Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਹਿਜ਼ਕੀਏਲ 43-45

ਯਹੋਵਾਹ ਆਪਣੇ ਲੋਕਾਂ ਦੇ ਦਰਮਿਆਨ ਰਹੇਗਾ

43 ਆਦਮੀ ਮੈਨੂੰ ਪੂਰਬੀ ਫਾਟਕ ਵੱਲ ਲੈ ਗਿਆ। ਓੱਥੇ ਇਸਰਾਏਲ ਦੇ ਪਰਮੇਸ਼ੁਰ ਦਾ ਪਰਤਾਪ ਪੂਰਬ ਵੱਲੋਂ ਆਇਆ। ਪਰਮੇਸ਼ੁਰ ਦੀ ਆਵਾਜ਼ ਸਮੁੰਦਰ ਦੀ ਆਵਾਜ਼ ਵਰਗੀ ਉੱਚੀ ਸੀ। ਪਰਮੇਸ਼ੁਰ ਦੇ ਪਰਤਾਪ ਦੀ ਰੋਸ਼ਨੀ ਨਾਲ ਧਰਤੀ ਚਮਕ ਰਹੀ ਸੀ। ਜੋ ਦਰਸ਼ਨ ਮੈਂ ਦੇਖਿਆ ਉਹ ਉਸੇ ਦਰਸ਼ਨ ਵਰਗਾ ਸੀ ਜਿਹੜਾ ਕਬਾਰ ਨਹਿਰ ਦੇ ਕੰਢੇ ਦੇਖਿਆ ਸੀ। ਮੈਂ ਧਰਤੀ ਉੱਤੇ ਝੁਕ ਕੇ ਸਿਜਦਾ ਕੀਤਾ। ਯਹੋਰਵਾਹ ਦਾ ਪਰਤਾਪ ਪੂਰਬ ਵਾਲੇ ਫਾਟਕ ਰਾਹੀਂ ਮੰਦਰ ਦੇ ਅੰਦਰ ਆਇਆ।

ਫ਼ੇਰ ਆਤਮਾ ਨੇ ਮੈਨੂੰ ਚੁੱਕ ਲਿਆ ਅਤੇ ਮੈਨੂੰ ਅੰਦਰਲੇ ਵਿਹੜੇ ਵਿੱਚ ਲੈ ਆਂਦਾ। ਮੰਦਰ ਯਹੋਵਾਹ ਦੇ ਪਰਤਾਪ ਨਾਲ ਭਰਿਆ ਹੋਇਆ ਸੀ। ਮੈਂ ਸੁਣਿਆ ਕਿ ਮੰਦਰ ਵਿੱਚੋਂ ਕੋਈ ਮੈਨੂੰ ਬੁਲਾ ਰਿਹਾ ਸੀ। ਆਦਮੀ ਹਾਲੇ ਵੀ ਮੇਰੇ ਕੋਲ ਖੜ੍ਹਾ ਸੀ। ਮੰਦਰ ਵਿੱਚੋਂ ਆਉਂਦੀ ਆਵਾਜ਼ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਇਹ ਮੇਰੇ ਤਖਤ ਅਤੇ ਪੈਰ ਚੌਂਕੀ ਦੀ ਥਾਂ ਹੈ। ਮੈਂ ਇੱਥੇ ਇਸਰਾਏਲ ਦੇ ਲੋਕਾਂ ਵਿੱਚਕਾਰ ਸਦਾ ਲਈ ਰਹਾਂਗਾ। ਇਸਰਾਏਲ ਦਾ ਪਰਿਵਾਰ ਫ਼ੇਰ ਕਦੇ ਵੀ ਮੇਰੇ ਪਵਿੱਤਰ ਨਾਮ ਨੂੰ ਬਦਨਾਮ ਨਹੀਂ ਕਰੇਗਾ। ਰਾਜੇ ਅਤੇ ਉਨ੍ਹਾਂ ਦੀ ਪਰਜਾ, ਜਿਨਸੀ ਪਾਪਾਂ ਰਾਹੀਂ ਜਾਂ ਆਪਣੇ ਮਰੇ ਹੋਏ ਰਾਜਿਆਂ ਨੂੰ ਇਸ ਥਾਂ ਦਫ਼ਨ ਕਰਕੇ, ਮੇਰੇ ਨਾਮ ਨੂੰ ਸ਼ਰਮਿਂਦਿਆਂ ਨਹੀਂ ਕਰਨਗੇ। ਉਹ ਮੇਰੀ ਸਰਦਲ ਤੋਂ ਅਗਾਂਹ ਆਪਣੀ ਸਰਦਲ ਬਣਾਕੇ ਅਤੇ ਮੇਰੀ ਚੁਗਾਠ ਤੋਂ ਅਗਾਂਹ ਆਪਣੀ ਚੁਗਾਠ ਬਣਾਕੇ ਮੇਰੇ ਨਾਮ ਨੂੰ ਸ਼ਰਮਸਾਰ ਨਹੀਂ ਕਰਨਗੇ। ਅਤੀਤ ਵਿੱਚ, ਉਨ੍ਹਾਂ ਨੂੰ ਮੇਰੇ ਕੋਲੋਂ ਸਿਰਫ਼ ਇੱਕ ਕੰਧ ਹੀ ਵੱਖਰਿਆਂ ਕਰਦੀ ਸੀ। ਇਸ ਲਈ ਹਰ ਵਾਰ, ਜਦੋਂ ਉਹ ਪਾਪ ਕਰਦੇ ਜਾਂ ਉਹ ਭਿਆਨਕ ਗੱਲਾਂ ਕਰਦੇ ਉਨ੍ਹਾਂ ਨੇ ਮੇਰੇ ਨਾਮ ਨੂੰ ਕਲੰਕਤ ਕੀਤਾ। ਇਸੇ ਲਈ ਮੈਂ ਕਹਿਰਵਾਨ ਹੋਇਆ ਅਤੇ ਉਨ੍ਹਾਂ ਨੂੰ ਤਬਾਹ ਕੀਤਾ। ਮੈਂ ਉਨ੍ਹਾਂ ਨੂੰ ਆਪਣੀ ਬਦਕਾਰੀ ਅਤੇ ਉਨ੍ਹਾਂ ਦੇ ਮਰੇ ਹੋਏ ਰਾਜਿਆਂ ਦੀਆਂ ਦੇਹਾਂ ਨੂੰ ਆਪਣੇ ਕੋਲੋਂ ਦੂਰ ਲਿਜਾਣ ਦਿੱਤਾ ਹੈ। ਫ਼ੇਰ ਮੈਂ ਉਨ੍ਹਾਂ ਵਿੱਚਕਾਰ ਸਦਾ ਲਈ ਰਹਾਂਗਾ।

10 “ਹੁਣ, ਆਦਮੀ ਦੇ ਪੁੱਤਰ, ਇਸਰਾਏਲ ਦੇ ਪਰਿਵਾਰ ਨੂੰ ਮੰਦਰ ਬਾਰੇ ਦੱਸ। ਫ਼ੇਰ ਜਦੋਂ ਉਹ ਮੰਦਰ ਦੇ ਨਕਸ਼ਿਆਂ ਨੂੰ ਮਾਪਣਾ ਸ਼ੁਰੂ ਕਰਨਗੇ ਤਾਂ ਉਹ ਆਪਣੇ ਪਾਪਾਂ ਤੋਂ ਸ਼ਰਮਸਾਰ ਹੋ ਜਾਣਗੇ। 11 ਫ਼ੇਰ ਜਦੋਂ ਉਹ ਉਨ੍ਹਾਂ ਸਾਰੀਆਂ ਮੰਦੀਆਂ ਗੱਲਾਂ ਤੋਂ ਸ਼ਰਮਿੰਦੇ ਹੋਣਗੇ ਜੋ ਉਨ੍ਹਾਂ ਨੇ ਕੀਤੀਆਂ ਹਨ। ਉਨ੍ਹਾਂ ਨੂੰ ਮੰਦਰ ਦੇ ਨਕਸ਼ੇ ਦੀ ਜਾਣਕਾਰੀ ਹਾਸਿਲ ਕਰਨ ਦਿਓ। ਉਨ੍ਹਾਂ ਨੂੰ ਜਾਣ ਲੈਣ ਦਿਓ ਕਿ ਇਸਦੀ ਉਸਾਰੀ ਕਿਵੇਂ ਕਰਨੀ ਹੈ, ਇਸਦੇ ਪ੍ਰਵੇਸ਼ ਅਤੇ ਨਿਕਾਸ ਕਿੱਥੋ ਹਨ ਅਤੇ ਇਸ ਉਤਲੀ ਸਾਰੀ ਨਕਾਸ਼ੀ ਬਾਰੇ ਵੀ ਜਾਣ ਲੈਣ ਦਿਓ। ਉਨ੍ਹਾਂ ਨੂੰ ਇਸਦੇ ਸਾਰੇ ਕਨੂੰਨਾਂ ਅਤੇ ਬਿਧੀਆ ਬਾਰੇ ਸਿੱਖਿਆ ਦਿਓ। ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਲਿਖ ਲਵੀ ਤਾਂ ਜੋ ਹਰ ਕੋਈ ਦੇਖ ਸੱਕੇ। ਇਸ ਤਰ੍ਹਾਂ ਉਹ ਮੰਦਰ ਦੇ ਸਾਰੇ ਕਨੂੰਨਾਂ ਅਤੇ ਬਿਧੀਆਂ ਦੀ ਪਾਲਨਾ ਕਰ ਸੱਕਦੇ ਹਨ। 12 ਮੰਦਰ ਦਾ ਕਨੂੰਨ ਇਹ ਹੈ: ਇਨ੍ਹਾਂ ਹੱਦਾਂ ਦੇ ਵਿੱਚਕਾਰ ਪਰਬਤ ਦੇ ਉੱਪਰ ਵਾਲਾ ਸਾਰਾ ਖੇਤਰ ਅੱਤ ਪਵਿੱਤਰ ਹੈ। ਮੰਦਰ ਦਾ ਕਨੂੰਨ ਇਹੀ ਹੈ।

ਜਗਵੇਦੀ

13 “ਅਤੇ ਲੰਮੇ ਪੈਮਾਨੇ ਨੂੰ ਇਸਤੇਮਾਲ ਕਰਦਿਆਂ ਜਗਵੇਦੀ ਦਾ ਹੱਥਾਂ ਵਿੱਚ ਨਾਪ ਇਸ ਤਰ੍ਹਾਂ ਹੈ। ਜਗਵੇਦੀ ਦੇ ਆਧਾਰ ਦੇ ਆਲੇ-ਦੁਆਲੇ ਇੱਕ ਗੰਦੀ ਨਾਲੀ ਸੀ। ਇਹ ਇੱਕ ਹੱਥ ਡੂੰਘੀ ਅਤੇ ਦੋਹਾਂ ਪਾਸਿਓ ਇੱਕ ਹੱਥ ਚੌੜੀ ਸੀ ਕਿਨਾਰੇ ਦੇ ਦੁਆਲੇ ਇੱਕ ਕਿਂਗਰੀ ਸੀ ਜਿਹੜੀ ਇੱਕ ਗਿਠ੍ਠ ਉੱਚੀ ਸੀ। ਅਤੇ ਜਗਵੇਦੀ ਇੰਨੀ ਉੱਚੀ ਸੀ: 14 ਧਰਤੀ ਤੋਂ ਲੈ ਕੇ ਹੇਠਲੀ ਨੁਕਰ ਤੀਕ, ਆਧਾਰ ਦਾ ਨਾਪ 2 ਹੱਥ ਹੈ। ਇਹ ਇੱਕ ਹੱਥ ਚੌੜਾ ਸੀ। ਇਸਦਾ ਨਾਪ, ਛੋਟੇ ਕਿਂਗਰੇ ਤੋਂ ਵੱਡੇ ਕਿਂਗਰੇ ਤੀਕ, 4 ਹੱਥ ਹੈ। ਇਹ ਇੱਕ ਹੱਥ ਚੌੜਾ ਸੀ। 15 ਜਗਵੇਦੀ ਉੱਪਰ ਅੱਗ ਲਈ ਸਥਾਨ 4 ਹੱਬ ਉੱਚਾ ਸੀ। ਚਾਰੇ ਕਿਨਾਰੇ ਸਿੰਗਾਂ ਦੀ ਸ਼ਕਲ ਦੇ ਸਨ। 16 ਜਗਵੇਦੀ ਉੱਪਰ ਅੱਗ ਲਈ ਸਥਾਨ 12 ਹੱਬ ਲੰਮਾ ਅਤੇ 12 ਹੱਬ ਚੌੜਾ ਸੀ। ਇਹ ਪੂਰਨ ਚੌਕੋਰ ਸੀ। 17 ਕਿੰਗਰਾ ਵੀ ਚੌਕੋਰ ਸੀ, 14 ਹੱਥ ਲੰਮਾ ਅਤੇ 14 ਹੱਥ ਸਿਰਾ। ਇਸਦੇ ਆਲੇ-ਦੁਆਲੇ ਦਾ ਚੱਕਾ 1/2 ਹੱਥ ਚੌੜੀ ਸੀ। ਆਧਾਰ ਦੇ ਦੁਆਲੇ ਦਾ ਗਟਰ ਇੱਕ ਹੱਥ ਚੌੜਾ ਸੀ। ਜਗਵੇਦੀ ਵੱਲ ਜਾਣ ਵਾਲੀਆਂ ਪੌੜੀਆਂ ਪੂਰਬ ਵਾਲੇ ਪਾਸੇ ਸਨ।”

18 ਫ਼ੇਰ ਆਦਮੀ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਪ੍ਰਭੂ ਅਤੇ ਯਹੋਵਾਹ ਇਹ ਗੱਲਾਂ ਆਖਦਾ ਹੈ: ‘ਜਗਵੇਦੀ ਲਈ ਨੇਮ ਇਹ ਹਨ: ਜਦੋਂ ਤੁਸੀਂ ਜਗਵੇਦੀ ਬਣਾਓ ਤਾਂ ਹੋਮ ਦੀਆਂ ਭੇਟਾਂ ਚੜ੍ਹਾਉਣ ਲਈ ਅਤੇ ਇਸ ਉੱਤੇ ਖੂਨ ਛਿੜਕਣ ਲਈ ਇਨ੍ਹਾਂ ਵਿਧੀਆਂ ਦੀ ਵਰਤੋਂ ਕਰੋ। 19 ਤੁਸੀਂ ਸਦੋਕ ਦੇ ਪਰਿਵਾਰ ਦੇ ਬੰਦਿਆਂ ਨੂੰ ਇੱਕ ਵਹਿੜਕੇ ਨੂੰ ਪਾਪ ਦੀਆਂ ਭੇਟਾਂ ਵਜੋਂ ਦੇਵੋਂਗੇ। ਇਹ ਬੰਦੇ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਜਾਜਕ ਹਨ। ਇਹ ਓਹੀ ਬੰਦੇ ਹਨ ਜਿਹੜੇ ਮੇਰੇ ਲਈ ਭੇਟਾਂ ਲਿਆਕੇ ਮੇਰੀ ਸੇਵਾ ਕਰਦੇ ਹਨ।’” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ। 20 “ਤੁਸੀਂ ਵਹਿੜਕੇ ਦਾ ਕੁਝ ਖੂਨ ਲੈ ਕੇ ਇਸ ਨੂੰ ਜਗਵੇਦੀ ਦੇ ਚਹੁਂਆਂ ਸਿੰਗਾਂ ਉੱਤੇ, ਕਿਂਗਰੇ ਦੇ ਚਹੁਂਆਂ ਕਿਨਾਰਿਆਂ ਅਤੇ ਆਲੇ-ਦੁਆਲੇ ਦੇ ਰਿਮ ਉੱਤੇ ਛਿੜਕੋਁਗੇ। ਇਸ ਤਰ੍ਹਾਂ ਤੁਸੀਂ ਜਗਵੇਦੀ ਲਈ ਪ੍ਰਾਸ਼ਚਿਤ ਕਰਕੇ ਇਸ ਨੂੰ ਪਾਪ ਦੀ ਭੇਟ ਪ੍ਰਾਪਤ ਕਰਨ ਲਈ ਤਿਆਰ ਕਰ ਦੇਵੋਂਗੇ। 21 ਫ਼ੇਰ ਵਹਿੜਕੇ ਨੂੰ ਪਾਪ ਦੇ ਚੜ੍ਹਾਵੇ ਵਜੋਂ ਲਵੋ ਅਤੇ ਇਸ ਨੂੰ ਮੰਦਰ ਦੀ ਇਮਾਰਤ ਤੋਂ ਬਾਹਰ, ਮੰਦਰ ਦੇ ਖੇਤਰ ਵਿੱਚਲੇ ਖਾਸ ਸਥਾਨ ਉੱਤੇ ਸਾੜੋ।

22 “ਅਗਲੇ ਦਿਨ ਤੁਸੀਂ ਇੱਕ ਨਿਰਦੋਸ਼ ਰਹਿਤ ਬੱਕਰਾ ਭੇਟ ਚੜ੍ਹਾਵੋਂਗੇ। ਇਹ ਪਾਪ ਦੀ ਭੇਟੇ ਵਜੋਂ ਹੋਵੇਗਾ। ਜਾਜਕ ਜਗਵੇਦੀ ਨੂੰ ਓਸੇ ਤਰ੍ਹਾਂ ਤਿਆਰ ਕਰੋਂਗੇ ਜਿਵੇਂ ਉਨ੍ਹਾਂ ਨੇ ਇਸ ਨੂੰ ਵਹਿੜਕੇ ਨਾਲ ਬਣਾਇਆ ਸੀ। 23 ਜਦੋਂ ਤੁਸੀਂ ਜਗਵੇਦੀ ਨੂੰ ਪਵਿੱਤਰ ਕਰ ਚੁੱਕੋਁਗੇ ਤਾਂ ਤੁਸੀਂ ਇੱਕ ਦੋਸ਼ ਰਹਿਤ ਵਹਿੜਕਾ ਅਤੇ ਇੱਜੜ ਵਿੱਚੋਂ ਇੱਕ ਦੋਸ਼ ਰਹਿਤ ਭੇਡੂ ਚੜ੍ਹਾਵੋਂਗੇ। 24 ਫ਼ੇਰ ਤੁਸੀਂ ਇਨ੍ਹਾਂ ਨੂੰ ਯਹੋਵਾਹ ਅੱਗੇ ਪੇਸ਼ ਕਰੋਂਗੇ। ਜਾਜਕ ਇਨ੍ਹਾਂ ਉੱਪਰ ਨਮਕ ਛਿੜਕਣਗੇ। ਫ਼ੇਰ ਜਾਜਕ ਵਹਿੜਕੇ ਅਤੇ ਭੇਡੂ ਨੂੰ ਯਹੋਵਾਹ ਅੱਗੇ ਹੋਮ ਦੀ ਭੇਟ ਵਜੋਂ ਚੜ੍ਹਾਉਣਗੇ। 25 ਤੁਸੀਂ ਸੱਤ ਦਿਨਾਂ ਤੱਕ ਹਰ ਰੋਜ਼ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਤਿਆਰ ਕਰੋਗੇ। ਅਤੇ ਤੁਸੀਂ ਇੱਕ ਵਹਿੜਾ ਅਤੇ ਇੱਜੜ ਵਿੱਚੋਂ ਇੱਕ ਭੇਡੂ ਵੀ ਤਿਆਰ ਕਰੋਂਗੇ। ਇਹ ਸਾਰੇ ਜਾਨਵਰ ਦੋਸ਼-ਰਹਿਤ ਹੋਣੇ ਚਾਹੀਦੇ ਹਨ। 26 ਸੱਤ ਦਿਨ ਜਾਜਕ ਜਗਵੇਦੀ ਲਈ ਪ੍ਰਾਸ਼ਚਿਤ ਕਰਨਗੇ ਅਤੇ ਇਸ ਨੂੰ ਸ਼ੁੱਧ ਕਰਨਗੇ ਅਤੇ ਇਸ ਨੂੰ ਉਪਾਸਨਾ ਲਈ ਇਸਤੇਮਾਲ ਕਰਨ ਲਈ ਤਿਆਰ ਕਰਨਗੇ। 27 ਸੱਤਾਂ ਦਿਨਾਂ ਬਾਦ, ਅੱਠਵੇਂ ਦਿਨ ਜਾਜਕਾਂ ਨੂੰ ਤੁਹਾਡੀਆਂ ਹੋਮਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਜਗਵੇਦੀ ਉੱਤੇ ਅਵੱਸ਼ ਚੜ੍ਹਾਉਣੀਆਂ ਚਾਹੀਦੀਆਂ ਹਨ। ਫ਼ੇਰ ਮੈਂ ਤੁਹਾਨੂੰ ਪ੍ਰਵਾਨ ਕਰ ਲਵਾਂਗਾ।” ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।

ਬਾਹਰਲਾ ਦਰਵਾਜ਼ਾ

44 ਫ਼ੇਰ ਆਦਮੀ ਮੈਨੂੰ ਮੰਦਰ ਦੇ ਖੇਤਰ ਵਿੱਚਲੇ ਪੂਰਬੀ ਫ਼ਾਟਕ ਕੋਲ ਵਾਪਿਸ ਲੈ ਆਇਆ। ਅਸੀਂ ਫ਼ਾਟਕ ਤੋਂ ਬਾਹਰ ਸਾਂ ਅਤੇ ਫ਼ਾਟਕ ਬੰਦ ਸੀ। ਯਹੋਵਾਹ ਨੇ ਮੈਨੂੰ ਆਖਿਆ, “ਇਹ ਫ਼ਾਟਕ ਬੰਦ ਰਹੇਗਾ। ਇਹ ਖੋਲ੍ਹਿਆ ਨਹੀਂ ਜਾਵੇਗਾ। ਕੋਈ ਵੀ ਇਸ ਵਿੱਚੋਂ ਹੋਕੇ ਨਹੀਂ ਲੰਘੇਗਾ। ਕਿਉਂ ਕਿ ਇਸਰਾਏਲ ਦਾ ਯਹੋਵਾਹ ਇਸ ਵਿੱਚੋਂ ਲੰਘ ਚੁੱਕਿਆ ਹੈ। ਇਸ ਲਈ ਇਹ ਅਵੱਸ਼ ਹੀ ਬੰਦ ਰਹਿਣਾ ਚਾਹੀਦਾ। ਸਿਰਫ਼ ਲੋਕਾਂ ਦਾ ਹਾਕਮ ਹੀ ਇੱਥੇ ਬੈਠੇਗਾ ਜਦੋਂ ਉਹ ਯਹੋਵਾਹ ਦੇ ਅੱਗੇ ਇੱਥੇ ਭੋਜਨ ਛਕੇਗਾ। ਉਸ ਨੂੰ ਦਰਵਾਜ਼ੇ ਦੇ ਰਸਤੇ ਦੇ ਵਰਾਂਡਾ ਵੱਲੋਂ ਹੀ ਦਾਖਲ ਹੋਣਾ ਚਾਹੀਦਾ ਹੈ ਅਤੇ ਉਸੇ ਰਸਤੇ ਹੀ ਬਾਹਰ ਜਾਣਾ ਚਾਹੀਦਾ ਹੈ।”

ਮੰਦਰ ਦੀ ਪਵਿੱਤਰਤਾ

ਫ਼ੇਰ ਉਹ ਆਦਮੀ ਮੈਨੂੰ ਉੱਤਰੀ ਫ਼ਾਟਕ ਵਿੱਚੋਂ ਮੰਦਰ ਦੇ ਸਾਹਮਣੇ ਲੈ ਗਿਆ। ਮੈਂ ਤੱਕਿਆ ਅਤੇ ਯਹੋਵਾਹ ਦੇ ਮੰਦਰ ਨੂੰ ਯਹੋਵਾਹ ਦੇ ਪਰਤਾਪ ਨਾਲ ਭਰਿਆ ਹੋਇਆ ਵੇਖਿਆ। ਮੈਂ ਆਪਣਾ ਸਿਰ ਧਰਤੀ ਵੱਲ ਕਰਕੇ ਝੁਕ ਗਿਆ। ਯਹੋਵਾਹ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਧਿਆਨ ਨਾਲ ਦੇਖ! ਆਪਣੀਆਂ ਅੱਖਾਂ ਅਤੇ ਕੰਨਾਂ ਦੀ ਵਰਤੋਂ ਕਰ। ਇਨ੍ਹਾਂ ਚੀਜ਼ਾਂ ਵੱਲ ਦੇਖ। ਅਤੇ ਹਰ ਓਸ ਗੱਲ ਨੂੰ ਧਿਆਨ ਨਾਲ ਸੁਣ ਜਿਹੜੀ ਮੈਂ ਯਹੋਵਾਹ ਦੇ ਮੰਦਰ ਦੇ ਕਨੂੰਨਾਂ ਅਤੇ ਬਿਧੀਆਂ ਬਾਰੇ ਦੱਸਦਾ ਹਾਂ। ਮੰਦਰ ਦੇ ਸਾਰੇ ਪ੍ਰਵੇਸ਼ਾਂ ਅਤੇ ਪਵਿੱਤਰ ਸਥਾਨ ਦੇ ਸਾਰੇ ਨਿਕਾਸਾਂ ਵੱਲ ਧਿਆਨ ਨਾਲ ਦੇਖ। ਫ਼ੇਰ ਇਸਰਾਏਲ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਇਹ ਸੰਦੇਸ਼ ਦੇਹ ਜਿਨ੍ਹਾਂ ਨੇ ਮੇਰਾ ਹੁਕਮ ਮੰਨਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੂੰ ਆਖ, ‘ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ: ਇਸਰਾਏਲ ਦੇ ਪਰਿਵਾਰ, ਮੈਂ ਤੁਹਾਡੀਆਂ ਕੀਤੀਆਂ ਬਹੁਤ ਸਾਰੀਆਂ ਭਿਆਨਕ ਗੱਲਾਂ ਨੂੰ ਬਹੁਤ ਜਰ ਲਿਆ ਹੈ! ਤੁਸੀਂ ਮੇਰੇ ਮੰਦਰ ਵਿੱਚ ਅਜਨਬੀਆਂ ਨੂੰ ਲਿਆਂਦਾ ਜੋ ਆਪਣੇ ਮਾਸ ਵਿੱਚ ਸੁੰਨਤੀੇ ਨਹੀਂ ਸਨ ਅਤੇ ਆਪਣੇ ਦਿਲ ਵਿੱਚ ਸੁੰਨਤੀਏ ਨਹੀਂ ਸਨ। ਇਸ ਤਰ੍ਹਾਂ ਤੁਸੀਂ ਮੇਰੇ ਮੰਦਰ ਨੂੰ ਕਲੰਕਤ ਕਰ ਦਿੱਤਾ। ਤੁਸੀਂ ਸਾਡੇ ਇਕਰਾਰਨਾਮੇ ਨੂੰ ਤੋੜਿਆ ਅਤੇ ਭਿਆਨਕ ਗੱਲਾਂ ਕੀਤੀਆਂ, ਅਤੇ ਫ਼ੇਰ ਤੁਸੀਂ ਮੇਰੇ ਅੱਗੇ ਰੋਟੀ, ਘਿਉ ਅਤੇ ਖੂਨ ਦੀਆਂ ਭੇਟਾਂ ਪੇਸ਼ ਕੀਤੀਆਂ। ਤੁਸੀਂ ਮੇਰੀਆਂ ਪਵਿੱਤਰ ਚੀਜ਼ਾਂ ਦਾ ਧਿਆਨ ਨਹੀਂ ਰੱਖਿਆ। ਨਹੀਂ, ਤੁਸੀਂ ਉਨ੍ਹਾਂ ਅਸੁੰਨਤੀਆਂ ਨੂੰ ਮੇਰੇ ਪਵਿੱਤਰ ਸਥਾਨ ਦੀ ਜ਼ਿੰਮੇਵਾਰੀ ਸੌਂਪੀ!’”

ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ, “ਉਹ ਵਿਦੇਸ਼ੀ ਜਿਸਦੀ ਉਸ ਦੇ ਮਾਸ ਵਿੱਚ ਅਤੇ ਉਸ ਦੇ ਦਿਲ ਵਿੱਚ ਸੁੰਨਤ ਨਹੀਂ ਹੋਈ, ਉਸ ਨੂੰ ਮੇਰੇ ਮੰਦਰ ਵਿੱਚ ਨਹੀਂ ਦਾਖਲ ਹੋਣਾ ਚਾਹੀਦਾ-ਉਸ ਵਿਦੇਸ਼ੀ ਨੂੰ ਵੀ ਨਹੀਂ ਜਿਹੜਾ ਇਸਰਾਏਲ ਦੇ ਲੋਕਾਂ ਵਿੱਚਕਾਰ ਪੱਕੇ ਤੌਰ ਤੇ ਰਹਿ ਰਿਹਾ ਹੈ। 10 ਅਤੀਤ ਵਿੱਚ, ਜਦੋਂ ਇਸਰਾਏਲ ਨੇ ਮੇਰੇ ਕੋਲੋਂ ਮੂੰਹ ਮੋੜ ਲਿਆ ਸੀ, ਲੇਵੀਆਂ ਨੇ ਮੈਨੂੰ ਛੱਡ ਦਿੱਤਾ ਸੀ। ਇਸਰਾਏਲ ਨੇ ਆਪਣੇ ਬੁੱਤਾਂ ਪਿੱਛੇ ਲੱਗਣ ਲਈ ਮੈਨੂੰ ਛੱਡ ਦਿੱਤਾ ਸੀ। ਲੇਵੀਆਂ ਨੂੰ ਉਨ੍ਹਾਂ ਦੇ ਪਾਪ ਦੀ ਸਜ਼ਾ ਮਿਲੇਗੀ। 11 ਲੇਵੀਆਂ ਦੀ ਚੋਣ ਮੇਰੇ ਪਵਿੱਤਰ ਸਥਾਨ ਵਿੱਚ ਸੇਵਾ ਕਰਨ ਲਈ ਕੀਤੀ ਗਈ ਸੀ। ਉਨ੍ਹਾਂ ਨੇ ਮੰਦਰ ਦੇ ਫ਼ਾਟਕਾਂ ਦੀ ਰੱਖਿਆ ਕੀਤੀ ਸੀ। ਉਨ੍ਹਾਂ ਨੇ ਮੰਦਰ ਵਿੱਚ ਸੇਵਾ ਕੀਤੀ ਸੀ। ਉਨ੍ਹਾਂ ਨੇ ਲੋਕਾਂ ਲਈ ਜਾਨਵਰਾਂ ਨੂੰ ਬਲੀਆਂ ਅਤੇ ਹੋਮ ਦੀਆਂ ਭੇਟਾਂ ਲਈ ਮਾਰਿਆ। ਉਨ੍ਹਾਂ ਨੂੰ ਲੋਕਾਂ ਦੀ ਸਹਾਇਤਾ ਅਤੇ ਸੇਵਾ ਕਰਨ ਲਈ ਚੁਣਿਆ ਗਿਆ ਸੀ। 12 ਪਰ ਇਨ੍ਹਾਂ ਲੇਵੀਆਂ ਨੇ ਲੋਕਾਂ ਨੂੰ ਮੇਰੇ ਵਿਰੁੱਧ ਪਾਪ ਕਰਨ ਵਿੱਚ ਸਹਾਇਤਾ ਕੀਤੀ! ਉਨ੍ਹਾਂ ਨੇ ਲੋਕਾਂ ਨੂੰ ਉਨ੍ਹਾਂ ਦੇ ਬੁੱਤਾਂ ਦੀ ਉਪਾਸਨਾ ਕਰਨ ਵਿੱਚ ਸਹਾਇਤਾ ਦਿੱਤੀ! ਇਸ ਲਈ ਮੈਂ ਉਨ੍ਹਾਂ ਦੇ ਵਿਰੁੱਧ ਇਹ ਇਕਰਾਰ ਕਰ ਰਿਹਾ ਹਾਂ: ‘ਉਨ੍ਹਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਮਿਲੇਗੀ।’” ਮੇਰੇ ਪ੍ਰਭੂ ਯਹੋਵਾਹ ਨੇ ਇਹ ਆਖਿਆ।

13 “ਇਸ ਲਈ ਲੇਵੀਆਂ ਜਾਜਕਾਂ ਵਾਂਗ ਮੇਰੇ ਲਈ ਭੇਟਾਂ ਲੈ ਕੇ ਨਹੀਂ ਆਉਣਗੇ। ਉਹ ਮੇਰੀਆਂ ਪਵਿੱਤਰ ਵਸਤਾਂ ਜਾਂ ਉਨ੍ਹਾਂ ਚੀਜ਼ਾਂ ਦੇ ਨੇੜੇ ਨਹੀਂ ਆਉਣਗੇ ਜਿਹੜੀਆਂ ਅੱਤ ਪਵਿੱਤਰ ਹਨ। ਉਨ੍ਹਾਂ ਨੂੰ ਆਪਣੀਆਂ ਕੀਤੀਆਂ ਭਿਆਨਕ ਗੱਲਾਂ ਦੇ ਕਾਰਣ ਸ਼ਰਮਿੰਦਗੀ ਦਾ ਭਾਰ ਚੁੱਕਣਾ ਪਵੇਗਾ। 14 ਪਰ ਮੈਂ ਉਨ੍ਹਾਂ ਨੂੰ ਮੰਦਰ ਦੀ ਦੇਖਭਾਲ ਕਰਨ ਦੇਵਾਂਗਾ। ਉਹ ਮੰਦਰ ਵਿੱਚ ਉਹ ਕੰਮ ਕਰਨਗੇ ਅਜਿਹੀਆਂ ਗੱਲਾਂ ਕਰਨਗੇ ਜੋ ਇਸ ਅੰਦਰ ਕਰਨੀਆਂ ਜ਼ਰੂਰੀ ਹਨ।

15 “ਜਾਜਕ ਸਾਰੇ ਹੀ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਹਨ। ਪਰ ਸਿਰਫ਼ ਸਦੋਕ ਦੇ ਪਰਿਵਾਰ ਦੇ ਜਾਜਕਾਂ ਨੇ ਹੀ ਮੇਰੇ ਪਵਿੱਤਰ ਸਥਾਨ ਦੀ ਦੇਖਭਾਲ ਕੀਤੀ ਜਦੋਂ ਕਿ ਇਸਰਾਏਲ ਦੇ ਲੋਕ ਮੇਰੇ ਵੱਲੋਂ ਮੂੰਹ ਮੋੜ ਗਏ ਸਨ। ਇਸ ਲਈ ਸਿਰਫ਼ ਸਦੋਕ ਦੇ ਉੱਤਰਾਧਿਕਾਰੀ ਹੀ ਮੇਰੇ ਲਈ ਭੇਟਾਂ ਲਿਆਉਣਗੇ। ਉਹ ਮੇਰੇ ਸਾਹਮਣੇ ਖਲ੍ਹੋ ਕੇ ਮੈਨੂੰ ਉਨ੍ਹਾਂ ਜਾਨਵਰਾਂ ਦੀ ਚਰਬੀ ਅਤੇ ਖੂਨ ਚੜ੍ਹਾਉਣਗੇ ਜਿਨ੍ਹਾਂ ਦੀ ਉਹ ਬਲੀ ਦੇਣਗੇ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ! 16 “ਉਹ ਮੇਰੇ ਪਵਿੱਤਰ ਸਥਾਨ ਵਿੱਚ ਦਾਖਲ ਹੋਣਗੇ। ਉਹ ਮੇਰੇ ਮੇਜ਼ ਦੇ ਨਜ਼ਦੀਕ ਮੇਰੀ ਸੇਵਾ ਕਰਨ ਲਈ ਆਉਣਗੇ। ਉਹ ਉਨ੍ਹਾਂ ਚੀਜ਼ਾਂ ਦੀ ਦੇਖਭਾਲ ਕਰਨਗੇ ਜਿਹੜੀਆਂ ਮੈਂ ਉਨ੍ਹਾਂ ਨੂੰ ਦਿੱਤੀਆਂ ਸਨ। 17 ਜਦੋਂ ਉਹ ਅੰਦਰਲੇ ਵਿਹੜੇ ਦੇ ਦਰਵਾਜ਼ਿਆਂ ਵਿੱਚ ਦਾਖਲ ਹੋਣਗੇ, ਤਾਂ ਉਹ ਕਤਾਨੀ ਦੇ ਕੱਪੜੇ ਪਹਿਨਣਗੇ। ਜਦੋਂ ਉਹ ਅੰਦਰਲੇ ਵਿਹੜੇ ਦੇ ਫ਼ਾਟਕ ਤੇ ਸੇਵਾ ਕਰ ਰਹੇ ਹੋਣਗੇ, ਤਾਂ ਉਨ੍ਹਾਂ ਕੋਲ ਉਨ ਦੇ ਵਸਤਰ ਨਹੀਂ ਹੋਣਗੇ। 18 ਉਹ ਆਪਣੇ ਸਿਰਾਂ ਉੱਤੇ ਕਤਾਨੀ ਦੀਆਂ ਪਗੜੀਆਂ ਪਹਿਨਣਗੇ। ਅਤੇ ਉਹ ਕਤਾਨੀ ਦੇ ਕਛ੍ਛੇ ਪਹਿਨਣਗੇ। ਉਹ ਕੋਈ ਵੀ ਅਜਿਹੀ ਚੀਜ਼ ਨਹੀਂ ਪਹਿਨਣਗੇ ਜਿਸ ਨਾਲ ਉਨ੍ਹਾਂ ਨੂੰ ਪਸੀਨਾ ਆਵੇ। 19 ਇਸ ਤੋਂ ਪਹਿਲਾਂ ਕਿ ਉਹ ਲੋਕਾਂ ਕੋਲ ਬਾਹਰਲੇ ਵਿਹੜੇ ਅੰਦਰ ਜਾਣ, ਤਾਂ ਉਹ ਆਪਣੇ ਕਪੜਿਆਂ ਨੂੰ ਉਤਾਰ ਦੇਣਗੇ ਜਿਹੜੇ ਉਨ੍ਹਾਂ ਨੇ ਮੇਰੀ ਸੇਵਾ ਕਰਨ ਵੇਲੇ ਪਹਿਨੇ ਸਨ। ਉਹ ਇਨ੍ਹਾਂ ਕੱਪੜਿਆਂ ਨੂੰ ਪਵਿੱਤਰ ਕਮਰਿਆਂ ਵਿੱਚ ਰੱਖ ਦੇਣਗੇ। ਫ਼ੇਰ ਉਹ ਦੂਸਰੇ ਕੱਪੜੇ ਪਹਿਨ ਲੈਣਗੇ। ਇਸ ਤਰ੍ਹਾਂ ਉਹ ਲੋਕਾਂ ਨੂੰ ਉਨ੍ਹਾਂ ਪਵਿੱਤਰ ਕੱਪੜਿਆਂ ਨੂੰ ਨਹੀਂ ਛੂਹਣ ਦੇਣਗੇ।

20 “ਇਹ ਜਾਜਕ ਆਪਣੇ ਸਿਰ ਨਹੀਂ ਮੁਨਾਉਣਗੇ ਅਤੇ ਨਾ ਹੀ ਲੰਮੇ ਵਾਲ ਉਗਾਣਗੇ। ਜਾਜਕਾਂ ਨੂੰ ਆਪਣੇ ਸਿਰਾਂ ਦੇ ਵਾਲਾਂ ਨੂੰ ਸਿਰਫ਼ ਕਤਰਨਾ ਹੀ ਚਾਹੀਦਾ ਹੈ। 21 ਅੰਦਰਲੇ ਵਿਹੜੇ ਵਿੱਚ ਜਾਣ ਵੇਲੇ ਕੋਈ ਵੀ ਜਾਜਕ ਮੈਅ ਨਾ ਪੀਵੇ। 22 ਜਾਜਕਾਂ ਨੂੰ ਕਿਸੇ ਵਿਧਵਾ ਜਾਂ ਤਲਾਕਸ਼ੁਦਾ ਔਰਤ ਨਾਲ ਸ਼ਾਦੀ ਨਹੀਂ ਕਰਨੀ ਚਾਹੀਦੀ। ਨਹੀਂ, ਉਨ੍ਹਾਂ ਨੂੰ ਸਿਰਫ਼ ਇਸਰਾਏਲ ਦੇ ਪਰਿਵਾਰ ਦੀ ਕਿਸੇ ਕੁਆਰੀ ਕੁੜੀ ਨਾਲ ਜਾਂ ਕਿਸੇ ਜਾਜਕ ਦੀ ਵਿਧਵਾ ਨਾਲ ਹੀ ਸ਼ਾਦੀ ਕਰਨੀ ਚਾਹੀਦੀ ਹੈ।

23 “ਇਸਤੋਂ ਇਲਾਵਾ, ਜਾਜਕਾਂ ਨੂੰ ਮੇਰੇ ਲੋਕਾਂ ਨੂੰ ਪਵਿੱਤਰ ਚੀਜ਼ਾਂ ਅਤੇ ਅਪਵਿੱਤਰ ਚੀਜ਼ਾਂ ਵਿੱਚਲੇ ਫ਼ਰਕ ਬਾਰੇ ਵੀ ਸਿੱਖਿਆ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਮੇਰੇ ਲੋਕਾਂ ਦੀ ਇਹ ਜਾਨਣ ਵਿੱਚ ਵੀ ਸਹਾਇਤਾ ਕਰਨੀ ਚਾਹੀਦੀ ਹੈ ਕਿ ਪਾਕ ਕੀ ਹੈ ਅਤੇ ਨਾਪਾਕ ਕੀ ਹੈ। 24 “ਜਾਜਕ ਕਚਿਹਰੀ ਵਿੱਚ ਨਿਆਂਕਾਰ ਹੋਣਗੇ। ਉਹ ਲੋਕਾਂ ਬਾਰੇ ਨਿਆਂ ਕਰਨ ਲੱਗਿਆਂ ਮ੍ਮੇਰੇ ਕਨੂੰਨਾਂ ਉੱਤੇ ਚੱਲਣਗੇ। ਉਹ ਮੇਰੀਆਂ ਸਾਰੀਆਂ ਖਾਸ ਦਾਵਤਾਂ ਦੇ ਮੌਕਿਆਂ ਉੱਤੇ ਮੇਰੇ ਸਾਰੇ ਕਨੂੰਨਾਂ ਦਾ ਪਾਲਣ ਕਰਨਗੇ ਅਤੇ ਬਿਧੀਆਂ ਉੱਤੇ ਚੱਲਣਗੇ। ਉਹ ਮੇਰੇ ਆਰਾਮ ਦੇ ਖਾਸ ਦਿਨਾਂ ਦਾ ਆਦਰ ਕਰਨਗੇ ਅਤੇ ਉਨ੍ਹਾਂ ਦੀ ਪਵਿੱਤਰਤਾ ਬਣਾਈ ਰੱਖਣਗੇ। 25 ਉਹ ਕਿਸੇ ਵੀ ਮੰਦੇ ਮੁਰਦਾ ਬੰਦੇ ਨੇੜੇ ਜਾਕੇ ਆਪਣੇ-ਆਪ ਨੂੰ ਨਾਪਾਕ ਨਹੀਂ ਬਨਾਉਣਗੇ। ਪਰ ਉਹ ਆਪਣੇ-ਆਪ ਨੂੰ ਨਾਪਾਕ ਬਣਾ ਸੱਕਦੇ ਹਨ ਜੇ ਮੁਰਦਾ ਵਿਅਕਤੀ ਉਨ੍ਹਾਂ ਦਾ ਪਿਤਾ, ਉਨ੍ਹਾਂ ਦੀ ਮਾਤਾ, ਪੁੱਤਰ, ਧੀ ਭਰਾ ਜਾਂ ਅਣਵਿਆਹੀ ਭੈਣ ਹੈ। 26 ਇਹ ਗੱਲ ਜਾਜਕ ਨੂੰ ਨਾਪਾਕ ਬਣਾ ਦੇਵੇਗੀ ਜਦੋਂ ਜਾਜਕ ਨੂੰ ਪਾਕ ਬਣਾ ਦਿੱਤਾ ਗਿਆ ਹੋਵੇ, ਤਾਂ ਉਸ ਨੂੰ ਸੱਤ ਦਿਨ ਇੰਤਜ਼ਾਰ ਕਰਨਾ ਪਵੇਗਾ। 27 ਫ਼ੇਰ ਉਹ ਪਵਿੱਤਰ ਸਥਾਨ ਉੱਤੇ ਵਾਪਸ ਜਾ ਸੱਕਦਾ ਹੈ। ਪਰ ਜਿਸ ਦਿਨ ਉਹ ਪਵਿੱਤਰ ਸਥਾਨ ਦੀ ਸੇਵਾ ਕਰਨ ਲਈ ਅੰਦਰਲੇ ਵਿਹੜੇ ਵਿੱਚ ਜਾਵੇ ਤਾਂ ਉਸ ਨੂੰ ਆਪਣੇ ਲਈ ਪਾਪ ਦੀ ਭੇਟਾਂ ਜ਼ਰੂਰ ਭੇਟ ਕਰਨਾ ਚਾਹੀਦਾ ਹੈ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।

28 “ਉਸ ਧਰਤੀ ਬਾਰੇ ਜਿਹੜੀ ਲੇਵੀਆਂ ਦੀ ਜੈਦਾਦ ਹੋਵੇਗੀ: ਮੈਂ ਹੀ ਉਨ੍ਹਾਂ ਦੀ ਦੌਲਤ ਹਾਂ। ਤੁਸੀਂ ਇਸਰਾਏਲ ਵਿੱਚ ਲੇਵੀਆਂ ਨੂੰ ਕੋਈ ਜੈਦਾਦ ਨਹੀਂ ਦੇਵੋਂਗੇ। ਮੈਂ ਹੀ ਉਨ੍ਹਾਂ ਦਾ ਇਸਰਾਏਲ ਵਿੱਚ ਹਿੱਸਾ ਹਾਂ! 29 ਉਹ ਆਨਾਜ਼ ਦੀਆਂ ਭੇਟਾਂ, ਪਾਪ ਦੀਆਂ ਭੇਟਾਂ, ਅਤੇ ਦੋਸ਼ ਦੀਆਂ ਭੇਟਾਂ ਭੋਜਨ ਕਰਨਗੇ। ਹਰ ਉਹ ਚੀਜ਼ ਜਿਹੜੀ ਇਸਰਾਏਲ ਦੇ ਲੋਕ ਯਹੋਵਾਹ ਨੂੰ ਭੇਟ ਕਰਨਗੇ ਉਨ੍ਹਾਂ ਦੀ ਹੋਵੇਗੀ। 30 ਹਰ ਤਰ੍ਹਾਂ ਦੀ ਫ਼ਸਲ ਦੀ ਵਾਢੀ ਦਾ ਪਹਿਲਾ ਹਿੱਸਾ ਇਨ੍ਹਾਂ ਜਾਜਕਾਂ ਲਈ ਹੋਵੇਗਾ। ਤੁਸੀਂ ਆਪਣੀ ਤੌਣ ਦਾ ਪਹਿਲਾ ਹਿੱਸਾ ਵੀ ਜਾਜਕਾਂ ਨੂੰ ਦੇਵੋਂਗੇ। ਇਸ ਨਾਲ ਤੁਹਾਡੇ ਘਰ ਨੂੰ ਅਸੀਸ ਮਿਲੇਗੀ। 31 ਜਾਜਕਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਉਸ ਪੰਛੀ ਜਾਂ ਜਾਨਵਰ ਨੂੰ ਨਾ ਖਾਣ ਜਿਹੜਾ ਕੁਦਰਤੀ ਮੌਤ ਮਰਿਆ ਹੈ ਜਾਂ ਜਿਸ ਨੂੰ ਕਿਸੇ ਜੰਗਲੀ ਜਾਨਵਰ ਨੇ ਮਾਰਕੇ ਟੁਕੜੇ ਕਰ ਦਿੱਤਾ ਹੈ।

ਪਵਿੱਤਰ ਵਰਤੋਂ ਲਈ ਜ਼ਮੀਨ ਦੀ ਵੰਡ

45 “ਤੁਸੀਂ ਗੁਣੇ ਪਾਕੇ ਇਸਰਾਏਲੀ ਪਰਿਵਾਰ-ਸਮੂਹਾਂ ਵਿੱਚਕਾਰ ਜ਼ਮੀਨ ਦੀ ਵੰਡ ਕਰੋਂਗੇ। ਉਸ ਸਮੇਂ ਤੁਸੀਂ ਜ਼ਮੀਨ ਦੇ ਇੱਕ ਹਿੱਸੇ ਨੂੰ ਵੱਖ ਕਰ ਲਵੌਗੇ। ਇਹ ਯਹੋਵਾਹ ਲਈ ਜ਼ਮੀਨ ਦਾ ਪਵਿੱਤਰ ਹਿੱਸਾ ਹੋਵੇਗਾ। ਜ਼ਮੀਨ 25,000 ਹੱਥ ਲੰਮੀ ਅਤੇ 20,000 ਹੱਥ ਚੌੜੀ ਹੋਵੇਗੀ। ਇਹ ਸਾਰੀ ਜ਼ਮੀਨ ਪਵਿੱਤਰ ਹੋਵੇਗੀ। ਇੱਕ ਚੌਕੋਰ ਖੇਤਰ ਜਿਹੜਾ ਦੋਹਾਂ ਪਾਸਿਆਂ ਤੋਂ 500 ਹੱਥ ਲੰਮਾ ਹੋਵੇਗਾ ਉਹ ਮੰਦਰ ਲਈ ਹੋਵੇਗਾ। ਮੰਦਰ ਦੇ ਆਲੇ-ਦੁਆਲੇ ਇੱਕ ਖੁਲ੍ਹੀ ਥਾਂ ਹੋਵੇਗੀ ਜਿਹੜੀ 50 ਹੱਥ ਚੌੜੀ ਹੋਵੇਗੀ। ਪਵਿੱਤਰ ਖੇਤਰ ਵਿੱਚ ਤੁਸੀਂ 25,000 ਹੱਥ ਲੰਮੀ ਅਤੇ 10,000 ਹੱਥ ਚੌੜੀ ਥਾਂ ਨਾਪੋਗੇ: ਮੰਦਰ ਇਸ ਖੇਤਰ ਵਿੱਚ ਹੋਵੇਗਾ। ਮੰਦਰ ਦਾ ਖੇਤਰ ਅੱਤ ਪਵਿੱਤਰ ਸਥਾਨ ਹੋਵੇਗਾ।

“ਜ਼ਮੀਨ ਦਾ ਇਹ ਪਵਿੱਤਰ ਹਿੱਸਾ, ਜਾਜਕਾਂ, ਮੰਦਰ ਦੇ ਸੇਵਾਦਾਰਾਂ ਲਈ ਹੋਵੇਗਾ, ਜਿੱਥੇ ਉਹ ਯਹੋਵਾਹ ਦੀ ਸੇਵਾ ਕਰਨ ਲਈ ਨੇੜੇ ਆਉਣਗੇ। ਇਹ ਜਾਜਕਾਂ ਦੇ ਮਕਾਨਾਂ ਦੀ ਥਾਂ ਅਤੇ ਮੰਦਰ ਦਾ ਸਥਾਨ ਹੋਵੇਗਾ। ਇੱਕ ਹੋਰ 25,000 ਹੱਥ ਲੰਮਾ ਅਤੇ 10,000 ਹੱਥ ਚੌੜਾ ਸਥਾਨ ਲੇਵੀਆਂ ਲਈ ਹੋਵੇਗਾ ਜਿਹੜੇ ਮੰਦਰ ਵਿੱਚ ਆਪਣੇ ਅਧਿਕਾਰ ਕਾਰਣ ਸੇਵਾ ਕਰਦੇ ਹਨ। ਇਸ ਵਿੱਚ ਵੀਹ ਚੈਁਬਰ ਸ਼ਾਮਲ ਹੋਣੇ ਚਾਹੀਦੇ ਹਨ।

“ਅਤੇ ਤੁਸੀਂ ਸ਼ਹਿਰ ਨੂੰ ਇੱਕ 5,000 ਹੱਥ ਚੌੜਾ ਅਤੇ 25,000 ਹੱਥ ਲੰਮਾ ਖੇਤਰ ਦਿਓਗੇ। ਇਹ ਪਵਿੱਤਰ ਖੇਤਰ ਦੀ ਵੱਖੀ ਨਾਲ ਲਗਦਾ ਹੋਵੇਗਾ। ਇਹ ਇਸਰਾਏਲ ਦੇ ਸਾਰੇ ਪਰਿਵਾਰ ਲਈ ਹੋਵੇਗਾ। “ਹਾਕਮ ਕੋਲ ਪਵਿੱਤਰ ਖੇਤਰ ਦੇ ਦੋਹੀਁ ਪਾਸੀਁ ਅਤੇ ਸ਼ਹਿਰ ਵਾਲੀ ਜ਼ਮੀਨ ਦੀ ਜਗ੍ਹਾ ਹੋਵੇਗੀ। ਇਹ ਜ਼ਮੀਨ ਪਵਿੱਤਰ ਖੇਤਰ ਅਤੇ ਸ਼ਹਿਰ ਦੇ ਖੇਤਰ ਦੇ ਵਿੱਚਕਾਰ ਹੋਵੇਗੀ। ਇਹ ਉਨੀ ਹੀ ਚੌੜਾਈ ਵਾਲੀ ਹੋਵੇਗੀ ਜਿਹੜੀ ਕਿ ਕਿਸੇ ਪਰਿਵਾਰ-ਸਮੂਹ ਦੀ ਮਲਕੀਅਤ ਹੇਠਲੀ ਜ਼ਮੀਨ ਦੇ ਬਰਾਬਰ ਹੋਵੇਗੀ। ਇਹ ਧੁਰ ਪੱਛਮੀ ਸਰਹੱਦ ਤੋਂ ਲੈ ਕੇ ਪੂਰਬੀ ਸਰਹੱਦ ਤੀਕ ਜਾਵੇਗੀ। ਇਹ ਜ਼ਮੀਨ ਇਸਰਾਏਲ ਦੇ ਹਾਕਮ ਦੀ ਜੈਦਾਦ ਹੋਵੇਗੀ। ਇਸ ਲਈ ਹਾਕਮ ਨੂੰ ਮੇਰੇ ਬੰਦਿਆਂ ਦੀ ਜ਼ਿੰਦਗੀ ਨੂੰ ਹੋਰ ਵੱਧੇਰੇ ਕਠਿਨ ਨਹੀਂ ਬਣਾਵੇਗੀ। ਪਰ ਉਹ ਇਹ ਧਰਤੀ ਇਸਰਾਏਲੀਆਂ ਨੂੰ ਉਨ੍ਹਾਂ ਦੇ ਪਰਿਵਾਰ-ਸਮੂਹਾਂ ਲਈ ਦੇਣਗੇ।”

ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ, “ਬਸ ਬਹੁਤ ਹੋ ਚੁੱਕਿਆ, ਇਸਰਾਏਲ ਦੇ ਹਾਕਮੋ! ਜ਼ਾਲਮ ਬਨਣਾ ਅਤੇ ਲੋਕਾਂ ਤੋਂ ਚੀਜ਼ਾਂ ਚੁਰਾਉਣੀਆਂ ਛੱਡ ਦਿਓ! ਬੇਲਾਗ ਹੋਵੋ ਅਤੇ ਚੰਗੀਆਂ ਗੱਲਾਂ ਕਰੋ! ਮੇਰੇ ਬੰਦਿਆਂ ਨੂੰ ਉਨ੍ਹਾਂ ਦੇ ਘਰਾਂ ਵਿੱਚੋਂ ਬਾਹਰ ਕੱਢਣਾ ਛੱਡ ਦਿਓ!” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ:

10 “ਲੋਕਾਂ ਨਾਲ ਧੋਖਾ ਕਰਨਾ ਛੱਡ ਦਿਓ। ਸਹੀ ਤੱਕੜੀਆਂ ਅਤੇ ਵਟਿਆਂ ਦੀ ਵਰਤੋਂ ਕਰੋ! 11 ਏਫ਼ਾਹ (ਸੁੱਕਾ ਮਾਪ) ਅਤੇ ਬਬ (ਤਰਲ ਮਾਪ) ਇੱਕੋ ਨਾਪ ਦਾ ਹੋਣਾ ਚਾਹੀਦਾ ਹੈ। ਇੱਕ ਬਾਬ ਅਤੇ ਇੱਕ ਏਫਾ ਨੂੰ 1/10 ਹੋਮਰ ਦੇ ਬਰਾਬਰ ਹੋਣਾ ਚਾਹੀਦਾ ਹੈ। ਇਹ ਮਾਪ ਹੋਮਰ ਉੱਤੇ ਆਧਾਰਿਤ ਹੋਣਗੇ। 12 ਇੱਕ ਸ਼ੈਕਲ 20 ਗੇਰਾਹਾਂ ਦੇ ਬਰਾਬਰ ਹੋਣਾ ਚਾਹੀਦਾ ਹੈ। ਇੱਕ ਮੀਨਾ 60 ਸ਼ੈਕਲਾਂ ਦੇ ਬਰਾਬਰ ਹੋਣਾ ਚਾਹੀਦਾ ਹੈ। ਇਸ ਨੂੰ 20 ਸ਼ੈਕਲ ਜਮ੍ਹਾਂ 25 ਸ਼ੈਕਲ ਜਮ੍ਹਾਂ 15 ਸ਼ੈਕਲ ਹੋਣਾ ਚਾਹੀਦਾ ਹੈ।

13 “ਇਹ ਵਿਸ਼ੇਸ਼ ਭੇਟ ਹੈ ਜੋ ਤੁਹਾਨੂੰ ਅਵੱਸ਼ ਦੇਣੀ ਚਾਹੀਦੀ ਹੈ:

1/6 ਏਫਾ ਕਣਕ, ਹਰ ਹੋਮਰ ਕਣਕ ਲਈ;

1/6 ਏਫਾ ਜੌਁ, ਹਰ ਹੋਮਰ ਜੌਁ ਲਈ;

14 1/10 ਬਾਬ ਜੈਤੂਨ ਦਾ ਤੇਲ, ਜੈਤੂਨ ਦੇ ਤੇਲ ਦੇ ਹਰ ਕੋਰ ਲਈ ਯਾਦ ਰੱਖੋ।

(ਦਸ ਬਾਬ ਦਾ ਇੱਕ ਹੋਮਰ ਬਣਦਾ ਹੈ। ਯਾਦ ਰੱਖੋ: ਦਸ ਬਾਬ ਦਾ ਇੱਕ ਕੋਰ ਬਣਦਾ ਹੈ।)

15 ਅਤੇ ਇੱਕ ਭੇਡ ਹਰ 200 ਭੇਡਾਂ ਬਦਲੇ,

ਇਸਰਾਏਲ ਦੇ ਹਰ ਪਾਣੀ ਸੋਮਿਆਂ ਤੋਂ।

“ਇਹ ਖਾਸ ਭੇਟਾਂ, ਅਨਾਜ ਦੀਆਂ ਭੇਟਾਂ ਲਈ, ਹੋਮ ਦੀਆਂ ਭੇਟਾਂ ਲਈ ਅਤੇ ਸੁੱਖ-ਸਾਂਦ ਦੀਆਂ ਭੇਟਾਂ ਲਈ ਹਨ। ਇਹ ਭੇਟਾਂ ਲੋਕਾਂ ਲਈ ਪ੍ਰਾਸਚਿਤ ਕਰਨ ਲਈ ਹਨ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।

16 “ਦੇਸ ਦਾ ਹਰ ਵਿਅਕਤੀ ਇਸਰਾਏਲ ਦੇ ਹਾਕਮ ਨੂੰ ਇਹ ਭੇਟਾਂ ਦੇਵੇਗਾ। 17 ਪਰ ਹਾਕਮ ਨੂੰ ਖਾਸ ਪਵਿੱਤਰ ਦਿਨਾਂ ਲਈ ਲੋੜੀਁਦੀਆਂ ਚੀਜ਼ਾਂ ਦੇਣੀਆਂ ਚਾਹੀਦੀਆਂ ਹਨ। ਹਾਕਮ ਨੂੰ ਚਾਹੀਦਾ ਹੈ ਕਿ ਉਹ ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ ਅਤੇ ਦਾਵਤ ਦੇ ਦਿਨਾਂ ਲਈ ਪੀਣ ਦੀਆਂ ਭੇਟਾਂ, ਨਵੇਂ ਚਂਦ ਲਈ, ਸਬਤ ਲਈ ਅਤੇ ਇਸਰਾਏਲ ਦੇ ਪਰਿਵਾਰ ਦੀਆਂ ਸਾਰੀਆਂ ਖਾਸ ਦਾਵਤਾਂ ਲਈ, ਦੇਵੇ। ਹਾਕਮ ਨੂੰ ਚਾਹੀਦਾ ਹੈ ਕਿ ਉਹ ਸਾਰੇ ਪਾਪ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ, ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਵੇ। ਜਿਨ੍ਹਾਂ ਦੀ ਵਰਤੋਂ ਇਸਰਾਏਲ ਦੇ ਪਰਿਵਾਰ ਖਾਤਰ ਪ੍ਰਾਸਚਿਤ ਕਰਨ ਲਈ ਕੀਤੀ ਜਾਂਦੀ ਹੈ।”

18 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, “ਪਹਿਲੇ ਮਹੀਨੇ ਵਿੱਚ, ਮਹੀਨੇ ਦੀ ਪਹਿਲੀ ਤਾਰੀਖ ਨੂੰ ਤੁਸੀਂ ਇੱਕ ਦੋਸ਼ ਰਹਿਤ ਵਹਿੜਕਾ ਲਵੋਗੇ। ਤੁਹਾਨੂੰ ਉਸ ਵਹਿੜਕੇ ਦੀ ਵਰਤੋਂ ਮੰਦਰ ਤੋਂ ਪਾਪ ਦਾ ਪ੍ਰਭਾਵ ਹਟਾਉਣ ਲਈ ਕਰਨੀ ਚਾਹੀਦੀ ਹੈ। 19 ਜਾਜਕ ਪਾਪ ਦੀਆਂ ਭੇਟਾਂ ਤੋਂ ਕੁਝ ਖੂਨ ਲਵੇਗਾ ਅਤੇ ਇਸ ਨੂੰ ਮੰਦਰ ਦੀਆਂ ਦਹਿਲੀਜ਼ਾਂ ਅਤੇ ਜਗਵੇਦੀ ਦੇ ਕਿਂਗਰੇ ਦੇ ਚਹੁਂਆਂ ਕਿਨਾਰਿਆਂ, ਅਤੇ ਅੰਦਰਲੇ ਵਿਹੜੇ ਦੇ ਦਰਾਂ ਉੱਤੇ ਛਿੜਕੇਗਾ। 20 ਉਸ ਮਹੀਨੇ ਦੇ 7ਵੇਂ ਦਿਨ ਤੁਸੀਂ ਇਹੀ ਗੱਲ ਕਿਸੇ ਉਸ ਬੰਦੇ ਲਈ ਕਰੋਂਗੇ ਜਿਸ ਨੇ ਗ਼ਲਤੀ ਨਾਲ ਜਾਂ ਅਣਜਾਣਿਆਂ ਪਾਪ ਕੀਤਾ ਹੈ। ਇਸ ਤਰ੍ਹਾਂ ਤੁਸੀਂ ਮੰਦਰ ਨੂੰ ਲਈ ਪ੍ਰਾਸਚਿਤ ਕਰ ਦੇਵੋਂਗੇ।

ਪਸਹ ਦੀ ਦਾਵਤ ਦੌਰਾਨ ਭੇਟਾਂ

21 “ਪਹਿਲੇ ਮਹੀਨੇ ਦੇ 14ਵੇਂ ਦਿਨ ਤੁਹਾਨੂੰ ਪਸਹ ਦਾ ਜਸ਼ਨ ਜ਼ਰੂਰ ਮਨਾਉਣਾ ਚਾਹੀਦਾ ਹੈ। ਇਸ ਸਮੇਂ ਪਤੀਰੀ ਰੋਟੀ ਦਾ ਪਰਬ ਸ਼ੁਰੂ ਹੁੰਦਾ ਹੈ। ਇਹ ਤਿਉਹਾਰ ਸੱਤ ਦਿਨ ਜਾਰੀ ਰਹਿੰਦਾ ਹੈ। 22 ਉਸ ਸਮੇਂ ਹਾਕਮ ਆਪਣੇ ਲਈ ਅਤੇ ਇਸਰਾਏਲ ਦੇ ਸਾਰੇ ਲੋਕਾਂ ਲਈ ਵੱਛਾ ਭੇਟ ਕਰੇਗਾ। ਵੱਛਾ ਪਾਪ ਦੀਆਂ ਭੇਟਾਂ ਵਜੋਂ ਹੋਵੇਗਾ। 23 ਦਾਵਤ ਦੇ ਸੱਤਾਂ ਦਿਨਾਂ ਦੌਰਾਨ, ਹਾਕਮ ਸੱਤ ਦੋਸ਼ ਰਹਿਤ ਬਲਦ ਅਤੇ ਸੱਤ ਦੋਸ਼ ਰਹਿਤ ਭੇਡੂ ਭੇਟ ਕਰੇਗੀਆਂ। ਇਹ ਯਹੋਵਾਹ ਲਈ ਹੋਮ ਦੀਆਂ ਭੇਟਾਂ ਹੋਣਗੀਆਂ। ਹਾਕਮ, ਸੱਤਾਂ ਦਿਨਾਂ ਦੇ ਪਰਬ ਦੇ ਹਰ ਦਿਨ ਇੱਕ ਬਲਦ ਦੇਵੇਗਾ। ਅਤੇ ਉਹ ਹਰ ਰੋਜ਼ ਪਾਪ ਦੀਆਂ ਭੇਟਾਂ ਵਜੋਂ ਇੱਕ ਬੱਕਰਾ ਭੇਟ ਕਰੇਗਾ। 24 ਹਾਕਮ ਜੌਆਂ ਦਾ ਇੱਕ ੇਫਾ ਹਰ ਬਲਦ ਦੇ ਨਾਲ ਅਨਾਜ ਦੀ ਭੇਟ ਵਜੋਂ, ਅਤੇ ਜੌਆਂ ਦਾ ਇੱਕ ਇਫ਼ਾਹ ਹਰ ਭੇਡੂ ਦੇ ਨਾਲ ਭੇਟ ਕਰੇਗਾ। ਅਤੇ ਹਾਕਮ ਨੂੰ ਅਨਾਜ ਦੇ ਹਰੇਕ ਇਫ਼ਾਹ ਨਾਲ ਤੇਲ ਦਾ ਇੱਕ ਹੀਨ ਵੀ ਜ਼ਰੂਰ ਦੇਣਾ ਚਾਹੀਦਾ ਹੈ। 25 ਹਾਕਮ ਨੂੰ ਡੇਰਿਆਂ ਦੇ ਪਰਬ ਦੇ ਸੱਤਾਂ ਦਿਨਾਂ ਦੌਰਾਨ ਇਹੋ ਗੱਲ ਜ਼ਰੂਰ ਕਰਨੀ ਚਾਹੀਦੀ ਹੈ। ਇਹ ਤਿਉਹਾਰ 7 ਵੇਂ ਮਹੀਨੇ ਦੀ 15 ਵੇਂ ਦਿਨ ਨੂੰ ਸ਼ੁਰੂ ਹੁੰਦਾ ਹੈ। ਇਹ ਭੇਟਾਂ ਪਾਪ ਦੀਆਂ ਭੇਟਾਂ, ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ ਅਤੇ ਤੇਲ ਦੀਆਂ ਭੇਟਾਂ ਹੋਣਗੀਆਂ।”

Punjabi Bible: Easy-to-Read Version (ERV-PA)

2010 by World Bible Translation Center