Revised Common Lectionary (Semicontinuous)
ਇਸਰਾਏਲ ਪਰਮੇਸ਼ੁਰ ਦਾ ਹੈ
19 ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਇਸਰਾਏਲ ਦੇ ਸਾਰੇ ਲੋਕਾਂ ਨੂੰ ਆਖ; ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। ਮੈਂ ਪਵਿੱਤਰ ਹਾਂ, ਇਸ ਲਈ ਤੁਹਾਨੂੰ ਵੀ ਪਵਿੱਤਰ ਹੋਣਾ ਚਾਹੀਦਾ ਹੈ।
9 “ਜਦੋਂ ਤੁਸੀਂ ਵਾਢੀਆਂ ਸਮੇਂ ਆਪਣੀਆਂ ਫ਼ਸਲਾਂ ਕੱਟੋ ਤਾਂ ਆਪਣੇ ਖੇਤਾਂ ਦੇ ਕਿਨਾਰਿਆਂ ਤੱਕ ਪੂਰੀ ਕਟਾਈ ਨਾ ਕਰੋ ਅਤੇ ਜੇ ਅਨਾਜ ਧਰਤੀ ਉੱਤੇ ਡਿੱਗ ਪੈਂਦਾ ਹੈ ਤਾਂ ਤੁਹਾਨੂੰ ਉਹ ਅਨਾਜ ਇਕੱਠਾ ਨਹੀਂ ਕਰਨਾ ਚਾਹੀਦਾ। 10 ਆਪਣੇ ਅੰਗੂਰਾਂ ਦੇ ਬਾਗ ਦੇ ਸਾਰੇ ਅੰਗੂਰ ਨਾ ਤੋੜੋ ਅਤੇ ਧਰਤੀ ਤੇ ਡਿੱਗੇ ਹੋਏ ਅੰਗੂਰ ਨਾ ਚੁੱਕੋ। ਕਿਉਂਕਿ ਇਹ ਚੀਜ਼ਾਂ ਤੁਹਾਨੂੰ ਗਰੀਬ ਲੋਕਾਂ ਲਈ ਅਤੇ ਤੁਹਾਡੇ ਦੇਸ਼ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਲਈ ਛੱਡ ਦੇਣੀਆਂ ਚਾਹੀਦੀਆਂ ਹਨ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
11 “ਤੁਹਾਨੂੰ ਚੋਰੀ ਨਹੀਂ ਕਰਨੀ ਚਾਹੀਦੀ। ਤੁਹਾਨੂੰ ਲੋਕਾਂ ਨੂੰ ਧੋਖਾ ਨਹੀਂ ਦੇਣਾ ਚਾਹੀਦਾ। ਤੁਹਾਨੂੰ ਇੱਕ ਦੂਸਰੇ ਨਾਲ ਝੂਠ ਨਹੀਂ ਬੋਲਣਾ ਚਾਹੀਦਾ। 12 ਤੁਹਾਨੂੰ (ਅਦਾਲਤ ਵਿੱਚ ਝੂਠੀ ਸਾਖੀ ਬਾਬਤ) ਮੇਰੇ ਨਾਂ ਤੇ ਝੂਠੀ ਕਸਮ ਨਹੀਂ ਖਾਣੀ ਚਾਹੀਦੀ। ਜੇ ਤੁਸੀਂ ਅਜਿਹਾ ਕਰੋਂਗੇ, ਤੁਸੀਂ ਆਪਣੇ ਪਰਮੇਸ਼ੁਰ ਦੇ ਨਾਮ ਦਾ ਨਿਰਾਦਰ ਕਰੋਂਗੇ। ਮੈਂ ਯਹੋਵਾਹ ਹਾਂ।
13 “ਤੁਹਾਨੂੰ ਆਪਣੇ ਗੁਆਂਢੀ ਦਾ ਬੁਰਾ ਨਹੀਂ ਕਰਨਾ ਚਾਹੀਦਾ। ਤੁਹਾਨੂੰ ਉਸ ਨੂੰ ਲੁੱਟਣਾ ਨਹੀਂ ਚਾਹੀਦਾ। ਤੁਹਾਨੂੰ ਕਿਸੇ ਭਾੜੇ ਦੇ ਕਾਮੇ ਦੀ ਤਨਖਾਹ ਸਾਰੀ ਰਾਤ ਵੇਲੇ ਤੱਕ ਨਹੀਂ ਰੋਕਣੀ ਚਾਹੀਦੀ।
14 “ਤੁਹਾਨੂੰ ਕਿਸੇ ਬੋਲੇ ਬੰਦੇ ਨੂੰ ਬੇਇੱਜ਼ਤ ਨਹੀਂ ਕਰਨਾ ਚਾਹੀਦਾ। ਤੁਹਾਨੂੰ ਕਿਸੇ ਅੰਨ੍ਹੇ ਬੰਦੇ ਨੂੰ ਡੇਗਣ ਲਈ ਉਸ ਦੇ ਸਾਹਮਣੇ ਕੋਈ ਰੁਕਾਵਟ ਨਹੀਂ ਪਾਉਣੀ ਚਾਹੀਦੀ। ਪਰ ਤੁਹਾਨੂੰ ਆਪਣੇ ਪਰਮੇਸ਼ੁਰ ਦਾ ਆਦਰ ਕਰਨਾ ਚਾਹੀਦਾ ਹੈ। ਮੈਂ ਯਹੋਵਾਹ ਹਾਂ।
15 “ਤੁਹਾਨੂੰ ਨਿਆਂ ਕਰਨ ਵਿੱਚ ਬੇਲਾਗ ਹੋਣਾ ਚਾਹੀਦਾ ਹੈ। ਤੁਹਾਨੂੰ ਗਰੀਬ ਲੋਕਾਂ ਲਈ ਜਾਂ ਧਨਵਾਨ ਲੋਕਾਂ ਲਈ ਖਾਸ ਰਿਆਇਤ ਨਹੀਂ ਦਰਸਾਉਣੀ ਚਾਹੀਦੀ। ਜਦੋਂ ਤੁਸੀਂ ਆਪਣੇ ਗੁਆਂਢੀ ਦਾ ਨਿਆਂ ਕਰੋ, ਤੁਹਾਨੂੰ ਬੇਲਾਗ ਹੋਣਾ ਚਾਹੀਦਾ ਹੈ। 16 ਤੁਹਾਨੂੰ ਹੋਰਨਾਂ ਲੋਕਾਂ ਬਾਰੇ ਝੂਠੀਆਂ ਅਫ਼ਵਾਹਾਂ ਨਹੀਂ ਫ਼ੈਲਾਉਣੀਆਂ ਚਾਹੀਦੀਆਂ। ਜਦੋਂ ਤੁਹਾਡੇ ਗੁਆਂਢੀ ਦੀ ਜਾਨ ਖਤਰੇ ਵਿੱਚ ਹੋਵੇ ਬਿਨਾ ਸਹਾਇਤਾ ਕਰਨ ਦੇ ਐਵੇਂ ਉੱਥੇ ਨਾ ਖਲੋਵੋ। ਮੈਂ ਯਹੋਵਾਹ ਹਾਂ।
17 “ਤੁਹਾਨੂੰ ਆਪਣੇ ਦਿਲ ਵਿੱਚ ਆਪਣੇ ਭਰਾ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ। ਜੇ ਤੁਹਾਡਾ ਗੁਆਂਢੀ ਕੋਈ ਗਲਤ ਗੱਲ ਕਰਦਾ ਹੈ, ਇਸ ਬਾਰੇ ਉਸ ਨਾਲ ਗੱਲ ਕਰੋ ਤਾਂ ਜੋ ਤੁਸੀਂ ਉਸ ਕਾਰਣ ਪਾਪ ਨਾ ਕਰੋ। 18 ਉਨ੍ਹਾਂ ਮੰਦੀਆਂ ਗੱਲਾਂ ਬਾਰੇ ਖਾਰ ਨਾ ਖਾਵੋ ਜੋ ਲੋਕ ਤੁਹਾਡੇ ਨਾਲ ਕਰਦੇ ਹਨ। ਬਦਲਾ ਲੈਣ ਦੀ ਕੋਸ਼ਿਸ਼ ਨਾ ਕਰੋ। ਆਪਣੇ ਗੁਆਂਢੀ ਨੂੰ ਆਪਣੇ-ਆਪ ਵਾਂਗ ਪਿਆਰ ਕਰੋ। ਮੈਂ ਯਹੋਵਾਹ ਹਾਂ।
ਹੇ
33 ਯਹੋਵਾਹ, ਮੈਨੂੰ ਆਪਣੇ ਨੇਮਾ ਦੀ ਸਿੱਖਿਆ ਦੇਵੋ,
ਅਤੇ ਮੈਂ ਉਨ੍ਹਾਂ ਉੱਤੇ ਚੱਲਾਂਗਾ।
34 ਸਮਝਣ ਵਿੱਚ ਮੇਰੀ ਮਦਦ ਕਰੋ,
ਅਤੇ ਮੈਂ ਤੁਹਾਡੀਆਂ ਸਿੱਖਿਆਵਾਂ ਮੰਨਾਗਾ।
ਮੈਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਮੰਨਾਗਾ।
35 ਯਹੋਵਾਹ, ਮੇਰੀ ਅਗਵਾਈ ਆਪਣੇ ਆਦੇਸ਼ ਦੇ ਰਾਹ ਉੱਤੇ ਕਰੋ।
ਮੈਂ ਸੱਚਮੁੱਚ ਉਸ ਜੀਵਨ ਢੰਗ ਨੂੰ ਪਿਆਰ ਕਰਦਾ ਹਾਂ।
36 ਆਪਣੇ ਕਰਾਰ ਬਾਰੇ ਸੋਚਣ ਵਿੱਚ ਮੇਰੀ ਮਦਦ ਕਰੋ
ਬਜਾਇ ਇਸਦੇ ਕਿ ਮੈਂ ਅਮੀਰ ਕਿਵੇਂ ਹੋਵਾਂ?
37 ਹੇ ਯਹੋਵਾਹ, ਮੈਨੂੰ ਨਿਰਾਰਥਕ ਗੱਲਾਂ ਵੱਲ ਧਿਆਨ ਦੇਣ ਦਿਉ।
ਤੁਹਾਡੇ ਰਾਹ ਵਿੱਚ ਰਹਿਣ ਲਈ ਮੇਰੀ ਮਦਦ ਕਰੋ।
38 ਉਹੀ ਕਰੋ ਜਿਸਦਾ ਵਾਅਦਾ ਤੁਸੀਂ ਆਪਣੇ ਸੇਵਕ ਨਾਲ ਕੀਤਾ ਸੀ
ਤਾਂ ਜੋ ਲੋਕ ਤੁਹਾਡਾ ਆਦਰ ਕਰਨ।
39 ਯਹੋਵਾਹ, ਸ਼ਰਮਿੰਦਗੀ ਨੂੰ ਦੂਰ ਕਰ ਦਿਉ ਜਿਸਤੋਂ ਮੈਂ ਡਰਦਾ ਹਾਂ।
ਤੁਹਾਡੇ ਸਿਆਣੇ ਨਿਆਂ ਸ਼ੁਭ ਹਨ।
40 ਵੇਖੋ, ਮੈਂ ਤੁਹਾਡੇ ਹੁਕਮਾਂ ਦੀ ਇੱਛਾ ਕਰਦਾ ਹਾਂ,
ਮੇਰੇ ਨਾਲ ਚੰਗਾ ਕਰੋ ਅਤੇ ਮੈਨੂੰ ਜਿਉਣ ਦਿਉ।
10 ਮਾਹਰ ਨਿਰਮਾਤਾ ਵਾਂਗ ਮੈਂ ਉਸ ਘਰ ਦੀ ਬੁਨਿਆਦ ਰੱਖੀ ਹੈ। ਇਸ ਲਈ ਮੈਂ ਉਸ ਦਾਤ ਦੀ ਵਰਤੋਂ ਕੀਤੀ ਹੈ ਜਿਹੜੀ ਮੈਨੂੰ ਪਰਮੇਸ਼ੁਰ ਨੇ ਇਸ ਮੰਤਵ ਲਈ ਦਿੱਤੀ ਸੀ। ਹੋਰ ਲੋਕ ਇਸ ਬੁਨਿਆਦ ਉੱਤੇ ਉਸਾਰੀ ਕਰ ਰਹੇ ਹਨ। ਪਰ ਵਿਅਕਤੀ ਨੂੰ ਉਸਾਰੀ ਕਰਨ ਵਿੱਚ ਸਾਵੱਧਾਨੀ ਵਰਤਨੀ ਚਾਹੀਦੀ ਹੈ। 11 ਬੁਨਿਆਦ ਪਹਿਲਾਂ ਹੀ ਰੱਖੀ ਜਾ ਚੁੱਕੀ ਹੈ। ਕੋਈ ਵੀ ਵਿਅਕਤੀ ਹੋਰ ਬੁਨਿਆਦ ਨਹੀਂ ਰੱਖ ਸੱਕਦਾ। ਜਿਹੜੀ ਬੁਨਿਆਦ ਰੱਖੀ ਜਾ ਚੁੱਕੀ ਹੈ ਉਹ ਯਿਸੂ ਮਸੀਹ ਹੈ।
16 ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਖੁਦ ਪਰਮੇਸ਼ੁਰ ਦਾ ਮੰਦਰ ਹੋ। ਪਰਮੇਸ਼ੁਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ। 17 ਜੇ ਕੋਈ ਵਿਅਕਤੀ ਪਰਮੇਸ਼ੁਰ ਦੇ ਮੰਦਰ ਨੂੰ ਤਬਾਹ ਕਰਦਾ ਹੈ ਤਾਂ ਪਰਮੇਸ਼ੁਰ ਉਸ ਵਿਅਕਤੀ ਨੂੰ ਤਬਾਹ ਕਰ ਦੇਵੇਗਾ। ਕਿਉਂਕਿ ਪਰਮੇਸ਼ੁਰ ਦਾ ਮੰਦਰ ਪਵਿੱਤਰ ਹੈ। ਤੁਸੀਂ ਖੁਦ ਉਸ ਪਰਮੇਸ਼ੁਰ ਦਾ ਮੰਦਰ ਹੋ।
18 ਆਪਣੇ-ਆਪ ਨੂੰ ਮੂਰਖ ਨਾ ਬਣਾਉ। ਜੇ ਤੁਹਾਡੇ ਵਿੱਚੋਂ ਕੋਈ ਵਿਅਕਤੀ ਇਹ ਸੋਚਦਾ ਹੈ ਕਿ ਉਹ ਦੁਨੀਆਂ ਵਿੱਚ ਸਿਆਣਾ ਮਨੁੱਖ ਹੈ, ਤਾਂ ਉਸ ਨੂੰ ਮੂਰਖ ਬਣ ਜਾਣਾ ਚਾਹੀਦਾ ਹੈ। ਫ਼ੇਰ ਉਹ ਵਿਅਕਤੀ ਸੱਚਮੁੱਚ ਦਾ ਸਿਆਣਾ ਬਣ ਸੱਕਦਾ ਹੈ। 19 ਕਿਉਂ? ਕਿਉਂਕਿ ਇਸ ਦੁਨੀਆਂ ਦੀ ਸਿਆਣਪ ਪਰਮੇਸ਼ੁਰ ਲਈ ਮੂਰੱਖਤਾ ਹੈ। ਪੋਥੀਆਂ ਵਿੱਚ ਇਹ ਲਿਖਿਆ ਹੋਇਆ ਹੈ, “ਉਹ ਸਿਆਣੇ ਲੋਕਾਂ ਨੂੰ ਉਨ੍ਹਾਂ ਦੇ ਚੁਸਤ ਚਲਾਕੀਆਂ ਵਾਲੇ ਅਮਲਾਂ ਤੋਂ ਫ਼ੜਦਾ ਹੈ।” [a] 20 ਪੋਥੀਆਂ ਵਿੱਚ, ਇਹ ਵੀ ਲਿਖਿਆ ਹੈ, “ਪਰਮੇਸ਼ੁਰ ਨੂੰ ਸਿਆਣੇ ਲੋਕਾਂ ਦੀਆਂ ਸੋਚਾਂ ਦਾ ਪਤਾ ਹੈ। ਉਹ ਜਾਣਦਾ ਹੈ ਕਿ ਉਨ੍ਹਾਂ ਦੇ ਵਿੱਚਾਰ ਨਿਕਾਰਥਕ ਹਨ।” [b] 21 ਇਸ ਲਈ ਤੁਹਾਨੂੰ ਮਨੁੱਖਾਂ ਬਾਰੇ ਘਮੰਡ ਨਹੀਂ ਕਰਨਾ ਚਾਹੀਦਾ। ਸਾਰੀਆਂ ਚੀਜ਼ਾਂ ਤੁਹਾਡੀਆਂ ਹਨ। 22 ਪੌਲੁਸ, ਅਪੁੱਲੋਸ ਅਤੇ ਪਤਰਸ, ਦੁਨੀਆਂ, ਜੀਵਨ, ਮੌਤ, ਵਰਤਮਾਨ ਅਤੇ ਭਵਿੱਖ ਇਹ ਸਾਰੀਆਂ ਚੀਜ਼ਾਂ ਤੁਹਾਡੀਆਂ ਹਨ। 23 ਅਤੇ ਤੁਸੀਂ ਮਸੀਹ ਦੇ ਹੋ ਅਤੇ ਮਸੀਹ ਪਰਮੇਸ਼ੁਰ ਦਾ ਹੈ।
ਯਿਸੂ ਦਾ ਬਦਲੇ ਬਾਰੇ ਉਪਦੇਸ਼(A)
38 “ਤੁਸੀਂ ਸੁਣਿਆ ਹੈ ਜੋ ਕਿਹਾ ਗਿਆ ਸੀ ਕਿ, ‘ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ।’ [a] 39 ਮੈਂ ਤੁਹਾਨੂੰ ਆਖਦਾ ਹਾਂ ਕਿ, ਦੁਸ਼ਟ ਆਦਮੀ ਦੇ ਵਿਰੁੱਧ ਖੜ੍ਹੇ ਨਾ ਹੋਵੋ। ਸਗੋਂ ਜੇ ਕੋਈ ਤੁਹਾਡੀ ਸੱਜੀ ਗਲ੍ਹ ਉੱਤੇ ਚਪੇੜ ਮਾਰੇ, ਤਾਂ ਤੁਸੀਂ ਦੂਜੀ ਵੀ ਉਸ ਵੱਲ ਘੁਮਾ ਦਿਓ। 40 ਅਤੇ ਜਿਹੜਾ ਤੁਹਾਡੇ ਉੱਤੇ ਮੁਕੱਦਮਾ ਕਰੇ ਤੇ ਤੁਹਾਡਾ ਕੁੜਤਾ ਲੈਣਾ ਚਾਹੇ ਤਾਂ ਉਸ ਨੂੰ ਆਪਣਾ ਚੋਗ਼ਾ ਵੀ ਲੈ ਲੈਣ ਦਿਓ। 41 ਅਤੇ ਜੇ ਕੋਈ ਤੁਹਾਨੂੰ ਇੱਕ ਮੀਲ ਆਪਣੇ ਨਾਲ ਤੁਰਣ ਲਈ ਮਜਬੂਰ ਕਰੇ ਤਾਂ ਤੁਸੀਂ ਉਸ ਨਾਲ ਦੋ ਮੀਲ ਚੱਲੋ। 42 ਜੇਕਰ ਕੋਈ ਤੁਹਾਥੋਂ ਕੁਝ ਮੰਗਦਾ ਹੈ, ਉਹ ਉਸ ਨੂੰ ਦਿਓ ਅਤੇ ਜੇਕਰ ਕੋਈ ਤੁਹਾਥੋਂ ਉਧਾਰ ਚਾਹੁੰਦਾ ਹੈ ਤਾਂ, ਦੇਣ ਤੋਂ ਮਨ੍ਹਾ ਨਾ ਕਰੋ।
ਸਭ ਲੋਕਾਂ ਨੂੰ ਪਿਆਰ ਕਰੋ(B)
43 “ਤੁਸੀਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ, ‘ਤੁਸੀਂ ਆਪਣੇ ਗੁਆਂਢੀ ਨਾਲ ਵੀ ਪਿਆਰ ਕਰੋ [b] ਅਤੇ ਆਪਣੇ ਵੈਰੀ ਨਾਲ ਵੈਰ ਰੱਖੋ।’ 44 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਆਪਣੇ ਵੈਰੀਆਂ ਨਾਲ ਵੀ ਪਿਆਰ ਕਰੋ। ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ। 45 ਜੇਕਰ ਤੁਸੀਂ ਅਜਿਹਾ ਕਰੋਂਗੇ, ਫ਼ੇਰ ਤੁਸੀਂ ਆਪਣੇ ਪਿਤਾ ਦੇ ਜਿਹੜਾ ਸਵਰਗ ਵਿੱਚ ਹੈ, ਸੱਚੇ ਪੁੱਤਰ ਹੋਵੋਗੇ, ਕਿਉਂਕਿ ਪਿਤਾ ਆਪਣਾ ਸੂਰਜ, ਬੁਰੇ ਅਤੇ ਭਲੇ ਦੋਹਾਂ ਉੱਪਰ ਹੀ ਚੜ੍ਹਾਉਂਦਾ ਹੈ। ਤੁਹਾਡਾ ਪਿਤਾ ਧਰਮੀਆਂ ਅਤੇ ਕੁਧਰਮੀਆਂ ਉੱਪਰ ਵੀ ਮੀਂਹ ਵਰਸਾਉਂਦਾ ਹੈ। 46 ਜੇਕਰ ਤੁਸੀਂ ਉਨ੍ਹਾਂ ਨਾਲ ਹੀ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ ਤਾਂ ਤੁਹਾਨੂੰ ਕੋਈ ਫ਼ਲ ਨਹੀਂ ਮਿਲੇਗਾ। ਕੀ ਮਸੂਲੀਏ ਵੀ ਇਹੀ ਨਹੀਂ ਕਰਦੇ? 47 ਜੇਕਰ ਤੁਸੀਂ ਸਿਰਫ਼ ਆਪਣੇ ਦੋਸਤਾਂ ਨਾਲ ਚੰਗਾ ਵਰਤਾਓ ਕਰਦੇ ਹੋ ਤਾਂ ਤੁਸੀਂ ਦੂਸਰੇ ਲੋਕਾਂ ਨਾਲੋਂ ਚੰਗੇ ਨਹੀਂ ਹੋ। ਕੀ ਕੁਧਰਮੀ ਵੀ ਅਜਿਹਾ ਨਹੀਂ ਕਰਦੇ? 48 ਸੋ ਜਿਵੇਂ ਤੁਹਾਡਾ ਪਿਤਾ ਜਿਹੜਾ ਸੁਰਗ ਵਿੱਚ ਹੈ, ਸੰਪੂਰਣ ਹੈ ਤਿਵੇਂ ਤੁਸੀਂ ਵੀ ਸੰਪੂਰਣ ਹੋਵੋ।
2010 by World Bible Translation Center