Read the New Testament in 24 Weeks
5 ਤੁਸੀਂ ਪਰਮੇਸ਼ੁਰ ਦੇ ਉਹ ਬੱਚੇ ਹੋ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ। 2 ਇਸ ਲਈ ਪਰਮੇਸ਼ੁਰ ਵਾਂਗ ਬਣਨ ਦੀ ਕੋਸ਼ਿਸ਼ ਕਰੋ। ਪ੍ਰੇਮ ਦਾ ਜੀਵਨ ਜੀਓ। ਹੋਰਾਂ ਨੂੰ ਉਸੇ ਤਰ੍ਹਾਂ ਪਿਆਰ ਕਰੋ ਜਿਵੇਂ ਮਸੀਹ ਨੇ ਤੁਹਾਨੂੰ ਪਿਆਰ ਕੀਤਾ। ਮਸੀਹ ਨੇ ਆਪਣੇ ਆਪ ਨੂੰ ਸਾਡੇ ਲਈ ਕੁਰਬਾਨ ਕੀਤਾ ਸੀ। ਉਹ ਪਰਮੇਸ਼ੁਰ ਨੂੰ ਚੜ੍ਹਾਈ ਗਈ ਚੰਗੀ ਸੁਗੰਧ ਅਤੇ ਇੱਕ ਕੁਰਬਾਨੀ ਸੀ।
3 ਤੁਹਾਡੇ ਵਿੱਚ ਜਿਨਸੀ ਪਾਪ ਨਹੀਂ ਹੋਣਾ ਚਾਹੀਦਾ। ਤੁਹਾਡੇ ਵਿੱਚ ਕਿਸੇ ਵੀ ਕਿਸਮ ਦੀ ਅਸ਼ੁੱਧਤਾ ਜਾਂ ਲਾਲਸਾ ਨਹੀਂ ਹੋਣੀ ਚਾਹੀਦੀ। ਤੁਹਾਨੂੰ ਇਨ੍ਹਾਂ ਬੁਰੀਆਂ ਗੱਲਾਂ ਬਾਰੇ ਗੱਲ ਵੀ ਨਹੀਂ ਕਰਨੀ ਚਾਹੀਦੀ। ਕਿਉਂ? ਕਿਉਂ ਕਿ ਇਹ ਗੱਲਾਂ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਲਈ ਸਹੀ ਨਹੀਂ ਹਨ। 4 ਇਸ ਤੋਂ ਇਲਾਵਾ ਤੁਹਾਡੇ ਦਰਮਿਆਨ ਭੱਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਤੁਹਾਨੂੰ ਕਦੇ ਵੀ ਮੂਰੱਖਤਾ ਭਰੇ ਬੋਲ ਨਹੀਂ ਬੋਲਣੇ ਚਾਹੀਦੇ ਤੇ ਨਾਂ ਗੰਦੇ ਮਜ਼ਾਕ ਕਰਨੇ ਚਾਹੀਦੇ ਹਨ। ਇਹ ਗੱਲਾਂ ਤੁਹਾਡੇ ਲਈ ਸਹੀ ਨਹੀਂ ਹਨ। ਪਰਮੇਸ਼ੁਰ ਨੂੰ ਧੰਨਵਾਦ ਦੇਣਾ ਹੀ ਤੁਹਾਡੇ ਲਈ ਸਹੀ ਹੈ। 5 ਤੁਸੀਂ ਇਸ ਬਾਰੇ ਨਿਸ਼ਚਿਤ ਹੋ ਸੱਕਦੇ ਹੋ। ਇੱਕ ਵਿਅਕਤੀ ਜਿਹੜਾ ਜਿਨਸੀ ਪਾਪ ਕਰਦਾ ਹੈ ਜਾਂ ਉਹ ਜੋ ਪਾਪ ਕਰਦਾ ਜਾਂ ਲੋਭੀ ਵਪਾਰੀ ਹੈ ਉਸ ਨੂੰ ਪਰਮੇਸ਼ੁਰ ਅਤੇ ਮਸੀਹ ਦੇ ਰਾਜ ਵਿੱਚ ਕੋਈ ਜਗ਼੍ਹਾ ਨਹੀਂ ਮਿਲੇਗੀ ਇੱਕ ਵਿਅਕਤੀ ਜਿਹੜਾ ਹਮੇਸ਼ਾ ਆਪਣੇ ਲਈ ਵੱਧ ਤੋਂ ਵੱਧ ਪ੍ਰਾਪਤ ਕਰਨ ਦੀ ਚਾਹਨਾ ਰੱਖਦਾ ਮੂਰਤੀ ਉਪਾਸੱਕ ਹੈ।
6 ਕਦੇ ਵੀ ਕਿਸੇ ਵਿਅਕਤੀ ਨੂੰ ਉਸ ਦੀਆਂ ਖੋਖਲੀਆਂ ਗੱਲਾਂ ਨਾਲ ਆਪਣੇ ਆਪ ਨੂੰ ਗੁਮਰਾਹ ਨਾ ਕਰਨ ਦਿਓ। ਇਹ ਬਦਕਾਰੀਆਂ ਪਰਮੇਸ਼ੁਰ ਨੂੰ ਉਨ੍ਹਾਂ ਲੋਕਾਂ ਉੱਪਰ ਕਹਿਰਵਾਨ ਕਰਦੀਆਂ ਹਨ ਜਿਹੜੇ ਉਸਦੀ ਆਗਿਆ ਦਾ ਪਾਲਨ ਨਹੀਂ ਕਰਦੇ। 7 ਇਸ ਲਈ ਉਨ੍ਹਾਂ ਨਾਲ ਇਹੋ ਜਿਹੀਆਂ ਗੱਲਾਂ ਨਾ ਕਰੋ। 8 ਅਤੀਤ ਵਿੱਚ, ਤੁਸੀਂ ਹਨੇਰੇ ਨਾਲ ਘਿਰੇ ਹੋਏ ਸੀ। ਪਰ ਹੁਣ ਤੁਸੀਂ ਪ੍ਰਭੂ ਵਿੱਚਲੀ ਰੋਸ਼ਨੀ ਨਾਲ ਭਰੇ ਹੋਏ ਹੋ। ਇਸ ਲਈ ਉਨ੍ਹਾਂ ਲੋਕਾਂ ਵਾਂਗ ਰਹੋ ਜਿਹੜੇ ਰੌਸ਼ਨੀ ਨਾਲ ਸੰਬੰਧ ਰੱਖਦੇ ਹਨ। 9 ਰੌਸ਼ਨੀ ਚੰਗਿਆਈ, ਧਰਮੀ ਜੀਵਨ ਅਤੇ ਸੱਚ ਦਿੰਦੀ ਹੈ। 10 ਸਿੱਖਣ ਦੀ ਕੋਸ਼ਿਸ਼ ਕਰੋ ਕਿ ਪ੍ਰਭੂ ਨੂੰ ਕੀ ਪ੍ਰਸੰਨ ਕਰਦਾ ਹੈ। 11 ਅਜਿਹੀਆਂ ਗੱਲਾਂ ਨਾ ਕਰੋ ਜਿਹੜੀਆਂ ਉਹ ਲੋਕ ਕਰਦੇ ਹਨ, ਜਿਹੜੇ ਹਨੇਰੇ ਵਿੱਚ ਹਨ। ਅਜਿਹੀਆਂ ਗੱਲਾਂ ਕੋਈ ਲਾਭ ਨਹੀਂ ਲਿਆਉਂਦੀਆਂ। ਪਰ ਇਹ ਦਰਸ਼ਾਉਣ ਲਈ ਚੰਗੀਆਂ ਗੱਲਾਂ ਕਰੋ ਕਿ ਹਨੇਰੇ ਵਿੱਚਲੀਆਂ ਗੱਲਾਂ ਗਲਤ ਹਨ। 12 ਉਨ੍ਹਾਂ ਗੱਲਾਂ ਬਾਰੇ ਬੋਲਣਾ ਵੀ ਸ਼ਰਮਨਾਕ ਹੈ ਜਿਹੜੀਆਂ ਹਨੇਰੇ ਵਿੱਚ ਕੀਤੀਆਂ ਜਾਂਦੀਆਂ ਹਨ। 13 ਪਰ ਜਦੋਂ ਅਸੀਂ ਦਰਸ਼ਾਉਂਦੇ ਹਾਂ ਕਿ ਇਹ ਗੱਲਾਂ ਗਲਤ ਹਨ, ਰੌਸ਼ਨੀ ਉਨ੍ਹਾਂ ਗੱਲਾਂ ਨੂੰ ਪ੍ਰਤੱਖ ਬਣਾ ਦਿੰਦੀ ਹੈ। 14 ਅਤੇ ਜਿਹੜੀ ਗੱਲ ਪ੍ਰਤੱਖ ਹੈ ਰੌਸ਼ਨੀ ਬਣ ਸੱਕਦੀ ਹੈ। ਇਸੇ ਲਈ ਅਸੀਂ ਆਖਦੇ ਹਾਂ:
“ਜਾਗੋ, ਤੁਸੀਂ ਸੁੱਤਿਓ ਬੰਦਿਓ!
ਮੌਤ ਤੋਂ ਜਿਉ,
ਅਤੇ ਮਸੀਹ ਤੁਹਾਡੇ ਉੱਪਰ ਚਮਕੇਗਾ।”
15 ਇਸ ਲਈ ਇਸ ਗੱਲੋਂ ਬਹੁਤ ਸਾਵੱਧਾਨ ਰਹੋ ਕਿ ਤੁਸੀਂ ਕਿਵੇਂ ਜਿਉਂਦੇ ਹੋ। ਗਿਆਨਹੀਣ ਬੰਦਿਆਂ ਦੇ ਢੰਗ ਵਾਂਗ ਨਾ ਜੀਓ। ਸਗੋਂ ਗਿਆਨਵਾਨ ਬਣਕੇ ਜੀਓ। 16 ਮੇਰਾ ਭਾਵ ਇਹ ਹੈ ਕਿ ਤੁਹਾਨੂੰ ਆਪਣੇ ਹਰ ਮੌਕੇ ਨੂੰ ਚੰਗੇ ਕੰਮ ਲਈ ਵਰਤਣਾ ਚਾਹੀਦਾ ਹੈ ਕਿਉਂਕਿ ਇਹ ਸਮੇਂ ਭ੍ਰਿਸ਼ਟ ਹਨ। 17 ਇਸ ਲਈ ਮੂਰੱਖਤਾ ਦਾ ਜੀਵਨ ਨਾ ਜੀਵੋ। ਪਰ ਉਹ ਗੱਲਾਂ ਸਿੱਖੋ ਜਿਹੜੀਆਂ ਪ੍ਰਭੂ ਤੁਹਾਡੇ ਪਾਸੋਂ ਕਰਵਾਉਣੀਆਂ ਚਾਹੁੰਦਾ ਹੈ। 18 ਮੈਅ ਨਾਲ ਸ਼ਰਾਬੀ ਨਾ ਹੋਵੋ। ਇਹ ਆਤਮਕ ਤੌਰ ਤੇ ਤੁਹਾਨੂੰ ਤਬਾਹ ਕਰ ਦੇਵੇਗੀ, ਪਰ ਇਸਦੀ ਜਗ਼੍ਹਾ ਆਤਮਾ ਨਾਲ ਭਰਪੂਰ ਹੋਵੇ। 19 ਇੱਕ ਦੂਸਰੇ ਨਾਲ ਭਜਨਾਂ, ਸ਼ਬਦਾਂ ਅਤੇ ਆਤਮਕ ਗੀਤਾਂ ਨਾਲ ਬੋਲੋ। ਆਪਣੇ ਦਿਲਾਂ ਵਿੱਚ ਪ੍ਰਭੂ ਲਈ ਗਾਓ ਅਤੇ ਸੰਗੀਤ ਛੇੜੋ। 20 ਹਰ ਚੀਜ਼ ਲਈ ਪਿਤਾ ਪਰਮੇਸ਼ੁਰ ਦਾ ਧੰਨਵਾਦ ਕਰੋ, ਉਸਦਾ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਤੇ ਧੰਨਵਾਦ ਕਰੋ।
ਪਤਨੀਆਂ ਅਤੇ ਪਤੀਆਂ
21 ਇੱਕ ਦੂਸਰੇ ਦੀ ਗੱਲ ਮੰਨਣ ਲਈ ਸਦਾ ਤਿਆਰ ਰਹੋ। ਅਜਿਹਾ ਇਸ ਲਈ ਕਰੋ ਕਿਉਂ ਜੋ ਤੁਸੀਂ ਮਸੀਹ ਦਾ ਆਦਰ ਕਰਦੇ ਹੋ।
22 ਪਤਨੀਓ, ਆਪਣੇ ਪਤੀਆਂ ਦੇ ਅਧਿਕਾਰਾਂ ਹੇਠਾਂ ਉਵੇਂ ਹੀ ਰਹੋ ਜਿਵੇਂ ਕਿ ਤੁਸੀਂ ਪ੍ਰਭੂ ਦੇ ਅਧਿਕਾਰ ਹੇਠਾਂ ਹੋ। 23 ਪਤੀ ਪਤਨੀ ਦਾ ਮੁਖੀਆ ਹੈ, ਜਿਵੇਂ ਕਿ ਮਸੀਹ ਕਲੀਸਿਯਾ ਦਾ ਮੁਖੀਆ ਹੈ। ਕਲੀਸਿਯਾ ਮਸੀਹ ਦਾ ਸਰੀਰ ਹੈ। ਮਸੀਹ ਸਰੀਰ ਦਾ ਰੱਖਿਅਕ ਹੈ। 24 ਕਲੀਸਿਯਾ ਮਸੀਹ ਦੇ ਅਧਿਕਾਰ ਹੇਠਾਂ ਹੈ। ਇਸ ਲਈ ਪਤਨੀਓ ਤੁਹਾਡੇ ਬਾਰੇ ਵੀ ਇਵੇਂ ਹੀ ਹੈ। ਤੁਹਾਨੂੰ ਹਰ ਗੱਲ ਵਿੱਚ ਆਪਣੇ ਪਤੀਆਂ ਦੇ ਅਧਿਕਾਰ ਹੇਠਾਂ ਹੋਣਾ ਚਾਹੀਦਾ ਹੈ।
25 ਪਤੀਓ, ਆਪਣੀਆਂ ਪਤਨੀਆਂ ਨੂੰ ਉਵੇਂ ਪਿਆਰ ਕਰੋ ਜਿਵੇਂ ਮਸੀਹ ਨੇ ਕਲੀਸਿਯਾ ਨਾਲ ਕੀਤਾ ਹੈ। ਮਸੀਹ ਕਲੀਸਿਯਾ ਲਈ ਮਰਿਆ ਸੀ। 26 ਉਹ ਕਲੀਸਿਯਾ ਨੂੰ ਆਪਣੀ ਸੇਵਾ ਵਾਸਤੇ ਸ਼ੁੱਧ ਬਨਾਉਣ ਲਈ ਮਰਿਆ ਸੀ। ਪਰ ਪਹਿਲਾਂ ਮਸੀਹ ਨੇ ਕਲੀਸਿਯਾ ਨੂੰ ਖੁਸ਼ਖਬਰੀ ਰਾਹੀਂ ਪਾਣੀ ਨਾਲ ਧੋਕੇ ਸਾਫ਼ ਕੀਤਾ। 27 ਮਸੀਹ ਮਰਿਆ ਤਾਂ ਜੋ ਉਹ ਕਲੀਸਿਯਾ ਨੂੰ ਆਪਣੇ ਆਪ ਲਈ ਇੱਕ ਵਹੁਟੀ ਵਾਂਗ ਮਹਿਮਾ ਨਾਲ ਸਮਰਪਿਤ ਕਰ ਸੱਕੇ ਜੋ ਮਹਿਮਾ (ਸੁੰਦਰਤਾ) ਨਾਲ ਭਰਪੂਰ ਹੈ। ਉਹ ਮਰਿਆ ਤਾਂ ਜੋ ਕਲੀਸਿਯਾ ਪਵਿੱਤਰ ਅਤੇ ਦੋਸ਼ ਰਹਿਤ ਹੋ ਸੱਕੇ ਅਤੇ ਬਦੀ ਤੋਂ ਬਿਨਾ ਹੋ ਸੱਕੇ ਜਾਂ ਪਾਪ ਜਾਂ ਹੋਰ ਕਿਸੇ ਵੀ ਗੱਲ ਤੋਂ ਜੋ ਗਲਤ ਹੈ।
28 ਅਤੇ ਪਤੀਆਂ ਨੂੰ ਆਪਣੀਆਂ ਪਤਨੀਆਂ ਨੂੰ ਇਸੇ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੀਆਂ ਪਤਨੀਆਂ ਨੂੰ ਉਵੇਂ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਉਹ ਆਪਣੇ ਸਰੀਰ ਨੂੰ ਪਿਆਰ ਕਰਦੇ ਹਨ। ਜਿਹੜਾ ਵਿਅਕਤੀ ਆਪਣੀ ਪਤਨੀ ਨੂੰ ਪਿਆਰ ਕਰਦਾ ਹੈ ਉਹ ਆਪਣੇ ਆਪ ਨੂੰ ਪਿਆਰ ਕਰਦਾ ਹੈ। 29 ਕਿਉਂ ਕਿ ਕਦੇ ਵੀ ਕਿਸੇ ਨੇ ਆਪਣੇ ਖੁਦ ਦੇ ਸਰੀਰ ਨੂੰ ਨਫ਼ਰਤ ਨਹੀਂ ਕੀਤੀ। ਹਰ ਕੋਈ ਆਪਣੇ ਸਰੀਰ ਦਾ ਪੋਸ਼ਣ ਕਰਦਾ ਹੈ ਅਤੇ ਇਸਦਾ ਚੰਗਾ ਖਿਆਲ ਰੱਖਦਾ ਹੈ। ਅਤੇ ਇਹੀ ਗੱਲ ਹੈ ਜਿਹੜੀ ਮਸੀਹ ਨੇ ਕਲੀਸਿਯਾ ਲਈ ਕੀਤੀ, 30 ਕਿਉਂ ਕਿ ਅਸੀਂ ਉਸ ਦੇ ਸਰੀਰ ਦੇ ਅੰਗ ਹਾਂ। 31 ਪੋਥੀਆਂ ਆਖਦੀਆਂ ਹਨ, “ਇਸ ਲਈ ਆਦਮੀ ਆਪਣੇ ਮਾਤਾ ਪਿਤਾ ਨੂੰ ਛੱਡ ਦੇਵੇਗਾ ਅਤੇ ਆਪਣੀ ਪਤਨੀ ਨਾਲ ਮਿਲ ਜਾਏਗਾ। ਇਸੇ ਤਰ੍ਹਾਂ, ਉਹ ਦੋਵੇਂ ਇੱਕ ਬਣ ਜਾਣਗੇ।” [a] 32 ਇਹ ਗੁਪਤ ਸੱਚ ਬਹੁਤ ਮਹੱਤਵਪੂਰਣ ਹੈ। ਮੈਂ ਮਸੀਹ ਅਤੇ ਕਲੀਸਿਯਾ ਬਾਰੇ ਗੱਲ ਕਰ ਰਿਹਾ ਹਾਂ। 33 ਪਰ ਇਹ ਤੁਹਾਡੇ ਵਿੱਚੋਂ ਹਰ ਇੱਕ ਉੱਤੇ ਲਾਗੂ ਹੁੰਦਾ ਹੈ; ਤੁਹਾਨੂੰ ਆਪਣੀਆਂ ਪਤਨੀਆਂ ਨੂੰ ਉਵੇਂ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ ਅਤੇ ਇੱਕ ਪਤਨੀ ਨੂੰ ਆਪਣੇ ਪਤੀ ਦਾ ਆਦਰ ਕਰਨਾ ਚਾਹੀਦਾ ਹੈ।
ਬੱਚੇ ਅਤੇ ਮਾਪੇ
6 ਬਚਿਓ, ਤੁਹਾਨੂੰ ਆਪਣੇ ਮਾਪਿਆਂ ਦੀ ਆਗਿਆ ਦੀ ਪਾਲਣਾ ਉਵੇਂ ਹੀ ਕਰਨੀ ਚਾਹੀਦੀ ਹੈ ਜਿਵੇਂ ਪ੍ਰਭੂ ਤੁਹਾਥੋਂ ਚਾਹੁੰਦਾ ਹੈ। ਇਹੀ ਗੱਲ ਕਰਨ ਲਈ ਸਹੀ ਹੈ। 2 ਹੁਕਮ ਆਖਦਾ ਹੈ, “ਤੁਹਾਨੂੰ ਆਪਣੇ ਮਾਤਾ ਅਤੇ ਪਿਤਾ ਨੂੰ ਸਤਿਕਾਰਨਾ ਚਾਹੀਦਾ ਹੈ।” [b] ਇਹ ਪਹਿਲਾ ਹੁਕਮ ਹੈ ਜਿਸਦੇ ਨਾਲ ਇੱਕ ਆਉਂਦਾ ਹੋਇਆ ਵਾਦਾ ਹੈ। 3 ਉਹ ਵਾਇਦਾ ਹੈ; “ਫ਼ੇਰ ਤੁਹਾਡੇ ਲਈ ਸਭ ਕੁਝ ਚੰਗਾ ਹੋਵੇਗਾ। ਅਤੇ ਤੁਸੀਂ ਧਰਤੀ ਉੱਤੇ ਲੰਮੀ ਉਮਰ ਬਿਤਾਓਗੇ।” [c]
4 ਪਿਤਾਓ, ਆਪਣੇ ਬੱਚਿਆਂ ਨੂੰ ਗੁੱਸੇ ਨਾ ਕਰੋ। ਪ੍ਰਭੂ ਦੀ ਸਿਖਲਾਈ ਅਤੇ ਉਪਦੇਸ਼ ਅਨੁਸਾਰ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰੋ।
ਗੁਲਾਮ ਅਤੇ ਮਾਲਕ
5 ਗੁਲਾਮੋ, ਧਰਤੀ ਉੱਤੇ ਆਪਣੇ ਮਾਲਕਾਂ ਦੀ ਆਗਿਆ ਮੰਨੋ। ਆਦਰ ਅਤੇ ਡਰ ਨਾਲ ਉਨ੍ਹਾਂ ਦੇ ਆਦੇਸ਼ਾਂ ਦੀ ਪਾਲਣਾ ਕਰੋ। ਅਤੇ ਇਹ ਗੱਲ ਸੱਚੇ ਦਿਲੋਂ ਕਰੋ ਜਿਵੇਂ ਤੁਸੀਂ ਮਸੀਹ ਦੀ ਆਗਿਆ ਦਾ ਪਾਲਣ ਕਰਦੇ ਹੋ। 6 ਜਦੋਂ ਤੁਹਾਡੇ ਮਾਲਕ ਤੁਹਾਨੂੰ ਦੇਖ ਰਹੇ ਹੁੰਦੇ ਹਨ। ਤੁਹਾਨੂੰ ਉਨ੍ਹਾਂ ਦੀ ਆਗਿਆ ਦਾ ਪਾਲਣ ਕਰਨ ਤੋਂ ਕਿਤੇ ਵੱਧੇਰੇ ਸੰਤੁਸ਼ਟ ਕਰਨਾ ਚਾਹੀਦਾ। ਤੁਹਾਨੂੰ ਉਨ੍ਹਾਂ ਦੀ ਸੇਵਾ ਉਵੇਂ ਹੀ ਕਰਨੀ ਚਾਹੀਦੀ ਹੈ ਜਿਵੇਂ ਤੁਸੀਂ ਮਸੀਹ ਦੀ ਸੇਵਾ ਕਰਦੇ ਹੋ। ਤੁਹਾਨੂੰ ਆਪਣੇ ਪੂਰੇ ਦਿਲੋਂ ਉਹੀ ਕਰਨਾ ਚਾਹੀਦਾ ਹੈ ਜੋ ਪਰਮੇਸ਼ੁਰ ਚਾਹੁੰਦਾ ਹੈ। 7 ਆਪਣਾ ਕੰਮ ਕਰੋ ਅਤੇ ਇਸਦੇ ਕਰਨ ਵਿੱਚ ਖੁਸ਼ੀ ਮਹਿਸੂਸ ਕਰੋ। ਇਸ ਤਰ੍ਹਾਂ ਕੰਮ ਕਰੋ ਜਿਵੇਂ ਕਿ ਤੁਸੀਂ ਪ੍ਰਭੂ ਦੀ ਸੇਵਾ ਕਰ ਰਹੇ ਹੋ ਅਤੇ ਨਾ ਕਿ ਜਿਵੇਂ ਤੁਸੀਂ ਮਨੁੱਖਾਂ ਦੀ ਸੇਵਾ ਕਰ ਰਹੇ ਹੋ। 8 ਯਾਦ ਰੱਖੋ ਕਿ ਪ੍ਰਭੂ ਹਰ ਉਸ ਵਿਅਕਤੀ ਨੂੰ ਫ਼ਲ ਦੇਵੇਗਾ ਜੋ ਚੰਗੀਆਂ ਕਰਨੀਆਂ ਕਰਦਾ ਹੈ। ਹਰ ਵਿਅਕਤੀ ਨੂੰ ਉਸ ਦੀਆਂ ਚੰਗੀਆਂ ਕਰਨੀਆਂ ਲਈ, ਲਿਹਾਜ ਕੀਤੇ ਬਿਨਾ ਕਿ ਉਹ ਇੱਕ ਗੁਲਾਮ ਹੈ ਜਾ ਅਜ਼ਾਦ ਆਦਮੀ, ਫ਼ਲ ਦਿੱਤਾ ਜਾਏਗਾ।
9 ਮਾਲਕੋ, ਇਸੇ ਤਰ੍ਹਾਂ ਹੀ ਤੁਸੀਂ ਆਪਣੇ ਗੁਲਾਮਾਂ ਨਾਲ ਚੰਗਾ ਸਲੂਕ ਕਰੋ। ਉਨ੍ਹਾਂ ਨੂੰ ਡਰਾਉਣ ਧਮਕਾਉਣ ਵਾਲੀਆਂ ਗੱਲਾਂ ਨਾ ਆਖੋ। ਤੁਸੀਂ ਜਾਣਦੇ ਹੋ ਕਿ ਤੁਹਾਡਾ ਮਾਲਕ ਅਤੇ ਉਨ੍ਹਾਂ ਦਾ ਮਾਲਕ ਇੱਕੋ ਹੀ ਹੈ ਜੋ ਸਵਰਗ ਵਿੱਚ ਹੈ। ਅਤੇ ਉਸ ਦੇ ਵਾਸਤੇ ਹਰ ਕੋਈ ਬਰਾਬਰ ਹੈ।
ਪਰਮੇਸ਼ੁਰ ਦੀ ਢਾਲ ਪਹਿਨ ਲਵੋ
10 ਆਪਣਾ ਪੱਤਰ ਖਤਮ ਕਰਦਿਆਂ ਹੋਇਆਂ ਮੈਂ ਦੱਸਦਾ ਹਾਂ ਕਿ ਤੁਹਾਨੂੰ ਪ੍ਰਭੂ ਵਿੱਚ ਉਸਦੀ ਮਹਾਨ ਸ਼ਕਤੀ ਵਿੱਚ ਤਕੜੇ ਹੋਣਾ ਚਾਹੀਦਾ ਹੈ। 11 ਪਰਮੇਸ਼ੁਰ ਦੀ ਢਾਲ ਪਹਿਨ ਲਵੋ ਤਾਂ ਜੋ ਤੁਸੀਂ ਸ਼ੈਤਾਨ ਦੀਆਂ ਸ਼ੈਤਾਨੀ ਚਾਲਾਂ ਦੇ ਖਿਲਾਫ਼ ਲੜ ਸੱਕੋ। 12 ਸਾਡੀ ਲੜਾਈ ਧਰਤੀ ਦੇ ਲੋਕਾਂ ਦੇ ਖਿਲਾਫ਼ ਨਹੀਂ ਹੈ। ਅਸੀਂ ਇਸ ਹਨੇਰੀ ਦੁਨੀਆਂ ਦੇ ਹਾਕਮਾਂ, ਅਧਿਕਾਰੀਆਂ ਅਤੇ ਸ਼ਕਤੀਆਂ ਨਾਲ ਲੜ ਰਹੇ ਹਾਂ। ਅਸੀਂ ਬਦੀ ਦੀਆਂ ਆਤਮਕ ਤਾਕਤਾਂ ਜਿਹੜੀਆਂ ਸਵਰਗੀ ਥਾਵਾਂ ਵਿੱਚ ਹਨ ਦੇ ਵਿਰੁੱਧ ਲੜ ਰਹੇ ਹਾਂ। 13 ਇਸ ਲਈ ਤੁਹਾਡੇ ਕੋਲ ਪਰਮੇਸ਼ੁਰ ਦੇ ਪੂਰੇ ਕਵਚ ਹੋਣੇ ਚਾਹੀਦੇ ਹਨ। ਫ਼ੇਰ ਬਦੀ ਵਾਲੇ ਦਿਨ ਤੁਸੀਂ ਮਜ਼ਬੂਤੀ ਨਾਲ ਡਟਕੇ ਖਲੋ ਸੱਕੋਂਗੇ। ਅਤੇ ਜਦੋਂ ਤੁਸੀਂ ਪੂਰੀ ਲੜਾਈ ਖਤਮ ਕਰ ਲਈ ਹੋਵੇਗੀ ਤੁਸੀਂ ਫ਼ੇਰ ਵੀ ਸਥਿਰ ਖਲੋਤੇ ਹੋਵੋਂਗੇ।
14 ਇਸ ਲਈ ਮਜ਼ਬੂਤੀ ਨਾਲ ਖਲੋਵੋ ਅਤੇ ਆਪਣੀ ਕਮਰ ਦੁਆਲੇ ਸੱਚ ਦੀ ਪੇਟੀ ਬੰਨ੍ਹ ਲਵੋ। ਅਤੇ ਆਪਣੀ ਛਾਤੀ ਉੱਤੇ ਸਹੀ ਜੀਵਨ ਦੀ ਰੱਖਿਆ ਪਾ ਲਵੋ। 15 ਸ਼ਾਂਤੀ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਆਪਣੇ ਪੈਰਾਂ ਵਿੱਚ ਰਜ਼ਾਮੰਦੀ ਦੀ ਜੁੱਤੀ ਪਾ ਲਵੋ। ਜਿਸ ਨਾਲ ਤੁਸੀਂ ਮਜਬੂਤੀ ਨਾਲ ਖਲੋ ਸੱਕਦੇ ਹੋ। 16 ਅਤੇ ਵਿਸ਼ਵਾਸ ਦੀ ਢਾਲ ਦਾ ਵੀ ਇਸਤੇਮਾਲ ਕਰੋ। ਇਸ ਨਾਲ, ਤੁਸੀਂ ਦੁਸ਼ਟ ਦੇ ਸਾਰੇ ਅਗਨੀ ਬਾਣਾਂ ਨੂੰ ਰੋਕ ਸੱਕਦੇ ਹੋ। 17 ਪਰਮੇਸ਼ੁਰ ਦੀ ਮੁਕਤੀ ਦਾ ਟੋਪ ਪ੍ਰਾਪਤ ਕਰੋ। ਅਤੇ ਆਤਮਾ ਦੀ ਤਲਵਾਰ ਫ਼ੜ ਲਵੋ। ਉਹ ਤਲਵਾਰ ਪਰਮੇਸ਼ੁਰ ਦੀ ਸਿੱਖਿਆ ਹੈ। 18 ਹਮੇਸ਼ਾ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ। ਆਪਣੀ ਹਰ ਜ਼ਰੂਰਤ ਪੂਰੀ ਕਰਨ ਲਈ ਹਰ ਤਰ੍ਹਾਂ ਦੀਆਂ ਪ੍ਰਾਰਥਨਾ ਨਾਲ ਪ੍ਰਾਰਥਨਾ ਕਰੋ। ਤੁਹਾਨੂੰ ਇਹ ਹਰ ਸਮੇਂ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਹੌਂਸਲਾ ਨਾ ਗੁਆਓ। ਹਮੇਸ਼ਾ ਪਰਮੇਸ਼ੁਰ ਦੇ ਸਮੂਹ ਲੋਕਾਂ ਲਈ ਪ੍ਰਾਰਥਨਾ ਕਰੋ।
19 ਮੇਰੇ ਲਈ ਵੀ ਪ੍ਰਾਰਥਨਾ ਕਰੋ। ਪ੍ਰਾਰਥਨਾ ਕਰੋ ਕਿ ਜਦੋਂ ਮੈਂ ਬੋਲਾਂ ਪਰਮੇਸ਼ੁਰ ਮੈਨੂੰ ਸ਼ਬਦ ਪ੍ਰਦਾਨ ਕਰੇ। ਤਾਂ ਕਿ ਮੈਂ ਬਿਨਾ ਕਿਸੇ ਡਰ ਦੇ ਖੁਸ਼ਖਬਰੀ ਦੇ ਗੁਪਤ ਸੱਚ ਬਾਰੇ ਦੱਸ ਸੱਕਾਂ। 20 ਮੈਨੂੰ ਉਸ ਖੁਸ਼ਖਬਰੀ ਬਾਰੇ ਬੋਲਣ ਦਾ ਕੰਮ ਸੌਂਪਿਆ ਗਿਆ ਹੈ। ਇਹੀ ਗੱਲ ਮੈਂ ਹੁਣ ਇੱਥੇ ਇਸ ਕੈਦ ਵਿੱਚ ਕਰ ਰਿਹਾ ਹਾਂ। ਮੇਰੇ ਲਈ ਪ੍ਰਾਰਥਨਾ ਕਰੋ ਕਿ ਮੈਂ ਲੋਕਾਂ ਵਿੱਚ ਇਸ ਖੁਸ਼ਖਬਰੀ ਦਾ ਪ੍ਰਚਾਰ ਬਿਨਾ ਡਰ ਤੋਂ ਕਰ ਸੱਕਾਂ ਜਿਸ ਢੰਗ ਨਾਲ ਮੈਨੂੰ ਕਰਨਾ ਚਾਹੀਦਾ ਹੈ।
ਅੰਤਿਮ ਸ਼ੁਭਕਾਮਨਾਵਾਂ
21 ਮੈਂ ਤੁਹਾਡੇ ਕੋਲ ਤੁਖਿਕੁਸ ਸਾਡੇ ਭਰਾ ਨੂੰ ਭੇਜ ਰਿਹਾ ਹਾਂ ਜਿਸ ਨੂੰ ਅਸੀਂ ਪਿਆਰ ਕਰਦੇ ਹਾਂ। ਉਹ ਪ੍ਰਭੂ ਦੇ ਕਾਰਜ ਦਾ ਵਫ਼ਾਦਾਰ ਨੌਕਰ ਹੈ। ਉਹ ਤੁਹਾਨੂੰ ਉਸ ਹਰ ਗੱਲ ਦੀ ਜਾਣਕਾਰੀ ਦੇਵੇਗਾ ਜਿਹੜੀ ਮੇਰੇ ਨਾਲ ਇੱਥੇ ਵਾਪਰ ਰਹੀ ਹੈ। ਫ਼ੇਰ ਤੁਹਾਨੂੰ ਮੇਰੀ ਸੁੱਖ ਸਾਂਦ ਬਾਰੇ ਪਤਾ ਲੱਗੇਗਾ ਅਤੇ ਮੈਂ ਕੀ ਕਰ ਰਿਹਾ। 22 ਇਹੀ ਕਾਰਣ ਹੈ ਕਿ ਮੈਂ ਉਸ ਨੂੰ ਘੱਲ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਡੀ ਸੁੱਖਸਾਂਦ ਬਾਰੇ ਜਾਣ ਲਵੋ। ਮੈਂ ਉਸ ਨੂੰ ਤੁਹਾਨੂੰ ਹੌਂਸਲਾ ਦੇਣ ਲਈ ਘੱਲ ਰਿਹਾ ਹਾਂ।
23 ਪਰਮੇਸ਼ੁਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਸ਼ਾਂਤੀ ਅਤੇ ਪਿਆਰ ਵਿਸ਼ਵਾਸ ਸਮੇਤ ਤੁਹਾਡੇ ਨਾਲ ਹੋਵੇ। 24 ਪਰਮੇਸ਼ੁਰ ਦੀ ਕਿਰਪਾ ਉਨ੍ਹਾਂ ਸਾਰਿਆਂ ਨਾਲ ਹੋਵੇ ਜਿਹੜੇ ਸਾਡੇ ਪ੍ਰਭੂ ਯਿਸੂ ਮਸੀਹ ਨੂੰ ਪਿਆਰ ਕਰਦੇ ਹਨ, ਉਹ ਪਿਆਰ ਜੋ ਕਦੀ ਨਹੀਂ ਮੁੱਕਦਾ।
2010 by World Bible Translation Center