Revised Common Lectionary (Complementary)
ਸਮਾਂ ਹੈ …
3 ਇੱਥੇ ਹਰ ਚੀਜ਼ ਲਈ ਵਕਤ ਹੈ। ਅਤੇ ਹਰ ਗੱਲ ਧਰਤੀ ਉੱਤੇ ਇਸ ਦੀ ਰੁੱਤ ਵਿੱਚ ਵਾਪਰੇਗੀ।
2 ਇੱਥੇ ਜਨਮ ਦੇਣ ਦਾ ਸਮਾਂ ਹੈ,
ਅਤੇ ਮਰਨ ਦਾ ਸਮਾਂ ਹੈ।
ਇੱਥੇ ਪੌਦਾ ਬੀਜਣ ਦਾ ਸਮਾਂ ਹੈ,
ਅਤੇ ਇਸ ਨੂੰ ਪੁੱਟਣ ਦਾ ਸਮਾਂ ਹੈ।
3 ਇੱਥੇ ਮਾਰਨ ਦਾ ਸਮਾਂ ਹੈ,
ਅਤੇ ਇਲਾਜ ਕਰਨ ਦਾ ਸਮਾਂ ਹੈ।
ਇੱਥੇ ਉਧੇੜ ਦੇਣ ਦਾ ਸਮਾਂ ਹੈ,
ਅਤੇ ਉਸਾਰਨ ਦਾ ਸਮਾਂ ਹੈ।
4 ਇੱਥੇ ਰੋਣ ਦਾ ਸਮਾਂ ਹੈ,
ਅਤੇ ਹੱਸਣ ਦਾ ਸਮਾਂ ਹੈ।
ਇੱਥੇ ਸੋਗ ਕਰਨ ਦਾ ਸਮਾਂ ਹੈ,
ਅਤੇ ਖੁਸ਼ੀ ਨਾਲ ਨੱਚਣ ਦਾ ਸਮਾਂ ਹੈ।
5 ਇੱਥੇ ਪੱਥਰ ਸੁੱਟਣ ਦਾ ਸਮਾਂ ਹੈ,
ਅਤੇ ਪੱਥਰ ਇੱਕਤ੍ਰ ਕਰਨ ਦਾ ਸਮਾਂ ਹੈ।
ਇੱਥੇ ਗਲਵਕੜੀ ਪਾਉਣ ਦਾ ਸਮਾਂ ਹੈ,
ਅਤੇ ਜਫ੍ਫੀ ਨੂੰ ਛੱਡਣ ਦਾ ਸਮਾਂ ਹੈ। [a]
6 ਇੱਥੇ ਭਾਲ ਕਰਨ ਦਾ ਸਮਾਂ ਹੈ,
ਅਤੇ ਨੁਕਸਾਨ ਨੂੰ ਕਬੂਲਣ ਦਾ ਸਮਾਂ ਹੈ।
ਇੱਥੇ ਰੱਖਣ ਦਾ ਸਮਾਂ ਹੈ,
ਅਤੇ ਸੁੱਟ ਦੇਣ ਦਾ ਸਮਾਂ ਹੈ।
7 ਇੱਥੇ ਕੱਪੜੇ ਨੂੰ ਪਾੜਨ ਦਾ ਸਮਾਂ ਹੈ,
ਅਤੇ ਉਸ ਨੂੰ ਸਿਉਣ ਦਾ ਸਮਾਂ ਹੈ।
ਇੱਥੇ ਖਾਮੋਸ਼ ਰਹਿਣ ਦਾ ਸਮਾਂ ਹੈ,
ਅਤੇ ਬੋਲਣ ਦਾ ਸਮਾਂ ਹੈ।
8 ਇੱਥੇ ਪਿਆਰ ਕਰਨ ਦਾ ਸਮਾਂ ਹੈ,
ਅਤੇ ਨਫਰਤ ਕਰਨ ਦਾ ਸਮਾਂ ਹੈ।
ਇੱਥੇ ਯੁੱਧ ਦਾ ਸਮਾਂ ਹੈ,
ਅਤੇ ਸ਼ਾਂਤੀ ਦਾ ਸਮਾਂ ਹੈ।
ਪਰਮੇਸ਼ੁਰ ਆਪਣੀ ਦੁਨੀਆਂ ਤੇ ਨਿਯੰਤ੍ਰਣ ਰੱਖਦਾ ਹੈ
9 ਕਾਮੇ ਨੂੰ ਭਲਾ ਆਪਣੀ ਮਜ਼ਦੂਰੀ ਤੋਂ ਕੀ ਲਾਭ ਮਿਲਦਾ ਹੈ? 10 ਮੈਂ ਉਸ ਸਾਰੀ ਸਖਤ ਮਿਹਨਤ ਵੱਲ ਵੇਖਿਆ ਜਿਹੜੀ ਪਰਮੇਸ਼ੁਰ ਨੇ ਇਨਸਾਨਾਂ ਨੂੰ ਕਰਨ ਲਈ ਦਿੱਤੀ ਹੈ। 11 ਉਹ ਆਪਣੇ ਸਮੇਂ ਵਿੱਚ ਸਭ ਕੁਝ ਖੂਬਸੂਰਤੀ ਨਾਲ ਕਰਦਾ, ਅਤੇ ਉਸ ਨੇ ਸੰਸਾਰ ਦਾ ਗਿਆਨ ਵੀ ਇਨਸਾਨਾਂ ਦੇ ਦਿਮਾਗ਼ ਵਿੱਚ ਪਾਇਆ। ਪਰ ਫ਼ੇਰ ਵੀ ਇਨਸਾਨਾਂ ਨੂੰ ਪਤਾ ਨਹੀਂ ਲੱਗ ਸੱਕਦਾ ਕਿ ਪਰਮੇਸ਼ੁਰ, ਸ਼ੁਰੂਆਤ ਤੋਂ ਅੰਤ ਤੀਕ ਕੀ ਕਰ ਰਿਹਾ ਹੈ।
12 ਮੈਂ ਜਾਣਿਆਂ ਕਿ ਲੋਕਾਂ ਲਈ ਕਰਨ ਵਾਲੀ ਸਭ ਤੋਂ ਵੱਧੀਆ ਗੱਲ ਇਹੀ ਹੈ ਕਿ ਉਹ ਜਿੰਨਾ ਚਿਰ ਜਿਉਂਦੇ ਹਨ ਆਨੰਦ ਮਾਨਣ। 13 ਅਤੇ ਜੇਕਰ ਕੋਈ ਵਿਅਕਤੀ ਆਪਣੀ ਮਜਦੂਰੀ ਦਾ ਫ਼ਲ ਖਾਣ ਅਤੇ ਪੀਣ ਅਤੇ ਮਾਨਣ ਦੇ ਯੋਗ ਹੈ, ਇਹ ਪਰਮੇਸ਼ੁਰ ਵੱਲੋਂ ਸੁਗਾਤ ਹੈ।
ਨਿਰਦੇਸ਼ਕ ਲਈ: ਗਿੱਟੀਥ ਦੇ ਸਾਜ਼ ਨਾਲ [a]। ਦਾਊਦ ਦਾ ਇੱਕ ਗੀਤ।
8 ਯਹੋਵਾਹ ਸਾਡੇ ਮਾਲਕ, ਸਾਰੀ ਧਰਤੀ ਵਿੱਚ ਤੇਰਾ ਨਾਂ ਵੱਧੇਰੇ ਅਦਭੁਤ ਹੈ।
ਤੇਰੇ ਨਾਮ ਨੂੰ ਸਵਰਗ ਵਿੱਚ ਹਰ ਥਾਂ ਉਸਤਤਿ ਮਿਲਦੀ ਹੈ।
2 ਬੱਚੇ ਤੇ ਨਿਆਣੇ ਤੇਰੀਆਂ ਉਸਤਤਾਂ ਦੇ ਗੀਤ ਗਾਉਂਦੇ ਹਨ।
ਤੂੰ ਉਨ੍ਹਾਂ ਨੂੰ ਇਹ ਗੀਤ ਆਪਣੇ ਸਾਰੇ ਦੁਸ਼ਮਣਾਂ ਦੇ ਮੂੰਹ ਬੰਦ ਕਰਨ ਲਈ ਦਿੱਤੇ ਹਨ।
3 ਯਹੋਵਾਹ, ਮੈਂ ਉਸ ਸਵਰਗ ਵੱਲ ਵੇਖਦਾ ਹਾਂ, ਜਿਹੜਾ ਤੂੰ ਆਪਣੇ ਖੁਦ ਦੇ ਹੱਥੀਂ ਸਾਜਿਆ ਹੈ।
ਜਦ ਮੈਂ ਤੇਰੇ ਸਾਜੇ ਚੰਨ ਤੇ ਤਾਰਿਆਂ ਨੂੰ ਵੇਖਦਾ ਹਾਂ, ਮੈਂ ਅਚੰਭਿਤ ਹੁੰਦਾ ਹਾਂ;
4 “ਲੋਕੀਂ ਤੇਰੇ ਲਈ ਇੰਨੇ ਮਹੱਤਵਪੂਰਣ ਕਿਉਂ ਹਨ?
ਤੁਸੀਂ ਉਨ੍ਹਾਂ ਨੂੰ ਯਾਦ ਚੇਤੇ ਕਿਉਂ ਰੱਖਦੇ ਹੋ?
ਲੋਕੀਂ ਤੇਰੇ ਲਈ ਇੰਨੇ ਮਹੱਤਵਪੂਰਣ ਕਿਉਂ ਹਨ?
ਤੁਸੀਂ ਉਨ੍ਹਾਂ ਵੱਲ ਧਿਆਨ ਕਿਉਂ ਦਿੰਦੇ ਹੋਂ?”
5 ਪਰ ਲੋਕੀਂ ਤੇਰੇ ਲਈ ਮਹੱਤਵਪੂਰਣ ਹਨ।
ਤੁਸੀਂ ਲੋਕਾਂ ਨੂੰ ਦੇਵਤਿਆਂ ਤੋਂ ਬੱਸ ਥੋੜਾ ਜਿਹਾ ਹੀ ਘੱਟ ਬਣਾਇਆ ਹੈ।
ਤੁਸੀਂ ਉਨ੍ਹਾਂ ਨੂੰ ਮਹਿਮਾ ਅਤੇ ਸਤਿਕਾਰ ਦਾ ਤਾਜ ਪੁਆਇਆ ਹੈ।
6 ਤੁਸੀਂ ਲੋਕਾਂ ਨੂੰ ਆਪਣੀਆਂ ਸਾਜੀਆਂ ਸਾਰੀਆਂ ਚੀਜ਼ਾਂ ਉੱਤੇ ਅਧਿਕਾਰ ਦੇ ਦਿੱਤਾ।
ਤੁਸੀਂ ਸਭ ਕੁਝ ਉਨ੍ਹਾਂ ਦੇ ਨਿਯੰਤ੍ਰਣ ਅਧੀਨ ਪਾ ਦਿੱਤਾ।
7 ਲੋਕੀਂ ਭੇਡਾਂ, ਜਾਨਵਰਾਂ ਅਤੇ ਜੰਗਲ ਦੇ ਸਾਰੇ ਜਾਨਵਰਾਂ ਉੱਪਰ ਹਕੂਮਤ ਕਰਦੇ ਹਨ।
8 ਉਹ ਅਕਾਸ਼ ਵਿੱਚਲੇ ਪੰਛੀਆਂ ਉੱਤੇ
ਅਤੇ ਸਮੁੰਦਰ ਵਿੱਚ ਤੈਰਦੀਆਂ ਮੱਛੀਆਂ ਉੱਤੇ ਰਾਜ ਕਰਦੇ ਹਨ।
9 ਹੇ ਪਰਮੇਸ਼ੁਰ ਸਾਡੇ ਯਹੋਵਾਹ, ਸਾਰੀ ਧਰਤੀ ਉੱਪਰ ਤੇਰਾ ਨਾਂ ਵੱਧੇਰੇ ਅਦਭੁਤ ਹੈ।
ਨਵਾਂ ਯਰੂਸ਼ਲਮ
21 ਫ਼ੇਰ ਮੈਂ ਇੱਕ ਨਵਾਂ ਅਕਾਸ਼ ਅਤੇ ਨਵੀਂ ਧਰਤੀ ਦੇਖੀ। ਪਹਿਲਾ ਅਕਾਸ਼ ਅਤੇ ਪਹਿਲੀ ਧਰਤੀ ਅਲੋਪ ਹੋ ਗਏ ਸਨ। ਹੁਣ ਉੱਥੇ ਕੋਈ ਸਮੁੰਦਰ ਨਹੀਂ ਸੀ। 2 ਮੈਂ ਸਵਰਗ ਤੋਂ ਪਰਮੇਸ਼ੁਰ ਵੱਲੋਂ ਨਿਕਲ ਕੇ ਥੱਲੇ ਆ ਰਹੇ ਪਵਿੱਤਰ ਸ਼ਹਿਰ ਨੂੰ ਵੀ ਦੇਖਿਆ। ਇਹ ਪਵਿੱਤਰ ਸ਼ਹਿਰ ਨਵਾਂ ਯਰੂਸ਼ਲਮ ਹੈ। ਇਸ ਨੂੰ ਲਾੜੇ ਲਈ ਲਾੜੀ ਦੀ ਤਰ੍ਹਾਂ ਸਜਾਇਆ ਗਿਆ ਸੀ।
3 ਮੈਂ ਤਖਤ ਵੱਲੋਂ ਆਉਂਦੀ ਇੱਕ ਉੱਚੀ ਅਵਾਜ਼ ਸੁਣੀ। ਅਵਾਜ਼ ਨੇ ਆਖਿਆ, “ਹੁਣ ਪਰਮੇਸ਼ੁਰ ਦਾ ਘਰ ਲੋਕਾਂ ਦੇ ਨਾਲ ਹੈ। ਉਹ ਉਨ੍ਹਾਂ ਦੇ ਨਾਲ ਹੋਵੇਗਾ। ਉਹ ਉਸ ਦੇ ਲੋਕ ਹੋਣਗੇ। ਪਰਮੇਸ਼ੁਰ ਖੁਦ ਉਨ੍ਹਾਂ ਦੇ ਨਾਲ ਰਹੇਗਾ ਅਤੇ ਉਨ੍ਹਾਂ ਦਾ ਪਰਮੇਸ਼ੁਰ ਹੋਵੇਗਾ। 4 ਪਰਮੇਸ਼ੁਰ ਉਨ੍ਹਾਂ ਦੀਆਂ ਅੱਖਾਂ ਵਿੱਚਲਾ ਹਰ ਅੱਥਰੂ ਪੂੰਝ ਦੇਵੇਗਾ। ਹੁਣ ਕਦੀ ਵੀ ਮੌਤ, ਉਦਾਸੀ, ਰੋਣਾ ਜਾਂ ਦੁੱਖ ਦਰਦ ਨਹੀਂ ਹੋਵੇਗਾ। ਸਾਰੇ ਪੁਰਾਣੇ ਰਾਹ ਗੁਜ਼ਰ ਗਏ ਹਨ।”
5 ਜਿਹੜਾ ਤਖਤ ਉੱਤੇ ਬੈਠਾ ਸੀ ਉਸ ਨੇ ਆਖਿਆ, “ਦੇਖੋ। ਮੈਂ ਹਰ ਚੀਜ਼ ਨਵੀਂ ਬਣਾ ਰਿਹਾ ਹਾਂ।” ਫ਼ੇਰ ਉਸ ਨੇ ਆਖਿਆ, “ਇਸ ਨੂੰ ਲਿਖੋ ਕਿਉਂਕਿ ਇਹ ਸ਼ਬਦ ਸੱਚੇ ਹਨ ਅਤੇ ਇਨ੍ਹਾਂ ਉੱਪਰ ਭਰੋਸਾ ਕੀਤਾ ਜਾ ਸੱਕਦਾ ਹੈ।”
6 ਜਿਹੜਾ ਤਖਤ ਉੱਤੇ ਬੈਠਾ ਸੀ ਉਸ ਨੇ ਮੈਨੂੰ ਆਖਿਆ, “ਇਹ ਖਤਮ ਹੋ ਚੁੱਕਿਆ ਹੈ। ਮੈਂ ਹੀ ਅਲਫ਼ਾ ਅਤੇ ਓਮੇਗਾ ਹਾਂ। ਮੈਂ ਹੀ ਆਦ ਅਤੇ ਅੰਤ ਹਾਂ। ਮੈਂ ਉਨ੍ਹਾਂ ਸਾਰਿਆਂ ਨੂੰ ਮੁਫ਼ਤ ਹੀ ਜੀਵਨ ਦੇ ਪਾਣੀ ਦੇ ਝਰਨੇ ਤੋਂ ਪਾਣੀ ਦਿਆਂਗਾ, ਜਿਹੜੇ ਪਿਆਸੇ ਹਨ।
ਮਨੁੱਖ ਦਾ ਪੁੱਤਰ ਸਾਰਿਆ ਦਾ ਨਿਆਂ ਕਰੇਗਾ
31 “ਜਦੋਂ ਮਨੁੱਖ ਦਾ ਪੁੱਤਰ ਆਪਣੀ ਮਹਿਮਾ ਵਿੱਚ ਆਪਣੇ ਸਾਰੇ ਦੂਤਾਂ ਨਾਲ ਆਵੇਗਾ, ਉਹ ਪਾਤਸ਼ਾਹ ਦੀ ਤਰ੍ਹਾਂ ਆਪਣੇ ਮਹਿਮਾਮਈ ਸਿੰਘਾਸਨ ਤੇ ਵਿਰਾਜਮਾਨ ਹੋਵੇਗਾ। 32 ਸਾਰੀਆਂ ਕੌਮਾਂ ਉਸ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ਉਹ ਉਨ੍ਹਾਂ ਨੂੰ ਦੋ ਹਿੱਸਿਆਂ ਵਿੱਚ ਵੰਡੇਗਾ। ਇਹ ਇੰਝ ਹੋਵੇਗਾ ਜਿਵੇਂ ਆਜੜੀ ਭੇਡਾਂ ਵਿੱਚੋਂ ਬੱਕਰੀਆਂ ਨੂੰ ਵੱਖਰੀਆਂ ਕਰਦਾ ਹੈ। 33 ਮਨੁੱਖ ਦਾ ਪੁੱਤਰ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆਂ ਨੂੰ ਆਪਣੇ ਖੱਬੇ ਪਾਸੇ ਰੱਖੇਗਾ।
34 “ਫ਼ੇਰ ਪਾਤਸ਼ਾਹ ਉਨ੍ਹਾਂ ਆਦਮੀਆਂ ਨੂੰ, ਜਿਹੜੇ ਉਸ ਦੇ ਸੱਜੇ ਪਾਸੇ ਹੋਣਗੇ ਆਖੇਗਾ, ‘ਆਓ! ਮੇਰੇ ਪਿਤਾ ਨੇ ਤੁਹਾਨੂੰ ਸਭ ਨੂੰ ਅਸੀਸਾਂ ਦਿੱਤੀਆਂ ਹਨ। ਆਓ ਅਤੇ ਉਹ ਰਾਜ ਪ੍ਰਾਪਤ ਕਰੋ ਜਿਸਦਾ ਪ੍ਰਭੂ ਨੇ ਤੁਹਾਡੇ ਨਾਲ ਵਾਅਦਾ ਕੀਤਾ ਹੋਇਆ ਹੈ। ਇਹ ਰਾਜ ਤਾਂ ਸੰਸਾਰ ਦੇ ਮੁਢ ਤੋਂ ਹੀ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ। 35 ਤੁਸੀਂ ਇਹ ਰਾਜ ਪਾ ਸੱਕਦੇ ਹੋ ਕਿਉਂਕਿ ਜਦੋਂ ਮੈਂ ਭੁੱਖਾ ਸੀ ਤੁਸੀਂ ਮੈਨੂੰ ਖਾਣ ਨੂੰ ਦਿੱਤਾ ਅਤੇ ਜਦੋਂ ਮੈਂ ਪਿਆਸਾ ਸੀ, ਤੁਸੀਂ ਮੈਨੂੰ ਪੀਣ ਨੂੰ ਦਿੱਤਾ। ਜਦੋਂ ਮੈਂ ਘਰ ਤੋਂ ਦੂਰ ਅਤੇ ਇੱਕਲਾ ਸੀ ਤੁਸੀਂ ਆਪਣੇ ਘਰ ਨਿਓਤਾ ਦਿੱਤਾ। 36 ਜਦੋਂ ਮੈਂ ਵਸਤਰ-ਹੀਣ ਸਾਂ, ਤੁਸੀਂ ਮੈਨੂੰ ਪਹਿਨਣ ਲਈ ਕੱਪੜੇ ਦਿੱਤੇ। ਮੈਂ ਬਿਮਾਰ ਸੀ ਤਾਂ ਤੁਸੀਂ ਮੇਰੀ ਖਬਰ ਲਿੱਤੀ ਅਤੇ ਜਦੋਂ ਮੈਂ ਕੈਦ ਵਿੱਚ ਸੀ ਤਾਂ ਤੁਸੀਂ ਮੇਰੇ ਕੋਲ ਆਏ।’
37 “ਤਦ ਚੰਗੇ ਲੋਕ ਉਸ ਨੂੰ ਉੱਤਰ ਦੇਣਗੇ, ‘ਪ੍ਰਭੂ, ਅਸੀਂ ਕਦੋਂ ਤੁਹਾਨੂੰ ਭੁੱਖਾ ਵੇਖਿਆ ਅਤੇ ਤੁਹਾਨੂੰ ਭੋਜਨ ਦਿੱਤਾ ਜਾਂ ਕਦੋਂ ਅਸੀਂ ਤੁਹਾਨੂੰ ਪਿਆਸਾ ਵੇਖਿਆ ਅਤੇ ਕੁਝ ਪੀਣ ਨੂੰ ਦਿੱਤਾ? 38 ਕਦੋਂ ਅਸੀਂ ਤੁਹਾਨੂੰ ਬਗਾਨਿਆਂ ਵਾਂਗ ਵੇਖਿਆ ਅਤੇ ਤੁਹਾਨੂੰ ਆਪਣੇ ਘਰ ਨਿਉਤਾ ਦਿੱਤਾ, ਜਾਂ ਕਦੋਂ ਅਸੀਂ ਤੁਹਾਨੂੰ ਬਿਨ ਕੱਪੜਿਉਂ ਵੇਖਿਆ ਅਤੇ ਤੁਹਾਨੂੰ ਕੱਪੜੇ ਦਿੱਤੇ? 39 ਕਦੋਂ ਅਸੀਂ ਤੁਹਾਨੂੰ ਬਿਮਾਰ ਜਾਂ ਕੈਦ ਵਿੱਚ ਵੇਖਿਆ ਅਤੇ ਤੁਹਾਡੀ ਦੇਖ-ਭਾਲ ਕਰਨ ਲਈ ਆਏ?’
40 “ਤਦ ਪਾਤਸ਼ਾਹ ਜਵਾਬ ਦੇਵੇਗਾ, ‘ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਜੋ ਕੁਝ ਵੀ ਤੁਸੀਂ ਇਨ੍ਹਾਂ ਤੁਛ ਲੋਕਾਂ ਲਈ ਕੀਤਾ ਜੋ ਮੇਰੇ ਨਾਲ ਸੰਬੰਧਿਤ ਹਨ, ਤੁਸੀਂ ਇਹ ਮੇਰੇ ਲਈ ਕੀਤਾ।’
41 “ਫ਼ੇਰ ਪਾਤਸ਼ਾਹ ਆਪਣੇ ਖੱਬੇ ਪਾਸੇ ਵਾਲੇ ਲੋਕਾਂ ਨੂੰ ਆਖੇਗਾ, ‘ਮੈਥੋਂ ਦੂਰ ਚੱਲੇ ਜਾਓ, ਤੁਸੀਂ ਸਰਾਪੇ ਹੋਏ ਹੋ। ਉਸ ਸਦੀਵੀ ਮੱਚਦੀ ਹੋਈ ਅੱਗ ਵਿੱਚ ਚੱਲੇ ਜਾਓ, ਜਿਹੜੀ ਸ਼ੈਤਾਨ ਅਤੇ ਉਸ ਦੇ ਦੂਤਾਂ ਲਈ ਤਿਆਰ ਕੀਤੀ ਗਈ ਹੈ। 42 ਤੁਹਾਨੂੰ ਜਾਣਾ ਹੀ ਪਵੇਗਾ ਕਿਉਂਕਿ ਜਦ ਮੈਂ ਭੁੱਖਾ ਸਾਂ ਤੁਸੀਂ ਮੈਨੂੰ ਨਾ ਖੁਆਇਆ ਅਤੇ ਨਾ ਹੀ ਕੁਝ ਪੀਣ ਨੂੰ ਦਿੱਤਾ। 43 ਜਦੋਂ ਮੈਂ ਇੱਕਲਾ ਅਤੇ ਘਰ ਤੋਂ ਦੂਰ ਸਾਂ ਤੁਸੀਂ ਮੈਨੂੰ ਆਪਣੇ ਘਰ ਨਿਉਤਾ ਨਹੀਂ ਦਿੱਤਾ ਅਤੇ ਜਦ ਵਸਤਰ-ਹੀਣ ਸਾਂ ਤੁਸੀਂ ਮੈਨੂੰ ਕੱਪੜਾ ਨਹੀਂ ਦਿੱਤਾ, ਜਦੋਂ ਮੈਂ ਬਿਮਾਰ ਅਤੇ ਕੈਦ ਵਿੱਚ ਸਾਂ, ਤੁਸੀਂ ਮੇਰਾ ਧਿਆਨ ਨਹੀਂ ਰੱਖਿਆ।’
44 “ਫ਼ੇਰ ਉਹ ਵੀ ਉੱਤਰ ਦੇਣਗੇ: ‘ਪ੍ਰਭੂ, ਕਦੋਂ ਅਸੀਂ ਤੁਹਾਨੂੰ ਭੁੱਖਾ ਜਾਂ ਪਿਆਸਾ ਇੱਕ ਬਗਾਨੇ ਵਾਂਗ ਜਾਂ ਬਿਨ ਕੱਪੜਿਉਂ, ਜਾਂ ਬਿਮਾਰ ਜਾਂ ਕੈਦ ਵਿੱਚ ਵੇਖਿਆ ਅਤੇ ਤੁਹਾਡੀ ਸਹਾਇਤਾ ਨਹੀਂ ਕੀਤੀ।’
45 “ਫ਼ੇਰ ਰਾਜਾ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਜਦੋਂ ਤੁਸੀਂ ਇਨ੍ਹਾਂ ਤੁਛ ਲੋਕਾਂ ਲਈ ਕੁਝ ਵੀ ਕਰਨ ਤੋਂ ਇਨਕਾਰ ਕਰਦੇ ਹੋਂ, ਜੋ ਮੇਰੇ ਨਾਲ ਸੰਬੰਧਿਤ ਹਨ, ਤੁਸੀਂ ਇਹ ਮੇਰੇ ਲਈ ਕਰਨ ਤੋਂ ਇਨਕਾਰ ਕਰਦੇ ਹੋਂ।’
46 “ਤਦ ਉਹ ਬੁਰੇ ਲੋਕ ਸਦੀਵੀ ਸਜ਼ਾ ਪਾਉਣਗੇ ਪਰ ਚੰਗੇ ਲੋਕ ਸਦੀਪਕ ਜੀਵਨ ਪਾਉਣਗੇ।”
2010 by World Bible Translation Center