Revised Common Lectionary (Complementary)
112 ਯਹੋਵਾਹ ਦੀ ਉਸਤਤਿ ਕਰੋ!
ਉਹ ਬੰਦਾ ਜਿਹੜਾ ਡਰਦਾ ਅਤੇ ਯਹੋਵਾਹ ਦਾ ਆਦਰ ਕਰਦਾ ਹੈ ਬਹੁਤ ਪ੍ਰਸੰਨ ਹੋਵੇਗਾ।
ਉਹ ਬੰਦਾ ਪਰਮੇਸ਼ੁਰ ਦੇ ਆਦੇਸ਼ਾਂ ਨੂੰ ਪਿਆਰ ਕਰਦਾ ਹੈ।
2 ਉਸਦੀ ਔਲਾਦ ਧਰਤੀ ਅਤੇ ਮਹਾਨ ਹੋਵੇਗੀ।
ਚੰਗੇ ਲੋਕਾਂ ਦੀ ਔਲਾਦ ਸੱਚਮੁੱਚ ਸੁਭਾਗੀ ਹੋਵੇਗੀ।
3 ਉਸ ਬੰਦੇ ਦਾ ਪਰਿਵਾਰ ਬਹੁਤ ਅਮੀਰ ਹੋਵੇਗਾ
ਅਤੇ ਉਸਦੀ ਚੰਗਿਆਈ ਸਦਾ ਰਹੇਗੀ।
4 ਚੰਗੇ ਲੋਕਾਂ ਲਈ, ਪਰਮੇਸ਼ੁਰ ਹਨੇਰੇ ਵਿੱਚ ਚਮਕਦੀ ਹੋਈ ਰੌਸ਼ਨੀ ਵਾਂਗ ਹੈ।
ਪਰਮੇਸ਼ੁਰ ਸ਼ੁਭ, ਮਿਹਰਬਾਨ ਅਤੇ ਦਿਆਲੂ ਹੈ।
5 ਕਿਸੇ ਬੰਦੇ ਲਈ ਮਿਹਰਬਾਨ ਅਤੇ ਫ਼ਰਾਖ ਹੋਣਾ ਚੰਗਾ ਹੈ।
ਕਿਸੇ ਇੱਕ ਬੰਦੇ ਲਈ ਆਪਣੇ ਕੰਮ ਵਿੱਚ ਬੇਲਾਗ ਹੋਣਾ ਚੰਗਾ ਹੈ।
6 ਉਸ ਬੰਦੇ ਦਾ ਕਦੀ ਵੀ ਪਤਨ ਨਹੀਂ ਹੋਵੇਗਾ।
ਇੱਕ ਚੰਗਾ ਵਿਅਕਤੀ ਹਮੇਸ਼ਾ ਲਈ ਯਾਦ ਕੀਤਾ ਜਾਵੇਗਾ।
7 ਉਹ ਮਾੜੇ ਸਮਾਚਾਰਾ ਤੋਂ ਯਾਦ ਨਹੀਂ ਰਹੇਗਾ।
ਉਹ ਬੰਦਾ ਦ੍ਰਿੜ ਵਿਸ਼ਵਾਸੀ ਹੈ ਕਿਉਂਕਿ ਉਹ ਯਹੋਵਾਹ ਉੱਤੇ ਯਕੀਨ ਰੱਖਦਾ ਹੈ।
8 ਉਹ ਬੰਦਾ ਦ੍ਰਿੜ ਵਿਸ਼ਵਾਸੀ ਹੈ ਉਹ ਡਰੇਗਾ ਨਹੀਂ।
ਉਹ ਆਪਣੇ ਦੁਸ਼ਮਣਾਂ ਨੂੰ ਹਰਾ ਦੇਵੇਗਾ।
9 ਉਹ ਬੰਦਾ ਖੁਲ੍ਹਦਿਲੀ ਨਾਲ ਗਰੀਬਾਂ ਨੂੰ ਦਾਨ ਕਰਦਾ ਹੈ।
ਅਤੇ ਉਸਦੀ ਨੇਕੀ ਸਦਾ ਰਹੇਗੀ।
10 ਬਦਚਲਣ ਬੰਦੇ ਇਸ ਨੂੰ ਦੇਖਦੇ ਹਨ ਅਤੇ ਕ੍ਰੋਧਵਾਨ ਹੋ ਜਾਂਦੇ ਹਨ।
ਉਹ ਗੁੱਸੇ ਨਾਲ ਆਪਣੇ ਦੰਦ ਕਰੀਚਣਗੇ, ਪਰ ਫ਼ੇਰ ਉਹ ਅਲੋਪ ਹੋ ਜਾਣਗੇ।
ਬਦਚਲਣ ਲੋਕਾਂ ਨੂੰ ਕਦੀ ਵੀ ਉਹ ਨਹੀਂ ਮਿਲੇਗਾ ਜਿਸਦੀ ਇੱਛਾ ਉਹ ਬੁਰੀ ਤਰ੍ਹਾਂ ਕਰਦੇ ਹਨ।
ਦੋ ਬੁਰੀਆਂ ਭੈਣਾਂ: ਇਸਰਾਏਲ ਅਤੇ ਯਹੂਦਾਹ
6 ਯਹੋਵਾਹ ਨੇ ਰਾਜੇ ਯੋਸ਼ੀਯਾਹ ਦੇ ਸ਼ਾਸਨਕਾਲ ਦੇ ਸਮੇਂ ਦੌਰਾਨ ਮੈਨੂੰ ਆਖਿਆ, “ਯਿਰਮਿਯਾਹ ਕੀ ਤੂੰ ਦੇਖੀਆਂ ਨੇ ਉਹ ਮੰਦੀਆਂ ਗੱਲਾਂ ਜਿਹੜੀਆਂ ਇਸਰਾਏਲ ਨੇ ਕੀਤੀਆਂ ਨੇ? ਤੂੰ ਦੇਖਿਆ ਹੀ ਹੈ ਕਿਵੇਂ ਉਸ ਨੇ ਮੇਰੇ ਨਾਲ ਬੇਵਫ਼ਾਈ ਕੀਤੀ ਹੈ। ਉਸ ਨੇ ਹਰ ਪਹਾੜੀ ਉੱਤੇ ਅਤੇ ਹਰ ਹਰੇ ਰੁੱਖ ਦੀ ਛਾਂ ਹੇਠਾਂ ਵਿਭਚਾਰ ਕੀਤਾ ਹੈ। 7 ਮੈਂ ਆਪਣੇ-ਆਪ ਨੂੰ ਆਖਿਆ, ‘ਇਸਰਾਏਲ ਇਹ ਮੰਦੀਆਂ ਗੱਲਾਂ ਕਰਨ ਤੋਂ ਮਗਰੋਂ ਮੇਰੇ ਵੱਲ ਪਰਤ ਆਵੇਗਾ।’ ਪਰ ਨਹੀਂ ਪਰਤਿਆ ਉਹ ਮੇਰੇ ਕੋਲ। ਅਤੇ ਇਸਰਾਏਲ ਦੀ ਬੇਵਫ਼ਾ ਭੈਣ, ਯਹੂਦਾਹ ਨੇ ਉਸ ਦੇ ਅਮਲਾਂ ਨੂੰ ਦੇਖਿਆ। 8 ਇਸਰਾਏਲ ਬੇਵਫ਼ਾ ਸੀ ਅਤੇ ਇਸਰਾਏਲ ਨੂੰ ਪਤਾ ਸੀ ਕਿ ਮੈਂ ਕਿਉਂ ਉਸ ਨੂੰ ਦੂਰ ਕੀਤਾ ਹੈ। ਇਸਰਾਏਲ ਨੂੰ ਪਤਾ ਸੀ ਕਿ ਮੈਂ ਉਸ ਨੂੰ ਤਲਾਕ ਦੇ ਦਿੱਤਾ ਹੈ ਕਿਉਂ ਕਿ ਉਸ ਨੇ ਵਿਭਚਾਰ ਦਾ ਪਾਪ ਕੀਤਾ ਹੈ। ਪਰ ਇਸ ਗੱਲ ਨੇ ਉਸਦੀ ਬੇਵਫ਼ਾ ਭੈਣ ਨੂੰ ਭੈਭੀਤ ਨਹੀਂ ਕੀਤਾ। ਯਹੂਦਾਹ ਭੈਭੀਤ ਨਹੀਂ ਹੋਈ। ਯਹੂਦਾਹ ਨੇ ਵੀ ਬਾਹਰ ਜਾਕੇ ਵੇਸਵਾ ਵਾਲੇ ਕਰਮ ਕੀਤੇ। 9 ਯਹੂਦਾਹ ਨੇ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕੀਤੀ ਕਿ ਉਹ ਵੇਸਵਾ ਵਰਗੇ ਕੰਮ ਕਰ ਰਹੀ ਸੀ। ਇਸ ਲਈ ਉਸ ਨੇ ਆਪਣੇ ਦੇਸ ਨੂੰ ‘ਨਾਪਾਕ’ ਕਰ ਦਿੱਤਾ। ਉਸ ਨੇ ਪੱਥਰ ਅਤੇ ਲਕੜੀ ਦੇ ਬਣੇ ਬੁੱਤਾਂ ਦੀ ਉਪਾਸਨਾ ਕਰਕੇ ਵਿਭਚਾਰ ਦਾ ਪਾਪ ਕੀਤਾ। 10 ਇਸਰਾਏਲ ਦੀ ਬੇਵਫ਼ਾ ਭੈਣ (ਯਹੂਦਾਹ) ਪੂਰੇ ਦਿਲ ਨਾਲ ਮੇਰੇ ਕੋਲ ਵਾਪਸ ਨਹੀਂ ਪਰਤੀ। ਉਸ ਨੇ ਕੇਵਲ ਪਰਤਣ ਦਾ ਦਿਖਾਵਾ ਕੀਤਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
11 ਯਹੋਵਾਹ ਨੇ ਮੈਨੂੰ ਆਖਿਆ, “ਇਸਰਾਏਲ ਨੇ ਮੇਰੇ ਨਾਲ ਵਫ਼ਾ ਨਹੀਂ ਕੀਤੀ। ਪਰ ਉਸ ਦੇ ਕੋਲ ਬੇਵਫ਼ਾ ਯਹੂਦਾਹ ਨਾਲੋਂ ਬਿਹਤਰ ਬਹਾਨਾ ਸੀ। 12 ਯਿਰਮਿਯਾਹ, ਉੱਤਰ ਵੱਲ ਦੇਖ ਅਤੇ ਇਹ ਸੰਦੇਸ਼ ਸੁਣਾ:
“‘ਇਸਰਾਏਲ ਦੇ ਬੇਵਫ਼ਾ ਲੋਕੋ, ਤੁਸੀਂ ਵਾਪਸ ਪਰਤ ਆਓ।’
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
‘ਮੈਂ ਤੁਹਾਡੇ ਨਾਲ ਨਰਾਜ਼ ਹੋਣਾ ਛੱਡ ਦਿਆਂਗਾ।
ਮੈਂ ਰਹਿਮ ਨਾਲ ਭਰਪੂਰ ਹਾਂ।’
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
‘ਮੈਂ ਹਮੇਸ਼ਾ ਲਈ ਤੁਹਾਡੇ ਨਾਲ ਨਰਾਜ਼ ਨਹੀਂ ਹੋਵਾਂਗਾ।
13 ਪਰ ਤੁਹਾਨੂੰ ਆਪਣੇ-ਆਪ ਨੂੰ ਪਛਾਣ ਲੈਣਾ ਚਾਹੀਦਾ ਹੈ।
ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਖਿਲਾਫ਼ ਹੋ ਗਏ ਸੀ।
ਇਹ ਤੁਹਾਡਾ ਪਾਪ ਹੈ।
ਤੁਸੀਂ ਹੋਰਨਾਂ ਕੌਮਾਂ ਦੇ ਲੋਕਾਂ ਦੇ ਬੁੱਤਾਂ ਦੀ ਉਪਾਸਨਾ ਕੀਤੀ ਸੀ।
ਹਰੇਕ ਹਰੇ ਰੁੱਖ ਹੇਠਾਂ ਤੁਸੀਂ ਉਨ੍ਹਾਂ ਬੁੱਤਾਂ ਦੀ ਉਪਾਸਨਾ ਕੀਤੀ ਸੀ।
ਤੁਸੀਂ ਮੇਰਾ ਹੁਕਮ ਨਹੀਂ ਮੰਨਿਆ ਸੀ।’”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
14 “ਤੁਸੀਂ ਲੋਕੀ ਬੇਵਫ਼ਾ ਹੋ। ਪਰ ਮੇਰੇ ਵੱਲ ਵਾਪਸ ਪਰਤ ਆਓ!” ਇਹ ਸੰਦੇਸ਼ ਯਹੋਵਾਹ ਵੱਲੋਂ ਸੀ। “ਮੈਂ ਤੁਹਾਡਾ ਮਾਲਕ ਹਾਂ। ਮੈਂ ਹਰ ਸ਼ਹਿਰ ਵਿੱਚੋਂ ਇੱਕ ਬੰਦਾ ਅਤੇ ਹਰ ਪਰਿਵਾਰ ਵਿੱਚੋਂ ਦੋ ਬੰਦੇ ਲਵਾਂਗਾ ਅਤੇ ਤੁਹਾਨੂੰ ਸੀਯੋਨ ਵਾਪਸ ਲਿਆਵਾਂਗਾ।
ਯਿਸੂ ਦਾ ਜਿਨਸੀ ਪਾਪ ਬਾਰੇ ਉਪਦੇਸ਼
27 “ਤੁਸੀਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ, ‘ਕਿ ਤੂੰ ਬਦਕਾਰੀ ਦਾ ਪਾਪ ਨਾ ਕਰ।’ [a] 28 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਜੇਕਰ ਕੋਈ ਵਿਅਕਤੀ ਕਿਸੇ ਔਰਤ ਵੱਲ ਬੁਰੀ ਇੱਛਾ ਨਾਲ ਵੇਖਦਾ ਹੈ, ਤਾਂ ਉਹ ਪਹਿਲਾਂ ਹੀ ਆਪਣੇ ਦਿਲੋਂ ਉਸ ਔਰਤ ਨਾਲ ਬਦਕਾਰੀ ਦਾ ਪਾਪ ਕਰ ਚੁੱਕਿਆ ਹੈ। 29 ਜੋ ਤੇਰੀ ਸੱਜੀ ਅੱਖ ਪਾਪ ਕਰਾਵੇ ਤਾਂ ਉਸ ਨੂੰ ਆਪਣੇ ਸ਼ਰੀਰ ਵਿੱਚੋਂ ਕੱਢ ਕੇ ਸੁੱਟ ਦੇ। ਕਿਉਂ ਜੋ ਤੇਰੇ ਲਈ ਇਹੋ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ ਪਰ ਤੇਰਾ ਸਾਰਾ ਸ਼ਰੀਰ ਨਰਕ ਵਿੱਚ ਨਾ ਜਾਵੇ। 30 ਤੇਰਾ ਸੱਜਾ ਹੱਥ ਜਦੋਂ ਤੈਥੋਂ ਪਾਪ ਕਰਾਵੇ ਤਾਂ ਉਸ ਨੂੰ ਕੱਟਕੇ ਸੁੱਟ ਦੇ। ਕਿਉਂਕਿ ਤੇਰੇ ਲਈ ਇਹ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ਼ ਹੋਵੇ ਪਰ ਤੇਰਾ ਸਾਰਾ ਸ਼ਰੀਰ ਨਰਕ ਵਿੱਚ ਨਾ ਜਾਵੇ।
ਯਿਸੂ ਦਾ ਤਲਾਕ ਬਾਰੇ ਉਪਦੇਸ਼(A)
31 “ਇਹ ਵੀ ਆਖਿਆ ਗਿਆ ਹੈ, ‘ਜਿਹੜਾ ਵਿਅਕਤੀ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਉਹ ਉਸ ਨੂੰ ਤਲਾਕਨਾਮਾ ਲਿਖਕੇ ਦੇਵੇ।’ [b] 32 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਵੀ ਵਿਅਕਤੀ ਜੋ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ, ਉਹ ਉਸ ਨੂੰ ਬਦਕਾਰੀ ਦਾ ਪਾਪ ਕਰਨ ਦਾ ਦੋਸ਼ੀ ਬਣਾਉਂਦਾ ਹੈ। ਕਿਸੇ ਵਿਅਕਤੀ ਕੋਲ ਆਪਣੀ ਪਤਨੀ ਨੂੰ ਤਲਾਕ ਦੇਣ ਦਾ ਇੱਕ ਹੀ ਕਾਰਣ ਹੈ, ਕਿ ਜੇਕਰ ਉਸਦੀ ਪਤਨੀ ਨੇ ਦੂਸਰੇ ਆਦਮੀ ਨਾਲ ਜਿਨਸੀ ਸੰਬੰਧ ਬਣਾਏ ਹੋਣ। ਅਤੇ ਕੋਈ ਵੀ ਵਿਅਕਤੀ ਜੋ ਉਸ ਤਲਾਕਸ਼ੁਦਾ ਔਰਤ ਨਾਲ ਵਿਆਹ ਕਰਵਾਉਦਾ ਹੈ, ਬਦਕਾਰੀ ਦਾ ਪਾਪ ਕਰਨ ਦਾ ਦੋਸ਼ੀ ਹੈ।
ਯਿਸੂ ਦਾ ਵਾਅਦੇ ਕਰਨ ਬਾਰੇ ਉਪਦੇਸ਼
33 “ਤੁਸੀਂ ਸੁਣਿਆ ਹੈ ਕਿ ਸਾਡੇ ਪੁਰਖਿਆਂ ਨੂੰ ਆਖਿਆ ਗਿਆ ਸੀ। ਜੇਕਰ ਤੁਸੀਂ ਵਾਅਦਾ ਕਰੋਂ ਤਾਂ ਇਸ ਨੂੰ ਨਾ ਤੋੜੋ। ਜੋ ਵਾਅਦੇ ਤੁਸੀਂ ਪ੍ਰਭੂ ਨਾਲ ਕੀਤੇ ਹਨ ਉਨ੍ਹਾਂ ਨੂੰ ਪੂਰਿਆਂ ਕਰਨਾ ਚਾਹੀਦਾ ਹੈ। [c] 34 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ, ਕਦੇ ਵੀ ਵਾਅਦਾ ਨਾ ਕਰੋ। ਕਦੇ ਵੀ ਸੁਰਗ ਦੀ ਸੌਂਹ ਨਾ ਖਾਓ ਕਿਉਂਕਿ ਇਹ ਪਰਮੇਸ਼ੁਰ ਦਾ ਸਿੰਘਾਸਨ ਹੈ। 35 ਅਤੇ ਨਾ ਹੀ ਧਰਤੀ ਦੀ ਸੌਂਹ ਖਾਓ ਕਿਉਂਕਿ ਇਹ ਉਸ ਦੇ ਚਰਨਾਂ ਦੀ ਚੌਂਕੀ ਹੈ। ਨਾ ਹੀ ਯਰੂਸ਼ਲਮ ਦੀ ਕਿਉਂਕਿ ਇਹ ਮਹਾਨ ਰਾਜੇ ਦਾ ਸ਼ਹਿਰ ਹੈ। 36 ਅਤੇ ਨਾਹੀ ਆਪਣੇ ਸਿਰ ਦੀ ਸੌਂਹ ਖਾਓ, ਕਿਉਂਕਿ ਤੁਸੀਂ ਇੱਕ ਵਾਲ ਨੂੰ ਵੀ ਚਿੱਟਾ ਜਾਂ ਕਾਲਾ ਨਹੀਂ ਕਰ ਸੱਕਦੇ।
2010 by World Bible Translation Center