New Testament in a Year
29 ਜੇਕਰ ਲੋਕ ਮੁਰਦਿਆਂ ਤੋਂ ਨਹੀਂ ਜੀ ਉੱਠਦੇ, ਤਾਂ ਫ਼ੇਰ ਉਹ ਲੋਕ ਕੀ ਕਰਨਗੇ ਜਿਨ੍ਹਾਂ ਨੂੰ ਮੁਰਦਿਆਂ ਲਈ ਬਪਤਿਸਮਾ ਦਿੱਤਾ ਗਿਆ ਹੈ? ਜੇ ਮਰੇ ਹੋਏ ਨਹੀ ਜੀ ਉੱਠਦੇ ਤਾਂ ਉਨ੍ਹਾਂ ਲਈ ਲੋਕ ਬਪਤਿਸਮਾ ਕਿਉਂ ਲੈਂਦੇ ਹਨ?
30 ਅਤੇ ਸਾਡੇ ਬਾਰੇ ਕੀ? ਤਾਂ ਸਾਨੂੰ ਹਮੇਸ਼ਾ ਆਪਣੇ ਆਪ ਨੂੰ ਖਤਰੇ ਵਿੱਚ ਕਿਉਂ ਪਾਉਣਾ ਚਾਹੀਦਾ ਹੈ? 31 ਮੈਂ ਹਰ ਰੋਜ਼ ਮਰਦਾ ਹਾਂ। ਭਰਾਵੋ ਅਤੇ ਭੈਣੋ, ਇਹ ਓਨਾ ਹੀ ਸੱਚ ਹੈ ਜਿੰਨਾ ਮੈਂ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਤੁਹਾਡੇ ਬਾਰੇ ਮਾਣ ਕਰਦਾ ਹਾਂ। 32 ਜੇ ਮੈਂ ਅਫ਼ਸੁਸ ਵਿੱਚ ਕੇਵਲ ਮਨੁੱਖੀ ਕਾਰਣਾ ਕਰਕੇ ਜਾਨਵਰਾਂ ਨਾਲ ਲੜਿਆ ਸਾਂ, ਕੇਵਲ ਆਪਣੇ ਅਭਿਮਾਨ ਨੂੰ ਸੰਤੁਸ਼ਟ ਕਰਨ ਖਾਤਰ ਤਾਂ ਮੈਨੂੰ ਕੋਈ ਲਾਭ ਨਹੀਂ ਹੋਇਆ। ਜੇਕਰ ਲੋਕ ਮੌਤ ਤੋਂ ਨਹੀਂ ਜੀ ਉੱਠਦੇ ਫ਼ੇਰ, “ਆਓ, ਅਸੀਂ ਖਾਈਏ ਅਤੇ ਪੀਈਏ, ਕਿਉਂ ਜੋ ਕਲ੍ਹ ਅਸੀਂ ਮਰ ਜਾਵਾਂਗੇ।” [a]
33 ਮੂਰਖ ਨਾ ਬਣੋ, “ਬੁਰੀ ਸੰਗਤ ਚੰਗੀਆਂ ਆਦਤਾਂ ਨੂੰ ਤਬਾਹ ਕਰ ਦਿੰਦੀ ਹੈ।” 34 ਸਹੀ ਰਾਹ ਬਾਰੇ ਸੋਚਣਾ ਸ਼ੁਰੂ ਕਰੋ ਅਤੇ ਪਾਪ ਕਰਨੇ ਬੰਦ ਕਰ ਦਿਉ। ਤੁਹਾਡੇ ਵਿੱਚ ਕੁਝ ਲੋਕ ਪਰਮੇਸ਼ੁਰ ਨੂੰ ਨਹੀਂ ਜਾਣਦੇ। ਇਹ ਮੈਂ ਤੁਹਾਨੂੰ ਸ਼ਰਮਸਾਰ ਕਰਨ ਲਈ ਆਖ ਰਿਹਾ ਹਾਂ।
ਸਾਡਾ ਸਰੀਰ ਕਿਹੋ ਜਿਹਾ ਹੋਵੇਗਾ?
35 ਪਰ ਕੋਈ ਵਿਅਕਤੀ ਪੁੱਛ ਸੱਕਦਾ ਹੈ, “ਮੁਰਦੇ ਜੀਵਨ ਵੱਲ ਕਿਵੇਂ ਜੀ ਉੱਠਦੇ ਹਨ? ਉਨ੍ਹਾਂ ਦਾ ਸਰੀਰ ਕਿਸ ਤਰ੍ਹਾਂ ਦਾ ਹੋਵੇਗਾ?” 36 ਇਹ ਪ੍ਰਸ਼ਨ ਮੂਰੱਖਤਾ ਭਰੇ ਹਨ। ਜਦੋਂ ਤੁਸੀਂ ਕੁਝ ਚੀਜ਼ ਬੀਜ਼ਦੇ ਹੋ ਇਸ ਨੂੰ ਜਿਉਣ ਅਤੇ ਉੱਗਣ ਤੋਂ ਪਹਿਲਾਂ ਧਰਤੀ ਵਿੱਚ ਮਰਨਾ ਪਵੇਗਾ। 37 ਅਤੇ ਜਦੋਂ ਤੁਸੀਂ ਬੀਜ ਬੀਜਦੇ ਹੋ, ਇਸਦਾ ਉਹ ਸਰੀਰ ਨਹੀਂ ਹੁੰਦਾ ਜਿਹੜਾ ਇਹ ਮਗਰੋਂ ਪ੍ਰਾਪਤ ਕਰਦਾ ਹੈ। ਜੋ ਕੁਝ ਵੀ ਤੁਸੀਂ ਬੀਜਦੇ ਹੋ, ਇਹ ਕਣਕ ਦਾ ਦਾਣਾ ਹੋਵੇ ਜਾਂ ਕਿਸੇ ਹੋਰ ਫ਼ਸਲ ਦਾ ਦਾਣਾ, ਇਹ ਸਿਰਫ਼ ਪ੍ਰਾਪਤ ਕੀਤਾ ਹੋਇਆ ਬੀਜ ਹੈ। 38 ਪਰ ਪਰਮੇਸ਼ੁਰ ਉਸ ਬੀਜ ਨੂੰ ਉਹ ਸਰੀਰ ਦਿੰਦਾ ਹੈ, ਜਿਸਦੀ ਉਹ (ਪਰਮੇਸ਼ੁਰ) ਕਾਮਨਾ ਕਰਦਾ ਹੈ ਅਤੇ ਪਰਮੇਸ਼ੁਰ ਉਸ ਬੀਜ਼ ਨੂੰ ਉਸਦਾ ਆਪਣਾ ਸਰੀਰ ਦਿੰਦਾ ਹੈ। 39 ਜਿਉਣ ਵਾਲੀਆਂ ਸਾਰੀਆਂ ਚੀਜ਼ਾਂ ਦਾ ਮਾਸ ਇੱਕੋ ਤਰ੍ਹਾਂ ਦਾ ਨਹੀਂ ਹੁੰਦਾ। ਇਨਸਾਨਾ ਦਾ ਮਾਸ ਇੱਕ ਤਰ੍ਹਾਂ ਦਾ ਹੁੰਦਾ ਹੈ। ਜਾਨਵਰਾਂ ਦਾ ਮਾਸ ਹੋਰ ਤਰ੍ਹਾਂ ਦਾ। ਅਤੇ ਪੰਛੀਆਂ ਦਾ ਮਾਸ ਕਿਸੇ ਹੋਰ ਤਰ੍ਹਾਂ ਦਾ। ਅਤੇ ਮੱਛੀਆਂ ਦਾ ਮਾਸ ਇੱਕ ਹੋਰ ਵੱਖਰੀ ਤਰ੍ਹਾਂ ਦਾ ਹੁੰਦਾ ਹੈ। 40 ਇਸਤੋਂ ਇਲਾਵਾ ਸਵਰਗੀ ਸਰੀਰ ਵੀ ਹੁੰਦੇ ਹਨ ਅਤੇ ਧਰਤੀ ਦੇ ਭੌਤਿਕ ਸਰੀਰ ਵੀ। ਪਰੰਤੂ ਸਵਰਗੀ ਸਰੀਰਾਂ ਦੀ ਖੂਬਸੂਰਤੀ ਇੱਕ ਤਰ੍ਹਾਂ ਦੀ ਹੁੰਦੀ ਹੈ। ਭੌਤਿਕ ਸਰੀਰਾਂ ਦੀ ਖੂਬਸੂਰਤੀ ਕਿਸੇ ਹੋਰ ਤਰ੍ਹਾਂ ਦੀ ਹੁੰਦੀ ਹੈ। 41 ਸੂਰਜ ਦੀ ਖੂਬਸੂਰਤੀ ਇੱਕ ਤਰ੍ਹਾਂ ਦੀ, ਚੰਦਰਮਾ ਦੀ ਖੂਬਸੂਰਤੀ ਇੱਕ ਹੋਰ ਤਰ੍ਹਾਂ ਦੀ ਅਤੇ ਤਾਰਿਆਂ ਦੀ ਖੂਬਸੂਰਤੀ ਇੱਕ ਹੋਰ ਤਰ੍ਹਾਂ ਦੀ ਹੁੰਦੀ ਹੈ। ਅਤੇ ਹਰ ਤਾਰਾ ਆਪਣੀ ਖੂਬਸੂਰਤੀ ਵਿੱਚ ਦੂਸਰੇ ਤੋਂ ਵੱਖਰਾ ਹੈ।
42 ਇਨ੍ਹਾਂ ਲੋਕਾਂ ਨਾਲ ਵੀ ਇਵੇਂ ਹੀ ਹੈ ਜੋ ਮੁਰਦਿਆਂ ਤੋਂ ਜਿਵਾਲੇ ਗਏ ਹਨ। ਜਿਹੜਾ ਸਰੀਰ ਬੀਜਿਆ ਗਿਆ ਹੈ ਉਹ ਸੜ ਜਾਵੇਗਾ। ਪਰ ਜਿਹੜਾ ਸਰੀਰ ਜੀਵਨ ਵੱਲ ਜਿਵਾਲਿਆ ਗਿਆ ਹੈ, ਉਹ ਨਸ਼ਟ ਨਹੀਂ ਕੀਤਾ ਆ ਸੱਕਦਾ। 43 ਜਦੋਂ ਸਰੀਰ “ਬੀਜਿਆ” ਜਾਂਦਾ ਹੈ, ਇਸਦਾ ਕੋਈ ਸਤਿਕਾਰ ਨਹੀਂ ਹੁੰਦਾ। ਪਰ ਇਹ ਮਹਿਮਾ ਵਿੱਚ ਜਿਵਾਲਿਆ ਜਾਂਦਾ ਹੈ। ਜਦੋਂ ਸਰੀਰ “ਬੀਜਿਆ” ਜਾਂਦਾ ਹੈ, ਇਹ ਕਮਜ਼ੋਰ ਹੁੰਦਾ ਪਰ ਜਦੋਂ ਇਹ ਜੀਵਨ ਵੱਲ ਜੀ ਉੱਠਦਾ ਹੈ, ਤਾਂ ਇਹ ਬਲਵਾਨ ਹੁੰਦਾ ਹੈ। 44 ਜਿਹੜਾ ਸਰੀਰ “ਬੀਜਿਆ” ਗਿਆ ਹੈ ਭੌਤਿਕ ਸਰੀਰ ਹੁੰਦਾ ਹੈ। ਜਦੋਂ ਇਹ ਜੀਵਨ ਵੱਲ ਜੀ ਉੱਠਦਾ ਹੈ, ਇਹ ਇੱਕ ਆਤਮਕ ਸਰੀਰ ਹੁੰਦਾ ਹੈ।
ਉਵੇਂ ਹੀ ਜਿਵੇਂ ਭੌਤਿਕ ਸਰੀਰ ਹੁੰਦਾ, ਉਸੇ ਤਰ੍ਹਾਂ ਇੱਕ ਆਤਮਕ ਸਰੀਰ ਵੀ ਹੁੰਦਾ ਹੈ। 45 ਇਹ ਪੋਥੀਆਂ ਵਿੱਚ ਲਿਖਿਆ ਹੋਇਆ ਹੈ: “ਪਹਿਲਾ ਮਨੁਖ ਜਿਉਂਦੀ ਹੋਂਦ ਬਣਿਆ” [b] ਪਰ ਆਖਰੀ ਮਨੁਖ ਇੱਕ ਆਤਮਾ ਬਣ ਗਿਆ ਜੋ ਜੀਵਨ ਦਿੰਦਾ ਹੈ। 46 ਆਤਮਕ ਮਨੁਖ ਪਹਿਲਾਂ ਨਹੀਂ ਆਇਆ। ਇਹ ਭੌਤਿਕ ਮਨੁਖ ਸੀ ਜੋ ਪਹਿਲਾਂ ਆਇਆ। ਫ਼ੇਰ ਬਾਦ ਵਿੱਚ ਹੀ ਆਤਮਕ ਮਨੁਖ ਆਇਆ। 47 ਪਹਿਲਾਂ ਮਨੁਖ ਧਰਤੀ ਦੀ ਧੂੜ ਤੋਂ ਬਣਿਆ, ਦੂਸਰਾ ਮਨੁਖ ਸਵਰਗ ਤੋਂ ਆਇਆ। 48 ਲੋਕ ਧਰਤੀ ਦੇ ਹਨ। ਉਹ ਧਰਤੀ ਦੇ ਪਹਿਲੇ ਮਨੁਖ ਵਰਗੇ ਹਨ। ਪਰ ਜਿਹੜੇ ਲੋਕ ਸਵਰਗ ਦੇ ਹਨ ਸਵਰਗ ਦੇ ਮਨੁਖ ਵਰਗੇ ਹਨ। 49 ਅਸੀਂ ਧਰਤੀ ਦੇ ਮਨੁਖ ਵਰਗੇ ਬਣਾਏ ਗਏ ਸੀ। ਇਸ ਲਈ ਅਸੀਂ ਵੀ ਸਵਰਗ ਦੇ ਮਨੁਖ ਵਰਗੇ ਬਣਾਏ ਜਾਵਾਂਗੇ।
50 ਭਰਾਵੋ ਅਤੇ ਭੈਣੋ ਮੈਂ ਤੁਹਾਨੂੰ ਇਹ ਦੱਸਦਾ ਹਾਂ; ਮਾਸ ਅਤੇ ਲਹੂ ਪਰਮੇਸ਼ੁਰ ਦੇ ਰਾਜ ਦੇ ਅੰਗ ਨਹੀਂ ਹੋ ਸੱਕਦੇ। ਇੱਕ ਨਾਸ਼ਮਾਨ ਚੀਜ਼ ਕਦੇ ਵੀ ਅਮਰ ਚੀਜ਼ ਨਾਲ ਸੰਮਲਿਤ ਨਹੀਂ ਹੋ ਸੱਕਦੀ। 51 ਪਰ ਸੁਣੋ ਮੈਂ ਤੁਹਾਨੂੰ ਇਹ ਭੇਤ ਦੱਸਦਾ ਹਾਂ। ਅਸੀਂ ਸਾਰੇ ਮਰਾਂਗੇ ਨਹੀਂ ਪਰੰਤੂ ਅਸੀਂ ਸਾਰੇ ਬਦਲ ਜਾਵਾਂਗੇ। 52 ਇਸ ਨੂੰ ਇੱਕ ਛਣ ਹੀ ਲੱਗੇਗਾ। ਅਸੀਂ ਅੱਖ ਦੇ ਫ਼ੇਰ ਵਿੱਚ ਹੀ ਬਦਲ ਜਾਵਾਂਗੇ। ਜਦੋਂ ਆਖਰੀ ਤੁਰ੍ਹੀ ਵੱਜੇਗੀ ਇਹ ਉਦੋਂ ਹੀ ਹੋ ਜਾਵੇਗਾ। ਤੁਰ੍ਹੀ ਵਜਾਈ ਜਾਵੇਗੀ ਅਤੇ ਉਹ ਵਿਸ਼ਵਾਸੀ ਜਿਹੜੇ ਮਰ ਗਏ ਹਨ ਜੀਵਨ ਲਈ ਉੱਠਾਏ ਜਾਣਗੇ। ਅਤੇ ਉਹ ਸਰੀਰ ਪ੍ਰਾਪਤ ਕਰਣਗੇ ਜਿਹੜੇ ਨਸ਼ਟ ਨਹੀਂ ਕੀਤੇ ਜਾ ਸੱਕਦੇ। 53 ਕਿਉਂਕਿ ਇਸ ਨਾਸ਼ਵਾਨ ਸਰੀਰ ਨੂੰ ਅਵਿਨਾਸ਼ੀ ਸਰੀਰ ਨਾਲ ਪਹਿਨਾਇਆ ਜਾਵੇਗਾ। ਅਤੇ ਉਸ ਸਰੀਰ ਨੂੰ ਜੋ ਮਰ ਜਾਂਦਾ ਹੈ ਉਹ ਸਰੀਰ ਪੁਆਇਆ ਜਾਂਦਾ ਹੈ ਜੋ ਨਹੀਂ ਮਰਦਾ। 54 ਇਸ ਲਈ ਜਦੋਂ ਨਾਸ਼ਵਾਨ ਸਰੀਰ ਅਵਿਨਾਸ਼ ਨੂੰ ਧਾਰਣ ਕਰ ਲਵੇਗਾ ਅਤੇ ਇਹ ਮਰਨਸ਼ੀਲ ਸਰੀਰ ਅਮਰਤਾ ਨੂੰ ਧਾਰਣ ਕਰ ਲਵੇਗਾ ਤਾਂ ਪੋਥੀਆਂ ਦਾ ਇਹ ਆਖਿਆ ਸੱਚ ਹੋ ਜਾਵੇਗਾ:
“ਮੌਤ ਜਿੱਤ ਵਿੱਚ ਪਰਾਜਿਤ ਹੁੰਦੀ ਹੈ।” (A)
55 “ਮੌਤੇ ਤੇਰੀ ਜਿੱਤ ਕਿੱਥੇ ਹੈ? ਕਬਰੇ,
ਤੇਰੀ ਸੱਟ ਮਾਰਨ ਦੀ ਸ਼ਕਤੀ ਕਿੱਥੇ ਹੈ?” (B)
56 ਮੌਤ ਦੀ ਸੱਟ ਮਾਰਨ ਦੀ ਸ਼ਕਤੀ ਪਾਪ ਹੈ। ਅਤੇ ਪਾਪ ਦੀ ਸ਼ਕਤੀ ਨੇਮ ਹੈ। 57 ਪਰੰਤੂ ਅਸੀਂ ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਹਾਂ। ਉਹ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਜਿੱਤ ਪ੍ਰਦਾਨ ਕਰਦਾ ਹੈ।
58 ਇਸ ਲਈ ਮੇਰੇ ਪਿਆਰੇ ਭਰਾਵੋ ਅਤੇ ਭੈਣੋ ਤਕੜੇ ਹੋਵੋ। ਕਿਸੇ ਵੀ ਚੀਜ਼ ਨੂੰ ਆਪਣੇ ਆਪ ਨੂੰ ਬਦਲਣ ਦੀ ਆਗਿਆ ਨਾ ਦਿਉ। ਪੂਰੀ ਤਰ੍ਹਾਂ ਆਪਨੇ ਆਪ ਨੂੰ ਹਮੇਸ਼ਾ ਪ੍ਰਭੂ ਦੇ ਕਾਰਜ ਨਮਿੱਤ ਕਰ ਦਿਉ। ਤੁਸੀਂ ਜਾਣਦੇ ਹੋ ਕਿ ਜਿਹੜਾ ਕਾਰਜ ਤੁਸੀਂ ਪ੍ਰਭੂ ਵਿੱਚ ਕਰਦੇ ਹੋ, ਵਿਅਰਥ ਨਹੀਂ ਜਾਵੇਗਾ।
2010 by World Bible Translation Center