Chronological
ਪੌਲੁਸ ਆਪਣੇ ਆਤਮਕ ਮਿਸ਼ਨ ਨੂੰ ਉਚਿਤ ਠਹਿਰਾਉਂਦਾ ਹੈ
10 ਮੈਂ ਪੌਲੁਸ ਹਾਂ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਮੈਂ ਕੋਮਲਤਾ ਨਾਲ ਅਤੇ ਮਸੀਹ ਦੀ ਕਿਰਪਾ ਨਾਲ ਦਲੀਲ ਪੇਸ਼ ਕਰਦਾ ਹਾਂ ਕੁਝ ਲੋਕ ਇਹ ਆਖਦੇ ਹਨ ਜਦੋਂ ਮੈਂ ਤੁਹਾਡੇ ਨਾਲ ਹੁੰਦਾ ਹਾਂ ਤਾਂ ਹਲੀਮੀ ਵਾਲਾ ਹੁੰਦਾ ਹਾਂ ਅਤੇ ਜਦੋਂ ਤੁਹਾਡੇ ਤੋਂ ਦੂਰ ਹੁੰਦਾ ਹਾਂ ਮੈਂ ਦਲੇਰ ਹੁੰਦਾ ਹਾਂ। 2 ਕੁਝ ਲੋਕੀ ਸੋਚਦੇ ਨੇ ਕਿ ਅਸੀਂ ਦੁਨਿਆਦਾਰਾਂ ਵਾਂਗ ਰਹਿੰਦੇ ਹਾਂ। ਜਦੋਂ ਮੈਂ ਆਵਾਂਗਾ ਤਾਂ ਇਹੋ ਜਿਹੇ ਲੋਕਾਂ ਦੇ ਖਿਲਾਫ਼ ਮੈਂ ਬਹੁਤ ਬੇਬਾਕੀ ਤੋਂ ਕੰਮ ਲਵਾਂਗਾ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਜਦੋਂ ਮੈਂ ਆਵਾਂਗਾ ਤਾਂ ਮੈਨੂੰ ਅਜਿਹੀ ਬੇਬਾਕੀ ਤੁਹਾਡੇ ਨਾਲ ਨਹੀਂ ਵਰਤਣੀ ਪਵੇਗੀ। 3 ਅਸੀਂ ਦੁਨੀਆਂ ਵਿੱਚ ਰਹਿੰਦੇ ਹਾਂ ਪਰ ਅਸੀਂ ਉਸ ਤਰ੍ਹਾਂ ਨਹੀਂ ਲੜਦੇ ਜਿਵੇਂ ਦੁਨੀਆਂ ਲੜਦੀ ਹੈ। 4 ਅਸੀਂ ਜਿਨ੍ਹਾਂ ਹਥਿਆਰਾਂ ਨਾਲ ਲੜਦੇ ਹਾਂ ਉਹ ਦੁਨਿਆਵੀ ਹਥਿਆਰਾਂ ਨਾਲੋਂ ਵੱਖਰੇ ਹਨ। ਸਾਡੇ ਹਥਿਆਰਾਂ ਵਿੱਚ ਪਰਮੇਸ਼ੁਰ ਦੀ ਸ਼ਕਤੀ ਹੈ। ਇਹ ਹਥਿਆਰ ਦੁਸ਼ਮਣ ਦੇ ਮਜ਼ਬੂਤ ਟਿਕਾਣਿਆਂ ਨੂੰ ਨਸ਼ਟ ਕਰ ਸੱਕਦੇ ਹਨ। ਇਨ੍ਹਾਂ ਹਥਿਆਰਾਂ ਦੀ ਸਹਾਇਤਾ ਨਾਲ, ਅਸੀਂ ਲੋਕਾਂ ਦੀਆਂ ਦਲੀਲਾਂ ਨੂੰ ਤਬਾਹ ਕਰਨ ਦੇ ਯੋਗ ਹਾਂ। 5 ਅਤੇ ਅਸੀਂ ਹਰ ਗੁਮਾਨ ਭਰੀ ਗੱਲ ਦਾ ਨਾਸ਼ ਕਰਦੇ ਹਾਂ ਜਿਹੜੀ ਪਰਮੇਸ਼ੁਰ ਦੇ ਗਿਆਨ ਦੇ ਖਿਲਾਫ਼ ਆਪਣੇ ਆਪ ਨੂੰ ਵੱਧਾਉਂਦੀ ਹੈ। ਅਤੇ ਅਸੀਂ ਹਰ ਵਿੱਚਾਰ ਨੂੰ ਫ਼ੜਦੇ ਹਾਂ ਅਤੇ ਇਸ ਨੂੰ ਨਿਰਹੰਕਾਰ ਬਣਾਕੇ ਮਸੀਹ ਦੇ ਆਗਿਆਕਾਰ ਬਣਾਉਂਦੇ ਹਾਂ। 6 ਉੱਥੇ ਅਸੀਂ ਹਰ ਉਸ ਵਿਅਕਤੀ ਨੂੰ ਸਜ਼ਾ ਦੇਣ ਲਈ ਤਿਆਰ ਰਹਿੰਦੇ ਹਾਂ ਜਿਹੜਾ ਆਗਿਆਕਾਰ ਨਹੀਂ ਹੈ। ਪਰ ਪਹਿਲੋਂ ਅਸੀਂ ਚਾਹੁੰਦੇ ਹਾਂ ਕਿ ਤਸੀਂ ਪੂਰੀ ਤਰ੍ਹਾਂ ਆਗਿਆਕਾਰ ਹੋਵੋਂ।
7 ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਆਪਣੇ ਸਾਹਮਣੇ ਪੇਸ਼ ਹੋਏ ਤੱਥਾਂ ਨੂੰ ਗਹੁ ਨਾਲ ਦੇਖੋਂ। ਜੋ ਕੋਈ ਵਿਅਕਤੀ ਸੋਚਦਾ ਹੈ ਕਿ ਉਹ ਮਸੀਹ ਨਾਲ ਸੰਬੰਧਿਤ ਹੈ। ਤਾਂ ਉਸ ਨੂੰ ਚੇਤੇ ਰੱਖਣਾ ਚਾਹੀਦਾ ਜਿਵੇਂ ਉਹ ਸੰਬੰਧਿਤ ਹੈ ਅਸੀਂ ਵੀ ਉਵੇਂ ਹੀ ਮਸੀਹ ਨਾਲ ਸੰਬੰਧ ਰੱਖਦੇ ਹਾਂ। 8 ਇਹ ਸੱਚ ਹੈ ਕਿ ਅਸੀਂ ਪ੍ਰਭੂ ਵੱਲੋਂ ਦਿੱਤੇ ਗਏ ਇਖਤਿਆਰ ਬਾਰੇ ਸ਼ੇਖੀ ਮਾਰਦੇ ਹਾਂ। ਪਰ ਉਸ ਨੇ ਤੁਹਾਨੂੰ ਮਜ਼ਬੂਤ ਬਨਾਉਣ ਲਈ ਸਾਨੂੰ ਇਹ ਇਖਤਿਆਰ ਦਿੱਤਾ ਹੈ ਨਾ ਕਿ ਤੁਹਾਨੂੰ ਦੁੱਖ ਪਹੁੰਚਾਉਣ ਲਈ। ਇਸ ਲਈ ਮੈਂ ਆਪਣੀ ਸ਼ੇਖੀ ਉੱਤੇ ਸ਼ਰਮਸਾਰ ਨਹੀਂ ਹਾਂ। 9 ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਹ ਸੋਚੋ ਕਿ ਮੈਂ ਤੁਹਾਨੂੰ ਆਪਣੇ ਪੱਤਰਾਂ ਰਾਹੀਂ ਭੈਭੀਤ ਕਰ ਰਿਹਾ ਹਾਂ। 10 ਕੁਝ ਲੋਕੀਂ ਆਖਦੇ ਨੇ, “ਪੌਲੁਸ ਦੇ ਪੱਤਰ ਸ਼ਕਤੀਸ਼ਾਲੀ ਹਨ ਤੇ ਮਹੱਤਵਪੂਰਣ ਹਨ। ਪਰ ਜਦੋਂ ਉਹ ਸਾਡੇ ਨਾਲ ਹੁੰਦਾ ਹੈ ਉਹ ਕਮਜ਼ੋਰ ਹੁੰਦਾ ਹੈ। ਅਤੇ ਉਸਦੀ ਬੋਲਚਾਲ ਕੁਝ ਵੀ ਨਹੀਂ ਹੁੰਦੀ।” 11 ਉਨ੍ਹਾਂ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ; ਹੁਣ ਅਸੀਂ ਉੱਥੇ ਤੁਹਾਡੇ ਨਾਲ ਨਹੀਂ ਹਾਂ ਇਸ ਲਈ ਇਹ ਗੱਲਾਂ ਅਸੀਂ ਪੱਤਰਾਂ ਰਾਹੀਂ ਆਖ ਰਹੇ ਹਾਂ। ਪਰ ਜਦੋਂ ਅਸੀ ਤੁਹਾਡੇ ਨਾਲ ਹੋਵਾਂਗੇ, ਤਾਂ ਜਿਹੜਾ ਇਖਤਿਆਰ ਅਸੀਂ ਆਪਣੀਆਂ ਚਿੱਠੀਆਂ ਵਿੱਚ ਵਿਖਾਉਂਦੇ ਹਾਂ, ਉਹੀ ਇਖਤਿਆਰ ਅਸੀਂ ਤੁਹਾਨੂੰ ਵਿਖਾਵਾਂਗੇ।
12 ਅਸੀਂ ਇਸ ਗੱਲ ਬਾਰੇ ਸੋਚਾਂਗੇ ਵੀ ਨਹੀਂ ਕਿ ਅਸੀਂ ਉਨ੍ਹਾਂ ਲੋਕਾਂ ਨਾਲ ਜੁੜ ਜਾਈਏ ਜਿਹੜੇ ਆਪਣੇ ਆਪ ਨੂੰ ਮਹੱਤਵਪੂਰਣ ਕਰਾਰ ਦਿੰਦੇ ਹਨ। ਅਸੀਂ ਆਪਣੇ ਆਪ ਦੀ ਤੁਲਨਾ ਉਨ੍ਹਾਂ ਨਾਲ ਨਹੀਂ ਕਰਦੇ। ਉਹ ਖੁਦ ਨਾਲ ਆਪਣੇ ਆਪ ਦਾ ਮੁਲਾਂਕਣ ਕਰਦੇ ਹਨ, ਅਤੇ ਆਪਣੇ ਆਪ ਦੀ ਤੁਲਨਾ ਆਪਣੇ ਆਪ ਨਾਲ ਕਰਦੇ ਹਨ। ਇਹ ਵਿਖਾਉਂਦਾ ਕਿ ਉਹ ਮੂਰਖ ਹਨ।
13 ਪਰ ਅਸੀਂ ਉਨ੍ਹਾਂ ਚੀਜ਼ਾਂ ਬਾਰੇ ਗੁਮਾਨ ਨਹੀਂ ਕਰਾਂਗੇ ਜਿਹੜੀਆਂ ਸਾਨੂੰ ਦਿੱਤੇ ਹੋਏ ਕਾਰਜ ਤੋਂ ਬਾਹਰ ਹਨ। ਅਸੀਂ ਆਪਣੀ ਸ਼ੇਖੀ ਨੂੰ ਉਸੇ ਕਾਰਜ ਤੱਕ ਸੀਮਤ ਰੱਖਾਂਗੇ ਜਿਹੜਾ ਪਰਮੇਸ਼ੁਰ ਨੇ ਸਾਨੂੰ ਪ੍ਰਦਾਨ ਕੀਤਾ ਹੈ। ਪਰ ਇਹ ਕਾਰਜ ਸਾਡੇ ਕਾਰਜ ਨੂੰ ਤੁਹਾਡੇ ਨਾਲ ਸ਼ਾਮਿਲ ਕਰਦਾ ਹੈ। 14 ਅਸੀਂ ਬਹੁਤੀ ਸ਼ੇਖੀ ਨਹੀਂ ਮਾਰਦੇ। ਜੇਕਰ ਅਸੀਂ ਪਹਿਲਾਂ ਹੀ ਤੁਹਾਡੇ ਕੋਲ ਨਾ ਆਏ ਹੁੰਦੇ, ਤਾਂ ਸਾਡੀ ਸ਼ੇਖੀ ਬਹੁਤ ਜ਼ਿਆਦਾ ਹੁੰਦੀ। ਪਰ ਅਸੀਂ ਤੁਹਾਡੇ ਕੋਲ ਆ ਗਏ ਹਾਂ ਅਸੀਂ ਤੁਹਾਡੇ ਕੋਲ ਮਸੀਹ ਦੀ ਖੁਸ਼ਖਬਰੀ ਲੈ ਕੇ ਆਏ ਹਾਂ। 15 ਅਸੀਂ ਆਪਣੀ ਸ਼ੇਖੀ ਨੂੰ ਆਪਣੇ ਕਾਰਜ ਤੱਕ ਹੀ ਸੀਮਿਤ ਰੱਖਦੇ ਹਾਂ ਅਸੀਂ ਹੋਰਾਂ ਦੇ ਕੀਤੇ ਹੋਏ ਕਾਰਜ ਬਾਰੇ ਗੁਮਾਨ ਨਹੀਂ ਕਰਦੇ। ਉਵੇਂ ਹੀ ਜਿਵੇਂ ਤੁਹਾਡੀ ਨਿਹਚਾ ਵੱਧਣਾ ਜਾਰੀ ਰੱਖਦੀ ਹੈ, ਸਾਨੂੰ ਉਮੀਦ ਹੈ ਕਿ ਤੁਹਾਡੇ ਵਿੱਚ ਸਾਡਾ ਕਾਰਜ ਵੀ ਵੱਧੇਰੇ ਹੱਦ ਤੱਕ ਵੱਧੇਗਾ। 16 ਅਸੀਂ ਖੁਸ਼ਖਬਰੀ ਦਾ ਪ੍ਰਚਾਰ ਤੁਹਾਡੇ ਸ਼ਹਿਰ ਤੋਂ ਅਗੇਰੇ ਹੋਰਨਾਂ ਸ਼ਹਿਰਾਂ ਵਿੱਚ ਵੀ ਕਰਨਾ ਚਾਹੁੰਦੇ ਹਾਂ। ਅਸੀਂ ਉਸ ਕਾਰਜ ਬਾਰੇ ਆਤਮ ਪ੍ਰਸ਼ੰਸਾ ਲੈਣਾ ਨਹੀਂ ਚਾਹੁੰਦੇ ਜਿਹੜਾ ਪਹਿਲਾਂ ਹੀ ਕਿਸੇ ਹੋਰ ਵਿਅਕਤੀ ਦੇ ਇਲਾਕੇ ਵਿੱਚ ਕੀਤਾ ਜਾ ਚੁੱਕਿਆ ਹੈ। 17 ਪਰ, “ਜਿਹੜਾ ਵਿਅਕਤੀ ਗੁਮਾਨ ਕਰਦਾ ਹੈ ਉਸ ਨੂੰ ਪ੍ਰਭੂ ਵਿੱਚ ਹੀ ਗੁਮਾਨ ਕਰਨਾ ਚਾਹੀਦਾ ਹੈ।” [a] 18 ਜਿਹੜਾ ਵਿਅਕਤੀ ਆਪਣੇ ਆਪ ਨੂੰ ਚੰਗਾ ਆਖਦਾ ਹੈ ਉਹ ਪ੍ਰਵਾਨ ਨਹੀਂ ਹੁੰਦਾ। ਪਰ ਜਿਸ ਵਿਅਕਤੀ ਨੂੰ ਪ੍ਰਭੂ ਚੰਗਾ ਸਮਝਦਾ ਹੈ ਉਹੀ ਪ੍ਰਵਾਨ ਹੁੰਦਾ ਹੈ।
ਪੌਲੁਸ ਅਤੇ ਝੂਠੇ ਰਸੂਲ
11 ਮੇਰੀ ਖਵਾਹਿਸ਼ ਹੈ ਕਿ ਤੁਸੀਂ ਓਦੋਂ ਵੀ ਮੇਰੇ ਨਾਲ ਤਹਮਾਲ ਤੋਂ ਕੰਮ ਲਵੋ ਜਦੋਂ ਮੈਂ ਥੋੜਾ ਜਿਹਾ ਮੂਰਖ ਹੋਵਾਂ ਪਰ ਤੁਸੀਂ ਤਾਂ ਮੇਰੇ ਨਾਲ ਪਹਿਲਾਂ ਤੋਂ ਹੀ ਧੀਰਜਵਾਨ ਹੋ। 2 ਮੈਨੂੰ ਤੁਹਾਡੇ ਨਾਲ ਈਰਖਾ ਹੋ ਰਹੀ ਹੈ। ਅਤੇ ਇਹ ਈਰਖਾ ਪਰਮੇਸ਼ੁਰ ਵੱਲੋਂ ਆਉਂਦੀ ਹੈ। ਮੈਂ ਤੁਹਾਨੂੰ ਮਸੀਹ ਨੂੰ ਦੇਣ ਦਾ ਵਾਅਦਾ ਕੀਤਾ ਹੈ ਤਾਂ ਜੋ ਸਿਰਫ਼ ਉਹੀ ਤੁਹਾਡਾ ਪਤੀ ਹੋ ਸੱਕੇ। ਮੈਂ ਤੁਹਾਨੂੰ ਮਸੀਹ ਨੂੰ ਉਸਦੀ ਪਾਕ ਕੁਆਰੀ ਹੋਣ ਲਈ ਪੇਸ਼ ਕਰਨਾ ਚਾਹੁੰਦਾ ਹਾਂ। 3 ਪਰ ਮੈਂ ਡਰਦਾ ਹਾਂ ਕਿ ਸ਼ਾਇਦ ਤੁਹਾਡੇ ਮਨ ਇਮਾਨਦਾਰੀ ਅਤੇ ਮਸੀਹ ਵੱਲ ਸ਼ੁੱਧਤਾ ਤੋਂ ਭਟਕ ਨਾ ਗਏ ਹੋਣ। ਜਿਵੇਂ ਹਵਾ ਸੱਪ ਦੀ ਸ਼ੈਤਾਨੀ ਵਿਉਂਤ ਨਾਲ ਗੁਮਰਾਹ ਹੋ ਗਈ ਸੀ। 4 ਤੁਸੀਂ ਹਰ ਵਿਅਕਤੀ ਨਾਲ ਬਹੁਤ ਨਿਮ੍ਰ ਹੋ ਜਿਹੜਾ ਤੁਹਾਡੇ ਕੋਲ ਆਉਂਦਾ ਹੈ। ਜਿਹੜਾ ਯਿਸੂ ਬਾਰੇ ਉਨ੍ਹਾਂ ਗੱਲਾਂ ਦਾ ਪ੍ਰਚਾਰ ਕਰਦਾ ਹੈ ਜੋ ਸਾਡੇ ਪ੍ਰਚਾਰ ਨਾਲੋਂ ਵੱਖਰੀਆਂ ਹਨ। ਤੁਸੀਂ ਕਿਸੇ ਆਤਮਾ ਜਾਂ ਖੁਸ਼ਖਬਰੀ ਨੂੰ ਜੋ ਆਤਮਾ ਅਤੇ ਖੁਸ਼ਖਬਰੀ ਨਾਲੋਂ ਵੱਖਰਾ ਹੈ ਜੋ ਤੁਸੀਂ ਸਾਡੇ ਕੋਲੋਂ ਗ੍ਰਹਿਣ ਕੀਤਾ ਹੈ, ਮੰਨਣ ਲਈ ਤਿਆਰ ਹੋ ਜਾਂਦੇ ਹੋ। ਫ਼ੇਰ ਤੁਹਾਨੂੰ ਮੇਰੇ ਨਾਲ ਵੀ ਧੀਰਜਵਾਨ ਹੋਣਾ ਚਾਹੀਦਾ ਹੈ।
5 ਮੈਂ ਨਹੀਂ ਸੋਚਦਾ ਕਿ ਉਹ “ਮਹਾਨ ਰਸੂਲ” ਕਿਸੇ ਵੀ ਢੰਗ ਵਿੱਚ ਮੇਰੇ ਨਾਲੋਂ ਬੇਹਤਰ ਹਨ। 6 ਇਹ ਠੀਕ ਹੈ ਕਿ ਮੈਂ ਕੋਈ ਕੁਸ਼ਲ ਬੁਲਾਰਾ ਨਹੀਂ ਹਾਂ ਪਰ ਮੇਰੇ ਕੋਲ ਗਿਆਨ ਜ਼ਰੂਰ ਹੈ। ਇਹ ਗੱਲ ਅਸੀ ਹਰ ਤਰ੍ਹਾਂ ਨਾਲ ਤੁਹਾਡੇ ਅੱਗੇ ਸਪੱਸ਼ਟ ਕਰ ਦਿੱਤੀ ਹੈ।
7 ਮੈਂ ਤੁਹਾਨੂੰ ਪਰਮੇਸ਼ੁਰ ਦੀ ਖੁਸ਼ਖਬਰੀ ਦਾ ਪ੍ਰਚਾਰ ਬਿਨ ਤਨਖਾਹੋਂ ਦਿੱਤਾ ਹੈ। ਮੈਂ ਆਪਣੇ ਆਪ ਨੂੰ ਨਿਮਾਣਾ ਬਣਾਇਆ ਤਾਂ ਜੋ ਮੈਂ ਤੁਹਾਨੂੰ ਮਹੱਤਵਪੂਰਣ ਬਣਾ ਸੱਕਾਂ। ਕੀ ਤੁਸੀਂ ਇਹ ਸੋਚਦੇ ਹੋ ਕਿ ਮੈਂ ਗਲਤ ਸਾਂ। 8 ਮੈਂ ਹੋਰਨਾਂ ਕਲੀਸਿਯਾਵਾਂ ਵੱਲੋਂ ਤਨਖਾਹ ਪ੍ਰਵਾਨ ਕੀਤੀ। ਮੈਂ ਉਨ੍ਹਾਂ ਤੋਂ ਤੁਹਾਡੀ ਸੇਵਾ ਕਰਨ ਲਈ ਧਨ ਲਿਆ। 9 ਜਦੋਂ ਮੈਂ ਤੁਹਾਡੇ ਕੋਲ ਸਾਂ ਤਾਂ ਮੈਨੂੰ ਕੁਝ ਨਾ ਕੁਝ ਚਾਹੀਦਾ ਸੀ। ਪਰ ਮੈਂ ਤੁਹਾਡੇ ਵਿੱਚੋਂ ਕਿਸੇ ਨੂੰ ਤਕਲੀਫ਼ ਨਹੀਂ ਦਿੱਤੀ। ਜਿਹੜੇ ਭਰਾ ਮਕਦੂਨਿਯਾ ਤੋਂ ਆਏ ਉਨ੍ਹਾਂ ਨੇ ਮੈਨੂੰ ਸਭ ਕੁਝ ਦਿੱਤਾ ਜਿਸਦੀ ਮੈਨੂੰ ਲੋੜ ਸੀ। ਮੈਂ ਤੁਹਾਡੇ ਉੱਪਰ ਕਿਸੇ ਤਰ੍ਹਾਂ ਦਾ ਬੋਝ ਨਹੀਂ ਸਾਂ। ਅਤੇ ਮੈਂ ਭੱਵਿਖ ਵਿੱਚ ਕਦੇ ਵੀ ਤੁਹਾਡੇ ਉੱਪਰ ਬੋਝ ਨਹੀਂ ਬਣਾਂਗਾ। 10 ਅਖਾਯਾ ਦਾ ਕੋਈ ਵੀ ਵਿਅਕਤੀ ਮੈਨੂੰ ਇਸ ਬਾਰੇ ਗੁਮਾਨ ਕਰਨ ਤੋਂ ਰੋਕ ਨਹੀਂ ਸੱਕੇਗਾ। ਇਹ ਗੱਲ ਮੈਂ ਆਪਣੇ ਅੰਦਰ ਮਸੀਹ ਦੀ ਸੱਚਾਈ ਨਾਲ ਆਖ ਰਿਹਾ ਹਾਂ। 11 ਅਤੇ ਮੈਂ ਤੁਹਾਡੇ ਉੱਪਰ ਕਿਉਂ ਬੋਝ ਨਹੀਂ ਬਣਿਆ? ਤੁਹਾਡਾ ਕੀ ਖਿਆਲ ਹੈ ਕਿ ਇਹ ਇਸ ਲਈ ਹੈ ਕਿ ਮੈਂ ਤੁਹਾਨੂੰ ਪਿਆਰ ਨਹੀਂ ਕਰਦਾ? ਨਹੀਂ। ਪਰਮੇਸ਼ੁਰ ਜਾਣਦਾ ਹੈ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ।
12 ਅਤੇ ਸਦਾ ਉਹੀ ਕਰਦਾ ਰਹਾਂਗਾ ਜੋ ਮੈਂ ਹੁਣ ਕਰ ਰਿਹਾ ਹਾਂ ਅਜਿਹਾ ਮੈਂ ਇਸ ਲਈ ਕਰ ਰਿਹਾ ਹਾਂ ਤਾਂ ਜੋ ਉਨ੍ਹਾਂ ਲੋਕਾਂ ਕੋਲ ਸ਼ੇਖੀ ਮਾਰਨ ਦਾ ਕੋਈ ਕਾਰਣ ਨਹੀਂ ਹੋਵੇਗਾ। ਉਹ ਇਹ ਵਿਖਾਉਣਾ ਪਸੰਦ ਕਰਦੇ ਹਨ ਕਿ ਜਿਸ ਕਾਰਜ ਦੀ ਉਹ ਸ਼ੇਖੀ ਮਾਰ ਰਏ ਹਨ ਉਹ ਸਾਡੇ ਕਾਰਜ ਵਰਗਾ ਹੈ। 13 ਇਹ ਲੋਕੀ ਸੱਚੇ ਰਸੂਲ ਨਹੀਂ ਹਨ। ਉਹ ਅਜਿਹੇ ਕਰਿੰਦੇ ਹਨ ਜੋ ਝੂਠ ਬੋਲਦੇ ਹਨ। ਉਹ ਮਸੀਹ ਦੇ ਰਸੂਲਾਂ ਵਾਂਗ ਦਿਖਣ ਲਈ ਭੇਸ ਬਦਲ ਲੈਂਦੇ ਹਨ। 14 ਇਸ ਗੱਲੋਂ ਸਾਨੂੰ ਹੈਰਾਨੀ ਹੁੰਦੀ ਹੈ। ਸ਼ੈਤਾਨ ਵੀ ਆਪਣੇ ਆਪ ਨੂੰ ਰੌਸ਼ਨੀ ਦੇ ਦੂਤ ਵਾਂਗ ਦਿਖਣ ਲਈ ਭੇਸ ਬਦਲ ਲੈਂਦਾ ਹੈ। 15 ਇਸ ਲਈ ਅਸੀਂ ਹੈਰਾਨ ਨਹੀਂ ਹੁੰਦੇ ਜਦੋਂ ਸ਼ੈਤਾਨ ਦੇ ਸੇਵਕ ਆਪਣੇ ਭੇਸ ਸੱਚ ਦੇ ਸੇਵਕਾਂ ਵਰਗੇ ਬਣਾ ਲੈਂਦੇ ਹਨ। ਪਰ ਆਖਰਕਾਰ ਉਨ੍ਹਾਂ ਲੋਕਾਂ ਨੂੰ ਆਪਣੇ ਕੀਤੇ ਲਈ ਸਜ਼ਾ ਭੁਗਤਣੀ ਪਵੇਗੀ।
ਪੌਲੁਸ ਆਪਣੇ ਦੁੱਖਾਂ ਬਾਰੇ ਦੱਸਦਾ ਹੈ
16 ਮੈਂ ਤੁਹਾਨੂੰ ਫ਼ੇਰ ਆਖਦਾ ਹਾਂ; ਕੋਈ ਵਿਅਕਤੀ ਵੀ ਇਹ ਨਾ ਸੋਚੇ ਕਿ ਮੈਂ ਮੂਰਖ ਹਾਂ। ਪਰ ਜੇ ਤੁਸੀਂ ਸੋਚਦੇ ਹੋ ਕਿ ਮੈਂ ਮੂਰਖ ਹਾਂ ਤਾਂ ਤੁਸੀਂ ਮੈਨੂੰ ਇੱਕ ਮੂਰਖ ਵਾਂਗ ਹੀ ਪ੍ਰਵਾਨ ਕਰੋ। ਫ਼ੇਰ ਮੈਂ ਵੀ ਥੋੜੀ ਜਿਹੀ ਸ਼ੇਖੀ ਮਾਰ ਸੱਕਾਂਗਾ। 17 ਮੈਂ ਇਸ ਲਈ ਸ਼ੇਖੀ ਮਾਰਦਾ ਹਾਂ ਕਿਉਂ ਜੋ ਮੈਂ ਆਪਣੇ ਬਾਰੇ ਭਰੋਸੇਮੰਦ ਹਾਂ। ਪਰ ਮੈਂ ਉਵੇਂ ਨਹੀਂ ਬੋਲ ਰਿਹਾ ਜਿਵੇਂ ਪ੍ਰਭੂ ਬੋਲ ਸੱਕਦਾ ਹੈ। ਮੈਂ ਇੱਕ ਮੂਰਖ ਵਾਂਗ ਸ਼ੇਖੀ ਮਾਰਦਾ ਹਾਂ। 18 ਬਹੁਤ ਸਾਰੇ ਲੋਕ ਦੁਨੀਆਂ ਵਿੱਚ ਆਪਣੇ ਜੀਵਨ ਬਾਰੇ ਸ਼ੇਖੀ ਮਾਰਦੇ ਹਨ। ਇਸ ਲਈ ਮੈਂ ਵੀ ਸ਼ੇਖੀ ਮਾਰਾਂਗਾ। 19 ਤੁਸੀਂ ਸੂਝਵਾਨ ਹੋ, ਇਸ ਲਈ ਤੁਸੀਂ ਖੁਸ਼ੀ ਨਾਲ ਮੂਰੱਖਾਂ ਬਾਰੇ ਤਹਮਾਲ ਤੋਂ ਕੰਮ ਲਵੋਂਗੇ। 20 ਮੈਂ ਜਾਣਦਾ ਹਾਂ ਕਿ ਤੁਸੀਂ ਤਹਮਾਲ ਤੋਂ ਕੰਮ ਲਵੋਂਗੇ ਕਿਉਂਕਿ ਤੁਸੀਂ ਉਸ ਵਿਅਕਤੀ ਨਾਲ ਵੀ ਨਿਮ੍ਰ ਹੋ ਜਿਹੜਾ ਤੁਹਾਥੋਂ ਗਲਤ ਗੱਲਾਂ ਕਰਾਉਂਦਾ ਹੈ ਅਤੇ ਤੁਹਾਨੂੰ ਵਰਤਦਾ ਹੈ। ਤੁਸੀਂ ਉਨ੍ਹਾਂ ਲੋਕਾਂ ਨਾਲ ਤਹਮਾਲ ਤੋਂ ਕੰਮ ਲੈਂਦੇ ਹੋ ਜਿਹੜੇ ਤੁਹਾਡੇ ਨਾਲ ਛਲ ਕਰਦੇ ਹਨ, ਜਾਂ ਜਿਹੜੇ ਸੋਚਦੇ ਹਨ ਕਿ ਉਹ ਤੁਹਾਡੇ ਨਾਲੋਂ ਬੇਹਤਰ ਹਨ, ਜਾਂ ਤੁਹਾਨੂੰ ਥੱਪੜ ਮਾਰਦੇ ਹਨ। 21 ਮੇਰੇ ਲਈ ਇਹ ਆਖਣਾ ਸ਼ਰਮਨਾਕ ਹੈ, ਪਰ ਅਸੀਂ ਤੁਹਾਡੇ ਨਾਲ ਅਜਿਹੀਆਂ ਗੱਲਾਂ ਕਰਨ ਲਈ ਬਹੁਤ “ਕਮਜ਼ੋਰ” ਸਾਂ।
ਪਰ ਜੇ ਕੋਈ ਸ਼ੇਖੀ ਮਾਰਨ ਦੀ ਦਲੇਰੀ ਕਰਦਾ ਹੈ, ਤਾਂ ਮੈਂ ਵੀ ਦਲੇਰ ਬਣਾਂਗਾ ਅਤੇ ਸ਼ੇਖੀ ਮਾਰਾਂਗਾ। ਮੈਂ ਇੱਕ ਮੂਰਖ ਵਾਂਗ ਗੱਲ ਕਰ ਰਿਹਾ ਹਾਂ। 22 ਕੀ ਉਹ ਲੋਕੀ ਇਬਰਾਨੀ ਹਨ? ਕੀ ਉਹ ਇਸਰਾਏਲੀ ਹਨ? ਮੈਂ ਵੀ ਇਸਰਾਏਲੀ ਹਾਂ, ਕੀ ਉਹ ਅਬਰਾਹਾਮ ਦੇ ਪਰਿਵਾਰ ਵਿੱਚੋਂ ਹਨ? ਮੈਂ ਵੀ ਹਾਂ। 23 ਕੀ ਉਹ ਲੋਕ ਮਸੀਹ ਦੀ ਸੇਵਾ ਕਰ ਰਹੇ ਹਨ? ਮੈਂ ਉਨ੍ਹਾਂ ਨਾਲੋਂ ਵੱਧਕੇ ਉਸਦੀ ਸੇਵਾ ਕਰ ਰਿਹਾ ਹਾਂ। (ਮੈਂ ਝੱਲਾ ਹਾਂ ਜੋ ਇਸ ਤਰ੍ਹਾਂ ਗੱਲਾਂ ਕਰ ਰਿਹਾ ਹਾਂ।) ਮੈਂ ਉਨ੍ਹਾਂ ਲੋਕਾਂ ਨਾਲੋਂ ਵੱਧੇਰੇ ਕਾਰਜ ਕੀਤਾ ਹੈ। ਬਹੁਤ ਵਾਰੀ ਮੈਂ ਕੈਦ ਵਿੱਚ ਸਾਂ। ਮੈਂ ਵੀ ਵੱਧੇਰੇ ਕੁੱਟਾਂ ਝੱਲੀਆਂ ਹਨ। ਬਹੁਤ ਵਾਰੀ ਮੈਂ ਮੌਤ ਦੇ ਬਹੁਤ ਨੇੜੇ ਸਾਂ।
24 ਯਹੂਦੀਆਂ ਨੇ ਮੈਨੂੰ ਪੰਜ ਵਾਰੀ 39 ਕੋੜਿਆਂ ਦੀ ਸਜ਼ਾ ਦਿੱਤੀ ਸੀ। 25 ਤਿੰਨ ਵੱਖ-ਵੱਖ ਸਮਿਆਂ ਤੇ ਮੈਨੂੰ ਸਲਾਖਾਂ ਨਾਲ ਕੁੱਟਿਆ ਗਿਆ ਸੀ। ਇੱਕ ਵਾਰੀ ਤਾਂ ਮੈਨੂੰ ਪੱਥਰਾਂ ਨਾਲ ਮਾਰ ਹੀ ਦਿੱਤਾ ਗਿਆ ਸੀ। ਤਿੰਨ ਵਾਰੀ ਮੈਂ ਉਨ੍ਹਾਂ ਜਹਾਜ਼ਾਂ ਵਿੱਚ ਸਾਂ ਜਿਹੜੇ ਤਬਾਹ ਹੋ ਗਏ, ਅਤੇ ਇਨ੍ਹਾਂ ਵਿੱਚੋਂ ਇੱਕ ਮੌਕੇ ਤੇ ਮੈਂ ਇੱਕ ਰਾਤ ਅਤੇ ਇੱਕ ਦਿਨ ਸਮੁੰਦਰ ਵਿੱਚ ਗੁਜਾਰੇ ਹਨ। 26 ਮੈਂ ਬਹੁਤ ਸਾਰੀਆਂ ਛੋਟੀਆਂ ਯਾਤਰਾਵਾਂ ਆਪਣੇ ਜਿੰਮੇ ਲਈਆਂ ਹਨ। ਮੈਂ ਦਰਿਆਵਾਂ, ਡਾਕੂਆਂ, ਆਪਣੇ ਸਹਿਯੋਗੀਆਂ ਅਤੇ ਗੈਰ ਯਹੂਦੀਆਂ ਵੱਲੋਂ ਖਤਰੇ ਦਾ ਸਾਹਮਣਾ ਕਰ ਰਿਹਾ ਸੀ। ਮੈਂ ਸ਼ਹਿਰਾਂ ਵਿੱਚ ਖਤਰਾ ਝੱਲਿਆ ਅਤੇ ਉਨ੍ਹਾਂ ਥਾਵਾਂ ਵਿੱਚ ਜਿੱਥੇ ਕੋਈ ਨਹੀਂ ਰਹਿੰਦਾ ਅਤੇ ਸਮੁੰਦਰ ਉੱਤੇ ਵੀ। ਅਤੇ ਮੈਂ ਉਨ੍ਹਾਂ ਲੋਕਾਂ ਦੇ ਸੰਗ ਵਿੱਚ ਵੀ ਖਤਰੇ ਵਿੱਚ ਪਿਆ ਹਾਂ ਜਿਹੜੇ ਆਖਦੇ ਹਨ ਕਿ ਉਹ ਭਰਾ ਹਨ ਪਰ ਉਹ ਸੱਚ ਮੁੱਚ ਭਰਾ ਨਹੀਂ ਹਨ।
27 ਮੈਂ ਸਖਤ ਅਤੇ ਥਕਾ ਦੇਣ ਵਾਲਾ ਕਾਰਜ ਵੀ ਕੀਤਾ ਹੈ। ਮੈਂ ਬਹੁਤ ਵਾਰ ਬਿਨ ਨੀਂਦੋਂ ਗਿਆ। ਮੈਂ ਭੁੱਖ ਅਤੇ ਪਿਆਸ ਮਹਿਸੂਸ ਕੀਤੀ। ਬਹੁਤ ਵਾਰੀ ਮੇਰੇ ਕੋਲ ਖਾਣ ਲਈ ਭੋਜਨ ਨਹੀਂ ਸੀ। ਮੈਂ ਕੱਪੜਿਆਂ ਤੋਂ ਬਿਨਾ ਸਰਦੀ ਸਹਾਰੀ ਹੈ। 28 ਅਤੇ ਬਹੁਤ ਸਾਰੀਆਂ ਹੋਰ ਸਮੱਸਿਆਵਾਂ ਵੀ ਹਨ। ਇਨ੍ਹਾਂ ਵਿੱਚੋਂ ਇੱਕ ਹੈ ਮੇਰੀ ਸਮੂਹ ਕਲੀਸਿਯਾਵਾਂ ਦੀ ਦੇਖ ਭਾਲ। ਇਨ੍ਹਾਂ ਬਾਰੇ ਮੈਂ ਹਰ ਰੋਜ਼ ਫ਼ਿਕਰਮੰਦ ਰਹਿੰਦਾ ਹਾਂ। 29 ਜਦੋਂ ਕੋਈ ਦੂਸਰਾ ਕਮਜ਼ੋਰ ਹੁੰਦਾ ਹੈ ਤਾਂ ਮੈਂ ਵੀ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦਾ ਹਾਂ ਜਦੋਂ ਕਿਸੇ ਵਿਅਕਤੀ ਨੂੰ ਪਾਪ ਲਈ ਪਰਤਾਇਆ ਜਾਂਦਾ ਹੈ, ਮੈਂ ਵੀ ਪਰੇਸ਼ਾਨ ਹੋ ਜਾਂਦਾ ਹਾਂ।
30 ਜੇ ਮੈਂ ਸ਼ੇਖੀ ਮਾਰਨਾ ਹੀ ਚਾਹੁੰਦਾ ਹਾਂ, ਤਾਂ ਮੈਂ ਉਨ੍ਹਾਂ ਗੱਲਾਂ ਵਿੱਚ ਸ਼ੇਖੀ ਮਾਰਾਂਗਾ ਜਿਹੜੀਆਂ ਮੇਰੀ ਕਮਜ਼ੋਰੀ ਨੂੰ ਦਰਸ਼ਾਉਂਦੀਆਂ ਹਨ। 31 ਪਰਮੇਸ਼ੁਰ ਜਾਣਦਾ ਹੈ ਕਿ ਮੈਂ ਝੂਠ ਨਹੀਂ ਆਖ ਰਿਹਾ। ਉਹ ਪ੍ਰਭੂ ਯਿਸੂ ਮਸੀਹ ਦਾ ਪਿਤਾ ਅਤੇ ਪਰਮੇਸ਼ੁਰ ਹੈ, ਅਤੇ ਉਸਦੀ ਸਦਾ ਉਸਤਤਿ ਹੋਣੀ ਚਾਹੀਦੀ ਹੈ। 32 ਜਦੋਂ ਮੈਂ ਦੰਮਿਸਕ ਵਿੱਚ ਸਾਂ ਤਾਂ ਰਾਜਾ ਅਰਿਤਾਸ ਦੇ ਗਵਰਨਰ ਨੇ ਮੈਨੂੰ ਗਿਰਫ਼ਤਾਰ ਕਰਨਾ ਚਾਹਿਆ। ਇਸ ਲਈ ਉਸ ਨੇ ਸਾਰੇ ਸ਼ਹਿਰ ਵਿੱਚ ਗਾਰਦ ਬਿਠਾ ਦਿੱਤੀ। 33 ਪਰ ਕੁਝ ਮਿੱਤਰਾਂ ਨੇ ਮੈਨੂੰ ਇੱਕ ਟੋਕਰੀ ਵਿੱਚ ਪਾ ਦਿੱਤਾ। ਫ਼ੇਰ ਉਨ੍ਹਾਂ ਨੇ ਉਸ ਟੋਕਰੀ ਨੂੰ ਕੰਧ ਵਿੱਚਾਲੇ ਖਿੜਕੀ ਰਾਹੀਂ ਲੰਘਾ ਕੇ ਮੈਨੂੰ ਹੇਠਾਂ ਉਤਾਰ ਦਿੱਤਾ। ਇਸ ਲਈ ਮੈਂ ਰਾਜਪਾਲ ਦੇ ਹੱਥੋਂ ਬਚ ਗਿਆ ਸਾਂ।
ਪੌਲੁਸ ਦੇ ਜੀਵਨ ਵਿੱਚ ਵਿਸ਼ੇਸ਼ ਅਸੀਸ
12 ਮੈਂ ਸ਼ੇਖੀ ਮਾਰਨਾ ਅਵੱਸ਼ ਜਾਰੀ ਰੱਖਾਂਗਾ ਭਾਵੇਂ ਇਸਦਾ ਕੋਈ ਫ਼ਾਇਦਾ ਨਹੀਂ। ਪਰ ਹੁਣ ਮੈਂ ਪ੍ਰਭੂ ਵੱਲੋਂ ਦਰਸ਼ਨਾਂ ਤੇ ਪ੍ਰਕਾਸ਼ਾਂ ਬਾਰੇ ਗੱਲ ਕਰਾਂਗਾ। 2 ਮੈਂ ਮਸੀਹ ਵਿੱਚ ਇੱਕ ਆਦਮੀ [b] ਨੂੰ ਜਾਣਦਾ ਹਾਂ ਜਿਸ ਨੂੰ ਉਤਾਹਾਂ ਤੀਸਰੇ ਸਵਰਗ ਨੂੰ ਲਿਜਾਇਆ ਗਿਆ ਸੀ। ਇਹ ਲਗਭੱਗ ਚੌਦਾਂ ਸਾਲਾਂ ਪਹਿਲਾਂ ਹੋਇਆ ਸੀ। ਮੈਨੂੰ ਪਤਾ ਨਹੀਂ ਕਿ ਉਹ ਆਦਮੀ ਸਰੀਰ ਵਿੱਚ ਗਿਆ ਸੀ ਜਾਂ ਸਰੀਰ ਤੋਂ ਬਿਨਾ। ਪਰ ਪਰਮੇਸ਼ੁਰ ਜਾਣਦਾ ਹੈ। 3-4 ਅਤੇ ਮੈਂ ਜਾਣਦਾ ਹਾਂ ਕਿ ਇਸ ਆਦਮੀ ਨੂੰ ਸਵਰਗ ਵਿੱਚ ਲਿਜਾਇਆ ਗਿਆ ਸੀ। ਮੈਂ ਨਹੀਂ ਜਾਣਦਾ ਕਿ ਉਹ ਆਪਣੇ ਸਰੀਰ ਵਿੱਚ ਸੀ ਜਾਂ ਇਸ ਤੋਂ ਦੂਰ ਸੀ। ਪਰ ਉਸ ਨੇ ਕੁਝ ਅਜਿਹੀਆਂ ਗੱਲਾਂ ਸੁਣੀਆਂ ਜਿਨ੍ਹਾਂ ਦੀ ਉਹ ਵਿਆਖਿਆ ਨਹੀਂ ਕਰ ਸੱਕਦਾ ਸੀ। ਉਸ ਨੇ ਉਹ ਗੱਲਾਂ ਸੁਣੀਆਂ ਜਿਸ ਬਾਰੇ ਦੱਸਣ ਦੀ ਕਿਸੇ ਆਦਮੀ ਨੂੰ ਇਜਾਜ਼ਤ ਨਹੀਂ। 5 ਮੈਂ ਅਜਿਹੇ ਵਿਅਕਤੀ ਬਾਰੇ ਸ਼ੇਖੀ ਮਾਰਾਂਗਾ। ਪਰ ਮੈਂ ਆਪਣੇ ਆਪ ਬਾਰੇ ਸ਼ੇਖੀ ਨਹੀਂ ਮਾਰਾਂਗਾ। ਮੈਂ ਕੇਵਲ ਆਪਣੀਆਂ ਕਮਜ਼ੋਰੀਆਂ ਬਾਰੇ ਸ਼ੇਖੀ ਮਾਰਾਂਗਾ।
6 ਭਾਵੇਂ ਮੈਂ ਆਪਣੇ ਆਪ ਬਾਰੇ ਹੀ ਸ਼ੇਖੀ ਮਾਰਨਾ ਚਾਹੁੰਦਾ ਹਾਂ ਪਰ ਤਾਂ ਵੀ ਮੈਂ ਮੂਰਖ ਨਹੀਂ ਹੋਵਾਂਗਾ ਕਿਉਂਕਿ ਮੈਂ ਸੱਚ ਦੱਸ ਰਿਹਾ ਹੋਵਾਂਗਾ। ਪਰ ਮੈਨੂੰ ਆਪਣੇ ਆਪ ਬਾਰੇ ਸ਼ੇਖੀ ਨਹੀਂ ਮਾਰਨੀ ਚਾਹੀਦੀ। ਕਿਉਂ? ਕਿਉਂ ਜੋ ਮੈਂ ਇਹ ਨਹੀਂ ਚਾਹੁੰਦਾ ਕਿ ਉਹ ਮੇਰੇ ਬਾਰੇ ਵੱਧ ਸੋਚਣ, ਜੋ ਉਹ ਮੈਨੂੰ ਕਰਦਿਆਂ ਦੇਖਦੇ ਹਨ ਜਾਂ ਕਹਿੰਦਿਆਂ ਸੁਣਦੇ ਹਨ।
7 ਪਰ ਮੈਨੂੰ ਚਾਹੀਦਾ ਹੈ ਕਿ ਮੈਂ ਉਨ੍ਹਾਂ ਅਨੋਖੀਆਂ ਗੱਲਾਂ ਬਾਰੇ, ਜੋ ਮੈਨੂੰ ਦਰਸ਼ਾਈਆਂ ਗਈਆਂ ਸਨ, ਬਹੁਤ ਗੁਮਾਨ ਨਾ ਕਰਾਂ, ਇਸ ਲਈ ਮੈਨੂੰ ਇੱਕ ਦਰਦ ਭਰੀ ਸਮੱਸਿਆ [c] ਦਿੱਤੀ ਗਈ ਸੀ। ਸਮੱਸਿਆ ਇਹ ਸੀ; ਸ਼ੈਤਾਨ ਵੱਲੋਂ ਇੱਕ ਦੂਤ ਨੂੰ ਮੈਨੂੰ ਕੁੱਟਣ ਲਈ ਮੇਰੇ ਕੋਲ ਭੇਜਿਆ ਗਿਆ ਸੀ ਤਾਂ ਜੋ ਮੈਂ ਗੁਮਾਨ ਨਾ ਕਰ ਸੱਕਾਂ। 8 ਮੈਂ ਪ੍ਰਭੂ ਨੂੰ ਇਹ ਸਮੱਸਿਆ ਲੈਣ ਲਈ ਤਿੰਨ ਵਾਰ ਬੇਨਤੀ ਕੀਤੀ। 9 ਪਰ ਪ੍ਰਭੂ ਨੇ ਮੈਨੂੰ ਆਖਿਆ, “ਮੇਰੀ ਕਿਰਪਾ ਹੀ ਤੇਰੇ ਲਈ ਕਾਫ਼ੀ ਹੈ। ਜਦੋਂ ਤੁਸੀਂ ਕਮਜ਼ੋਰ ਹੁੰਦੇ ਹੋ, ਮੇਰੀ ਪੂਰੀ ਸ਼ਕਤੀ ਤੁਹਾਡੇ ਵਿੱਚ ਦਰਸ਼ਾਈ ਜਾਵੇ।” ਇਸੇ ਲਈ ਮੈਂ ਆਪਣੀਆਂ ਕਮਜ਼ੋਰੀਆਂ ਬਾਰੇ ਸ਼ੇਖੀ ਮਾਰਕੇ ਖੁਸ਼ ਹਾਂ। ਉਦੋਂ ਮਸੀਹ ਦੀ ਸ਼ਕਤੀ ਮੇਰੇ ਅੰਦਰ ਨਿਵਾਸ ਕਰ ਸੱਕਦੀ ਹੈ। 10 ਇਸ ਲਈ ਜਦੋਂ ਮੈਂ ਕਮਜ਼ੋਰ ਹੁੰਦਾ ਹਾਂ ਮੈਂ ਖੁਸ਼ ਹੁੰਦਾ ਹਾਂ। ਜਦੋਂ ਲੋਕ ਮੈਨੂੰ ਬੁਰਾ ਬੋਲਦੇ ਹਨ ਤਾਂ ਮੈਂ ਖੁਸ਼ ਹੁੰਦਾ ਹਾਂ। ਜਦੋਂ ਮੈਂ ਤੰਗੀਆਂ ਰਾਹੀਂ ਲੰਘਦਾ ਹਾਂ, ਮੈਂ ਖੁਸ਼ੀ ਮਹਿਸੂਸ ਕਰਦਾ ਹਾਂ। ਜਦੋਂ ਲੋਕ ਮੈਨੂੰ ਦੰਡ ਦਿੰਦੇ ਹਨ, ਮੈਂ ਖੁਸ਼ੀ ਮਹਿਸੂਸ ਕਰਦਾ ਹਾਂ। ਅਤੇ ਜਦੋਂ ਮੈਂ ਸਮੱਸਿਆਵਾਂ ਦਾ ਸਾਹਮਣਾ ਕਰਦਾ ਹਾਂ ਤਾਂ ਮੈਂ ਖੁਸ਼ ਹੁੰਦਾ ਹਾਂ। ਇਹ ਸਾਰੀਆਂ ਗੱਲਾਂ ਮਸੀਹ ਲਈ ਹਨ। ਅਤੇ ਮੈਂ ਇਨ੍ਹਾਂ ਗੱਲਾਂ ਨਾਲ ਖੁਸ਼ ਹਾਂ ਕਿਉਂਕਿ ਜਦੋਂ ਮੈਂ ਕਮਜ਼ੋਰ ਹੁੰਦਾ ਹਾਂ ਓਦੋਂ ਹੀ ਮੈਂ ਸੱਚ ਮੁੱਚ ਤਾਕਤਵਰ ਹੁੰਦਾ ਹਾਂ।
ਕੁਰਿੰਥ ਵਿੱਚ ਮਸੀਹੀਆਂ ਬਾਰੇ ਪੌਲੁਸ ਦਾ ਪਿਆਰ
11 ਮੈਂ ਇੱਕ ਮੂਰਖ ਦੀ ਤਰ੍ਹਾਂ ਬੋਲਦਾ ਹਾਂ ਪਰ ਅਜਿਹਾ ਤੁਸੀਂ ਮੇਰੇ ਕੋਲੋਂ ਕਰਾਇਆ। ਤੁਹਾਨੂੰ ਲੋਕਾਂ ਨੂੰ ਮੈਨੂੰ ਚੰਗਾ ਕਹਿਣਾ ਚਾਹੀਦਾ ਹੈ। ਮੈਂ ਕੁਝ ਵੀ ਨਹੀਂ ਹਾ, ਪਰ ਮੈਂ ਕਿਸੇ ਵੀ ਢੰਗ ਨਾਲ “ਮਹਾਨ ਰਸੂਲਾਂ” ਨਾਲੋਂ ਘੱਟ ਨਹੀਂ ਹਾਂ। 12 ਜਦੋਂ ਮੈਂ ਤੁਹਾਡੇ ਨਾਲ ਸੀ ਤਾਂ ਮੈਂ ਉਹ ਗੱਲਾਂ ਕੀਤੀਆਂ ਜਿਨ੍ਹਾਂ ਤੋਂ ਪ੍ਰਮਾਣ ਮਿਲਦਾ ਹੈ ਕਿ ਮੈਂ ਇੱਕ ਰਸੂਲ ਹਾਂ। ਮੈਂ ਚਿਨ੍ਹ ਦਿੱਤੇ, ਅਚੰਭੇ ਕੀਤੇ, ਅਤੇ ਕਰਿਸ਼ਮੇ ਕੀਤੇ। ਇਹ ਸਭ ਗੱਲਾਂ ਮੈਂ ਬਹੁਤ ਤਹਮਾਲ ਨਾਲ ਕੀਤੀਆਂ। 13 ਇਸ ਲਈ ਤੁਸੀਂ ਉਹ ਸਭ ਕੁਝ ਪ੍ਰਾਪਤ ਕੀਤਾ ਜੋ ਹੋਰਨਾਂ ਕਲੀਸਿਯਾਵਾਂ ਨੂੰ ਮਿਲਿਆ ਹੈ। ਸਿਰਫ਼ ਇੱਕੋ ਗੱਲ ਵੱਖਰੀ ਹੈ; ਮੈਂ ਤੁਹਾਡੇ ਉੱਪਰ ਬੋਝ ਨਹੀਂ ਬਣਿਆ। ਇਸ ਖਾਤਰ ਮੈਨੂੰ ਮੁਆਫ਼ ਕਰ ਦਿਉ।
14 ਹੁਣ ਮੈਂ ਤੀਸਰੀ ਵਾਰ ਤੁਹਾਡੇ ਕੋਲ ਆਉਣ ਨੂੰ ਤਿਆਰ ਹਾਂ ਅਤੇ ਮੈਂ ਤੁਹਾਡੇ ਲਈ ਬੋਝ ਨਹੀਂ ਬਣਾਂਗਾ। ਮੈਨੂੰ ਤੁਹਾਡਾ ਆਪਣਾ ਕੁਝ ਵੀ ਨਹੀਂ ਚਾਹੀਦਾ। ਮੈਂ ਤਾਂ ਸਿਰਫ਼ ਤੁਹਾਨੂੰ ਚਾਹੁੰਦਾ ਹਾਂ, ਬੱਚਿਆਂ ਨੂੰ ਆਪਣੇ ਮਾਪਿਆਂ ਲਈ ਚੀਜ਼ਾਂ ਬਚਾਉਣ ਦੀ ਲੋੜ ਨਹੀਂ। ਜਦ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਬੱਚਤ ਕਰਨੀ ਚਾਹੀਦੀ ਹੈ। 15 ਇਸ ਲਈ ਮੈਂ ਤੁਹਾਨੂੰ ਉਹ ਸਭ ਕੁਝ ਦੇਣ ਲਈ ਆਨੰਦਿਤ ਹਾਂ ਜੋ ਮੇਰੇ ਕੋਲ ਹੈ। ਮੈਂ ਆਪਣਾ ਆਪ ਵੀ ਤੁਹਾਨੂੰ ਦੇ ਦੇਵਾਂਗਾ। ਜੇ ਮੈਂ ਤੁਹਾਨੂੰ ਵੱਧ ਪਿਆਰ ਕਰਾਂਗਾ ਤਾਂ ਵੀ ਤੁਸੀਂ ਮੈਨੂੰ ਘੱਟ ਪਿਆਰ ਕਰੋਂਗੇ।
16 ਇਹ ਗੱਲ ਤਾਂ ਸਾਫ਼ ਹੈ ਕਿ ਮੈਂ ਤੁਹਾਡੇ ਉੱਪਰ ਬੋਝ ਨਹੀਂ ਹਾਂ। ਪਰ ਤੁਸੀਂ ਸੋਚਦੇ ਹੋ ਕਿ ਮੈਂ ਮੱਕਾਰ ਹਾਂ ਅਤੇ ਤੁਹਾਨੂੰ ਫ਼ੜਨ ਲਈ ਤੁਹਾਨੂੰ ਝੂਠ ਬੋਲਿਆ। 17 ਕੀ ਮੈਂ ਆਪਣੇ ਭੇਜੇ ਹੋਏ ਕਿਸੇ ਵੀ ਆਦਮੀਆਂ ਰਾਹੀਂ ਤੁਹਾਨੂੰ ਧੋਖਾ ਦਿੱਤਾ ਹੈ? ਨਹੀਂ। ਤੁਸੀਂ ਜਾਣਦੇ ਹੋ ਕਿ ਮੈਂ ਇਹ ਨਹੀਂ ਕੀਤਾ। 18 ਮੈਂ ਤੀਤੁਸ ਨੂੰ ਆਖਿਆ ਕਿ ਤੁਹਾਡੇ ਕੋਲ ਜਾਵੇ। ਅਤੇ ਮੈਂ ਸਾਡੇ ਭਰਾ ਨੂੰ ਉਸ ਦੇ ਨਾਲ ਘੱਲਿਆ। ਕੀ ਤੀਤੁਸ ਨੇ ਤੁਹਾਨੂੰ ਧੋਖਾ ਦਿੱਤਾ? ਨਹੀਂ। ਤੁਹਾਨੂੰ ਪਤਾ ਹੈ ਕਿ ਮੈਂ ਅਤੇ ਤੀਤੁਸ ਨੇ ਓਸੇ ਤਰ੍ਹਾਂ ਦੇ ਕੰਮ ਕੀਤੇ ਅਤੇ ਓਸੇ ਤਰ੍ਹਾਂ ਦਾ ਵਿਹਾਰ ਕੀਤਾ।
19 ਤੁਹਾਡਾ ਕੀ ਖਿਆਲ ਹੈ ਕਿ ਅਸੀਂ ਇਹ ਸਾਰਾ ਸਮਾਂ ਆਪਣੇ ਆਪ ਨੂੰ ਸਫ਼ਾਈ ਦਿੰਦੇ ਰਹੇ ਹਾਂ? ਨਹੀਂ। ਅਸੀਂ ਇਹ ਗੱਲ ਮਸੀਹ ਵਿੱਚ ਆਖਦੇ ਹਾਂ ਅਤੇ ਇਹ ਗੱਲਾਂ ਅਸੀਂ ਪਰਮੇਸ਼ੁਰ ਦੇ ਅੱਗੇ ਆਖਦੇ ਹਾਂ ਤੁਸੀਂ ਸਾਡੇ ਪਿਆਰੇ ਮਿੱਤਰ ਹੋ। ਅਤੇ ਜੋ ਕੁਝ ਵੀ ਅਸੀਂ ਕਰਦੇ ਹਾਂ, ਅਸੀਂ ਇਹ ਤੁਹਾਨੂੰ ਮਜ਼ਬੂਤ ਬਨਾਉਣ ਲਈ ਕਰਦੇ ਹਾਂ। 20 ਅਜਿਹਾ ਮੈਂ ਇਸ ਲਈ ਕਰਦਾ ਹਾਂ ਕਿ ਜਦੋਂ ਮੈਂ ਆਵਾਂਗਾ, ਮੈਨੂੰ ਡਰ ਹੈ ਕਿ ਮੈਂ ਤੁਹਾਨੂੰ ਅਜਿਹਾ ਨਹੀਂ ਪਾਵਾਂਗਾ। ਜਿਹੀ ਕਿ ਮੈਨੂੰ ਆਸ ਹੈ, ਤੁਸੀਂ ਮੈਨੂੰ ਉਵੇਂ ਦਾ ਨਹੀਂ ਪਾਵੋਂਗੇ ਜਿਵੇਂ ਕਿ ਤੁਸੀਂ ਮੈਨੂੰ ਹੋਣ ਦੀ ਆਸ ਰੱਖਦੇ ਹੋ। ਮੈਨੂੰ ਡਰ ਹੈ ਕਿ ਤੁਹਾਡੇ ਸਮੂਹ ਵਿੱਚ ਕਿਧਰੇ ਦਲੀਲਬਾਜ਼ੀ, ਈਰਖਾ, ਗੁੱਸਾ, ਖੁਦਗਰਜ਼ੀ ਤੇ ਝਗੜ੍ਹੇ, ਮੰਦੇ ਬੋਲ, ਗੱਪ ਹੰਕਾਰ ਅਤੇ ਉਲਝਨਾ ਨਾ ਹੋਣ। 21 ਮੈਂ ਡਰਦਾ ਹਾਂ ਕਿ ਜਦੋਂ ਮੈਂ ਤੁਹਾਡੇ ਕੋਲ ਫ਼ੇਰ ਆਵਾਂ ਮੇਰਾ ਪਰਮੇਸ਼ੁਰ ਕਿਧਰੇ ਮੈਨੂੰ ਤੁਹਾਡੇ ਅੱਗੇ ਨਿਮਾਣਾ ਨਾ ਬਣਾ ਦੇਵੇ। ਮੈਂ ਉਦਾਸ ਹੋ ਸੱਕਦਾ ਹਾਂ ਕਿਉਂਕਿ ਤੁਹਾਡੇ ਵਿੱਚੋਂ ਕਈਆਂ ਨੇ ਪਾਪ ਕੀਤੇ ਹਨ। ਮੈਂ ਇਸ ਗੱਲੋਂ ਉਦਾਸ ਹੋ ਸੱਕਦਾ ਹਾਂ ਕਿ ਉਨ੍ਹਾਂ ਲੋਕਾਂ ਨੇ ਆਪਣੇ ਦਿਲਾਂ ਨੂੰ ਨਹੀਂ ਬਦਲਿਆ ਤਾਂ ਜੋ ਆਪਣੇ ਬਦਕਾਰੀ ਦੇ ਜੀਵਨ, ਆਪਣੇ ਜਿਨਸੀ ਪਾਪਾਂ ਅਤੇ ਆਪਣੇ ਕੀਤੇ ਹੋਏ ਸ਼ਰਮਨਾਕ ਕਾਰਜਾਂ ਬਾਰੇ ਸ਼ਰਮਿੰਦਾ ਹੋ ਸੱਕਣ।
ਆਖਰੀ ਚਿਤਾਵਨੀਆਂ ਤੇ ਸ਼ੁਭਕਾਮਨਾਵਾਂ
13 ਮੈਂ ਤੁਹਾਡੇ ਕੋਲ ਫ਼ੇਰ ਆਵਾਂਗਾ। ਇਹ ਤੀਸਰੀ ਵਾਰ ਹੋਵੇਗਾ। ਅਤੇ ਯਾਦ ਰੱਖੋ, “ਹਰ ਇੱਕ ਸ਼ਿਕਾਇਤ ਲਈ ਦੋ ਜਾਂ ਤਿੰਨ ਵਿਅਕਤੀ ਹੋਣੇ ਚਾਹੀਦੇ ਹਨ ਜੋ ਆਖ ਸੱਕਦੇ ਹੋਣ ਕਿ ਇਹ ਸੱਚ ਹੈ।” [d] 2 ਜਦੋਂ ਮੈਂ ਦੂਜੀ ਵਾਰੀ ਤੁਹਾਡੇ ਕੋਲ ਸਾਂ, ਮੈਂ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਜਿਨ੍ਹਾਂ ਨੇ ਪਹਿਲਾਂ ਪਾਪ ਕੀਤੇ ਸਨ। ਹੁਣ ਮੈਂ ਤੁਹਾਥੋਂ ਦੂਰ ਹਾਂ, ਮੈਂ ਬਾਕੀ ਸਾਰੇ ਲੋਕਾਂ ਨੂੰ ਚੇਤਾਵਨੀ ਦਿੰਦਾ ਹਾਂ ਜਿਨ੍ਹਾਂ ਨੇ ਪਾਪ ਕੀਤੇ ਹਨ। ਜਦੋਂ ਮੈਂ ਤੁਹਾਡੇ ਕੋਲ ਫ਼ੇਰ ਵਾਪਸ ਆਵਾਂਗਾ ਮੈਂ ਤੁਹਾਨੂੰ ਸਜ਼ਾ ਦੇਵਾਂਗਾ। 3 ਤੁਸੀਂ ਇਸ ਗੱਲ ਦਾ ਸਬੂਤ ਚਾਹੁੰਦੇ ਹੋ ਕਿ ਮਸੀਹ ਬੋਲ ਰਿਹਾ ਹੈ। ਮੇਰਾ ਸਬੂਤ ਇਹ ਹੈ ਕਿ ਮਸੀਹ ਤੁਹਾਨੂੰ ਸਜ਼ਾ ਦੇਣ ਲਈ ਕਮਜ਼ੋਰ ਨਹੀਂ ਹੈ। ਪਰ ਮਸੀਹ ਤੁਹਾਡੇ ਵਿੱਚਕਾਰ ਸ਼ਕਤੀਸ਼ਾਲੀ ਹੈ। 4 ਇਹ ਠੀਕ ਹੈ ਜਦੋਂ ਮਸੀਹ ਨੂੰ ਸੂਲੀ ਟੰਗਿਆ ਗਿਆ ਸੀ ਉਹ ਕਮਜ਼ੋਰ ਸੀ। ਪਰ ਹੁਣ ਉਹ ਪਰਮੇਸ਼ੁਰ ਦੀ ਸ਼ਕਤੀ ਰਾਹੀਂ ਜਿਉਂਦਾ ਹੈ। ਅਤੇ ਇਹ ਵੀ ਸੱਚ ਹੈ ਕਿ ਅਸੀਂ ਮਸੀਹ ਵਿੱਚ ਕਮਜ਼ੋਰ ਹਾਂ। ਪਰ ਅਸੀਂ ਤੁਹਾਡੀ ਖਾਤਿਰ ਪਰਮੇਸ਼ੁਰ ਦੀ ਸ਼ਕਤੀ ਦੁਆਰਾ ਮਸੀਹ ਨਾਲ ਜਿਉਂਵਾਂਗੇ।
5 ਆਪਣੇ ਆਪ ਦੀ ਪਰੀਖਿਆ ਕਰੋ ਅਤੇ ਵੇਖੋ ਕਿ ਕੀ ਤੁਸੀਂ ਵਿਸ਼ਵਾਸ ਵਿੱਚ ਜਿਉਂ ਰਹੇ ਹੋ? ਤੁਹਾਨੂੰ ਮਹਿਸੂਸ ਕਰਨਾ ਚਾਹੀਦਾ ਹੈ ਕਿ ਮਸੀਹ ਯਿਸੂ ਤੁਹਾਡੇ ਵਿੱਚ ਹੈ। ਪਰ ਜੇ ਤੁਸੀਂ ਪਰੀਖਿਆ ਵਿੱਚੋਂ ਫ਼ੇਲ ਹੋ ਗਏ ਤਾਂ ਮਸੀਹ ਤੁਹਾਡੇ ਅੰਦਰ ਨਹੀਂ ਰਹਿ ਰਿਹਾ। 6 ਪਰ ਮੈਨੂੰ ਉਮੀਦ ਹੈ ਕਿ ਤੁਸੀਂ ਦੇਖ ਲਵੋਂਗੇ ਕਿ ਅਸੀਂ ਪਰੱਖ ਵਿੱਚੋਂ ਫ਼ੇਲ ਨਹੀਂ ਹਾਂ। 7 ਅਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਕੋਈ ਮਾੜਾ ਕੰਮ ਨਾ ਕਰੋ। ਕੀ ਇਹ ਗੱਲ ਮਹੱਤਵਪੂਰਣ ਨਹੀਂ ਹੈ ਕਿ ਇਹ ਲੋਕ ਵੇਖਣ ਕਿ ਅਸੀਂ ਪਰੀਖਿਆ ਵਿੱਚ ਸਫ਼ਲ ਹੋ ਗਏ ਹਾਂ। ਪਰ ਮਹੱਤਵਪੂਰਣ ਗੱਲ ਇਹ ਹੈ ਕਿ ਤੁਸੀਂ ਉਹੀ ਕਰੋ ਜੋ ਠੀਕ ਹੈ। ਭਾਵੇਂ ਇਹ ਲੱਗਦਾ ਹੈ ਕਿ ਅਸੀਂ ਪਰੱਖ ਵਿੱਚ ਅਸਫ਼ਲ ਹੋ ਗਏ ਹਾਂ। 8 ਅਸੀਂ ਕੁਝ ਵੀ ਨਹੀਂ ਕਰ ਸੱਕਦੇ ਜੋ ਸੱਚ ਦੇ ਵਿਰੁੱਧ ਹੈ। ਅਸੀਂ ਓਹੀ ਗੱਲਾਂ ਕਰ ਸੱਕਦੇ ਹਾਂ ਜਿਹੜੀਆਂ ਸੱਚ ਲਈ ਹਨ। 9 ਅਸੀਂ ਕਮਜ਼ੋਰ ਹੋਣ ਲਈ ਖੁਸ਼ ਹਾਂ ਜੇ ਤੁਸੀਂ ਤਾਕਤਵਰ ਹੋ। ਅਤੇ ਸਾਡੀ ਪ੍ਰਾਰਥਨਾ ਹੈ ਕਿ ਤੁਸੀਂ ਹੋਰ ਵੱਧੇਰੇ ਤਕੜੇ ਹੋਵੋ। 10 ਇਹ ਗੱਲਾਂ ਮੈਂ ਤੁਹਾਨੂੰ ਤੁਹਾਡੀ ਗੈਰ ਹਾਜ਼ਰੀ ਵਿੱਚ ਲਿਖ ਰਿਹਾ ਹਾਂ ਇਹ ਮੈਂ ਇਸ ਲਈ ਆਖ ਰਿਹਾ ਹਾਂ ਤਾਂ ਜੋ ਜਦੋਂ ਮੈਂ ਤੁਹਾਡੇ ਕੋਲ ਆਵਾਂ ਤਾਂ ਮੈਨੂੰ ਆਪਣੀ ਸ਼ਕਤੀ ਤੁਹਾਨੂੰ ਸਜ਼ਾ ਦੇਣ ਵਾਸਤੇ ਨਾ ਵਰਤਨੀ ਪਵੇ। ਪ੍ਰਭੂ ਨੇ ਇਹ ਸ਼ਕਤੀ ਮੈਨੂੰ ਤੁਹਾਨੂੰ ਤਕੜਾ ਬਨਾਉਣ ਲਈ ਪ੍ਰਦਾਨ ਕੀਤੀ ਹੈ। ਤੁਹਾਨੂੰ ਤਬਾਹ ਕਰਨ ਲਈ ਨਹੀਂ।
11 ਹੁਣ ਭਰਾਵੋ ਅਤੇ ਭੈਣੋ, ਤੁਹਾਨੂੰ ਅਲਵਿਦਾ। ਸੰਪੂਰਣ ਬਨਣ ਦੀ ਕੋਸ਼ਿਸ਼ ਕਰੋ। ਉਹੀ ਕਰੋ ਜੋ ਕੁਝ ਮੈਂ ਤੁਹਾਨੂੰ ਕਰਨ ਲਈ ਕਿਹਾ ਹੈ। ਇੱਕ ਦੂਸਰੇ ਨਾਲ ਸਹਿਮਤ ਹੋਵੋ ਅਤੇ ਸ਼ਾਂਤੀ ਵਿੱਚ ਜਿਉਂਵੋ। ਫ਼ੇਰ ਪ੍ਰੇਮ ਅਤੇ ਸ਼ਾਂਤੀ ਦਾ ਪਰਮੇਸ਼ੁਰ ਤੁਹਾਡੇ ਨਾਲ ਹੋਵੇਗਾ।
12 ਜਦੋਂ ਤੁਸੀਂ ਇੱਕ ਦੂਸਰੇ ਨੂੰ ਸ਼ੁਭਕਾਮਨਾ ਦਿਉ, ਤਾਂ ਇੱਕ ਦੂਸਰੇ ਨੂੰ ਇੱਕ ਪਵਿੱਤਰ ਚੁੰਮੀ ਦਿਉ। ਪਰਮੇਸ਼ੁਰ ਦੇ ਸਭ ਪਵਿੱਤਰ ਲੋਕ ਤੁਹਾਡਾ ਸੁਆਗਤ ਕਰਦੇ ਹਨ।
13 ਪ੍ਰਭੂ ਯਿਸੂ ਮਸੀਹ ਦੀ ਕਿਰਪਾ, ਪਰਮੇਸ਼ੁਰ ਦਾ ਪਿਆਰ ਅਤੇ ਪਵਿੱਤਰ ਆਤਮਾ ਦੀ ਸੰਗਤੀ ਤੁਹਾਡੇ ਸਾਰਿਆਂ ਦੇ ਨਾਲ ਹੋਵੇ।
ਆਮੀਨ।
2010 by World Bible Translation Center