Revised Common Lectionary (Complementary)
6 ਯਹੋਵਾਹ ਦੀ ਮਦਦ ਤੱਕੋ ਫ਼ੇਰ ਹੀ ਤੁਸੀਂ ਜਿਉਵੋਂਗੇ।
ਨਹੀਂ ਤਾਂ ਯੂਸਫ਼ ਦੇ ਘਰ ਤੋਂ ਇੱਕ ਅੱਗ ਭੜਕੇਗੀ ਜੋ ਉਸਦਾ ਘਰ ਤਬਾਹ ਕਰ ਦੇਵੇਗੀ।
ਬੈਤ-ਏਲ ਵਿੱਚਲਾ ਕੋਈ ਵੀ ਮਨੁੱਖ ਇਸ ਅੱਗ ਨੂੰ ਬੁਝਾਉਣ ਯੋਗ ਨਹੀਂ ਹੋਵੇਗਾ।
7-9 ਯਹੋਵਾਹ ਹੀ ਸਪਤਰਿਸ਼ੀ ਅਤੇ ਤਾਕਤ ਪੁੰਜ ਨੂੰ ਬਨਾਉਣ ਵਾਲਾ ਹੈ,
ਉਹੀ ਹਨੇਰ ਨੂੰ ਦਿਨ ’ਚ ਅਤੇ ਦਿਨ ਨੂੰ ਰਾਤ ’ਚ ਉਲਬਾਉਣ ਵਾਲਾ ਹੈ
ਉਹ ਸਮੁੰਦਰ ਦੇ ਪਾਣੀਆਂ ਨੂੰ ਸੱਦਦਾ ਹੈ
ਅਤੇ ਧਰਤੀ ਉੱਪਰ ਵਰ੍ਹਾਉਂਦਾ ਹੈ ਉਸਦਾ ਨਾਉਂ ਯਾਹਵੇਹ ਹੈ।
ਉਹ ਇੱਕ ਮਜ਼ਬੂਤ ਸ਼ਹਿਰ
ਅਤੇ ਉਸ ਦੇ ਕਿਲਿਆਂ ਉੱਤੇ ਤਬਾਹੀ ਲਿਆਉਂਦਾ ਹੈ।”
ਇਸਰਾਏਲੀਆਂ ਦੀਆਂ ਬਦ ਕਰਨੀਆਂ
ਤੂੰ ਚੰਗਿਆਈ ਨੂੰ ਜ਼ਹਿਰ ’ਚ ਬਦਲ ਦਿੱਤਾ
ਅਤੇ ਨਿਆਂ ਨੂੰ ਖਤਮ ਕਰਕੇ ਜ਼ਮੀਨ ਤੇ ਪਟਕ ਦਿੱਤਾ ਹੈ।
10 ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਨਫ਼ਰਤ ਕੀਤੀ ਜਿਨ੍ਹਾਂ ਨੇ ਉਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ,
ਅਤੇ ਸੱਚ ਬੋਲਣ ਵਾਲਿਆਂ ਨੂੰ ਤਿਰਸੱਕਾਰਿਆ।
11 ਤੁਸੀਂ ਗਰੀਬਾਂ ਤੋਂ ਨਾਜਾਇਜ਼ ਕਰ ਲੈਂਦੇ
ਅਤੇ ਉਨ੍ਹਾਂ ਤੋਂ ਵਾਧੂ ਕਣਕ ਲੈਂਦੇ
ਅਤੇ ਆਪਣੇ ਘਰਾਂ ਨੂੰ ਕੀਮਤੀ ਪੱਥਰ ਨਾਲ ਸਜਾਉਂਦੇ ਤੇ ਘੜਦੇ
ਪਰ ਤੁਸੀਂ ਉਨ੍ਹਾਂ ਘਰਾਂ ਵਿੱਚ ਰਹਿ ਨਾ ਪਾਵੋਂਗੇ
ਤੁਸੀਂ ਅੱਤ ਸੁੰਦਰ ਅੰਗੂਰਾਂ ਦੇ ਬਾਗ਼ ਲਗਵਾਏ
ਪਰ ਤੁਸੀਂ ਉਨ੍ਹਾਂ ਦੀ ਮੈਅ ਨਾ ਪੀ ਸੱਕੇਂਗੇ।
12 ਕਿਉਂ ਕਿ ਮੈਂ ਤੁਹਾਡੇ ਵੱਡੇ ਪਾਪਾਂ ਨੂੰ ਜਾਣਦਾ ਹਾਂ।
ਤੁਸੀਂ ਸੱਚਮੁੱਚ ਹੀ ਕੁਝ ਬੜੇ ਮੰਦੇ ਕੰਮ ਕੀਤੇ ਹਨ
ਤੁਸੀਂ ਨੇਕੀ ਦੀ ਰਾਹ ਚਲਦੇ ਲੋਕਾਂ ਨੂੰ ਸਤਾਇਆ ਗ਼ਲਤ ਕੰਮਾਂ
ਲਈ ਰਿਸ਼ਵਤ ਲਿੱਤੀ ਅਦਾਲਤ ਵਿੱਚ ਗਰੀਬਾਂ ਦਾ ਹੱਕ ਮਾਰਿਆ।
13 ਉਸ ਵਕਤ ਵਿੱਚ ਸਿਆਣਾ ਮਨੁੱਖ ਚੁੱਪ ਸਾਧ ਲਵੇਗਾ
ਕਿਉਂ ਕਿ ਉਹ ਸਮਾਂ ਬੁਰਾ ਹੈ।
14 ਤੁਸੀਂ ਕਹਿੰਦੇ ਹੋ ਕਿ ਪਰਮੇਸ਼ੁਰ ਤੁਹਾਡੇ ਨਾਲ ਹੈ
ਇਸ ਲਈ ਤੁਹਾਨੂੰ ਭੈੜੇ ਕੰਮ ਛੱਡ ਕੇ ਚੰਗੇ ਕੰਮ ਕਰਨੇ ਚਾਹੀਦੇ ਹਨ ਤਾਂ
ਤੁਸੀਂ ਜਿਉਂਦੇ ਰਹੋਂਗੇ ਅਤੇ
ਸਰਬ ਸ਼ਕਤੀਮਾਨ ਯਹੋਵਾਹ ਸਦਾ ਤੁਹਾਡੇ ਅੰਗ-ਸੰਗ ਹੋਵੇਗਾ।
15 ਬੁਰਿਆਈ ਨੂੰ ਤਿਆਗ ਚੰਗਿਆਈ ਨੂੰ ਪਿਆਰ ਕਰੋ ਅਦਾਲਤਾਂ ਵਿੱਚ ਇਨਸਾਫ਼ ਵਾਪਸ ਲਿਆਓ ਸ਼ਾਇਦ ਫਿਰ ਯਹੋਵਾਹ ਸੈਨਾ ਦਾ ਪਰਮੇਸ਼ੁਰ ਯੂਸਫ਼ ਦੇ ਬਚੇ ਘਰਾਣੇ ਤੇ ਮਿਹਰਬਾਨ ਹੋ ਜਾਵੇ।
12 ਸਾਨੂੰ ਸਿੱਖਾਉ ਕਿ ਸਾਡੀਆਂ ਜ਼ਿੰਦਗੀਆਂ ਕਿੰਨੀਆਂ ਛੋਟੀਆਂ ਹਨ
ਅਤੇ ਜੋ ਅਸੀਂ ਸੱਚਮੁੱਚ ਸਿਆਣੇ ਬਣ ਸੱਕੀਏ।
13 ਯਹੋਵਾਹ, ਸਾਡੇ ਵੱਲ ਸਦਾ ਲਈ ਵਾਪਸ ਆ ਜਾਉ।
ਆਪਣੇ ਸੇਵਕਾਂ ਉੱਪਰ ਮਿਹਰ ਕਰੋ।
14 ਹਰ ਸਵੇਰ ਸਾਨੂੰ ਆਪਣੇ ਪਿਆਰ ਨਾਲ ਭਰ ਦਿਉ।
ਸਾਨੂੰ ਪ੍ਰਸੰਨ ਹੋਣ ਦਿਉ ਅਤੇ ਆਪਣੀਆਂ ਜ਼ਿੰਦਗੀਆਂ ਮਾਨਣ ਦਿਉ।
15 ਤੁਸਾਂ ਸਾਨੂੰ ਬਹੁਤ ਉਦਾਸੀ ਅਤੇ ਸਾਡੇ ਵਿੱਚ ਬਹੁਤ ਮੁਸੀਬਤਾਂ ਦਿੱਤੀਆਂ ਹਨ।
ਹੁਣ ਸਾਨੂੰ ਖੁਸ਼ੀ ਲੈਣ ਦਿਉ।
16 ਆਪਣੇ ਸੇਵਕਾਂ ਨੂੰ ਉਹ ਚਮਤਕਾਰ ਵੇਖਣ ਦਿਉ ਜਿਹੜੇ ਤੁਸੀਂ ਉਨ੍ਹਾਂ ਲਈ ਕਰਨ ਯੋਗ ਹੋਂ
ਅਤੇ ਉਨ੍ਹਾਂ ਦੇ ਬੱਚਿਆਂ ਨੂੰ ਤੁਹਾਡੀ ਮਹਿਮਾ ਵੇਖਣ ਦਿਉ।
17 ਜੋ ਕੁਝ ਵੀ ਅਸੀਂ ਕਰਦੇ ਹਾਂ ਉਸ ਵਿੱਚ ਅਸੀਂ ਪਰਮੇਸ਼ੁਰ ਦੀ ਪ੍ਰਸੰਨਤਾ ਮਹਿਸੂਸ ਕਰੀਏ।
ਜਿਸ ਨੂੰ ਅਸੀਂ ਸਾਧਦੇ ਹਾਂ ਉਸ ਨੂੰ ਸਥਾਪਿਤ ਕਰਦਿਆਂ
ਅਤੇ ਸਹਾਰਾ ਦਿੰਦਿਆਂ ਉਹ ਸਾਨੂੰ ਅਸੀਸ ਦੇਵੇ।
12 ਪਰਮੇਸ਼ੁਰ ਦਾ ਵਚਨ ਸਜੀਵ ਹੈ ਅਤੇ ਕਾਰਜ ਕਰ ਰਿਹਾ ਹੈ। ਉਸ ਦਾ ਵਚਨ ਤੇਜ਼ ਤੋਂ ਤੇਜ਼ ਧਾਰ ਵਾਲੀ ਤਲਵਾਰ ਨਾਲੋਂ ਤਿੱਖਾ ਹੈ। ਪਰਮੇਸ਼ੁਰ ਦਾ ਵਚਨ ਸਾਡੇ ਅੰਦਰ ਡੂੰਘਿਆਂ ਕੱਟਦਾ ਹੈ, ਉਸ ਜਗ਼੍ਹਾ ਵੀ ਜਿੱਥੇ ਰੂਹ ਅਤੇ ਆਤਮਾ ਜੁੜਦੇ ਹਨ। ਪਰਮੇਸ਼ੁਰ ਦਾ ਵਚਨ ਸਾਡੇ ਜੋੜਾਂ ਅਤੇ ਹੱਡੀਆਂ ਅੰਦਰ ਵੀ ਮਾਰ ਕਰਦਾ ਹੈ। ਇਹ ਸਾਡੇ ਦਿਲ ਦੀਆਂ ਸੋਚਾਂ ਅਤੇ ਇਰਾਦਿਆਂ ਨੂੰ ਪਰੱਖਦਾ ਹੈ। 13 ਦੁਨੀਆਂ ਵਿੱਚ ਕੁਝ ਵੀ ਪਰਮੇਸ਼ੁਰ ਤੋਂ ਛੁਪਿਆ ਨਹੀਂ ਰਹਿ ਸੱਕਦਾ। ਉਹ ਸਭ ਚੀਜ਼ਾਂ ਨੂੰ ਸਾਫ਼ ਦੇਖ ਸੱਕਦਾ ਹੈ। ਹਰ ਚੀਜ਼ ਉਸ ਦੇ ਸਾਹਮਣੇ ਖੁੱਲ੍ਹੀ ਹੈ। ਅਤੇ ਉਸੇ ਨੂੰ ਸਾਨੂੰ ਆਪਣੇ ਜੀਵਨ ਢੰਗ ਦਾ ਲੇਖਾ ਦੇਣਾ ਪਵੇਗਾ।
ਯਿਸੂ ਸਾਡੀ ਪਰਮੇਸ਼ੁਰ ਦੇ ਸਨਮੁੱਖ ਆਉਣ ਵਿੱਚ ਸਹਾਇਤਾ ਕਰਦਾ ਹੈ
14 ਸਾਡੇ ਕੋਲ ਇੱਕ ਮਹਾਨ ਸਰਦਾਰ ਜਾਜਕ ਹੈ ਜਿਹੜਾ ਪਰਮੇਸ਼ੁਰ ਨਾਲ ਸਵਰਗ ਵਿੱਚ ਰਹਿਣ ਲਈ ਗਿਆ ਹੈ। ਉਹ ਪਰਮੇਸ਼ੁਰ ਦਾ ਪੁੱਤਰ ਯਿਸੂ ਹੈ। ਇਸ ਲਈ ਅਸੀਂ ਵਿਸ਼ਵਾਸ ਵਿੱਚ, ਜਿਹੜਾ ਸਾਡੇ ਕੋਲ ਹੈ, ਦ੍ਰਿੜ ਰਹਿਣਾ ਜਾਰੀ ਰੱਖੀਏ। 15 ਯਿਸੂ, ਜਿਹੜਾ ਸਰਦਾਰ ਜਾਜਕ ਸਾਡੇ ਕੋਲ ਹੈ, ਸਾਡੀਆਂ ਕਮਜ਼ੋਰੀਆਂ ਨੂੰ ਸਮਝਣ ਦੇ ਸਮਰੱਥ ਹੈ। ਜਦੋਂ ਯਿਸੂ ਧਰਤੀ ਤੇ ਜਿਉਂਇਆ ਉਹ ਸਾਡੀ ਤਰ੍ਹਾਂ ਹਰੇਕ ਢੰਗ ਨਾਲ ਪਰਤਾਇਆ ਗਿਆ ਸੀ। ਪਰ ਉਸ ਨੇ ਕਦੇ ਪਾਪ ਨਹੀਂ ਕੀਤਾ ਸੀ। 16 ਯਿਸੂ ਦੇ ਸਾਡੇ ਸਰਦਾਰ ਜਾਜਕ ਹੁੰਦਿਆਂ ਅਸੀਂ ਕਿਰਪਾ ਦੇ ਸਿੰਘਾਸਣ ਦੇ ਸਾਹਮਣੇ ਆਉਣ ਲਈ ਸੁਤੰਤਰ ਹਾਂ। ਉੱਥੇ ਸਾਡੇ ਕੋਲ ਜਦੋਂ ਵੀ ਸਾਨੂੰ ਲੋੜ ਹੋਵੇਗੀ ਮਦਦ ਕਰਨ ਲਈ ਮਿਹਰ ਅਤੇ ਦਯਾ ਹੋਵੇਗੀ।
ਇੱਕ ਅਮੀਰ ਆਦਮੀ ਦਾ ਯਿਸੂ ਨੂੰ ਮੰਨਣ ਤੋਂ ਇਨਕਾਰ ਕਰਨਾ(A)
17 ਜਦੋਂ ਯਿਸੂ ਉਹ ਥਾਂ ਛੱਡਣ ਹੀ ਵਾਲਾ ਸੀ ਤਾਂ, ਇੱਕ ਆਦਮੀ ਆਇਆ ਅਤੇ ਉਸ ਦੇ ਅੱਗੇ ਝੁਕਿਆ ਅਤੇ ਪੁੱਛਿਆ, “ਸਤਿ ਗੁਰੂ ਜੀ, ਮੈਂ ਸਦੀਵੀ ਜੀਵਨ ਪ੍ਰਾਪਤ ਕਰਨ ਲਈ ਕੀ ਕਰਾਂ?”
18 ਉਸ ਨੇ ਆਖਿਆ, “ਤੂੰ ਮੈਨੂੰ ਸਤਿਗੁਰੂ ਕਿਉਂ ਬੁਲਾਉਂਦਾ ਹੈਂ? ਕੋਈ ਮਨੁੱਖ ਸਤਿ ਨਹੀਂ ਹੈ ਕੇਵਲ ਪਰਮੇਸ਼ੁਰ ਹੀ ਸਤਿ ਹੈ। 19 ਪਰ ਮੈਂ ਤੇਰੇ ਸਵਾਲ ਦਾ ਜਵਾਬ ਦੇਵਾਂਗਾ। ਕੀ ਤੂੰ ਨੇਮਾਂ ਨੂੰ ਜਾਣਦਾ ਹੈ। ਕਿਸੇ ਨੂੰ ਨਾ ਮਾਰੋ, ਬਦਕਾਰੀ ਦਾ ਪਾਪ ਨਾ ਕਰੋ, ਚੋਰੀ ਨਾ ਕਰੋ, ਝੂਠੀ ਗਵਾਹੀ ਨਾ ਦੇਵੋ, ਧੋਖਾ ਨਾ ਕਰੋ ਅਤੇ ‘ਆਪਣੇ ਮਾਤਾ-ਪਿਤਾ ਦਾ ਆਦਰ-ਮਾਣ ਕਰੋ।’” [a]
20 ਉਸ ਮਨੁੱਖ ਨੇ ਕਿਹਾ, “ਗੁਰੂ ਜੀ, ਮੈਂ ਇਨ੍ਹਾਂ ਹੁਕਮਾਂ ਨੂੰ ਉਦੋਂ ਤੋਂ ਮੰਨਦਾ ਆ ਰਿਹਾ ਹਾਂ ਜਦ ਕਿ ਮੈਂ ਹਾਲੇ ਬੱਚਾ ਹੀ ਸੀ।”
21 ਯਿਸੂ ਨੇ ਉਸ ਵੱਲ ਪਿਆਰ ਨਾਲ ਵੇਖਿਆ ਅਤੇ ਕਿਹਾ, “ਅਜੇ ਵੀ ਤੇਰੇ ਲਈ ਇੱਕ ਚੀਜ਼ ਕਰਨੀ ਬਾਕੀ ਹੈ। ਉਹ ਇਹ ਕਿ ਜੋ ਕੁਝ ਵੀ ਤੇਰੇ ਕੋਲ ਹੈ ਸਭ ਕੁਝ ਵੇਚਦੇ। ਇਹ ਸਾਰਾ ਧਨ ਤੂੰ ਗਰੀਬਾਂ ਵਿੱਚ ਵੰਡਦੇ ਤਾਂ ਤੈਨੂੰ ਸਵਰਗ ਵਿੱਚ ਇਸਦਾ ਫ਼ਲ ਮਿਲੇਗਾ ਅਤੇ ਫ਼ੇਰ ਆਕੇ ਤੂੰ ਮੇਰੇ ਪਿੱਛੇ ਹੋ ਤੁਰ।”
22 ਪਰ ਉਹ ਆਦਮੀ ਬਹੁਤ ਨਿਰਾਸ਼ ਹੋਇਆ ਅਤੇ ਉਦਾਸੀ ਨਾਲ ਉੱਥੋਂ ਚੱਲਾ ਗਿਆ ਕਿਉਂਕਿ ਉਹ ਬਹੁਤ ਧਨਵਾਨ ਸੀ।
23 ਤਦ ਯਿਸੂ ਨੇ ਆਲੇ-ਦੁਆਲੇ ਵੇਖਿਆ ਅਤੇ ਆਪਣੇ ਚੇਲਿਆਂ ਨੂੰ ਆਖਿਆ, “ਅਮੀਰ ਆਦਮੀ ਲਈ ਪਰਮੇਸ਼ੁਰ ਦੇ ਰਾਜ ਵਿੱਚ ਪ੍ਰਵੇਸ਼ ਕਰਨਾ ਕਿੰਨਾ ਔਖਾ ਹੈ।”
24 ਯਿਸੂ ਨੇ ਇਸ ਕਥਨ ਤੇ ਚੇਲੇ ਬੜੇ ਹੈਰਾਨ ਹੋਏ ਪਰ ਉਸ ਨੇ ਫ਼ੇਰ ਕਿਹਾ, “ਮੇਰੇ ਬਚਿਓ, ਪਰਮੇਸ਼ੁਰ ਦੇ ਰਾਜ ਵਿੱਚ ਦਾਖਿਲ ਹੋਣਾ ਕਿੰਨਾ ਔਖਾ ਹੈ! 25 ਸੂਈ ਦੇ ਨੱਕੇ ਵਿੱਚੋਂ ਦੀ ਊਠ ਦਾ ਲੰਘਣਾ ਸੌਖਾ ਹੈ ਪਰ ਧਨਵਾਨ ਦਾ ਪਰਮੇਸ਼ੁਰ ਦੇ ਰਾਜ ਵਿੱਚ ਜਾਣਾ ਔਖਾ ਹੈ!”
26 ਚੇਲੇ ਹੋਰ ਵੀ ਜ਼ਿਆਦਾ ਹੈਰਾਨ ਹੋਏ ਤੇ ਇੱਕ ਦੂਜੇ ਨੂੰ ਆਖਣ ਲੱਗੇ, “ਤਾਂ ਫ਼ੇਰ ਕੌਣ ਬਚ ਸੱਕਦਾ ਹੈ?”
27 ਯਿਸੂ ਨੇ ਚੇਲਿਆਂ ਵੱਲ ਵੇਖਿਆ ਅਤੇ ਆਖਿਆ, “ਇਹ ਮਨੁੱਖ ਨਾਲ ਅਸੰਭਵ ਹੈ ਪਰ ਸਿਰਫ਼ ਪਰਮੇਸ਼ੁਰ ਨਾਲ ਸੰਭਵ ਹੈ। ਕਿਉਂਕਿ ਪਰਮੇਸ਼ੁਰ ਲਈ ਸਭ ਕੁਝ ਸੰਭਵ ਹੈ।”
28 ਪਤਰਸ ਨੇ ਯਿਸੂ ਨੂੰ ਕਿਹਾ, “ਤੁਹਾਡਾ ਅਨੁਸਰਣ ਕਰਨ ਲਈ ਅਸੀਂ ਆਪਣਾ ਸਭ ਕੁਝ ਤਿਆਗ ਦਿੱਤਾ ਹੈ।”
29 ਉਸ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਜਿਸ ਕਿਸੇ ਨੇ ਵੀ ਮੇਰੀ ਜਾਂ ਖੁਸ਼ਖਬਰੀ ਦੀ ਖਾਤਰ ਆਪਣਾ ਘਰ, ਭਰਾ-ਭੈਣਾਂ, ਮਾਂ-ਬਾਪ ਬੱਚੇ ਜਾਂ ਖੇਤ ਛੱਡੇ ਹਨ, ਇਸ ਦੁਨੀਆਂ ਨਾਲੋਂ ਵੀ ਸੌ ਗੁਣਾ ਵੱਧ ਪ੍ਰਾਪਤ ਕਰੇਗਾ। 30 ਇਸ ਦੁਨੀਆਂ ਵਿੱਚ ਉਸ ਨੂੰ ਵੱਧੇਰੇ ਘਰ, ਭਰਾ-ਭੈਣਾ, ਮਾਂ-ਬਾਪ, ਬੱਚੇ ਅਤੇ ਖੇਤ ਪ੍ਰਾਪਤ ਹੋ ਜਾਣਗੇ ਅਤੇ ਉਨ੍ਹਾਂ ਦੇ ਨਾਲ ਉਸ ਮਨੁੱਖ ਨੂੰ ਦੰਡ ਮਿਲੇਗਾ ਪਰ ਅਗਲੇ ਜੀਵਨ ਵਿੱਚ ਉਸ ਨੂੰ ਸਦੀਪਕ ਜੀਵਨ ਵੀ ਮਿਲੇਗਾ। 31 ਕੁਝ ਲੋਕ ਜਿਨ੍ਹਾਂ ਦਾ ਰੁਤਬਾ ਇਸ ਵੇਲੇ ਬੜਾ ਉੱਚਾ ਹੈ, ਭਵਿੱਖ ਵਿੱਚ ਉਨ੍ਹਾਂ ਦਾ ਰੁਤਬਾ ਸਭ ਤੋਂ ਨੀਵੇਂ ਦਰਜੇ ਦਾ ਹੋਵੇਗਾ ਅਤੇ ਕੁਝ ਲੋਕ ਜਿਨ੍ਹਾਂ ਦਾ ਰੁਤਬਾ ਇਸ ਵਕਤ ਬਹੁਤ ਨੀਵਾਂ ਹੈ ਆਉਣ ਵਾਲੇ ਸਮੇਂ ਵਿੱਚ ਬੜੇ ਉੱਚੇ ਰੁਤਬੇ ਦੇ ਹੋਣਗੇ।”
2010 by World Bible Translation Center