New Testament in a Year
ਯਿਸੂ ਦਾ ਆਪਣੇ ਵਿਰੋਧੀ ਬਾਰੇ ਦੱਸਣਾ(A)
21 ਯਿਸੂ ਇਹ ਗੱਲਾਂ ਆਖਦੇ ਹੋਏ ਬੜਾ ਦੁੱਖੀ ਹੋਇਆ ਅਤੇ ਉਸ ਨੇ ਸਾਫ ਤੌਰ ਤੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਤੁਹਾਡੇ ਵਿੱਚੋਂ ਇੱਕ ਮੈਨੂੰ ਧੋਖਾ ਦੇਵੇਗਾ।”
22 ਯਿਸੂ ਦੇ ਚੇਲੇ ਉਲਝਨ ਵਿੱਚ ਪੈ ਗਏ ਅਤੇ ਉਨ੍ਹਾਂ ਨੇ ਇੱਕ ਦੂਜੇ ਵੱਲ ਵੇਖਿਆ। ਉਨ੍ਹਾਂ ਨੂੰ ਇਹ ਨਾ ਸਮਝ ਆਇਆ ਕਿ ਯਿਸੂ ਕਿਸ ਮਨੁੱਖ ਦੇ ਬਾਰੇ ਗੱਲ ਕਰ ਰਿਹਾ ਸੀ। 23 ਉਨ੍ਹਾਂ ਵਿੱਚੋਂ ਇੱਕ ਚੇਲਾ ਯਿਸੂ ਦੇ ਬਿਲਕੁਲ ਕੋਲ ਖੜ੍ਹਾ ਸੀ, ਜਿਸ ਨੂੰ ਯਿਸੂ ਪਿਆਰ ਕਰਦਾ ਸੀ ਉਹ ਯਿਸੂ ਦੀ ਛਾਤੀ ਦੇ ਸਹਾਰੇ ਨਾਲ ਬੈਠਾ ਸੀ। 24 ਇਸ ਲਈ ਸ਼ਮਊਨ ਪਤਰਸ, ਯਿਸੂ ਨੂੰ ਇਹ ਪੁੱਛਣ ਲਈ ਇਸ਼ਾਰਾ ਕਰ ਰਿਹਾ ਸੀ ਕਿ ਉਹ ਕਿਸ ਬਾਰੇ ਬੋਲ ਰਿਹਾ ਸੀ।
25 ਉਹ ਚੇਲਾ ਯਿਸੂ ਦੇ ਹੋਰ ਕਰੀਬ ਹੋਇਆ ਅਤੇ ਉਸ ਨੂੰ ਆਖਣ ਲੱਗਾ, “ਹੇ ਪ੍ਰਭੂ, ਕੌਣ ਹੈ ਜੋ ਤੈਨੂੰ ਤੇਰੇ ਦੁਸ਼ਮਣਾ ਹੱਥੀਂ ਫ਼ੜਵਾਏਗਾ।”
26 ਯਿਸੂ ਨੇ ਆਖਿਆ, “ਜਿਸ ਲਈ ਮੈਂ ਰੋਟੀ ਕਟੋਰੇ ਵਿੱਚ ਡਬੋਵਾਂਗਾ ਅਤੇ ਉਸ ਨੂੰ ਦੇਵਾਂਗਾ ਉਹੀ ਇੱਕ ਹੈ ਜੋ ਮੈਨੂੰ ਮੇਰੇ ਦੁਸ਼ਮਨਾਂ ਹੱਥੀ ਫ਼ੜਵਾਏਗਾ।” ਸੋ ਯਿਸੂ ਨੇ ਰੋਟੀ ਲਈ ਇਸ ਨੂੰ ਕਟੋਰੇ ਵਿੱਚ ਡਬੋਇਆ ਅਤੇ ਸ਼ਮਊਨ ਦੇ ਪੁੱਤਰ ਯਹੂਦਾ ਇਸੱਕਰਿਯੋਤੀ ਨੂੰ ਦਿੱਤੀ। 27 ਜਿਵੇਂ ਹੀ ਯਹੂਦਾ ਨੇ ਰੋਟੀ ਲਈ ਸ਼ੈਤਾਨ ਉਸ ਵਿੱਚ ਪ੍ਰਵੇਸ਼ ਕਰ ਗਿਆ। ਯਿਸੂ ਨੇ ਯਹੂਦਾ ਨੂੰ ਕਿਹਾ, “ਜੋ ਤੂੰ ਕਰਨਾ ਛੇਤੀ ਕਰ।” 28 ਮੇਚ ਤੇ ਬੈਠਿਆਂ ਵਿੱਚੋਂ ਕੋਈ ਵੀ ਮਨੁੱਖ ਨਾ ਸਮਝ ਸੱਕਿਆ ਕਿ ਯਿਸੂ ਕੀ ਆਖ ਰਿਹਾ ਹੈ ਅਤੇ ਉਸ ਨੇ ਇਹ ਗੱਲ ਯਹੂਦਾ ਨੂੰ ਕਿਉਂ ਕਹੀ। 29 ਯਹੂਦਾ ਕੋਲ ਧਨ ਵਾਲਾ ਸੰਦੂਕ ਰਹਿੰਦਾ ਸੀ। ਉਨ੍ਹਾਂ ਵਿੱਚੋਂ ਕੁਝ ਇੱਕ ਨੇ ਸਮਝਿਆ ਕਿ ਯਿਸੂ ਨੇ ਉਸ ਨੂੰ ਉਹ ਚੀਜ਼ਾਂ ਖਰੀਦਣ ਲਈ ਕਿਹਾ ਹੈ ਜਿਨ੍ਹਾਂ ਦੀ ਤਿਉਹਾਰ ਲਈ ਜ਼ਰੂਰਤ ਹੈ। ਜਾਂ ਉਸ ਨੂੰ ਗਰੀਬਾਂ ਨੂੰ ਕੁਝ ਦੇਣ ਲਈ ਕਿਹਾ ਹੈ।
30 ਤਾਂ ਯਹੂਦਾ ਰੋਟੀ ਲੈ ਕੇ ਝੱਟ ਬਾਹਰ ਨਿਕਲ ਗਿਆ। ਇਹ ਰਾਤ ਦਾ ਵੇਲਾ ਸੀ।
ਯਿਸੂ ਦਾ ਆਪਣੀ ਮੌਤ ਬਾਰੇ ਦੱਸਣਾ
31 ਜਦੋਂ ਯਹੂਦਾ ਚੱਲਾ ਗਿਆ ਤਾਂ ਯਿਸੂ ਨੇ ਆਖਿਆ, “ਹੁਣ ਮਨੁੱਖ ਦਾ ਪੁੱਤਰ ਆਪਣੀ ਮਹਿਮਾ ਪਾਉਂਦਾ ਹੈ ਅਤੇ ਪਰਮੇਸ਼ੁਰ ਆਪਣੀ ਮਹਿਮਾ ਮਨੁੱਖ ਦੇ ਪੁੱਤਰ ਰਾਹੀਂ ਪਾਉਂਦਾ ਹੈ। 32 ਜੇਕਰ ਪਰਮੇਸ਼ੁਰ ਉਸ ਰਾਹੀਂ ਮਹਿਮਾ ਪ੍ਰਾਪਤ ਕਰਦਾ ਹੈ, ਤਾਂ ਉਹ ਮਨੁੱਖ ਦੇ ਪੁੱਤਰ ਨੂੰ ਆਪਣੇ ਰਾਹੀਂ ਮਹਿਮਾ ਦੇਵੇਗਾ। ਅਤੇ ਉਹ ਜਲਦੀ ਹੀ ਉਸ ਨੂੰ ਮਹਿਮਾ ਦੇਵੇਗਾ।”
33 ਯਿਸੂ ਨੇ ਕਿਹਾ, “ਮੇਰੇ ਬਚਿਓ, ਮੈਂ ਹੋਰ ਥੋੜਾ ਜਿਹਾ ਚਿਰ ਤੁਹਾਡੇ ਨਾਲ ਰਹਾਂਗਾ। ਫੇਰ ਤੁਸੀਂ ਮੈਨੂੰ ਲੱਭੋਂਗੇ, ਪਰ ਜਿਵੇਂ ਕਿ ਮੈਂ ਯਹੂਦੀਆਂ ਨੂੰ ਕਿਹਾ ਸੀ ਮੈਂ ਹੁਣ ਤੁਹਾਨੂੰ ਵੀ ਕਹਿੰਦਾ ਹਾਂ ਤੁਸੀਂ ਉਸ ਜਗ੍ਹਾ ਨਹੀਂ ਆ ਸੱਕਦੇ ਜਿੱਥੇ ਮੈਂ ਜਾ ਰਿਹਾ ਹਾਂ।
34 “ਮੈਂ ਤੁਹਾਨੂੰ ਇੱਕ ਨਵਾਂ ਹੁਕਮ ਦਿੰਦਾ ਹਾਂ। ਉਹ ਇਹ ਹੈ, ਕਿ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ। ਇੱਕ ਦੂਜੇ ਨੂੰ ਉਸੇ ਤਰ੍ਹਾਂ ਪਿਆਰ ਕਰੋ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ। 35 ਜੇ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋਂਗੇ ਤਾਂ ਸਾਰੇ ਲੋਕ ਜਾਣ ਲੈਣਗੇ ਕਿ ਤੁਸੀਂ ਮੇਰੇ ਚੇਲੇ ਹੋ।”
ਯਿਸੂ ਕਹਿੰਦਾ ਕਿ ਪਤਰਸ ਉਸ ਨੂੰ ਪਛਾਨਣ ਤੋਂ ਇਨਕਾਰੀ ਹੋਵੇਗਾ(B)
36 ਸ਼ਮਊਨ ਪਤਰਸ ਨੇ ਯਿਸੂ ਨੂੰ ਕਿਹਾ, “ਪ੍ਰਭੂ ਤੁਸੀਂ ਕਿੱਥੇ ਜਾ ਰਹੇ ਹੋ?”
ਯਿਸੂ ਨੇ ਆਖਿਆ, “ਜਿੱਥੇ ਮੈਂ ਜਾ ਰਿਹਾ ਹਾਂ ਉੱਥੇ ਹੁਣ ਤੂੰ ਮੇਰੇ ਮਗਰ ਨਹੀਂ ਆ ਸੱਕਦਾ ਪਰ ਬਾਦ ਵਿੱਚ ਤੂੰ ਆ ਜਾਵੇਗਾ।”
37 ਪਤਰਸ ਨੇ ਕਿਹਾ, “ਪ੍ਰਭੂ ਹੁਣ ਮੈਂ ਤੇਰੇ ਮਗਰ ਕਿਉਂ ਨਹੀਂ ਆ ਸੱਕਦਾ? ਮੈਂ ਤੇਰੇ ਲਈ ਮਰਨ ਨੂੰ ਤਿਆਰ ਹਾਂ।”
38 ਯਿਸੂ ਨੇ ਆਖਿਆ, “ਕੀ ਤੂੰ ਸੱਚਮੁੱਚ ਮੇਰੇ ਲਈ ਆਪਣੇ-ਆਪ ਨੂੰ ਕੁਰਬਾਨ ਕਰ ਦੇਵੇਂਗਾ? ਮੈਂ ਤੈਨੂੰ ਸੱਚ ਆਖਦਾ ਹਾਂ ਕਿ ਜਿੰਨਾ ਚਿਰ ਤੂੰ ਤਿੰਨ ਵਾਰੀ ਮੈਨੂੰ ਪਛਾਨਣ ਤੋਂ ਇਨਕਾਰ ਨਾ ਕਰੇਂ ਕੁੱਕੜ ਬਾਂਗ ਨਹੀਂ ਦੇਵੇਗਾ।”
2010 by World Bible Translation Center