Print Page Options
Previous Prev Day Next DayNext

Revised Common Lectionary (Semicontinuous)

Daily Bible readings that follow the church liturgical year, with sequential stories told across multiple weeks.
Duration: 1245 days
Punjabi Bible: Easy-to-Read Version (ERV-PA)
Version
ਜ਼ਬੂਰ 20

ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।

20 ਯਹੋਵਾਹ ਤੁਹਾਡੀ ਬੇਨਤੀ ਸੁਣੇ ਅਤੇ ਜਵਾਬ ਦੇਵੇ, ਜਦੋਂ ਵੀ ਤੁਸੀਂ ਗੰਭੀਰ ਮੁਸੀਬਤਾਂ ਪਾਰ ਕਰਦੇ ਹੋਏ ਉਸਦੀ ਮਦਦ ਲਈ ਪੁਕਾਰ ਕਰੋ।
    ਯਾਕੂਬ ਦਾ ਪਰਮੇਸ਼ੁਰ ਤੁਹਾਡੀ ਰੱਖਿਆ ਕਰੇ।
ਕਾਸ਼ ਪਰਮੇਸ਼ੁਰ ਤੁਹਾਨੂੰ ਆਪਣੇ ਪਵਿੱਤਰ ਸਥਾਨ ਵਿੱਚੋਂ ਮਦਦ ਭੇਜੇ।
    ਉਹ ਸੀਯੋਨ ਤੋਂ ਤੁਹਾਡੀ ਸਹਾਇਤਾ ਕਰੇ।
ਯਹੋਵਾਹ ਉਨ੍ਹਾਂ ਸਾਰੀਆਂ ਸੁਗਾਤਾਂ ਨੂੰ ਚੇਤੇ ਰੱਖੇ ਜਿਹੜੀਆਂ ਤੁਸੀਂ ਭੇਟ ਕਰਦੇ ਹੋ
    ਅਤੇ ਤੁਹਾਡੀਆਂ ਸਾਰੀਆਂ ਬਲੀਆਂ ਪ੍ਰਵਾਨ ਕਰੇ।
ਪਰਮੇਸ਼ੁਰ ਤੁਹਾਨੂੰ ਉਹ ਸਭ ਕੁਝ ਦੇਵੇ ਜਿਸਦੀ ਸੱਚਮੁੱਚ ਤੁਸੀਂ ਇੱਛਾ ਕਰਦੇ ਹੋ।
    ਉਹ ਤੁਹਾਡੀਆਂ ਸਾਰੀਆਂ ਯੋਜਨਾਵਾਂ ਸਫ਼ਲ ਬਣਾਵੇ।
ਸਾਨੂੰ ਖੁਸ਼ੀ ਹੋਵੇਗੀ ਜਦੋਂ ਪਰਮੇਸ਼ੁਰ ਤੁਹਾਡਾ ਸਹਾਈ ਹੋਵੇਗਾ।
    ਆਉ ਪਰਮੇਸ਼ੁਰ ਦੇ ਨਾਮ ਦੀ ਉਸਤਤਿ ਕਰੀਏ।
ਜੋ ਕੁਝ ਵੀ ਤੁਸੀਂ ਉਸਤੋਂ ਮੰਗੋ ਪਰਮੇਸ਼ੁਰ ਤੁਹਾਨੂੰ ਦੇਵੇ।

ਹੁਣ ਮੈਂ ਜਾਣਦਾ ਹਾਂ ਕਿ ਯਹੋਵਾਹ ਆਪਣੇ ਚੁਣੇ ਹੋਏ ਰਾਜੇ ਦੀ ਮਦਦ ਕਰਦਾ ਹੈ।
    ਪਰਮੇਸ਼ੁਰ ਆਪਣੇ ਪਵਿੱਤਰ ਸਵਰਗ ਵਿੱਚ ਸੀ, ਅਤੇ ਉਸ ਨੇ ਆਪਣੇ ਚੁਣੇ ਹੋਏ ਰਾਜੇ ਦੀ ਪੁਕਾਰ ਸੁਣੀ।
    ਪਰਮੇਸ਼ੁਰ ਨੇ ਰਾਜੇ ਨੂੰ ਬਚਾਉਣ ਲਈ ਆਪਣੀ ਮਹਾਂ ਸ਼ਕਤੀ ਵਰਤੀ।
ਕੁਝ ਲੋਕੀਂ ਆਪਣੇ ਰੱਥਾਂ ਉੱਤੇ ਭਰੋਸਾ ਰੱਖਦੇ ਹਨ।
ਦੂਜੇ ਲੋਕ ਆਪਣੇ ਫ਼ੌਜੀਆਂ ਉੱਤੇ ਭਰੋਸਾ ਕਰਦੇ ਹਨ।
    ਪਰ ਅਸੀਂ ਆਪਣੇ ਯਹੋਵਾਹ ਪਰਮੇਸ਼ੁਰ ਨੂੰ ਯਾਦ ਰੱਖਦੇ ਹਾਂ।
ਉਹ ਦੂਸਰੇ ਲੋਕ ਹਾਰ ਗਏ ਸਨ – ਉਹ ਯੁੱਧ ਅੰਦਰ ਮਰ ਗਏ।
    ਪਰ ਅਸੀਂ ਜਿੱਤ ਪ੍ਰਾਪਤ ਕੀਤੀ ਸੀ। ਅਸੀਂ ਜੇਤੂ ਹਾਂ।

ਯਹੋਵਾਹ ਨੇ ਆਪਣੇ ਚੁਣੇ ਰਾਜੇ ਨੂੰ ਬਚਾਇਆ।
    ਪਰਮੇਸ਼ੁਰ ਦੇ ਚੁਣੇ ਰਾਜੇ ਨੇ ਸਹਾਇਤਾ ਲਈ ਪੁਕਾਰਿਆ ਸੀ, ਅਤੇ ਪਰਮੇਸ਼ੁਰ ਨੇ ਪੁਕਾਰ ਸੁਣੀ ਸੀ।

ਗਿਣਤੀ 9:15-23

ਬੱਦਲ ਅਤੇ ਅੱਗ

15 ਉਸ ਦਿਨ ਪਵਿੱਤਰ ਤੰਬੂ, ਇਕਰਾਰਨਾਮੇ ਵਾਲਾ ਤੰਬੂ ਸਥਾਪਿਤ ਕੀਤਾ ਗਿਆ। ਯਹੋਵਾਹ ਦੇ ਬੱਦਲ ਨੇ ਇਸ ਨੂੰ ਕੱਜ ਲਿਆ। ਰਾਤ ਵੇਲੇ ਪਵਿੱਤਰ ਤੰਬੂ ਉੱਪਰਲਾ ਬੱਦਲ ਅੱਗ ਵਾਂਗ ਦਿਸਦਾ ਸੀ। 16 ਸਾਰਾ ਸਮਾਂ ਬੱਦਲ ਪਵਿੱਤਰ ਤੰਬੂ ਉੱਤੇ ਟਿਕਿਆ ਰਿਹਾ। ਅਤੇ ਰਾਤ ਵੇਲੇ ਬੱਦਲ ਅੱਗ ਵਾਂਗ ਨਜ਼ਰ ਆਇਆ। 17 ਜਦੋਂ ਬੱਦਲ ਪਵਿੱਤਰ ਤੰਬੂ ਉੱਤੋਂ ਆਪਣੀ ਥਾਂ ਤੋਂ ਹਿਲਿਆ, ਇਸਰਾਏਲੀਆਂ ਨੇ ਇਸਦਾ ਪਿੱਛਾ ਕੀਤਾ। ਜਦੋਂ ਬੱਦਲ ਠਹਿਰ ਗਿਆ, ਉਹੀ ਥਾਂ ਸੀ ਜਿੱਥੇ ਇਸਰਾਏਲੀਆਂ ਨੇ ਡੇਰਾ ਲਾਇਆ। 18 ਇਹੀ ਉਹ ਤਰੀਕਾ ਸੀ ਜਿਸ ਰਾਹੀਂ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਇਹ ਦਰਸਾਇਆ ਕਿ ਕਦੋਂ ਹਿੱਲਣਾ ਹੈ ਅਤੇ ਕਦੋਂ ਰੁਕਣਾ ਹੈ ਅਤੇ ਕਦੋਂ ਡੇਰਾ ਲਾਉਣਾ ਹੈ। ਜਦੋਂ ਬੱਦਲ ਪਵਿੱਤਰ ਤੰਬੂ ਉੱਤੇ ਰੁਕਿਆ ਹੋਇਆ ਸੀ ਲੋਕਾਂ ਨੇ ਉਸੇ ਥਾਂ ਉੱਤੇ ਡੇਰਾ ਲਾਈ ਰੱਖਿਆ। 19 ਕਦੇ ਬੱਦਲ ਪਵਿੱਤਰ ਤੰਬੂ ਉੱਤੇ ਦੇਰ ਤੱਕ ਰੁਕਿਆ ਰਹਿੰਦਾ ਸੀ। ਇਸਰਾਏਲੀਆਂ ਨੇ ਯਹੋਵਾਹ ਦਾ ਹੁਕਮ ਮੰਨਿਆ ਅਤੇ ਹਿੱਲੇ ਨਹੀਂ। 20 ਕਦੇ-ਕਦੇ ਬੱਦਲ ਪਵਿੱਤਰ ਤੰਬੂ ਉੱਤੇ ਸਿਰਫ਼ ਕੁਝ ਦਿਨਾ ਲਈ ਹੀ ਰੁਕਿਆ। ਇਸ ਲਈ ਲੋਕਾਂ ਨੇ ਯਹੋਵਾਹ ਦਾ ਆਦੇਸ਼ ਮੰਨਿਆ, ਉਨ੍ਹਾਂ ਨੇ ਉਦੋਂ ਬੱਦਲ ਦਾ ਪਿੱਛਾ ਕੀਤਾ ਜਦੋਂ ਇਹ ਹਿੱਲਿਆ। 21 ਕਦੇ-ਕਦੇ ਬੱਦਲ ਸਿਰਫ਼ ਰਾਤ ਦੌਰਾਨ ਰੁਕਿਆ ਅਗਲੀ ਸਵੇਰ ਬੱਦਲ ਹਿੱਲ ਗਿਆ। ਇਸ ਲਈ ਲੋਕਾਂ ਨੇ ਆਪਣੀਆਂ ਚੀਜ਼ਾਂ ਇਕੱਠੀਆਂ ਕੀਤੀਆਂ ਅਤੇ ਇਸਦਾ ਪਿੱਛਾ ਕੀਤਾ। ਜੇ ਬੱਦਲ ਦਿਨ ਵੇਲੇ ਜਾਂ ਰਾਤ ਵੇਲੇ ਹਿਲਿਆ, ਤਾਂ ਲੋਕਾਂ ਨੇ ਇਸਦਾ ਪਿੱਛਾ ਕੀਤਾ। 22 ਜੇ ਬੱਦਲ ਪਵਿੱਤਰ ਤੰਬੂ ਉੱਤੇ ਦੋ ਦਿਨ ਜਾਂ ਇੱਕ ਮਹੀਨਾ ਜਾਂ ਇੱਕ ਸਾਲ ਰੁਕਿਆ, ਲੋਕਾਂ ਨੇ ਯਹੋਵਾਹ ਦਾ ਹੁਕਮ ਮੰਨਣਾ ਜਾਰੀ ਰੱਖਿਆ। ਉਹ ਉਸ ਥਾਂ ਰੁਕੇ ਰਹੇ ਅਤੇ ਉਦੋਂ ਤੀਕ ਨਹੀਂ ਹਿੱਲੇ ਜਦੋਂ ਤੀਕ ਕਿ ਬੱਦਲ ਨਹੀਂ ਹਿਲਿਆ। ਫ਼ੇਰ ਜਦੋਂ ਬੱਦਲ ਆਪਣੀ ਥਾਂ ਤੋਂ ਉੱਠਿਆ ਅਤੇ ਹਿਲਿਆ, ਲੋਕ ਵੀ ਹਿੱਲੇ। 23 ਇਸ ਲਈ ਲੋਕਾਂ ਨੇ ਯਹੋਵਾਹ ਦੇ ਆਦੇਸ਼ਾਂ ਨੂੰ ਮੰਨਿਆ। ਉਹ ਰੁਕੇ ਰਹੇ ਜਦੋਂ ਯਹੋਵਾਹ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਆਖਿਆ। ਅਤੇ ਉਹ ਹਿੱਲ ਪਏ ਜਦੋਂ ਯਹੋਵਾਹ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਆਖਿਆ। ਲੋਕਾਂ ਨੇ ਬਹੁਤ ਗੌਰ ਨਾਲ ਦੇਖਿਆ ਅਤੇ ਯਹੋਵਾਹ ਵੱਲੋਂ ਮੂਸਾ ਨੂੰ ਦਿੱਤੇ ਆਦੇਸ਼ਾਂ ਨੂੰ ਮੰਨਿਆ।

ਪਰਕਾਸ਼ ਦੀ ਪੋਥੀ 4:1-8

ਯੂਹੰਨਾ ਸਵਰਗ ਦੇਖਦਾ ਹੈ

ਤਾਂ ਮੈਂ ਤੱਕਿਆ, ਅਤੇ ਮੈਂ ਆਪਣੇ ਸਾਹਮਣੇ ਸਵਰਗ ਵਿੱਚ ਇੱਕ ਖੁਲ੍ਹਾ ਦਰਵਾਜ਼ਾ ਵੇਖਿਆ, ਅਤੇ ਮੈਂ ਉਹੀ ਅਵਾਜ਼ ਸੁਣੀ ਜਿਹੜੀ ਪਹਿਲਾਂ ਹੀ ਮੇਰੇ ਨਾਲ ਬੋਲੀ ਸੀ। ਇਹ ਅਜਿਹੀ ਅਵਾਜ਼ ਸੀ ਜਿਹੜੀ ਬਿਗਲ ਵਰਗੀ ਸੀ। ਅਵਾਜ਼ ਨੇ ਆਖਿਆ, “ਇਥੇ ਆਓ, ਅਤੇ ਮੈਂ ਤੈਨੂੰ ਦਰਸ਼ਾਵਾਂਗਾ ਕਿ ਅੱਗੋਂ ਕੀ ਹੋਣ ਵਾਲਾ ਹੈ।” ਫ਼ੇਰ ਆਤਮਾ ਨੇ ਮੈਨੂੰ ਆਪਣੇ ਅਧਿਕਾਰ ਵਿੱਚ ਲੈ ਲਿਆ। ਸਵਰਗ ਵਿੱਚ ਮੇਰੇ ਸਾਹਮਣੇ ਇੱਕ ਤਖਤ ਸੀ। ਅਤੇ ਕੋਈ ਉਸ ਤਖਤ ਉੱਤੇ ਬੈਠਾ ਹੋਇਆ ਸੀ। ਜਿਹੜਾ ਉਸ ਤਖਤ ਤੇ ਬੈਠਾ ਸੀ ਉਹ ਕੀਮਤੀ ਹੀਰੇ ਮੋਤੀਆਂ ਵਰਗਾ ਨਜ਼ਰ ਆਉਂਦਾ ਸੀ। ਤਖਤ ਦੇ ਆਲੇ-ਦੁਆਲੇ ਇੱਕ ਸਤਰੰਗੀ ਪੀਂਘ ਸੀ ਜੋ ਇੱਕ ਪੰਨੇ ਵਾਂਗ ਚਮਕ ਰਹੀ ਸੀ।

ਤਖਤ ਦੇ ਆਲੇ-ਦੁਆਲੇ ਉੱਥੇ ਚੌਵੀ ਹੋਰ ਤਖਤ ਸਨ, ਅਤੇ ਉਨ੍ਹਾਂ ਚੌਵੀ ਤਖਤਾਂ ਉੱਤੇ ਚੌਵੀ ਬਜ਼ੁਰਗ ਬੈਠੇ ਸਨ। ਬਜ਼ੁਰਗਾਂ ਨੇ ਚਿੱਟੀਆਂ ਪੋਸ਼ਾਕਾਂ ਪਹਿਨੀਆਂ ਹੋਈਆਂ ਸਨ ਅਤੇ ਉਨ੍ਹਾਂ ਦੇ ਸਿਰਾਂ ਤੇ ਸੁਨਹਿਰੀ ਤਾਜ ਸਨ। ਤਖਤ ਵੱਲੋਂ ਬਿਜਲੀ ਦੀਆਂ ਝੱਲਕਾਂ ਅਤੇ ਕੜਕਣ ਦੀਆਂ ਅਵਾਜ਼ਾਂ ਆ ਰਹੀਆਂ ਸਨ। ਤਖਤ ਦੇ ਸਾਹਮਣੇ ਸੱਤ ਦੀਵੇ ਬਲ ਰਹੇ ਸਨ। ਇਹ ਦੀਵੇ ਪਰਮੇਸ਼ੁਰ ਦੇ ਸੱਤ ਆਤਮੇ ਸਨ। ਅਤੇ ਤਖਤ ਦੇ ਅੱਗੇ ਸ਼ੀਸ਼ੇ ਦੇ ਸਮੁੰਦਰ ਵਰਗੀ ਕੋਈ ਸ਼ੈਅ ਦਿਖਾਈ ਦਿੰਦੀ ਸੀ। ਇਹ ਬਲੌਰ ਵਰਗੀ ਸਾਫ਼ ਸੀ।

ਤਖਤ ਦੇ ਸਾਹਮਣੇ ਅਤੇ ਉਸ ਦੇ ਚੌਹੀਂ ਪਾਸੀਂ ਚਾਰ ਸਜੀਵ ਚੀਜ਼ਾਂ ਸਨ। ਇਨ੍ਹਾਂ ਸਜੀਵ ਚੀਜ਼ਾਂ ਤੇ, ਪੂਰੇ ਜਿਸਮ ਤੇ, ਅੱਗੇ ਪਿੱਛੇ ਅੱਖਾਂ ਹੀ ਅੱਖਾਂ ਸਨ। ਪਹਿਲੀ ਸਜੀਵ ਚੀਜ਼ ਸ਼ੇਰ ਵਰਗੀ ਸੀ। ਦੂਸਰੀ ਵੱਛੇ ਵਰਗੀ ਸੀ। ਤੀਸਰੀ ਦਾ ਮੂੰਹ ਇੱਕ ਆਦਮੀ ਵਰਗਾ ਸੀ। ਚੌਥੀ ਉਡਦੇ ਹੋਏ ਬਾਜ਼ ਵਰਗੀ ਸੀ। ਇਨ੍ਹਾਂ ਚੌਹਾਂ ਸਜੀਵ ਚੀਜ਼ਾਂ ਵਿੱਚੋਂ ਹਰ ਇੱਕ ਦੇ ਛੇ ਖੰਭ ਸਨ। ਇਹ ਸਜੀਵ ਚੀਜ਼ਾਂ ਅੰਦਰੋਂ ਬਾਹਰੋਂ ਸਾਰੇ ਪਾਸੇ ਅੱਖਾਂ ਨਾਲ ਢੱਕੀਆਂ ਹੋਈਆਂ ਸਨ। ਦਿਨ ਅਤੇ ਰਾਤ ਇਨ੍ਹਾਂ ਚੌਹਾਂ ਸਜੀਵ ਚੀਜ਼ਾਂ ਨੇ ਕਦੇ ਵੀ ਆਖਣਾ ਬੰਦ ਨਹੀਂ ਕੀਤਾ:

“ਪਵਿੱਤਰ, ਪਵਿੱਤਰ, ਪਵਿੱਤਰ ਹੈ ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ।
ਉਹ ਹਮੇਸ਼ਾ ਸੀ, ਉਹ ਹੈ ਅਤੇ ਆਉਣ ਵਾਲਾ ਹੈ।”

Punjabi Bible: Easy-to-Read Version (ERV-PA)

2010 by World Bible Translation Center