Revised Common Lectionary (Complementary)
4 ਫ਼ਿਰ ਉਹ ਸਾਰਾ ਦਿਨ ਏਲੀਯਾਹ ਉਜਾੜ ਵਿੱਚ ਚਲਦਾ ਰਿਹਾ। ਥੱਕ ਕੇ ਉਹ ਇੱਕ ਝਾੜੀ ਹੇਠ ਬੈਠ ਗਿਆ। ਉਸ ਨੇ ਬੈਠ ਕੇ ਮੌਤ ਮੰਗੀ ਤੇ ਆਖਿਆ, “ਹੇ ਯਹੋਵਾਹ! ਮੈਂ ਬਹੁਤ ਜੀਅ ਲਿਆ। ਹੁਣ ਮੈਨੂੰ ਮੌਤ ਦੇ ਦੇਹ ਕਿਉਂ ਜੋ ਮੈਂ ਆਪਣੇ ਪੁਰਖਿਆਂ ਨਾਲੋਂ ਕਿਤੇ ਚੰਗਾ ਨਹੀਂ ਹਾਂ।”
5 ਤਦ ਏਲੀਯਾਹ ਬਿਰਛ ਹੇਠਾਂ ਲੰਮਾਂ ਪੈ ਗਿਆ ਅਤੇ ਸੌਂ ਗਿਆ। ਇੱਕ ਦੂਤ ਏਲੀਯਾਹ ਕੋਲ ਆਇਆ ਅਤੇ ਆਕੇ ਉਸ ਨੇ ਏਲੀਯਾਹ ਨੂੰ ਛੋਹਿਆ ਅਤੇ ਆਖਿਆ, “ਉੱਠ! ਅਤੇ ਖਾ-ਪੀ!” 6 ਏਲੀਯਾਹ ਉੱਠਿਆ ਅਤੇ ਉਸ ਨੇ ਵੇਖਿਆ ਉਸ ਦੇ ਕੋਲ ਹੀ ਕੋਲਿਆਂ ਤੇ ਪੱਕਿਆ ਇੱਕ ਕੇਕ ਅਤੇ ਪਾਣੀ ਦਾ ਭਾਂਡਾ ਪਿਆ ਹੈ। ਏਲੀਯਾਹ ਨੇ ਖਾਧਾ ਅਤੇ ਪੀਤਾ ਅਤੇ ਫ਼ਿਰ ਸੌਂ ਗਿਆ।
7 ਕੁਝ ਦੇਰ ਬਾਅਦ, ਯਹੋਵਾਹ ਦਾ ਦੂਤ ਫ਼ਿਰ ਉਸ ਕੋਲ ਆਇਆ ਅਤੇ ਉਸ ਨੂੰ ਛੂਹ ਕੇ ਆਖਿਆ, “ਉੱਠ! ਕੁਝ ਖਾ-ਪੀ ਲੈ! ਜੇਕਰ ਤੂੰ ਕੁਝ ਨਹੀਂ ਖਾਵੇਂ-ਪੀਵੇਂਗਾ , ਤਾਂ ਯਾਤਰਾ ਤੇਰੇ ਲਈ ਬਹੁਤ ਥਕਾਉਣ ਵਾਲੀ ਹੋਵੇਗੀ!” 8 ਤਾਂ ਏਲੀਯਾਹ ਉੱਠਿਆ ਅਤੇ ਉਸ ਨੇ ਖਾਧਾ-ਪੀਤਾ। ਭੋਜਨ ਨੇ ਏਲੀਯਾਹ ਨੂੰ ਇੰਨੀ ਤਾਕਤ ਦਿੱਤੀ ਕਿ ਉਹ 40 ਦਿਨ ਅਤੇ 40 ਰਾਤਾਂ ਚੱਲ ਸੱਕਿਆ ਜਦੋਂ ਤੱਕ ਕਿ ਉਹ ਹੋਰੇਬ ਵਿਖੇ ਪਰਮੇਸ਼ੁਰ ਦੇ ਪਰਬਤ ਤੇ ਨਹੀਂ ਪਹੁੰਚ ਗਿਆ।
ਦਾਊਦ ਦਾ ਇੱਕ ਗੀਤ ਇਹ ਲਿਖਿਆ ਹੈ, ਜਦੋਂ ਦਾਊਦ ਨੇ ਅਬੀਮਲਕ ਅੱਗੇ ਪਾਗਲ ਵਿਅਕਤੀ ਹੋਣ ਦਾ ਦਿਖਾਵਾ ਕੀਤਾ ਅਤੇ ਉਸ ਨੂੰ ਛੱਡ ਦਿੱਤਾ।
34 ਮੈਂ ਹਰ ਵੇਲੇ ਯਹੋਵਾਹ ਨੂੰ ਮੁਬਾਰਕ ਆਖਾਂਗਾ।
ਉਸਦੀ ਉਸਤਤਿ ਹਰ ਵੇਲੇ ਮੇਰੇ ਬੁੱਲ੍ਹਾਂ ਉੱਤੇ ਹੈ।
2 ਨਿਮ੍ਰ ਲੋਕੋ, ਸੁਣੋ ਅਤੇ ਆਨੰਦ ਮਾਣੋ।
ਮੇਰੀ ਰੂਹ ਯਹੋਵਾਹ ਬਾਰੇ ਮਾਣ ਕਰਦੀ ਹੈ।
3 ਮੇਰੇ ਸੰਗ ਪਰਮੇਸ਼ੁਰ ਦੀ ਉਸਤਤਿ ਕਰੋ।
ਆਉ ਉਸ ਦੇ ਨਾਂ ਦਾ ਆਦਰ ਕਰੀਏ।
4 ਮੈਂ ਮਦਦ ਲਈ ਪਰਮੇਸ਼ੁਰ ਵੱਲ ਗਿਆ, ਅਤੇ ਉਸ ਨੇ ਮੇਰੀ ਗੱਲ ਸੁਣੀ।
ਉਸ ਨੇ ਮੈਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਤੋਂ ਬਚਾਇਆ ਜਿਨ੍ਹਾਂ ਤੋਂ ਮੈਂ ਭੈਭੀਤ ਹਾਂ।
5 ਮਦਦ ਲਈ, ਪਰਮੇਸ਼ੁਰ ਵੱਲ ਤੱਕੋ।
ਤੁਸੀਂ ਪ੍ਰਵਾਨ ਹੋਵੋਂਗੇ, ਸ਼ਰਮਸਾਰ ਨਾ ਹੋਵੋ।
6 ਇਸ ਗਰੀਬ ਬੰਦੇ ਨੇ ਯਹੋਵਾਹ ਨੂੰ ਮਦਦ ਲਈ ਪੁਕਾਰਿਆ।
ਅਤੇ ਯਹੋਵਾਹ ਨੇ ਮੈਨੂੰ ਸੁਣਿਆ।
ਉਸ ਨੇ ਮੈਨੂੰ ਸਾਰੀਆਂ ਮੁਸੀਬਤਾਂ ਤੋਂ ਬਚਾਇਆ।
7 ਯਹੋਵਾਹ ਦਾ ਦੂਤ ਉਸ ਦੇ ਚੇਲਿਆਂ ਦੀ ਰੱਖਵਾਲੀ ਕਰਦਾ ਹੈ।
ਯਹੋਵਾਹ ਦਾ ਦੂਤ ਉਨ੍ਹਾਂ ਦੀ ਰੱਖਿਆ ਕਰਦਾ।
8 ਯਹੋਵਾਹ ਨੂੰ ਚਖੋ ਅਤੇ ਦੇਖੋ ਉਹ ਕਿੰਨਾ ਚੰਗਾ ਹੈ।
ਜੋ ਬੰਦਾ ਯਹੋਵਾਹ ਉੱਤੇ ਨਿਰਭਰ ਹੁੰਦਾ ਸੱਚਮੁੱਚ ਖੁਸ਼ ਹੁੰਦਾ ਹੈ।
25 ਤੁਹਾਨੂੰ ਝੂਠ ਬੋਲਣਾ ਬੰਦ ਕਰ ਦੇਣਾ ਚਾਹੀਦਾ ਹੈ। “ਤੁਹਾਨੂੰ ਹਮੇਸ਼ਾ ਇੱਕ ਦੂਸਰੇ ਨਾਲ ਸੱਚ ਬੋਲਣਾ ਚਾਹੀਦਾ ਹੈ” [a] ਕਿਉਂਕਿ ਅਸੀਂ ਇੱਕੋ ਸਰੀਰ ਵਿੱਚ ਇੱਕ ਦੂਸਰੇ ਦੇ ਅੰਗ ਹਾਂ। 26 “ਜਦੋਂ ਤੁਸੀਂ ਗੁੱਸੇ ਹੁੰਦੇ ਹੋ, ਤਾਂ ਆਪਣੇ ਕ੍ਰੋਧ ਨੂੰ ਪਾਪ ਕਰਾਉਣ ਦਾ ਕਾਰਣ ਨਾ ਬਨਣ ਦਿਓ” [b] ਸਾਰਾ ਦਿਨ ਕ੍ਰੋਧ ਕਰਨਾ ਜਾਰੀ ਨਾ ਰੱਖੋ। 27 ਸ਼ੈਤਾਨ ਨੂੰ ਕੋਈ ਅਜਿਹਾ ਰਾਹ ਨਾ ਦਿਓ ਜਿਹੜਾ ਤੁਹਾਨੂੰ ਹਰਾ ਸੱਕੇ। 28 ਜੇ ਕੋਈ ਚੋਰੀ ਕਰ ਰਿਹਾ ਹੈ ਤਾਂ ਉਸ ਨੂੰ ਚੋਰੀ ਕਰਨੀ ਛੱਡ ਦੇਣੀ ਚਾਹੀਦੀ ਹੈ। ਇਸਦੀ ਜਗ਼੍ਹਾ ਉਸ ਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ। ਉਸ ਨੂੰ ਆਪਣੇ ਹੱਥਾਂ ਦੀ ਵਰਤੋਂ ਚੰਗੇ ਕੰਮ ਕਰਨ ਲਈ ਕਰਨੀ ਚਾਹੀਦੀ ਹੈ। ਫ਼ੇਰ ਉਸ ਦੇ ਕੋਲ ਗਰੀਬ ਲੋਕਾਂ ਨਾਲ ਸਾਂਝਾ ਕਰਨ ਲਈ ਕੁਝ ਨਾ ਕੁਝ ਹੋਵੇਗਾ।
29 ਜਦੋਂ ਤੁਸੀਂ ਬੋਲੋਂ ਤੁਹਾਨੂੰ ਮੰਦੇ ਬੋਲ ਨਹੀਂ ਬੋਲਣੇ ਚਾਹੀਦੇ। ਪਰ ਉਹ ਗੱਲਾਂ ਕਰੋ ਜਿਨ੍ਹਾਂ ਦੀ ਲੋਕਾਂ ਨੂੰ ਜ਼ਰੂਰਤ ਹੈ, ਉਹ ਗੱਲਾਂ ਜਿਹੜੀਆਂ ਹੋਰਾਂ ਲੋਕਾਂ ਨੂੰ ਮਜ਼ਬੂਤ ਬਣਨ ਵਿੱਚ ਸਹਾਈ ਹੋਣ। ਇਹ ਗੱਲਾਂ ਤੁਹਾਡੇ ਸੁਣਨ ਵਾਲਿਆਂ ਦੀ ਸਹਾਇਤਾ ਕਰਨਗੀਆਂ। 30 ਪਵਿੱਤਰ ਆਤਮਾ ਨੂੰ ਉਦਾਸ ਨਾ ਬਣਾਓ। ਆਤਮਾ ਇਸ ਗੱਲ ਦਾ ਪ੍ਰਮਾਣ ਹੈ ਕਿ ਤੁਸੀਂ ਪਰਮੇਸ਼ੁਰ ਦੇ ਹੋ। ਪਰਮੇਸ਼ੁਰ ਨੇ ਇਹ ਆਤਮਾ ਤੁਹਾਨੂੰ ਇਹ ਦਰਸ਼ਾਉਣ ਲਈ ਦਿੱਤਾ ਸੀ ਕਿ ਪਰਮੇਸ਼ੁਰ ਤੁਹਾਨੂੰ ਢੁੱਕਵੇਂ ਸਮੇਂ ਆਜ਼ਾਦ ਕਰੇਗਾ। 31 ਸਭ ਕੁੜੱਤਣ, ਕ੍ਰੋਧ, ਕੋਪ, ਰੌਲਾ ਅਤੇ ਦੁਰਬਚਨ ਸਾਰੀ ਬੁਰਿਆਈ ਸਣੇ ਆਪਣੇ ਆਪ ਤੋਂ ਦੂਰ ਕਰ ਦੇਵੋ। 32 ਦਿਆਲੂ ਬਣੋ ਅਤੇ ਦੂਸਰਿਆਂ ਨੂੰ ਪਿਆਰ ਕਰਦੇ ਰਹੋ। ਇੱਕ ਦੂਸਰੇ ਨੂੰ ਉਸੇ ਤਰ੍ਹਾਂ ਮਾਫ਼ ਕਰ ਦਿਓ ਜਿਵੇਂ ਪਰਮੇਸ਼ੁਰ ਨੇ ਮਸੀਹ ਵਿੱਚ ਤੁਹਾਨੂੰ ਮੁਆਫ਼ ਕੀਤਾ ਹੈ।
5 ਤੁਸੀਂ ਪਰਮੇਸ਼ੁਰ ਦੇ ਉਹ ਬੱਚੇ ਹੋ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ। 2 ਇਸ ਲਈ ਪਰਮੇਸ਼ੁਰ ਵਾਂਗ ਬਣਨ ਦੀ ਕੋਸ਼ਿਸ਼ ਕਰੋ। ਪ੍ਰੇਮ ਦਾ ਜੀਵਨ ਜੀਓ। ਹੋਰਾਂ ਨੂੰ ਉਸੇ ਤਰ੍ਹਾਂ ਪਿਆਰ ਕਰੋ ਜਿਵੇਂ ਮਸੀਹ ਨੇ ਤੁਹਾਨੂੰ ਪਿਆਰ ਕੀਤਾ। ਮਸੀਹ ਨੇ ਆਪਣੇ ਆਪ ਨੂੰ ਸਾਡੇ ਲਈ ਕੁਰਬਾਨ ਕੀਤਾ ਸੀ। ਉਹ ਪਰਮੇਸ਼ੁਰ ਨੂੰ ਚੜ੍ਹਾਈ ਗਈ ਚੰਗੀ ਸੁਗੰਧ ਅਤੇ ਇੱਕ ਕੁਰਬਾਨੀ ਸੀ।
35 ਯਿਸੂ ਨੇ ਉਨ੍ਹਾਂ ਨੂੰ ਕਿਹਾ “ਮੈਂ ਹੀ ਜੀਵਨ ਦੀ ਰੋਟੀ ਹਾਂ। ਜਿਹੜਾ ਕੋਈ ਮੇਰੇ ਕੋਲ ਆਉਂਦਾ ਹੈ ਕਦੇ ਭੁੱਖਾ ਨਹੀਂ ਰਹੇਗਾ ਅਤੇ ਜਿਹੜਾ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਕਦੇ ਪਿਆਸਾ ਨਹੀਂ ਰਹੇਗਾ।
41 ਫੇਰ ਯਹੂਦੀ ਉਸ ਬਾਰੇ ਬੁੜ-ਬੁੜਾਉਣ ਲੱਗ ਪਏ ਕਿਉਂਕਿ ਉਸ ਨੇ ਆਖਿਆ, “ਮੈਂ ਹੀ ਰੋਟੀ ਹਾਂ ਜੋ ਸਵਰਗ ਤੋਂ ਹੇਠਾਂ ਉੱਤਰੀ ਹੈ।” 42 ਯਹੂਦੀਆਂ ਨੇ ਆਖਿਆ, “ਉਹ ਯਿਸੂ ਹੈ। ਉਹ ਯੂਸੁਫ਼ ਦ ਪੁੱਤਰ ਹੈ। ਅਸੀਂ ਉਸ ਦੇ ਮਾਤਾ ਪਿਤਾ ਨੂੰ ਜਾਣਦੇ ਹਾਂ। ਤਾਂ ਭਲਾ ਉਹ ਕਿਵੇ ਕਹਿ ਸੱਕਦਾ ਹੈ, ‘ਮੈਂ ਸਵਰਗੋਂ ਉੱਤਰਿਆ ਹਾਂ।’”
43 ਪਰ ਯਿਸੂ ਨੇ ਆਖਿਆ, “ਆਪਣੇ-ਆਪ ਵਿੱਚ ਬੁੜ-ਬੁੜਾਉਨਾ ਬੰਦ ਕਰੋ। 44 ਕੋਈ ਵੀ ਵਿਅਕਤੀ ਮੇਰੇ ਤੱਕ ਨਹੀਂ ਆ ਸੱਕਦਾ ਜਦੋਂ ਤੱਕ ਕਿ ਪਿਤਾ ਜਿਸਨੇ ਮੈਨੂੰ ਭੇਜਿਆ ਹੈ ਉਸ ਨੂੰ ਮੇਰੇ ਤੱਕ ਨਹੀਂ ਲਿਆਉਂਦਾ। ਮੈਂ ਉਸ ਮਨੁੱਖ ਨੂੰ ਅੰਤਲੇ ਦਿਨ ਜਿਉਂਦਾ ਉੱਠਾਵਾਂਗਾ। 45 ਇਹ ਨਬੀਆਂ ਦੀਆਂ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ: ‘ਉਹ ਪਰਮੇਸ਼ੁਰ ਦੁਆਰਾ ਸਮਝਾਏ ਜਾਣਗੇ।’ [a] ਹਰ ਕੋਈ ਜਿਹੜਾ ਆਪਣੇ ਪਿਤਾ ਨੂੰ ਸੁਣਦਾ ਅਤੇ ਉਸ ਕੋਲੋਂ ਸਿਖਦਾ ਹੈ ਮੇਰੇ ਤੱਕ ਆਉਂਦਾ। 46 ਕਿਸੇ ਨੇ ਵੀ ਪਿਤਾ ਨੂੰ ਨਹੀਂ ਵੇਖਿਆ। ਉਹ ਇੱਕ, ਜਿਹੜਾ ਪਰਮੇਸ਼ੁਰ ਤੋਂ ਆਇਆ ਹੈ, ਉਹੀ ਹੈ ਜਿਸਨੇ ਪਿਤਾ ਨੂੰ ਵੇਖਿਆ।
47 “ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਮਨੁੱਖ ਨਿਹਚਾ ਰੱਖਦਾ ਹੈ ਸਦੀਪਕ ਜੀਵਨ ਪਾਉਂਦਾ ਹੈ। 48 ਮੈਂ ਹੀ ਜੀਵਨ ਦੀ ਰੋਟੀ ਹਾਂ। 49 ਤੁਹਾਡੇ ਪੂਰਵਜਾਂ ਨੇ ਉਜਾੜ ਵਿੱਚ ਮੰਨ ਖਾਧਾ ਅਤੇ ਮਰ ਗਏ। 50 ਮੈਂ ਉਹ ਰੋਟੀ ਹਾਂ ਜੋ ਸੁਰਗ ਤੋਂ ਹੇਠਾਂ ਆਉਂਦੀ ਹੈ। ਜੇਕਰ ਕੋਈ ਵੀ ਇਹ ਰੋਟੀ ਖਾਂਦਾ ਹੈ ਉਹ ਕਦੇ ਨਹੀਂ ਮਰੇਗਾ। 51 ਮੈਂ ਜਿਉਂਦੀ ਰੋਟੀ ਹਾਂ, ਜੋ ਸਵਰਗ ਤੋਂ ਹੇਠਾਂ ਆਈ ਹੈ। ਉਹ ਜਿਹੜਾ ਇਹ ਰੋਟੀ ਖਾਂਦਾ ਹੈ, ਸਦਾ ਜੀਵੇਗਾ। ਇਹ ਰੋਟੀ ਮੇਰਾ ਸਰੀਰ ਹੈ। ਮੈਂ ਆਪਣਾ ਸਰੀਰ ਦਿੰਦਾ ਹਾਂ ਤਾਂ ਜੋ ਇਸ ਦੁਨੀਆਂ ਦੇ ਲੋਕਾਂ ਨੂੰ ਜੀਵਨ ਮਿਲ ਸੱਕੇ।”
2010 by World Bible Translation Center