Revised Common Lectionary (Complementary)
ਨਿਰਦੇਸ਼ਕ ਲਈ। ਬੰਸਰੀਆਂ ਦੇ ਨਾਲ ਗਾਉਣ ਵਾਲਾ। ਦਾਊਦ ਦਾ ਇੱਕ ਗੀਤ।
5 ਹੇ ਯਹੋਵਾਹ, ਮੇਰੇ ਸ਼ਬਦਾਂ ਨੂੰ ਸੁਣੋ।
ਸਮਝੋ, ਮੈਂ ਕੀ ਆਖਣਾ ਚਾਹ ਰਿਹਾ ਹਾਂ।
2 ਮੇਰੇ ਪਰਮੇਸ਼ੁਰ ਅਤੇ ਮੇਰੇ ਰਾਜੇ,
ਮੇਰੀ ਪ੍ਰਾਰਥਨਾ ਨੂੰ ਸੁਣ।
3 ਹੇ ਯਹੋਵਾਹ, ਹਰ ਰੋਜ਼ ਅਮ੍ਰਿਤ ਵੇਲੇ ਮੈਂ ਤੈਨੂੰ ਇੱਕ ਸੁਗਾਤ ਅਰਪਣ ਕਰਦਾ ਹਾਂ
ਅਤੇ ਤੇਰੇ ਵੱਲ ਸਹਾਇਤਾ ਲਈ ਤੱਕਦਾ ਹਾਂ।
ਅਤੇ ਹਰ ਰੋਜ਼ ਅਮ੍ਰਿਤ ਵੇਲੇ ਤੂੰ ਮੇਰੀਆਂ ਪ੍ਰਾਰਥਨਾ ਨੂੰ ਸੁਣਦਾ ਹੈਂ।
4 ਹੇ ਪਰਮੇਸ਼ੁਰ, ਤੁਸੀਂ ਮੰਦੇ ਲੋਕਾਂ ਨੂੰ ਆਪਣੇ ਨੇੜੇ ਪਸੰਦ ਨਹੀਂ ਕਰਦੇ।
ਮੰਦੇ ਲੋਕ ਤੇਰੀ ਉਪਾਸਨਾ ਨਹੀਂ ਕਰ ਸੱਕਦੇ।
5 ਮੂਰਖ ਤੇਰੇ ਨਜ਼ਦੀਕ ਨਹੀਂ ਆ ਸੱਕਦੇ।
ਤੁਸੀਂ ਉਨ੍ਹਾਂ ਨੂੰ ਨਫ਼ਰਤ ਕਰਦੇ ਹੋਂ ਜਿਹੜੇ ਬਦੀ ਕਰਦੇ ਹਨ।
6 ਤੁਸੀਂ ਉਨ੍ਹਾਂ ਲੋਕਾਂ ਨੂੰ ਮਾਰ ਦਿੰਦੇ ਹੋ ਜਿਹੜੇ ਝੂਠ ਬੋਲਦੇ ਹਨ।
ਤੁਸੀਂ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦੇ ਹੋ ਜਿਹੜੇ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਗੁਪਤ ਯੋਜਨਾਵਾਂ ਬਨਾਉਂਦੇ ਹਨ।
7 ਪਰ ਯਹੋਵਾਹ, ਤੇਰੀ ਵੱਡੀ ਮਿਹਰ ਕਾਰਣ, ਮੈਂ ਤੇਰੇ ਅੰਦਰ ਆਵਾਂਗਾ।
ਮੈਂ ਤੇਰੇ ਪਵਿੱਤਰ ਮੰਦਰ ਨੂੰ ਡਰ ਅਤੇ ਸ਼ਰਧਾ ਨਾਲ ਆਪਣਾ ਸੀਸ ਝੁਕਾਵਾਂਗਾ। ਯਹੋਵਾਹ।
8 ਹੇ ਯਹੋਵਾਹ, ਲੋਕੀ ਸਿਰਫ਼ ਮੇਰੀਆਂ ਕਮਜ਼ੋਰੀਆਂ ਨੂੰ ਹੀ ਲੱਭਦੇ ਹਨ।
ਇਸ ਲਈ ਮੈਨੂੰ ਆਪਣੇ ਜੀਵਨ ਦੀ ਸਹੀ ਜਾਂਚ ਸਿੱਖਾ
ਤਾਂ ਕਿ ਉਸਦਾ ਅਨੁਸਰਣ ਕਰਨਾ ਮੇਰੇ ਲਈ ਸੁਖਾਲਾ ਹੋਵੇ।
9 ਉਹ ਲੋਕ ਸੱਚ ਨਹੀਂ ਆਖਦੇ।
ਉਹ ਲੋਕ ਝੂਠੇ ਹਨ ਜਿਹੜੇ ਸੱਚ ਨੂੰ ਮਰੋੜਦੇ ਹਨ।
ਉਨ੍ਹਾਂ ਦੇ ਮੂੰਹ ਖਾਲੀ ਕਬਰਾਂ ਵਰਗੇ ਹਨ।
ਭਾਵੇਂ ਉਹ ਹੋਰਨਾਂ ਨੂੰ ਮਿੱਠੇ ਸ਼ਬਦ ਬੋਲਦੇ ਹਨ,
ਉਹ ਸਿਰਫ਼ ਉਨ੍ਹਾਂ ਨੂੰ ਫ਼ਸਾਉਣ ਅਤੇ ਨੁਕਸਾਨ ਪਹੁੰਚਾਉਣ ਦੀਆਂ ਹੀ ਵਿਉਂਤਾ ਬਣਾਉਂਦੇ ਹਨ।
10 ਉਨ੍ਹਾਂ ਨੂੰ ਸਜ਼ਾ ਦਿਉ, ਪਰਮੇਸ਼ੁਰ!
ਉਨ੍ਹਾਂ ਨੂੰ ਖੁਦ ਆਪਣੇ ਹੀ ਜਾਲ ਵਿੱਚ ਫ਼ਸ ਜਾਣ ਦਿਉ।
ਉਹ ਲੋਕ ਤੁਹਾਡੇ ਵਿਰੁੱਧ ਖੜ੍ਹੇ ਹੋ ਗਏ ਹਨ।
ਉਨ੍ਹਾਂ ਨੂੰ ਉਨ੍ਹਾਂ ਦੇ ਅਨੇਕਾਂ ਪਾਪਾਂ ਲਈ ਸਜ਼ਾ ਦਿਉ।
11 ਪਰ ਜਿਹੜੇ ਲੋਕ ਪਰਮੇਸ਼ੁਰ ਵਿੱਚ ਯਕੀਨ ਰੱਖਦੇ ਹਨ, ਉਨ੍ਹਾਂ ਨੂੰ ਪ੍ਰਸੰਨ ਹੋਣ ਦਿਉ।
ਉਨ੍ਹਾਂ ਨੂੰ ਸਦਾ ਲਈ ਖੁਸ਼ ਹੋਣ ਦਿਉ।
ਹੇ ਪਰਮੇਸ਼ੁਰ, ਸਾਨੂੰ ਬਚਾਉ ਅਤੇ ਉਨ੍ਹਾਂ ਨੂੰ ਬਲ ਦਿਉ ਜਿਹੜੇ ਤੇਰੇ ਨਾਮ ਨੂੰ ਪਿਆਰ ਕਰਦੇ ਹਨ!
12 ਹੇ ਯਹੋਵਾਹ, ਜਦੋਂ ਤੁਸੀਂ ਚੰਗੇ ਲੋਕਾਂ ਦਾ ਭਲਾ ਕਰਦੇ ਹੋਂ।
ਤੁਸੀਂ ਇੱਕ ਢਾਲ ਦੀ ਤਰ੍ਹਾਂ ਉਨ੍ਹਾਂ ਦੀ ਰੱਖਿਆ ਕਰਦੇ ਹੋ।
ਪਰਮੇਸ਼ੁਰ ਦੀ ਮਿਹਰ ਨੇ ਯੂਨਾਹ ਨੂੰ ਕ੍ਰੋਧਿਤ ਕੀਤਾ
4 ਯੂਨਾਹ ਪਰਮੇਸ਼ੁਰ ਦੇ ਸ਼ਹਿਰ ਨੂੰ ਬਚਾਉਣ ਕਾਰਣ ਖੁਸ਼ ਨਹੀਂ ਸੀ, ਇਸਦੀ ਬਜਾਇ ਉਸ ਨੂੰ ਗੁੱਸਾ ਆ ਗਿਆ। 2 ਯੂਨਾਹ ਨੇ ਯਹੋਵਾਹ ਨੂੰ ਸ਼ਿਕਾਇਤ ਕੀਤੀ ਅਤੇ ਆਖਿਆ, “ਮੈਂ ਜਾਣਦਾ ਸੀ ਕਿ ਅਜਿਹਾ ਹੀ ਵਾਪਰੇਗਾ। ਜਦੋਂ ਮੈਂ ਆਪਣੇ ਦੇਸ ਵਿੱਚ ਸੀ ਤੂੰ ਮੈਨੂੰ ਇੱਥੇ ਆਉਣ ਲਈ ਕਿਹਾ। ਉਸ ਵਕਤ, ਮੈਂ ਜਾਣਦਾ ਸੀ ਕਿ ਤੂੰ ਇਸ ਪਾਪੀ ਸ਼ਹਿਰ ਦੇ ਲੋਕਾਂ ਨੂੰ ਮੁਆਫ ਕਰ ਦੇਵੇਂਗਾ ਇਸ ਲਈ ਮੈਂ ਤਰਸ਼ੀਸ਼ ਨੂੰ ਭੱਜਣਾ ਚਾਹੁੰਦਾ ਸਾਂ। ਮੈਂ ਜਾਣਦਾ ਸੀ ਕਿ ਤੂੰ ਮਿਹਰਬਾਨ ਪਰਮੇਸ਼ੁਰ ਹੈਂ। ਅਤੇ ਤੂੰ ਆਪਣਾ ਰਹਿਮ ਦਰਸਾਅ ਕੇ ਉਨ੍ਹਾਂ ਲੋਕਾਂ ਨੂੰ ਮੁਆਫ਼ ਕਰ ਦੇਵੇਂਗਾ। ਮੈਨੂੰ ਪਤਾ ਸੀ ਕਿ ਤੂੰ ਮਿਹਰਬਾਨ ਅਤੇ ਕਿਰਪਾਲੂ ਹੈਂ ਤੇ ਜੇਕਰ ਇਹ ਲੋਕ ਪਾਪ ਕਰਨੇ ਬੰਦ ਕਰ ਦੇਣਗੇ, ਤੂੰ ਆਪਣੀਆਂ ਵਿਉਂਤਾਂ ਬਦਲ ਦੇਵੇਂਗਾ ਤੇ ਉਨ੍ਹਾਂ ਨੂੰ ਬਰਬਾਦ ਨਹੀਂ ਕਰੇਂਗਾ। 3 ਇਸ ਲਈ ਹੁਣ ਯਹੋਵਾਹ, ਮੈਂ ਤੈਨੂੰ ਮਾਰਨ ਲਈ ਆਖਦਾ ਹਾਂ। ਮੇਰੇ ਲਈ ਜਿਉਂਦੇ ਰਹਿਣ ਨਾਲੋਂ ਮਰਨਾ ਚੰਗਾ ਹੈ।”
4 ਫ਼ਿਰ ਯਹੋਵਾਹ ਨੇ ਆਖਿਆ, “ਕੀ ਤੂੰ ਇਹ ਗੱਲ ਠੀਕ ਸਮਝਦਾ ਹੈਂ ਕਿ ਤੂੰ ਮੇਰੇ ਨਾਲ ਗੁੱਸੇ ਹੈਂ ਉਹ ਵੀ ਇਸ ਲਈ ਕਿ ਮੈਂ ਉਨ੍ਹਾਂ ਲੋਕਾਂ ਨੂੰ ਤਬਾਹ ਨਹੀਂ ਕੀਤਾ?”
5 ਯੂਨਾਹ ਅਜੇ ਵੀ ਇਸ ਸਭ ਕਾਸੇ ਬਾਰੇ ਗੁੱਸੇ ਸੀ, ਇਸ ਲਈ ਉਹ ਸ਼ਹਿਰੋ ਬਾਹਰ ਚੱਲਾ ਗਿਆ। ਉਹ ਸ਼ਹਿਰ ਦੇ ਪੂਰਬੀ ਹਿੱਸੇ ਦੇ ਨੇੜੇ ਇੱਕ ਸਥਾਨ ਤੇ ਚੱਲਾ ਗਿਆ। ਉੱਥੇ ਉਸ ਨੇ ਆਪਣੇ ਲਈ ਇੱਕ ਸ਼ਰਣ ਸਥਾਨ ਬਣਾਇਆ ਅਤੇ ਉਸ ਛਾਂ ਹੇਠਾਂ ਇਹ ਵੇਖਣ ਦੇ ਇੰਤਜਾਰ ਵਿੱਚ ਬੈਠ ਗਿਆ ਕਿ ਸ਼ਹਿਰ ਨਾਲ ਕੀ ਵਾਪਰੇਗਾ।
ਕੱਦ ਦਾ ਪੌਦਾ ਅਤੇ ਕੀੜਾ
6 ਯਹੋਵਾਹ ਨੇ ਯੂਨਾਹ ਦੇ ਉੱਪਰ ਜਲਦੀ ਹੀ ਇੱਕ ਕੱਦ ਦਾ ਬੂਟਾ ਉਗਾਇਆ ਤਾਂ ਜੋ ਯੂਨਾਹ ਇਸਦੀ ਛਾਵੇਂ ਬੈਠ ਸੱਕੇ ਅਤੇ ਭਿਆਨਕ ਗਰਮੀ ਤੋਂ ਬਚ ਸੱਕੇ। ਇਸ ਨਾਲ ਯੂਨਾਹ ਨੂੰ ਬੜਾ ਆਰਾਮ ਮਿਲਿਆ ਅਤੇ ਉਹ ਇਸ ਬੂਟੇ ਕਾਰਣ ਬੜਾ ਖੁਸ਼ ਸੀ।
7 ਅਗਲੀ ਸਵੇਰ ਪਰਮੇਸ਼ੁਰ ਨੇ ਇਸ ਬੂਟੇ ਨੂੰ ਖਾਣ ਲਈ ਇੱਕ ਕੀੜਾ ਭੇਜਿਆ ਤਾਂ ਕੀੜੇ ਨੇ ਉਸ ਬੂਟੇ ਨੂੰ ਖਾਣਾ ਸ਼ੁਰੂ ਕਰ ਦਿੱਤਾ ਅਤੇ ਉਹ ਬੂਟਾ ਸੁੱਕ ਸੜ ਗਿਆ।
8 ਜਦੋਂ ਸੂਰਜ ਅਕਾਸ਼ ਵਿੱਚ ਉੱਚਾ ਸੀ, ਪਰਮੇਸ਼ੁਰ ਨੇ ਪੂਰਬ ਵੱਲੋਂ ਇੱਕ ਤੱਤੀ ਹਵਾ ਵਗਾਈ ਅਤੇ ਸੂਰਜ ਯੂਨਾਹ ਨੂੰ ਕਮਜ਼ੋਰ ਕਰਦਿਆਂ ਹੋਇਆਂ ਉਸ ਦੇ ਸਿਰ ਉਤੇ ਤਪਣ ਲੱਗ ਪਿਆ। ਯੂਨਾਹ ਨੇ ਇਹ ਆਖਦਿਆਂ ਹੋਇਆਂ ਪਰਮੇਸ਼ੁਰ ਨੂੰ ਉਸ ਨੂੰ ਮਰ ਜਾਣ ਲਈ ਵੀ ਕਿਹਾ, “ਅਜਿਹੇ ਜੀਵਨ ਜਿਉਣ ਤੋਂ ਤਾਂ ਚੰਗਾ ਹੈ ਕਿ ਮੈਂ ਮਰ ਜਾਵਾਂ।”
9 ਪਰ ਪਰਮੇਸ਼ੁਰ ਨੇ ਯੂਨਾਹ ਨੂੰ ਆਖਿਆ, “ਕੀ ਉਸ ਬੂਟੇ ਦੇ ਮਰ ਜਾਣ ਕਾਰਣ ਗੁੱਸੇ ਹੋਣਾ ਠੀਕ ਹੈ?”
ਯੂਨਾਹ ਨੇ ਜਵਾਬ ਦਿੱਤਾ, “ਹਾਂ, ਮੇਰੇ ਲਈ ਗੁੱਸਾ ਕਰਨਾ ਠੀਕ ਹੈ! ਮਰਨ ਲਈ ਮੇਰਾ ਗੁੱਸਾ ਕਾਫ਼ੀ ਹੈ!”
10 ਤਾਂ ਯਹੋਵਾਹ ਨੇ ਆਖਿਆ, “ਤੂੰ ਉਸ ਬੂਟੇ ਲਈ ਕੋਈ ਮਿਹਨਤ ਨਹੀਂ ਕੀਤੀ ਨਾ ਹੀ ਤੂੰ ਉਸ ਨੂੰ ਉਗਾਇਆ। ਰਾਤੋਂ-ਰਾਤ ਉਹ ਉਗਿਆ ਅਤੇ ਅਗਲੇ ਦਿਨ ਉਹ ਖਤਮ ਹੋ ਗਿਆ ਅਤੇ ਤੂੰ ਹੁਣ ਉਸ ਬੂਟੇ ਕਾਰਣ ਦੁੱਖੀ ਹੈਂ। 11 ਜੇਕਰ ਤੂੰ ਇੱਕ ਬੂਟੇ ਕਾਰਣ ਪਰੇਸ਼ਾਨ ਹੋ ਸੱਕਦਾ ਹੈਂ, ਤਾਂ ਮੈਂ ਨੀਨਵਾਹ ਜਿਹੇ ਸ਼ਹਿਰ ਤੇ ਤਰਸ ਖਾ ਕੇ ਅਜਿਹੇ ਵੱਡੇ ਸ਼ਹਿਰ ਨੂੰ ਬਖਸ ਕਿਵੇਂ ਨਹੀਂ ਕਰ ਸੱਕਦਾ? ਇਸ ਸ਼ਹਿਰ ਵਿੱਚ ਅਨੇਕਾਂ ਲੋਕ ਅਤੇ ਜਾਨਵਰ ਹਨ। ਇਸ ਸ਼ਹਿਰ ਵਿੱਚ 1,20,000 ਤੋਂ ਵੱਧ ਲੋਕ ਹਨ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹ ਗ਼ਲਤ ਕਰ ਰਹੇ ਸਨ।”
ਫ਼ਿਲਿਪੁੱਸ ਦਾ ਹਬਸ਼ ਦੇ ਇੱਕ ਮਨੁੱਖ ਨੂੰ ਉਪਦੇਸ਼
26 ਪ੍ਰਭੂ ਦੇ ਇੱਕ ਦੂਤ ਨੇ ਫ਼ਿਲਿਪੁੱਸ ਨਾਲ ਗੱਲ ਕੀਤੀ, ਅਤੇ ਦੂਤ ਨੇ ਆਖਿਆ, “ਉੱਠ ਅਤੇ ਦੱਖਣ ਵਾਲੇ ਰਸਤੇ ਉੱਪਰ ਜਾ ਜੋ ਯਰੂਸ਼ਲਮ ਤੋਂ ਗਾਜ਼ਾ ਨੂੰ ਜਾਂਦਾ ਹੈ।”
27 ਫ਼ਿਲਿਪੁੱਸ ਉੱਠਿਆ ਤੇ ਚੱਲਾ ਗਿਆ। ਰਸਤੇ ਵਿੱਚ ਉਸ ਨੇ ਹਬਸ਼ ਦੇਸ਼ ਦਾ ਇੱਕ ਮਨੁੱਖ ਵੇਖਿਆ। ਉਹ ਇੱਕ ਖੁਸਰਾ ਸੀ ਅਤੇ ਉਹ ਹਬਸ਼ ਦੇਸ਼ ਦੀ ਰਾਣੀ, ਕੰਦਾਕੇ ਦਾ ਇੱਕ ਅਧਿਕਾਰੀ ਸੀ। ਉਸ ਦੇ ਸਾਰੇ ਖਜ਼ਾਨੇ ਦੀ ਸੰਭਾਲ ਉਸ ਉੱਪਰ ਸੀ। ਉਹ ਯਰੂਸ਼ਲਮ ਵਿੱਚ ਉਪਾਸਨਾ ਕਰਨ ਲਈ ਗਿਆ ਸੀ। 28 ਹੁਣ ਉਹ ਆਪਣੇ ਦੇਸ਼ ਵਾਪਸ ਪਰਤ ਰਿਹਾ ਸੀ। ਉਹ ਆਪਣੇ ਰੱਥ ਤੇ ਅਸਵਾਰ ਯਸਾਯਾਹ ਨਬੀ ਦੀ ਪੋਥੀ ਪੜ੍ਹ ਰਿਹਾ ਸੀ।
29 ਤਾਂ ਆਤਮਾ ਨੇ ਫ਼ਿਲਿਪੁੱਸ ਨੂੰ ਕਿਹਾ, “ਉਸ ਰੱਥ ਕੋਲ ਜਾ ਅਤੇ ਉਸ ਦੇ ਨਜ਼ਦੀਕ ਰਹਿ।” 30 ਫ਼ੇਰ ਫ਼ਿਲਿਪੁੱਸ ਰੱਥ ਦੇ ਨਜ਼ਦੀਕ ਨੱਸਿਆ ਅਤੇ ਉੱਥੇ ਉਸ ਨੇ ਇੱਕ ਆਦਮੀ ਨੂੰ ਯਸਾਯਾਹ ਨਬੀ ਦੀ ਪੁਸਤਕ ਪੜ੍ਹਦਿਆਂ ਸੁਣਿਆ। ਫ਼ਿਲਿਪੁੱਸ ਨੇ ਉਸ ਨੂੰ ਕਿਹਾ, “ਕੀ ਜੋ ਤੂੰ ਪੜ੍ਹ ਰਿਹਾ, ਉਸ ਨੂੰ ਸਮਝ ਵੀ ਰਿਹਾ ਹੈਂ?”
31 ਉਸ ਆਦਮੀ ਨੇ ਕਿਹਾ, “ਮੈਂ ਕਿਵੇਂ ਸਮਝ ਸੱਕਦਾ ਹਾਂ? ਮੈਨੂੰ ਕਿਸੇ ਅਜਿਹੇ ਆਦਮੀ ਦੀ ਜ਼ਰੂਰਤ ਹੈ ਜੋ ਮੈਨੂੰ ਇਸਦੀ ਵਿਆਖਿਆ ਕਰਕੇ ਦੱਸੇ।” ਤਦ ਉਸ ਨੇ ਫ਼ਿਲਿਪੁੱਸ ਨੂੰ ਸੱਦਾ ਦਿੱਤਾ ਕਿ ਉਹ ਰੱਥ ਚ ਚੜ੍ਹ੍ਹ ਆਵੇ ਤੇ ਉਸ ਦੇ ਨਾਲ ਆਕੇ ਬੈਠੇ। 32 ਜੋ ਪੋਥੀ ਉਹ ਪੜ੍ਹ ਰਿਹਾ ਸੀ ਉਹ ਇਉਂ ਸੀ:
“ਇਹ ਉਸ ਨੂੰ ਕਿਸੇ ਭੇਡ ਦੇ ਕਸਾਈ ਕੋਲ ਲਿਆਉਣ ਵਾਂਗ ਸੀ।
ਉਹ ਇੱਕ ਲੇਲੇ ਵਾਂਗ ਚੁੱਪ ਸੀ ਜੋ ਉਸ ਵਿਅਕਤੀ ਅੱਗੇ ਚੁੱਪ ਹੁੰਦਾ ਹੈ ਜੋ ਉਸਦੀ ਉੱਨ ਕੱਟਦਾ ਹੈ।
ਉਸ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ।
33 ਉਹ ਸ਼ਰਮਸਾਰ ਸੀ, ਉਸ ਦੇ ਸਾਰੇ ਅਧਿਕਾਰ ਖੋਹ ਲਏ ਸਨ।
ਧਰਤੀ ਤੇ ਉਸਦੀ ਜ਼ਿੰਦਗੀ ਇੱਕ ਅੰਤ ਤੱਕ ਆ ਗਈ।
ਉਸ ਦੇ ਪਰਿਵਾਰ ਦੀ ਕਹਾਣੀ ਲਿਖਣ ਵਾਲਾ ਉੱਥੇ ਕੋਈ ਨਹੀਂ ਹੋਵੇਗਾ।” (A)
34 ਉਸ ਅਫ਼ਸਰ ਨੇ ਫ਼ਿਲਿਪੁੱਸ ਨੂੰ ਕਿਹਾ, “ਕਿਰਪਾ ਕਰਕੇ ਮੈਨੂੰ ਦੱਸੋ ਕਿ ਨਬੀ ਕਿਸਦੀ ਗੱਲ ਕਰ ਰਿਹਾ ਹੈ? ਆਪਣੀ ਜਾਂ ਕਿਸੇ ਹੋਰ ਦੀ?” 35 ਤਦ ਫ਼ਿਲਿਪੁੱਸ ਨੇ ਉਸੇ ਪੋਥੀ ਤੋਂ ਸ਼ੁਰੂ ਕੀਤਾ ਅਤੇ ਉਸ ਨੂੰ ਯਿਸੂ ਦੀ ਖੁਸ਼ਖਬਰੀ ਸੁਣਾਈ।
36 ਰਾਹ ਵਿੱਚ ਜਾਂਦੇ ਹੋਏ ਉਹ ਪਾਣੀ ਦੇ ਕੋਲ ਪਹੁੰਚੇ ਤਾਂ ਅਫ਼ਸਰ ਨੇ ਕਿਹਾ, “ਵੇਖ। ਇੱਥੇ ਪਾਣੀ ਹੈ। ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਹੈ?” 37 [a] 38 ਤਦ ਅਫ਼ਸਰ ਨੇ ਰੱਥ ਨੂੰ ਰੋਕਣ ਦਾ ਹੁਕਮ ਦਿੱਤਾ, ਤਦ ਦੋਨੋ ਅਫ਼ਸਰ ਅਤੇ ਫ਼ਿਲਿਪੁੱਸ ਪਾਣੀ ਕੋਲ ਗਏ ਅਤੇ ਫ਼ਿਲਿਪੁੱਸ ਨੇ ਉਸ ਨੂੰ ਬਪਤਿਸਮਾ ਦਿੱਤਾ। 39 ਜਦ ਉਹ ਪਾਣੀ ਵਿੱਚੋਂ ਬਾਹਰ ਆਏ ਤਾਂ ਪ੍ਰਭੂ ਦਾ ਆਤਮਾ ਫ਼ਿਲਿਪੁੱਸ ਨੂੰ ਪਕੜ ਕੇ ਲੈ ਗਿਆ ਤੇ ਫਿਰ ਉਹ ਖੁਸਰਾ ਅਫ਼ਸਰ ਮੁੜ ਫ਼ਿਲਿਪੁੱਸ ਨੂੰ ਨਾ ਵੇਖ ਸੱਕਿਆ ਤੇ ਉਹ ਫ਼ਿਰ ਆਪਣੇ ਰਾਹ ਚੱਲਿਆ ਗਿਆ। ਪਰ ਉਹ ਬਹੁਤ ਖੁਸ਼ ਸੀ। 40 ਪਰ ਫ਼ਿਲਿਪੁੱਸ ਅਜ਼ੋਤੁਸ ਨਾਮੀ ਸ਼ਹਿਰ ਤੋਂ ਪ੍ਰਗਟ ਹੋਇਆ। ਉਸ ਨੇ ਖੁਸ਼ਖਬਰੀ ਦਾ ਪ੍ਰਚਾਰ ਸਾਰੇ ਨਗਰਾਂ ਵਿੱਚ ਅਜ਼ੋਤੁਸ ਤੋਂ ਲੈ ਕੇ ਕੈਸਰੀਆ ਤੱਕ ਕੀਤਾ।
2010 by World Bible Translation Center