Revised Common Lectionary (Complementary)
ਸੁਲੇਮਾਨ ਨੂੰ।
72 ਹੇ ਪਰਮੇਸੁਰ, ਰਾਜੇ ਦੀ ਸਹਾਇਤਾ ਕਰੋ ਤਾਂ ਜੋ ਉਹ ਤੁਹਾਡੇ ਵਾਂਗ ਸਿਆਣੇ ਨਿਆਂ ਕਰੇ।
ਅਤੇ ਰਾਜੇ ਦੇ ਪੁੱਤਰ ਦੀ ਸਹਾਇਤਾ ਕਰੋ ਤਾਂ ਜੋ ਉਹ ਤੁਹਾਡੀ ਚੰਗਿਆਈ ਬਾਰੇ ਜਾਣ ਜਾਵੇ।
2 ਰਾਜੇ ਦੀ ਸਹਾਇਤਾ ਕਰੋ ਕਿ ਉਹ ਤੁਹਾਡੇ ਲੋਕਾਂ ਬਾਰੇ ਨਿਰਪੱਖ ਨਿਆਂ ਕਰੇ।
ਰਾਜੇ ਦੀ ਸਹਾਇਤਾ ਕਰੇ ਕਿ ਉਹ ਤੁਹਾਡੇ ਗਰੀਬ ਲੋਕਾਂ ਬਾਰੇ ਸਿਆਣੇ ਨਿਆਂ ਕਰੇ।
3 ਇਸ ਪੂਰੀ ਧਰਤੀ ਉੱਤੇ ਅਮਨ ਤੇ ਇਨਸਾਫ਼ ਹੋਵੇ।
4 ਰਾਜੇ ਨੂੰ ਆਪਣੇ ਗਰੀਬ ਲੋਕਾਂ ਲਈ ਨਿਰਪੱਖ ਹੋਣ ਦਿਉ।
ਉਸ ਨੂੰ ਬੇਸਹਾਰਿਆਂ ਦੀ ਸਹਾਇਤਾ ਕਰਨ ਦਿਉ ਉਸ ਨੂੰ ਉਨ੍ਹਾਂ ਲੋਕਾਂ ਨੂੰ ਦੰਡ ਦੇਣ ਦਿਉ ਜਿਹੜੇ ਉਨ੍ਹਾਂ ਉੱਤੇ ਜ਼ੁਲਮ ਕਰਦੇ ਹਨ।
5 ਲੋਕਾਂ ਨੂੰ ਰਾਜੇ ਦਾ ਡਰ ਹੋਵੇ ਅਤੇ ਉਹ ਉਸਦੀ ਇੱਜ਼ਤ ਕਰਨ, ਜਿੰਨਾ ਚਿਰ ਸੂਰਜ ਚਮਕ ਰਿਹਾ ਅਤੇ ਚੰਨ ਅਕਾਸ਼ ਵਿੱਚ ਹੈ।
ਲੋਕ ਡਰਨ ਅਤੇ ਸਦਾ ਉਸਦੀ ਇੱਜ਼ਤ ਕਰਨ।
6 ਰਾਜੇ ਦੀ ਸਹਾਇਤਾ ਕਰੋ ਕਿ ਉਹ ਉਸ ਵਰੱਖਾ ਵਾਂਗ ਹੋਵੇ ਜਿਹੜੀ ਖੇਤਾਂ ਉੱਤੇ ਵਰ੍ਹਦੀ ਹੈ,
ਜਿਵੇਂ ਧਰਤੀ ਉੱਤੇ ਫ਼ੁਹਾਰ ਪੈਂਦੀ ਹੈ।
7 ਨੇਕੀ ਨੂੰ ਖਿੜਨ ਦਿਉ ਜਦੋਂ ਤੱਕ ਕਿ ਉਹ ਰਾਜਾ ਹੈ,
ਅਮਨ ਨੂੰ ਜਾਰੀ ਰਹਿਣ ਦਿਉ ਜਿੰਨਾ ਚਿਰ ਕਿ ਚੰਨ ਹੈ।
8 ਉਸ ਦੇ ਰਾਜ ਨੂੰ ਸਾਗਰ ਤੋਂ ਸਾਗਰ,
ਫ਼ਰਾਤ ਨਦੀ ਤੋਂ ਲੈ ਕੇ ਧਰਤੀ ਦੀਆਂ ਦੁਰਾਡੀਆਂ ਥਾਵਾਂ ਤੱਕ ਫ਼ੈਲਣ ਦਿਉ।
9 ਮਾਰੂਥਲ ਦੇ ਸਾਰੇ ਵਿਰਸੇ ਉਸ ਨੂੰ ਝੁਕਣ।
ਉਸ ਦੇ ਸਾਰੇ ਦੁਸ਼ਮਣ ਗੰਦਗੀ ਵਿੱਚ ਉਨ੍ਹਾਂ ਦੇ ਮੂੰਹਾਂ ਨਾਲ ਉਸ ਦੇ ਅੱਗੇ ਝੁਕਣ।
10 ਤਾਰਸ਼ਿਸ਼ ਦੇ ਰਾਜੇ ਅਤੇ ਦੂਰ ਦੁਰਾਡੇ ਦੇ ਸਾਰੇ ਦੇਸ਼ ਉਸ ਲਈ ਸੁਗਾਤਾਂ ਲਿਆਉਣ।
ਸ਼ੇਬਾ ਅਤੇ ਸ਼ੇਬਾ ਦੇ ਰਾਜੇ ਉਸ ਨੂੰ ਆਪਣੀ ਸ਼ਰਧਾਂਜਲੀ ਲਿਆਉਣ।
11 ਸਾਡੇ ਰਾਜੇ ਨੂੰ ਸਾਰੇ ਰਾਜੇ ਝੁਕਣ ਸਾਰੀਆਂ ਕੌਮਾਂ ਉਸਦੀ ਸੇਵਾ ਕਰਨ।
12 ਸਾਡਾ ਰਾਜਾ ਬੇਸਹਾਰਿਆਂ ਦੀ ਸਹਾਇਤਾ ਕਰਦਾ ਹੈ।
ਸਾਡਾ ਰਾਜਾ ਗਰੀਬ ਬੇਸਹਾਰੇ ਲੋਕਾਂ ਦੀ ਸਹਾਇਤਾ ਕਰਦਾ ਹੈ।
13 ਗਰੀਬ ਬੇਸਹਾਰੇ ਲੋਕ ਉਸ ਉੱਤੇ ਨਿਰਭਰ ਕਰਦੇ ਹਨ,
ਰਾਜਾ ਉਨ੍ਹਾਂ ਨੂੰ ਜਿਉਂਦਿਆਂ ਰੱਖਦਾ ਹੈ।
14 ਰਾਜਾ ਉਨ੍ਹਾਂ ਨੂੰ ਜ਼ਾਲਮ ਲੋਕਾਂ ਤੋਂ ਬਚਾਉਂਦਾ ਹੈ, ਜਿਹੜੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ।
ਰਾਜੇ ਲਈ ਉਨ੍ਹਾਂ ਲੋਕਾਂ ਦਾ ਜੀਵਨ ਬਹੁਤ ਮਹੱਤਵਪੂਰਣ ਹੈ।
15 ਰਾਜਾ ਅਮਰ ਰਹੇ।
ਅਤੇ ਉਸ ਨੂੰ ਸ਼ੀਬਾ ਪਾਸੋਂ ਸੋਨਾ ਪ੍ਰਾਪਤ ਹੋਵੇ,
ਰਾਜੇ ਲਈ ਪ੍ਰਾਰਥਨਾ ਕਰੋ,
ਉਸ ਨੂੰ ਹਰ ਰੋਜ਼ ਅਸੀਸ ਦਿਉ।
16 ਖੇਤ ਵੱਧੇਰੇ ਅਨਾਜ ਪੈਦਾ ਕਰਨ।
ਉਹ ਪਹਾੜਾਂ ਦੀਆਂ ਚੋਟੀਆਂ ਉੱਤੇ ਲਹਿਲਹਾਉਣ।
ਖੇਤ ਲਬਾਨੋਨ ਦੇ ਦਿਉਦਾਰਾਂ ਦੇ ਰੁੱਖਾਂ ਵਾਂਗ ਸੰਘਣੇ ਹੋਣ।
ਸ਼ਹਿਰ ਲੋਕਾਂ ਨਾਲ ਭਰੇ ਹੋਣ ਜਿਵੇਂ ਖੇਤਾਂ ਵਿੱਚ ਘਾਹ ਹੁੰਦਾ ਹੈ।
17 ਰਾਜਾ ਸਦਾ ਲਈ ਪ੍ਰਸਿਧ ਹੋਵੇ।
ਲੋਕ ਉਸਦਾ ਨਾਮ ਓਨਾ ਚਿਰ ਚੇਤੇ ਰੱਖਣ ਜਿੰਨਾ ਚਿਰ ਸੂਰਜ ਚਮਕਦਾ।
ਲੋਕ ਉਸ ਦੇ ਨਾਮ ਨੂੰ ਇੱਕ ਅਸੀਸ ਵਾਂਗ ਇਸਤੇਮਾਲ ਕਰਦੇ ਰਹਿਣ।
ਉਹ ਉਸ ਦੇ ਕਾਰਣ ਆਪਣੇ-ਆਪ ਨੂੰ ਖੁਸ਼-ਕਿਸਮਤ ਸਮਝਣ।
18 ਯਹੋਵਾਹ ਪਰਮੇਸ਼ੁਰ ਦੀ ਉਸਤਤਿ ਕਰੋ, ਇਸਰਾਏਲ ਦੇ ਪਰਮੇਸ਼ੁਰ ਦੀ।
ਸਿਰਫ਼ ਪਰਮੇਸ਼ੁਰ ਹੀ ਅਜਿਹੀਆਂ ਅਦਭੁਤ ਗੱਲਾਂ ਕਰ ਸੱਕਦਾ ਹੈ।
19 ਉਸ ਦੇ ਮਹਿਮਾਮਈ ਨਾਮ ਦੀ ਉਸਤਤਿ ਕਰੋ।
ਸਦਾ-ਸਦਾ ਲਈ ਉਸਦੀ ਮਹਿਮਾ ਸਾਰੀ ਦੁਨੀਆਂ ਅੰਦਰ ਭਰ ਜਾਵੇ।
ਆਮੀਨ ਫੇਰ ਆਮੀਨ।
20 (ਇਸ ਨਾਲ ਯੱਸੀ ਦੇ ਪੁੱਤਰ ਦਾਊਦ ਦੀਆਂ ਪ੍ਰਾਰਥਨਾ ਖਤਮ ਹੁੰਦੀਆਂ ਹਨ।)
ਬਿਲਆਮ ਦਾ ਆਖਰੀ ਸੰਦੇਸ਼
15 ਫ਼ੇਰ ਬਿਲਆਮ ਨੇ ਇਹ ਗੱਲਾਂ ਆਖੀਆਂ:
“ਇਹ ਸੰਦੇਸ਼ ਬਓਰ ਦੇ ਪੁੱਤਰ, ਬਿਲਆਮ ਵੱਲੋਂ ਹੈ।
ਮੈਂ ਆਖਦਾ ਹਾਂ, ਜੋ ਮੈਂ ਸਾਫ਼-ਸਾਫ਼ ਦੇਖਦਾ ਹਾਂ।
16 ਮੈਂ ਪਰਮੇਸ਼ੁਰ ਕੋਲੋਂ ਇਹ ਸੰਦੇਸ਼ ਸੁਣਿਆ।
ਮੈਂ ਉਹੀ ਸਿੱਖਿਆ ਜੋ ਮੈਨੂੰ ਪਰਮੇਸ਼ੁਰ ਸਰਬ-ਉੱਚ ਨੇ ਸਿੱਖਾਇਆ।
ਮੈਂ ਦੇਖਿਆ, ਜੋ ਵੀ ਮੈਨੂੰ ਪਰਮੇਸ਼ੁਰ ਸਰਬ-ਸ਼ਕਤੀਮਾਨ ਨੇ ਦਿਖਾਇਆ।
ਮੈਂ ਨਿਮਰ ਹੋਕੇ ਦੱਸਦਾ ਹਾਂ ਜੋ ਵੀ ਮੈਂ ਸਾਫ਼-ਸਾਫ਼ ਦੇਖਦਾ ਹਾਂ।
17 “ਮੈਂ ਯਹੋਵਾਹ ਨੂੰ ਆਉਂਦਿਆ ਦੇਖਦਾ ਹਾਂ, ਪਰ ਛੇਤੀ ਨਹੀ।
ਯਾਕੂਬ ਦੇ ਪਰਿਵਾਰ ਵਿੱਚੋਂ ਇੱਕ ਤਾਰਾ ਆਵੇਗਾ।
ਇਸਰਾਏਲ ਦੇ ਲੋਕਾਂ ਵਿੱਚੋਂ ਇੱਕ ਨਵਾਂ ਹਾਕਮ ਆਵੇਗਾ।
ਉਹ ਹਾਕਮ, ਮੋਆਬੀ ਲੋਕਾਂ ਦੇ ਸਿਰ ਭਂਨੇਗਾ।
ਉਹ ਹਾਕਮ, ਸੇਥ ਦੇ ਸਮੂਹ
ਪੁੱਤਰਾਂ ਦੇ ਸਿਰ ਭੰਨ ਦੇਵੇਗਾ।
18 ਇਸਰਾਏਲ ਮਜ਼ਬੂਤ ਹੋ ਜਾਵੇਗਾ
ਅਤੇ ਅਦੋਮ ਦੀ ਧਰਤੀ ਉੱਤੇ ਕਬਜ਼ਾ ਕਰ ਲਵੇਗਾ!
ਉਹ ਸੇਈਰ, ਆਪਣੇ ਦੁਸ਼ਮਣ ਦੀ ਧਰਤੀ ਉੱਤੇ ਕਬਜ਼ਾ ਕਰ ਲੈਣਗੇ।
19 “ਯਾਕੂਬ ਦੇ ਪਰਿਵਾਰ ਵਿੱਚੋਂ ਇੱਕ ਨਵਾਂ ਹਾਕਮ ਆਵੇਗਾ, ਉਹ ਹਾਕਮ,
ਉਸ ਸ਼ਹਿਰ ਵਿੱਚ ਜਿਉਂਦੇ ਬਚੇ ਲੋਕਾਂ ਨੂੰ ਤਬਾਹ ਕਰ ਦੇਵੇਗਾ।”
ਜ਼ਕਰਯਾਹ ਨੇ ਪਰਮੇਸ਼ੁਰ ਦੀ ਉਸਤਤਿ ਕੀਤੀ
67 ਤਦ ਯੂਹੰਨਾ ਦਾ ਪਿਤਾ ਜ਼ਕਰਯਾਹ ਪਵਿੱਤਰ ਆਤਮਾ ਨਾਲ ਭਰਪੂਰ ਹੋ ਗਿਆ ਅਤੇ ਉਹ ਲੋਕਾਂ ਨੂੰ ਦੱਸਣ ਲਗਾ ਕਿ ਭਵਿੱਖ ਵਿੱਚ ਕੀ ਵਾਪਰੇਗਾ:
68 “ਉਸਤਤਿ ਹੋਵੇ ਇਸਰਾਏਲ ਦੇ ਪ੍ਰਭੂ ਦੀ,
ਕਿਉਂ ਜੋ ਉਹ ਆਪਣੇ ਲੋਕਾਂ ਦੀ ਮਦਦ ਕਰਨ ਲਈ ਆਇਆ ਹੈ
ਅਤੇ ਉਨ੍ਹਾਂ ਨੂੰ ਛੁਟਕਾਰਾ ਦਿੱਤਾ ਹੈ।
69 ਉਸ ਨੇ ਸਾਨੂੰ ਆਪਣੇ ਸੇਵਕ ਦਾਊਦ ਦੇ
ਪਰਿਵਾਰ ਵਿੱਚੋਂ ਸ਼ਕਤੀਸ਼ਾਲੀ ਮੁਕਤੀਦਾਤਾ ਬਖਸ਼ਿਆ ਹੈ।
70 ਉਸ ਨੇ ਅਜਿਹਾ ਉਸ ਵਾਦੇ ਲਈ ਕੀਤਾ ਜਿਹੜਾ
ਉਸ ਨੇ ਬਹੁਤ ਪਹਿਲਾਂ ਆਪਣੇ ਨਬੀਆਂ ਰਾਹੀਂ ਕੀਤਾ ਸੀ।
71 ਉਸ ਨੇ ਸਾਨੂੰ ਸਾਡੇ ਵੈਰੀਆਂ ਤੋਂ
ਅਤੇ ਉਨ੍ਹਾਂ ਸਭਨਾਂ ਲੋਕਾਂ ਦੇ ਹੱਥਾਂ ਤੋਂ ਬਚਾਉਣ ਦਾ ਵਾਦਾ ਕੀਤਾ ਜੋ ਸਾਨੂੰ ਨਫ਼ਰਤ ਕਰਦੇ ਹਨ।
72 ਪਰਮੇਸ਼ੁਰ ਨੇ ਵਾਦਾ ਕੀਤਾ ਸੀ ਕਿ ਉਹ ਸਾਡੇ ਪਿਉ-ਦਾਦਿਆਂ ਤੇ ਮਿਹਰਬਾਨ ਹੋਵੇਗਾ
ਅਤੇ ਆਪਣੇ ਪਵਿੱਤਰ ਵਾਦੇ ਨੂੰ ਚੇਤੇ ਰੱਖੇਗਾ।
73 ਉਸ ਨੇ ਅਬਰਾਹਾਮ, ਸਾਡੇ ਪੂਰਵਜ ਨਾਲ ਇਕਰਾਰ ਕੀਤਾ
74 ਕਿ ਉਹ ਸਾਨੂੰ ਸਾਡੇ ਦੁਸ਼ਮਣਾਂ ਦੇ ਹੱਥੋਂ ਛੁਟਕਾਰਾ ਦੁਆਵੇਗਾ ਤਾਂ ਜੋ
ਅਸੀਂ ਉਸਦੀ ਨਿਰਭੈ ਹੋਕੇ ਸੇਵਾ ਕਰ ਸੱਕੀਏ
75 ਅਸੀਂ ਆਪਣੀ ਸਾਰੀ ਜ਼ਿੰਦਗੀ ਵਿੱਚ ਉਸ ਦੇ ਸਾਹਮਣੇ ਪਵਿੱਤਰ ਅਤੇ ਧਰਮੀ ਰਹਾਂਗੇ।
76 “ਹੇ ਬਾਲਕ, ਹੁਣ ਤੂੰ ਅੱਤ ਉੱਚ ਪਰਮੇਸ਼ੁਰ ਦਾ ਨਬੀ ਅਖਵਾਏਂਗਾ ਕਿਉਂਕਿ ਤੂੰ
ਪ੍ਰਭੂ ਦੇ ਅੱਗੇ-ਅੱਗੇ ਜਾਵੇਂਗਾ ਅਤੇ ਉਸ ਲਈ ਰਾਹ ਤਿਆਰ ਕਰੇਂਗਾ।
77 ਅਤੇ ਤੂੰ ਉਸ ਦੇ ਲੋਕਾਂ ਨੂੰ ਦੱਸੇਂਗਾ ਕਿ ਉਹ ਆਪਣੇ ਪਾਪਾਂ
ਦੀ ਮਾਫ਼ੀ ਰਾਹੀਂ ਬਚਾਏ ਜਾਣਗੇ।
78 “ਸਾਡੇ ਪਰਮੇਸ਼ੁਰ ਦੀ ਮਹਾਨ ਦਯਾ ਦੇ ਕਾਰਣ,
ਇੱਕ ਨਵੀਂ ਸਵੇਰ ਸਾਡੇ ਉੱਪਰ ਆਵੇਗੀ।
79 ਇਹ ਨਵੀਂ ਸਵੇਰ ਉਨ੍ਹਾਂ ਲੋਕਾਂ ਤੇ ਚਮਕੇਗੀ ਜੋ ਹਨੇਰੇ ਅਤੇ ਮੌਤ ਦੇ ਪਰਛਾਵੇਂ ਵਿੱਚ ਰਹਿ ਰਹੇ ਹਨ।
ਤਾਂ ਜੋ ਸਾਡੇ ਕਦਮ ਸ਼ਾਂਤੀ ਵੱਲ ਵੱਧ ਸੱਕਣ।”
2010 by World Bible Translation Center