Revised Common Lectionary (Semicontinuous)
ਆਸਾਫ਼ ਦਾ ਇੱਕ ਉਸਤਤਿ ਗੀਤ।
83 ਹੇ ਪਰਮੇਸ਼ੁਰ ਚੁੱਪ ਨਾ ਰਹੋ।
ਆਪਣੇ ਕੰਨਾਂ ਨੂੰ ਬੰਦ ਨਾ ਕਰੋ।
ਮਿਹਰ ਕਰਕੇ ਕੁਝ ਤਾਂ ਆਖੋ ਪਰਮੇਸ਼ੁਰ।
2 ਹੇ ਪਰਮੇਸ਼ੁਰ, ਤੁਹਾਡੇ ਵੈਰੀਆਂ ਨੇ ਤੁਹਾਡੇ ਖਿਲਾਫ਼ ਸਾਜਿਸ਼ਾਂ ਘੜੀਆਂ ਅਤੇ ਛੇਤੀ ਹੀ ਉਹ ਹਮਲਾ ਕਰਨਗੇ।
ਉਹ ਤੁਹਾਡੇ ਲੋਕਾਂ ਦੇ ਵਿਰੁੱਧ ਖੁਫ਼ੀਆਂ ਯੋਜਨਾਵਾਂ ਬਣਾਉਂਦੇ ਹਨ।
3 ਤੁਹਾਡੇ ਵੈਰੀ ਉਨ੍ਹਾਂ ਯੋਜਨਾਵਾਂ ਬਾਰੇ ਬਹਿਸਾਂ ਕਰ ਰਹੇ ਹਨ
ਜਿਹੜੀਆਂ ਉਨ੍ਹਾਂ ਲੋਕਾਂ ਦੇ ਵਿਰੁੱਧ ਹਨ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋਂ।
4 ਵੈਰੀ ਆਖ ਰਹੇ ਹਨ, “ਆਓ ਇਨ੍ਹਾਂ ਨੂੰ ਪੂਰੀ ਤਰ੍ਹਾਂ ਮਿਟਾ ਦੇਈਏ।
ਕੋਈ ਵੀ ਬੰਦਾ ਫ਼ੇਰ ਇਸਰਾਏਲ ਦਾ ਨਾਮ ਚੇਤੇ ਨਹੀਂ ਕਰੇਗਾ।”
5 ਹੇ ਪਰਮੇਸ਼ੁਰ, ਉਹ ਸਾਰੇ ਲੋਕ ਤੁਹਾਡੇ ਨਾਲ ਅਤੇ ਉਸ ਕਰਾਰ ਦੇ ਖਿਲਾਫ਼
ਜੋ ਤੁਸਾਂ ਸਾਡੇ ਨਾਲ ਕੀਤਾ ਸੀ ਲੜਨ ਲਈ ਇਕੱਠੇ ਹੋ ਗਏ ਹਨ।
6-7 ਉਹ ਵੈਰੀ ਸਾਡੇ ਨਾਲ ਲੜਨ ਲਈ ਇੱਕ ਮੁੱਠ ਹੋ ਗਏ: ਉਹ ਅਦੋਮ ਦੇ ਇਸ਼ਮਾਈਲੀ ਲੋਕ ਹਨ।
ਮੋਆਬ ਅਤੇ ਹਗਰੀ ਦੇ ਔਲਾਦ ਗਬਾਲ,
ਅੰਮੋਨ ਅਤੇ ਅਮਾਲੇਕ, ਫ਼ਲਿਸਤ ਦੇ ਲੋਕ ਅਤੇ ਸੂਰ ਦੇ ਵਾਸੀਆਂ ਸਮੇਤ।
ਉਹ ਸਾਰੇ ਲੋਕ ਸਾਡੇ ਖਿਲਾਫ਼ ਲੜਨ ਲਈ ਇੱਕ ਮੁੱਠ ਹੋ ਗਏ ਸਨ।
8 ਅਸ਼ੂਰ ਵੀ ਉਨ੍ਹਾਂ ਲੋਕਾਂ ਨਾਲ ਰਲ ਗਏ ਸਨ।
ਉਨ੍ਹਾਂ ਨੇ ਲੂਤ ਦੀਆਂ ਔਲਾਦਾਂ ਨੂੰ ਬਹੁਤ ਸ਼ਕਤੀਸ਼ਾਲੀ ਬਣਾ ਦਿੱਤਾ ਸੀ।
9 ਹੇ ਪਰਮੇਸ਼ੁਰ, ਵੈਰੀ ਨੂੰ ਇਵੇਂ ਹਰਾ ਦਿਉ ਜਿਵੇਂ ਤੁਸੀਂ ਮਿਦਯਾਨ ਨੂੰ ਹਰਾਇਆ ਸੀ।
ਜਿਵੇਂ ਤੁਸੀਂ ਸੀਸਰਾ ਅਤੇ ਕੋਸ਼ੋਨ ਨੂੰ ਨਦੀ ਕੰਢੇ ਹਰਾਇਆ ਸੀ।
10 ਤੁਸੀਂ ਉਨ੍ਹਾਂ ਨੂੰ ਏਨ-ਦੋਰ ਵਿਖੇ ਹਰਾਇਆ ਸੀ।
ਅਤੇ ਉਨ੍ਹਾਂ ਦੀਆਂ ਲਾਸ਼ਾਂ ਧਰਤੀ ਉੱਤੇ ਸੜੀਆਂ।
11 ਹੇ ਪਰਮੇਸ਼ੁਰ, ਵੈਰੀ ਦੇ ਆਗੂਆਂ ਨੂੰ ਹਰਾ ਦਿਉ।
ਉਵੇਂ ਹੀ ਕਰੋ ਜਿਵੇਂ ਤੁਸੀਂ ਓਰੇਬ ਅਤੇ ਜ਼ਏਬ ਨਾਲ ਕੀਤਾ ਸੀ।
ਉਹੀ ਕਰੋ ਜੋ ਤੁਸੀਂ ਜ਼ਬਹ ਅਤੇ ਸਲਮੁੰਨਾ ਨਾਲ ਕੀਤਾ ਸੀ।
12 ਹੇ ਪਰਮੇਸ਼ੁਰ, ਉਨ੍ਹਾਂ ਲੋਕਾਂ ਨੇ ਤੁਹਾਡੀ ਜ਼ਮੀਨ ਛੱਡਣ ਲਈ
ਸਾਨੂੰ ਮਜ਼ਬੂਰ ਕਰਨਾ ਚਾਹਿਆ।
13 ਉਨ੍ਹਾਂ ਲੋਕਾਂ ਨੂੰ ਅੱਕ ਦੀ ਫ਼ੰਬੀ ਵਾਂਗ ਬਣਾ ਦਿਉ।
ਜੋ ਹਵਾ ਨਾਲ ਉੱਡ ਜਾਂਦੀ ਹੈ।
ਉਨ੍ਹਾਂ ਲੋਕਾਂ ਨੂੰ ਇਵੇਂ ਖਿੰਡਾ ਦਿਉ ਜਿਵੇਂ ਹਵਾ ਤਿਨਕਿਆਂ ਨੂੰ ਖਿੰਡਾ ਦਿੰਦੀ ਹੈ।
14 ਵੈਰੀ ਨੂੰ ਤਬਾਹ ਕਰ ਦਿਉ ਜਿਵੇਂ ਅੱਗ ਜੰਗਲ ਨੂੰ ਤਬਾਹ ਕਰਦੀ ਹੈ।
ਜਿਵੇਂ ਜੰਗਲੀ ਅੱਗ ਪਹਾੜੀਆਂ ਨੂੰ ਸਾੜ ਸੁੱਟਦੀ ਹੈ।
15 ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਤੂਫ਼ਾਨ ਦੁਆਰਾ ਉਡਾਈ ਜਾਣ ਵਾਲੀ ਧੂੜ ਵਾਂਗ ਦੂਰ ਕੱਢ ਦਿਉ,
ਉਨ੍ਹਾਂ ਨੂੰ ਭੈਭੀਤ ਕਰ ਦਿਉ ਅਤੇ ਉਨ੍ਹਾਂ ਨੂੰ ਇੱਕ ਤੂਫ਼ਾਨ ਵਾਂਗ ਪਰ੍ਹਾਂ ਉਡਾ ਦਿਉ।
16 ਹੇ ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਸਬਕ ਸਿੱਖਾਉ ਤਾਂ ਜੋ ਉਹ ਜਾਣ ਲੈਣ ਕਿ ਅਸਲ ਵਿੱਚ ਉਹ ਕਿੰਨੇ ਕਮਜ਼ੋਰ ਹਨ।
ਫ਼ੇਰ ਉਹ ਤੁਹਾਡੇ ਨਾਮ ਦੀ ਉਪਾਸਨਾ ਕਰਨੀ ਚਾਹੁੰਣਗੇ।
17 ਹੇ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਡਰਾਉ ਅਤੇ ਉਨ੍ਹਾਂ ਨੂੰ ਸਦਾ ਲਈ ਸ਼ਰਮਸਾਰ ਕਰ ਦਿਉ।
ਉਨ੍ਹਾਂ ਨੂੰ ਬੇਇੱਜ਼ਤ ਕਰੋ ਅਤੇ ਉਨ੍ਹਾਂ ਨੂੰ ਤਬਾਹ ਕਰ ਦਿਉ।
18 ਫ਼ੇਰ ਉਹ ਜਾਨਣਗੇ ਕਿ ਤੁਸੀਂ ਹੀ ਪਰਮੇਸ਼ੁਰ ਹੋ।
ਉਹ ਜਾਣ ਲੈਣਗੇ ਕਿ ਤੁਹਾਡਾ ਨਾਮ ਯਹੋਵਾਹ ਹੈ।
ਉਹ ਜਾਣ ਲੈਣਗੇ ਕਿ ਤੁਸੀਂ ਸਰਬ ਉੱਚ ਪਰਮੇਸ਼ੁਰ ਹੋ,
ਸਾਰੇ ਜਗਤ ਦੇ ਪਰਮੇਸ਼ੁਰ।
ਦਾਊਦ ਦਾ ਬਰਜ਼ਿੱਲਈ ਨੂੰ ਨਾਲ ਆਉਣ ਲਈ ਕਹਿਣਾ
31 ਬਰਜ਼ਿੱਲਈ ਗਿਲਆਦੀ ਰੋਗਲੀਮ ਤੋਂ ਆਕੇ ਉਸ ਨੂੰ ਯਰਦਨੋਂ ਪਾਰ ਪਹੁੰਚਾਉਣ ਲਈ ਪਾਤਸ਼ਾਹ ਦੇ ਨਾਲ ਯਰਦਨੋਂ ਪਾਰ ਗਿਆ। 32 ਬਰਜ਼ਿੱਲਈ ਬੜਾ ਬੁੱਢਾ, 80 ਵਰ੍ਹਿਆਂ ਦਾ ਬਜ਼ੁਰਗ ਸੀ। ਉਸ ਨੇ ਪਾਤਸ਼ਾਹ ਨੂੰ ਜਦੋਂ ਉਹ ਮਹਨਇਮ ਵਿੱਚ ਪਿਆ ਸੀ ਤਾਂ ਰਸਤ-ਪਾਣੀ ਪਹੁੰਚਾਇਆ ਸੀ ਕਿਉਂ ਕਿ ਉਹ ਬੜਾ ਅਮੀਰ ਆਦਮੀ ਸੀ। 33 ਦਾਊਦ ਨੇ ਬਰਜ਼ਿੱਲਈ ਨੂੰ ਕਿਹਾ, “ਚੱਲ, ਮੇਰੇ ਨਾਲ ਯਰਦਨ ਦੇ ਪਾਰ ਚੱਲ। ਉੱਥੇ ਆਪਣੇ ਨਾਲ ਮੈਂ ਤੇਰਾ ਖਿਆਲ ਰੱਖਾਂਗਾ ਜੇਕਰ ਤੂੰ ਉੱਥੇ ਯਰੂਸ਼ਲਮ ਵਿੱਚ ਮੇਰੇ ਨਾਲ ਰਹੇਁਗਾ।”
34 ਪਰ ਬਰਜ਼ਿੱਲਈ ਨੇ ਪਾਤਸ਼ਾਹ ਨੂੰ ਆਖਿਆ, “ਤੂੰ ਜਾਣਦਾ ਹੈਂ ਕਿ ਇਸ ਵਕਤ ਮੇਰੀ ਉਮਰ ਕਿੰਨੀ ਹੈ? ਤੂੰ ਕੀ ਸੋਚਦਾ ਹੈਂ ਕਿ ਮੈਂ ਇਸ ਉਮਰੇ ਤੇਰੇ ਨਾਲ ਯਰੂਸ਼ਲਮ ਜਾ ਸੱਕਦਾ ਹਾਂ? 35 ਮੈਂ 80 ਸਾਲਾਂ ਦਾ ਹੋ ਗਿਆ ਹਾਂ। ਮੈਂ ਇੰਨਾ ਬੁੱਢਾ ਹਾਂ ਕਿ ਇਹ ਵੀ ਨਹੀਂ ਦੱਸ ਸੱਕਦਾ ਕਿ ਕਿਹੜਾ ਚੰਗਾ ਹੈ ਅਤੇ ਕਿਹੜਾ ਮਾੜਾ। ਮੈਂ ਇੰਨਾ ਬੁੱਢਾ ਹੋ ਗਿਆ ਹਾਂ ਕਿ ਮੈਂ ਸਵਾਦ ਵੀ ਨਹੀਂ ਵੇਖ ਸੱਕਦਾ ਕਿ ਮੈਂ ਕੀ ਖਾਂਦਾ ਹਾਂ ਜਾਂ ਕੀ ਪੀਂਦਾ ਹਾਂ। ਮੈਂ ਇੰਨਾ ਬੁੱਢਾ ਹੋ ਗਿਆ ਹਾਂ ਕਿ ਔਰਤਾਂ ਦੇ ਗਾਉਣ ਵਿੱਚ ਅਤੇ ਆਦਮੀਆਂ ਦੇ ਗਾਉਣ ਵਿੱਚ ਵੀ ਫ਼ਰਕ ਨਹੀਂ ਕਰ ਸੱਕਦਾ। ਤਾਂ ਫਿਰ ਤੈਨੂੰ ਮੇਰੇ ਬਾਰੇ ਫ਼ਿਕਰ ਕਰਨ ਦੀ ਕੀ ਲੋੜ ਹੈ? 36 ਜੋ ਕੁਝ ਤੂੰ ਮੈਨੂੰ ਬਖਸ਼ਣਾ ਚਾਹੁੰਦਾ ਹੈਂ ਦਰਅਸਲ ਮੈਨੂੰ ਕੁਝ ਵੀ ਨਹੀਂ ਚਾਹੀਦਾ ਇਸ ਲਈ ਮੈਂ ਯਰਦਨ ਪਾਰ ਤੱਕ ਤੇਰੇ ਨਾਲ ਜਾਵਾਂਗਾ। 37 ਪਰ ਮਿਹਰਬਾਨੀ ਕਰਕੇ ਤੂੰ ਮੈਨੂੰ ਘਰ ਨੂੰ ਪਰਤਨ ਦੇਵੀਂ। ਤਦ ਮੈਂ ਆਪਣੇ ਸ਼ਹਿਰ ਵਿੱਚ ਅਰਾਮ ਨਾਲ ਮਰ ਸੱਕਾਂਗਾ ਅਤੇ ਆਪਣੇ ਮਾਤਾ-ਪਿਤਾ ਦੀ ਕਬਰ ਦੇ ਨਾਲ ਹੀ ਦਫ਼ਨਾਇਆ ਜਾਵਾਂਗਾ। ਪਰ ਇੱਥੇ ਕਿਮਹਾਮ ਤੁਹਾਡਾ ਸੇਵਕ ਹੈ, ਉਹ ਮੇਰੇ ਮਹਾਰਾਜ ਪਾਤਸ਼ਾਹ ਦੇ ਨਾਲ ਜਾਵੇ, ਅਤੇ ਜੋ ਕੁਝ ਜਿਵੇਂ ਤੈਨੂੰ ਚੰਗਾ ਲੱਗੇ ਤੂੰ ਉਸ ਨਾਲ ਕਰੀਂ।”
38 ਪਾਤਸ਼ਾਹ ਨੇ ਜਵਾਬ ਦਿੱਤਾ, “ਕਿਮਹਾਮ ਮੇਰੇ ਨਾਲ ਪਾਰ ਚੱਲੇਗਾ ਅਤੇ ਜੋ ਕੁਝ ਤੈਨੂੰ ਚੰਗਾ ਲੱਗੇ ਮੈਂ ਉਹੀ ਉਸ ਨਾਲ ਕਰਾਂਗਾ ਅਤੇ ਜੋ ਕੁਝ ਤੂੰ ਮੇਰੇ ਕੋਲੋਂ ਮੰਗੇ ਮੈਂ ਉਹੀ ਤੈਨੂੰ ਦੇਵਾਂਗਾ।”
ਦਾਊਦ ਦਾ ਘਰ ਵਾਪਸ ਮੁੜਨਾ
39 ਪਾਤਸ਼ਾਹ ਨੇ ਫ਼ੇਰ ਬਰਜ਼ਿੱਲਈ ਨੂੰ ਚੁੰਮਿਆ ਅਤੇ ਅਸੀਸ ਦਿੱਤੀ ਅਤੇ ਬਰਜ਼ਿੱਲਈ ਘਰ ਨੂੰ ਮੁੜ ਆਇਆ ਅਤੇ ਪਾਤਸ਼ਾਹ ਅਤੇ ਹੋਰ ਸਾਰੇ ਲੋਕ ਦਰਿਆ ਪਾਰ ਕਰ ਗਏ।
40 ਤਦ ਪਾਤਸ਼ਾਹ ਗਿਲਗਾਲ ਵੱਲ ਤੁਰਿਆ ਅਤੇ ਕਿਮਹਾਮ ਵੀ ਉਸ ਦੇ ਨਾਲ ਗਿਆ। ਯਹੂਦਾਹ ਦੇ ਸਭ ਲੋਕ ਅਤੇ ਇਸਰਾਏਲ ਦੇ ਲੋਕਾਂ ਵਿੱਚੋਂ ਅੱਧੇ ਲੋਕ ਪਾਤਸ਼ਾਹ ਦੇ ਨਾਲ ਗਏ।
ਇਸਰਾਏਲੀਆਂ ਦੀ ਯਹੂਦਾਹ ਦੇ ਲੋਕਾਂ ਨਾਲ ਬਹਿਸ
41 ਸਾਰੇ ਇਸਰਾਏਲੀ ਇਕੱਠੇ ਹੋਕੇ ਪਾਤਸ਼ਾਹ ਕੋਲ ਆਏ। ਉਨ੍ਹਾਂ ਨੇ ਪਾਤਸ਼ਾਹ ਨੂੰ ਕਿਹਾ, “ਸਾਡੇ ਹੀ ਭਰਾ, ਯਹੂਦਾਹ ਦੇ ਮਨੁੱਖ ਤੁਹਾਨੂੰ ਕਿਸ ਲਈ ਚੜ੍ਹਾ ਲਿਆਏ, ਅਤੇ ਜਾਕੇ ਪਾਤਸ਼ਾਹ ਨੂੰ, ਉਸ ਦੇ ਪਰਿਵਾਰ ਨੂੰ, ਦਾਊਦ ਦੇ ਨਾਲ ਦੇ ਸਾਰੇ ਲੋਕਾਂ ਨੂੰ ਯਰਦਨੋ ਪਾਰ ਲੈ ਆਏ?”
42 ਤਦ ਯਹੂਦਾਹ ਸਾਰੇ ਲੋਕਾਂ ਨੇ ਇਸਰਾਏਲੀਆਂ ਨੂੰ ਉੱਤਰ ਦਿੱਤਾ, “ਇਸ ਲਈ ਕਿਉਂ ਕਿ ਪਾਤਸ਼ਾਹ ਸਾਡੇ ਨੇੜੇ ਦਾ ਸਾਕ ਹੈ, ਤਾਂ ਇਸ ਗੱਲ ਲਈ ਤੁਸੀਂ ਕਾਹਨੂੰ ਔਖੇ ਹੁੰਦੇ ਹੋ? ਕੀ ਭਲਾ ਅਸੀਂ ਪਾਤਸ਼ਾਹ ਦਾ ਕੁਝ ਖਾ ਲਿਆ ਹੈ? ਜਾਂ ਉਸ ਨੇ ਸਾਨੂੰ ਕੋਈ ਤੋਹਫ਼ੇ ਦੇ ਦਿੱਤੇ ਹਨ?”
43 ਇਸਰਾਏਲੀਆਂ ਨੇ ਉੱਤਰ ਦਿੱਤਾ, “ਪਾਤਸ਼ਾਹ ਵਿੱਚ ਸਾਡੀਆਂ ਦਸ ਵੰਡਾਂ ਹਨ ਇਸ ਲਈ ਤੁਹਾਡੇ ਨਾਲੋਂ ਦਾਊਦ ਉੱਪਰ ਸਾਡਾ ਹੱਕ ਵੱਧੇਰੇ ਹੈ। ਫ਼ਿਰ ਤੁਸੀਂ ਸਾਨੂੰ ਕਿਉਂ ਤੁੱਛ ਸਮਝਦੇ ਹੋ? ਅਸੀਂ ਹੀ ਸਗੋਂ ਪਾਤਸ਼ਾਹ ਨੂੰ ਘਰ ਵਾਪਸ ਮੋੜ ਲਿਆਉਣ ਦੀ ਸਲਾਹ ਪਹਿਲਾਂ ਦਿੱਤੀ ਸੀ।”
ਪਰ ਯਹੂਦਾਹ ਦੇ ਲੋਕਾਂ ਨੇ ਇਸਰਾਏਲੀਆਂ ਨੂੰ ਬੜਾ ਮਾੜਾ ਜਵਾਬ ਦਿੱਤਾ। ਯਹੂਦਾਹ ਦੇ ਲੋਕਾਂ ਦਾ ਜਵਾਬ ਇਸਰਾਏਲੀਆਂ ਨਾਲੋਂ ਬਹੁਤ ਤੱਤਾ ਅਤੇ ਮੰਦਾ ਸੀ।
10 ਪਰ ਜਿਹੜੇ ਲੋਕ ਧਰਮੀ ਬਨਣ ਲਈ ਨੇਮ ਉੱਤੇ ਨਿਰਭਰ ਕਰਦੇ ਹਨ ਉਹ ਸਰਾਪੇ ਹੋਏ ਹਨ। ਕਿਉਂ? ਕਿਉਂਕਿ ਪੋਥੀਆਂ ਆਖਦੀਆਂ ਹਨ, “ਇੱਕ ਵਿਅਕਤੀ ਨੂੰ ਉਹ ਸਭ ਕੁਝ ਕਰਨਾ ਚਾਹੀਦਾ ਹੈ ਜੋ ਨੇਮ ਵਿੱਚ ਲਿਖਿਆ ਹੋਇਆ ਹੈ। ਜੋ ਉਹ ਹਮੇਸ਼ਾ ਇਸਦਾ ਪਾਲਣ ਨਹੀਂ ਕਰਦਾ ਤਾਂ ਉਹ ਵਿਅਕਤੀ ਸਰਾਪਿਆ ਹੋਇਆ ਹੈ।” [a] 11 ਇਸੇ ਲਈ ਇਹ ਬਹੁਤ ਸਪੱਸ਼ਟ ਹੈ ਕਿ ਨੇਮ ਦੁਆਰਾ ਕੋਈ ਵੀ ਧਰਮੀ ਨਹੀਂ ਬਣਾਇਆ ਜਾ ਸੱਕਦਾ। ਪੋਥੀਆਂ ਆਖਦੀਆਂ ਹਨ, “ਜਿਹੜਾ ਵਿਅਕਤੀ ਪਰਮੇਸ਼ੁਰ ਨਾਲ ਉਸਦੀ ਨਿਹਚਾ ਕਾਰਣ ਧਰਮੀ ਹੈ ਉਹ ਸਦਾ ਜੀਵੇਗਾ।” [b]
12 ਨੇਮ ਵਿਸ਼ਵਾਸ ਦੀ ਵਰਤੋਂ ਨਹੀਂ ਕਰਦਾ ਇਹ ਵੱਖਰਾ ਢੰਗ ਅਪਨਾਉਂਦਾ ਹੈ। ਨੇਮ ਆਖਦਾ ਹੈ: ਜਿਹੜਾ, “ਵਿਅਕਤੀ ਨੇਮਾਂ ਦਾ ਅਨੁਸਰਣ ਕਰਕੇ ਜੀਵਨ ਪਾਉਣਾ ਚਾਹੁੰਦਾ ਹੈ ਉਸ ਨੂੰ ਉਹ ਸਭ ਗੱਲਾਂ ਕਰਨੀਆਂ ਚਾਹੀਦੀਆਂ ਹਨ ਜੋ ਨੇਮ ਆਖਦਾ ਹੈ।” [c] 13 ਨੇਮ ਨੇ ਸਾਡੇ ਉੱਪਰ ਇੱਕ ਸਰਾਪ ਰੱਖ ਦਿੱਤਾ। ਪਰ ਮਸੀਹ ਨੇ ਉਸ ਸਰਾਪ ਨੂੰ ਦੂਰ ਕਰ ਦਿੱਤਾ ਹੈ। ਉਸ ਨੇ ਸਾਡੇ ਨਾਲ ਆਪਣੀ ਥਾਂ ਬਦਲ ਲਈ। ਮਸੀਹ ਨੇ ਉਹ ਸਰਾਪ ਆਪਣੇ ਆਪ ਉੱਪਰ ਲੈ ਲਿਆ। ਪੋਥੀਆਂ ਵਿੱਚ ਇਹ ਲਿਖਿਆ ਹੈ, “ਜੇ ਕਿਸੇ ਵਿਅਕਤੀ ਦੇ ਸਰੀਰ ਨੂੰ ਰੁੱਖ ਉੱਤੇ ਲਟਕਾਇਆ ਜਾਂਦਾ ਹੈ ਤਾਂ ਉਹ ਵਿਅਕਤੀ ਸਰਾਪ ਹੇਠਾਂ ਹੁੰਦਾ ਹੈ।” [d] 14 ਯਿਸੂ ਮਸੀਹ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਸਾਰੇ ਲੋਕਾਂ ਨੂੰ ਪਰਮੇਸ਼ੁਰ ਦੀ ਅਸੀਸ ਮਿਲ ਸੱਕੇ, ਪਰਮੇਸ਼ੁਰ ਨੇ ਇਸ ਅਸੀਸ ਦਾ ਵਚਨ ਅਬਰਾਹਾਮ ਨੂੰ ਦਿੱਤਾ ਸੀ। ਇਹੀ ਅਸੀਸ ਯਿਸੂ ਮਸੀਹ ਰਾਹੀਂ ਆਉਂਦੀ ਹੈ। ਯਿਸੂ ਇਸ ਲਈ ਕੁਰਬਾਨ ਹੋਇਆ ਕਿ ਅਸੀਂ ਉਸ ਪਵਿੱਤਰ ਆਤਮਾ ਨੂੰ ਪ੍ਰਾਪਤ ਕਰ ਸੱਕੀਏ ਜਿਸਦਾ ਪਰਮੇਸ਼ੁਰ ਨੇ ਵਾਇਦਾ ਕੀਤਾ ਸੀ। ਇਹ ਵਾਇਦਾ ਸਾਡੇ ਵਿਸ਼ਵਾਸ ਕਾਰਣ ਸਾਨੂੰ ਪ੍ਰਾਪਤ ਹੋਇਆ ਹੈ।
2010 by World Bible Translation Center