ਦਿੱਤਾ, “ਜੇ ਮੈਨੂੰ 20 ਨੇਕ ਬੰਦੇ ਮਿਲਣਗੇ ਤਾਂ ਮੈਂ ਸ਼ਹਿਰ ਨੂੰ ਤਬਾਹ ਨਹੀਂ ਕਰਾਂਗਾ।”

32 ਫ਼ੇਰ ਅਬਰਾਹਾਮ ਨੇ ਆਖਿਆ, “ਯਹੋਵਾਹ, ਕਿਰਪਾ ਕਰਕੇ ਮੇਰੇ ਨਾਲ ਨਾਰਾਜ਼ ਨਾ ਹੋਣਾ ਪਰ ਮੈਂ ਤੈਨੂੰ ਇਹ ਆਖਰੀ ਵਾਰੀ ਖੇਚਲ ਦੇ ਰਿਹਾ ਹਾਂ। ਜੇ ਤੈਨੂੰ ਓੱਥੇ 10 ਨੇਕ ਬੰਦੇ ਮਿਲ ਗਏ ਤਾਂ ਤੂੰ ਕੀ ਕਰੇਂਗਾ?”

ਯਹੋਵਾਹ ਨੇ ਆਖਿਆ, “ਜੇ ਮੈਨੂੰ ਓੱਥੇ 10 ਨੇਕ ਬੰਦੇ ਮਿਲ ਗਏ ਤਾਂ ਮੈਂ ਇਸ ਨੂੰ ਤਬਾਹ ਨਹੀਂ ਕਰਾਂਗਾ।”

33 ਯਹੋਵਾਹ ਨੇ ਅਬਰਾਹਾਮ ਨਾਲ ਗੱਲ ਮੁਕਾਈ, ਇਸ ਲਈ ਯਹੋਵਾਹ ਚੱਲਾ ਗਿਆ। ਅਤੇ ਅਬਰਾਹਾਮ ਆਪਣੇ ਘਰ ਵਾਪਸ ਚੱਲਾ ਗਿਆ।

Punjabi Bible: Easy-to-Read Version (ERV-PA)

2010 by World Bible Translation Center