Revised Common Lectionary (Complementary)
ਦਾਊਦ ਦਾ ਇੱਕ ਗੀਤ।
26 ਹੇ ਯਹੋਵਾਹ, ਮੇਰਾ ਨਿਆਂ ਕਰੋ। ਸਾਬਤ ਕਰੋ ਕਿ ਮੈਂ ਸ਼ੁੱਧ ਜੀਵਨ ਜੀਵਿਆ ਹੈ।
ਮੈਂ ਹਮੇਸ਼ਾ ਯਹੋਵਾਹ ਵਿੱਚ ਯਕੀਨ ਰੱਖਿਆ ਹੈ।
2 ਹੇ ਪਰਮੇਸ਼ੁਰ, ਮੈਨੂੰ ਪਰੱਖੋ ਤੇ ਪਰਤਾਵੋ।
ਮੇਰੇ ਦਿਲ ਅਤੇ ਮੇਰੇ ਮਨ ਨੂੰ ਪਰਤਿਆਵੋ।
3 ਮੈਂ ਸਦਾ ਹੀ ਤੁਹਾਡਾ ਕੋਮਲ ਪਿਆਰ ਵੇਖਦਾ ਹਾਂ।
ਮੈਂ ਤੁਹਾਡੇ ਸੱਚਾਂ ਦੇ ਅਨੁਸਾਰ ਜਿਉਂਦਾ ਹਾਂ।
4 ਮੈਂ ਉਨ੍ਹਾਂ ਨਿਕੰਮੇ ਲੋਕਾਂ ਵਿੱਚੋਂ ਨਹੀਂ ਹਾਂ।
5 ਮੈਂ ਉਨ੍ਹਾਂ ਬਦੀ ਦੇ ਟੋਲਿਆਂ ਨੂੰ ਨਫ਼ਰਤ ਕਰਦਾ ਹਾਂ।
ਮੈਂ ਕਦੇ ਵੀ ਬਦਚਲਣ ਲੋਕਾਂ ਦੇ ਉਨ੍ਹਾਂ ਸਮੂਹਾਂ ਦਾ ਸੰਗ ਨਹੀਂ ਕਰਾਂਗਾ।
6 ਹੇ ਯਹੋਵਾਹ, ਮੈਂ ਇਹ ਦਰਸਾਉਣ ਲਈ ਆਪਣੇ ਹੱਥ ਧੋਂਦਾ ਹਾਂ
ਕਿ ਮੈਂ ਪਵਿੱਤਰ ਹਾਂ ਤਾਂ ਕਿ ਮੈਂ ਤੁਹਾਡੀ ਜਗਵੇਦੀ ਦੀ ਪਰਿਕ੍ਰਮਾ ਕਰ ਸੱਕਾਂ।
7 ਯਹੋਵਾਹ, ਮੈਂ ਤੁਹਾਡੀ ਉਸਤਤਿ ਦੇ ਗੀਤ ਗਾਉਂਦਾ ਹਾਂ।
ਮੈਂ ਉਨ੍ਹਾਂ ਅਚਰਜ ਗੱਲਾਂ ਬਾਰੇ ਗਾਉਂਦਾ ਹਾਂ ਜੋ ਤੁਸਾਂ ਕੀਤੀਆਂ ਹਨ।
8 ਯਹੋਵਾਹ, ਮੈਂ ਤੁਹਾਡੇ ਮੰਦਰ ਨੂੰ ਪਿਆਰ ਕਰਦਾ ਹਾਂ।
ਮੈਂ ਤੁਹਾਡੇ ਮਹਿਮਾਮਈ ਤੰਬੂ ਨੂੰ ਪਿਆਰ ਕਰਦਾ ਹਾਂ।
15 ਯਹੋਵਾਹ ਨੇ ਮੈਨੂੰ ਆਖਿਆ, “ਯਿਰਮਿਯਾਹ, ਯਹੂਦਾਹ ਦੇ ਲੋਕਾਂ ਲਈ ਪ੍ਰਾਰਥਨਾ ਕਰਨ ਵਾਸਤੇ ਭਾਵੇਂ ਮੂਸਾ ਅਤੇ ਸਮੂਏਲ ਵੀ ਇੱਥੇ ਹੋਣ, ਮੈਨੂੰ ਇਨ੍ਹਾਂ ਲੋਕਾਂ ਉੱਤੇ ਕੋਈ ਅਫ਼ਸੋਸ ਨਹੀਂ ਹੋਵੇਗਾ। ਯਹੂਦਾਹ ਦੇ ਲੋਕਾਂ ਨੂੰ ਮੇਰੇ ਕੋਲੋਂ ਦੂਰ ਭੇਜ ਦੇ। ਉਨ੍ਹਾਂ ਨੂੰ ਚੱਲੇ ਜਾਣ ਲਈ ਆਖਦੇ। 2 ਭਾਵੇਂ ਉਹ ਲੋਕ ਤੈਨੂੰ ਪੁੱਛਣ, ‘ਅਸੀਂ ਕਿੱਧਰ ਜਾਵਾਂਗੇ?’ ਤੂੰ ਉਨ੍ਹਾਂ ਨੂੰ ਇਹ ਦੱਸ, ਇਹੀ ਹੈ ਜੋ ਯਹੋਵਾਹ ਆਖਦਾ ਹੈ,
“‘ਮੈਂ ਕੁਝ ਲੋਕਾਂ ਦੀ ਚੋਣ ਮਰਨ ਲਈ ਕੀਤੀ ਹੈ।
ਉਹ ਲੋਕ ਮਰ ਜਾਵਣਗੇ।
ਮੈਂ ਕੁਝ ਲੋਕਾਂ ਨੂੰ ਤਲਵਾਰਾਂ ਨਾਲ ਮਾਰੇ ਜਾਣ ਲਈ ਚੁਣਿਆ ਹੈ।
ਉਹ ਲੋਕ ਤਲਵਾਰਾਂ ਨਾਲ ਮਾਰੇ ਜਾਣਗੇ।
ਕੁਝ ਲੋਕਾਂ ਨੂੰ ਮੈਂ ਭੁੱਖ ਨਾਲ ਮਰਨ ਲਈ ਚੁਣਿਆ ਹੈ।
ਉਹ ਲੋਕ ਭੁੱਖ ਨਾਲ ਮਰ ਜਾਣਗੇ।
ਕੁਝ ਲੋਕਾਂ ਦੀ ਚੋਣ ਮੈਂ ਫ਼ੜੇ ਜਾਣ ਲਈ ਅਤੇ ਬਾਹਰਲੇ ਦੇਸ਼ ਭੇਜੇ ਜਾਣ ਲਈ ਕੀਤੀ ਹੈ।
ਉਹ ਲੋਕ ਉਸ ਬਾਹਰਲੇ ਦੇਸ਼ ਅੰਦਰ ਕੈਦੀ ਬਣਨਗੇ।
3 ਮੈਂ ਉਨ੍ਹਾਂ ਦੇ ਖਿਲਾਫ਼ ਚਾਰ ਤਰ੍ਹਾਂ ਦੀ ਤਬਾਹੀ ਲਿਆਉਣ ਵਾਲਿਆਂ ਨੂੰ ਭੇਜਾਂਗਾ।’
ਇਹ ਸੰਦੇਸ਼ ਯਹੋਵਾਹ ਵੱਲੋਂ ਹੈ:
‘ਮੈਂ ਦੁਸ਼ਮਣ ਨੂੰ ਤਲਵਾਰ ਨਾਲ ਮਾਰਨ ਲਈ ਭੇਜਾਂਗਾ।
ਮੈਂ ਕੁਤਿਆਂ ਨੂੰ ਉਨ੍ਹਾਂ ਦੀਆਂ ਲਾਸ਼ਾਂ ਘੜੀਸਨ ਲਈ ਭੇਜਾਂਗਾ।
ਮੈਂ ਹਵਾ ਦੇ ਪੰਛੀਆਂ ਅਤੇ ਜੰਗਲੀ ਜਾਨਵਰਾਂ ਨੂੰ ਉਨ੍ਹਾਂ ਦੀਆਂ ਲਾਸ਼ਾਂ ਖਾਣ
ਅਤੇ ਬਰਬਾਦ ਕਰਨ ਲਈ ਭੇਜਾਂਗਾ।
4 ਮੈਂ ਯਹੂਦਾਹ ਦੇ ਲੋਕਾਂ ਨੂੰ ਧਰਤੀ ਦੇ
ਸਾਰੇ ਲੋਕਾਂ ਲਈ ਕਿਸੇ ਭਿਆਨਕ ਚੀਜ਼ ਦੀ ਇੱਕ ਮਿਸਾਲ ਬਣਾਵਾਂਗਾ।
ਮੈਂ ਯਹੂਦਾਹ ਦੇ ਲੋਕਾਂ ਨਾਲ ਮਨੱਸ਼ਹ ਦੇ
ਯਰੂਸ਼ਲਮ ਵਿੱਚ ਕਰਨ ਬਦਲੇ ਇਹੀ ਕਰਾਂਗਾ।
ਮਨੱਸ਼ਹ ਪਾਤਸ਼ਾਹ ਹਿਜ਼ਕੀਯਾਹ ਦਾ ਪੁੱਤਰ ਸੀ।
ਮਨੱਸ਼ਹ ਯਹੂਦਾਹ ਦਾ ਪਾਤਸ਼ਾਹ ਸੀ।’
5 “ਯਰੂਸ਼ਲਮ ਦੇ ਸ਼ਹਿਰ, ਕੋਈ ਵੀ ਬੰਦਾ ਤੇਰੇ ਉੱਤੇ ਅਫ਼ਸੋਸ ਨਹੀਂ ਕਰੇਗਾ।
ਕੋਈ ਵੀ ਬੰਦਾ ਤੇਰੇ ਉੱਤੇ ਉਦਾਸ ਨਹੀਂ ਹੋਵੇਗਾ ਅਤੇ ਨਾ ਤੇਰੇ ਲਈ ਰੋਵੇਗਾ।
ਕੋਈ ਬੰਦਾ ਆਪਣੇ ਰਾਹ ਤੋਂ ਲਾਂਭੇ ਜਾਕੇ ਤੈਨੂੰ ਨਹੀਂ ਪੁੱਛੇਗਾ ਕਿ ਤੇਰਾ ਕੀ ਹਾਲ ਹੈ!
6 ਯਰੂਸ਼ਲਮ, ਤੂੰ ਮੈਨੂੰ ਛੱਡ ਦਿੱਤਾ ਸੀ।”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
“ਬਾਰ-ਬਾਰ ਤੂੰ ਮੈਨੂੰ ਛੱਡਿਆ ਸੀ!
ਇਸ ਲਈ ਮੈਂ ਤੈਨੂੰ ਸਜ਼ਾ ਦੇਵਾਂਗਾ ਅਤੇ ਤੈਨੂੰ ਤਬਾਹ ਕਰ ਦਿਆਂਗਾ।
ਮੈਂ ਤੇਰੀ ਸਜ਼ਾ ਨੂੰ ਰੋਕਦਿਆਂ ਬਕੱ ਗਿਆ ਹਾਂ!
7 ਮੈਂ ਯਹੂਦਾਹ ਦੇ ਲੋਕਾਂ ਨੂੰ ਇੰਝ ਖਿੰਡਾ ਦਿਆਂਗਾ ਜਿਵੇਂ ਇੱਕ ਆਦਮੀ ਤੰਗਲੀ ਨਾਲ ਅਨਾਜ ਨੂੰ ਖਿਲਾਰਦਾ ਹੈ।
ਮੈਂ ਉਨ੍ਹਾਂ ਨੂੰ ਸਾਰੀ ਧਰਤੀ ਵਿੱਚ ਖਿੰਡਾ ਦਿਆਂਗਾ।
ਮੇਰੇ ਲੋਕ ਨਹੀਂ ਬਦਲੇ ਹਨ।
ਇਸ ਲਈ ਮੈਂ ਉਨ੍ਹਾਂ ਨੂੰ ਤਬਾਹ ਕਰ ਦਿਆਂਗਾ।
ਮੈਂ ਉਨ੍ਹਾਂ ਤੋਂ ਉਨ੍ਹਾਂ ਦੇ ਬੱਚੇ ਖੋਹ ਲਵਾਂਗਾ।
8 ਬਹੁਤ ਸਾਰੀਆਂ ਔਰਤਾਂ ਆਪਣੇ ਪਤੀਆਂ ਨੂੰ ਗੁਆ ਲੈਣਗੀਆਂ।
ਇੱਥੇ ਸਮੁੰਦਰ ਵਿੱਚਲੀ ਰੇਤ ਨਾਲੋਂ ਵੀ ਵੱਧੇਰੇ ਵਿਧਵਾਵਾਂ ਹੋਣਗੀਆਂ।
ਮੈਂ ਤਬਾਹ ਕਰਨ ਵਾਲੇ ਨੂੰ ਸਿਖਰ ਦੁਪਿਹਰੇ ਲਿਆਵਾਂਗਾ।
ਤਬਾਹ ਕਰਨ ਵਾਲਾ ਯਹੂਦਾਹ ਦੇ ਨੌਜਵਾਨਾਂ ਦੀਆਂ ਮਾਵਾਂ ਉੱਤੇ ਹਮਲਾ ਕਰੇਗਾ।
ਮੈਂ ਯਹੂਦਾਹ ਦੇ ਲੋਕਾਂ ਲਈ ਦੁੱਖ ਅਤੇ ਭੈ ਲਿਆਵਾਂਗਾ।
ਮੈਂ ਛੇਤੀ ਹੀ ਅਜਿਹਾ ਵਾਪਰਨ ਦੇਵਾਂਗਾ।
9 ਦੁਸ਼ਮਣ ਤਲਵਾਰਾਂ ਨਾਲ ਹਮਲਾ ਕਰੇਗਾ, ਤੇ ਲੋਕਾਂ ਨੂੰ ਮਾਰੇਗਾ।
ਉਹ ਯਹੂਦਾਹ ਦੇ ਬਚੇ ਹੋਏ ਲੋਕਾਂ ਨੂੰ ਮਾਰ ਦੇਣਗੇ।
ਭਾਵੇਂ ਕਿਸੇ ਔਰਤ ਦੇ ਸੱਤ ਪੁੱਤਰ ਵੀ ਹੋਣ, ਪਰ ਉਹ ਸਾਰੇ ਹੀ ਮਰ ਜਾਣਗੇ।
ਉਹ ਜ਼ਾਰ-ਜ਼ਾਰ ਰੋਵੇਗੀ ਜਦੋਂ ਤੀਕ ਉਹ ਸਾਹ ਲੈਣ ਤੋਂ ਵੀ ਨਿਤਾਣੀ ਨਹੀਂ ਹੋ ਜਾਂਦੀ।
ਉਹ ਬਹੁਤ ਉਪਰਾਮ ਤੇ ਉਲਝੀ ਹੋਈ ਹੋਵੇਗੀ।
ਉਸਦਾ ਚਮਕੀਲਾ ਦਿਨ ਉਦਾਸੀ ਨਾਲ, ਹਨੇਰਾ ਹੋ ਜਾਵੇਗਾ।”
7 ਬਦੀ ਦੀ ਗੁਪਤ ਸ਼ਕਤੀ ਹੁਣ ਪਹਿਲਾਂ ਹੀ ਸੰਸਾਰ ਵਿੱਚ ਕਾਰਜ ਕਰ ਰਹੀ ਹੈ ਪਰ ਇੱਥੇ ਇੱਕ ਅਜਿਹਾ ਵੀ ਹੈ ਜਿਹੜਾ ਬਦੀ ਦੀ ਇਸ ਗੁਪਤ ਸ਼ਕਤੀ ਨੂੰ ਰੋਕ ਰਿਹਾ ਹੈ। ਉਹ ਇਸ ਨੂੰ ਉਦੋਂ ਤੱਕ ਰੋਕਦਾ ਰਹੇਗਾ ਜਦੋਂ ਤੱਕ ਉਹ ਹਟਾਇਆ ਨਹੀਂ ਜਾਂਦਾ। 8 ਫ਼ੇਰ ਕੁਧਰਮੀ ਪ੍ਰਗਟ ਹੋਵੇਗਾ ਅਤੇ ਪ੍ਰਭੂ ਯਿਸੂ ਮਸੀਹ ਉਸ ਕੁਧਰਮੀ ਨੂੰ ਆਪਣੇ ਮੂੰਹ ਵਿੱਚੋਂ ਨਿਕਲਣ ਵਾਲੇ ਸਾਹ ਨਾਲ ਮਾਰ ਦੇਵੇਗਾ। ਪਭੂ ਯਿਸੂ ਕੁਧਰਮੀ ਨੂੰ ਆਪਣੀ ਮਹਿਮਾਮਈ ਆਮਦ ਨਾਲ ਤਬਾਹ ਕਰ ਦੇਵੇਗਾ।
9 ਕੁਧਰਮੀ ਸ਼ੈਤਾਨ ਦੀ ਸ਼ਕਤੀ ਨਾਲ ਆਵੇਗਾ ਉਸ ਕੋਲ ਬਹੁਤ ਵੱਡੀ ਸ਼ਕਤੀ ਹੋਵੇਗੀ, ਅਤੇ ਉਹ ਕਈ ਤਰ੍ਹਾਂ ਦੇ ਝੂਠੇ ਕਰਿਸ਼ਮੇ, ਨਿਸ਼ਾਨ ਅਤੇ ਅਚੰਭੇ ਕਰੇਗਾ। 10 ਕੁਧਰਮੀ ਉਨ੍ਹਾਂ ਲੋਕਾਂ ਨਾਲ ਧੋਖਾ ਕਰਨ ਲਈ ਹਰ ਤਰ੍ਹਾਂ ਦਾ ਛਲ ਕਪਟ ਕਰੇਗਾ ਜਿਹੜੇ ਪਹਿਲਾਂ ਹੀ ਗੁਆਚੇ ਹੋਏ ਹਨ। ਉਹ ਲੋਕ ਇਸ ਲਈ ਗੁਆਚੇ ਹੋਏ ਹਨ ਕਿਉਂਕਿ ਉਨ੍ਹਾਂ ਨੇ ਸੱਚ ਨੂੰ ਪਿਆਰ ਕਰਨ ਤੋਂ ਇਨਕਾਰ ਕੀਤਾ ਹੈ। ਜੇ ਉਹ ਸੱਚ ਨੂੰ ਪਿਆਰ ਕਰਦੇ, ਉਹ ਬਚ ਜਾਂਦੇ। 11 ਪਰ ਉਨ੍ਹਾਂ ਲੋਕਾਂ ਨੇ ਸੱਚ ਨੂੰ ਪਿਆਰ ਕਰਨ ਤੋਂ ਇਨਕਾਰ ਕੀਤਾ ਇਸ ਲਈ ਪਰਮੇਸ਼ੁਰ ਉਨ੍ਹਾਂ ਵੱਲ ਅਜਿਹੀ ਸ਼ਕਤੀ ਸ਼ਾਲੀ ਚੀਜ਼ ਭੇਜਦਾ ਹੈ ਜਿਹੜੀ ਉਨ੍ਹਾਂ ਨੂੰ ਸੱਚ ਤੋਂ ਦੂਰ ਲੈ ਜਾਂਦੀ ਹੈ। ਪਰਮੇਸ਼ੁਰ ਇਹ ਸ਼ਕਤੀ ਉਨ੍ਹਾਂ ਵੱਲ ਇਸ ਲਈ ਭੇਜਦਾ ਹੈ ਤਾਂ ਜੋ ਉਹ ਕਿਸੇ ਅਜਿਹੀ ਚੀਜ਼ ਵਿੱਚ ਵਿਸ਼ਵਾਸ ਕਰਨ, ਜਿਹੜੀ ਸੱਚ ਨਹੀਂ ਹੈ। 12 ਇਸ ਲਈ ਉਹ ਸਾਰੇ ਲੋਕ ਜਿਹੜੇ ਸੱਚ ਵਿੱਚ ਵਿਸ਼ਵਾਸ ਨਹੀਂ ਕਰਦੇ ਉਨ੍ਹਾਂ ਦਾ ਨਿਆਂ ਦੋਸ਼ੀਆਂ ਵਾਂਗ ਹੋਵੇਗਾ। ਉਨ੍ਹਾਂ ਨੇ ਸੱਚ ਵਿੱਚ ਵਿਸ਼ਵਾਸ ਨਹੀਂ ਕੀਤਾ, ਇਸ ਲਈ ਉਨ੍ਹਾਂ ਨੇ ਬਦੀ ਕਰਦਿਆਂ ਆਨੰਦ ਮਾਣਿਆ।
2010 by World Bible Translation Center