Revised Common Lectionary (Complementary)
6 ਹੇ ਪਰਮੇਸ਼ੁਰ, ਤੁਹਾਡਾ ਤਖਤ ਸਦੀਵੀ ਹੈ।
ਇਮਾਨਦਾਰੀ ਤੁਹਾਡੇ ਰਾਜ ਦਾ ਸ਼ਾਹੀ ਨਿਸ਼ਾਨ ਹੈ।
7 ਤੁਸੀਂ ਨੇਕੀ ਨੂੰ ਪਿਆਰ ਕਰਦੇ ਹੋਂ ਅਤੇ ਬਦੀ ਨੂੰ ਨਫ਼ਰਤ ਕਰਦੇ ਹੋਂ।
ਇਸ ਲਈ ਪਰਮੇਸ਼ੁਰ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਆਪਣੇ ਦੋਸਤਾਂ ਦਾ ਰਾਜਾ ਬਣਨ ਲਈ ਚੁਣਿਆ ਸੀ।
8 ਤੁਹਾਡੇ ਸਾਰੇ ਵਸਤਰ ਮੁਰ, ਅਗਰ ਅਤੇ ਤੱਜ ਨਾਲ ਸੁਗੰਧਿਤ ਹਨ।
ਇੱਥੋਂ ਹਾਥੀ ਦੰਦਾਂ ਨਾਲ ਸਜਾਏ ਹੋਏ ਮਹਿਲਾਂ ਵਿੱਚੋਂ ਤੁਹਾਡੇ ਮਨੋਰੰਜਨ ਲਈ ਸੰਗੀਤ ਦੀ ਧੁਨ ਉੱਠਦੀ ਹੈ।
9 ਵਹੁਟੀ ਦੀਆਂ ਸਹੇਲੀਆਂ ਰਾਜਿਆਂ ਦੀਆਂ ਧੀਆਂ ਹਨ।
ਸੁੱਚੇ ਸੋਨੇ ਦਾ ਤਾਜ ਪਹਿਨੇ ਹੋਏ ਤੁਹਾਡਾ ਲਾੜਾ, ਤੁਹਾਡੇ ਸੱਜੇ ਪਾਸੇ ਖੜ੍ਹਾ ਹੈ।
10 ਧੀਏ, ਮੈਨੂੰ ਸੁਣ, ਧਿਆਨ ਨਾਲ ਸੁਣੀ, ਅਤੇ ਤੂੰ ਸਮਝੀਂ।
ਆਪਣੇ ਲੋਕਾਂ ਨੂੰ ਅਤੇ ਆਪਣੇ ਬਾਬਲ ਦੇ ਪਰਿਵਾਰਾਂ ਨੂੰ ਭੁੱਲ ਜਾ।
11 ਰਾਜਾ ਤੇਰੀ ਸੁੰਦਰਤਾ ਦੀ ਇੱਛਾ ਕਰਦਾ ਹੈ।
ਉਹ ਤੇਰਾ ਨਵਾਂ ਪਤੀ ਹੋਵੇਗਾ
ਇਸ ਲਈ ਤੈਨੂੰ ਉਸਦਾ ਆਦਰ ਕਰਨਾ ਚਾਹੀਦਾ ਹੈ।
12 ਸੂਰ ਦੇ ਅਮੀਰ ਲੋਕ ਸੁਗਾਤਾਂ ਨਾਲ ਤੈਨੂੰ ਮਿਲਣ ਲਈ ਆਉਣਗੇ।
13 ਸ਼ਹਿਜ਼ਾਦੀ ਆਪਣੇ ਲਿਬਾਸ ਵਿੱਚ, ਜਿਹੜਾ ਖਾਲਸ ਸੋਨੇ ਦਾ ਬਣਿਆ ਹੈ।
ਸੋਨੇ ਵਿੱਚ ਮੜ੍ਹੇ ਹੀਰੇ ਵਾਂਗ ਲੱਗਦੀ ਹੈ।
14 ਲਾੜੀ ਨੂੰ ਉਸਦੀ ਸੁੰਦਰ ਪੁਸ਼ਾਕ ਵਿੱਚ ਰਾਜੇ ਕੋਲ ਲਿਆਂਦਾ ਗਿਆ,
ਅਤੇ ਲਾੜੀ ਦੀਆਂ ਸਹੇਲੀਆਂ ਉਸ ਦੇ ਪਿੱਛੇ-ਪਿੱਛੇ ਆਈਆਂ।
15 ਉਹ ਖੁਸ਼ੀ ਨਾਲ ਭਰੀਆਂ ਹੋਈਆਂ ਆਉਂਦੀਆਂ ਹਨ।
ਉਹ ਖੁਸ਼ੀ ਨਾਲ ਭਰੀਆਂ ਰਾਜੇ ਦੇ ਮਹਿਲ ਵਿੱਚ ਦਾਖਲ ਹੁੰਦੀਆਂ ਹਨ।
16 ਰਾਜਾ ਤੁਹਾਡੇ ਪੁੱਤਰ ਤੁਹਾਡੇ ਪਿੱਛੋਂ ਰਾਜ ਕਰਨਗੇ।
ਤੁਸੀਂ ਉਨ੍ਹਾਂ ਨੂੰ ਸਾਰੀ ਧਰਤੀ ਦਾ ਹਾਕਮ ਬਣਾ ਦੇਵੋਂਗੇ।
17 ਮੈਂ ਸਦਾ ਲਈ ਤੁਹਾਡਾ ਨਾਮ ਰੌਸ਼ਨ ਕਰਾਂਗਾ।
ਲੋਕ ਸਦਾ-ਸਦਾ ਲਈ ਤੁਹਾਡੀ ਉਸਤਤਿ ਕਰਨਗੇ।
ਨਵਾਂ ਯਰੂਸ਼ਲਮ: ਨੇਕੀ ਨਾਲ ਭਰਪੂਰ ਨਗਰੀ
62 “ਮੈਂ ਸੀਯੋਨ ਨੂੰ ਪਿਆਰ ਕਰਦਾ ਹਾਂ,
ਇਸ ਲਈ ਮੈਂ ਸਦਾ ਉਸ ਦੇ ਪੱਖ ਵਿੱਚ ਬੋਲਦਾ ਰਹਾਂਗਾ।
ਮੈਂ ਸੀਯੋਨ ਨੂੰ ਪਿਆਰ ਕਰਦਾ ਹਾਂ,
ਇਸ ਲਈ ਮੈਂ ਬੋਲਣੋ ਨਹੀਂ ਹਟਾਂਗਾ।
ਮੈਂ ਉਦੋਂ ਤੀਕ ਬੋਲਦਾ ਰਹਾਂਗਾ ਜਦੋਂ ਤੱਕ ਕਿ ਨੇਕੀ ਤੇਜ਼ ਰੌਸ਼ਨੀ ਵਾਂਗ ਨਾ ਚਮਕ ਪਵੇ।
ਮੈਂ ਉਦੋਂ ਤੀਕ ਬੋਲਦਾ ਰਹਾਂਗਾ ਜਦੋਂ ਤੀਕ ਕਿ ਮੁਕਤੀ ਲਾਟ ਵਾਂਗ ਬਲ ਨਹੀਂ ਪੈਂਦੀ।
2 ਫ਼ੇਰ ਸਾਰੀਆਂ ਕੌਮਾਂ ਤੇਰੀ ਨੇਕੀ ਨੂੰ ਦੇਖ ਲੈਣਗੀਆਂ।
ਸਾਰੇ ਰਾਜੇ ਤੇਰੇ ਮਾਣ ਨੂੰ ਦੇਖਣਗੇ ਤੇਰਾ ਨਾਮ ਫ਼ੇਰ ਨਵਾਂ ਹੋਵੇਗਾ।
ਯਹੋਵਾਹ ਖੁਦ ਉਹ ਨਵਾਂ ਨਾਮ ਤੈਨੂੰ ਦੇਵੇਗਾ।
3 ਯਹੋਵਾਹ ਤੇਰੇ ਉੱਤੇ ਬਹੁਤ ਮਾਣ ਕਰੇਗਾ।
ਤੂੰ ਯਹੋਵਾਹ ਦੇ ਹੱਥਾਂ ਵਿੱਚ ਫ਼ੜਿਆ ਇੱਕ ਖੂਬਸੂਰਤ ਤਾਜ ਹੋਵੇਗਾ।
4 ਤੈਨੂੰ ਫ਼ੇਰ ਕਦੇ ਵੀ ‘ਉਹ ਲੋਕ ਜਿਨ੍ਹਾਂ ਨੂੰ ਯਹੋਵਾਹ ਨੇ ਛੱਡ ਦਿੱਤਾ ਸੀ’ ਨਹੀਂ ਸੱਦਿਆ ਜਾਵੇਗਾ।
ਫ਼ੇਰ ਕਦੇ ਵੀ ਤੇਰੀ ਧਰਤੀ ‘ਉਹ ਧਰਤੀ ਜਿਸ ਨੂੰ ਯਹੋਵਾਹ ਨੇ ਤਬਾਹ ਕੀਤਾ ਸੀ’ ਨਹੀਂ ਸਦ੍ਦੀ ਜਾਵੇਗੀ।
ਤੈਨੂੰ ‘ਉਹ ਲੋਕ ਜਿਨ੍ਹਾਂ ਨੂੰ ਪਰਮੇਸ਼ੁਰ ਪਿਆਰ ਕਰਦਾ ਹੈ’ ਸੱਦਿਆ ਜਾਵੇਗਾ।
ਤੇਰੀ ਧਰਤੀ ਨੂੰ ‘ਪਰਮੇਸ਼ੁਰ ਦੀ ਵਹੁਟੀ’ ਸੱਦਿਆ ਜਾਵੇਗਾ।
ਕਿਉਂ ਕਿ ਯਹੋਵਾਹ ਤੈਨੂੰ ਪਿਆਰ ਕਰਦਾ ਹੈ।
ਅਤੇ ਤੇਰੀ ਧਰਤੀ ਉਸ ਦੀ ਹੋਵੇਗੀ।
5 ਜਦੋਂ ਕੋਈ ਗੱਭਰੂ ਕਿਸੇ ਮੁਟਿਆਰ ਨੂੰ ਪਿਆਰ ਕਰਦਾ ਹੈ ਉਹ ਉਸ ਨਾਲ ਸ਼ਾਦੀ ਕਰਦਾ ਹੈ ਤੇ ਉਹ ਉਸ ਦੀ ਪਤਨੀ ਬਣ ਜਾਂਦੀ ਹੈ।
ਇਸੇ ਤਰ੍ਹਾਂ ਹੀ, ਤੁਹਾਡਾ ਮੁਕਤੀਦਾਤਾ ਤੁਹਾਡਾ ਪਤੀ ਹੋਵੇਗਾ।
ਬੰਦਾ ਆਪਣੀ ਨਵੀਂ-ਨਵੇਲੀ ਵਹੁਟੀ ਨਾਲ ਬਹੁਤ ਪ੍ਰਸੰਨ ਹੁੰਦਾ ਹੈ।
ਇਸੇ ਤਰ੍ਹਾਂ ਹੀ, ਸਾਡਾ ਪਰਮੇਸ਼ੁਰ ਤੇਰੇ ਨਾਲ ਬਹੁਤ ਪ੍ਰਸੰਨ ਹੋਵੇਗਾ।”
ਯਿਸੂ ਅਤੇ ਯੂਹੰਨਾ ਬਪਤਿਸਮਾ ਦੇਣ ਵਾਲਾ
22 ਇਸ ਪਿੱਛੋਂ ਯਿਸੂ ਅਤੇ ਉਸ ਦੇ ਚੇਲੇ ਯਹੂਦਿਯਾ ਦੇ ਇਲਾਕੇ ਵਿੱਚ ਗਏ। ਉੱਥੇ ਯਿਸੂ ਆਪਣੇ ਚੇਲਿਆਂ ਨਾਲ ਰਿਹਾ ਅਤੇ ਲੋਕਾਂ ਨੂੰ ਬਪਤਿਸਮਾ ਦਿੱਤਾ। 23 ਯੂਹੰਨਾ ਵੀ ਏਨੋਨ ਵਿੱਚ ਲੋਕਾਂ ਨੂੰ ਬਪਤਿਸਮਾ ਦੇ ਰਿਹਾ ਸੀ। ਏਨੋਨ ਸਾਲਿਮ ਦੇ ਨੇੜੇ ਹੈ। ਯੂਹੰਨਾ ਉੱਥੇ ਇਸ ਲਈ ਬਪਤਿਸਮਾ ਦੇ ਰਿਹਾ ਸੀ ਕਿਉਂਕਿ ਉੱਥੇ ਅਥਾਹ ਪਾਣੀ ਸੀ। ਲੋਕ ਉੱਥੇ ਬਪਤਿਸਮਾ ਲੈਣ ਲਈ ਜਾ ਰਹੇ ਸਨ। 24 ਇਹ ਗੱਲ ਯੂਹੰਨਾ ਨੂੰ ਕੈਦ ਭੇਜਣ ਤੋਂ ਪਹਿਲਾਂ ਵਾਪਰੀ।
25 ਯੂਹੰਨਾ ਦੇ ਚੇਲਿਆਂ ਨੇ ਇੱਕ ਹੋਰ ਯਹੂਦੀ ਨਾਲ ਧਾਰਮਿਕ ਸ਼ੁੱਧਤਾ ਬਾਰੇ ਬਹਿਸ ਕੀਤੀ। 26 ਇਸ ਲਈ ਚੇਲੇ ਯੂਹੰਨਾ ਕੋਲ ਆਏ ਅਤੇ ਆਖਿਆ, “ਗੁਰੂ ਜੀ, ਕੀ ਤੁਹਾਨੂੰ ਉਹ ਆਦਮੀ ਯਾਦ ਹੈ ਜਿਹੜਾ ਯਰਦਨ ਦਰਿਆ ਦੇ ਪਾਰ ਤੁਹਾਡੇ ਨਾਲ ਸੀ? ਤੁਸੀਂ ਲੋਕਾਂ ਨਾਲ ਉਸ ਬਾਰੇ ਹੀ ਗੱਲਾਂ ਕਰ ਰਹੇ ਸੀ। ਉਹੀ ਆਦਮੀ ਲੋਕਾਂ ਨੂੰ ਬਪਤਿਸਮਾ ਦੇ ਰਿਹਾ ਸੀ ਅਤੇ ਬਹੁਤ ਸਾਰੇ ਲੋਕ ਉਸ ਕੋਲ ਜਾ ਰਹੇ ਸਨ।”
27 ਯੂਹੰਨਾ ਨੇ ਉੱਤਰ ਦਿੱਤਾ, “ਬੰਦਾ ਉਹੀ ਪ੍ਰਾਪਤ ਕਰ ਸੱਕਦਾ ਹੈ ਜੋ ਉਸ ਨੂੰ ਪਰਮੇਸ਼ੁਰ ਦਿੰਦਾ। 28 ਤੁਸੀਂ ਮੈਨੂੰ ਇਹ ਕਹਿੰਦਿਆਂ ਸੁਣਿਆ ਕਿ ‘ਮੈਂ ਮਸੀਹ ਨਹੀਂ ਹਾਂ ਪਰ ਮੈਂ ਪਰਮੇਸ਼ੁਰ ਦੁਆਰਾ ਉਸ ਵਾਸਤੇ ਰਾਹ ਬਨਾਉਣ ਲਈ ਭੇਜਿਆ ਗਿਆ ਸੀ।’ 29 ਲਾੜੀ ਕੇਵਲ ਲਾੜੇ ਵਾਸਤੇ ਹੀ ਹੈ। ਲਾੜੇ ਦਾ ਜੋ ਮਿੱਤਰ ਲਾੜੇ ਦਾ ਇੰਤਜ਼ਾਰ ਕਰਦਾ ਹੈ ਅਤੇ ਲਾੜੇ ਦੀਆਂ ਗੱਲਾਂ ਸੁਣਦਾ ਹੈ ਉਹ ਉਦੋਂ ਬਹੁਤ ਖੁਸ਼ ਹੁੰਦਾ ਹੈ ਜਦੋਂ ਉਹ ਲਾੜੇ ਦੀ ਅਵਾਜ਼ ਸੁਣਦਾ ਹੈ। ਇਹ ਖੁਸ਼ੀ ਮੈਨੂੰ ਮਿਲੀ ਹੈ। ਮੈਂ ਹੁਣ ਬਹੁਤ ਹੀ ਪ੍ਰਸੰਨ ਹਾਂ। 30 ਉਸ ਨੂੰ ਵੱਧਣਾ ਚਾਹੀਦਾ ਹੈ ਅਤੇ ਮੈਨੂੰ ਘਟਣਾ ਚਾਹੀਦਾ ਹੈ।
ਉਹ ਸਵਰਗ ਤੋਂ ਆਉਂਦਾ ਹੈ
31 “ਉਹ ਇੱਕ ਜੋ ਉੱਪਰੋਂ ਆ ਰਿਹਾ ਹੈ ਬਾਕੀ ਸਾਰਿਆਂ ਤੋਂ ਮਹਾਨ ਹੈ। ਉਹ ਜੋ ਇਸ ਧਰਤੀ ਦਾ ਹੈ ਉਹ ਧਰਤੀ ਦਾ ਹੀ ਹੈ। ਉਹ ਵਿਅਕਤੀ ਸਿਰਫ਼ ਉਹੀ ਗੱਲਾਂ ਕਰਦਾ ਹੈ ਜੋ ਧਰਤੀ ਨਾਲ ਸੰਬੰਧਿਤ ਹਨ। ਉਹ ਜਿਹੜਾ ਸਵਰਗ ਤੋਂ ਆਵੇਗਾ ਬਾਕੀ ਸਾਰਿਆਂ ਤੋਂ ਮਹਾਨ ਹੈ। 32 ਉਹ ਉਨ੍ਹਾਂ ਗੱਲਾਂ ਬਾਰੇ ਦੱਸਦਾ ਹੈ ਜੋ ਉਸ ਨੇ ਦੇਖੀਆਂ ਤੇ ਸੁਣੀਆਂ ਹਨ, ਪਰ ਲੋਕ ਉਸ ਦੇ ਸ਼ਬਦਾਂ ਤੇ ਵਿਸ਼ਵਾਸ ਨਹੀਂ ਕਰਦੇ। 33 ਜੋ ਵਿਅਕਤੀ ਉਸ ਦੇ ਸ਼ਬਦਾਂ ਤੇ ਵਿਸ਼ਵਾਸ ਕਰਦਾ, ਸਬੂਤ ਦਿੰਦਾ ਹੈ ਕਿ ਪਰਮੇਸ਼ੁਰ ਸੱਚ ਕਹਿੰਦਾ ਹੈ। 34 ਕਿਉਂਕਿ ਜਿਹੜਾ ਪਰਮੇਸ਼ੁਰ ਦੁਆਰਾ ਘੱਲਿਆ ਗਿਆ ਹੈ ਉਹ ਪਰਮੇਸ਼ੁਰ ਦੇ ਸ਼ਬਦ ਬੋਲਦਾ ਹੈ ਅਤੇ ਪਰਮੇਸ਼ੁਰ ਉਸ ਨੂੰ ਅਸੀਮਿਤ ਆਤਮਾ ਦਿੰਦਾ ਹੈ। 35 ਪਿਤਾ ਪੁੱਤਰ ਨੂੰ ਪਿਆਰ ਕਰਦਾ ਹੈ। ਪਿਤਾ ਨੇ ਪੁੱਤਰ ਨੂੰ ਸਭ ਕਾਸੇ ਉੱਤੇ ਅਧਿਕਾਰ ਦਿੱਤਾ ਹੋਇਆ ਹੈ। 36 ਉਹ ਵਿਅਕਤੀ ਜਿਹੜਾ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ ਉਸ ਕੋਲ ਸਦੀਪਕ ਜੀਵਨ ਹੈ। ਪਰ ਉਹ ਜੋ ਪੁੱਤਰ ਨੂੰ ਨਹੀਂ ਮੰਨਦਾ ਉਸ ਕੋਲ ਜੀਵਨ ਨਹੀਂ ਹੋਵੇਗਾ। ਪਰਮੇਸ਼ੁਰ ਦਾ ਕ੍ਰੋਧ ਉਸ ਵਿਅਕਤੀ ਉੱਤੇ ਹੋਵੇਗਾ।”
2010 by World Bible Translation Center