Revised Common Lectionary (Semicontinuous)
ਦਾਊਦ ਦਾ ਇੱਕ ਉਸਤਤਿ ਗੀਤ।
143 ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ।
ਮੇਰੀ ਪ੍ਰਾਰਥਨਾ ਕੰਨ ਲਾਕੇ ਸੁਣੋ।
ਅਤੇ ਫ਼ੇਰ ਮੇਰੀ ਪ੍ਰਾਰਥਨਾ ਮੰਨ ਲਵੋ।
ਮੈਨੂੰ ਦਰਸਾਉ ਕਿ ਤੁਸੀਂ ਸੱਚਮੁੱਚ ਨੇਕ ਅਤੇ ਵਫ਼ਾਦਾਰ ਹੋ।
2 ਮੇਰੇ, ਆਪਣੇ ਸੇਵਕ ਬਾਰੇ ਨਿਆਂ ਨਾ ਕਰੋ।
ਮੇਰੀ ਆਪਣੀ ਸਾਰੀ ਜ਼ਿੰਦਗੀ ਵਿੱਚ ਕਦੇ ਵੀ ਮੇਰਾ ਨਿਆਂ ਬੇਗੁਨਾਹ ਵਾਂਗ ਨਹੀਂ ਹੋਵੇਗਾ।
3 ਪਰ ਮੇਰੇ ਦੁਸ਼ਮਣ ਮੇਰਾ ਪਿੱਛਾ ਕਰ ਰਹੇ ਹਨ।
ਉਨ੍ਹਾਂ ਨੇ ਮੇਰੇ ਜੀਵਨ ਨੂੰ ਮਿੱਟੀ ਵਿੱਚ ਰੋਲ ਦਿੱਤਾ ਹੈ।
ਉਹ ਮੈਨੂੰ ਹਨੇਰੀ ਕਬਰ ਅੰਦਰ ਉਨ੍ਹਾਂ ਲੋਕਾਂ ਵਾਂਗ ਧੱਕ ਰਹੇ ਹਨ,
ਜਿਹੜੇ ਬਹੁਤ ਪਹਿਲਾਂ ਮਰ ਗਏ ਸਨ।
4 ਮੈਂ ਹਥਿਆਰ ਛੱਡਣ ਲਈ ਤਿਆਰ ਹਾਂ।
ਮੈਂ ਆਪਣਾ ਹੌਂਸਲਾ ਗੁਆ ਰਿਹਾ ਹਾਂ।
5 ਪਰ ਮੈਂ ਉਹ ਗੱਲਾਂ ਯਾਦ ਕਰਦਾ ਹਾਂ, ਜਿਹੜੀਆਂ ਬਹੁਤ ਪਹਿਲਾਂ ਵਾਪਰੀਆਂ ਸਨ।
ਮੈਂ ਉਨ੍ਹਾਂ ਬਹੁਤ ਸਾਰੀਆਂ ਗੱਲਾਂ ਬਾਰੇ ਸੋਚ ਰਿਹਾ ਹਾਂ ਜਿਹੜੀਆਂ ਤੁਸਾਂ ਕੀਤੀਆਂ ਸਨ।
ਮੈਂ ਉਨ੍ਹਾਂ ਚੀਜ਼ਾਂ ਬਾਰੇ ਗੱਲ ਕਰ ਰਿਹਾ ਹਾਂ ਜਿਹੜੀਆਂ ਤੁਸਾਂ ਆਪਣੀ ਮਹਾਨ ਸ਼ਕਤੀ ਨਾਲ ਕੀਤੀਆਂ ਸਨ!
6 ਯਹੋਵਾਹ, ਮੈਂ ਹੱਥ ਉਤਾਂਹ ਚੁੱਕਦਾ ਹਾਂ ਅਤੇ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ।
ਮੈਂ ਤੁਹਾਡੀ ਮਦਦ ਲਈ ਇੰਤਜ਼ਾਰ ਕਰ ਰਿਹਾ ਹਾਂ।
ਜਿਵੇਂ ਖੁਸ਼ਕ ਧਰਤੀ ਵਰੱਖਾ ਦਾ ਇੰਤਜ਼ਾਰ ਕਰਦੀ ਹੈ।
7 ਛੇਤੀ ਕਰੋ, ਯਹੋਵਾਹ, ਤੁਸੀਂ ਮੈਨੂੰ ਉੱਤਰ ਦੇਵੋ।
ਮੈਂ ਆਪਣਾ ਹੌਂਸਲਾ ਗੁਆ ਚੁੱਕਿਆ ਹਾਂ।
ਮੈਥੋਂ ਨਾ ਮੁੜੋ।
ਮੈਨੂੰ ਮਰਨ ਨਾ ਦਿਉ ਅਤੇ ਕਬਰ ਵਿੱਚ ਪਏ ਇੱਕ ਮੁਰਦੇ ਵਾਂਗ ਨਾ ਹੋਣ ਦਿਉ।
8 ਹੇ ਪਰਮੇਸ਼ੁਰ, ਤੜਕੇ, ਮੈਨੂੰ ਆਪਣਾ ਸੱਚਾ ਪਿਆਰ ਦਰਸਾ।
ਮੈਂ ਤੇਰੇ ਵਿੱਚ ਯਕੀਨ ਰੱਖਾਂਗਾ।
ਮੈਨੂੰ ਉਹ ਗੱਲਾਂ ਦਰਸਾ ਜੋ ਮੈਨੂੰ ਕਰਨੀਆਂ ਚਾਹੀਦੀਆਂ ਹਨ।
ਮੈਂ ਆਪਣੀ ਜ਼ਿੰਦਗੀ ਤੁਹਾਡੇ ਹੱਥਾਂ ਵਿੱਚ ਸੌਂਪਦਾ ਹਾਂ।
9 ਯਹੋਵਾਹ, ਮੈਂ ਤੁਹਾਡੇ ਕੋਲ ਸੁਰੱਖਿਆ ਲਈ ਆਇਆ ਹਾਂ,
ਮੈਨੂੰ ਮੇਰੇ ਦੁਸ਼ਮਣਾ ਕੋਲੋਂ ਬਚਾਉ।
10 ਜੋ ਕੁਝ ਤੁਸੀਂ ਮੇਰੇ ਪਾਸੋਂ ਕਰਵਾਉਣਾ ਚਾਹੁੰਦੇ ਹੋ, ਮੈਨੂੰ ਦਰਸਾਉ।
ਤੁਸੀਂ ਮੇਰੇ ਪਰਮੇਸ਼ੁਰ ਹੋ।
11 ਯਹੋਵਾਹ, ਮੈਨੂੰ ਜਿਉਣ ਦਿਉ।
ਤਾਂ ਜੋ ਲੋਕ ਤੁਹਾਡੇ ਨਾਮ ਦੀ ਉਸਤਤਿ ਕਰਨ।
ਮੈਨੂੰ ਦਰਸਾਉ ਕਿ ਤੁਸੀਂ ਸੱਚਮੁੱਚ ਸ਼ੁਭ ਹੋ
ਅਤੇ ਮੈਨੂੰ ਮੇਰੇ ਦੁਸ਼ਮਣਾ ਕੋਲੋਂ ਬਚਾਉ।
12 ਯਹੋਵਾਹ, ਮੈਨੂੰ ਆਪਣਾ ਪਿਆਰ ਦਰਸਾਉ।
ਅਤੇ ਮੇਰੇ ਦੁਸ਼ਮਣਾ ਨੂੰ ਹਰਾ ਦਿਉ,
ਜਿਹੜੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ।
ਕਿਉਂ? ਕਿਉਂਕਿ ਮੈਂ ਤੁਹਾਡਾ ਸੇਵਕ ਹਾਂ।
18 ਕੁਝ ਦੇਰ ਬਾਅਦ ਬੱਚਾ ਵੱਡਾ ਹੋਇਆ। ਇੱਕ ਦਿਨ ਉਹ ਬਾਲਕ ਆਪਣੇ ਪਿਓ ਨੂੰ ਤੇ ਵਾਢਿਆ ਨੂੰ ਵੇਖਣ ਖੇਤਾਂ ਵਿੱਚ ਚੱਲਾ ਗਿਆ। 19 ਉਸ ਬਾਲਕ ਨੇ ਆਪਣੇ ਪਿਓ ਨੂੰ ਕਿਹਾ, “ਹਾਏ! ਮੇਰਾ ਸਿਰ! ਹਾਏ ਮੇਰਾ ਸਿਰ ਦੁੱਖਦਾ ਹੈ।”
ਪਿਤਾ ਨੇ ਆਪਣੇ ਟਹਿਲੂਏ ਨੂੰ ਕਿਹਾ, “ਜਾ, ਇਸ ਨੂੰ ਇਸਦੀ ਮਾਂ ਕੋਲ ਛੱਡ ਆ।”
20 ਸੇਵਕ ਉਸ ਬਾਲ ਨੂੰ ਉਸਦੀ ਮਾਂ ਕੋਲ ਛੱਡ ਆਇਆ। ਦੁਪਿਹਰ ਤੱਕ ਬਾਲਕ ਆਪਣੀ ਮਾਂ ਦੀ ਗੋਦ ਵਿੱਚ ਲੇਟਿਆ ਰਿਹਾ ਤੇ ਫਿਰ ਉਹ ਮਰ ਗਿਆ।
ਔਰਤ ਦਾ ਅਲੀਸ਼ਾ ਕੋਲ ਜਾਣਾ
21 ਉਸ ਔਰਤ ਨੇ ਮੋਏ ਹੋਏ ਬਾਲਕ ਨੂੰ ਅਲੀਸ਼ਾ ਦੇ ਮੰਜੇ ਉੱਪਰ ਪਾ ਦਿੱਤਾ। ਉਸ ਨੇ ਉਹ ਦਰਵਾਜ਼ਾ ਬੰਦ ਕਰ ਦਿੱਤਾ ਤੇ ਆਪ ਬਾਹਰ ਚਲੀ ਗਈ। 22 ਉਸ ਨੇ ਆਪਣੇ ਪਤੀ ਨੂੰ ਬੁਲਾਇਆ ਅਤੇ ਆਖਿਆ, “ਕਿਰਪਾ ਕਰਕੇ ਮੈਨੂੰ ਇੱਕ ਸੇਵਕ ਤੇ ਇੱਕ ਗਧਾ ਦੇ ਤਾਂ ਜੋ ਮੈਂ ਛੇਤੀ ਨਾਲ ਪਰਮੇਸ਼ੁਰ ਦੇ ਮਨੁੱਖ ਕੋਲ ਜਾਵਾਂ ਤੇ ਮੁੜ ਜਲਦੀ ਹੀ ਪਰਤ ਆਵਾਂ।”
23 ਉਸ ਔਰਤ ਦੇ ਪਤੀ ਨੇ ਕਿਹਾ, “ਤੂੰ ਅੱਜ ਹੀ ਪਰਮੇਸ਼ੁਰ ਦੇ ਮਨੁੱਖ ਕੋਲ ਕਿਉਂ ਜਾਣਾ ਚਾਹੁੰਦੀ ਹੈਂ? ਨਾ ਤਾਂ ਅੱਜ ਨਵਾਂ ਚੰਦ ਹੈ ਤੇ ਨਾ ਹੀ ਸਬਤ ਦਾ ਦਿਨ?”
ਉਸ ਨੇ ਕਿਹਾ, “ਫ਼ਿਕਰ ਨਾ ਕਰ, ਸਭ ਕੁਝ ਠੀਕ ਹੋ ਜਾਵੇਗਾ।”
24 ਤਦ ਉਸ ਨੇ ਗਧੇ ਉੱਪਰ ਕਾਠੀ ਪਾਈ ਅਤੇ ਆਪਣੇ ਸੇਵਕ ਨੂੰ ਆਖਿਆ, “ਜਲਦੀ ਕਰ, ਤੇ ਚੱਲੀਏ। ਜਦੋਂ ਤੀਕ ਮੈਂ ਤੈਨੂੰ ਨਾ ਆਖਾਂ ਪਸ਼ੂ ਨੂੰ ਹੌਲੀ ਨਾ ਕਰੀਂ।”
25 ਤਦ ਉਹ ਔਰਤ ਕਰਮਲ ਦੇ ਪਰਬਤ ਤੇ ਪਰਮੇਸ਼ੁਰ ਦੇ ਮਨੁੱਖ (ਅਲੀਸ਼ਾ) ਕੋਲ ਗਈ।
ਜਦੋਂ ਪਰਮੇਸ਼ੁਰ ਦੇ ਮਨੁੱਖ ਨੇ ਉਸ ਔਰਤ ਨੂੰ ਦੂਰੋ ਆਉਂਦਿਆਂ ਵੇਖਿਆ ਤਾਂ ਉਸ ਨੇ ਆਪਣੇ ਸੇਵਕ ਗੇਹਾਜੀ ਨੂੰ ਕਿਹਾ, “ਵੇਖ! ਉਹ ਸ਼ੂਨੰਮੀ ਔਰਤ ਹੈ। 26 ਤੂੰ ਹੁਣ ਭੱਜ ਕੇ ਉਸ ਨੂੰ ਮਿਲ ਤੇ ਉਸ ਨੂੰ ਪੁੱਛ ਕਿ ਕੀ ਉਹ ਠੀਕ ਰਾਜੀ-ਖੁਸ਼ੀ ਤਾਂ ਹੈ? ਕੀ ਉਸਦਾ ਪਤੀ ਠੀਕ ਹੈ? ਕੀ ਉਸਦਾ ਬੱਚਾ ਰਾਜੀ ਹੈ?”
ਗੇਹਾਜੀ ਨੇ ਇਹ ਸਭ ਗੱਲਾਂ ਜਾਕੇ ਉਸ ਔਰਤ ਨੂੰ ਕਹੀਆਂ ਉਸ ਔਰਤ ਨੇ ਕਿਹਾ, “ਸਭ ਸੁੱਖ-ਸਾਂਦ ਹੈ।”
27 ਪਰ ਜਦੋਂ ਉਹ ਪਰਮੇਸ਼ੁਰ ਦੇ ਮਨੁੱਖ ਕੋਲ ਪਰਬਤ ਉੱਤੇ ਆਈ ਤਾਂ ਉਸ ਨੇ ਉਸ ਦੇ ਪੈਰ ਫ਼ੜ ਲਏ ਅਤੇ ਗੇਹਾਜੀ ਉਸ ਨੂੰ ਪਰੇ ਹਟਾਉਣ ਲਈ ਨੇੜੇ ਆਇਆ, ਪਰ ਪਰਮੇਸ਼ੁਰ ਦੇ ਮਨੁੱਖ ਨੇ ਆਖਿਆ, “ਉਸ ਨੂੰ ਰਹਿਣ ਦੇ, ਮਨ੍ਹਾ ਨਾ ਕਰ ਕਿਉਂ ਜੋ ਉਸਦਾ ਮਨ ਭਰਿਆ ਹੋਇਆ ਹੈ ਅਤੇ ਯਹੋਵਾਹ ਨੇ ਮੇਰੇ ਤੋਂ ਇਹ ਖਬਰ ਛੁਪਾਈ ਹੈ ਤੇ ਮੈਨੂੰ ਦੱਸਿਆ ਨਹੀਂ।”
28 ਤਦ ਸ਼ੂਨੰਮੀ ਔਰਤ ਨੇ ਕਿਹਾ, “ਹੇ ਸੁਆਮੀ! ਮੈਂ ਤਾਂ ਕਦੇ ਪੁੱਤਰ ਦਾ ਵਰ ਤੁਹਾਡੇ ਤੋਂ ਨਹੀਂ ਸੀ ਮੰਗਿਆ। ਮੈਂ ਪਹਿਲਾਂ ਵੀ ਆਖਿਆ ਸੀ, ‘ਮੈਨੂੰ ਗੁਮਰਾਹ ਨਾ ਕਰੋ।’”
29 ਤਦ ਅਲੀਸ਼ਾ ਨੇ ਗੇਹਾਜੀ ਨੂੰ ਕਿਹਾ, “ਤਿਆਰ ਹੋ, ਮੇਰੀ ਲਾਠੀ ਆਪਣੇ ਹੱਥ ਵਿੱਚ ਫ਼ੜ ਕੇ ਜਾਹ। ਰਾਹ ’ਚ ਕਿਸੇ ਵਿਅਕਤੀ ਨਾਲ ਗੱਲ ਕਰਨ ਲਈ ਨਾ ਰੁਕੀ ਜੇਕਰ ਰਾਹ ’ਚ ਕੋਈ ਸ਼ੁਭਕਾਮਨਵਾਂ ਦੇਵੇ, ਤਾਂ ਉਸ ਨੂੰ ਸ਼ੁਭਕਾਮਨਵਾਂ ਨਾ ਦੇਵੀਂ। ਫੇਰ ਮੇਰੀ ਸੋਟੀ ਬੱਚੇ ਦੇ ਮੂੰਹ ਉੱਤੇ ਪਾ ਦੇਵੀ ਜੇਕਰ ਰਾਹ ਵਿੱਚ ਤੈਨੂੰ ਕੋਈ ਕੁਝ ਪੁੱਛੇ ਉਸ ਨੂੰ ਉੱਤਰ ਨਾ ਦੇਵੀਂ।”
30 ਪਰ ਬੱਚੇ ਦੀ ਮਾਂ ਨੇ ਆਖਿਆ, “ਜਿਉਂਦੇ ਯਹੋਵਾਹ ਦੀ ਅਤੇ ਤੇਰੀ ਸੌਂਹ ਕਿ ਮੈਂ ਤੈਨੂੰ ਨਹੀਂ ਛੱਡਾਂਗੀ।”
ਤਾਂ ਅਲੀਸ਼ਾ ਉੱਥੋਂ ਉੱਠ ਕੇ ਉਸ ਦੇ ਮਗਰ ਤੁਰ ਪਿਆ।
31 ਗੇਹਾਜੀ ਅਲੀਸ਼ਾ ਤੋਂ ਪਹਿਲਾਂ ਪਹੁੰਚ ਗਿਆ, ਉਸ ਨੇ ਬੱਚੇ ਦੇ ਮੂੰਹ ਤੇ ਸੋਟੀ ਰਖੀ ਪਰ ਨਾ ਕੋਈ ਆਵਾਜ਼ ਸੀ ਨਾ ਬੱਚੇ ਨੂੰ ਕੋਈ ਸੁਰਤ ਸੀ। ਇਸ ਲਈ ਉਹ ਅਲੀਸ਼ਾ ਨੂੰ ਮਿਲਣ ਲਈ ਵਾਪਸ ਗਿਆ ਅਤੇ ਉਸ ਨੂੰ ਦੱਸਿਆ, “ਬੱਚਾ ਨਹੀਂ ਜਾਗਿਆ।”
ਸ਼ੂਨੰਮੀ ਔਰਤ ਦੇ ਬੱਚੇ ਦੇ ਪ੍ਰਾਣ ਵਾਪਸ ਆਉਣੇ
32 ਜਦ ਅਲੀਸ਼ਾ ਘਰ ਵਿੱਚ ਆਇਆ ਤਾਂ ਉਸ ਨੇ ਵੇਖਿਆ ਕਿ ਮੋਇਆ ਹੋਇਆ ਬਾਲਕ ਉਸ ਦੇ ਮੰਜੇ ਤੇ ਪਿਆ ਹੋਇਆ ਸੀ। 33 ਅਲੀਸ਼ਾ ਕਮਰੇ ਅੰਦਰ ਗਿਆ ਅਤੇ ਅੰਦਰੋਂ ਉਸ ਨੇ ਦਰਵਾਜ਼ਾ ਬੰਦ ਕਰ ਲਿਆ। ਹੁਣ ਉਹ ਬਾਲਕ ਤੇ ਅਲੀਸ਼ਾ ਕਮਰੇ ਵਿੱਚ ਇੱਕਲੇ ਸਨ ਤਦ ਉਸ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। 34 ਤਦ ਉਹ ਮੰਜੇ ਉੱਪਰ ਚੜ੍ਹ ਕੇ ਬਾਲਕ ਉੱਪਰ ਲੇਟ ਗਿਆ ਅਤੇ ਉਸ ਨੇ ਆਪਣਾ ਮੂੰਹ ਬਾਲਕ ਦੇ ਮੂੰਹ ਉੱਪਰ, ਆਪਣੀਆਂ ਅੱਖੀਆਂ ਉਸ ਦੀਆਂ ਅੱਖੀਆਂ ਉੱਪਰ ਅਤੇ ਆਪਣੇ ਹੱਥ ਉਸ ਦੇ ਹੱਥਾਂ ਉੱਪਰ ਰੱਖੇ ਤੇ ਉਸ ਬੱਚੇ ਦੇ ਸ਼ਰੀਰ ਉੱਪਰ ਪੱਸਰ ਕੇ ਉਸ ਦੇ ਸ਼ਰੀਰ ਨੂੰ ਨਿੱਘ ਦਿੱਤਾ ਤਾਂ ਬੱਚੇ ਦਾ ਸ਼ਰੀਰ ਨਿੱਘਾ ਹੋ ਗਿਆ।
35 ਫ਼ੇਰ ਅਲੀਸ਼ਾ ਉੱਥੋਂ ਹਟ ਕੇ ਕਮਰੇ ਵਿੱਚ ਇੱਧਰ ਉੱਧਰ ਟਹਿਲਣ ਲੱਗਾ ਫ਼ਿਰ ਉਹ ਵਾਪਸ ਜਾਕੇ ਬਾਲਕ ਦੇ ਸ਼ਰੀਰ ਉੱਪਰ ਲੇਟ ਗਿਆ ਅਤੇ ਫ਼ੇਰ ਬੱਚੇ ਨੇ ਸੱਤ ਵਾਰੀ ਛਿਕਿਆ ਅਤੇ ਉਸ ਆਪਣੀਆਂ ਅੱਖਾਂ ਖੋਲ੍ਹ ਦਿੱਤੀਆਂ।
36 ਤਦ ਅਲੀਸ਼ਾ ਨੇ ਗੇਹਾਜੀ ਨੂੰ ਬੁਲਾਇਆ ਅਤੇ ਕਿਹਾ, “ਜਾ, ਉਸ ਸ਼ੂਨੰਮੀ ਨੂੰ ਸੱਦ ਕੇ ਲਿਆ।”
ਗੇਹਾਜੀ ਉਸ ਨੂੰ ਸੱਦ ਲਿਆਇਆ, ਤਾਂ ਉਹ ਅਲੀਸ਼ਾ ਕੋਲ ਆਈ। ਫੇਰ ਅਲੀਸ਼ਾ ਨੇ ਉਸ ਨੂੰ ਕਿਹਾ, “ਹੁਣ ਤੂੰ ਆਪਣੇ ਪੁੱਤਰ ਨੂੰ ਗੋਦ ਵਿੱਚ ਲੈ ਸੱਕਦੀ ਹੈ।”
37 ਤਦ ਸ਼ੂਨੰਮੀ ਔਰਤ ਅੰਦਰ ਕਮਰੇ ’ਚ ਆਈ ਅਤੇ ਆਕੇ ਉਸ ਪਹਿਲਾਂ ਅਲੀਸ਼ਾ ਦੇ ਚਰਣ ਛੂਹੇ ਫ਼ਿਰ ਉਸ ਨੇ ਆਪਣੇ ਪੁੱਤਰ ਨੂੰ ਕੁੱਛੜ ਚੁੱਕਿਆ ਅਤੇ ਬਾਹਰ ਆ ਗਈ।
ਮੌਤ ਤੋਂ ਜੀਵਨ ਵੱਲ
2 ਅਤੀਤ ਵਿੱਚ ਤੁਹਾਡਾ ਆਤਮਕ ਜੀਵਨ ਤੁਹਾਡੇ ਪਾਪ ਅਤੇ ਉਨ੍ਹਾਂ ਗੱਲਾਂ ਕਾਰਣ ਜਿਹੜੀਆਂ ਤੁਸੀਂ ਪਰਮੇਸ਼ੁਰ ਦੇ ਖਿਲਾਫ਼ ਕੀਤੀਆਂ, ਮੁਰਦਾ ਸੀ। 2 ਹਾਂ, ਅਤੀਤ ਵਿੱਚ ਤੁਸੀਂ ਇਹ ਪਾਪ ਕਰਦੇ ਹੋਏ ਜੀਵਨ ਬਤੀਤ ਕੀਤਾ। ਤੁਸੀਂ ਦੁਨੀਆਂ ਦੇ ਲੋਕਾਂ ਵਾਂਗ ਜੀਵਨ ਬਤੀਤ ਕੀਤਾ ਤੁਸੀਂ ਸੰਸਾਰ ਵਿੱਚ ਬਦੀ ਦੀਆਂ ਸ਼ਕਤੀਆਂ ਦੇ ਹਾਕਮ ਦੇ ਚੇਲੇ ਸੀ। ਹੁਣ ਇਹੀ ਆਤਮਾ ਉਨ੍ਹਾਂ ਲੋਕਾਂ ਵਿੱਚ ਕੰਮ ਕਰ ਰਿਹਾ ਹੈ ਜਿਹੜੇ ਪਰਮੇਸ਼ੁਰ ਨੂੰ ਅਵੱਗਿਆਕਾਰੀ ਹਨ। 3 ਪਿੱਛਲੇ ਸਮਿਆਂ ਵਿੱਚ, ਅਸੀਂ ਸਾਰੇ ਉਸੇ ਤਰ੍ਹਾਂ ਰਹੇ ਜਿਵੇਂ ਉਹ ਲੋਕ ਰਹੇ। ਅਸੀਂ ਆਪਣੇ ਪਾਪੀ ਆਪਿਆਂ ਨੂੰ ਸੰਤੁਸ਼ਟ ਕਰ ਰਹੇ ਸਾਂ। ਅਸੀਂ ਉਹ ਸਾਰੀਆਂ ਗੱਲਾਂ ਕੀਤੀਆਂ ਜਿਨ੍ਹਾਂ ਦੀ ਸਾਡੇ ਤਨਾਂ ਅਤੇ ਮਨਾਂ ਨੇ ਕਰਨ ਦੀ ਇੱਛਾ ਕੀਤੀ। ਜਦੋਂ ਅਸੀਂ ਅਜਿਹੀ ਜ਼ਿੰਦਗੀ ਜਿਉਂ ਰਹੇ ਸਾਂ, ਅਸੀਂ ਪਰਮੇਸ਼ੁਰ ਦੇ ਕ੍ਰੋਧ ਦਾ ਸਾਹਮਣਾ ਕਰਨ ਵਾਲੇ ਸਾਂ ਕਿਉਂਕਿ ਅਸੀਂ ਦੁਸ਼ਟ ਲੋਕ ਸੀ। ਅਸੀਂ ਹੋਰਨਾਂ ਸਾਰੇ ਲੋਕਾਂ ਵਰਗੇ ਸਾਂ।
4 ਪਰ ਪਰਮੇਸ਼ੁਰ ਨੇ ਜਿਹੜਾ ਇੰਨਾ ਕਿਰਪਾਲੂ ਹੈ ਸਾਨੂੰ ਮਹਾਣ ਪਿਆਰ ਵਿਖਾਇਆ। 5 ਅਸੀਂ ਆਤਮਕ ਤੌਰ ਤੇ ਮਰ ਚੁੱਕੇ ਸਾਂ। ਅਸੀਂ ਉਨ੍ਹਾਂ ਗਲਤ ਗੱਲਾਂ ਕਾਰਣ ਮਾਰੇ ਹੋਏ ਸਾਂ ਜਿਹੜੀਆਂ ਅਸੀਂ ਪਰਮੇਸ਼ੁਰ ਦੇ ਖਿਲਾਫ਼ ਕਰਦੇ ਸਾਂ। ਪਰ ਪਰਮੇਸ਼ੁਰ ਨੇ ਸਾਨੂੰ ਮਸੀਹ ਨਾਲ ਇੱਕ ਨਵਾਂ ਜੀਵਨ ਦਿੱਤਾ। ਤੁਸੀਂ ਪਰਮੇਸ਼ੁਰ ਦੀ ਕਿਰਪਾ ਕਾਰਣ ਬਚਾਏ ਗਏ। 6 ਅਤੇ ਪਰਮੇਸ਼ੁਰ ਨੇ ਸਾਨੂੰ ਮਸੀਹ ਸਮੇਤ ਉੱਪਰ ਉੱਠਾਇਆ ਅਤੇ ਸਾਨੂੰ ਉਸ ਦੇ ਨਾਲ ਸਵਰਗੀ ਥਾਵਾਂ ਵਿੱਚ ਬਿਠਾਇਆ। ਪਰਮੇਸ਼ੁਰ ਨੇ ਇਹ ਸਭ ਕੁਝ ਸਾਡੇ ਲਈ ਕੀਤਾ ਜੋ ਮਸੀਹ ਯਿਸੂ ਵਿੱਚ ਹਨ। 7 ਪਰਮੇਸ਼ੁਰ ਨੇ ਇਹ ਆਉਣ ਵਾਲੇ ਜੁਗਾਂ ਵਿੱਚ ਆਪਣੀ ਕਿਰਪਾ ਦੀ ਮਹਾਨ ਅਮੀਰੀ ਵਿਖਾਉਣ ਲਈ ਕੀਤਾ। ਪਰਮੇਸ਼ੁਰ ਸਾਡੇ ਉੱਪਰ ਇਹ ਕਿਰਪਾ ਮਸੀਹ ਯਿਸੂ ਵਿੱਚ ਆਪਣੀ ਦਯਾਲਤਾ ਰਾਹੀਂ ਵਰਤਾਉਂਦਾ ਹੈ।
8 ਮੇਰਾ ਕਹਿਣ ਦਾ ਭਾਵ ਹੈ ਕਿ ਤੁਸੀਂ ਨਿਹਚਾ ਰਾਹੀਂ ਪਰਮੇਸ਼ੁਰ ਦੀ ਕਿਰਪਾ ਦੁਆਰਾ ਬਚਾਏ ਗਏ ਹੋ। ਅਤੇ ਤੁਸੀਂ ਇਹ ਕਿਰਪਾ ਵਿਸ਼ਵਾਸ ਰਾਹੀਂ ਪ੍ਰਾਪਤ ਕੀਤੀ ਹੈ। ਤੁਸੀਂ ਆਪਣੇ ਆਪ ਨੂੰ ਨਹੀਂ ਬਚਾਇਆ ਇਹ ਤਾਂ ਪਰਮੇਸ਼ੁਰ ਵੱਲੋਂ ਦਿੱਤੀ ਦਾਤ ਸੀ। 9 ਨਹੀਂ! ਤੁਸੀਂ ਆਪਣੇ ਉਨ੍ਹਾਂ ਕੰਮਾਂ ਰਾਹੀਂ ਨਹੀਂ ਬਚੇ ਜਿਹੜੇ ਤੁਸੀਂ ਕੀਤੇ ਹਨ। ਇਸ ਤਰੀਕੇ ਨਾਲ, ਕੋਈ ਵੀ ਵਿਅਕਤੀ ਘਮੰਡ ਨਹੀਂ ਕਰ ਸੱਕਦਾ ਕਿ ਉਸ ਨੇ ਖੁਦ ਨੂੰ ਬਚਾਇਆ। 10 ਪਰਮੇਸ਼ੁਰ ਨੇ ਸਾਨੂੰ ਉਵੇਂ ਬਣਾਇਆ ਹੈ ਜਿਵੇਂ ਦੇ ਅਸੀਂ ਹਾਂ। ਪਰਮੇਸ਼ੁਰ ਨੇ ਸਾਨੂੰ ਮਸੀਹ ਯਿਸੂ ਵਿੱਚ ਨਵੇਂ ਬਣਾਇਆ ਤਾਂ ਜੋ ਅਸੀਂ ਚੰਗੇ ਕੰਮ ਕਰਨ ਯੋਗ ਹੋ ਸੱਕੀਏ। ਪਰਮੇਸ਼ੁਰ ਨੇ ਪਹਿਲਾਂ ਹੀ ਇਨ੍ਹਾਂ ਸਾਰੀਆਂ ਚੰਗੀਆਂ ਗੱਲਾਂ ਦੀ ਯੋਜਨਾ ਸਾਡੇ ਲਈ ਤਿਆਰ ਕੀਤੀ ਹੋਈ ਹੈ। ਤਾਂ ਕਿ ਅਸੀਂ ਆਪਣਾ ਜੀਵਨ ਚੰਗੇ ਕੰਮ ਕਰਦਿਆਂ ਬਿਤਾਈਏ।
2010 by World Bible Translation Center