Print Page Options
Previous Prev Day Next DayNext

Read the New Testament in 24 Weeks

A reading plan that walks through the entire New Testament in 24 weeks of daily readings.
Duration: 168 days
Punjabi Bible: Easy-to-Read Version (ERV-PA)
Version
ਮੱਤੀ 16-17

ਯਹੂਦੀ ਆਗੂਆਂ ਨੇ ਯਿਸੂ ਦਾ ਇਮਤਿਹਾਨ ਲਿਆ(A)

16 ਫ਼ਰੀਸੀਆਂ ਅਤੇ ਸਦੂਕੀਆਂ ਨੇ ਯਿਸੂ ਕੋਲ ਆਕੇ ਪਰਤਾਉਣ ਲਈ ਉਸ ਅੱਗੇ ਪ੍ਰਾਰਥਨਾ ਕੀਤੀ ਕਿ ਸਾਨੂੰ ਕੋਈ ਚਮਤਕਾਰੀ ਨਿਸ਼ਾਨ ਵਿਖਾਓ।

ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਜਦੋਂ ਤੁਸੀਂ ਡੁੱਬਦੇ ਸੂਰਜ ਨੂੰ ਵੇਖਦੇ ਹੋ, ਤਾਂ ਤੁਸੀਂ ਜਾਣਦੇ ਹੋ ਕਿ ਮੌਸਮ ਕਿਵੇਂ ਦਾ ਹੋਵੇਗਾ। ਜੇਕਰ ਅਕਾਸ਼ ਲਾਲ ਹੋਵੇ, ਤਾਂ ਤੁਸੀਂ ਆਖਦੇ ਹੋ ਕਿ ਮੌਸਮ ਚੰਗਾ ਹੋਵੇਗਾ। ਅਤੇ ਜੇਕਰ ਸਵੇਰੇ ਅਕਾਸ਼ ਲਾਲ ਅਤੇ ਬੱਦਲਵਾਈ ਹੋਵੇ ਤਾਂ ਤੁਸੀਂ ਆਖਦੇ ਹੋ ਕਿ ਇਹ ਮੀਂਹ ਵਾਲਾ ਦਿਨ ਹੋਵੇਗਾ। ਇਹ ਸਭ ਮੌਸਮ ਦੇ ਦਿਨ ਹਨ। ਜਿਵੇਂ ਤੁਸੀਂ ਇਨ੍ਹਾਂ ਸਾਰੇ ਦਿਨਾਂ ਦੇ ਅਕਾਸ਼ ਨੂੰ ਵੇਖਦੇ ਹੋ ਅਤੇ ਜਾਣਦੇ ਹੋ ਕਿ ਇਨ੍ਹਾਂ ਦੇ ਕੀ ਅਰਥ ਹਨ ਤਿਵੇਂ ਹੀ, ਜੋ ਕੁਝ ਹੁਣ ਵਾਪਰ ਰਿਹਾ ਹੈ, ਇਹ ਵੀ ਸਭ ਨਿਸ਼ਾਨ ਹਨ, ਪਰ ਤੁਸੀਂ ਇਨ੍ਹਾਂ ਨਿਸ਼ਾਨਾਂ ਤੋਂ ਅਨਜਾਣ ਹੋ। ਇਸ ਪੀੜ੍ਹੀ ਦੇ ਦੁਸ਼ਟ ਅਤੇ ਪਾਪੀ ਲੋਕ ਚਮਤਕਾਰ ਚਾਹੁੰਦੇ ਹਨ ਪਰ ਲੋਕਾਂ ਨੂੰ ਯੂਨਾਹ ਦੇ ਨਿਸ਼ਾਨ ਤੋਂ ਬਿਨਾ ਹੋਰ ਕੋਈ ਨਿਸ਼ਾਨ ਨਹੀਂ ਵਿਖਾਇਆ ਜਾਵੇਗਾ।” ਤਦ ਉਹ ਉਨ੍ਹਾਂ ਨੂੰ ਛੱਡ ਕੇ ਚੱਲਿਆ ਗਿਆ।

ਯਿਸੂ ਦੀ ਯਹੂਦੀ ਆਗੂਆਂ ਦੇ ਵਿਰੁੱਧ ਚਿਤਾਵਨੀ(B)

ਚੇਲਿਆਂ ਨੇ ਝੀਲ ਪਾਰ ਕਰ ਲਈ, ਪਰ ਰੋਟੀ ਲਿਆਉਣੀ ਭੁੱਲ ਗਏ। ਇਸ ਲਈ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਸਚੇਤ ਰਹੋ! ਫ਼ਰੀਸੀਆਂ ਅਤੇ ਸਦੂਕੀਆਂ ਦੇ ਖਮੀਰ ਤੋਂ ਆਪਣੇ-ਆਪ ਨੂੰ ਬਚਾਓ।”

ਚੇਲਿਆਂ ਨੇ ਇੱਕ ਦੂਜੇ ਨਾਲ ਵਿੱਚਾਰ ਕੀਤਾ ਅਤੇ ਆਖਿਆ, “ਉਸਨੇ ਅਜਿਹਾ ਇਸ ਲਈ ਆਖਿਆ ਹੋਵੇਗਾ ਕਿਉਂ ਕਿ ਅਸੀਂ ਰੋਟੀ ਲਿਆਉਣੀ ਭੁੱਲ ਗਏ ਹਾਂ?”

ਪਰ ਯਿਸੂ ਨੇ ਇਹ ਜਾਣਕੇ ਕਿਹਾ, “ਹੇ ਥੋੜੀ ਪਰਤੀਤ ਵਾਲਿਓ, ਤੁਸੀਂ ਰੋਟੀ ਨਾ ਹੋਣ ਕਰਕੇ ਆਪਸ ਵਿੱਚ ਕੀ ਵਿੱਚਾਰਾਂ ਕਰਦੇ ਪਏ ਹੋ? ਕੀ ਅਜੇ ਵੀ ਤੁਸੀਂ ਨਹੀਂ ਸਮਝੇ? ਕੀ ਤੁਹਾਨੂੰ ਯਾਦ ਨਹੀਂ ਕਿ ਮੈਂ ਪੰਜ ਰੋਟੀਆਂ ਨਾਲ ਪੰਜ ਹਜ਼ਾਰ ਲੋਕਾਂ ਦੀ ਭੁੱਖ ਮਿਟਾਈ ਸੀ? ਕੀ ਤੁਹਾਨੂੰ ਯਾਦ ਨਹੀਂ ਕਿ ਬਚੇ ਹੋਏ ਭੋਜਨ ਨਾਲ ਤੁਸੀਂ ਕਿੰਨੇ ਟੋਕਰੇ ਭਰੇ ਸਨ। 10 ਕੀ ਤੁਹਾਨੂੰ ਯਾਦ ਨਹੀਂ ਮੈਂ ਸੱਤਾਂ ਰੋਟੀਆਂ ਨਾਲ ਚਾਰ ਹਜ਼ਾਰ ਲੋਕਾਂ ਦੀ ਭੁੱਖ ਮਿਟਾਈ ਸੀ? ਕੀ ਤੁਹਾਨੂੰ ਯਾਦ ਨਹੀਂ ਕਿ ਬਚੇ ਹੋਏ ਭੋਜਨ ਨਾਲ ਤੁਸੀਂ ਕਿੰਨੇ ਟੋਕਰੇ ਭਰੇ ਸਨ? 11 ਤਾਂ ਤੁਸੀਂ ਕਿਉਂ ਨਹੀਂ ਸਮਝਦੇ ਕਿ ਮੈਂ ਤੁਹਾਨੂੰ ਰੋਟੀ ਬਾਰੇ ਨਹੀਂ ਆਖ ਰਿਹਾ ਸੀ? ਪਰ ਮੈਂ ਤੁਹਾਨੂੰ ਫ਼ਰੀਸੀਆਂ ਅਤੇ ਸਦੂਕੀਆਂ ਦੇ ਖਮੀਰ ਬਾਰੇ ਹੁਸ਼ਿਆਰ ਰਹਿਣ ਲਈ ਕਹਿ ਰਿਹਾ ਸੀ।”

12 ਫ਼ੇਰ ਉਹ ਚੇਲੇ ਜਾਣ ਗਏ ਕਿ ਉਹ ਉਨ੍ਹਾਂ ਨੂੰ ਰੋਟੀ ਵਿੱਚ ਵਰਤੇ ਜਾਣ ਵਾਲੇ ਖਮੀਰ ਤੋਂ ਸਾਵੱਧਾਨ ਰਹਿਣ ਲਈ ਨਹੀਂ ਆਖ ਰਿਹਾ ਸੀ। ਅਸਲ ਵਿੱਚ ਉਹ ਉਨ੍ਹਾਂ ਨੂੰ ਫ਼ਰੀਸੀਆਂ ਅਤੇ ਸਦੂਕੀਆਂ ਦੇ ਉਪਦੇਸ਼ਾਂ ਦੇ ਖਿਲਾਫ਼ ਆਪਣੇ-ਆਪ ਦੀ ਰੱਖਿਆ ਕਰਨ ਲਈ ਕਹਿ ਰਿਹਾ ਸੀ।

ਪਤਰਸ ਨੇ ਕਿਹਾ ਯਿਸੂ ਹੀ ਮਸੀਹ ਹੈ(C)

13 ਕੈਸਰੀਆ ਫ਼ਿਲਿੱਪੀ ਦੇ ਇਲਾਕੇ ਵਿੱਚ ਆਕੇ ਯਿਸੂ ਨੇ ਆਪਣੇ ਚੇਲਿਆਂ ਨੂੰ ਪੁੱਛਿਆ, “ਲੋਕੀਂ ਕਿਸਨੂੰ ਆਖਦੇ ਹਨ ਕਿ ਉਹ ਮਨੁੱਖ ਦਾ ਪੁੱਤਰ ਹੈ?”

14 ਉਹ ਬੋਲੇ, “ਕੋਈ ਤਾਂ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਕਹਿੰਦੇ ਹਨ ਅਤੇ ਕੋਈ ਏਲੀਯਾਹ ਅਤੇ ਕੋਈ ਯਿਰਮਿਯਾਹ ਜਾਂ ਨਬੀਆਂ ਵਿੱਚੋਂ ਕਿਸੇ ਇੱਕ ਨੂੰ।”

15 ਉਸ ਨੇ ਉਨ੍ਹਾਂ ਨੂੰ ਕਿਹਾ, “ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ?”

16 ਸ਼ਮਊਨ ਪਤਰਸ ਨੇ ਉੱਤਰ ਦਿੱਤਾ, “ਤੁਸੀਂ ਮਸੀਹ ਹੋ, ਜਿਉਂਦੇ ਪਰਮੇਸ਼ੁਰ ਦੇ ਪੁੱਤਰ ਹੋ।”

17 ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਤੂੰ ਧੰਨ ਹੈ ਯੂਨਾਹ ਦੇ ਪੁੱਤਰ ਸ਼ਮਊਨ। ਕਿਉਂਕਿ ਇਹ ਗੱਲ ਤੈਨੂੰ ਮਨੁੱਖ ਦੁਆਰਾ ਨਹੀਂ ਪ੍ਰਗਟਾਈ ਗਈ ਸਗੋਂ ਮੇਰੇ ਪਿਤਾ ਦੁਆਰਾ ਜੋ ਕਿ ਸਵਰਗ ਵਿੱਚ ਹੈ। 18 ਮੈਂ ਵੀ ਤੈਨੂੰ ਆਖਦਾ ਹਾਂ ਕਿ ਤੂੰ ਪਤਰਸ ਹੈਂ, ਅਤੇ ਮੈਂ ਆਪਣੀ ਕਲੀਸਿਯਾ ਇਸ ਚੱਟਾਨ ਉੱਪਰ ਬਨਾਵਾਂਗਾ। ਮੌਤ ਦੀ ਸ਼ਕਤੀ ਕਦੀ ਵੀ ਮੇਰੀ ਕਲੀਸਿਯਾ ਨੂੰ ਹਰਾਉਣ ਦੇ ਕਾਬਿਲ ਨਹੀਂ ਹੋਵੇਗੀ। 19 ਮੈਂ ਤੈਨੂੰ ਸਵਰਗ ਦੇ ਰਾਜ ਦੀਆਂ ਕੁੰਜੀਆਂ ਦੇਵਾਂਗਾ। ਜੋ ਨਿਆਂ ਤੂੰ ਧਰਤੀ ਉੱਤੇ ਕਰੇਂਗਾ ਪਰਮੇਸ਼ੁਰ ਦੁਆਰਾ ਕੀਤਾ ਨਿਆਂ ਹੋਵੇਗਾ। ਜਿਸ ਮੁਆਫ਼ੀ ਦਾ ਇਕਰਾਰ ਤੂੰ ਧਰਤੀ ਤੇ ਕਰੇਂਗਾ ਉਹ ਪਰਮੇਸ਼ੁਰ ਦੁਆਰਾ ਦਿੱਤੀ ਗਈ ਮਾਫ਼ੀ ਹੋਵੇਗੀ।”

20 ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਖਬਰਦਾਰ ਕੀਤਾ ਕਿ ਉਹ ਕਿਸੇ ਨੂੰ ਨਾ ਕਹਿਣ ਕਿ ਉਹੀ ਮਸੀਹ ਹੈ।

ਯਿਸੂ ਆਪਣੀ ਮੌਤ ਬਾਰੇ ਅਗੰਮ ਵਾਕ ਕਰਦਾ(D)

21 ਉਸ ਸਮੇਂ ਤੋਂ, ਯਿਸੂ ਨੇ ਆਪਣੇ ਚੇਲਿਆਂ ਨੂੰ ਵਰਨਣ ਕਰਨਾ ਸ਼ੁਰੂ ਕੀਤਾ ਕਿ ਉਸ ਨੂੰ ਯਰੂਸ਼ਲਮ ਜਰੂਰ ਜਾਣਾ ਪਵੇਗਾ, ਅਤੇ ਬਜੁਰਗ ਯਹੂਦੀ ਆਗੂਆਂ, ਪਰਧਾਨ ਜਾਜਕਾਂ, ਅਤੇ ਨੇਮ ਦੇ ਉਪਦੇਸ਼ਕਾਂ ਦੁਆਰਾ ਬਹੁਤ ਕਸ਼ਟ ਝੱਲਣੇ ਪੈਣਗੇ। ਅਤੇ ਇਹ ਵੀ ਦੱਸਿਆ ਕਿ ਉਹ ਮਾਰਿਆ ਜਾਵੇਗਾ ਪਰ ਮਰਨ ਦੇ ਤੀਜੇ ਦਿਨ ਉਹ ਫ਼ੇਰ ਜੀ ਉੱਠੇਗਾ।

22 ਤਦ ਪਤਰਸ ਉਸ ਨੂੰ ਇੱਕ ਪਾਸੇ ਲਿਜਾਕੇ ਝਿੜਕਣ ਲੱਗਾ, “ਪ੍ਰਭੂ, ਪਰਮੇਸ਼ੁਰ ਤੁਹਾਨੂੰ ਉਨ੍ਹਾਂ ਗੱਲਾਂ ਤੋਂ ਬਚਾਵੇ। ਇਹ ਕਦੇ ਵੀ ਤੁਹਾਡੇ ਨਾਲ ਨਾ ਵਾਪਰੇ!”

23 ਯਿਸੂ ਮੁੜਿਆ ਅਤੇ ਪਤਰਸ ਨੂੰ ਆਖਿਆ, “ਹੇ ਸ਼ੈਤਾਨ, ਮੈਥੋਂ ਦੂਰ ਚੱਲਿਆ ਜਾ। ਤੂੰ ਮੇਰੀ ਸਹਾਇਤਾ ਨਹੀਂ ਕਰ ਰਿਹਾ, ਤੂੰ ਪਰਮੇਸ਼ੁਰ ਦੇ ਬਚਨਾਂ ਦਾ ਧਿਆਨ ਨਹੀਂ ਕਰ ਰਿਹਾ ਸਗੋਂ ਤੂੰ ਉਨ੍ਹਾਂ ਗੱਲਾਂ ਲਈ ਫ਼ਿਕਰਮੰਦ ਹੈਂ ਜਿਨ੍ਹਾਂ ਨੂੰ ਲੋਕ ਜਰੂਰੀ ਸਮਝਦੇ ਹਨ।”

24 ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ, ਤਾਂ ਉਸ ਨੂੰ ਉਨ੍ਹਾਂ ਗੱਲਾਂ ਨੂੰ ‘ਨਾਂਹ’ ਆਖਣੀ ਪਵੇਗੀ ਜਿਨ੍ਹਾਂ ਨੂੰ ਉਹ ਚਾਹੁੰਦਾ ਹੈ। ਉਸ ਵਿਅਕਤੀ ਨੂੰ ਉਹ ਸਲੀਬ ਕਬੂਲ ਕਰਨੀ ਚਾਹੀਦੀ ਹੈ ਜੋ ਉਸ ਨੂੰ ਦਿੱਤੀ ਗਈ ਹੈ ਅਤੇ ਮੇਰਾ ਪਿੱਛਾ ਕਰਨਾ ਚਾਹੀਦਾ ਹੈ। 25 ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣਾ ਚਾਹੇਗਾ ਉਹ ਉਸ ਨੂੰ ਗੁਆ ਦੇਵੇਗਾ। ਅਤੇ ਹਰ ਉਹ ਵਿਅਕਤੀ ਜੋ ਮੇਰੇ ਲਈ ਆਪਣੀ ਜਾਨ ਗੁਆਵੇਗਾ ਉਹ ਉਸ ਨੂੰ ਪਾ ਲਵੇਗਾ। 26 ਕਿਸੇ ਵਿਅਕਤੀ ਨੂੰ ਕੀ ਲਾਭ ਹੋਵੇਗਾ ਜੇਕਰ ਉਹ ਸਾਰੀ ਦੁਨੀਆਂ ਜਿੱਤ ਲਵੇ, ਪਰ ਆਪਣੇ ਪ੍ਰਾਣ ਗੁਆ ਲਵੇ? ਵਿਅਕਤੀ ਆਪਣੇ ਪ੍ਰਾਣ ਵਾਪਸ ਲੈਣ ਲਈ ਕੁਝ ਵੀ ਨਹੀਂ ਦੇ ਸੱਕਦਾ। 27 ਮਨੁੱਖ ਦਾ ਪੁੱਤਰ ਆਪਣੇ ਦੂਤਾਂ ਸਮੇਤ ਅਤੇ ਪਿਤਾ ਦੀ ਮਹਿਮਾ ਨਾਲ ਮੁੜ ਆਵੇਗਾ। ਅਤੇ ਉਸ ਵਕਤ ਮਨੁੱਖ ਦਾ ਪੁੱਤਰ ਹਰ ਇੱਕ ਨੂੰ ਉਸਦੀ ਕਰਨੀ ਦਾ ਫ਼ਲ ਦੇਵੇਗਾ। 28 ਮੈਂ ਸੱਚ-ਮੁੱਚ ਤੁਹਾਨੂੰ ਸੱਚ ਆਖਦਾ ਹਾਂ ਕਿ ਇੱਥੇ ਖੜ੍ਹੇ ਲੋਕਾਂ ਵਿੱਚੋਂ ਕੁਝ ਲੋਕ ਮਰਨ ਤੋਂ ਪਹਿਲਾਂ ਮਨੁੱਖ ਦੇ ਪੁੱਤਰ ਨੂੰ ਆਪਣੇ ਰਾਜ ਨਾਲ ਆਉਂਦਾ ਦੇਖਣਗੇ।”

ਯਿਸੂ ਮੂਸਾ ਅਤੇ ਏਲੀਯਾਹ ਦੇ ਨਾਲ(E)

17 ਛੇਆਂ ਦਿਨਾਂ ਬਾਅਦ, ਯਿਸੂ ਨੇ ਪਤਰਸ, ਯਾਕੂਬ ਅਤੇ ਉਸ ਦੇ ਭਰਾ ਯੂਹੰਨਾ ਨੂੰ ਲਿਆ ਅਤੇ ਉਨ੍ਹਾਂ ਨੂੰ ਇੱਕ ਉੱਚੇ ਪਹਾੜ ਤੇ ਲੈ ਗਿਆ। ਉਨ੍ਹਾਂ ਚੇਲਿਆਂ ਦੇ ਸਾਹਮਣੇ ਯਿਸੂ ਬਦਲ ਗਿਆ। ਉਸਦਾ ਮੁਖ ਸੂਰਜ ਵਾਂਗ ਚਮਕਿਆ ਅਤੇ ਉਸ ਦੇ ਕੱਪੜੇ ਚਾਨਣ ਵਰਗੇ ਚਿੱਟੇ ਹੋ ਗਏ। ਫ਼ੇਰ ਉਨ੍ਹਾਂ ਦੋ ਆਦਮੀ, ਮੂਸਾ ਅਤੇ ਏਲੀਯਾਹ, ਯਿਸੂ ਨਾਲ ਗੱਲਾਂ ਕਰਦੇ ਹੋਏ ਨਜ਼ਰ ਆਏ।

ਤਦ ਪਤਰਸ ਨੇ ਅੱਗੋਂ ਯਿਸੂ ਨੂੰ ਆਖਿਆ, “ਪ੍ਰਭੂ ਜੀ ਸਾਡਾ ਇੱਥੇ ਹੋਣਾ ਚੰਗਾ ਹੈ। ਜੇ ਤੁਸੀਂ ਚਾਹੋਂ ਤਾਂ ਇੱਥੇ ਤਿੰਨ ਡੇਰੇ ਬਨਾਵਾਂ, ਇੱਕ ਤੁਹਾਡੇ ਲਈ ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ।”

ਅਜੇ ਪਤਰਸ ਬੋਲ ਹੀ ਰਿਹਾ ਸੀ ਕਿ ਇੱਕ ਜੋਤਮਾਨ ਬੱਦਲ ਨੇ ਉਨ੍ਹਾਂ ਉੱਪਰ ਛਾਂ ਕੀਤੀ ਅਤੇ ਉਸ ਬੱਦਲ ਵਿੱਚੋਂ ਇੱਕ ਅਵਾਜ਼ ਇਹ ਕਹਿੰਦੀ ਆਈ ਕਿ, “ਇਹ ਮੇਰਾ ਪੁੱਤਰ ਹੈ ਅਤੇ ਮੈਂ ਇਸ ਨੂੰ ਪਿਆਰ ਕਰਦਾ ਹਾਂ।”

ਜਦੋਂ ਚੇਲਿਆਂ ਨੇ ਇਹ ਅਵਾਜ਼ ਸੁਣੀ ਤਾਂ ਉਹ ਘਬਰਾ ਗਏ। ਉਹ ਮੂਧੇ ਮੂੰਹ ਡਿੱਗ ਪਏ। ਪਰ ਯਿਸੂ ਨੇ ਨੇੜੇ ਆਕੇ ਉਨ੍ਹਾਂ ਨੂੰ ਛੋਹਿਆ ਅਤੇ ਕਿਹਾ, “ਉੱਠੋ ਅਤੇ ਡਰੋ ਨਾ।” ਤਦ ਉਨ੍ਹਾਂ ਨੇ ਆਪਣੀਆਂ ਅੱਖਾਂ ਚੁੱਕੀਆਂ ਤਾਂ ਉੱਥੇ ਹੋਰ ਕਿਸੇ ਨੂੰ ਨਹੀਂ ਸਿਰਫ਼ ਯਿਸੂ ਨੂੰ ਇੱਕਲਾ ਦੇਖਿਆ।

ਜਦੋਂ ਯਿਸੂ ਅਤੇ ਉਸ ਦੇ ਚੇਲੇ ਪਹਾੜ ਤੋਂ ਹੇਠਾਂ ਆ ਰਹੇ ਸਨ, ਯਿਸੂ ਨੇ ਉਨ੍ਹਾਂ ਨੂੰ ਆਦੇਸ਼ ਦਿੱਤਾ, “ਜਦ ਤੀਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਨਾ ਜੀ ਉੱਠੇ, ਉਸ ਦਰਸ਼ਨ ਦੀ ਗੱਲ ਕਿਸੇ ਨੂੰ ਨਹੀਂ ਦੱਸਣਾ।”

10 ਤਦ ਉਸ ਦੇ ਚੇਲਿਆਂ ਨੇ ਉਸਤੋਂ ਪੁੱਛਿਆ, “ਫ਼ੇਰ ਨੇਮ ਦੇ ਉਪਦੇਸ਼ਕ ਇਹ ਕਿਉਂ ਆਖਦੇ ਹਨ ਕਿ ਮਸੀਹ ਦੇ ਆਉਣ ਤੋਂ ਪਹਿਲਾਂ ਏਲੀਯਾਹ ਦਾ ਆਉਣਾ ਜ਼ਰੂਰੀ ਹੈ?”

11 ਯਿਸੂ ਨੇ ਉੱਤਰ ਦਿੱਤਾ, “ਉਹ ਠੀਕ ਆਖਦੇ ਹਨ ਕਿ ਉਹ ਆਵੇਗਾ ਅਤੇ ਸਭ ਕੁਝ ਬਹਾਲ ਕਰੇਗਾ। 12 ਪਰ ਮੈਂ ਤੁਹਾਨੂੰ ਆਖਦਾ ਹਾਂ, ਕਿ ਏਲੀਯਾਹ ਪਹਿਲਾਂ ਹੀ ਆ ਚੁੱਕਿਆ ਹੈ ਪਰ ਉਨ੍ਹਾਂ ਨੇ ਉਸ ਨੂੰ ਨਹੀਂ ਪਛਾਣਿਆ। ਅਤੇ ਜੋ ਬਦੀ ਲੋਕ ਕਰ ਸੱਕਦੇ ਸਨ, ਉਨ੍ਹਾਂ ਨੇ ਉਸ ਨਾਲ ਕੀਤੀ। ਇਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਉਨ੍ਹਾਂ ਹੱਥੋਂ ਦੁੱਖ ਪਾਵੇਗਾ।” 13 ਤਦ ਚੇਲਿਆਂ ਨੂੰ ਸਮਝ ਪਈ ਕਿ ਯਿਸੂ ਦਾ ਭਾਵ ਯੂਹੰਨਾ ਬਪਤਿਸਮਾ ਦੇਣ ਵਾਲੇ ਤੋਂ ਹੈ ਕਿ ਉਹੀ ਅਸਲ ਵਿੱਚ ਏਲੀਯਾਹ ਸੀ।

ਯਿਸੂ ਦਾ ਬਿਮਾਰ ਬੱਚੇ ਨੂੰ ਠੀਕ ਕਰਨਾ(F)

14 ਜਦ ਯਿਸੂ ਅਤੇ ਉਸ ਦੇ ਚੇਲੇ ਭੀੜ ਕੋਲ ਵਾਪਸ ਪਰਤੇ ਤਾਂ ਇੱਕ ਮਨੁੱਖ ਉਸ ਦੇ ਕੋਲ ਆਇਆ ਅਤੇ ਉਸ ਅੱਗੇ ਗੋਡੇ ਨਿਵਾਕੇ ਬੋਲਿਆ, 15 ਪ੍ਰਭੂ ਜੀ, “ਮੇਰੇ ਪੁੱਤਰ ਉੱਤੇ ਦਯਾ ਕਰੋ ਕਿਉਂਕਿ ਉਹ ਮਿਰਗੀ ਦੇ ਮਾਰੇ ਬਹੁਤ ਦੁੱਖ ਪਾਉਂਦਾ ਹੈ। ਉਹ ਤਾਂ ਬਹੁਤ ਵਾਰੀ ਅੱਗ ਵਿੱਚ ਜਾਂ ਪਾਣੀ ਵਿੱਚ ਡਿੱਗ ਪੈਂਦਾ ਹੈ। 16 ਮੈਂ ਉਸ ਨੂੰ ਤੁਹਾਡੇ ਚੇਲਿਆਂ ਕੋਲ ਲਿਆਇਆ ਸੀ, ਪਰ ਉਹ ਉਸ ਨੂੰ ਚੰਗਾ ਨਾ ਕਰ ਸੱਕੇ।”

17 ਤਦ ਯਿਸੂ ਨੇ ਉੱਤਰ ਦਿੱਤਾ, “ਤੁਹਾਨੂੰ ਵਿਸ਼ਵਾਸ ਨਹੀਂ ਹੈ। ਤੁਹਾਡਾ ਜੀਵਨ ਢੰਗ ਗਲਤ ਹੈ। ਕਿੰਨਾ ਚਿਰ ਮੈਨੂੰ ਤੁਹਾਡੇ ਨਾਲ ਰਹਿਣਾ ਪਵੇਗਾ? ਕਿੰਨਾ ਚਿਰ ਮੈਂ ਤੁਹਾਡੇ ਨਾਲ ਸਬਰ ਤੋਂ ਕੰਮ ਲਵਾਂਗਾ। ਬੱਚੇ ਨੂੰ ਇੱਥੇ ਲਿਆਓ।” 18 ਤਾਂ ਯਿਸੂ ਨੇ ਬੱਚੇ ਅੰਦਰਲੇ ਭੂਤ ਨੂੰ ਸਖਤੀ ਨਾਲ ਝਿੜਕਿਆ। ਭੂਤ ਬੱਚੇ ਵਿੱਚੋਂ ਬਾਹਰ ਆ ਗਿਆ ਅਤੇ ਉਸੇ ਘੜੀ ਬੱਚਾ ਚੰਗਾ ਹੋ ਗਿਆ।

19 ਫ਼ੇਰ ਜਦੋਂ ਯਿਸੂ ਇੱਕਲਾ ਸੀ ਚੇਲੇ ਉਸ ਕੋਲ ਆਏ ਅਤੇ ਪੁੱਛਿਆ, ਕਿ ਅਸੀਂ ਭੂਤ ਨੂੰ ਕਿਉਂ ਨਾ ਕੱਢ ਸੱਕੇ?

20 ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਉਸ ਬੱਚੇ ਵਿੱਚੋਂ ਭੂਤ ਕੱਢਣ ਵਿੱਚ ਇਸ ਲਈ ਨਾਕਾਮਯਾਬ ਰਹੇ ਕਿਉਂਕਿ ਤੁਹਾਡੀ ਨਿਹਚਾ ਕਮਜ਼ੋਰ ਸੀ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਤੁਹਾਡੇ ਵਿੱਚ ਸਰ੍ਹੋਂ ਦੇ ਦਾਣੇ ਜਿੰਨੀ ਵੀ ਵਿਸ਼ਵਾਸ ਹੋਵੇ ਤਾਂ ਤੁਸੀਂ ਇਸ ਪਹਾੜ ਨੂੰ ਵੀ ਜੇ ਕਹੋਂਗੇ, ‘ਇੱਥੋਂ ਹੱਟ ਕੇ ਉਸ ਥਾਂ ਚੱਲਾ ਜਾ’, ਤਾਂ ਉਹ ਚੱਲਿਆ ਜਾਵੇਗਾ ਅਤੇ ਤੁਹਾਡੇ ਲਈ ਕੋਈ ਵੀ ਕੰਮ ਅਨਹੋਣਾ ਨਹੀਂ ਹੋਵੇਗਾ।” 21 [a]

ਯਿਸੂ ਦਾ ਆਪਣੀ ਮੌਤ ਬਾਰੇ ਐਲਾਨ(G)

22 ਬਾਅਦ ਵਿੱਚ ਸਾਰੇ ਚੇਲੇ ਗਲੀਲ ਵਿੱਚ ਇਕੱਠੇ ਹੋਏ ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮਨੁੱਖ ਦਾ ਪੁੱਤਰ ਲੋਕਾਂ ਦੇ ਹੱਥ ਸੌਂਪ ਦਿੱਤਾ ਜਾਵੇਗਾ। 23 ਅਤੇ ਉਹ ਮਨੁੱਖ ਦੇ ਪੁੱਤਰ ਨੂੰ ਮਾਰ ਸੁੱਟਣਗੇ ਅਤੇ ਉਹ ਫ਼ਿਰ ਤੀਜੇ ਦਿਨ ਜੀ ਉੱਠੇਗਾ।” ਚੇਲੇ ਇਹ ਸੁਣਕੇ ਬੜੇ ਉਦਾਸ ਹੋਏ ਕਿ ਯਿਸੂ ਮਾਰਿਆ ਜਾਵੇਗਾ।

ਯਿਸੂ ਦਾ ਮਹਿਸੂਲ ਦੇਣ ਬਾਰੇ ਉਪਦੇਸ਼

24 ਯਿਸੂ ਅਤੇ ਉਸ ਦੇ ਚੇਲਿਆਂ ਦੇ ਕਫ਼ਰਨਾਹੂਮ ਆਉਣ ਤੋਂ ਬਾਅਦ, ਮੰਦਰ ਦਾ ਕਰ ਉਗਰਾਹੁਣ ਵਾਲੇ ਪਤਰਸ ਕੋਲ ਆਏ ਅਤੇ ਆਖਿਆ, “ਤੁਹਾਡਾ ਗੁਰੂ ਦੋ ਡ੍ਰਾਖਮਾ ਮੰਦਰ ਦਾ ਮਸੂਲ ਦਿੰਦਾ ਹੈ?”

25 ਪਤਰਸ ਨੇ ਉੱਤਰ ਦਿੱਤਾ, “ਹਾਂ, ਯਿਸੂ ਮਸੂਲ ਦਿੰਦਾ ਹੈ।”

ਜਦੋਂ ਪਤਰਸ ਘਰ ਅੰਦਰ ਆਇਆ, ਉਸ ਦੇ ਬੋਲਣ ਤੋਂ ਪਹਿਲਾਂ, ਯਿਸੂ ਬੋਲਿਆ ਅਤੇ ਉਸ ਨੂੰ ਪੁੱਛਿਆ, “ਸ਼ਮਊਨ, ਤੂੰ ਕੀ ਸੋਚਦਾ ਹੈਂ? ਧਰਤੀ ਦੇ ਰਾਜੇ ਕਿਨ੍ਹਾਂ ਤੋਂ ਕਰ ਅਤੇ ਮਸੂਲ ਵਸੂਲਦੇ ਹਨ। ਆਪਣੇ ਲੋਕਾਂ ਤੋਂ ਜਾਂ ਦੂਸਰਿਆਂ ਤੋਂ?”

26 ਪਤਰਸ ਨੇ ਜਵਾਬ ਦਿੱਤਾ, “ਉਹ ਹੋਰਾਂ ਤੋਂ ਮਸੂਲ ਵਸੂਲਦੇ ਹਨ।”

ਫ਼ਿਰ ਯਿਸੂ ਨੇ ਆਖਿਆ, “ਇਸ ਲਈ ਉਨ੍ਹਾਂ ਦੇ ਆਪਣੇ ਲੋਕਾਂ ਨੂੰ ਛੋਟ ਹੈ। 27 ਪਰ ਅਸੀਂ ਮਸੂਲੀਆਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ, ਇਸ ਲਈ ਇਸ ਢੰਗ ਨਾਲ ਮਸੂਲ ਅਦਾ ਕਰੋ, ਝੀਲ ਤੇ ਜਾਓ ਅਤੇ ਮੱਛੀਆਂ ਫ਼ੜੋ। ਜਿਹੜੀ ਮੱਛੀ ਤੂੰ ਪਹਿਲਾਂ ਫ਼ੜੇਂਗਾ ਉਸਦਾ ਮੂੰਹ ਖੋਲ੍ਹੀ ਅਤੇ ਚਾਰ ਦ੍ਰਾਖਮਾ ਦਾ ਇੱਕ ਸਿੱਕਾ ਮਿਲੇਗਾ। ਉਹ ਸਿੱਕਾ ਚੁੱਕੀ ਅਤੇ ਮਸੂਲੀਏ ਨੂੰ ਦੇ ਦੇਵੀਂ। ਇਸ ਨਾਲ ਮੇਰਾ ਤੇਰਾ ਮਸੂਲ ਦਿੱਤਾ ਜਾਵੇਗਾ।”

Punjabi Bible: Easy-to-Read Version (ERV-PA)

2010 by World Bible Translation Center