Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 55

ਨਿਰਦੇਸ਼ਕ ਲਈ: ਸਾਜਾਂ ਨਾਲ ਦਾਊਦ ਦਾ ਇੱਕ ਭੱਗਤੀ ਗੀਤ।

55 ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਸੁਣ।
    ਕਿਰਪਾ ਕਰਕੇ ਦਯਾ ਲਈ ਮੇਰੀ ਪ੍ਰਾਰਥਨਾ ਨੂੰ ਅਣਡਿਠ ਨਾ ਕਰੋ।
ਹੇ ਪਰਮੇਸ਼ੁਰ, ਕਿਰਪਾ ਕਰਕੇ ਮੇਰੀ ਪ੍ਰਾਰਥਨਾ ਨੂੰ ਸੁਣੋ ਅਤੇ ਜਵਾਬ ਦਿਉ।
    ਮੈਨੂੰ ਤੁਹਾਡੇ ਨਾਲ ਗੱਲ ਕਰਨ ਦਿਉ ਅਤੇ ਤੁਹਾਨੂੰ ਆਪਣੀਆਂ ਸ਼ਿਕਾਇਤਾਂ ਦੱਸਣ ਦਿਉ।
ਮੇਰੇ ਵੈਰੀਆਂ ਨੇ ਮੈਨੂੰ ਮੰਦਾ ਆਖਿਆ।
    ਉਹ ਬਦਚਲਣ ਬੰਦਾ ਮੇਰੇ ਉੱਤੇ ਚੀਕਿਆ।
ਮੇਰੇ ਵੈਰੀ ਕ੍ਰੋਧ ਵਿੱਚ ਸਨ ਅਤੇ ਉਨ੍ਹਾਂ ਨੇ ਮੇਰੇ ਉੱਤੇ ਹਮਲਾ ਕੀਤਾ।
    ਉਨ੍ਹਾਂ ਨੇ ਮੇਰੇ ਉੱਤੇ ਮੁਸੀਬਤਾਂ ਦੇ ਪਹਾੜ ਲਿਆਂਦੇ।
ਮੇਰਾ ਦਿਲ ਮੇਰੇ ਅੰਦਰ ਬੁਰੀ ਤਰ੍ਹਾਂ ਧੜਕ ਰਿਹਾ ਹੈ।
    ਮੈਂ ਮੌਤ ਕੋਲੋਂ ਸਹਿਮ ਗਿਆ ਹਾਂ।
ਮੈਂ ਸਹਿਮਿਆ ਹਾਂ ਅਤੇ ਕੰਬ ਰਿਹਾ ਹਾਂ।
    ਮੈਂ ਭੈਭੀਤ ਹਾਂ।
ਹਾਏ, ਜੇ ਕਿਧਰੇ ਮੇਰੇ ਕਬੂਤਰੀ ਵਾਂਗ ਖੰਭ ਹੁੰਦੇ।
    ਮੈਂ ਦੂਰ ਉੱਡ ਜਾਂਦਾ ਅਤੇ ਸੱਕੂਨ ਲਈ ਥਾਂ ਲੱਭ ਲੈਂਦਾ।
    ਮੈਂ ਦੂਰ ਬਹੁਤ ਦੂਰ ਮਾਰੂਥਲ ਅੰਦਰ ਚੱਲਿਆ ਜਾਂਦਾ।

ਮੈਂ ਦੌੜ ਜਾਂਦਾ ਮੈਂ ਬਚ ਨਿਕਲਦਾ
    ਮੈਂ ਮੁਸੀਬਤਾਂ ਦੇ ਇਸ ਤੂਫ਼ਾਨ ਤੋਂ ਦੂਰ ਨੱਸ ਜਾਂਦਾ।
ਮੇਰੇ ਮਾਲਕ ਇਨ੍ਹਾਂ ਦੇ ਝੂਠ ਨੂੰ ਰੋਕੋ।
    ਮੈਂ ਇਸ ਸ਼ਹਿਰ ਅੰਦਰ ਹਿੰਸਾ ਅਤੇ ਲੜਾਈ ਦੇਖਦਾ ਹਾਂ।
10 ਰਾਤ ਦਿਨ ਹਰ ਇਲਾਵੇ ਵਿੱਚ ਸ਼ਹਿਰ,
    ਜ਼ੁਰਮ ਅਤੇ ਬਦਨਾਮੀ ਨਾਲ ਭਰਿਆ ਪਿਆ ਹੈ।
11 ਮੁਹੱਲਿਆਂ ਵਿੱਚ ਬਹੁਤ ਹੀ ਜੁਰਮ ਹੁੰਦਾ ਹੈ।
    ਲੋਕ ਹਰ ਥਾਂ ਝੂਠ ਬੋਲਦੇ ਹਨ ਅਤੇ ਧੋਖਾ ਦਿੰਦੇ ਹਨ।

12 ਜੇ ਕੋਈ ਵੈਰੀ ਮੇਰੀ ਬੇਇੱਜ਼ਤੀ ਕਰਨ ਵਾਲਾ ਹੁੰਦਾ,
    ਮੈਂ ਬਰਦਾਸ਼ਤ ਕਰ ਸੱਕਦਾ ਹਾਂ।
ਜੇ ਵੈਰੀ ਮੇਰੇ ਉੱਪਰ ਹਮਲਾਵਰ ਹੁੰਦੇ
    ਮੈਂ ਛੁਪ ਸੱਕਦਾ ਸਾਂ।
13 ਪਰ ਇਹ ਤਾਂ ਤੁਸੀਂ ਹੋ, ਮੇਰੇ ਸਾਥੀ ਮੇਰੇ ਸਹਿਯੋਗੀ ਮੇਰੇ ਮਿੱਤਰ,
    ਤੁਸੀਂ ਹੀ ਮੈਨੂੰ ਤਕਲੀਫ਼ਾਂ ਦੇ ਰਹੇ ਹੋ।
14 ਅਸੀਂ ਇੱਕ ਦੂਸਰੇ ਨਾਲ ਭੇਤ ਸਾਂਝੇ ਕਰਦੇ ਹੁੰਦੇ ਸਾਂ,
    ਜਦੋਂ ਅਸੀਂ ਭੀੜਾਂ ਵਿੱਚ ਤੁਰਕੇ ਇਕੱਠੇ ਪਰਮੇਸ਼ੁਰ ਦੇ ਮੰਦਰ ਵੱਲ ਜਾਂਦੇ ਸਾਂ।

15 ਮੈਂ ਚਾਹੁੰਦਾ ਹਾਂ ਕਿ ਮੌਤ ਮੇਰੇ ਵੈਰੀਆਂ ਨੂੰ ਹੈਰਾਨ ਕਰ ਦੇਵੇ।
    ਮੈਂ ਚਾਹੁੰਦਾ ਹਾਂ ਕਿ ਧਰਤੀ ਦਾ ਮੂੰਹ ਖੁਲ੍ਹ ਜਾਵੇ ਅਤੇ ਉਹ ਉਨ੍ਹਾਂ ਨੂੰ ਜਿਉਂਦਿਆਂ ਨਿਗਲ ਲਵੇ।
    ਕਿਉਂਕਿ ਉਹ ਇਕੱਠੇ ਅਜਿਹੀਆਂ ਭਿਆਨਕ ਗੱਲਾਂ ਦੀਆਂ ਵਿਉਂਤਾਂ ਬਣਾਉਂਦੇ ਹਨ,

16 ਮੈਂ ਪਰਮੇਸ਼ੁਰ ਨੂੰ ਸਹਾਇਤਾ ਲਈ ਬੁਲਾਵਾਂਗਾ,
    ਯਹੋਵਾਹ ਮੈਨੂੰ ਉੱਤਰ ਦੇਵੇਗਾ।
17 ਮੈਂ ਪਰਮੇਸ਼ੁਰ ਨਾਲ ਸ਼ਾਮ, ਸਵੇਰੇ ਅਤੇ ਦੁਪਿਹਰ ਨੂੰ ਗੱਲ ਕਰਦਾ ਹਾਂ।
    ਮੈਂ ਉਸ ਨੂੰ ਆਪਣੀ ਤਕਲੀਫ਼ ਬਾਰੇ ਦੱਸਦਾ ਹਾਂ, ਅਤੇ ਉਹ ਮੇਰੀ ਗੱਲ ਸੁਣਦਾ ਹੈ।
18 ਮੈਂ ਬਹੁਤ ਲੜਾਈਆਂ ਵਿੱਚ ਲੜਿਆ ਹਾਂ।
    ਪਰ ਪਰਮੇਸ਼ੁਰ ਨੇ ਸਦਾ ਮੈਨੂੰ ਬਚਾਇਆ ਹੈ ਅਤੇ ਸੁਰੱਖਿਅਤ ਵਾਪਸ ਲਿਆਂਦਾ ਹੈ।
19 ਪਰਮੇਸ਼ੁਰ ਮੇਰੀ ਗੱਲ ਸੁਣਦਾ ਹੈ।
    ਸਦੀਵੀ ਰਾਜਾ ਮੇਰੀ ਸਹਾਇਤਾ ਕਰੇਗਾ।

ਮੇਰੇ ਵੈਰੀ ਆਪਣਾ ਜੀਵਨ ਢੰਗ ਨਹੀਂ ਬਦਲਣਗੇ,
    ਉਹ ਪਰਮੇਸ਼ੁਰ ਕੋਲੋਂ ਨਹੀਂ ਡਰਨਗੇ ਅਤੇ ਨਾ ਆਦਰ ਕਰਨਗੇ।
20 ਮੇਰੇ ਵੈਰੀਆਂ ਨੇ ਆਪਣੇ ਹੀ ਦੋਸਤਾਂ ਉੱਪਰ ਹਮਲਾ ਕੀਤਾ।
    ਉਹ ਉਹੋਂ ਗੱਲਾਂ ਨਹੀਂ ਕਰਦੇ ਜਿਨ੍ਹਾਂ ਬਾਰੇ ਉਹ ਸਹਿਮਤ ਹੁੰਦੇ ਹਨ।
21 ਮੇਰੇ ਵੈਰੀ ਅਸਲ ਵਿੱਚ ਬਹੁਤ ਖੁਸ਼ਾਮਦੀ ਗਾਲੜੀ ਹਨ, ਉਹ ਸ਼ਾਂਤੀ ਬਾਰੇ ਗੱਲਾਂ ਕਰਦੇ ਹਨ,
    ਪਰ ਅਸਲੀਅਤ ਵਿੱਚ ਉਹ ਯੁੱਧ ਲਈ ਵਿਉਂਤਾਂ ਘੜਦੇ ਹਨ।
ਉਨ੍ਹਾਂ ਦੇ ਸ਼ਬਦ ਤੇਲ ਵਰਗੇ ਹਨ ਚਿਕਨੇ ਹਨ
    ਪਰ ਉਹ ਸ਼ਬਦ ਚਾਕੂ ਵਾਂਗ ਹਮਲਾ ਕਰਦੇ ਹਨ।

22 ਆਪਣੇ ਫ਼ਿਕਰ ਯਹੋਵਾਹ ਨੂੰ ਸੌਂਪ ਦਿਉ
    ਅਤੇ ਉਹ ਤੁਹਾਡਾ ਧਿਆਨ ਰੱਖੇਗਾ।
    ਯਹੋਵਾਹ ਕਦੀ ਵੀ ਚੰਗੇ ਲੋਕਾਂ ਨੂੰ ਹਾਰਨ ਨਹੀਂ ਦੇਵੇਗਾ।

23 ਹੇ ਪਰਮੇਸ਼ੁਰ, ਆਪਣੇ ਕਰਾਰ ਦੇ ਮੁਤਾਬਕ,
    ਤੂੰ ਉਨ੍ਹਾਂ ਝੂਠਿਆਂ ਅਤੇ ਕਾਤਲਾਂ ਨੂੰ ਉਨ੍ਹਾਂ ਦੀ ਅੱਧੀ ਜ਼ਿੰਦਗੀ ਮੁੱਕਣ ਤੋਂ ਵੀ ਪਹਿਲਾਂ ਹੀ ਕਬਰਾਂ ਵਿੱਚ ਭੇਜ।
ਜਿੱਥੇ ਤੱਕ ਮੇਰਾ ਸਵਾਲ ਹੈ ਮੈਨੂੰ ਤੇਰੇ ਉੱਤੇ ਭਰੋਸਾ ਹੈ ਕਿ ਤੂੰ ਮੈਨੂੰ ਬਚਾਵੇਗਾ।

ਜ਼ਬੂਰ 138:1-139:23

ਦਾਊਦ ਦਾ ਇੱਕ ਗੀਤ।

138 ਹੇ ਪਰਮੇਸ਼ੁਰ, ਮੈਂ ਪੂਰੇ ਦਿਲ ਨਾਲ ਤੇਰੀ ਉਸਤਤਿ ਕਰਦਾ ਹਾਂ।
    ਮੈਂ ਸਾਰੇ ਦੇਵਤਿਆ ਸਾਹਮਣੇ ਤੇਰੇ ਗੀਤ ਗਾਵਾਂਗਾ।
ਹੇ ਪਰਮੇਸ਼ੁਰ, ਮੈਂ ਤੇਰੇ ਪਵਿੱਤਰ ਮੰਦਰ ਨੂੰ ਸਿਜਦਾ ਕਰਦਾ ਹਾਂ।
    ਮੈਂ ਤੇਰੇ ਨਾਮ ਦੀ, ਤੇਰੇ ਸੱਚੇ ਪਿਆਰ ਦੀ, ਅਤੇ ਤੇਰੀ ਵਫ਼ਾਦਾਰੀ ਦੀ ਉਸਤਤਿ ਕਰਦਾ ਹਾਂ।
ਤੂੰ ਆਪਣੇ ਸ਼ਬਦ ਦੀ ਸ਼ਕਤੀ ਲਈ ਮਸ਼ਹੂਰ ਹੈਂ ਹੁਣ ਤੂੰ ਇਸ ਨੂੰ ਹੋਰ ਵੀ ਮਹਾਨ ਬਣਾ ਦਿੱਤਾ ਹੈ।
ਹੇ ਪਰਮੇਸ਼ੁਰ, ਮੈਂ ਤੈਨੂੰ ਮਦਦ ਲਈ ਪੁਕਾਰਿਆ।
    ਅਤੇ ਤੁਸੀਂ ਮੈਨੂੰ ਉੱਤਰ ਦਿੱਤਾ! ਤੁਸੀਂ ਮੈਨੂੰ ਸ਼ਕਤੀ ਦਿੱਤੀ।

ਯਹੋਵਾਹ, ਧਰਤੀ ਦੇ ਸਾਰੇ ਰਾਜੇ ਤੁਹਾਡੀ ਉਸਤਤਿ ਕਰਨਗੇ।
    ਜਦੋਂ ਜੋ ਤੁਸੀਂ ਆਖੋਂਗੇ ਉਹ ਸੁਣਨਗੇ।
ਉਹ ਯਹੋਵਾਹ ਦੇ ਰਸਤੇ ਬਾਰੇ ਗਾਉਣਗੇ।
    ਕਿਉਂਕਿ ਯਹੋਵਾਹ ਦੀ ਮਹਿਮਾ ਬਹੁਤ ਮਹਾਨ ਹੈ।
ਪਰਮੇਸ਼ੁਰ ਬਹੁਤ ਮਹੱਤਵਪੂਰਣ ਹੈ।
    ਪਰ ਫ਼ੇਰ ਵੀ ਉਹ ਨਿਮਾਣੇ ਲੋਕਾਂ ਦੀ ਪਾਲਣਾ ਕਰਦਾ ਹੈ।
ਜੋ ਗੁਮਾਨੀ ਲੋਕ ਕਰਦੇ ਹਨ ਉਹ ਜਾਣਦਾ ਹੈ।
    ਪਰ ਉਹ ਉਨ੍ਹਾਂ ਤੋਂ ਦੂਰ ਰਹਿੰਦਾ ਹੈ।
ਹੇ ਪਰਮੇਸ਼ੁਰ, ਜੇ ਮੈਂ ਮੁਸੀਬਤਾਂ ਵਿੱਚ ਹੋਵਾਂ ਤਾਂ ਮੈਨੂੰ ਜਿੰਦਾ ਰੱਖੀਂ।
    ਜੋ ਮੇਰੇ ਦੁਸ਼ਮਣ ਮੇਰੇ ਉੱਤੇ ਕ੍ਰੋਧਵਾਨ ਹੋਣ ਤਾਂ ਮੈਨੂੰ ਉਨ੍ਹਾਂ ਕੋਲੋਂ ਬਚਾਈ।
ਯਹੋਵਾਹ, ਮੈਨੂੰ ਉਹ ਚੀਜ਼ਾਂ ਦੇਵੋ ਜਿਨ੍ਹਾਂ ਦਾ ਤੁਸੀਂ ਇਕਰਾਰ ਕੀਤਾ ਸੀ।
    ਯਹੋਵਾਹ, ਤੁਹਾਡਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਯਹੋਵਾਹ, ਤੁਸੀਂ ਸਾਨੂੰ ਸਾਜਿਆ, ਇਸ ਲਈ ਸਾਨੂੰ ਨਾ ਛੱਡੋ।

ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ।

139 ਯਹੋਵਾਹ, ਤੁਸੀਂ ਮੈਨੂੰ ਪਰੱਖਿਆ ਸੀ।
    ਤੁਸੀਂ ਮੇਰੇ ਬਾਰੇ ਸਭ ਕੁਝ ਜਾਣਦੇ ਹੋ।
ਤੁਸੀਂ ਜਾਣਦੇ ਹੋ ਮੈਂ ਕਦੋਂ ਬੈਠਦਾ ਹਾਂ ਅਤੇ ਕਦੋਂ ਉੱਠਦਾ ਹਾਂ।
    ਤੁਸੀਂ ਦੂਰੋ ਹੀ ਮੇਰੇ ਵਿੱਚਾਰ ਜਾਣਦੇ ਹੋ।
ਯਹੋਵਾਹ, ਤੁਸੀਂ ਮੈਨੂੰ ਜਾਣਦੇ ਹੋ ਮੈਂ ਕਿੱਥੇ ਜਾ ਰਿਹਾ ਹਾਂ।
    ਅਤੇ ਮੈਂ ਕਦੋਂ ਲੇਟਿਆ ਹੁੰਦਾ ਹਾਂ।
    ਤੁਸੀਂ ਸਭ ਕੁਝ ਜਾਣਦੇ ਹੋ ਜੋ ਮੈਂ ਕਰਦਾ ਹਾਂ।
ਯਹੋਵਾਹ, ਤੁਸੀਂ ਮੇਰੇ ਮੂੰਹ ਵਿੱਚੋਂ
    ਸ਼ਬਦ ਨਿਕਲਣ ਤੋਂ ਵੀ ਪਹਿਲਾ ਚਾਰ-ਚੁਫ਼ੇਰੇ ਹੋ।
ਯਹੋਵਾਹ, ਤੁਸੀਂ ਮੇਰੇ ਚਾਰ-ਚੁਫ਼ੇਰੇ, ਸਾਹਮਣੇ ਅਤੇ ਮੇਰੇ ਪਿੱਛੇ ਹੋ।
    ਤੁਸੀਂ ਹੌਲੀ ਜਿਹਾ ਆਪਣਾ ਹੱਥ ਮੇਰੇ ਉੱਤੇ ਰੱਖਦੇ ਹੋ।
ਮੈਂ ਹੈਰਾਨ ਹਾ ਕਿ ਤੁਸੀਂ ਕੀ ਕੁਝ ਜਾਣਦੇ ਹੋ।
    ਮੇਰੇ ਲਈ ਇਸ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ।
ਤੁਹਾਡੀ ਆਤਮਾ ਹਰ ਥਾਂ ਹੁੰਦੀ ਹੈ ਜਿੱਥੇ ਵੀ ਮੈਂ ਜਾਂਦਾ ਹਾਂ।
    ਯਹੋਵਾਹ, ਮੈਂ ਤੁਹਾਡੇ ਕੋਲੋਂ ਨਹੀਂ ਬਚ ਸੱਕਦਾ।
ਯਹੋਵਾਹ, ਜੇ ਮੈਂ ਸਵਰਗ ਵਿੱਚ ਜਾਂਦਾ ਹਾਂ ਤੁਸੀਂ ਉੱਥੇ ਹੁੰਦੇ ਹੋ।
    ਜੇ ਮੈਂ ਹੇਠਾਂ ਮ੍ਰਿਤੂ ਲੋਕ ਵਿੱਚ ਜਾਂਦਾ ਹਾਂ, ਤੁਸੀਂ ਉੱਥੇ ਹੁੰਦੇ ਹੋ।
ਯਹੋਵਾਹ, ਜੇ ਮੈਂ ਪੂਰਬ ਵਿੱਚ ਜਾਂਦਾ ਹਾਂ, ਜਿੱਥੇ ਸੂਰਜ ਉੱਗਦਾ ਹੈ। ਤੁਸੀਂ ਉੱਥੇ ਹੁੰਦੇ ਹੋ।
    ਜੇ ਮੈਂ ਸਮੁੰਦਰ ਵੱਲ ਪੱਛਮ ਵਿੱਚ ਜਾਂਦਾ ਹਾਂ ਤੁਸੀਂ ਉੱਥੇ ਹੁੰਦੇ ਹੋ।
10 ਉੱਥੇ ਵੀ ਤੁਹਾਡਾ ਸੱਜਾ ਹੱਥ ਮੈਨੂੰ ਫ਼ੜ ਲੈਂਦਾ ਹੈ।
    ਅਤੇ ਤੁਸੀਂ ਹੱਥ ਰਾਹੀ ਮੇਰੀ ਅਗਵਾਈ ਕਰਦੇ ਹੋ।

11 ਯਹੋਵਾਹ, ਭਾਵੇਂ ਮੈਂ ਤੁਹਾਡੇ ਕੋਲੋਂ ਛੁਪਣ ਦੀ ਕੋਸ਼ਿਸ਼ ਕਰਾਂ ਅਤੇ ਆਖਾਂ,
    “ਦਿਨ ਰਾਤ ਵਿੱਚ ਬਦਲ ਗਿਆ ਹੈ।
    ਅਵੱਸ਼ ਹੀ ਹਨੇਰਾ ਮੈਨੂੰ ਛੁਪਾ ਲਵੇਗਾ।”
12 ਪਰ ਹਨੇਰਾ ਵੀ ਤੁਹਾਡੇ ਲਈ ਹਨੇਰਾ ਨਹੀਂ ਹੈ, ਯਹੋਵਾਹ।
    ਰਾਤ ਤੁਹਾਡੇ ਲਈ ਦਿਨ ਵਾਂਗ ਹੀ ਚਮਕਦੀ ਹੈ।
13 ਤੁਸੀਂ ਮੇਰੇ ਅੰਗਾ ਨੂੰ ਇੱਕਸਾਥ ਬੁਣਿਆ ਅਤੇ ਮਾਸ ਨਾਲ ਢੱਕਿਆ
    ਜਦੋਂ ਕਿ ਮੈਂ ਅਜੇ ਆਪਣੀ ਮਾਤਾ ਦੇ ਗਰਭ ਵਿੱਚ ਸਾਂ।
14 ਯਹੋਵਾਹ, ਮੈਂ ਤੁਹਾਡੀ ਉਸਤਤਿ ਕਰਦਾ ਹਾਂ!
    ਤੁਸੀਂ ਮੈਨੂੰ ਅਜੀਬ ਢੰਗ ਨਾਲ ਬਣਾਇਆ।
ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਜੋ ਕੁਝ ਵੀ ਤੁਸੀਂ ਕੀਤਾ।
    ਇਹ ਬਹੁਤ ਅਦਭੁਤ ਹੈ।

15 ਤੁਸੀਂ ਮੇਰੇ ਬਾਰੇ ਸਭ ਕੁਝ ਜਾਣਦੇ ਹੋ।
ਤੁਸੀਂ ਮੇਰੀਆਂ ਹੱਡੀਆਂ ਨੂੰ ਵੱਧਦਿਆਂ ਵੇਖਿਆ ਹੈ,
    ਜਦੋਂ ਹਾਲੇ ਮੈਂ ਮਾਂ ਦੇ ਗਰਭ ਵਿੱਚ ਛੁਪਿਆ ਹੋਇਆ ਮੇਰਾ ਸ਼ਰੀਰ ਰੂਪ ਧਾਰ ਰਿਹਾ ਸੀ।
16 ਤੁਸੀਂ ਮੇਰੇ ਸ਼ਰੀਰ ਦੇ ਅੰਗਾ ਨੂੰ ਵੱਧਦਿਆਂ ਵੇਖਿਆ ਹੈ।
ਤੁਸੀਂ ਉਨ੍ਹਾਂ ਸਾਰਿਆ ਨੂੰ ਆਪਣੀ ਕਿਤਾਬ ਅੰਦਰ ਦਰਜ ਕਰ ਲਿਆ।
    ਤੁਸੀਂ ਮੈਨੂੰ ਹਰ-ਰੋਜ਼ ਵੇਖਿਆ ਉਨ੍ਹਾਂ ਵਿੱਚੋਂ ਕੋਈ ਵੀ ਗੁੰਮ ਨਹੀਂ ਹੈ।
17 ਮੇਰੇ ਲਈ ਤੁਹਾਡੇ ਵਿੱਚਾਰ ਮਹੱਤਵਪੂਰਣ ਹਨ।
    ਹੇ ਪਰਮੇਸ਼ੁਰ, ਤੁਸੀਂ ਇੰਨਾ ਜਾਣਦੇ ਹੋ!
18 ਜੇ ਕਿਤੇ ਮੈਂ ਉਨ੍ਹਾਂ ਦੀ ਗਿਣਤੀ ਕਰ ਸੱਕਦਾ।
    ਉਹ ਸਾਰੇ ਰੇਤ ਦੇ ਕਣਾਂ ਨਾਲੋ ਵੀ ਵੱਧੇਰੇ ਹੁੰਦੇ।

19 ਹੇ ਪਰਮੇਸ਼ੁਰ, ਬਦ ਲੋਕਾਂ ਨੂੰ ਮਾਰ ਮੁਕਾਉ।
ਉਨ੍ਹਾਂ ਕਾਤਿਲਾਂ ਨੂੰ ਮੇਰੇ ਕੋਲੋਂ ਦੂਰ ਲੈ ਜਾਵੋ।
20     ਉਹ ਬਦ ਲੋਕ ਤੁਹਾਡੇ ਬਾਰੇ ਮੰਦਾ ਬੋਲਦੇ ਹਨ।
    ਉਹ ਤੁਹਾਡੇ ਨਾਮ ਬਾਰੇ ਮੰਦਾ ਬੋਲਦੇ ਹਨ।
21 ਯਹੋਵਾਹ, ਮੈਂ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦਾ ਹਾਂ ਜੋ ਤੁਹਾਨੂੰ ਨਫ਼ਰਤ ਕਰਦੇ ਹਨ।
    ਮੈਂ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦਾ ਹਾਂ ਜਿਹੜੇ ਤੁਹਾਡੇ ਖਿਲਾਫ਼ ਹੋ ਜਾਂਦੇ ਹਨ।
22 ਮੈਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਫ਼ਰਤ ਕਰਦਾ ਹਾਂ।
    ਤੁਹਾਡੇ ਦੁਸ਼ਮਣ ਮੇਰੇ ਵੀ ਦੁਸ਼ਮਣ ਹਨ।
23 ਯਹੋਵਾਹ, ਮੇਰੇ ਵੱਲ ਵੇਖੋ ਅਤੇ ਮੇਰੇ ਦਿਲ ਦੀਆਂ ਬੁੱਝ ਲਵੋ।
    ਮੇਰੀ ਪਰੱਖ ਕਰੋ ਅਤੇ ਮੇਰੇ ਵਿੱਚਾਰ ਜਾਣ ਲਵੋ।

ਯਹੋਸ਼ੁਆ 23

ਯਹੋਸ਼ੁਆ ਲੋਕਾਂ ਨੂੰ ਹੌਂਸਲਾ ਦਿੰਦਾ ਹੈ

23 ਯਹੋਵਾਹ ਨੇ ਇਸਰਾਏਲ ਨੂੰ ਉਨ੍ਹਾਂ ਦੇ ਆਲੇ-ਦੁਆਲੇ ਦੇ ਦੁਸ਼ਮਣਾਂ ਤੋਂ ਸ਼ਾਂਤੀ ਪ੍ਰਦਾਨ ਕੀਤੀ। ਯਹੋਵਾਹ ਨੇ ਇਸਰਾਏਲ ਨੂੰ ਸੁਰੱਖਿਅਤ ਬਣਾਇਆ। ਬਹੁਤ ਵਰ੍ਹੇ ਗੁਜ਼ਰ ਗਏ, ਅਤੇ ਯਹੋਸ਼ੁਆ ਬਹੁਤ ਬਿਰਧ ਹੋ ਗਿਆ। ਇਸ ਵੇਲੇ ਯਹੋਸ਼ੁਆ ਨੇ ਸਾਰੇ ਪੁਰਾਣੇ ਆਗੂਆਂ, ਪਰਿਵਾਰਾਂ ਦੇ ਮੁਖੀਆਂ, ਜੱਜਾਂ ਅਤੇ ਇਸਰਾਏਲ ਦੇ ਲੋਕਾਂ ਦੇ ਅਧਿਕਾਰੀਆਂ ਦੀ ਇਕੱਤ੍ਰਤਾ ਸੱਦੀ। ਯਹੋਸ਼ੁਆ ਨੇ ਆਖਿਆ, “ਮੈਂ ਬਹੁਤ ਬਿਰਧ ਹੋ ਗਿਆ ਹਾਂ। ਤੁਸੀਂ ਉਹ ਗੱਲਾਂ ਦੇਖੀਆਂ ਹਨ ਜਿਹੜੀਆਂ ਯਹੋਵਾਹ ਨੇ ਸਾਡੇ ਦੁਸ਼ਮਣਾ ਨਾਲ ਕੀਤੀਆਂ ਸਨ। ਉਸ ਨੇ ਅਜਿਹਾ ਸਾਡੀ ਸਹਾਇਤਾ ਕਰਨ ਲਈ ਕੀਤਾ। ਪਰਮੇਸ਼ੁਰ ਤੁਹਾਡਾ ਯਹੋਵਾਹ ਤੁਹਾਡੇ ਲਈ ਲੜਿਆ। ਯਾਦ ਕਰੋ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਤੁਹਾਡੇ ਲੋਕ ਯਰਦਨ ਨਦੀ ਅਤੇ ਵੱਡੇ ਸਾਗਰ ਵਿੱਚਲੀ ਧਰਤੀ ਲੈ ਸੱਕਦੇ ਹਨ। ਮੈਂ ਤੁਹਾਨੂੰ ਉਹ ਧਰਤੀ ਦੇਣ ਦਾ ਇਕਰਾਰ ਕੀਤਾ ਸੀ ਪਰ ਤੁਸੀਂ ਹਾਲੇ ਇਸ ਉੱਤੇ ਅਧਿਕਾਰ ਨਹੀਂ ਰੱਖਦੇ। ਪਰ ਯਹੋਵਾਹ ਤੁਹਾਡਾ ਪਰਮੇਸ਼ੁਰ ਉੱਥੇ ਰਹਿਣ ਵਾਲੇ ਬੰਦਿਆਂ ਨੂੰ ਉਹ ਥਾਂ ਛੱਡਣ ਲਈ ਮਜ਼ਬੂਰ ਕਰ ਦੇਵੇਗਾ। ਤੁਸੀਂ ਉਹ ਧਰਤੀ ਹਾਸਿਲ ਕਰ ਲਵੋਂਗੇ। ਯਹੋਵਾਹ ਉੱਥੇ ਰਹਿਣ ਵਾਲਿਆਂ ਨੂੰ ਜਾਣ ਲਈ ਮਜ਼ਬੂਰ ਕਰ ਦੇਵੇਗਾ। ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਲਈ ਅਜਿਹਾ ਕਰਨ ਦਾ ਇਕਰਾਰ ਕੀਤਾ ਸੀ।

“ਤੁਹਾਨੂੰ ਆਪਣੇ ਫ਼ੈਸਲੇ ਨੂੰ ਮਜ਼ਬੂਤ ਕਰਨਾ ਚਾਹੀਦਾ ਅਤੇ ਉਹ ਸਭ ਕੁਝ ਮੰਨਣਾ ਅਤੇ ਕਰਨਾ ਚਾਹੀਦਾ ਜੋ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ। ਉਸ ਬਿਧੀ ਤੋਂ ਸੱਜੇ ਜਾਂ ਖੱਬੇ ਨਾ ਮੁੜੋ। ਹਾਲੇ ਵੀ ਸਾਡੇ ਦਰਮਿਆਨ ਰਹਿਣ ਵਾਲੇ ਕੁਝ ਲੋਕ ਅਜਿਹੇ ਹਨ ਜਿਹੜੇ ਇਸਰਾਏਲ ਦੇ ਲੋਕ ਨਹੀਂ ਹਨ। ਉਹ ਲੋਕ ਆਪਣੇ ਦੇਵਤਿਆਂ ਦੀ ਉਪਾਸਨਾ ਕਰਦੇ ਹਨ। ਉਨ੍ਹਾਂ ਲੋਕਾਂ ਨਾਲ ਦੋਸਤੀ ਨਾ ਕਰੋ। ਉਨ੍ਹਾਂ ਦੇ ਦੇਵਤਿਆਂ ਦੀ ਸੇਵਾ ਜਾਂ ਉਪਾਸਨਾ ਨਾ ਕਰੋ। ਉਨ੍ਹਾਂ ਦੇ ਨਾਮ ਵੀ ਨਾ ਉਚਾਰੋ ਅਤੇ ਉਨ੍ਹਾਂ ਦੇ ਨਾਵਾਂ ਦੀ ਸੌਂਹ ਨਾ ਖਾਵੋ ਅਤੇ ਉਨ੍ਹਾਂ ਦੀ ਉਪਾਸਨਾ ਜਾਂ ਉਨ੍ਹਾਂ ਦੇ ਅੱਗੇ ਨਾ ਝੁਕੋ। ਤੁਹਾਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਪਿੱਛੇ ਲੱਗੇ ਰਹਿਣਾ ਚਾਹੀਦਾ ਹੈ। ਤੁਸੀਂ ਅਤੀਤ ਵਿੱਚ ਅਜਿਹਾ ਕੀਤਾ ਸੀ ਅਤੇ ਤੁਹਾਨੂੰ ਚਾਹੀਦਾ ਹੈ ਕਿ ਅਜਿਹਾ ਹੀ ਕਰਦੇ ਰਹੋ।

“ਯਹੋਵਾਹ ਨੇ ਬਹੁਤ ਸਾਰੀਆਂ ਮਹਾਨ ਅਤੇ ਤਾਕਤਵਰ ਕੌਮਾਂ ਨੂੰ ਹਰਾਉਣ ਵਿੱਚ ਤੁਹਾਡੀ ਸਹਾਇਤਾ ਕੀਤੀ ਸੀ, ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਜਾਣ ਲਈ ਮਜ਼ਬੂਰ ਕਰ ਦਿੱਤਾ ਸੀ। ਕੋਈ ਵੀ ਕੌਮ ਤੁਹਾਨੂੰ ਹਰਾ ਨਹੀਂ ਸੱਕੀ। 10 ਯਹੋਵਾਹ ਦੀ ਸਹਾਇਤਾ ਨਾਲ ਇਸਰਾਏਲ ਦਾ ਇੱਕ ਆਦਮੀ ਦੁਸ਼ਮਣ ਦੇ 1,000 ਆਦਮੀਆਂ ਨੂੰ ਹਰਾ ਸੱਕਦਾ ਸੀ। ਕਿਉਂਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਲਈ ਲੜਦਾ ਹੈ। ਯਹੋਵਾਹ ਨੇ ਅਜਿਹਾ ਕਰਨ ਦਾ ਇਕਰਾਰ ਕੀਤਾ ਸੀ। 11 ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪਿਆਰ ਕਰਦੇ ਰਹੋ।

12 “ਯਹੋਵਾਹ ਦੇ ਪਿੱਛੇ ਲੱਗਣ ਤੋਂ ਨਾ ਹਟੋ। ਉਨ੍ਹਾਂ ਹੋਰਨਾ ਲੋਕਾਂ ਨਾਲ ਮਿੱਤਰਤਾ ਨਾ ਕਰੋ ਜਿਹੜੇ ਇਸਰਾਏਲ ਦਾ ਅੰਗ ਨਹੀਂ ਹਨ। ਉਨ੍ਹਾਂ ਦੇ ਕਿਸੇ ਬੰਦੇ ਨਾਲ ਵਿਆਹ ਨਾ ਰਚਾਉ। ਪਰ ਜੇ ਤੁਸੀਂ ਇਨ੍ਹਾਂ ਲੋਕਾਂ ਦੇ ਮਿੱਤਰ ਬਣੋਂਗੇ। 13 ਤਾਂ ਯਹੋਵਾਹ ਤੁਹਾਡਾ ਪਰਮੇਸ਼ੁਰ ਦੁਸ਼ਮਣਾ ਨੂੰ ਹਰਾਉਣ ਵਿੱਚ ਤੁਹਾਡੀ ਸਹਾਇਤਾ ਨਹੀਂ ਕਰੇਗਾ। ਇਹ ਲੋਕ ਤੁਹਾਡੇ ਲਈ ਇੱਕ ਕੁੜਿਕੀ ਵਰਗੇ ਬਣ ਜਾਣਗੇ। ਉਹ ਤੁਹਾਡੇ ਲਈ ਦੁੱਖ ਦਾ ਕਾਰਣ ਬਣਨਗੇ-ਜਿਵੇਂ ਤੁਹਾਡੀਆਂ ਅੱਖਾਂ ਵਿੱਚ ਧੂੰਆਂ ਅਤੇ ਘੱਟਾ ਪੈ ਜਾਂਦਾ ਹੈ। ਅਤੇ ਤੁਹਾਨੂੰ ਇਹ ਚੰਗੀ ਧਰਤੀ ਛੱਡਣ ਲਈ ਮਜ਼ਬੂਰ ਹੋਣਾ ਪਵੇਗਾ। ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਇਹ ਧਰਤੀ ਦਿੱਤੀ ਸੀ। ਪਰ ਜੇ ਤੁਸੀਂ ਇਹ ਆਦੇਸ਼ ਨਹੀਂ ਮੰਨੋਗੇ ਤਾਂ ਤੁਸੀਂ ਇਸ ਨੂੰ ਗਵਾ ਸੱਕਦੇ ਹੋ।

14 “ਮੇਰੀ ਮੌਤ ਦਾ ਸਮਾਂ ਹੁਣ ਕਰੀਬ-ਕਰੀਬ ਆ ਗਿਆ ਹੈ। ਤੁਸੀਂ ਜਾਣਦੇ ਹੋ ਕ ਅਤੇ ਸੱਚਮੁੱਚ ਯਕੀਨ ਕਰਦੇ ਹੋ ਕਿ ਯਹੋਵਾਹ ਨੇ ਤੁਹਾਡੇ ਲਈ ਬਹੁਤ ਸਾਰੀਆਂ ਮਹਾਨ ਗੱਲਾਂ ਕੀਤੀਆਂ ਹਨ। ਤੁਸੀਂ ਜਾਣਦੇ ਹੋ ਕਿ ਉਹ ਆਪਣੇ ਕਿਸੇ ਇਕਰਾਰ ਨੂੰ ਪੂਰਾ ਕਰਨ ਵਿੱਚ ਅਸਫ਼ਲ ਨਹੀਂ ਹੋਇਆ। ਯਹੋਵਾਹ ਨੇ ਉਹ ਹਰ ਇਕਰਾਰ ਪੂਰਾ ਕੀਤਾ ਹੈ ਜੋ ਉਸ ਨੇ ਸਾਡੇ ਨਾਲ ਕੀਤਾ ਹੈ। 15 ਹਰ ਨੇਕ ਇਕਰਾਰ ਜਿਹੜਾ ਤੁਹਾਡੇ ਯਹੋਵਾਹ ਪਰਮੇਸ਼ੁਰ ਨੇ ਸਾਡੇ ਨਾਲ ਕੀਤਾ ਸੱਚਾ ਸਿੱਧ ਹੋਇਆ ਹੈ। ਪਰ ਉਸੇ ਤਰ੍ਹਾਂ ਯਹੋਵਾਹ ਆਪਣੇ ਦੂਸਰੇ ਇਕਰਾਰ ਨੂੰ ਵੀ ਪੂਰਾ ਕਰਕੇ ਦਿਖਾਵੇਗਾ। ਉਸ ਨੇ ਇਕਰਾਰ ਕੀਤਾ ਸੀ ਕਿ ਜੇ ਤੁਸੀਂ ਮੰਦਾ ਕਰੋਂਗੇ ਤਾਂ ਤੁਹਾਡੇ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ, ਉਸ ਨੇ ਇਕਰਾਰ ਕੀਤਾ ਸੀ ਕਿ ਉਹ ਤੁਹਾਨੂੰ ਇਸ ਚੰਗੀ ਧਰਤੀ ਵਿੱਚੋਂ ਨਿਕਲ ਜਾਣ ਲਈ ਮਜ਼ਬੂਰ ਕਰ ਦੇਵੇਗਾ ਜਿਹੜੀ ਉਸ ਨੇ ਤੁਹਾਨੂੰ ਦਿੱਤੀ ਸੀ। 16 ਅਜਿਹਾ ਹੀ ਵਾਪਰੇਗਾ ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਕੀਤੇ ਇਕਰਾਰਨਾਮੇ ਨੂੰ ਪੂਰਾ ਕਰਨ ਤੋਂ ਇਨਕਾਰ ਕਰ ਦਿਉਂਗੇ। ਜੇ ਤੁਸੀਂ ਜਾਕੇ ਹੋਰਨਾ ਦੇਵਤਿਆਂ ਦੀ ਸੇਵਾ ਕਰੋਂਗੇ ਤਾਂ ਇਹ ਧਰਤੀ ਗਵਾ ਬੈਠੋਂਗੇ। ਤੁਹਾਨੂੰ ਉਨ੍ਹਾਂ ਹੋਰਨਾ ਦੇਵਤਿਆਂ ਦੀ ਉਪਾਸਨਾ ਬਿਲਕੁਲ ਨਹੀਂ ਕਰਨੀ ਚਾਹੀਦੀ। ਜੇ ਤੁਸੀਂ ਅਜਿਹਾ ਕਰੋਂਗੇ, ਤਾਂ ਯਹੋਵਾਹ ਤੁਹਾਡੇ ਨਾਲ ਬਹੁਤ ਨਾਰਾਜ਼ ਹੋ ਜਾਵੇਗਾ। ਫ਼ੇਰ ਤੁਹਾਨੂੰ ਛੇਤੀ ਹੀ ਇਹ ਚੰਗੀ ਧਰਤੀ ਛੱਡਣ ਲਈ ਮਜ਼ਬੂਰ ਹੋਣਾ ਪਵੇਗਾ ਜਿਹੜੀ ਉਸ ਨੇ ਤੁਹਾਨੂੰ ਦਿੱਤੀ ਸੀ।”

ਰੋਮੀਆਂ ਨੂੰ 15:25-33

25 ਹੁਣ ਮੈਂ ਯਰੂਸ਼ਲਮ ਵਿੱਚ ਪਰਮੇਸ਼ੁਰ ਦੇ ਲੋਕਾਂ ਦੀ ਮੱਦਦ ਲਈ ਜਾ ਰਿਹਾ ਹਾਂ। 26 ਮਕਦੂਨਿਯਾ ਅਤੇ ਅਖਾਯਾ ਦੇ ਸ਼ਰਧਾਲੂਆਂ ਨੇ ਖੁਸ਼ੀ ਨਾਲ ਯਰੂਸ਼ਲਮ ਵਿੱਚ ਪਰਮੇਸ਼ੁਰ ਦੇ ਲੋਕਾਂ ਦੀ ਮਦਦ ਲਈ, ਜਿਹੜੇ ਗਰੀਬ ਹਨ, ਕੁਝ ਪੈਸਾ ਇਕੱਠਾ ਕਰਨ ਦਾ ਨਿਸ਼ਚਾ ਕੀਤਾ ਹੈ। 27 ਮਕਦੂਨਿਯਾ ਅਤੇ ਅਖਾਯਾ ਦੇ ਲੋਕਾਂ ਉਨ੍ਹਾਂ ਦੀ ਮਦਦ ਕਰਨ ਵਿੱਚ ਖੁਸ਼ ਸਨ। ਅਸਲ ਵਿੱਚ, ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਹ ਉਨ੍ਹਾਂ ਦਾ ਫ਼ਰਜ਼ ਸੀ। ਉਨ੍ਹਾਂ ਨੇ ਗੈਰ ਯਹੂਦੀ ਹੁੰਦਿਆਂ ਹੋਇਆਂ ਵੀ ਯਹੂਦੀਆਂ ਦੀਆਂ ਆਤਮਕ ਅਸੀਸਾਂ ਵਿੱਚ ਸਾਂਝ ਪਾਈ ਸੀ। ਇਸ ਲਈ ਹੁਣ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਯਹੂਦੀਆਂ ਦੀ ਭੌਤਿਕ ਵਸਤਾਂ ਨਾਲ, ਜਿਹੜੀਆਂ ਉਨ੍ਹਾਂ ਕੋਲ ਹਨ ਸਹਾਇਤਾ ਕਰਨੀ ਚਾਹੀਦੀ ਹੈ। 28 ਮੈਂ ਇਸ ਗੱਲੋਂ ਨਿਸ਼ਚਿੰਤ ਹੋ ਲਵਾਂ ਕਿ ਯਰੂਸ਼ਲਮ ਦੇ ਲੋਕਾਂ ਲਈ ਜੋ ਧਨ ਇਕੱਠਾ ਕੀਤਾ ਗਿਆ ਸੀ, ਉਹ ਉਨ੍ਹਾਂ ਗਰੀਬ ਲੋਕਾਂ ਤੱਕ ਪੁੱਜਦਾ ਹੋ ਚੁੱਕਾ ਹੈ, ਇਹ ਕੰਮ ਸਿਰੇ ਚਾੜ੍ਹਕੇ, ਮੈਂ ਹਿਸਪਾਨਿਯਾ ਵੱਲ ਆਵਾਂਗਾ।

ਜਦੋਂ ਮੈਂ ਹਿਸਪਾਨਿਯਾ ਜਾ ਰਿਹਾ ਹੋਵਾਂਗਾ, ਮੈਂ ਤੁਹਾਡੇ ਵੱਲ ਯਾਤਰਾ ਕਰਾਂਗਾ ਮੈਂ ਉੱਥੇ ਰੁਕਾਗਾ ਅਤੇ ਤੁਹਾਨੂੰ ਮਿਲਾਂਗਾ। 29 ਮੈਂ ਜਾਣਦਾ ਹਾਂ ਕਿ ਜਦੋਂ ਮੈਂ ਤੁਹਾਡੇ ਕੋਲ ਆਵਾਂਗਾ ਤਾਂ ਮਸੀਹ ਦੀ ਭਰਪੂਰ ਬਖਸ਼ਿਸ਼ ਤੁਹਾਡੇ ਲਈ ਲੈ ਕੇ ਆਵਾਂਗਾ।

30 ਪਿਆਰੇ ਭਰਾਵੋ ਅਤੇ ਭੈਣੋ, ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਵਾਸਤੇ ਪ੍ਰਾਰਥਨਾ ਕਰਕੇ ਮੇਰੇ ਕੰਮ ਵਿੱਚ ਮੇਰੇ ਨਾਲ ਮਿਹਨਤ ਕਰੋ। ਇਹ ਸਾਡੇ ਪ੍ਰਭੂ ਯਿਸੂ ਮਸੀਹ ਅਤੇ ਪਵਿੱਤਰ ਆਤਮਾ ਦੇ ਪਿਆਰ ਦੇ ਕਾਰਣ ਕਰੋ। 31 ਪ੍ਰਾਰਥਨਾ ਕਰੋ ਕਿ ਯਹੂਦਿਯਾ ਵਿੱਚ ਅਵਿਸ਼ਵਾਸੀਆਂ ਤੋਂ ਮੇਰੀ ਰੱਖਿਆ ਹੋਵੇ। ਪ੍ਰਾਰਥਨਾ ਕਰੋ ਕਿ ਮੈਂ ਮਦਦ ਯਰੂਸ਼ਲਮ ਵਿੱਚ ਲਿਆਂਦੀ ਉਹ ਪਰਮੇਸ਼ੁਰ ਦੇ ਲੋਕਾਂ ਨੂੰ ਉੱਥੇ ਪ੍ਰਸੰਨ ਕਰ ਸੱਕੇ। 32 ਫ਼ਿਰ ਜੋ ਪਰਮੇਸ਼ੁਰ ਨੇ ਚਾਹਿਆ, ਮੈਂ ਤੁਹਾਡੇ ਕੋਲ ਪੂਰੇ ਆਨੰਦ ਨਾਲ ਅਤੇ ਤੁਹਾਡੇ ਨਾਲ ਮਿਲਕੇ ਆਰਾਮ ਕਰਾਂਗਾ। 33 ਕਾਸ਼ ਸ਼ਾਂਤੀ ਦਾ ਪਰਮੇਸ਼ੁਰ ਤੁਹਾਡੇ ਸਾਰਿਆਂ ਨਾਲ ਹੋਵੇ। ਆਮੀਨ।

ਮੱਤੀ 27:11-23

ਰਾਜਪਾਲ ਪਿਲਾਤੁਸ ਦੇ ਯਿਸੂ ਨਾਲ ਪ੍ਰਸ਼ਨ(A)

11 ਯਿਸੂ ਰਾਜਪਾਲ ਦੇ ਸਾਹਮਣੇ ਖੜ੍ਹਾ ਸੀ, ਅਤੇ ਰਾਜਪਾਲ ਨੇ ਉਸ ਨੂੰ ਇਹ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਪਾਤਸ਼ਾਹ ਹੈਂ?”

ਯਿਸੂ ਨੇ ਕਿਹਾ, “ਹਾਂ, ਮੈਂ ਹਾਂ।”

12 ਜਦੋਂ ਪ੍ਰਧਾਨ ਜਾਜਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਨੇ ਉਸ ਉੱਤੇ ਦੋਸ਼ ਲਾਏ, ਉਸ ਨੇ ਜਵਾਬ ਵਿੱਚ ਕੁਝ ਨਹੀਂ ਆਖਿਆ।

13 ਤਦ ਪਿਲਾਤੁਸ ਨੇ ਉਸ ਨੂੰ ਕਿਹਾ, “ਕੀ ਤੂੰ ਨਹੀਂ ਸੁਣ ਰਿਹਾ ਜੋ ਇਲਜ਼ਾਮ ਇਹ ਤੇਰੇ ਖਿਲਾਫ਼ ਲਾ ਰਹੇ ਹਨ?”

14 ਪਰ ਯਿਸੂ ਨੇ ਉਸ ਨੂੰ ਕੋਈ ਵੀ ਉੱਤਰ ਨਹੀਂ ਦਿੱਤਾ। ਅਤੇ ਇਹ ਸਭ ਵੇਖਕੇ ਰਾਜਪਾਲ ਬੜਾ ਹੈਰਾਨ ਹੋਇਆ।

ਪਿਲਾਤੁਸ ਦੀ ਯਿਸੂ ਨੂੰ ਆਜ਼ਾਦ ਕਰਨ ਦੀ ਕੋਸ਼ਿਸ਼ ਨਾਕਾਮਯਾਬ(B)

15 ਇਹ ਰਿਵਾਜ਼ ਸੀ ਕਿ ਪਸਾਹ ਦੇ ਤਿਉਹਾਰ ਉੱਤੇ ਜਿਸ ਨੂੰ ਲੋਕ ਚਾਹੁਣ ਰਾਜਪਾਲ ਕੈਦ ਵਿੱਚੋਂ ਉਸ ਕੈਦੀ ਨੂੰ ਰਿਹਾ ਕਰਦਾ ਹੁੰਦਾ ਸੀ। 16 ਉਸ ਵਕਤ ਬਰੱਬਾ ਨਾਉਂ ਦਾ ਇੱਕ ਬਹੁਤ ਖਤਰਨਾਕ ਆਦਮੀ ਕੈਦ ਵਿੱਚ ਸੀ।

17 ਸਾਰੇ ਲੋਕ ਰਾਜਪਾਲ ਪਿਲਾਤੁਸ ਦੇ ਘਰ ਇਕੱਠੇ ਹੋਏ ਤਾਂ ਉਸ ਨੇ ਲੋਕਾਂ ਨੂੰ ਕਿਹਾ, “ਤੁਸੀਂ ਮੈਥੋਂ ਆਪਣੇ ਵਾਸਤੇ ਕਿਸਨੂੰ ਰਿਹਾ ਕਰਾਉਣਾ ਚਾਹੁੰਦੇ ਹੋ। ਬਰੱਬਾਸ, ਜਾਂ ਯਿਸੂ ਨੂੰ ਜੋ ਕਿ ਮਸੀਹ ਕਹਾਉਂਦਾ ਹੈ?” 18 ਕਿਉਂਕਿ ਉਹ ਜਾਣਦਾ ਸੀ ਕਿ ਲੋਕਾਂ ਨੇ ਉਸ ਨੂੰ ਈਰਖਾ ਕਾਰਣ ਉਸ ਦੇ ਹੱਥੀ ਫ਼ੜਵਾਇਆ ਸੀ।

19 ਜਦੋਂ ਉਹ ਨਿਆਂੇ ਵਾਲੀ ਕੁਰਸੀ ਤੇ ਬੈਠਾ ਹੋਇਆ ਸੀ, ਤਾਂ ਉਸਦੀ ਪਤਨੀ ਨੇ ਸੁਨੇਹਾ ਭੇਜਿਆ, “ਇਸ ਮਨੁੱਖ ਨੂੰ ਕੁਝ ਨਾ ਕਰ। ਇਹ ਅਪਰਾਧੀ ਨਹੀਂ ਹੈ ਅਤੇ ਅੱਜ ਮੈਂ ਇਸ ਬਾਰੇ ਸੁਪਨਾ ਵੇਖਿਆ ਹੈ ਅਤੇ ਉਸ ਨੇ ਮੈਨੂੰ ਬਹੁਤ ਪਰੇਸ਼ਾਨ ਕਰ ਦਿੱਤਾ ਹੈ।”

20 ਪਰ ਪ੍ਰਧਾਨ ਜਾਜਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਨੇ ਲੋਕਾਂ ਨੂੰ ਬਰੱਬਾਸ ਨੂੰ ਰਿਹਾ ਕਰਨ ਦੀ ਬੇਨਤੀ ਕਰਨ ਲਈ ਮਨਵਾਇਆ ਅਤੇ ਯਿਸੂ ਨੂੰ ਮਾਰੇ ਜਾਣ ਲਈ।

21 ਪਿਲਾਤੁਸ ਨੇ ਕਿਹਾ, “ਦੋਹਾਂ ਵਿੱਚੋਂ ਤੁਸੀਂ ਮੈਥੋਂ ਕਿਸਨੂੰ ਰਿਹਾ ਕਰਾਉਨਾ ਚਾਹੁੰਦੇ ਹੋ?”

ਲੋਕਾਂ ਨੇ ਕਿਹਾ, “ਬਰੱਬਾਸ ਨੂੰ ਛੱਡ ਦਿਉ।”

22 ਪੁਲਾਤੁਸ ਨੇ ਕਿਹਾ, “ਫ਼ੇਰ ਮੈਂ ਯਿਸੂ ਨਾਲ ਕੀ ਕਰਾਂ ਜਿਹੜਾ ਕਿ ਮਸੀਹ ਕਹਾਉਂਦਾ ਹੈ?”

ਲੋਕਾਂ ਨੇ ਉੱਤਰ ਦਿੱਤਾ “ਉਸ ਨੂੰ ਸਲੀਬ ਦਿਉ।”

23 ਰਾਜਪਾਲ ਨੇ ਆਖਿਆ, “ਕਿਉਂ? ਉਸ ਨੇ ਕੀ ਅਪਰਾਧ ਕੀਤਾ ਹੈ।”

ਪਰ ਸਭਨਾਂ ਨੇ ਹੋਰ ਉੱਚੀ ਡੰਡ ਪਾਕੇ ਕਿਹਾ, “ਉਸ ਨੂੰ ਸਲੀਬ ਦਿਓ।”

Punjabi Bible: Easy-to-Read Version (ERV-PA)

2010 by World Bible Translation Center