Old/New Testament
ਆਸਾਫ਼ ਦਾ ਇੱਕ ਉਸਤਤਿ ਗੀਤ।
79 ਹੇ ਪਰਮੇਸ਼ੁਰ, ਪਰਾਈਆਂ ਕੌਮਾਂ ਦੇ ਲੋਕ ਤੁਹਾਡੇ ਲੋਕਾਂ ਨਾਲ ਲੜਨ ਲਈ ਆਏ ਸਨ।
ਉਨ੍ਹਾਂ ਨੇ ਤੁਹਾਡੇ ਪਵਿੱਤਰ ਮੰਦਰ ਨੂੰ ਦੂਸ਼ਿਤ ਕਰ ਦਿੱਤਾ।
ਉਨ੍ਹਾਂ ਨੇ ਯਰੂਸ਼ਲਮ ਨੂੰ ਖੰਡਰ ਬਣਾ ਦਿੱਤਾ।
2 ਵੈਰੀਆਂ ਨੇ ਤੁਹਾਡੇ ਸੇਵਕਾਂ ਦੀਆਂ ਲਾਸ਼ਾਂ ਨੂੰ ਗਿਲਝਾਂ ਅੱਗੇ ਖਾਣ ਲਈ ਸੁੱਟ ਦਿੱਤਾ।
ਉਨ੍ਹਾਂ ਨੇ ਤੁਹਾਡੇ ਪੈਰੋਕਾਰਾਂ ਦੀਆਂ ਲਾਸ਼ਾਂ ਨੂੰ ਜਾਨਵਰਾਂ ਅੱਗੇ ਖਾਣ ਲਈ ਸੁੱਟ ਦਿੱਤਾ।
3 ਹੇ ਪਰਮੇਸ਼ੁਰ, ਵੈਰੀ ਨੇ ਤੇਰੇ ਲੋਕਾਂ ਨੂੰ ਉਦੋਂ ਤੱਕ ਮਾਰਿਆ ਅਤੇ ਸੁੱਟਿਆ ਜਦੋਂ ਤੱਕ ਲਹੂ ਦੀਆਂ ਨਦੀਆਂ ਨਾ ਵਗ ਤੁਰੀਆਂ।
ਕੋਈ ਵੀ ਬੰਦਾ ਲਾਸ਼ਾਂ ਦਫ਼ਨਾਉਣ ਲਈ ਨਹੀਂ ਬਚਿਆ।
4 ਸਾਡੇ ਗੁਆਂਢੀ ਦੇਸ਼ਾਂ ਨੇ ਸਾਨੂੰ ਬੇਇੱਜ਼ਤ ਕੀਤਾ।
ਆਲੇ-ਦੁਆਲੇ ਦੇ ਲੋਕ ਸਾਡੇ ਉੱਤੇ ਹੱਸੇ ਅਤੇ ਉਨ੍ਹਾਂ ਨੇ ਸਾਡਾ ਮਜ਼ਾਕ ਉਡਾਇਆ।
5 ਹੇ ਪਰਮੇਸ਼ੁਰ, ਕੀ ਤੁਸੀਂ ਸਦਾ ਲਈ ਸਾਡੇ ਉੱਤੇ ਕਹਿਰਵਾਨ ਹੋਵੋਂਗੇ?
ਕੀ ਤੁਹਾਡੀਆਂ ਕਠੋਰ ਭਾਵਨਾਵਾਂ ਸਾਨੂੰ ਅੱਗ ਵਾਂਗ ਸਾੜੀ ਜਾਣਗੀਆਂ।
6 ਹੇ ਪਰਮੇਸ਼ੁਰ, ਆਪਣੇ ਗੁੱਸੇ ਨੂੰ ਉਨ੍ਹਾਂ ਕੌਮਾਂ ਵੱਲ ਮੋੜ ਜਿਹੜੇ ਤੁਹਾਨੂੰ ਨਹੀਂ ਜਾਣਦੇ।
ਆਪਣਾ ਗੁੱਸਾ ਉਨ੍ਹਾਂ ਕੌਮਾਂ ਵੱਲ ਮੋੜ ਜਿਹੜੇ ਤੁਹਾਡੇ ਨਾਮ ਦੀ ਉਪਾਸਨਾ ਨਹੀਂ ਕਰਦੇ।
7 ਉਨ੍ਹਾਂ ਕੌਮਾਂ ਨੇ ਯਾਕੂਬ ਨੂੰ ਤਬਾਹ ਕੀਤਾ।
ਉਨ੍ਹਾਂ ਨੇ ਯਾਕੂਬ ਦੇ ਦੇਸ਼ ਨੂੰ ਤਬਾਹ ਕਰ ਦਿੱਤਾ।
8 ਹੇ ਪਰਮੇਸ਼ੁਰ, ਸਾਨੂੰ ਸਾਡੇ ਪੁਰਖਿਆਂ ਦੇ ਗੁਨਾਹਾਂ ਲਈ ਦੰਡ ਨਾ ਦਿਉ।
ਛੇਤੀ ਕਰੋ, ਸਾਡੇ ਉੱਤੇ ਦਯਾ ਕਰੋ।
ਸਾਨੂੰ ਤੇਰੀ ਕਿੰਨੀ ਜ਼ਰੂਰਤ ਹੈ।
9 ਸਾਡੇ ਪਰਮੇਸ਼ੁਰ ਅਤੇ ਮੁਕਤੀਦਾਤਾ, ਸਾਡੀ ਸਹਾਇਤਾ ਕਰੋ।
ਸਾਡੀ ਸਹਾਇਤਾ ਕਰ। ਸਾਨੂੰ ਬਚਾਉ।
ਇਸ ਨਾਲ ਤੁਹਾਡਾ ਨਾਮ ਮਹਿਮਾਮਈ ਹੋਵੇਗਾ।
ਆਪਣੇ ਨਾਮ ਦੇ ਚੰਗੇ ਲਈ ਸਾਡੇ ਪਾਪਾਂ ਨੂੰ ਢਾਹ ਦਿਉ।
10 ਸਾਨੂੰ ਹੋਰਾਂ ਕੌਮਾਂ ਨੂੰ ਨਾ ਕਹਿਣ ਦਿਉ, “ਤੁਹਾਡਾ ਪਰਮੇਸ਼ੁਰ ਕਿੱਥੇ ਹੈ?
ਕੀ ਉਹ ਤੁਹਾਡੀ ਸਹਾਇਤਾ ਨਹੀਂ ਕਰ ਸੱਕਦਾ?”
ਹੇ ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਦੰਡ ਦਿਉ ਤਾਂ ਜੋ ਅਸੀਂ ਵੇਖ ਸੱਕੀਏ।
ਉਨ੍ਹਾਂ ਨੂੰ ਆਪਣੇ ਸੇਵਕਾਂ ਨੂੰ ਮਾਰਨ ਦਾ ਦੰਡ ਦਿਉ।
11 ਕਿਰਪਾ ਕਰਕੇ ਕੈਦੀਆਂ ਦੀ ਕੁਰਲਾਟ ਸੁਣੋ।
ਹੇ ਪਰਮੇਸ਼ੁਰ, ਆਪਣੀ ਮਹਾਨ ਸ਼ਕਤੀ ਦਾ ਇਸਤੇਮਾਲ ਕਰੋ ਅਤੇ ਉਨ੍ਹਾਂ ਲੋਕਾਂ ਨੂੰ ਬਚਾ ਲਵੋ ਜਿਨ੍ਹਾਂ ਨੂੰ ਮੌਤ ਦੇ ਹਵਾਲੇ ਕੀਤਾ ਗਿਆ ਹੈ।
12 ਹੇ ਪਰਮੇਸ਼ੁਰ, ਸਾਡੇ ਆਲੇ-ਦੁਆਲੇ ਦੇ ਲੋਕਾਂ ਨੂੰ ਸੱਤ ਵਾਰੀ ਦੰਡ ਦਿਉ
ਜੋ ਉਨ੍ਹਾਂ ਨੇ ਸਾਡੇ ਨਾਲ ਇੱਕ ਵਾਰੀ ਕੀਤਾ ਸੀ।
ਉਨ੍ਹਾਂ ਲੋਕਾਂ ਨੂੰ ਤੁਹਾਨੂੰ ਬੇਇੱਜ਼ਤ ਕਰਨ ਦੇ ਬਦਲੇ ਦੰਡ ਦਿਉ।
13 ਅਸੀਂ ਤੁਹਾਡੇ ਬੰਦੇ ਹਾਂ।
ਅਸੀਂ ਤੁਹਾਡੇ ਇਜ਼ੜ ਦੀਆਂ ਭੇਡਾਂ ਹਾਂ।
ਅਸੀਂ ਸਦਾ ਹੀ ਤੁਹਾਡੀ ਉਸਤਤਿ ਕਰਾਂਗੇ।
ਹੇ ਪਰਮੇਸ਼ੁਰ, ਅਸੀਂ ਸਦਾ-ਸਦਾ ਹੀ ਤੁਹਾਡੀ ਉਸਤਤਿ ਕਰਾਂਗੇ।
ਨਿਰਦੇਸ਼ਕ ਲਈ: “ਕਰਾਰ ਦੀ ਕੁਮਦਿਨੀ” ਦੀ ਧੁਨੀ ਲਈ ਆਸਾਫ਼ ਦਾ ਇੱਕ ਉਸਤਤਿ ਗੀਤ।
80 ਇਸਰਾਏਲ ਦੇ ਆਜੜੀ, ਕਿਰਪਾ ਕਰਕੇ ਮੈਨੂੰ ਸੁਣੋ।
ਤੁਸੀਂ ਯੂਸੁਫ਼ ਦੀਆਂ ਭੇਡਾਂ (ਲੋਕਾਂ) ਦੀ ਅਗਵਾਈ ਕਰਦੇ ਹੋ।
ਤੁਸੀਂ ਤੇਜ ਦੇ ਕਰੂਬੀ ਉੱਪਰ ਰਾਜੇ ਵਾਂਗ ਬਿਰਾਜਮਾਨ ਹੋ।
ਸਾਨੂੰ ਤੁਹਾਨੂੰ ਵੇਖਣ ਦਿਉ।
2 ਇਸਰਾਏਲ ਦੇ ਆਜੜੀ, ਆਪਣੀ ਮਹਾਨਤਾ ਇਫ਼ਰਾਈਮ,
ਬਿਨਯਾਮੀਨ ਅਤੇ ਮਨੱਸ਼ਹ ਲਈ ਦਰਸ਼ਾਉ।
3 ਹੇ ਪਰਮੇਸ਼ੁਰ, ਸਾਨੂੰ ਇੱਕ ਵਾਰ ਫ਼ੇਰ ਪ੍ਰਵਾਨ ਕਰੋ।
ਸਾਨੂੰ ਪ੍ਰਵਾਨ ਕਰੋ, ਸਾਨੂੰ ਬਚਾਉ।
4 ਯਹੋਵਾਹ ਸਰਬ ਸ਼ਕਤੀਮਾਨ, ਤੁਸੀਂ ਸਾਡੀਆਂ ਪ੍ਰਾਰਥਨਾ ਕਦੋਂ ਸੁਣੋਂਗੇ।
ਕੀ ਸਦਾ ਲਈ ਸਾਡੇ ਉੱਤੇ ਕਹਿਰਵਾਨ ਹੋਵੋਂਗੇ।
5 ਤੁਸੀਂ ਆਪਣੇ ਲੋਕਾਂ ਨੂੰ ਹੰਝੂ ਦਿੱਤੇ ਹਨ, ਤੁਸੀਂ ਆਪਣੇ ਲੋਕਾਂ ਨੂੰ ਖਾਣ ਲਈ ਉਨ੍ਹਾਂ ਦੇ ਹੰਝੂਆਂ ਨਾਲ ਭਰੇ ਹੋਏ ਪਿਆਲੇ ਦਿੱਤੇ ਹਨ।
ਇਹੀ ਉਨ੍ਹਾਂ ਦੇ ਪੀਣ ਲਈ ਪਾਣੀ ਸੀ।
6 ਤੂੰ ਸਾਨੂੰ ਸਾਡੇ ਗੁਆਂਢੀਆਂ ਲਈ ਝਗੜ੍ਹੇ ਦਾ ਕਰਣ ਬਣਾ ਦਿੱਤਾ।
ਸਾਡੇ ਵੈਰੀ ਸਾਡੇ ਉੱਤੇ ਹੱਸਦੇ ਹਨ।
7 ਸਰਬ ਸ਼ਕਤੀਮਾਨ ਪਰਮੇਸ਼ੁਰ, ਸਾਨੂੰ ਇੱਕ ਵਾਰੀ ਫ਼ੇਰ ਪ੍ਰਵਾਨ ਕਰੋ।
ਸਾਨੂੰ ਪ੍ਰਵਾਨ ਕਰੋ, ਸਾਨੂੰ ਬਚਾਉ।
8 ਅਤੀਤ ਵਿੱਚ ਤੁਸੀਂ ਸਾਡੇ ਨਾਲ ਬਹੁਤ ਮਹੱਤਵਪੂਰਣ ਬੂਟੇ ਵਰਗਾ ਵਿਹਾਰ ਕੀਤਾ ਸੀ।
ਤੁਸੀਂ ਆਪਣੀ “ਵੇਲ” ਨੂੰ ਮਿਸਰ ਤੋਂ ਬਾਹਰ ਲਿਆਂਦਾ ਸੀ।
ਤੁਸੀਂ ਹੋਰਾਂ ਲੋਕਾਂ ਨੂੰ ਇਹ ਧਰਤੀ ਛੱਡਣ ਲਈ ਮਜ਼ਬੂਰ ਕਰ ਦਿੱਤਾ ਸੀ।
ਅਤੇ ਆਪਣੀ “ਵੇਲ” ਨੂੰ ਇੱਥੇ ਬੀਜ ਦਿੱਤਾ ਸੀ।
9 ਤੁਸੀਂ “ਵੇਲ” ਲਈ ਭੂਇ ਤਿਆਰ ਕੀਤੀ। ਤੁਸੀਂ ਇਸਦੀ ਜੜ੍ਹ ਦੀ ਮਜ਼ਬੂਤੀ ਲਈ ਸਹਾਇਤਾ ਕੀਤੀ।
ਛੇਤੀ ਹੀ “ਵੇਲ” ਸਾਰੀ ਜ਼ਮੀਨ ਉੱਤੇ ਫ਼ੈਲ ਗਈ।
10 ਇਸਨੇ ਪਰਬਤਾਂ ਨੂੰ ਢੱਕ ਦਿੱਤਾ ਸੀ
ਇਸਦੇ ਪਤਿਆਂ ਨੇ ਦਿਉਦਾਰ ਦੇ ਰੁੱਖਾਂ ਉੱਤੇ ਵੀ ਛਾਂ ਕਰ ਦਿੱਤੀ ਸੀ।
11 ਇਸ ਦੀਆਂ ਸ਼ਾਖਾਵਾਂ ਭੂਮੱਧ ਸਾਗਰ ਤੱਕ ਫ਼ੈਲ ਗਈਆਂ
ਇਸ ਦੀਆਂ ਟਹਿਣੀਆਂ ਫ਼ਰਾਤ ਨਦੀ ਤੱਕ ਫ਼ੈਲ ਗਈਆਂ।
12 ਹੇ ਪਰਮੇਸ਼ੁਰ, ਤੁਸੀਂ ਉਹ ਕੰਧਾਂ ਕਿਉਂ ਢਾਹ ਦਿੱਤੀਆਂ ਜਿਹੜੀਆਂ ਤੁਹਾਡੀ “ਵੇਲ” ਦੀ ਰੱਖਿਆ ਕਰਦੀਆਂ ਹਨ।
ਹੁਣ ਹਰ ਲੰਘਣ ਵਾਲਾ ਇਸਦੇ ਅੰਗੂਰ ਤੋੜ ਲੈਂਦਾ ਹੈ।
13 ਜੰਗਲੀ ਸੂਰ ਆਉਂਦੇ ਹਨ ਅਤੇ ਆਕੇ ਤੁਹਾਡੀ “ਵੇਲ” ਨੂੰ ਲਤਾੜ ਦਿੰਦੇ ਹਨ।
ਜੰਗਲੀ ਜਾਨਵਰ ਆਉਂਦੇ ਹਨ ਅਤੇ ਇਸਦੇ ਪੱਤੇ ਖਾ ਜਾਂਦੇ ਹਨ।
14 ਹੇ ਪਰਮੇਸ਼ੁਰ, ਸਰਬ ਸ਼ਕਤੀਮਾਨ ਕਿਰਪਾ ਕਰਕੇ ਵਾਪਸ ਆਉ
ਅਤੇ ਸਵਰਗ ਵਿੱਚੋਂ ਹੇਠਾਂ ਆਪਣੀ “ਵੇਲ” ਵੱਲ ਵੇਖੋ ਅਤੇ ਇਸਦੀ ਰੱਖਿਆ ਕਰੋ।
15 ਹੇ ਪਰਮੇਸ਼ੁਰ, ਆਪਣੀ ਵੇਲ ਵੱਲ ਵੇਖੋ ਜਿਸ ਨੂੰ ਤੁਸੀਂ ਆਪਣੇ ਹੱਥੀਂ ਬੀਜਿਆ ਸੀ।
ਉਸ ਜਵਾਨ ਬੂਟੇ ਵੱਲ ਵੇਖੋ ਜਿਸ ਨੂੰ ਤੁਸੀਂ ਆਪਣੇ ਲਈ ਉਗਾਇਆ ਸੀ।
16 ਤੁਹਾਡੀ ਭਿਆਨਕ ਝਿੜਕ ਦੇ ਕਾਰਣ ਇਹ ਇੱਕ ਸੁੱਕੇ
ਗੋਹੇ ਵਾਂਗ ਸਾੜ ਦਿੱਤੀ ਗਈ ਹੈ।
17 ਹੇ ਪਰਮੇਸ਼ੁਰ, ਆਪਣੇ ਹੱਥ ਨਾਲ ਉਸ ਆਦਮੀ ਕੋਲ ਪਹੁੰਚੋ, ਜਿਹੜਾ ਤੇਰੇ ਸੱਜੇ ਹੱਥ ਖੜੋਂਦਾ ਹੈ।
ਉਸ ਕੋਲ ਪਹੁੰਚ ਜਿਸ ਨੂੰ ਤੂੰ ਆਪਣੀ ਖਾਤਿਰ ਵੱਧਣ ਵਿੱਚ ਮਦਦ ਕੀਤੀ ਸੀ।
18 ਤਾਂ ਅਸੀਂ ਤੁਹਾਡੇ ਕੋਲੋਂ ਫ਼ੇਰ ਤੋਂ ਬੇਮੁੱਖ ਨਹੀਂ ਹੋਵਾਂਗੇ।
ਸਾਨੂੰ ਜੀਵਨ ਦੇ ਤਾਂ ਜੋ ਤੁਹਾਡੇ ਨਾਮ ਦੁਆਰਾ ਬੁਲਾਏ ਜਾਈਏ।
19 ਸਰਬ ਸ਼ਕਤੀਮਾਨ ਯਹੋਵਾਹ, ਸਾਨੂੰ ਜਵਾਬ ਦੇ
ਸਾਨੂੰ ਅਸੀਸ ਦੇ ਅਤੇ ਅਸੀਂ ਬਚਾਏ ਜਾਵਾਂਗੇ।
ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਭੁਲਾਇਆ ਨਹੀਂ
11 ਇਸ ਲਈ ਤਾਂ ਮੈਂ ਪੁੱਛਦਾ ਹਾਂ, “ਕੀ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਨਾਮੰਜ਼ੂਰ ਕੀਤਾ?” ਨਹੀਂ। ਮੈਂ ਖੁਦ ਇੱਕ ਇਸਰਾਏਲੀ ਹਾਂ। ਹਾਂ, ਮੈਂ ਅਬਰਾਹਾਮ ਦੇ ਪਰਿਵਾਰ ਅਤੇ ਬਿਨਯਾਮੀਨ ਦੇ ਵੰਸ਼ ਤੋਂ ਹਾਂ। 2 ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਆਪਣੇ ਲੋਕਾਂ ਵਾਂਗ ਉਨ੍ਹਾਂ ਦੇ ਜੰਮਣ ਤੋਂ ਵੀ ਪਹਿਲਾਂ ਚੁਣਿਆ ਤੇ ਉਸ ਨੇ ਉਨ੍ਹਾਂ ਨੂੰ ਨਾਮੰਜ਼ੂਰ ਨਹੀਂ ਕੀਤਾ। ਤੁਸੀਂ ਚੰਗੀ ਤਰ੍ਹਾਂ, ਜਾਣਦੇ ਹੋ ਕਿ ਏਲੀਯਾਹ ਬਾਰੇ ਪੋਥੀਆਂ ਕੀ ਆਖਦੀਆਂ ਹਨ। ਪੋਥੀਆਂ ਏਲੀਯਾਹ ਅਤੇ ਉਸ ਦੀਆਂ ਪਰਮੇਸ਼ੁਰ ਦੇ ਅੱਗੇ ਇਸਰਾਏਲ ਵਿਰੁੱਧ ਪ੍ਰਾਰਥਨਾ ਬਾਰੇ ਦੱਸਦੀਆਂ ਹਨ। 3 ਏਲੀਯਾਹ ਨੇ ਆਖਿਆ ਹੈ “ਪ੍ਰਭੂ। ਲੋਕਾਂ ਨੇ ਤੇਰੇ ਨਬੀਆਂ ਨੂੰ ਜਾਨੋਂ ਮਾਰ ਸੁੱਟਿਆ, ਤੇਰੀਆਂ ਜਗਵੇਦੀਆਂ ਢਾਹ ਸੁੱਟੀਆਂ ਅਤੇ ਮੈਂ ਹੀ ਇੱਕਲਾ ਨਬੀ ਰਹਿ ਗਿਆ ਹਾਂ ਅਤੇ ਉਹ ਹੁਣ ਮੇਰੀ ਜਾਨ ਦੇ ਪਿੱਛੇ ਪਏ ਹੋਏ ਹਨ।” [a] 4 ਪਰ ਪਰੇਮਸ਼ੁਰ ਨੇ ਏਲੀਯਾਹ ਨੂੰ ਬਲਾ ਕੀ ਜਵਾਬ ਦਿੱਤਾ? ਪਰਮੇਸ਼ੁਰ ਨੇ ਆਖਿਆ, “ਮੈਂ ਆਪਣੇ ਲਈ ਸੱਤ ਹਜ਼ਾਰ ਮਨੁੱਖਾਂ ਨੂੰ ਰੱਖ ਛੱਡਿਆ ਹੈ ਜੋ ਅਜੇ ਵੀ ਮੈਨੂੰ ਮੱਥਾ ਟੇਕਦੇ ਹਨ, ਜਿਹੜੇ ਬਆਲ-ਜ਼ਬੂਲ ਅੱਗੇ ਨਹੀਂ ਝੁਕੇ।” [b]
5 ਇਸੇ ਤਰ੍ਹਾਂ ਹੁਣ ਵੀ ਉੱਥੇ ਕੁਝ ਲੋਕ ਹਨ ਜੋ ਪਰਮੇਸ਼ੁਰ ਦੁਆਰਾ ਉਸਦੀ ਕਿਰਪਾ ਕਾਰਣ ਚੁਣੇ ਗਏ। 6 ਜੇਕਰ ਪਰੇਮਸ਼ੁਰ ਆਪਣੇ ਮਨੁੱਖਾਂ ਨੂੰ ਆਪਣੀ ਕਿਰਪਾ ਕਰਕੇ ਚੁਣੇ, ਤਾਂ ਉਹ ਪਰਮੇਸ਼ੁਰ ਦੇ ਮਨੁੱਖ ਬਣ ਗਏ ਹਨ, ਨਾ ਕਿ ਆਪਣੀ ਕਰਨੀ ਕਾਰਣ। ਜੇਕਰ ਉਹ ਉਨ੍ਹਾਂ ਦੇ ਕੰਮਾਂ ਕਾਰਣ ਧਰਮੀ ਬਣਾਏ ਗਏ ਹਨ, ਫ਼ੇਰ ਪਰਮੇਸ਼ੁਰ ਦੀ ਦਯਾ ਦਾ ਤੋਹਫ਼ਾ ਹੋਰ ਵੱਧੇਰੇ ਤੋਹਫ਼ਾ ਨਾ ਹੁੰਦਾ।
7 ਤਾਂ ਫ਼ਿਰ ਕੀ ਹੋਇਆ। ਇਸਰਾਏਲ ਦੇ ਲੋਕਾਂ ਨੇ ਧਰਮੀ ਹੋਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮਯਾਬ ਰਹੇ। ਪਰ ਪਰਮੇਸ਼ੁਰ ਦੁਆਰਾ ਚੁਣੇ ਲੋਕ ਧਰਮੀ ਬਣ ਗਏ। ਬਾਕੀ ਲੋਕ ਢੀਠ ਬਣੇ ਰਹੇ ਅਤੇ ਪਰਮੇਸ਼ੁਰ ਨੂੰ ਸੁਣਨ ਤੋਂ ਇਨਕਾਰੀ ਬਣ ਗਏ। 8 ਜਿਵੇਂ ਕਿ ਪੋਥੀਆਂ ਵਿੱਚ ਲਿਖਿਆ ਗਿਆ ਹੈ,
“ਪਰਮੇਸ਼ੁਰ ਨੇ ਉਨ੍ਹਾਂ ਨੂੰ ਗਹਿਰਾ ਸੌਣ ਦਿੱਤਾ।” (A)
“ਪਰਮੇਸ਼ੁਰ ਨੇ ਉਨ੍ਹਾਂ ਨੂੰ ਸੌਣ ਦਿੱਤਾ ਪਰਮੇਸ਼ੁਰ ਨੇ ਉਨ੍ਹਾਂ ਦੀਆਂ ਅੱਖਾਂ ਬੰਦ ਕਰ ਦਿੱਤੀਆਂ ਤਾਂ ਜੋ ਉਹ ਨਾ ਵੇਖ ਸੱਕਣ।
ਉਸ ਨੇ ਉਨ੍ਹਾਂ ਦੇ ਕੰਨ ਬੰਦ ਕਰ ਦਿੱਤੇ ਤਾਂ ਜੋ ਉਹ ਸੁਣ ਨਾ ਸੱਕਣ।
ਇਹ ਹਾਲੇ ਤੱਕ ਵਾਪਰ ਰਿਹਾ ਹੈ।” (B)
9 ਅਤੇ ਦਾਊਦ ਆਖਦਾ ਹੈ:
“ਉਨ੍ਹਾਂ ਦੀ ਆਪਣੀ ਦਾਵਤ ਨੂੰ ਉਨ੍ਹਾਂ ਲਈ ਝਾਂਸਾ ਬਣ ਜਾਣ ਦਿਉ।
ਉਨ੍ਹਾਂ ਨੂੰ ਫ਼ੰਦੇ ਵਿੱਚ ਫ਼ਸ ਜਾਣ ਦਿਉ। ਉਨ੍ਹਾਂ ਨੂੰ ਡਿੱਗਣ ਅਤੇ ਸਜ਼ਾ ਪਾਉਣ ਦਿਉ।
10 ਉਨ੍ਹਾਂ ਦੀਆਂ ਅੱਖਾਂ ਧੁੰਦਲੀਆਂ ਹੋ ਜਾਣ ਤਾਂ ਜੋ ਉਹ ਨਾ ਵੇਖ ਸੱਕਣ
ਅਤੇ ਉਹ ਹਮੇਸ਼ਾ ਸੰਕਟ ’ਚ ਰਹਿਣ।” (C)
11 ਤਾਂ ਮੈਂ ਪੁੱਛਦਾ ਹਾਂ; ਜਦੋਂ ਯਹੂਦੀ ਡਿੱਗੇ, ਕੀ ਉਸ ਗਿਰਾਵਟ ਨੇ ਉਨ੍ਹਾਂ ਨੂੰ ਤਬਾਹ ਕੀਤਾ? ਨਹੀਂ। ਪਰ ਉਨ੍ਹਾਂ ਦੀ ਗਲਤੀ ਨੇ ਹੋਰਾਂ ਕੌਮਾਂ ਲਈ ਮੁਕਤੀ ਲਿਆਂਦੀ। ਇਹ ਯਹੂਦੀਆਂ ਨੂੰ ਈਰਖਾਲੂ ਬਨਾਉਣ ਲਈ ਵਾਪਰਿਆ। 12 ਯਹੂਦੀਆਂ ਦੀ ਗਲਤੀ ਪੂਰੀ ਦੁਨੀਆਂ ਲਈ ਅਸੀਸਾਂ ਦਾ ਕਾਰਣ ਬਣੀ। ਜੋ ਯਹੂਦੀਆਂ ਨੇ ਗੁਆਇਆ ਗੈਰ-ਯਹੂਦੀਆਂ ਲਈ ਮਹਾਨ ਅਸੀਸਾਂ ਲਿਆਇਆ। ਇਸ ਢੰਗ ਨਾਲ, ਦੁਨੀਆਂ ਵਿੱਚ ਉਦੋਂ ਜਦੋਂ ਯਹੂਦੀ ਉਵੇਂ ਦੇ ਲੋਕ ਬਣ ਗਏ ਜੋ ਪਰਮੇਸ਼ੁਰ ਚਾਹੁੰਦਾ ਕਿ ਉਹ ਹੋਣ ਤਾਂ ਹੋਰ ਵੱਧੇਰੇ ਅਸੀਸਾਂ ਹੋਣਗੀਆਂ।
13 ਹੁਣ ਮੈਂ ਤੁਸਾਂ ਲੋਕਾਂ ਨੂੰ ਆਖ ਰਿਹਾ ਹਾਂ ਜੋ ਕਿ ਹੋਰਾਂ ਕੌਮਾਂ ਤੋਂ ਹਨ। ਮੈਂ ਹੋਰਾਂ ਕੌਮਾਂ ਲਈ ਰਸੂਲ ਹਾਂ, ਸੋ ਜਿਹੜਾ ਮੇਰਾ ਕੰਮ ਹੈ ਜੋ ਜਿੰਨਾ ਚੰਗਾ ਹੋ ਸੱਕੇ ਕਰਨ ਦੀ ਕੋਸ਼ਿਸ਼ ਕਰਾਂਗਾ। 14 ਮੈਨੂੰ ਆਸ ਹੈ, ਮੈਂ ਆਪਣੇ ਲੋਕਾਂ ਨੂੰ ਈਰਖਾਲੂ ਬਣਾ ਸੱਕਦਾ। ਇਸ ਤਰ੍ਹਾਂ, ਮੈਂ ਉਨ੍ਹਾਂ ਵਿੱਚੋਂ ਕੁਝ ਨੂੰ ਬਚਾਉਣ ਵਿੱਚ ਮਦਦ ਕਰਨ ਯੋਗ ਹੋ ਸੱਕਾਂਗਾ। 15 ਪਰਮੇਸ਼ੁਰ ਨੇ ਯਹੂਦੀਆਂ ਤੋਂ ਆਪਣਾ ਮੂੰਹ ਮੋੜ ਲਿਆ। ਜਦੋਂ ਇੰਝ ਹੋਇਆ, ਤਾਂ ਇਹ ਸਪੱਸ਼ਟ ਹੋ ਗਿਆ ਕਿ ਪਰਮੇਸ਼ੁਰ ਪਰਾਈਆਂ ਕੌਮਾਂ ਦੇ ਲੋਕਾਂ ਦਾ ਮਿੱਤਰ ਬਣ ਗਿਆ ਹੈ। ਇਸ ਲਈ ਜਦੋਂ ਪਰਮੇਸ਼ੁਰ ਯਹੂਦੀਆਂ ਨੂੰ ਕਬੂਲਦਾ ਹੈ, ਤਾਂ ਨਿਸ਼ਚਿਤ ਹੀ ਇਹ ਦੁਨੀਆਂ ਲਈ ਮੌਤ ਤੋਂ ਬਾਅਦ ਜ਼ਿੰਦਗੀ ਲਿਆਵੇਗਾ। 16 ਜੇਕਰ ਰੋਟੀ ਦੀ ਪਹਿਲੀ ਗਰਾਹੀ ਪਰਮੇਸ਼ੁਰ ਨੂੰ ਭੇਂਟ ਕੀਤੀ ਜਾਵੇ, ਤਾਂ ਉਹ ਸਾਰੀ ਰੋਟੀ ਪਵਿੱਤਰ ਹੋ ਜਾਂਦੀ ਹੈ। ਜੇਕਰ ਦਰੱਖਤ ਦੀਆਂ ਜੜ੍ਹਾਂ ਪਵਿੱਤਰ ਹਨ, ਤਾਂ ਇਸ ਦੀਆਂ ਟਹਿਣੀਆਂ ਵੀ ਪਵਿੱਤਰ ਹੋਣਗੀਆਂ।
17 ਇਹ ਇਵੇਂ ਹੈ ਜਿਵੇਂ ਕਿ ਜੈਤੂਨ ਦੇ ਦਰੱਖਤ ਦੀਆਂ ਕੁਝ ਟਹਿਣੀਆਂ ਤੋੜ ਦਿੱਤੀਆਂ ਗਈਆਂ ਹੋਣ, ਅਤੇ ਜੰਗਲੀ ਜੈਤੂਨ ਦੇ ਦਰੱਖਤ ਦੀਆਂ ਟਹਿਣੀਆਂ ਨੂੰ ਪਹਿਲੇ ਜੈਤੂਨ ਦੇ ਦਰੱਖਤ ਨਾਲ ਲਾ ਦਿੱਤਾ ਹੋਵੇ। ਤੁਸੀਂ ਗੈਰ ਯਹੂਦੀ, ਜੋ ਜੰਗਲੀ ਟਹਿਣੀਆਂ ਵਾਂਗ ਹੋ, ਹੁਣ ਪਹਿਲੇ ਦਰੱਖਤ ਦੀ ਤਾਕਤ ਅਤੇ ਜੀਵਨ ਨੂੰ ਸਾਂਝਾ ਕਰ ਰਹੇ ਹੋ। 18 ਇਸ ਕਰਕੇ ਘਮੰਡ ਨਾ ਕਰੋ ਕਿ ਤੁਸੀਂ ਉਨ੍ਹਾਂ ਟੁੱਟੀਆਂ ਹੋਈਆਂ ਟਹਿਣੀਆਂ ਨਾਲੋਂ ਉੱਤਮ ਹੋ। ਤੁਹਾਡੇ ਘਮੰਡ ਕਰਨ ਦੀ ਕੋਈ ਵਜਹ ਨਹੀਂ ਹੈ। ਕਿਉਂਕਿ ਇਹ ਤੁਸੀਂ ਨਹੀਂ ਹੋ, ਜੋ ਟਹਿਣੀ ਰੁੱਖ ਨੂੰ ਜੀਵਨ ਦਿੰਦੀ ਹੈ, ਇਹ ਜੜ ਹੈ ਜੋ ਤੁਹਾਨੂੰ ਜੀਵਨ ਦਿੰਦੀ ਹੈ।
2010 by World Bible Translation Center