Print Page Options
Previous Prev Day Next DayNext

Read the New Testament in 24 Weeks

A reading plan that walks through the entire New Testament in 24 weeks of daily readings.
Duration: 168 days
Punjabi Bible: Easy-to-Read Version (ERV-PA)
Version
1 ਯੂਹੰਨਾ 4-5

ਝੂਠੇ ਪ੍ਰਚਾਰਕਾਂ ਤੋਂ ਸਾਵੱਧਾਨ ਰਹੋ

ਮੇਰੇ ਪਿਆਰੇ ਮਿੱਤਰੋ, ਇੱਥੇ ਦੁਨੀਆਂ ਵਿੱਚ ਬਹੁਤ ਸਾਰੇ ਝੂਠੇ ਨਬੀ ਹਨ। ਇਸ ਲਈ ਹਰੇਕ ਤੇ ਵਿਸ਼ਵਾਸ ਨਾ ਕਰੋ ਜਿਹੜਾ ਆਖਦਾ ਹੈ ਕਿ ਉਸ ਕੋਲ ਪਰਮੇਸ਼ੁਰ ਦਾ ਆਤਮਾ ਹੈ। ਇਸਦੀ ਜਗ਼੍ਹਾ, ਇਹ ਵੇਖਣ ਲਈ ਉਨ੍ਹਾਂ ਨੂੰ ਪਰਤਾਓ ਕਿ ਜਿਹੜਾ ਆਤਮਾ ਉਨ੍ਹਾਂ ਕੋਲ ਹੈ ਸੱਚਮੁੱਚ ਪਰਮੇਸ਼ੁਰ ਵੱਲੋਂ ਹੈ। ਇਸ ਤਰੀਕੇ ਨਾਲ, ਤੁਸੀਂ ਪਰਮੇਸ਼ੁਰ ਦੇ ਆਤਮਾ ਨੂੰ ਪਛਾਣ ਸੱਕਦੇ ਹੋ। ਇੱਕ ਆਤਮਾ ਆਖਦਾ ਹੈ, “ਮੈਨੂੰ ਵਿਸ਼ਵਾਸ ਹੈ ਕਿ ਯਿਸੂ ਹੀ ਮਸੀਹ ਹੈ ਜਿਹੜਾ ਧਰਤੀ ਤੇ ਮਨੁੱਖੀ ਰੂਪ ਵਿੱਚ ਆਇਆ।” ਅਜਿਹਾ ਆਤਮਾ ਪਰਮੇਸ਼ੁਰ ਵੱਲੋਂ ਹੈ। ਅਤੇ ਦੂਜਾ ਆਤਮਾ ਜਿਹੜਾ ਯਿਸੂ ਬਾਰੇ ਇਹ ਸੱਚ ਨਹੀਂ ਸਵਿਕਾਰਦਾ ਪਰਮੇਸ਼ੁਰ ਵੱਲੋਂ ਨਹੀਂ ਹੈ। ਇਹ ਆਤਮਾ ਮਸੀਹ ਦੇ ਦੁਸ਼ਮਣ ਦਾ ਹੈ। ਤੁਸੀਂ ਸੁਣਿਆ ਹੈ ਕਿ ਮਸੀਹ ਦਾ ਦੁਸ਼ਮਣ ਆ ਰਿਹਾ ਹੈ। ਅਸਲ ਵਿੱਚ ਉਹ ਪਹਿਲਾਂ ਹੀ ਦੁਨੀਆਂ ਵਿੱਚ ਆ ਚੁੱਕਿਆ ਹੈ।

ਮੇਰੇ ਪਿਆਰੇ ਬੱਚਿਓ, ਤੁਸੀਂ ਪਰਮੇਸ਼ੁਰ ਨਾਲ ਸੰਬੰਧਿਤ ਹੋ। ਇਸ ਲਈ ਤੁਸੀਂ ਇਨ੍ਹਾਂ ਝੂਠੇ ਉਪਦੇਸ਼ਕਾਂ ਨੂੰ ਹਰਾ ਦਿੱਤਾ ਹੈ। ਕਿਉਂਕਿ ਇੱਕ ਜਿਹੜਾ ਤੁਹਾਡੇ ਅੰਦਰ ਹੈ ਉਹ ਉਸ ਇੱਕ ਨਾਲੋਂ ਵਡੇਰਾ ਹੈ ਜੋ ਦੁਨੀਆਂ ਵਿੱਚ ਹੈ। ਇਹ ਝੂਠੇ ਉਪਦੇਸ਼ਕ ਦੁਨੀਆਂ ਨਾਲ ਸੰਬੰਧਿਤ ਹਨ। ਇਸ ਲਈ ਜੋ ਉਹ ਆਖਦੇ ਹਨ ਦੁਨੀਆਂ ਵੱਲੋਂ ਹੈ, ਅਤੇ ਦੁਨੀਆਂ ਉਹ ਸੁਣਦੀ ਹੈ ਜੋ ਉਹ ਆਖਦੇ ਹਨ। ਪਰ ਅਸੀਂ ਪਰਮੇਸ਼ੁਰ ਵੱਲੋਂ ਹਾਂ। ਇਸ ਲਈ ਜੋ ਲੋਕ ਪਰਮੇਸ਼ੁਰ ਨੂੰ ਜਾਣਦੇ ਹਨ ਉਹ ਸਾਨੂੰ ਸੁਣਦੇ ਹਨ, ਪਰ ਜਿਹੜੇ ਲੋਕ ਪਰਮੇਸ਼ੁਰ ਵੱਲੋਂ ਨਹੀਂ ਹਨ ਸਾਨੂੰ ਨਹੀਂ ਸੁਣਦੇ। ਇਵੇਂ ਹੀ ਅਸੀਂ ਸੱਚੇ ਆਤਮਾ ਅਤੇ ਫ਼ਰੇਬੀ ਆਤਮਾ ਨੂੰ ਜਾਣਦੇ ਹਾਂ।

ਪਿਆਰ ਪਰਮੇਸ਼ੁਰ ਵੱਲੋਂ ਆਉਂਦਾ ਹੈ

ਪਿਆਰੇ ਮਿੱਤਰੋ, ਸਾਨੂੰ ਇੱਕ ਦੂਸਰੇ ਨੂੰ ਪਿਆਰ ਕਰਨਾ ਚਾਹੀਦਾ ਹੈ। ਕਿਉਂਕਿ ਪਿਆਰ ਪਰਮੇਸ਼ੁਰ ਵੱਲੋਂ ਆਉਂਦਾ ਹੈ। ਜਿਹੜਾ ਵਿਅਕਤੀ ਪਿਆਰ ਕਰਦਾ ਹੈ ਉਹ ਪਰਮੇਸ਼ੁਰ ਦਾ ਬੱਚਾ ਹੈ ਅਤੇ ਉਹ ਪਰਮੇਸ਼ੁਰ ਨੂੰ ਜਾਣਦਾ ਹੈ। ਜਿਹੜਾ ਵਿਅਕਤੀ ਪਿਆਰ ਨਹੀਂ ਕਰਦਾ ਉਹ ਪਰਮੇਸ਼ੁਰ ਨੂੰ ਨਹੀਂ ਜਾਣਦਾ ਕਿਉਂਕਿ ਪਰਮੇਸ਼ੁਰ ਪਿਆਰ ਹੈ। ਇਹੀ ਉਹ ਤਰੀਕਾ ਹੈ ਜਿਸ ਨਾਲ ਪਰਮੇਸ਼ੁਰ ਨੇ ਸਾਨੂੰ ਆਪਣਾ ਪਿਆਰ ਦਰਸ਼ਾਇਆ; ਪਰਮੇਸ਼ੁਰ ਨੇ ਆਪਣੇ ਇੱਕਲੌਤੇ ਪੁੱਤਰ ਨੂੰ ਦੁਨੀਆਂ ਵਿੱਚ ਭੇਜਿਆ ਤਾਂ ਜੋ ਉਸ ਦੇ ਰਾਹੀਂ ਸਾਨੂੰ ਜੀਵਨ ਪ੍ਰਦਾਨ ਕਰ ਸੱਕੇ। 10 ਇਹ ਪਿਆਰ ਹੈ; ਇਹ ਨਹੀਂ ਕਿ ਪਹਿਲਾਂ ਅਸੀਂ ਪਰਮੇਸ਼ੁਰ ਨੂੰ ਪਿਆਰ ਕੀਤਾ; ਇਹ ਪਰਮੇਸ਼ੁਰ ਹੈ ਜਿਸਨੇ ਸਾਨੂੰ ਪਹਿਲਾਂ ਪਿਆਰ ਕੀਤਾ। ਅਤੇ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਰਾਹ ਵਾਂਗ ਭੇਜਿਆ, ਜਿਸਦੇ ਦੁਆਰਾ ਪਰਮੇਸ਼ੁਰ ਸਾਡੇ ਪਾਪ ਦੂਰ ਕਰਦਾ ਹੈ।

11 ਪਿਆਰੇ ਮਿੱਤਰੋ, ਦੇਖੋ ਪਰਮੇਸ਼ੁਰ ਨੇ ਸਾਨੂੰ ਕਿੰਨਾ ਪਿਆਰ ਕੀਤਾ। ਇਸ ਲਈ ਸਾਨੂੰ ਵੀ ਇੱਕ ਦੂਸਰੇ ਨੂੰ ਪਿਆਰ ਕਰਨਾ ਚਾਹੀਦਾ ਹੈ। 12 ਕਿਸੇ ਨੇ ਕਦੇ ਵੀ ਪਰਮੇਸ਼ੁਰ ਨੂੰ ਨਹੀਂ ਦੇਖਿਆ। ਪਰ ਜੇ ਅਸੀਂ ਇੱਕ ਦੂਸਰੇ ਨੂੰ ਪਿਆਰ ਕਰਦੇ ਹਾਂ ਤਾਂ ਪਰਮੇਸ਼ੁਰ ਸਾਡੇ ਅੰਦਰ ਵੱਸਦਾ ਕਰਦਾ ਹੈ। ਅਤੇ ਇੰਝ ਇਹ ਪਿਆਰ ਸਾਡੇ ਅੰਦਰ ਸੰਪੂਰਣ ਹੋ ਗਿਆ ਹੈ।

13 ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਵਿੱਚ ਨਿਵਾਸ ਕਰਦੇ ਹਾਂ ਅਤੇ ਪਰਮੇਸ਼ੁਰ ਸਾਡੇ ਅੰਦਰ ਵੱਸਦਾ ਹੈ। ਅਜਿਹਾ ਅਸੀਂ ਇਸ ਲਈ ਜਾਣਦੇ ਹਾਂ ਕਿਉਂਕਿ ਪਰਮੇਸ਼ੁਰ ਨੇ ਸਾਨੂੰ ਆਪਣਾ ਆਤਮਾ ਦਿੱਤਾ ਹੈ। 14 ਅਸੀਂ ਵੇਖਿਆ ਹੈ ਕਿ ਪਿਤਾ ਨੇ ਆਪਣੇ ਪੁੱਤਰ ਨੂੰ ਦੁਨੀਆਂ ਦਾ ਮੁਕਤੀ ਦਾਤਾ ਹੋਣ ਲਈ ਭੇਜਿਆ ਹੈ। ਅਤੇ ਅਸੀਂ ਲੋਕਾਂ ਨੂੰ ਇਹੀ ਗੱਲ ਦੱਸ ਰਹੇ ਹਾਂ। 15 ਜੇ ਕੋਈ ਵਿਅਕਤੀ ਇਹ ਆਖਦਾ ਹੈ, “ਮੇਰਾ ਵਿਸ਼ਵਾਸ ਹੈ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ,” ਤਾਂ ਪਰਮੇਸ਼ੁਰ ਉਸ ਵਿਅਕਤੀ ਅੰਦਰ ਵੱਸਦਾ ਹੈ। ਅਤੇ ਉਹ ਵਿਅਕਤੀ ਪਰਮੇਸ਼ੁਰ ਵਿੱਚ ਨਿਵਾਸ ਕਰਦਾ ਹੈ। 16 ਅਤੇ ਇਸ ਤਰ੍ਹਾਂ ਅਸੀਂ ਉਸ ਪਿਆਰ ਬਾਰੇ ਜਾਣਦੇ ਹਾਂ ਜਿਹੜਾ ਪਰਮੇਸ਼ੁਰ ਦਾ ਸਾਡੇ ਲਈ ਹੈ। ਅਤੇ ਅਸੀਂ ਉਸ ਪਿਆਰ ਵਿੱਚ ਭਰੋਸਾ ਰੱਖਦੇ ਹਾਂ।

ਪਰਮੇਸ਼ੁਰ ਪਿਆਰ ਹੈ। ਉਹ ਵਿਅਕਤੀ ਜਿਹੜਾ ਪਿਆਰ ਵਿੱਚ ਜਿਉਂਦਾ ਹੈ ਪਰਮੇਸ਼ੁਰ ਵਿੱਚ ਨਿਵਾਸ ਕਰਦਾ ਹੈ। ਅਤੇ ਪਰਮੇਸ਼ੁਰ ਉਸ ਵਿਅਕਤੀ ਵਿੱਚ ਵੱਸਦਾ ਹੈ। 17 ਜੇ ਸਾਡੇ ਅੰਦਰ ਪਰਮੇਸ਼ੁਰ ਦਾ ਪਿਆਰ ਸੰਪੂਰਣ ਹੈ, ਤਾਂ ਅਸੀਂ ਨਿਆਂ ਦੇ ਦਿਨ ਬੇ-ਡਰ ਹੋਵਾਂਗੇ। ਅਸੀਂ ਬੇ-ਡਰ ਇਸ ਲਈ ਹੋਵਾਂਗੇ ਕਿਉਂਕਿ ਅਸੀਂ ਇਸ ਦੁਨੀਆਂ ਵਿੱਚ ਉਵੇਂ ਹੀ ਹਾਂ ਜਿਵੇਂ ਉਹ ਹੈ। 18 ਜਿੱਥੇ ਪਰਮੇਸ਼ੁਰ ਦਾ ਪਿਆਰ ਹੈ, ਉੱਥੇ ਕੋਈ ਭੈ ਨਹੀਂ। ਕਿਉਂਕਿ ਪਰਮੇਸ਼ੁਰ ਦਾ ਸੰਪੂਰਣ ਪਿਆਰ ਭੈ ਨੂੰ ਦੂਰ ਕਰਦਾ ਹੈ। ਇਹ ਤਾਂ ਪਰਮੇਸ਼ੁਰ ਦੀ ਸਜ਼ਾ ਹੈ ਜਿਹੜੀ ਵਿਅਕਤੀ ਅੰਦਰ ਡਰ ਪੈਦਾ ਕਰਦੀ ਹੈ। ਇਸ ਲਈ ਉਸ ਵਿਅਕਤੀ ਵਿੱਚ ਪਰਮੇਸ਼ੁਰ ਦਾ ਪਿਆਰ ਸੰਪੂਰਣ ਨਹੀਂ ਹੈ।

19 ਅਸੀਂ ਪਿਆਰ ਕਰਦੇ ਹਾਂ ਕਿਉਂਕਿ ਪਹਿਲਾਂ ਪਰਮੇਸ਼ੁਰ ਨੇ ਸਾਨੂੰ ਪਿਆਰ ਕੀਤਾ ਸੀ। 20 ਜੇ ਕੋਈ ਵਿਅਕਤੀ ਆਖਦਾ ਹੈ, “ਮੈਂ ਪਰਮੇਸ਼ੁਰ ਨੂੰ ਪਿਆਰ ਕਰਦਾ ਹਾਂ,” ਪਰ ਉਹ ਵਿਅਕਤੀ ਆਪਣੇ ਭਰਾ ਜਾਂ ਭੈਣ ਨੂੰ ਨਫ਼ਰਤ ਕਰਦਾ ਹੈ, ਤਾਂ ਉਹ ਵਿਅਕਤੀ ਝੂਠਾ ਹੈ। ਕਿਉਂਕਿ ਜੇਕਰ ਉਹ ਅਪਣੇ ਉਸ ਭਰਾ ਨੂੰ ਪਿਆਰ ਨਹੀਂ ਕਰਦਾ ਜਿਸ ਨੂੰ ਉਹ ਵੇਖ ਸੱਕਦਾ ਹੈ, ਤਾਂ ਫ਼ੇਰ ਉਸ ਲਈ ਪਰਮੇਸ਼ੁਰ ਨੂੰ ਪਿਆਰ ਕਰਨਾ ਵੀ ਸੰਭਵ ਨਹੀਂ ਜਿਸ ਨੂੰ ਉਹ ਨਹੀਂ ਵੇਖ ਸੱਕਦਾ। 21 ਪਰਮੇਸ਼ੁਰ ਨੇ ਸਾਨੂੰ ਇਹੀ ਹੁਕਮ ਦਿੱਤਾ ਹੈ; ਜਿਹੜਾ ਵਿਅਕਤੀ ਪਰਮੇਸ਼ੁਰ ਨੂੰ ਪਿਆਰ ਕਰਦਾ ਹੈ ਉਸ ਨੂੰ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਵੀ ਪਿਆਰ ਕਰਨਾ ਚਾਹੀਦਾ ਹੈ।

ਪਰਮੇਸ਼ੁਰ ਦੇ ਬੱਚੇ ਦੁਨੀਆਂ ਨੂੰ ਜਿੱਤ ਲੈਂਦੇ ਹਨ

ਜਿਹੜੇ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਯਿਸੂ ਹੀ ਮਸੀਹ ਹੈ। ਉਹ ਪਰਮੇਸ਼ੁਰ ਦੇ ਬੱਚੇ ਹਨ। ਜਿਹੜਾ ਵਿਅਕਤੀ ਪਿਤਾ ਨੂੰ ਪਿਆਰ ਕਰਦਾ ਹੈ, ਉਹ ਉਸ ਦੇ ਬੱਚਿਆਂ ਨੂੰ ਵੀ ਪਿਆਰ ਕਰਦਾ ਹੈ। ਅਸੀਂ ਇਹ ਕਿਵੇਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਬੱਚਿਆਂ ਨੂੰ ਪਿਆਰ ਕਰਦੇ ਹਾਂ? ਅਸੀਂ ਇਹ ਇਸ ਲਈ ਜਾਣਦੇ ਹਾਂ ਕਿਉਂ ਕਿ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ ਅਤੇ ਉਸ ਦੇ ਹੁਕਮਾਂ ਨੂੰ ਮੰਨਦੇ ਹਾਂ। ਅਸਲ ਵਿੱਚ, ਪਰਮੇਸ਼ੁਰ ਨੂੰ ਪਿਆਰ ਕਰਨਾ ਹੀ ਉਸ ਦੇ ਹੁਕਮਾਂ ਨੂੰ ਮੰਨਣਾ ਹੈ। ਅਤੇ ਉਸ ਦੇ ਹੁਕਮਾਂ ਦਾ ਅਨੁਸਰਣ ਕਰਨਾ ਔਖਾ ਨਹੀਂ ਹੈ। ਕਿਉਂਕਿ ਹਰ ਉਹ ਵਿਅਕਤੀ ਜਿਹੜਾ ਪਰਮੇਸ਼ੁਰ ਦਾ ਬੱਚਾ ਹੈ ਦੁਨੀਆਂ ਨੂੰ ਜਿੱਤ ਲੈਣ ਦੀ ਸ਼ਕਤੀ ਰੱਖਦਾ ਹੈ। ਇਹ ਸਾਡੀ ਨਿਹਚਾ ਹੀ ਹੈ ਜਿਸਨੇ ਦੁਨੀਆਂ ਦੇ ਵਿਰੁੱਧ ਜਿੱਤ ਪ੍ਰਾਪਤ ਕੀਤੀ ਹੈ। ਇਸ ਲਈ ਉਹ ਵਿਅਕਤੀ ਕਿਹੜਾ ਹੈ ਜਿਹੜਾ ਦੁਨੀਆਂ ਨੂੰ ਜਿੱਤਦਾ ਹੈ? ਸਿਰਫ਼ ਉਹੀ ਵਿਅਕਤੀ ਜਿਹੜਾ ਇਹ ਵਿਸ਼ਵਾਸ ਰੱਖਦਾ ਹੈ ਕਿ ਯਿਸੂ ਹੀ ਪਰਮੇਸ਼ੁਰ ਦਾ ਪੁੱਤਰ ਹੈ।

ਪਰਮੇਸ਼ੁਰ ਨੇ ਸਾਨੂੰ ਆਪਣੇ ਪੁੱਤਰ ਬਾਰੇ ਦੱਸਿਆ ਸੀ

ਯਿਸੂ ਮਸੀਹ ਹੀ ਇੱਕ ਹੈ ਜਿਹੜਾ ਪਾਣੀ ਅਤੇ ਖੂਨ ਨਾਲ ਆਇਆ; ਉਹ ਸਿਰਫ਼ ਪਾਣੀ ਰਾਹੀਂ ਹੀ ਨਹੀਂ ਆਇਆ ਸਗੋਂ ਪਾਣੀ ਅਤੇ ਲਹੂ ਨਾਲ ਆਇਆ। ਅਤੇ ਆਤਮਾ ਸਾਨੂੰ ਦੱਸਦਾ ਹੈ ਕਿ ਇਹ ਸੱਚ ਹੈ। ਆਤਮਾ ਹੀ ਸੱਚ ਹੈ। ਇਹ ਤਿੰਨ ਪ੍ਰਮਾਣ ਹਨ ਜਿਹੜੇ ਸਾਨੂੰ ਯਿਸੂ ਬਾਰੇ ਦੱਸਦੇ ਹਨ। ਆਤਮਾ, ਪਾਣੀ ਅਤੇ ਖੂਨ ਇਹ ਤਿੰਨ ਪ੍ਰਮਾਣ ਇੱਕ ਦੂਸਰੇ ਨਾਲ ਮਿਲਦੇ ਹਨ।

ਅਸੀਂ ਲੋਕਾਂ ਤੇ ਵਿਸ਼ਵਾਸ ਕਰਦੇ ਹਾਂ ਜਦੋਂ ਉਹ ਕੁਝ ਅਜਿਹਾ ਆਖਦੇ ਹਨ ਜੋ ਸੱਚ ਹੈ। ਪਰ ਜੋ ਪਰਮੇਸ਼ੁਰ ਆਖਦਾ ਹੈ ਉਹ ਵੱਧੇਰੇ ਮਹੱਤਵਪੂਰਣ ਹੈ। ਜੋ ਪਰਮੇਸ਼ੁਰ ਨੇ ਆਖਿਆ ਹੈ; ਉਸ ਨੇ ਆਪਣੇ ਪੁੱਤਰ ਬਾਰੇ ਸਾਨੂੰ ਸੱਚ ਦੱਸਿਆ। 10 ਜਿਹੜਾ ਵਿਅਕਤੀ ਪਰਮੇਸ਼ੁਰ ਦੇ ਪੁੱਤਰ ਵਿੱਚ ਵਿਸ਼ਵਾਸ ਰੱਖਦਾ ਹੈ ਉਸ ਕੋਲ ਉਹ ਸੱਚ ਹੈ ਜੋ ਸਾਨੂੰ ਪਰਮੇਸ਼ੁਰ ਨੇ ਦੱਸਿਆ। ਜਿਹੜਾ ਵਿਅਕਤੀ ਪਰਮੇਸ਼ੁਰ ਦੀ ਗੱਲ ਉੱਪਰ ਵਿਸ਼ਵਾਸ ਨਹੀਂ ਕਰਦਾ ਉਹ ਪਰਮੇਸ਼ੁਰ ਨੂੰ ਝੂਠਾ ਸਿੱਧ ਕਰਦਾ ਹੈ। ਕਿਉਂਕਿ ਉਹ ਵਿਅਕਤੀ ਉਸ ਗੱਲ ਵਿੱਚ ਵਿਸ਼ਵਾਸ ਨਹੀਂ ਰੱਖਦਾ ਜਿਹੜੀ ਸਾਨੂੰ ਪਰਮੇਸ਼ੁਰ ਨੇ ਆਪਣੇ ਪੁੱਤਰ ਬਾਰੇ ਆਖੀ ਹੈ। 11 ਇਹੀ ਹੈ ਜੋ ਪਰਮੇਸ਼ੁਰ ਨੇ ਸਾਨੂੰ ਆਖਿਆ; ਪਰਮੇਸ਼ੁਰ ਨੇ ਸਾਨੂੰ ਸਦੀਪਕ ਜੀਵਨ ਦਿੱਤਾ ਹੈ। ਅਤੇ ਇਹ ਸਦੀਪਕ ਜੀਵਨ ਉਸ ਦੇ ਪੁੱਤਰ ਵਿੱਚ ਹੈ। 12 ਜਿਸ ਵਿਅਕਤੀ ਕੋਲ ਪੁੱਤਰ ਹੈ ਉਸ ਕੋਲ ਸੱਚਾ ਜੀਵਨ ਹੈ। ਪਰ ਜਿਸ ਕੋਲ ਪਰਮੇਸ਼ੁਰ ਦਾ ਪੁੱਤਰ ਨਹੀਂ ਹੈ ਉਸ ਕੋਲ ਸੱਚਾ ਜੀਵਨ ਨਹੀਂ ਹੈ।

ਹੁਣ ਸਦੀਪਕ ਜੀਵਨ ਸਾਡਾ ਹੈ

13 ਮੈਂ ਇਹ ਖਤ ਤੁਹਾਨੂੰ ਲਿਖ ਰਿਹਾ ਹਾਂ ਜਿਹੜੇ ਪਰਮੇਸ਼ੁਰ ਦੇ ਪੁੱਤਰ ਵਿੱਚ ਵਿਸ਼ਵਾਸ ਰੱਖਦੇ ਹੋ। ਇਹ ਮੈਂ ਇਸ ਲਈ ਲਿਖ ਰਿਹਾ ਹਾਂ ਤਾਂ ਤੁਹਾਨੂੰ ਪਤਾ ਲੱਗ ਸੱਕੇ ਕਿ ਸਦੀਪਕ ਜੀਵਨ ਤੁਹਾਡਾ ਹੈ। 14 ਇਸ ਲਈ ਅਸੀਂ ਪਰਮੇਸ਼ੁਰ ਕੋਲ ਇਸ ਵਿਸ਼ਵਾਸ ਨਾਲ ਆ ਸੱਕਦੇ ਹਾਂ ਕਿ ਜਦੋਂ ਅਸੀਂ ਉਸਦੀ ਰਜ਼ਾ ਅਨੁਸਾਰ ਉਸਤੋਂ ਕੁਝ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ। 15 ਇਸ ਲਈ ਸਾਨੂੰ ਪਤਾ ਹੈ ਕਿ ਜਦੋਂ ਵੀ ਅਸੀਂ ਉਸ ਪਾਸੋਂ ਕੁਝ ਮੰਗਦੇ ਹਾਂ, ਉਹ ਸਾਨੂੰ ਸੁਣਦਾ ਹੈ। ਤਾਂ ਸਾਨੂੰ ਪਤਾ ਹੈ ਕਿ ਉਹ ਸਾਨੂੰ ਉਹ ਦਿੰਦਾ ਹੈ ਜੋ ਅਸੀਂ ਉਸ ਪਾਸੋਂ ਮੰਗਦੇ ਹਾਂ।

16 ਜੇਕਰ ਕੋਈ ਇਹ ਵੇਖਦਾ ਹੈ ਕਿ ਉਸਦਾ ਭਰਾ ਜਾਂ ਭੈਣ ਕੋਈ ਅਜਿਹਾ ਪਾਪ ਕਰ ਰਿਹਾ ਹੈ ਜੋ ਉਸ ਨੂੰ ਮੌਤ ਵੱਲ ਨਹੀਂ ਲਿਜਾਂਦਾ, ਫ਼ੇਰ ਉਸ ਨੂੰ ਆਪਣੇ ਭਰਾ ਜਾਂ ਭੈਣ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਪਰਮੇਸ਼ੁਰ ਉਸ ਨੂੰ ਜੀਵਨ ਪ੍ਰਦਾਨ ਕਰੇਗਾ। ਮੈਂ ਉਨ੍ਹਾਂ ਲੋਕਾਂ ਬਾਰੇ ਗੱਲ ਕਰ ਰਿਹਾ ਹਾਂ ਜਿਹੜੇ ਪਾਪ ਕਰਦੇ ਹਨ ਪਰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਮੌਤ ਯੋਗ ਨਹੀਂ ਹੈ। ਇੱਥੇ ਅਜਿਹੇ ਪਾਪ ਜਿਹੜੇ ਸਜ਼ਾ ਦੇ ਤੌਰ ਤੇ ਮੌਤ ਵਿੱਚ ਮੁੱਕਦੇ ਹਨ। ਮੈਂ ਤੁਹਾਨੂੰ ਇਸ ਪਾਪ ਬਾਰੇ ਪ੍ਰਾਰਥਨਾ ਕਰਨ ਲਈ ਨਹੀਂ ਕਹਿ ਰਿਹਾ। 17 ਕੁਝ ਬੁਰਾ ਕਰਨਾ ਹਮੇਸ਼ਾ ਪਾਪ ਹੈ। ਪਰ ਅਜਿਹੇ ਪਾਪ ਵੀ ਹਨ ਜਿਹੜੇ ਸਦੀਵੀ ਮੌਤ ਵੱਲ ਨਹੀਂ ਲਿਜਾਂਦੇ।

18 ਅਸੀਂ ਜਾਣਦੇ ਹਾਂ ਕਿ ਜੇ ਕੋਈ ਵਿਅਕਤੀ ਪਰਮੇਸ਼ੁਰ ਦਾ ਬੱਚਾ ਬਣ ਗਿਆ ਹੈ ਉਹ ਪਾਪ ਕਰਨਾ ਜਾਰੀ ਨਹੀਂ ਰੱਖਦਾ। ਪਰਮੇਸ਼ੁਰ ਦਾ ਪੁੱਤਰ ਉਸ ਨੂੰ ਸੁਰੱਖਿਅਤ ਰੱਖਦਾ ਹੈ, ਅਤੇ ਦੁਸ਼ਟ (ਸ਼ੈਤਾਨ) ਅਜਿਹੇ ਵਿਅਕਤੀ ਨੂੰ ਹਾਨੀ ਨਹੀਂ ਪਹੁੰਚਾ ਸੱਕਦਾ। 19 ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਲੋਕ ਹਾਂ ਪਰ ਦੁਸ਼ਟ (ਸ਼ੈਤਾਨ) ਸਾਰੀ ਦੁਨੀਆਂ ਨੂੰ ਨਿਯੰਤ੍ਰਣ ਵਿੱਚ ਰੱਖਦਾ ਹੈ। 20 ਅਸੀਂ ਇਹ ਵੀ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਪੁੱਤਰ ਆ ਚੁੱਕਿਆ ਹੈ ਅਤੇ ਸਾਨੂੰ ਸਿਆਣਪ ਦਿੱਤੀ ਹੈ ਤਾਂ ਜੋ ਹੁਣ ਅਸੀਂ ਉਸ ਇੱਕ ਸੱਚੇ ਨੂੰ ਜਾਣ ਸੱਕਦੇ ਹਾਂ। ਅਤੇ ਅਸਲ ਵਿੱਚ ਸਾਡੀਆਂ ਜ਼ਿੰਦਗੀਆਂ ਉਸ ਇੱਕ ਸੱਚੇ ਵਿੱਚ ਹਨ। ਉਹੀ ਸੱਚਾ ਪਰਮੇਸ਼ੁਰ ਹੈ ਅਤੇ ਉਹੀ ਸਦੀਪਕ ਜੀਵਨ ਹੈ। 21 ਇਸ ਲਈ ਮੇਰੇ ਬੱਚਿਓ, ਆਪਣੇ ਆਪ ਨੂੰ ਝੂਠੇ ਦੇਵਤਿਆਂ ਤੋਂ ਦੂਰ ਰੱਖੋ।

Punjabi Bible: Easy-to-Read Version (ERV-PA)

2010 by World Bible Translation Center