Print Page Options
Previous Prev Day Next DayNext

Chronological

Read the Bible in the chronological order in which its stories and events occurred.
Duration: 365 days
Punjabi Bible: Easy-to-Read Version (ERV-PA)
Version
1 ਕੁਰਿੰਥੀਆਂ ਨੂੰ 9-11

ਹਕ ਜੋ ਪੌਲੁਸ ਨੇ ਇਸਤੇਮਾਲ ਨਹੀਂ ਕੀਤੇ

ਮੈਂ ਆਜ਼ਾਦ ਮਨੁੱਖ ਹਾਂ। ਮੈਂ ਇੱਕ ਰਸੂਲ ਹਾਂ। ਮੈਂ ਸਾਡੇ ਪ੍ਰਭੂ ਯਿਸੂ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਹੈ। ਤੁਸੀਂ ਲੋਕੀ ਪ੍ਰਭੂ ਵਿੱਚ ਮੇਰੇ ਕਾਰਜ ਦੀ ਮਿਸਾਲ ਹੋ। ਹੋਰ ਲੋਕੀ ਭਾਵੇਂ ਮੈਨੂੰ ਰਸੂਲ ਨਾ ਮੰਨਣ। ਪਰ ਤੁਸੀਂ ਤਾਂ ਅਵਸ਼ ਹੀ ਮੈਨੂੰ ਰਸੂਲ ਮੰਨਦੇ ਹੋ। ਤੁਸੀਂ ਲੋਕ ਇੱਕ ਪ੍ਰਮਾਣ ਹੋ ਕਿ ਮੈਂ ਪ੍ਰਭੂ ਵਿੱਚ ਇੱਕ ਰਸੂਲ ਹਾਂ।

ਕੁਝ ਲੋਕ ਰਸੂਲ ਦੇ ਤੌਰ ਤੇ ਮੇਰੇ ਅਧਿਕਾਰ ਬਾਰੇ ਸਵਾਲ ਕਰਨਾ ਚਾਹੁੰਦੇ ਹਨ। ਤਾਂ ਮੈਂ ਉਨ੍ਹਾਂ ਨੂੰ ਇਹ ਉੱਤਰ ਦਿੰਦਾ ਹਾਂ। ਕੀ ਸਾਨੂੰ ਖਾਣ ਅਤੇ ਪੀਣ ਦਾ ਇਖਤਿਆਰ ਨਹੀਂ ਹੈ? ਕੀ ਸਾਨੂੰ ਆਪਣੇ ਨਾਲ ਆਪਣੀਆਂ ਵਿਸ਼ਵਾਸੀ ਪਤਨੀਆਂ ਨੂੰ ਲੈ ਜਾਣ ਦਾ ਹੱਕ ਹੈ, ਜਦੋਂ ਅਸੀਂ ਯਾਤਰਾ ਤੇ ਹੁੰਦੇ ਹਾਂ ਜਿਵੇਂ ਕਿ ਬਾਕੀ ਦੇ ਸਾਰੇ ਰਸੂਲ ਅਤੇ ਸਾਡੇ ਪ੍ਰਭੂ ਦੇ ਭਰਾ ਅਤੇ ਕੇਫ਼ਾਸ ਕਰਦੇ ਹਨ? ਕੀ ਮੈਂ ਅਤੇ ਬਰਨਬਾਸ ਹੀ ਇੱਕਲੇ ਹਾਂ ਜਿਨ੍ਹਾਂ ਨੂੰ ਕੰਮ ਕਰਨਾ ਪੈਂਦਾ ਹੈ ਅਤੇ ਸਾਨੂੰ ਆਪਣੇ ਜਿਉਣ ਲਈ ਕਮਾਉਣਾ ਚਾਹੀਦਾ ਹੈ? ਕੋਈ ਵੀ ਵਿਅਕਤੀ ਆਪਣੇ ਖਰਚੇ ਤੇ ਫ਼ੌਜ ਵਿੱਚ ਕੰਮ ਨਹੀਂ ਕਰਦਾ। ਅਜਿਹਾ ਕੋਈ ਵਿਅਕਤੀ ਨਹੀਂ ਜੋ ਉਸ ਵਿੱਚੋਂ ਅੰਗੂਰ ਨਾ ਖਾਵੇ ਜਿਹੜਾ ਅੰਗੂਰਾਂ ਦਾ ਬਾਗ ਖੁਦ ਬੀਜਦਾ ਹੈ। ਕੋਈ ਵੀ ਵਿਅਕਤੀ ਥੋੜਾ ਜਿੰਨਾ ਦੁੱਧ ਪੀਣ ਤੋਂ ਬਗੈਰ ਭੇਡਾਂ ਦੇ ਇੱਜੜ ਦੀ ਰਾਖੀ ਨਹੀਂ ਕਰਦਾ।

ਕੇਵਲ ਇਹੀ ਗੱਲਾਂ ਨਹੀਂ ਹਨ ਜਿਹੜੀਆਂ ਲੋਕੀ ਸੋਚਦੇ ਹਨ। ਪਰਮੇਸ਼ੁਰ ਦਾ ਨੇਮ ਇਨ੍ਹਾਂ ਬਾਰੇ ਇਹੋ ਗੱਲਾਂ ਦੱਸਦਾ ਹੈ। ਹਾਂ, ਇਹ ਮੂਸਾ ਦੀ ਸ਼ਰ੍ਹਾ ਵਿੱਚ ਲਿਖਿਆ ਹੋਇਆ ਹੈ: “ਜਦੋਂ ਕੋਈ ਡੰਗਰ ਦਾਣਿਆਂ ਦੀ ਗਹਾਈ ਕਰ ਰਿਹਾ ਹੁੰਦਾ ਹੈ, ਤਾਂ ਇਸਦਾ ਮੂੰਹ ਨਾ ਬੰਨ੍ਹੋ ਅਤੇ ਇਸ ਨੂੰ ਦਾਣੇ ਖਾਣ ਤੋਂ ਨਾ ਰੋਕੋ।” [a] ਜਦੋਂ ਪਰਮੇਸ਼ੁਰ ਨੇ ਇਹ ਆਖਿਆ ਸੀ ਤਾਂ ਕੀ ਉਹ ਕੇਵਲ ਕੰਮ ਕਰਨ ਵਾਲੇ ਜਾਨਵਰਾ ਬਾਰੇ ਹੀ ਸੋਚ ਰਿਹਾ ਸੀ? ਨਹੀਂ। 10 ਉਹ ਅਸਲ ਵਿੱਚ ਸਾਡੇ ਬਾਰੇ ਸੋਚ ਰਿਹਾ ਸੀ। ਹਾਂ, ਉਹ ਪੋਥੀ ਸਾਡੇ ਲਈ ਲਿਖੀ ਗਈ ਸੀ। ਜਿਹੜਾ ਵਿਅਕਤੀ ਹੱਲ ਚਲਾਉਂਦਾ ਹੈ ਅਤੇ ਜਿਹੜਾ ਵਿਅਕਤੀ ਗਹਾਈ ਕਰਦਾ ਹੈ ਉਨ੍ਹਾਂ ਨੂੰ ਆਪਣੇ ਕੰਮ ਦੇ ਇਵਜ਼ ਕੁਝ ਅਨਾਜ ਪ੍ਰਾਪਤ ਕਰਨ ਦੀ ਆਸ ਹੋਣੀ ਚਾਹੀਦੀ ਹੈ। 11 ਅਸੀਂ ਤੁਹਾਡੇ ਵਿੱਚ ਆਤਮਕ ਬੀਜ਼ ਬੀਜਿਆ ਹੈ। ਇਸ ਲਈ ਅਸੀਂ ਤੁਹਾਡੇ ਕੋਲੋਂ ਭੌਤਿਕ ਚੀਜ਼ਾਂ ਦੀ ਇੱਕ ਫ਼ਸਲ ਪ੍ਰਾਪਤ ਕਰ ਸੱਕਦੇ ਹਾਂ। ਅਵੱਸ਼ ਹੀ ਇਹ ਕੋਈ ਬਹੁਤੀ ਵੱਡੀ ਕੀਮਤ ਨਹੀਂ ਹੈ। 12 ਹੋਰਨਾਂ ਲੋਕਾਂ ਕੋਲ ਤੁਹਾਡੇ ਪਾਸੋਂ ਕੁਝ ਚੀਜ਼ਾਂ ਲੈਣ ਦਾ ਅਧਿਕਾਰ ਹੈ। ਸਾਡੇ ਕੋਲ ਕਰਨ ਦੇ ਹੋਰ ਵੱਧੇਰੇ ਇਖਤਿਆਰ ਹਨ। ਪਰ ਅਸੀਂ ਇਹ ਇਖਤਿਆਰ ਇਸਤੇਮਾਲ ਨਹੀਂ ਕਰਦੇ। ਅਸੀਂ ਖੁਦ ਹੀਸਾਰੀਆਂ ਪਰੇਸ਼ਾਨੀਆਂ ਝੱਲ ਲੈਂਦੇ ਹਾਂ ਤਾਂ ਜੋ ਅਸੀਂ ਕਿਸੇ ਨੂੰ ਵੀ ਮਸੀਹ ਦੀ ਖੁਸ਼ਖਬਰੀ ਨੂੰ ਮੰਨਣ ਤੋਂ ਨਾ ਰੋਕੀਏ। 13 ਅਵਸ਼ ਹੀ ਤੁਸੀਂ ਜਾਣਦੇ ਹੋ ਕਿ ਉਹ ਲੋਕ ਜਿਹੜੇ ਮੰਦਰ ਵਿੱਚ ਕੰਮ ਕਰਦੇ ਹਨ ਉਹ ਮੰਦਰ ਤੋਂ ਹੀ ਭੋਜਨ ਪ੍ਰਾਪਤ ਕਰਦੇ ਹਨ। ਅਤੇ ਜਿਹੜੇ ਜਗਵੇਦੀ ਉੱਤੇ ਕੰਮ ਕਰਦੇ ਹਨ ਉਹ ਜਗਵੇਦੀ ਦੇ ਚੜ੍ਹਾਵੇ ਦਾ ਕੁਝ ਅੰਸ਼ ਪ੍ਰਾਪਤ ਕਰਦੇ ਹਨ। 14 ਖੁਸ਼ਖਬਰੀ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਬਾਰੇ ਵੀ ਇਵੇਂ ਹੀ ਹੈ। ਇਹ ਪਰਮੇਸ਼ੁਰ ਦਾ ਹੁਕਮ ਹੈ ਕਿ ਉਹ ਜਿਹੜੇ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਨ ਉਨ੍ਹਾਂ ਨੂੰ ਆਪਣੀ ਰੋਜ਼ੀ ਇਸੇ ਕੰਮ ਤੋਂ ਬਨਾਉਣੀ ਚਾਹੀਦੀ ਹੈ।

15 ਪਰ ਮੈਂ ਇਨ੍ਹਾਂ ਅਧਿਕਾਰਾਂ ਵਿੱਚੋਂ ਕਿਸੇ ਦੀ ਵਰਤੋਂ ਨਹੀਂ ਕੀਤੀ। ਅਤੇ ਮੈਂ ਇਹ ਵਸਤਾਂ ਹਾਸਿਲ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰ ਰਿਹਾ। ਤੁਹਾਨੂੰ ਇਹ ਲਿਖਣ ਦਾ ਮੇਰਾ ਮਨੋਰਥ ਅਜਿਹਾ ਨਹੀਂ ਹੈ। ਸ਼ੇਖੀ ਮਾਰਨ ਦੇ ਕਾਰਣ ਨੂੰ ਗੁਵਾਉਣ ਨਾਲੋਂ ਮੈਂ ਮਰਨਾ ਪਸੰਦ ਕਰਾਂਗਾ। 16 ਹਾਲਾਂ ਕਿ ਮੈਂ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਹਾਂ ਪਰ ਇਹ ਮੇਰੇ ਵਾਸਤੇ ਸ਼ੇਖੀ ਮਾਰਨ ਦਾ ਕਾਰਣ ਨਹੀਂ ਹੈ। ਸ਼ੁਭ ਸਮਾਚਾਰ ਦਾ ਪ੍ਰਚਾਰ ਕਰਨਾ ਤਾਂ ਮੇਰਾ ਫ਼ਰਜ਼ ਹੈ ਜੋ ਮੇਰੇ ਲਈ ਅਨਿਵਾਰੀ ਹੈ। ਜੇ ਮੈਂ ਖੁਸ਼ਖਬਰੀ ਦਾ ਪ੍ਰਚਾਰ ਨਾ ਕਰਾਂ ਤਾਂ ਇਹ ਮੇਰੇ ਲਈ ਬਹੁਤ ਬੁਰੀ ਗੱਲ ਹੋਵੇਗੀ। 17 ਜੇ ਮੈਂ ਖੁਸ਼ਖਬਰੀ ਦਾ ਪ੍ਰਚਾਰ ਆਪਣੀ ਪਸੰਦ ਤੇ ਕਰਦਾ ਹਾਂ ਤਾਂ ਮੈਂ ਇਨਾਮਾਂ ਦਾ ਹੱਕਦਾਰ ਹਾਂ। ਪਰ ਮੇਰੀ ਕੋਈ ਪਸੰਦ ਨਹੀਂ। ਮੈਨੂੰ ਤਾਂ ਅਵਸ਼ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਪੈਂਦਾ ਹੈ। ਮੈਂ ਸਿਰਫ਼ ਦਿੱਤਾ ਹੋਇਆ ਫ਼ਰਜ਼ ਨਿਭਾ ਰਿਹਾ ਹਾਂ। 18 ਇਸ ਲਈ ਮੈਨੂੰ ਕੀ ਇਨਾਮ ਮਿਲਦਾ ਹੈ? ਮੇਰਾ ਇਨਾਮ ਇਹ ਹੈ: ਕਿ ਜਦੋਂ ਮੈਂ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਹਾਂ ਤਾਂ ਮੈਂ ਇਸ ਨੂੰ ਮੁਫ਼ਤ ਭੇਟ ਕਰ ਸੱਕਦਾ ਹਾਂ। ਇਸ ਤਰ੍ਹਾਂ ਮੈਂ ਖੁਸ਼ਖਬਰੀ ਦੇ ਪ੍ਰਚਾਰ ਬਦਲੇ ਮੁਲ ਪ੍ਰਾਪਤ ਕਰਨ ਦੇ ਅਧਿਕਾਰਾਂ ਦੀ ਵਰਤੋਂ ਨਹੀਂ ਕਰਦਾ।

19 ਮੈਂ ਆਜ਼ਾਦ ਹਾਂ। ਮੈਂ ਕਿਸੇ ਵੀ ਮਨੁੱਖ ਦੇ ਅਧੀਨ ਨਹੀਂ। ਪਰ ਮੈਂ ਆਪਣੇ-ਆਪ ਨੂੰ ਸਮੂਹ ਲੋਕਾਂ ਦਾ ਗੁਲਾਮ ਬਨਾਉਂਦਾ ਹਾਂ। ਇਹ ਗੱਲ ਮੈਂ ਇਸ ਵਾਸਤੇ ਕਰਦਾ ਹਾਂ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਬਚਾ ਸੱਕਾਂ। 20 ਯਹੂਦੀਆਂ ਵਾਸਤੇ ਮੈਂ ਯਹੂਦੀਆਂ ਜਿਹਾ ਬਣ ਗਿਆ ਸਾਂ। ਅਜਿਹਾ ਮੈਂ ਯਹੂਦੀਆਂ ਨੂੰ ਬਚਾਉਣ ਵਿੱਚ ਸਹਾਇਤਾ ਕਰਨ ਲਈ ਕੀਤਾ। ਭਾਵੇਂ ਮੇਰੇ ਉੱਤੇ ਸ਼ਰ੍ਹਾ ਦਾ ਸ਼ਾਸਨ ਨਹੀਂ ਹੈ, ਮੈਂ ਉਨ੍ਹਾਂ ਵਰਗਾ ਬਣ ਗਿਆ ਹਾਂ ਜਿਨ੍ਹਾਂ ਉੱਤੇ ਸ਼ਰ੍ਹਾ ਦਾ ਸ਼ਾਸਨ ਹੁੰਦਾ ਹੈ। ਮੈਂ ਅਜਿਹਾ ਕੀਤਾ ਤਾਂ ਜੋ ਮੈਂ ਉਨ੍ਹਾਂ ਨੂੰ ਮੁਕਤੀ ਵੱਲ ਲੈ ਜਾ ਸੱਕਾਂ ਜਿਨ੍ਹਾਂ ਉੱਤੇ ਸ਼ਰ੍ਹਾ ਦੁਆਰਾ ਸ਼ਾਸਨ ਹੁੰਦਾ ਹੈ। 21 ਉਨ੍ਹਾਂ ਲਈ ਜਿਹੜੇ ਨੇਮ ਤੋਂ ਬਿਨਾ ਹਨ ਮੈਂ ਉਨ੍ਹਾਂ ਲਈ ਉਹੋ ਜਿਹਾ ਬਣ ਜਾਂਦਾ ਹਾਂ ਜੋ ਨੇਮ ਤੋਂ ਬਿਨਾ ਹੈ। ਮੈਂ ਇਹ ਉਨ੍ਹਾਂ ਲੋਕਾਂ ਦੀ ਮੁਕਤੀ ਵੱਲ ਅਗਵਾਈ ਕਰਨ ਲਈ ਕਰਦਾ ਹਾਂ ਜਿਨ੍ਹਾਂ ਕੋਲ ਨੇਮ ਨਹੀਂ ਹੈ। ਪਰ ਅਸਲ ਵਿੱਚ ਮੈਂ ਪਰਮੇਸ਼ੁਰ ਦੇ ਨੇਮ ਤੋਂ ਬਿਨਾ ਨਹੀਂ ਹਾਂ। ਮੈਂ ਮਸੀਹ ਦੇ ਨੇਮ ਦੇ ਅਧੀਨ ਹਾਂ। 22 ਮੈਂ ਕਮਜ਼ੋਰ ਬਣ ਗਿਆ ਹਾਂ ਤਾਂ ਜੋ ਮੈਂ ਉਨ੍ਹਾਂ ਦੀ ਮੁਕਤੀ ਵੱਲ ਅਗਵਾਈ ਕਰ ਸੱਕਾਂ ਜਿਹੜੇ ਕਮਜ਼ੋਰ ਹਨ। ਮੈਂ ਸਮੂਹ ਲੋਕਾਂ ਲਈ ਚੀਜ਼ਾਂ ਬਣ ਜਾਂਦਾ ਹਾਂ। ਮੈਂ ਅਜਿਹਾ ਇਸ ਲਈ ਕੀਤਾ ਹੈ ਤਾਂ ਜੋ ਮੈਂ ਹਰ ਸੰਭਵ ਢੰਗ ਨਾਲ ਸਮੂਹ ਲੋਕਾਂ ਨੂੰ ਬਚਾ ਸੱਕਾਂ। 23 ਮੈਂ ਇਹ ਸਾਰੀਆਂ ਗੱਲਾਂ ਖੁਸ਼ਖਬਰੀ ਦੇ ਕਾਰਣ ਕਰਦਾ ਹਾਂ। ਮੈਂ ਇਹ ਸਭ ਗੱਲਾਂ ਕਰਦਾ ਹਾਂ ਤਾਂ ਜੋ ਮੈਂ ਖੁਸ਼ਖਬਰੀ ਦੀਆਂ ਸ਼ੁਭਕਾਮਨਾਵਾਂ ਵਿੱਚ ਭਾਈਵਾਲ ਹੋ ਸੱਕਾਂ।

24 ਤੁਸੀਂ ਜਾਣਦੇ ਹੋ ਕਿ ਦੌੜ ਵਿੱਚ ਸਾਰੇ ਦੌੜਾਕ ਦੌੜਦੇ ਹਨ। ਪਰ ਕੋਈ ਇੱਕ ਦੌੜਾਕ ਇਨਾਮ ਹਾਸਿਲ ਕਰਦਾ ਹੈ। ਇਸ ਲਈ ਇਹੀ ਤਰੀਕਾ ਹੈ ਜਿਵੇਂ ਤੁਹਾਨੂੰ ਦੌੜਨਾ ਚਾਹੀਦਾ ਹੈ: ਤੁਹਾਨੂੰ ਜਿੱਤਣ ਲਈ ਦੌੜਨਾ ਚਾਹੀਦਾ ਹੈ। 25 ਖੇਡਾਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਅਕਤੀ ਸਖਤ ਸਿਖਲਾਈ ਕਰਦੇ ਹਨ। ਅਜਿਹਾ ਉਹ ਇਸ ਲਈ ਕਰਦੇ ਹਨ ਤਾਂ ਜੋ ਉਹ ਤਾਜ ਜਿੱਤ ਸੱਕਣ। ਇਹ ਤਾਜ ਸਿਰਫ਼ ਥੋੜੇ ਸਮੇਂ ਲਈ ਹੀ ਸਥਿਰ ਰਹਿੰਦਾ ਹੈ। ਪਰ ਸਾਡਾ ਤਾਜ ਸਦਾ ਲਈ ਹੋਵੇਗਾ। 26 ਇਸ ਲਈ ਮੈਂ ਉਦੇਸ਼ ਰੱਖਣ ਵਾਲੇ ਇੱਕ ਆਦਮੀ ਵਾਂਗ ਦੌੜਦਾ ਹਾਂ। ਮੈਂ ਉਸ ਲੜਾਕੂ ਦੀ ਤਰ੍ਹਾਂ ਲੜਦਾ ਹਾਂ ਜਿਹੜਾ ਹਵਾ ਨੂੰ ਕਿਸੇ ਚੀਜ਼ ਦੀ ਤਰ੍ਹਾਂ ਨਹੀਂ ਸਗੋਂ ਕਿਸੇ ਚੀਜ਼ ਨੂੰ ਨਿਸ਼ਾਨਾ ਬਨਾਉਂਦਾ ਹੈ। 27 ਇਸ ਲਈ ਮੈਂ ਆਪਣੇ ਖੁਦ ਦੇ ਸਰੀਰ ਨੂੰ ਸੰਜ਼ਮ ਵਿੱਚ ਰੱਖਦਾ ਹਾਂ ਅਤੇ ਇਸ ਨੂੰ ਆਪਣਾ ਗੁਲਾਮ ਬਨਾਉਂਦਾ ਹਾਂ। ਮੈਂ ਇਸ ਤਰ੍ਹਾਂ ਇਸ ਲਈ ਕਰਦਾ ਹਾਂ ਤਾਂ ਜੋ ਲੋਕਾਂ ਵਿੱਚ ਪ੍ਰਚਾਰ ਕਰਨ ਤੋਂ ਬਾਦ ਮੈਂ ਖੁਦ ਪਰਮੇਸ਼ੁਰ ਵੱਲੋਂ ਨਾਮੰਜ਼ੂਰ ਨਾ ਕੀਤਾ ਜਾਵਾਂ।

ਯਹੂਦੀਆਂ ਵਾਂਗ ਨਾ ਬਣੋ

10 ਭਰਾਵੋ ਅਤੇ ਭੈਣੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਜਾਣ ਲਵੋ ਕਿ ਸਾਡੇ ਪੁਰਖਿਆਂ ਨਾਲ ਕੀ ਵਾਪਰਿਆ ਜੋ ਮੂਸਾ ਦੇ ਅਨੁਯਾਈ ਸਨ। ਉਨ੍ਹਾਂ ਵਿੱਚੋਂ ਸਾਰੇ ਬੱਦਲ ਦੇ ਹੇਠਾਂ ਸਨ ਅਤੇ ਸਾਰੇ ਸਮੁੰਦਰ ਰਾਹੀਂ ਤੁਰੇ। ਉਨ੍ਹਾਂ ਲੋਕਾਂ ਨੂੰ ਮੂਸਾ ਨੇ ਬੱਦਲਾਂ ਅਤੇ ਸਮੁੰਦਰ ਵਿੱਚ ਬਪਤਿਸਮਾ ਦਿੱਤਾ। ਉਨ੍ਹਾਂ ਸਭ ਨੇ ਇੱਕੋ ਜਿਹੀ ਆਤਮਕ ਖੁਰਾਕ ਖਾਧੀ। ਅਤੇ ਉਨ੍ਹਾਂ ਸਭਨਾਂ ਨੇ ਇੱਕੋ ਜਿਹਾ ਆਤਮਕ ਪਾਣੀ ਪੀਤਾ। ਉਸ ਆਤਮਕ ਚੱਟਾਨ ਤੋਂ ਜਿਹੜੀ ਉਨ੍ਹਾਂ ਦੇ ਨਾਲ ਸੀ। ਉਹ ਚੱਟਾਨ ਮਸੀਹ ਸੀ। ਪਰ ਪਰਮੇਸ਼ੁਰ ਇਨ੍ਹਾਂ ਵਿੱਚੋਂ ਬਹੁਤਿਆਂ ਉੱਤੇ ਪ੍ਰਸੰਨ ਨਹੀਂ ਸੀ। ਉਹ ਰੇਗਿਸਤਾਨ ਵਿੱਚ ਮਾਰੇ ਗਏ।

ਅਤੇ ਇਹ ਗੱਲਾਂ ਜਿਹੜੀਆਂ ਵਾਪਰੀਆਂ ਸਾਡੇ ਲਈ ਮਿਸਾਲ ਹਨ। ਇਨ੍ਹਾਂ ਮਿਸਾਲਾਂ ਤੋਂ ਸਾਨੂੰ ਸਿਖਣਾ ਚਾਹੀਦਾ ਹੈ ਕਿ ਉਨ੍ਹਾਂ ਲੋਕਾਂ ਵਾਂਗ ਬੁਰੀਆਂ ਚੀਜ਼ਾਂ ਦੀ ਤਮੰਨਾ ਨਾ ਕਰੀਏ। ਤੁਹਾਨੂੰ ਮੂਰਤੀਆਂ ਦੀ ਉਪਾਸਨਾ ਨਹੀਂ ਕਰਨੀ ਚਾਹੀਦੀ, ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਕੀਤੀ ਹੈ। ਇਹ ਪੋਥੀਆਂ ਵਿੱਚ ਲਿਖਿਆ ਹੋਇਆ ਹੈ, “ਲੋਕ ਖਾਣ-ਪੀਣ ਲਈ ਬੈਠ ਗਏ। ਉਹ ਨੱਚਣ ਲਈ ਉੱਠੇ।” [b] ਸਾਨੂੰ ਉਨ੍ਹਾਂ ਵਿੱਚੋਂ ਕੁਝ ਲੋਕਾਂ ਵਾਂਗ ਜਿਨਸੀ ਗੁਨਾਹ ਵੀ ਨਹੀਂ ਕਰਨੇ ਚਾਹੀਦੇ। ਉਨ੍ਹਾਂ ਦੇ ਗੁਨਾਹਾਂ ਕਾਰਣ ਇੱਕ ਦਿਨ ਵਿੱਚ ਉਨ੍ਹਾਂ ਵਿੱਚੋਂ 23,000 ਮਾਰੇ ਗਏ। ਸਾਨੂੰ ਮਸੀਹ ਨੂੰ ਨਹੀਂ ਪਰੱਖਣਾ ਚਾਹੀਦਾ ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਪਰਮੇਸ਼ੁਰ ਨੂੰ ਪਰੱਖਿਆ ਸੀ। ਉਹ ਸੱਪ ਦੇ ਡੰਗ ਨਾਲ ਮਰ ਗਏ, ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਨੂੰ ਪਰੱਖਿਆ। 10 ਸ਼ਿਕਾਇਤ ਨਾ ਕਰੋ ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਸ਼ਿਕਾਇਤਾਂ ਕੀਤੀਆਂ ਸਨ। ਇਸ ਲਈ ਉਹ ਲੋਕ ਮੌਤ ਦੇ ਦੂਤ ਦੁਆਰਾ ਨਸ਼ਟ ਕਰ ਦਿੱਤੇ ਗਏ।

11 ਜੋ ਗੱਲਾਂ ਉਨ੍ਹਾਂ ਲੋਕਾਂ ਨਾਲ ਵਾਪਰੀਆਂ ਸਾਡੇ ਲਈ ਉਦਾਹਰਣ ਹਨ। ਇਹ ਗੱਲਾਂ ਸਾਨੂੰ ਚੇਤਾਵਨੀ ਦੇਣ ਲਈ ਲਿਖੀਆਂ ਗਈਆਂ ਹਨ। ਅਸੀਂ ਇਤਹਾਸ ਦੇ ਅੰਤਿਮ ਸਮੇਂ ਵਿੱਚ ਜਿਉਂ ਰਹੇ ਹਾਂ। 12 ਇਸ ਲਈ ਜਿਹੜਾ ਇਹ ਸੋਚਦਾ ਹੈ ਕਿ ਉਹ ਦ੍ਰਿੜ੍ਹਤਾ ਨਾਲ ਖਲੋਤਾ ਹੈ, ਉਸ ਨੂੰ ਡਿੱਗਣ ਤੋਂ ਹੁਸ਼ਿਆਰ ਰਹਿਣਾ ਚਾਹੀਦਾ ਹੈ। 13 ਜਿਹੜੀਆਂ ਉਕਸਾਹਟਾਂ ਤੁਹਾਨੂੰ ਹਨ ਹਰ ਮਨੁੱਖ ਨੂੰ ਬਿਲਕੁਲ ਉਹੀ ਉਕਸਾਹਟਾਂ ਹਨ। ਪਰ ਤੁਸੀਂ ਪਰਮੇਸ਼ੁਰ ਉੱਤੇ ਵਿਸ਼ਵਾਸ ਕਰ ਸੱਕਦੇ ਹੋ। ਉਹ ਤੁਹਾਨੂੰ ਇਸ ਤੋਂ ਵੱਧ ਪਰੱਖਣ ਨਹੀਂ ਦੇਵੇਗਾ ਜਿੰਨਾ ਤੁਸੀਂ ਬਰਦਾਸ਼ਤ ਕਰ ਸੱਕਦੇ ਹੋ। ਪਰ ਜਦੋਂ ਤੁਸੀਂ ਉਕਸਾਏ ਜਾਵੋਂਗੇ ਪਰਮੇਸ਼ੁਰ ਤੁਹਾਨੂੰ ਇਸ ਉਕਸਾਹਟ ਤੋਂ ਬਚ ਨਿਕਲਣ ਦਾ ਰਾਹ ਵੀ ਦੇਵੇਗਾ। ਫ਼ੇਰ ਤੁਸੀਂ ਇਸ ਨੂੰ ਬਰਦਾਸ਼ਤ ਕਰਨ ਦੇ ਯੋਗ ਹੋ ਜਾਵੋਂਗੇ।

14 ਇਸ ਲਈ ਮੇਰੇ ਪਿਆਰੇ ਮਿੱਤਰੋ, ਮੂਰਤੀਆਂ ਦੀ ਉਪਾਸਨਾ ਤੋਂ ਦੂਰ ਰਹੋ। 15 ਮੈਂ ਤੁਹਾਡੇ ਨਾਲ ਇਸ ਤਰ੍ਹਾਂ ਗੱਲ ਕਰ ਰਿਹਾ ਹਾਂ ਜਿਵੇਂ ਤੁਸੀਂ ਬੁੱਧੀਮਾਨ ਲੋਕ ਹੋ; ਜੋ ਮੈਂ ਆਖਦਾ ਹਾਂ ਉਸਦਾ ਖੁਦ ਨਿਰਨਾ ਕਰੋ। 16 ਅਸੀਸਾਂ ਦਾ ਉਹ ਪਿਆਲਾ ਜਿਸ ਵਾਸਤੇ ਅਸੀਂ ਧੰਨਵਾਦ ਅਦਾ ਕਰਦੇ ਹਾਂ ਅਤੇ ਜਿਸ ਵਿੱਚੋਂ ਪੀਂਦੇ ਹਾਂ; ਕੀ ਇਹ ਸਾਨੂੰ ਮਸੀਹ ਦੇ ਲਹੂ ਵਿੱਚ ਸਾਂਝੀਵਾਨ ਨਹੀਂ ਬਣਾਉਂਦਾ? ਅਤੇ ਜਿਹੜੀ ਰੋਟੀ ਅਸੀਂ ਤੋੜਦੇ ਹਾਂ ਅਤੇ ਖਾਂਦੇ ਹਾਂ, ਕੀ ਇਹ ਸਾਨੂੰ ਮਸੀਹ ਦੇ ਸਰੀਰ ਵਿੱਚ ਸਾਂਝੀਵਾਨ ਨਹੀਂ ਬਣਾਉਂਦੀ? 17 ਇੱਥੇ ਇੱਕ ਹੀ ਰੋਟੀ ਹੈ ਅਤੇ ਹਾਲਾਂ ਕਿ ਅਸੀਂ ਬਹੁਤ ਸਾਰੇ ਹਾਂ, ਅਸੀਂ ਸਾਰੇ ਇੱਕ ਸਰੀਰ ਹਾਂ ਕਿਉਂਕਿ ਅਸੀਂ ਸਾਰੇ ਉਸ ਇੱਕ ਰੋਟੀ ਨੂੰ ਸਾਂਝਾ ਕਰਦੇ ਹਾਂ।

18 ਇਸਰਾਏਲ ਦੇ ਲੋਕਾਂ ਬਾਰੇ ਸੋਚੋ। ਜਿਹੜੇ ਲੋਕ ਬਲੀ ਦਾ ਮਾਸ ਖਾਂਦੇ ਹਨ, ਕੀ ਉਹ ਜਗਵੇਦੀ ਵਿੱਚ ਸਾਂਝੀਵਾਨ ਨਾ ਬਣਦੇ? 19 ਮੇਰਾ ਇਹ ਭਾਵ ਨਹੀਂ ਕਿ ਮੂਰਤੀਆਂ ਨੂੰ ਬਲੀ ਚੜ੍ਹਾਇਆ ਮਾਸ ਮਹੱਤਵਪੂਰਣ ਹੈ ਅਤੇ ਮੇਰਾ ਇਹ ਵੀ ਭਾਵ ਨਹੀਂ ਕਿ ਮੂਰਤੀਆਂ ਮਹੱਤਵਪੂਰਣ ਹਨ। 20 ਪਰ ਮੈਂ ਇਹ ਆਖਦਾ ਹਾਂ ਕਿ ਜਿਹੜੀਆਂ ਚੀਜ਼ਾਂ ਮੂਰਤੀਆਂ ਨੂੰ ਭੇਟ ਕੀਤੀਆਂ ਜਾਂਦੀਆਂ ਹਨ ਉਹ ਪਰਮੇਸ਼ੁਰ ਨੂੰ ਨਹੀਂ ਬਲਿਕ ਭੂਤਾਂ ਨੂੰ ਭੇਟ ਕੀਤੀਆਂ ਜਾਂਦੀਆਂ ਹਨ। ਅਤੇ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਭੂਤਾਂ ਨਾਲ ਭਾਗੀਦਾਰ ਹੋਵੋਂ। 21 ਤੁਸੀਂ ਇੱਕੋ ਵੇਲੇ ਪ੍ਰਭੂ ਦੇ ਪਿਆਲੇ ਵਿੱਚੋਂ ਅਤੇ, ਭੂਤਾਂ ਦੇ ਪਿਆਲੇ ਵਿੱਚੋਂ ਨਹੀਂ ਪੀ ਸੱਕਦੇ। ਤੁਸੀਂ ਪ੍ਰਭੂ ਦੇ ਮੇਜ਼ ਨੂੰ ਅਤੇ ਫ਼ੇਰ ਭੂਤਾਂ ਦੇ ਮੇਜ਼ ਨੂੰ ਸਾਂਝਾ ਨਹੀਂ ਕਰ ਸੱਕਦੇ। 22 ਕੀ ਅਸੀਂ ਪ੍ਰਭੂ ਨੂੰ ਈਰਖਾਲੂ ਬਨਾਉਣਾ ਚਾਹੁੰਦੇ ਹਾਂ। ਕੀ ਅਸੀਂ ਉਸ ਦੇ ਨਾਲੋਂ ਬਲਵਾਨ ਹਾਂ? ਨਹੀਂ।

ਪਰਮੇਸ਼ੁਰ ਦੀ ਮਹਿਮਾ ਲਈ ਆਪਣੀ ਆਜ਼ਾਦੀ ਦੀ ਵਰਤੋਂ ਕਰੋ

23 “ਸਾਰੀਆਂ ਗੱਲਾਂ ਦੀ ਇਜਾਜ਼ਤ ਹੈ।” ਹਾਂ, ਪਰ ਸਭ ਕੁਝ ਮਦਦਗਾਰ ਨਹੀਂ ਹੈ। “ਸਾਰੀਆਂ ਗੱਲਾਂ ਦੀ ਇਜਾਜ਼ਤ ਹੈ।” ਹਾਂ ਪਰ ਸਾਰੀਆਂ ਗੱਲਾਂ ਬਲਵਾਨ ਹੋਣ ਵਿੱਚ ਸਹਾਇਤਾ ਨਹੀਂ ਕਰਦੀਆਂ। 24 ਕਿਸੇ ਵੀ ਵਿਅਕਤੀ ਨੂੰ ਉਹੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਕੇਵਲ ਉਸ ਦੀ ਸਹਾਇਤਾ ਕਰਨ। ਉਸ ਨੂੰ ਵੀ ਉਹੀ ਕਰਨਾ ਚਾਹੀਦਾ ਹੈ ਜੋ ਦੂਸਰਿਆਂ ਲਈ ਮਦਦਗਾਰ ਹੈ।

25 ਮਾਸ ਦੇ ਬਾਜ਼ਾਰ ਵਿੱਚ ਜੋ ਵੀ ਵਿਕਦਾ ਹੈ ਉਸ ਨੂੰ ਖਾਉ। ਇਸ ਮਾਸ ਨੂੰ ਗਲਤ ਸਿਧ ਕਰਨ ਬਾਰੇ ਕੋਈ ਪ੍ਰਸ਼ਨ ਨਾ ਉੱਠਾਓ। 26 ਤੁਸੀਂ ਇਸ ਨੂੰ ਖਾ ਸੱਕਦੇ ਹੋ, “ਕਿਉਂਕਿ ਧਰਤੀ ਅਤੇ ਇਸ ਉਤਲੀ ਹਰ ਸ਼ੈਅ ਪ੍ਰਭੂ ਨਾਲ ਸੰਬੰਧਿਤ ਹੈ।” [c]

27 ਜਿਹੜਾ ਵਿਅਕਤੀ ਵਿਸ਼ਵਾਸੀ ਨਹੀਂ ਹੈ ਉਹ ਵੀ ਤੁਹਾਨੂੰ ਆਪਣੇ ਨਾਲ ਭੋਜਨ ਕਰਨ ਦਾ ਨਿਉਤਾ ਦੇ ਸੱਕਦਾ ਹੈ। ਇਹ ਸਿੱਧ ਕਰਨ ਲਈ ਕੋਈ ਸਵਾਲ ਨਾ ਉੱਠਾਓ ਕਿ ਇਸ ਨੂੰ ਖਾਣਾ ਚੰਗਾ ਹੈ ਜਾਂ ਨਹੀਂ। 28 ਪਰ ਜੇ ਕੋਈ ਵਿਅਕਤੀ ਤੁਹਾਨੂੰ ਦੱਸਦਾ ਹੈ ਕਿ, “ਇਹ ਭੋਜਨ ਮੂਰਤਾਂ ਨੂੰ ਭੇਟ ਕੀਤਾ ਗਿਆ ਸੀ” ਤਾਂ ਉਸ ਭੋਜਨ ਨੂੰ ਨਾ ਖਾਓ। ਉਸ ਨੂੰ ਨਾ ਖਾਓ। ਕਿਉਂਕਿ ਤੁਸੀਂ ਉਸ ਵਿਅਕਤੀ ਦੇ ਵਿਸ਼ਵਾਸ ਨੂੰ ਸੱਟ ਨਹੀਂ ਮਾਰਨਾ ਚਾਹੁੰਦੇ ਜਿਸਨੇ ਤੁਹਾਨੂੰ ਇਸ ਬਾਰੇ ਕਿਹਾ ਅਤੇ ਇਸ ਲਈ ਵੀ ਕਿਉਂਕਿ ਕੁਝ ਲੋਕ ਸਮਝਦੇ ਹਨ ਕਿ ਉਹ ਮਾਸ ਖਾਣਾ ਗਲਤ ਹੈ। 29 ਮੇਰਾ ਇਹ ਭਾਵ ਨਹੀਂ ਕਿ ਤੁਹਾਡੇ ਖਿਆਲ ਅਨੁਸਾਰ ਇਹ ਗਲਤ ਹੈ। ਪਰ ਦੂਸਰਾ ਵਿਅਕਤੀ ਸ਼ਾਇਦ ਇਹ ਸਮਝ ਜਾਵੇ ਕਿ ਇਹ ਗਲਤ ਹੈ। ਇਹੀ ਕਾਰਣ ਹੈ ਕਿ ਮੈਂ ਉਹ ਮਾਸ ਨਹੀਂ ਖਾਵਾਂਗਾ। ਮੇਰੀ ਆਜ਼ਾਦੀ ਦਾ ਨਿਰਨਾ ਇਸ ਗੱਲੋਂ ਨਹੀਂ ਹੋਣਾ ਚਾਹੀਦਾ ਕਿ ਦੂਸਰਾ ਕੀ ਸੋਚਦਾ ਹੈ। 30 ਮੈਂ ਭੋਜਨ ਦਾ ਧੰਨਵਾਦ ਕਰਨ ਤੋਂ ਬਾਦ ਖਾਂਦਾ ਹਾਂ। ਇਸ ਲਈ ਮੈਂ ਇਹ ਨਹੀਂ ਚਾਹੁੰਦਾ ਕਿ ਮੇਰੀ ਇਸ ਗੱਲੋਂ ਆਲੋਚਨਾ ਕੀਤੀ ਜਾਵੇ ਜਿਸ ਲਈ ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ।

31 ਇਸ ਲਈ ਜੇ ਤੁਸੀਂ ਕੁਝ ਖਾਂਦੇ ਹੋ, ਜੇ ਤੁਸੀਂ ਕੁਝ ਪੀਂਦੇ ਹੋ ਜਾਂ ਜੇ ਤੁਸੀਂ ਕੁਝ ਕਰਦੇ ਹੋ, ਇਸ ਨੂੰ ਪਰਮੇਸ਼ੁਰ ਦੇ ਗੌਰਵ ਲਈ ਕਰੋ। 32 ਅਜਿਹਾ ਕੁਝ ਨਾ ਕਰੋ ਜੋ ਲੋਕਾਂ, ਯਹੂਦੀਆਂ, ਯੂਨਾਨੀਆਂ ਜਾਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਨਾਰਾਜ਼ ਕਰਦਾ ਹੋਵੇ। 33 ਮੈਂ ਵੀ ਇਹੀ ਕਰਦਾ ਹਾਂ। ਮੈਂ ਹਰ ਤਰ੍ਹਾਂ ਨਾਲ ਹਰ ਇੱਕ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਇਹ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਕਿ ਮੇਰੇ ਲਈ ਕੀ ਚੰਗਾ ਹੈ ਮੈਂ ਇਸ ਨੂੰ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਜੋ ਉਨ੍ਹਾਂ ਦਾ ਬਚਾ ਹੋ ਸੱਕੇ।

11 ਮੇਰੀ ਮਿਸਾਲ ਉੱਤੇ ਚੱਲੋ ਜਿਵੇਂ ਕਿ ਮੈਂ ਮਸੀਹ ਦੀ ਮਿਸਾਲ ਉੱਪਰ ਚੱਲਦਾ ਹਾਂ।

ਅਧਿਕਾਰ ਹੇਠਾਂ ਜਿਉਣਾ

ਮੈਂ ਤੁਹਾਡੀ ਪ੍ਰਸ਼ੰਸਾ ਕਰਦਾ ਹਾਂ ਕਿਉਂ ਜੋ ਤੁਸੀਂ ਹਰ ਗੱਲ ਵਿੱਚ ਮੈਨੂੰ ਚੇਤੇ ਕਰਦੇ ਹੋਂ। ਜਿਹੜੇ ਵੀ ਉਪਦੇਸ਼ ਮੈਂ ਤੁਹਾਨੂੰ ਦਿੱਤੇ, ਤੁਹਾਨੂੰ ਉਨ੍ਹਾਂ ਦਾ ਵਫ਼ਾਦਾਰੀ ਨਾਲ ਅਨੁਸਰਣ ਕਰਨਾ ਚਾਹੀਦਾ ਹੈ। ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਸਮਝ ਲਵੋ; ਹਰ ਮਨੁੱਖ ਦਾ ਮੁਖੀ ਮਸੀਹ ਹੈ। ਔਰਤ ਦਾ ਮੁਖੀ ਮਰਦ ਹੈ। ਅਤੇ ਮਸੀਹ ਦਾ ਮੁਖੀ ਪਰਮੇਸ਼ੁਰ ਹੈ।

ਜੇਕਰ ਕੋਈ ਵੀ ਆਦਮੀ ਜਿਹੜਾ ਸਿਰ ਢੱਕਕੇ ਪ੍ਰਾਰਥਨਾ ਜਾਂ ਭਵਿੱਖਬਾਣੀ ਕਰਦਾ ਹੈ, ਉਹ ਆਪਣੇ ਸਿਰ ਸ਼ਰਮਸਾਰੀ ਲਿਆਉਂਦਾ ਹੈ। ਪਰ ਹਰ ਔਰਤ ਨੂੰ ਆਪਣਾ ਸਿਰ ਢੱਕਣਾ ਚਾਹੀਦਾ ਹੈ, ਜਦੋਂ ਉਹ ਪ੍ਰਾਰਥਨਾ ਜਾਂ ਅਗੰਮ ਵਾਕ ਕਰ ਰਹੀ ਹੋਵੇ। ਜੇ ਉਸਦਾ ਸਿਰ ਢੱਕਿਆ ਹੋਇਆ ਨਹੀਂ ਹੈ, ਫ਼ੇਰ ਉਹ ਆਪਣੇ ਸਿਰ ਉੱਤੇ ਸ਼ਰਮਸਾਰੀ ਲਿਆਉਂਦੀ ਹੈ। ਫ਼ੇਰ ਉਸ ਵਿੱਚ ਅਤੇ ਸਿਰ ਮੁੱਨੇ ਵਾਲੀ ਔਰਤ ਵਿੱਚ ਕੋਈ ਫ਼ਰਕ ਨਹੀਂ ਹੈ। ਜੇ ਇੱਕ ਔਰਤ ਆਪਣਾ ਸਿਰ ਨਹੀਂ ਢੱਕਦੀ, ਇਹ ਉਸ ਦੇ ਵਾਲ ਕਟਾਉਣ ਵਰਗਾ ਹੀ ਹੈ। ਪਰ ਕਿਸੇ ਔਰਤ ਵਾਸਤੇ ਆਪਣੇ ਵਾਲ ਕਟਾਉਣੇ ਜਾਂ ਸਿਰ ਮੁਨਾਉਣਾ ਸ਼ਰਮਿੰਦਗੀ ਵਾਲੀ ਗੱਲ ਹੈ। ਇਸ ਲਈ ਉਸ ਨੂੰ ਆਪਣਾ ਸਿਰ ਢੱਕਣਾ ਚਾਹੀਦਾ ਹੈ।

ਪਰ ਆਦਮੀ ਨੂੰ ਆਪਣਾ ਸਿਰ ਨਹੀਂ ਢੱਕਣਾ ਚਾਹੀਦਾ। ਕਿਉਂਕਿ ਉਹ ਪਰਮੇਸ਼ੁਰ ਦੇ ਰੂਪ ਵਿੱਚ ਰਚਿਆ ਗਿਆ ਹੈ ਅਤੇ ਉਹ ਪਰਮੇਸ਼ੁਰ ਦੀ ਮਹਿਮਾ ਹੈ। ਪਰ ਔਰਤ ਆਦਮੀ ਦਾ ਗੌਰਵ ਹੈ। ਕਿਉਂਕਿ ਆਦਮੀ ਔਰਤ ਤੋਂ ਨਹੀਂ ਆਇਆ, ਸਗੋਂ, ਇਹ ਔਰਤ ਹੀ ਸੀ ਜੋ ਆਦਮੀ ਤੋਂ ਆਈ। ਇਹ ਵੀ ਕਿ, ਆਦਮੀ ਔਰਤ ਲਈ ਨਹੀਂ ਬਣਾਇਆ ਗਿਆ ਸੀ, ਸਗੋਂ ਔਰਤ ਆਦਮੀ ਲਈ ਬਣਾਈ ਗਈ ਸੀ। 10 ਇਸੇ ਲਈ ਔਰਤ ਨੂੰ ਇਹ ਦਰਸ਼ਾਉਣ ਲਈ ਕਿ ਉਹ ਕਿਸੇ ਦੇ ਅਧਿਕਾਰ ਹੇਠਾਂ ਹੈ ਆਪਣਾ ਸਿਰ ਢੱਕਣਾ ਚਾਹੀਦਾ ਹੈ। ਅਤੇ ਉਸ ਨੂੰ ਇਹ ਦੂਤਾਂ ਦੀ ਖਾਤਿਰ ਵੀ ਕਰਨਾ ਚਾਹੀਦਾ ਹੈ।

11 ਪਰ ਪ੍ਰਭੂ ਵਿੱਚ, ਔਰਤ ਆਦਮੀ ਲਈ ਮਹੱਤਵਪੂਰਣ ਹੈ ਅਤੇ ਆਦਮੀ ਔਰਤ ਲਈ ਮਹੱਤਵਪੂਰਣ ਹੈ। 12 ਇਹ ਸੱਚ ਹੈ ਕਿਉਂਕਿ ਔਰਤ ਆਦਮੀ ਤੋਂ ਆਈ ਅਤੇ ਆਦਮੀ ਵੀ ਔਰਤ ਤੋਂ ਪੈਦਾ ਹੋਇਆ ਹੈ। ਅਸਲ ਵਿੱਚ ਹਰ ਚੀਜ਼ ਪਰਮੇਸ਼ੁਰ ਵੱਲੋਂ ਆਉਂਦੀ ਹੈ। 13 ਇਸਦਾ ਫ਼ੈਸਲਾ ਖੁਦ ਕਰੋ; ਕੀ ਔਰਤ ਲਈ ਠੀਕ ਹੈ, ਕੀ ਉਹ ਬਿਨ ਸਿਰ ਢੱਕੇ ਪਰਮੇਸ਼ੁਰ ਦੀ ਪ੍ਰਾਰਥਨਾ ਕਰੇ? 14 ਕੁਦਰਤ ਵੀ ਤੁਹਾਨੂੰ ਇਹ ਸਿੱਖਾਉਂਦੀ ਹੈ ਕਿ ਲੰਬੇ ਬਾਲ ਰੱਖਣਾ ਆਦਮੀ ਲਈ ਨਮੋਸ਼ੀ ਵਾਲੀ ਗੱਲ ਹੈ। 15 ਪਰ ਲੰਮੇ ਬਾਲ ਹੋਣਾ ਔਰਤ ਲਈ ਮਾਣ ਵਾਲੀ ਗੱਲ ਹੈ। ਔਰਤ ਨੂੰ ਲੰਮੇ ਬਾਲ ਇਸ ਲਈ ਦਿੱਤੇ ਗਏ ਹਨ ਕਿ ਉਹ ਆਪਣਾ ਸਿਰ ਢੱਕ ਸੱਕੇ। 16 ਕੁਝ ਲੋਕ ਫ਼ੇਰ ਵੀ ਇਸ ਬਾਰੇ ਸ਼ਾਇਦ ਵਾਦ-ਵਿਵਾਦ ਕਰਨਾ ਚਾਹੁੰਦੇ ਹੋਣ। ਪਰ ਅਸੀਂ ਅਤੇ ਪਰਮੇਸ਼ੁਰ ਦੀਆਂ ਕਲੀਸਿਯਾਵਾਂ ਉਹ ਪ੍ਰਵਾਨ ਨਹੀਂ ਕਰਦੀਆਂ ਜੋ ਇਹ ਲੋਕ ਕਰ ਰਹੇ ਹਨ।

ਪ੍ਰਭੂ ਦਾ ਰਾਤ ਦਾ ਭੋਜਨ

17 ਜਿਹੜੀਆਂ ਗੱਲਾਂ ਹੁਣ ਮੈਂ ਤੁਹਾਨੂੰ ਆਖਦਾ ਹਾਂ ਉਨ੍ਹਾਂ ਲਈ ਮੈਂ ਤੁਹਾਡੀ ਉਸਤਤਿ ਨਹੀਂ ਕਰਦਾ। ਤੁਹਾਡੀਆਂ ਮੁਲਾਕਾਤਾਂ ਤੁਹਾਨੂੰ ਫ਼ਾਇਦੇ ਪਹੁੰਚਾਉਣ ਨਾਲੋਂ ਹਾਨੀ ਦਾ ਕਾਰਣ ਬਣਦੀਆਂ ਹਨ। 18 ਮੈਂ ਸੁਣਦਾ ਹਾਂ ਕਿ ਪਹਿਲਾਂ ਜਦੋਂ ਤੁਸੀਂ ਇਕੱਠੇ ਹੋਕੇ ਕਲੀਸਿਯਾ ਵਾਂਗ ਇਕੱਠੇ ਹੁੰਦੇ ਹੋ, ਤੁਹਾਡੇ ਵਿੱਚਕਾਰ ਬਟਵਾਰੇ ਹੁੰਦੇ ਹਨ ਅਤੇ ਕੁਝ ਹੱਦ ਤਾਈਂ ਮੈਂ ਇਸ ਉੱਤੇ ਵਿਸ਼ਵਾਸ ਕਰਦਾ ਹਾਂ। 19 ਆਪਣੇ ਵਿੱਚਕਾਰ ਬਟਵਾਰੇ ਹੋਣ ਦਿਉ ਫ਼ੇਰ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਤੁਹਾਡੇ ਵਿੱਚੋਂ ਕਿਹੜੇ ਸੱਚੇ ਨਿਹਚਾਵਾਨ ਹਨ।

20 ਜਦੋਂ ਸਾਰੇ ਹੀ ਇਕੱਠੇ ਹੋਕੇ ਆਉਂਦੇ ਹੋ, ਤੁਸੀਂ ਅਸਲ ਵਿੱਚ ਪ੍ਰਭੂ ਦਾ ਰਾਤ ਦਾ ਭੋਜਨ ਨਹੀਂ ਖਾਂਦੇ। 21 ਕਿਉਂਕਿ ਜਦੋਂ ਤੁਸੀਂ ਭੋਜਨ ਕਰਦੇ ਹੋ ਹਰ ਵਿਅਕਤੀ ਦੂਸਰੇ ਦਾ ਇੰਤਜ਼ਾਰ ਕੀਤੇ ਬਿਨਾ ਭੋਜਨ ਕਰਦਾ ਹੈ। ਕਈਆਂ ਨੂੰ ਖਾਣ ਲਈ ਪੂਰਾ ਭੋਜਨ ਨਹੀਂ ਮਿਲਦਾ ਜਦੋਂ ਕਿ ਦੂਸਰਿਆਂ ਨੂੰ ਇੰਨਾ ਮਿਲ ਜਾਂਦਾ ਹੈ ਕਿ ਉਹ ਸ਼ਰਾਬੀ ਹੋ ਜਾਂਦੇ ਹਨ। 22 ਤੁਸੀਂ ਆਪਣੇ ਘਰਾਂ ਵਿੱਚ ਵੀ ਖਾ ਪੀ ਸੱਕਦੇ ਹੋ। ਇਸ ਤਰ੍ਹਾਂ ਜਾਪਦਾ ਹੈ ਕਿ ਤੁਸੀਂ ਇਹ ਸੋਚਦੇ ਹੋ ਕਿ ਪਰਮੇਸ਼ੁਰ ਦੀ ਕਲੀਸਿਯਾ ਮਹੱਤਵਪੂਰਣ ਨਹੀਂ ਹੈ। ਤੁਸੀਂ ਉਨ੍ਹਾਂ ਗਰੀਬ ਲੋਕਾਂ ਸ਼ਰਮਿੰਦਗੀ ਵਿੱਚ ਪਾ ਦਿੰਦੇ ਹੋ। ਮੈਂ ਤੁਹਾਨੂੰ ਕੀ ਦੱਸਾਂ? ਕੀ ਮੈਂ ਇਸ ਗੱਲੋਂ ਤੁਹਾਡੀ ਪ੍ਰਸ਼ੰਸਾ ਕਰਾਂ ਮੈਂ ਤੁਹਾਡੀ ਪ੍ਰਸ਼ੰਸਾ ਨਹੀਂ ਕਰਦਾ।

23 ਜਿਹੜੇ ਉਪਦੇਸ਼ ਮੈਂ ਤੁਹਾਨੂੰ ਦੇ ਰਿਹਾ ਹਾਂ, ਮੈਂ ਇਹ ਪ੍ਰਭੂ ਤੋਂ ਪ੍ਰਾਪਤ ਕੀਤੇ ਹਨ। ਜਿਸ ਰਾਤ ਯਿਸੂ ਨਾਲ ਧ੍ਰੋਹ ਕੀਤਾ ਗਿਆ ਸੀ, 24 ਉਸ ਨੇ ਰੋਟੀ ਲਈ ਪਰਮੇਸ਼ੁਰ ਨੂੰ ਧੰਨਵਾਦ ਕੀਤਾ। ਫ਼ੇਰ ਉਸ ਨੇ ਰੋਟੀ ਨੂੰ ਤੋੜਿਆ ਅਤੇ ਆਖਿਆ, “ਇਹ ਮੇਰਾ ਸਰੀਰ ਹੈ; ਇਹ ਤੁਹਾਡੇ ਲਈ ਹੈ। ਤੁਹਾਨੂੰ ਇਹ ਮੈਨੂੰ ਯਾਦ ਕਰਨ ਲਈ ਕਰਨਾ ਚਾਹੀਦਾ ਹੈ।” 25 ਤਾਂ ਉਨ੍ਹਾਂ ਦੇ ਰਾਤ ਦਾ ਭੋਜਨ ਕਰਨ ਤੋਂ ਬਾਦ, ਯਿਸੂ ਨੇ ਦਾਖਰਸ ਦਾ ਪਿਆਲਾ ਲਿਆ ਅਤੇ ਆਖਿਆ, “ਇਹ ਦਾਖਰਸ ਨਵੇਂ ਕਰਾਰ ਨੂੰ ਸੂਚਿਤ ਕਰਦਾ ਹੈ ਜਿਹੜਾ ਪਰਮੇਸ਼ੁਰ ਨੇ ਆਪਣੇ ਲੋਕਾਂ ਨਾਲ ਕੀਤਾ। ਇਹ ਨਵਾਂ ਕਰਾਰ ਮੇਰੇ ਲਹੂ ਨਾਲ ਸ਼ੁਰੂ ਹੁੰਦਾ ਹੈ। ਜਦੋਂ ਵੀ ਤੁਸੀਂ ਇਸ ਨੂੰ ਪੀਓ, ਮੈਨੂੰ ਚੇਤੇ ਕਰੋ।” 26 ਹਰ ਵਾਰੀ ਜਦੋਂ ਤੁਸੀਂ ਇਹ ਰੋਟੀ ਖਾਂਦੇ ਹੋ ਅਤੇ ਇਹ ਪਿਆਲਾ ਪੀਂਦੇ ਹੋ, ਤੁਸੀਂ ਪ੍ਰਭੂ ਦੀ ਮ੍ਰਿਤੂ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹੋ ਜਦੋਂ ਤੱਕ ਉਹ ਨਾ ਆਵੇ।

27 ਇਸ ਲਈ ਜੇਕਰ ਇੱਕ ਵਿਅਕਤੀ ਇਹ ਰੋਟੀ ਖਾਂਦਾ ਹੈ ਅਤੇ ਪ੍ਰਭੂ ਦੇ ਪਿਆਲੇ ਨੂੰ ਅਯੋਗ ਢੰਗ ਨਾਲ ਪੀਂਦਾ ਹੈ, ਉਹ ਪ੍ਰਭੂ ਦੇ ਸਰੀਰ ਅਤੇ ਲਹੂ ਦੇ ਖਿਲਾਫ਼ ਪਾਪ ਕਰਦਾ ਹੈ। 28 ਹਰ ਵਿਅਕਤੀ ਨੂੰ ਆਪਣੇ ਦਿਲ ਅੰਦਰ ਦੇਖਣਾ ਚਾਹੀਦਾ ਹੈ ਇਸਤੋਂ ਪਹਿਲਾਂ ਕਿ ਉਹ ਇਹ ਰੋਟੀ ਖਾਵੇ ਅਤੇ ਇਹ ਪਿਆਲਾ ਪੀਵੇ। 29 ਜੇ ਇੱਕ ਵਿਅਕਤੀ ਇਹ ਰੋਟੀ ਖਾਂਦਾ ਹੈ ਅਤੇ ਇਸ ਪਿਆਲੇ ਵਿੱਚੋਂ ਸਰੀਰ ਨੂੰ ਮਹਿਸੂਸ ਕੀਤੇ ਬਿਨਾ ਪੀਂਦਾ ਹੈ, ਫ਼ੇਰ ਉਹ ਖਾਣ ਅਤੇ ਪੀਣ ਵਿੱਚ ਦੋਸ਼ੀ ਪਰੱਖਿਆ ਜਾਵੇਗਾ। 30 ਇਹੀ ਕਾਰਣ ਹੈ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਕਮਜ਼ੋਰ ਅਤੇ ਬਿਮਾਰ ਹਨ। ਅਤੇ ਬਹੁਤ ਸਾਰੇ ਮਰ ਚੁੱਕੇ ਹਨ। 31 ਪਰ ਜੇਕਰ ਅਸੀਂ ਸਹੀ ਢੰਗ ਨਾਲ ਆਪਣੇ ਆਪ ਨੂੰ ਪਰੱਖਿਆ ਹੁੰਦਾ, ਤਾਂ ਪਰਮੇਸ਼ੁਰ ਸਾਨੂੰ ਨਹੀਂ ਪਰੱਖੇਗਾ। 32 ਪਰ ਜਦੋਂ ਪ੍ਰਭੂ ਸਾਡਾ ਨਿਆਂ ਕਰਦਾ ਹੈ, ਉਹ ਸਾਨੂੰ ਅਨੁਸ਼ਾਸਿਤ ਕਰਦਾ ਹੈ ਤਾਂ ਜੋ ਅਸੀਂ ਸਹੀ ਰਸਤੇ ਉੱਤੇ ਚੱਲ ਸੱਕੀਏ। ਉਹ ਅਜਿਹਾ ਇਸ ਲਈ ਕਰਦਾ ਹੈ ਤਾਂ ਜੋ ਅਸੀਂ ਦੁਨੀਆਂ ਦੇ ਹੋਰਨਾਂ ਲੋਕਾਂ ਵਾਂਗ ਨਾ ਨਿੰਦੇ ਜਾਈਏ।

33 ਇਸ ਲਈ ਮੇਰੇ ਭਰਾਵੋ ਅਤੇ ਭੈਣੋ ਜਦੋਂ ਤੁਸੀਂ ਭੋਜਨ ਕਰਨ ਲਈ ਇਕੱਠੇ ਹੁੰਦੇ ਹੋ, ਇੱਕ ਦੂਸਰੇ ਦਾ ਇੰਤਜ਼ਾਰ ਕਰੋ। 34 ਜੇ ਕੋਈ ਵਿਅਕਤੀ ਬਹੁਤ ਹੀ ਭੁੱਖਾ ਹੈ ਤਾਂ ਉਸ ਨੂੰ ਘਰ ਵਿੱਚ ਭੋਜਨ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਇਹ ਕਰੋਂਗੇ, ਫ਼ੇਰ ਜਦੋਂ ਤੁਸੀਂ ਇਕੱਠੇ ਆਵੋਂਗੇ, ਤੁਸੀਂ ਆਪਣੇ ਉੱਤੇ ਪਰਮੇਸ਼ੁਰ ਦਾ ਨਿਆਂ ਨਹੀਂ ਲਿਆਵੋਂਗੇ। ਜਦੋਂ ਮੈਂ ਆਵਾਂਗਾ, ਮੈਂ ਤੁਹਾਨੂੰ ਹੋਰਨਾ ਮਾਮਲਿਆਂ ਬਾਰੇ ਹਿਦਾਇਤਾਂ ਦੇਵਾਂਗਾ।

Punjabi Bible: Easy-to-Read Version (ERV-PA)

2010 by World Bible Translation Center