M’Cheyne Bible Reading Plan
ਸਮਸੂਠ ਦਾ ਜਨਮ
13 ਫ਼ੇਰ ਤੋਂ ਇਸਰਾਏਲ ਦੇ ਲੋਕਾਂ ਨੇ ਉਹ ਕਰਨੀਆਂ ਕੀਤੀਆਂ ਜੋ ਯਹੋਵਾਹ ਦੁਆਰਾ ਬਦ ਮੰਨੀਆਂ ਜਾਂਦੀਆਂ ਸਨ। ਇਸ ਲਈ ਯਹੋਵਾਹ ਨੇ 40 ਵਰ੍ਹਿਆਂ ਲਈ ਉਨ੍ਹਾਂ ਨੂੰ ਫ਼ਲਸਤੀਆਂ ਦੇ ਹੱਥਾਂ ਵਿੱਚ ਸੌਂਪ ਦਿੱਤਾ।
2 ਉੱਥੇ ਸਾਰਾਹ ਸ਼ਹਿਰ ਦਾ ਇੱਕ ਬੰਦਾ ਸੀ। ਉਸ ਬੰਦੇ ਦਾ ਨਾਮ ਮਾਨੋਆਹ ਸੀ। ਉਹ ਦਾਨ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਮਾਨੋਆਹ ਦੀ ਇੱਕ ਪਤਨੀ ਸੀ। ਪਰ ਉਸ ਦੇ ਕੋਈ ਔਲਾਦ ਨਹੀਂ ਸੀ। 3 ਯਹੋਵਾਹ ਦਾ ਦੂਤ ਮਾਨੋਆਹ ਦੀ ਪਤਨੀ ਸਾਹਮਣੇ ਪ੍ਰਗਟ ਹੋਇਆ। ਉਸ ਨੇ ਆਖਿਆ, “ਤੇਰੀ ਹਾਲੇ ਤੀਕ ਔਲਾਦ ਨਹੀਂ। ਪਰ ਤੂੰ ਗਰਭਵਤੀ ਹੋਵੇਂਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਂਗੀ। 4 ਕੋਈ ਮੈਅ ਜਾਂ ਹੋਰ ਤੇਜ਼ ਚੀਜ਼ ਨਾ ਪੀਵੀਂ। ਅਜਿਹਾ ਭੋਜਨ ਨਾ ਕਰੀਂ ਜਿਹੜਾ ਨਾਪਾਕ ਹੈ। 5 ਕਿਉਂਕਿ ਤੂੰ ਗਰਭਵਤੀ ਹੈਂ ਅਤੇ ਤੂੰ ਇੱਕ ਪੁੱਤਰ ਨੂੰ ਜਨਮ ਦੇਵੇਂਗੀ। ਉਹ ਖਾਸ ਢੰਗ ਨਾਲ ਪਰਮੇਸ਼ੁਰ ਨੂੰ ਸਮਰਪਿਤ ਕੀਤਾ ਜਾਵੇਗਾ ਉਹ ਨਜ਼ੀਰ ਹੋਵੇਗਾ। ਤੂੰ ਕਦੇ ਵੀ ਉਸ ਦੇ ਵਾਲ ਨਾ ਕੱਟੀ। ਉਹ ਜੰਮਣ ਤੋਂ ਪਹਿਲਾਂ ਹੀ ਪਰਮੇਸ਼ੁਰ ਦਾ ਖਾਸ ਬੰਦਾ ਹੋਵੇਗਾ। ਉਹ ਇਸਰਾਏਲ ਦੇ ਲੋਕਾਂ ਨੂੰ ਫ਼ਲਿਸਤੀ ਲੋਕਾਂ ਦੀ ਤਾਕਤ ਤੋਂ ਬਚਾਵੇਗਾ।”
6 ਫ਼ੇਰ ਉਹ ਔਰਤ ਆਪਣੇ ਪਤੀ ਕੋਲ ਗਈ ਅਤੇ ਜੋ ਕੁਝ ਵਾਪਰਿਆ ਸੀ, ਉਸ ਨੂੰ ਦੱਸ ਦਿੱਤਾ। ਉਸ ਨੇ ਆਖਿਆ, “ਪਰਮੇਸ਼ੁਰ ਵੱਲੋਂ ਇੱਕ ਬੰਦਾ ਮੇਰੇ ਕੋਲ ਆਇਆ। ਉਹ ਪਰਮੇਸ਼ੁਰ ਦਾ ਫ਼ਰਿਸ਼ਤਾ ਜਾਪਦਾ ਸੀ। ਉਸ ਨੇ ਮੈਨੂੰ ਭੈਭੀਤ ਕਰ ਦਿੱਤਾ। ਮੈਂ ਉਸ ਨੂੰ ਇਹ ਨਹੀਂ ਪੁੱਛਿਆ ਕਿ ਉਹ ਕਿੱਥੋਂ ਦਾ ਸੀ। ਉਸ ਨੇ ਮੈਨੂੰ ਆਪਣਾ ਨਾਮ ਨਹੀਂ ਦੱਸਿਆ। 7 ਪਰ ਉਸ ਨੇ ਮੈਨੂੰ ਆਖਿਆ, ‘ਤੂੰ ਗਰਭਵਤੀ ਹੈਂ ਅਤੇ ਤੂੰ ਇੱਕ ਪੁੱਤਰ ਨੂੰ ਜਨਮ ਦੇਵੇਂਗੀ। ਕੋਈ ਮੈਅ ਜਾਂ ਹੋਰ ਤੇਜ਼ ਚੀਜ਼ ਨਾ ਪੀਵੀਂ। ਕੋਈ ਨਾਪਾਕ ਭੋਜਨ ਨਾ ਕਰੀਂ। ਕਿਉਂਕਿ ਇਹ ਲੜਕਾ ਖਾਸ ਢੰਗ ਨਾਲ ਪਰਮੇਸ਼ੁਰ ਨੂੰ ਸਮਰਪਿਤ ਹੋਵੇਗਾ। ਇਹ ਲੜਕਾ ਆਪਣੇ ਜਨਮ ਤੋਂ ਪਹਿਲਾਂ ਤੋਂ ਅਤੇ ਮੌਤ ਦੇ ਦਿਨ ਤੀਕ ਪਰਮੇਸ਼ੁਰ ਦਾ ਖਾਸ ਬੰਦਾ ਹੋਵੇਗਾ।’”
8 ਤਾਂ ਮਾਨੋਆਹ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਉਸ ਨੇ ਆਖਿਆ, “ਯਹੋਵਾਹ ਜੀ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਉਸ ਪਰਮੇਸ਼ੁਰ ਦੇ ਬੰਦੇ ਨੂੰ ਇੱਕ ਵਾਰੀ ਫ਼ੇਰ ਸਾਡੇ ਕੋਲ ਭੇਜੋ। ਅਸੀਂ ਚਾਹੁੰਦੇ ਹਾਂ ਕਿ ਉਹ ਸਾਨੂੰ ਇਹ ਸਿੱਖਾਵੇ ਕਿ ਅਸੀਂ ਉਸ ਲੜਕੇ ਲਈ ਕੀ ਕਰੀਏ, ਜਿਹੜਾ ਛੇਤੀ ਹੀ ਪੈਦਾ ਹੋਣ ਵਾਲਾ ਹੈ।”
9 ਪਰਮੇਸ਼ੁਰ ਨੇ ਮਾਨੋਆਹ ਦੀ ਪ੍ਰਾਰਥਨਾ ਸੁਣ ਲਈ। ਪਰਮੇਸ਼ੁਰ ਦਾ ਦੂਤ ਇੱਕ ਵਾਰ ਫ਼ੇਰ ਔਰਤ ਕੋਲ ਆਇਆ। ਉਹ ਇੱਕ ਖੇਤ ਅੰਦਰ ਬੈਠੀ ਹੋਈ ਸੀ ਅਤੇ ਉਸਦਾ ਪਤੀ ਮਾਨੋਆਹ ਉਸ ਦੇ ਕੋਲ ਨਹੀਂ ਸੀ। 10 ਇਸ ਲਈ ਉਹ ਔਰਤ ਆਪਣੇ ਪਤੀ ਨੂੰ ਭੱਜਕੇ ਦੱਸਣ ਗਈ, “ਉਹ ਆਦਮੀ ਵਾਪਸ ਆ ਗਿਆ ਹੈ! ਉਹੀ ਬੰਦਾ ਜਿਹੜਾ ਪਿੱਛਲੇ ਦਿਨ ਮੇਰੇ ਕੋਲ ਆਇਆ ਸੀ ਇੱਥੇ ਹੀ ਹੈ!”
11 ਮਾਨੋਆਹ ਉੱਠ ਪਿਆ ਅਤੇ ਆਪਣੀ ਪਤਨੀ ਦੇ ਪਿੱਛੇ-ਪਿੱਛੇ ਗਿਆ। ਜਦੋਂ ਉਹ ਉਸ ਆਦਮੀ ਕੋਲ ਅਇਆ। ਉਸ ਨੇ ਆਖਿਆ, “ਕੀ ਤੂੰ ਉਹੀ ਆਦਮੀ ਹੈਂ ਜਿਸਨੇ ਪਹਿਲਾਂ ਮੇਰੀ ਪਤਨੀ ਨਾਲ ਗੱਲ ਕੀਤੀ ਸੀ?”
ਦੂਤ ਨੇ ਆਖਿਆ, “ਮੈਂ ਹੀ ਹਾਂ।”
12 ਇਸ ਲਈ ਮਾਨੋਆਹ ਨੇ ਆਖਿਆ, “ਮੈਨੂੰ ਆਸ ਹੈ ਕਿ ਜੋ ਤੂੰ ਆਖਦਾ ਹੈਂ ਉਹੀ ਵਾਪਰੇਗਾ। ਮੈਨੂੰ ਦੱਸ ਕਿ ਇਹ ਲੜਕਾ ਕਿਹੋ ਜਿਹੀ ਜ਼ਿੰਦਗੀ ਜੀਵੇਗਾ? ਉਹ ਕੀ ਕਰੇਗਾ?”
13 ਯਹੋਵਾਹ ਦੇ ਦੂਤ ਨੇ ਮਾਨੋਆਹ ਨੂੰ ਆਖਿਆ, “ਤੇਰੀ ਪਤਨੀ ਨੂੰ ਉਹ ਗੱਲਾਂ ਜ਼ਰੂਰ ਕਰਨੀਆਂ ਚਾਹੀਦੀਆਂ ਹਨ ਜੋ ਮੈਂ ਆਖੀਆਂ ਸਨ। 14 ਉਸ ਨੂੰ ਕੋਈ ਵੀ ਅਜਿਹੀ ਚੀਜ਼ ਨਹੀਂ ਖਾਣੀ ਚਾਹੀਦੀ ਜੋ ਅੰਗੂਰੀ ਵੇਲ ਉੱਤੇ ਪੈਦਾ ਹੁੰਦੀ ਹੈ। ਉਸ ਨੂੰ ਮੈਅ ਜਾਂ ਕੋਈ ਹੋਰ ਨਸ਼ੇ ਵਾਲੀ ਚੀਜ਼ ਨਹੀਂ ਪੀਣੀ ਚਾਹੀਦੀ। ਉਸ ਨੂੰ ਕੋਈ ਵੀ ਨਾਪਾਕ ਭੋਜਨ ਨਹੀਂ ਕਰਨਾ ਚਾਹੀਦਾ। ਉਸ ਨੂੰ ਹਰ ਉਹ ਗੱਲ ਕਰਨੀ ਚਾਹੀਦੀ ਹੈ ਜਿਸਦਾ ਮੈਂ ਆਦੇਸ਼ ਦਿੱਤਾ ਹੈ।”
15 ਫ਼ੇਰ ਮਾਨੋਆਹ ਨੇ ਯਹੋਵਾਹ ਦੇ ਦੂਤ ਨੂੰ ਆਖਿਆ, “ਅਸੀਂ ਚਾਹੁੰਦੇ ਹਾਂ ਕਿ ਤੁਸੀਂ ਕੁਝ ਚਿਰ ਠਹਿਰੋ। ਅਸੀਂ ਤੁਹਾਡੇ ਲਈ ਭੋਜਨ ਵਾਸਤੇ ਇੱਕ ਬੱਕਰਾ ਰਿੰਨਣਾ ਚਾਹੁੰਦੇ ਹਾਂ।”
16 ਤਦ ਯਹੋਵਾਹ ਦੇ ਦੂਤ ਨੇ ਮਾਨੋਆਹ ਨੂੰ ਆਖਿਆ, “ਜੇ ਤੂੰ ਮੈਨੂੰ ਜਾਣ ਤੋਂ ਰੋਕੇਂਗਾ ਵੀ ਤਾਂ ਮੈਂ ਤੁਹਾਡਾ ਭੋਜਨ ਨਹੀਂ ਖਾਵਾਂਗਾ। ਪਰ ਜੇ ਤੂੰ ਕੁਝ ਭੇਟ ਕਰਨਾ ਹੀ ਚਾਹੁੰਦਾ ਹੈਂ ਤਾਂ ਯਹੋਵਾਹ ਨੂੰ ਇੱਕ ਹੋਮ ਦੀ ਭੇਟ ਚੜ੍ਹਾ।” (ਮਾਨੋਆਹ ਨੂੰ ਪਤਾ ਨਹੀਂ ਸੀ ਕਿ ਉਹ ਆਦਮੀ ਸੱਚਮੁੱਚ ਯਹੋਵਾਹ ਦਾ ਦੂਤ ਸੀ।)
17 ਤਾਂ ਮਾਨੋਆਹ ਨੇ ਯਹੋਵਾਹ ਦੇ ਦੂਤ ਨੂੰ ਪੁੱਛਿਆ, “ਤੇਰਾ ਨਾਮ ਕੀ ਹੈ? ਅਸੀਂ ਜਾਨਣਾ ਚਾਹੁੰਦੇ ਹਾਂ ਤਾਂ ਜੋ ਤੇਰੀਆਂ ਆਖੀਆਂ ਸਾਰੀਆਂ ਗੱਲਾਂ ਸੱਚਮੁੱਚ ਵਾਪਰ ਜਾਣ, ਅਸੀਂ ਤੇਰਾ ਆਦਰ ਕਰ ਸੱਕੀਏ!”
18 ਯਹੋਵਾਹ ਦੇ ਦੂਤ ਨੇ ਆਖਿਆ, “ਤੁਸੀਂ ਮੇਰਾ ਨਾਮ ਕਿਉਂ ਪੁੱਛਦੇ ਹੋਂ? ਇਹ ਗੁਪਤ ਹੈ ਅਤੇ ਇਹ ਸਮਝ ਤੋਂ ਪਾਰ ਹੈ।”
19 ਤਾਂ ਮਾਨੋਆਹ ਨੇ ਇੱਕ ਚੱਟਾਨ ਉੱਤੇ ਬੱਕਰੀ ਦੀ ਬਲੀ ਦਿੱਤੀ। ਉਸ ਨੇ ਯਹੋਵਾਹ ਨੂੰ ਬੱਕਰੀ ਅਤੇ ਅਨਾਜ ਦੀ ਭੇਟ ਚੜ੍ਹਾਈ ਫ਼ੇਰ ਯਹੋਵਾਹ ਨੇ ਕੁਝ ਅਦਭੁਤ ਕੀਤਾ, ਜਦੋਂ ਮਾਨੋਆਹ ਅਤੇ ਉਸਦੀ ਪਤਨੀ ਵੇਖ ਰਹੇ ਸਨ। 20 ਮਾਨੋਆਹ ਅਤੇ ਉਸਦੀ ਪਤਨੀ ਜੋ ਵਾਪਰ ਰਿਹਾ ਸੀ ਉਸ ਵੱਲ ਦੇਖ ਰਹੇ ਸਨ। ਜਿਉਂ ਹੀ ਜਗਵੇਦੀ ਤੋਂ ਲਾਟਾਂ ਉੱਠੀਆਂ, ਯਹੋਵਾਹ ਦਾ ਦੂਤ ਲਾਟਾਂ ਵਿੱਚੋਂ ਹੋਕੇ ਆਕਾਸ਼ ਨੂੰ ਉਤਾਹਾਂ ਚੱਲਿਆ ਗਿਆ!
ਜਦੋਂ ਮਾਨੋਆਹ ਅਤੇ ਉਸਦੀ ਪਤਨੀ ਨੇ ਇਹ ਦੇਖਿਆ, ਉਹ ਜ਼ਮੀਨ ਉੱਤੇ ਝੁਕ ਗਏ। 21 ਆਖਰਕਾਰ ਮਾਨੋਆਹ ਨੂੰ ਸਮਝ ਆ ਗਈ ਕਿ ਉਹ ਆਦਮੀ ਸੱਚਮੁੱਚ ਯਹੋਵਾਹ ਦਾ ਦੂਤ ਹੀ ਸੀ। ਯਹੋਵਾਹ ਦਾ ਦੂਤ ਫ਼ੇਰ ਕਦੇ ਮਾਨੋਆਹ ਦੇ ਸਾਹਮਣੇ ਪ੍ਰਗਟ ਨਹੀਂ ਹੋਇਆ। 22 ਮਾਨੋਆਹ ਨੇ ਆਪਣੀ ਪਤਨੀ ਨੂੰ ਆਖਿਆ, “ਅਸੀਂ ਪਰਮੇਸ਼ੁਰ ਦਾ ਦੀਦਾਰ ਕੀਤਾ ਹੈ! ਅਸੀਂ ਕਿਸੇ ਕਾਰਣ ਅਵੱਸ਼ ਮਰ ਜਾਵਾਂਗੇ!”
23 ਪਰ ਉਸਦੀ ਪਤਨੀ ਨੇ ਉਸ ਨੂੰ ਆਖਿਆ, “ਯਹੋਵਾਹ ਸਾਨੂੰ ਮਾਰਨਾ ਨਹੀਂ ਚਾਹੁੰਦਾ। ਜੇ ਯਹੋਵਾਹ ਸਾਨੂੰ ਮਾਰਨਾ ਚਾਹੁੰਦਾ ਤਾਂ ਉਸ ਨੇ ਸਾਡੀ ਹੋਮ ਦੀ ਭੇਟ ਅਤੇ ਅਨਾਜ ਦੀ ਭੇਟ ਪ੍ਰਵਾਨ ਨਹੀਂ ਕਰਨੀ ਸੀ। ਉਸ ਨੇ ਸਾਨੂੰ ਇਹ ਸਾਰੀਆਂ ਚੀਜ਼ਾਂ ਨਹੀਂ ਦਰਸਾਉਣੀਆਂ ਸਨ। ਅਤੇ ਉਸ ਨੇ ਸਾਨੂੰ ਇਹ ਗੱਲਾਂ ਨਹੀਂ ਦੱਸਣੀਆਂ ਸਨ।”
24 ਇਸ ਲਈ ਔਰਤ ਦੇ ਇੱਕ ਲੜਕਾ ਪੈਦਾ ਹੋਇਆ। ਉਸ ਨੇ ਉਸਦਾ ਨਾਮ ਸਮਸੂਨ ਰੱਖਿਆ। ਸਮਸੂਨ ਵੱਡਾ ਹੋਇਆ ਅਤੇ ਯਹੋਵਾਹ ਨੇ ਉਸ ਨੂੰ ਅਸੀਸ ਦਿੱਤੀ। 25 ਯਹੋਵਾਹ ਦੇ ਆਤਮੇ ਨੇ ਸਮਸੂਨ ਅੰਦਰ ਉਦੋਂ ਹੀ ਕਾਰਜ ਕਰਨਾ ਆਰੰਭ ਕਰ ਦਿੱਤਾ ਜਦੋਂ ਉਹ ਸਾਰਾਹ ਅਤੇ ਅਸ਼ਤਾਓਲ ਦੇ ਸ਼ਹਿਰਾਂ ਵਿੱਚਕਾਰ ਮਹਨੇਹ ਦਾਨ ਵਿੱਚ ਸੀ।
ਪੌਲੁਸ ਅਤੇ ਸੀਲਾਸ ਥਸਲੁਨੀਕੇ ਵਿੱਚ
17 ਤਦ ਉਹ ਅਮਫ਼ਿਪੁਲਿਸ ਅਤੇ ਅੱਪੁਲੋਨਿਯਾ ਸ਼ਹਿਰਾਂ ਵਿੱਚੋਂ ਲੰਘਦੇ ਹੋਏ ਥਸਲੁਨੀਕੇ ਸ਼ਹਿਰ ਵਿੱਚ ਆਏ, ਜਿੱਥੇ ਕਿ ਯਹੂਦੀਆਂ ਦਾ ਇੱਕ ਪ੍ਰਾਰਥਨਾ ਸਥਾਨ ਸੀ। 2 ਪੌਲੁਸ ਪ੍ਰਾਰਥਨਾ ਸਥਾਨ ਦੇ ਅੰਦਰ ਗਿਆ ਅਤੇ ਉਨ੍ਹਾਂ ਨਾਲ ਵਿੱਚਾਰ ਕੀਤਾ, ਜਿਵੇਂ ਉਹ ਹਰ ਸਬਤ ਦੇ ਦਿਨ ਤਿੰਨ ਹਫ਼ਤਿਆਂ ਲਈ ਪੋਥੀਆਂ ਬਾਰੇ ਕਰਦਾ ਸੀ। 3 ਪੌਲੁਸ ਨੇ ਇਨ੍ਹਾਂ ਪੋਥੀਆਂ ਨੂੰ ਯਹੂਦੀਆਂ ਨੂੰ ਵਿਸਤਾਰ ਵਿੱਚ ਸਮਝਾਇਆ ਤੇ ਸਾਬਤ ਕੀਤਾ ਕਿ ਮਸੀਹ ਨੇ ਦੁੱਖ ਭੋਗਣਾ ਹੀ ਸੀ ਅਤੇ ਫ਼ਿਰ ਮੁਰਦਿਆਂ ਵਿੱਚੋਂ ਜੀ ਉੱਠਣਾ ਸੀ। ਅਤੇ ਪੌਲੁਸ ਨੇ ਕਿਹਾ, “ਇਹ ਯਿਸੂ, ਜਿਸ ਬਾਰੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਮਸੀਹ ਹੈ।” 4 ਕੁਝ ਯਹੂਦੀਆਂ ਨੇ ਵਿਸ਼ਵਾਸ ਕੀਤਾ ਅਤੇ ਉਨ੍ਹਾਂ ਨੇ ਪੌਲੁਸ ਅਤੇ ਸੀਲਾਸ ਨਾਲ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ। ਬਹੁਤ ਮਹੱਤਵਪੂਰਣ ਯੂਨਾਨੀ ਆਦਮੀ ਅਤੇ ਔਰਤਾਂ ਵੀ ਉਨ੍ਹਾਂ ਨਾਲ ਜੁੜੀਆਂ ਜੋ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰਦੀਆਂ ਸਨ। ਇਉਂ ਇੱਕ ਵੱਡੇ ਆਦਮੀਆਂ ਦੇ ਸਮੂਹ ਨੇ ਅਤੇ ਬਹੁਤ ਸਾਰੀਆਂ ਔਰਤਾਂ ਪੌਲੁਸ ਅਤੇ ਸੀਲਾਸ ਨਾਲ ਸ਼ਾਮਿਲ ਹੋ ਗਏ।
5 ਪਰ ਉਹ ਯਹੂਦੀ, ਜਿਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ, ਉਨ੍ਹਾਂ ਨਾਲ ਈਰਖਾ ਕਰਨ ਲੱਗੇ। ਉਨ੍ਹਾਂ ਨੇ ਕੁਝ ਭੈੜੇ ਆਦਮੀ ਸ਼ਹਿਰ ਚੋ ਭਾੜੇ ਤੇ ਲਏ ਅਤੇ ਉਨ੍ਹਾਂ ਭੈੜਿਆਂ ਨੇ ਬਹੁਤ ਸਾਰੀ ਭੀੜ ਨੂੰ ਆਪਣੇ ਮਗਰ ਲਾ ਲਿਆ ਤੇ ਸ਼ਹਿਰ ਵਿੱਚ ਦੰਗੇ ਮਚਾ ਦਿੱਤੇ। ਉਹ ਯਾਸੋਨ ਦੇ ਘਰ ਉਨ੍ਹਾਂ ਨੂੰ ਲੱਭਦੇ ਹੋਏ ਗਏ ਤਾਂ ਕਿ ਉਹ ਉਨ੍ਹਾਂ ਨੂੰ ਲੋਕਾਂ ਦੇ ਸਾਹਮਣੇ ਖੜ੍ਹਾ ਕਰ ਸੱਕਣ। 6 ਪਰ ਉਨ੍ਹਾਂ ਨੂੰ ਪੌਲੁਸ ਅਤੇ ਸੀਲਾਸ ਉੱਥੇ ਨਾ ਮਿਲੇ ਤਾਂ ਲੋਕ ਯਾਸੋਨ ਅਤੇ ਕੁਝ ਹੋਰ ਨਿਹਚਾਵਾਨਾਂ ਨੂੰ ਖਿੱਚ ਕੇ ਸ਼ਹਿਰ ਦੇ ਆਗੂਆਂ ਸਾਹਮਣੇ ਲੈ ਆਏ ਅਤੇ ਡੰਡ ਪਾਉਣ ਲੱਗੇ ਕਿ, “ਇਨ੍ਹਾਂ ਨੇ ਸਾਰੇ ਸੰਸਾਰ ਵਿੱਚ ਸਭ ਨੂੰ ਦੁੱਖੀ ਕੀਤਾ ਹੋਇਆ ਹੈ। ਤੇ ਹੁਣ ਉਹ ਇੱਥੇ ਵੀ ਆ ਪਹੁੰਚੇ ਹਨ। 7 ਯਾਸੋਨ ਨੇ ਉਨ੍ਹਾਂ ਨੂੰ ਆਪਣੇ ਘਰ ਲੁਕਾਅ ਰੱਖਿਆ ਹੈ ਅਤੇ ਉਹ ਸਾਰੇ ਉਹ ਗੱਲਾਂ ਕਰਦੇ ਹਨ ਜੋ ਕੈਸਰ ਦੇ ਨੇਮ ਦੇ ਖਿਲਾਫ਼ ਹਨ। ਅਤੇ ਉਹ ਆਖਦੇ ਹਨ ਕਿ ਉੱਥੇ ਯਿਸੂ ਨਾਂ ਦਾ ਇੱਕ ਹੋਰ ਰਾਜਾ ਹੈ।”
8 ਭੀੜ ਅਤੇ ਆਗੂਆਂ ਨੇ ਜਦੋਂ ਇਹ ਗੱਲਾਂ ਸੁਣੀਆਂ ਤਾਂ ਉਹ ਪਰੇਸ਼ਾਨ ਹੋ ਗਏ। 9 ਉਨ੍ਹਾਂ ਨੇ ਯਾਸੋਨ ਅਤੇ ਹੋਰ ਨਿਹਚਾਵਾਨਾਂ ਤੇ ਜ਼ੁਰਮਾਨਾ ਲਗਾਇਆ ਤੇ ਫ਼ਿਰ ਉਨ੍ਹਾਂ ਨੂੰ ਜਾਣ ਦਿੱਤਾ।
ਪੌਲੁਸ ਅਤੇ ਸੀਲਾਸ ਦਾ ਬਰਿਯਾ ਨੂੰ ਜਾਣਾ
10 ਉਸੇ ਰਾਤ ਨਿਹਚਾਵਾਨਾਂ ਨੇ ਪੌਲੁਸ ਅਤੇ ਸੀਲਾਸ ਨੂੰ ਬਰਿਯਾ ਦੇ ਸ਼ਹਿਰ ਵਿੱਚ ਭੇਜ ਦਿੱਤਾ। ਜਦ ਉਹ ਉੱਥੇ ਪਹੁੰਚੇ ਤਾਂ ਉੱਥੇ ਉਹ ਯਹੂਦੀ ਪ੍ਰਾਰਥਨਾ ਸਥਾਨ ਤੇ ਗਏ। 11 ਏਥੋਂ ਦੇ ਯਹੂਦੀ ਥੱਸਲੁਨੀਕੇ ਦੇ ਲੋਕਾਂ ਨਾਲੋਂ ਬਹੁਤ ਚੰਗੇ ਸਨ। ਉਹ ਉਨ੍ਹਾਂ ਦਾ ਸੰਦੇਸ਼ ਸੁਣਕੇ ਬਹੁਤ ਖੁਸ਼ ਸਨ। ਅਤੇ ਬਰਿਯਾ ਦੇ ਯਹੂਦੀ ਰੋਜ਼ ਇਨ੍ਹਾਂ ਪੋਥੀਆਂ ਨੂੰ ਪੜ੍ਹਦੇ ਕਿ ਵੇਖੀਏ ਜੋ ਇਨ੍ਹਾਂ ਵਿੱਚ ਆਖਿਆ ਗਿਆ ਹੈ ਉਹ ਸੱਚ ਹੈ ਜਾਂ ਨਹੀਂ। 12 ਉਨ੍ਹਾਂ ਵਿੱਚੋਂ ਬਹੁਤ ਯਹੂਦੀ ਨਿਹਚਾਵਾਨ ਬਣ ਗਏ ਅਤੇ ਬਹੁਤ ਸਾਰੇ ਮਹੱਤਵਪੂਰਣ ਯੂਨਾਨੀ ਮਰਦ ਅਤੇ ਔਰਤਾਂ ਨਿਹਚਾਵਾਨ ਬਣ ਗਏ।
13 ਪਰ ਜਦੋਂ ਥੱਸਲੁਨੀਕੇ ਦੇ ਯਹੂਦੀਆਂ ਨੇ ਸੁਣਿਆ ਕਿ ਪੌਲੁਸ ਨੇ ਬਰਿਯਾ ਵਿੱਚ ਵੀ ਪਰਮੇਸ਼ੁਰ ਦੇ ਸੰਦੇਸ਼ ਦਾ ਪ੍ਰਚਾਰ ਕੀਤਾ ਹੈ, ਤਾਂ ਉਹ ਉੱਥੇ ਵੀ ਆ ਗਏ। ਉਨ੍ਹਾਂ ਨੇ ਬਰਿਯਾ ਵਿੱਚ ਵੀ ਲੋਕਾਂ ਵਿੱਚ ਬੇਚੈਨੀ ਤੇ ਡਰ ਫ਼ੈਲਾ ਦਿੱਤਾ। 14 ਇਸ ਲਈ ਨਿਹਚਾਵਾਨਾਂ ਨੇ ਛੇਤੀ ਹੀ ਪੌਲੁਸ ਨੂੰ ਦੂਰ ਸਮੁੰਦਰ ਨੂੰ ਭੇਜ ਦਿੱਤਾ। ਪਰ ਸੀਲਾਸ ਅਤੇ ਤਿਮੋਥਿਉਸ ਉੱਥੇ ਹੀ ਰਹੇ। 15 ਜਿਹੜੇ ਨਿਹਚਾਵਾਨ ਪੌਲੁਸ ਨਾਲ ਗਏ, ਉਸ ਨੂੰ ਅਥੇਨੈ ਤੱਕ ਦੂਰ ਲੈ ਗਏ। ਫ਼ਿਰ ਉਹ ਬਰਿਯਾ ਨੂੰ ਮੁੜਨ ਲਈ ਵਿਦਾ ਹੋ ਗਏ ਤੇ ਆਪਣੇ ਨਾਲ ਪੌਲੁਸ ਵੱਲੋਂ ਸੀਲਾਸ ਅਤੇ ਤਿਮੋਥਿਉਸ ਲਈ ਇੱਕ ਸੰਦੇਸ਼ ਲੈ ਕੇ ਗਏ, “ਜਿੰਨੀ ਛੇਤੀ ਹੋ ਸੱਕੇ ਮੇਰੇ ਨਾਲ ਸ਼ਾਮਿਲ ਹੋਣ ਲਈ ਆਓ।”
ਪੌਲੁਸ ਅਥੇਨੈ ਵਿੱਚ
16 ਪੌਲੁਸ ਉਨ੍ਹਾਂ ਦਾ ਅਥੇਨੈ ਵਿੱਚ ਇੰਤਹਾਰ ਕਰ ਰਿਹਾ ਸੀ। ਪਰ ਉਹ ਇਸ ਸ਼ਹਿਰ ਵਿੱਚ ਇਹ ਵੇਖਕੇ ਬੜਾ ਦੁੱਖੀ ਹੋਇਆ ਕਿ ਇਹ ਸ਼ਹਿਰ ਤਾਂ ਮੂਰਤਾਂ ਨਾਲ ਭਰਿਆ ਹੋਇਆ ਹੈ। 17 ਪ੍ਰਾਰਥਨਾ ਸਥਾਨ ਵਿੱਚ, ਉਸ ਨੇ ਯਹੂਦੀਆਂ ਅਤੇ ਯੂਨਾਨੀਆਂ ਨਾਲ ਗੱਲ ਕੀਤੀ ਜੋ ਕਿ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰ ਰਹੇ ਸਨ। ਉਸ ਨੇ ਹਰ ਰੋਜ਼ ਉਨ੍ਹਾਂ ਲੋਕਾਂ ਨਾਲ ਵੀ ਵਿੱਚਾਰ ਕੀਤੇ ਜੋ ਉਸ ਸ਼ਹਿਰ ਦੇ ਵਿਉਪਾਰੀ ਇਲਾਕੇ ਵਿੱਚ ਰਹਿੰਦੇ ਸਨ। 18 ਕੁਝ ਅਪਿਕੂਰੀ ਅਤੇ ਸਤੋਕਿਈ ਪੰਡਤਾਂ ਨੇ ਵੀ ਉਸ ਨਾਲ ਚਰਚਾ ਕੀਤੀ।
ਉਨ੍ਹਾਂ ਵਿੱਚੋਂ ਕੁਝ ਨੇ ਕਿਹਾ, “ਇਹ ਗੱਪੀ ਕਿਸ ਬਾਰੇ ਗੱਲ ਕਰ ਰਿਹਾ ਹੈ?” ਪੌਲੁਸ ਉਨ੍ਹਾਂ ਨੂੰ ਯਿਸੂ ਦਾ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਖੁਸ਼ਖਬਰੀ ਬਾਰੇ ਦੱਸ ਰਿਹਾ ਸੀ। ਇਸ ਲਈ ਉਨ੍ਹਾਂ ਨੇ ਆਖਿਆ, “ਇਸਦਾ ਭਾਵ ਇਹ ਹੈ ਕਿ ਇਹ ਕਿਸੇ ਹੋਰ ਦੇਵਤਿਆਂ ਬਾਰੇ ਬੋਲ ਰਿਹਾ ਹੈ।”
19 ਤਾਂ ਉਹ ਪੌਲੁਸ ਨੂੰ ਅਰਿਯੁਪਗੁਸ ਦੀ ਸਭਾ ਵਿੱਚ ਲੈ ਆਏ ਅਤੇ ਉਨ੍ਹਾਂ ਆਖਿਆ, “ਹੁਣ ਕਿਰਪਾ ਕਰਕੇ ਸਾਨੂੰ ਇਸ ਨਵੇਂ ਉਪਦੇਸ਼ ਦੀ ਵਿਆਖਿਆ ਕਰ ਜਿਸ ਬਾਰੇ ਤੂੰ ਬੋਲ ਰਿਹਾ ਸੀ। 20 ਅਸੀਂ ਅਜਿਹੀਆਂ ਗੱਲਾਂ ਪਹਿਲਾਂ ਕਦੇ ਨਹੀਂ ਸੁਣੀਆਂ, ਜਿਹੜੀਆਂ ਤੂੰ ਸਾਨੂੰ ਹੁਣ ਦੱਸ ਰਿਹਾ ਹੈਂ। ਅਸੀਂ ਜਾਨਣਾ ਚਾਹੁੰਦੇ ਹਾਂ ਕਿ ਇਨ੍ਹਾਂ ਉਪਦੇਸ਼ਾਂ ਦਾ ਕੀ ਅਰਥ ਹੈ।” 21 (ਅਥੈਨੇ ਦੇ ਸਾਰੇ ਲੋਕ ਅਤੇ ਹੋਰ ਦੂਜੇ ਦੇਸ਼ਾਂ ਦੇ ਲੋਕ, ਜੋ ਅਥੈਨੇ ਵਿੱਚ ਰਹਿੰਦੇ ਸਨ, ਆਪਣਾ ਸਾਰਾ ਸਮਾਂ ਕਿਸੇ ਨਾ ਕਿਸੇ ਨਵੇਂ ਵਿੱਚਾਰਾਂ ਨੂੰ ਬੋਲਣ ਅਤੇ ਸੁਣਨ ਵਿੱਚ ਬਿਤਾਉਂਦੇ ਸਨ।)
22 ਤਦ ਪੌਲੁਸ ਅਰਿਯੁਪਗੁਸ ਦੀ ਸਭਾ ਸਾਹਮਣੇ ਖੜ੍ਹਾ ਹੋਇਆ ਅਤੇ ਉਸ ਨੇ ਆਖਿਆ, “ਹੇ ਅਥੈਨੇ ਦੇ ਪੁਰੱਖੋ। ਮੈਂ ਵੇਖ ਸੱਕਦਾ ਹਾਂ ਕਿ ਤੁਸੀਂ ਹਰ ਢੰਗ ਨਾਲ ਬੜੇ ਧਾਰਮਿਕ ਹੋ। 23 ਜਿਵੇਂ ਕਿ ਮੈਂ ਤੁਹਾਡੇ ਸ਼ਹਿਰ ਰਾਹੀਂ, ਉਹ ਚੀਜ਼ਾਂ ਵੇਖਦਾ ਹੋਇਆ ਲੰਘ ਰਿਹਾ ਸੀ, ਜਿਨ੍ਹਾਂ ਦੀ ਤੁਸੀਂ ਉਪਾਸਨਾ ਕਰਦੇ ਹੋ, ਮੈਂ ਇੱਕ ਜਗਵੇਦੀ ਵੇਖੀ ਜਿਸ ਉੱਤੇ ਇਹ ਲਿਖਿਆ ਹੋਇਆ ਸੀ, ‘ ਪਰਮੇਸ਼ੁਰ ਲਈ, ਜੋ ਕਿ ਅਗਿਆਤ ਹੈ।’ ਮੈਂ ਤੁਹਾਨੂੰ ਉਸੇ ਪਰਮੇਸ਼ੁਰ ਬਾਰੇ ਦੱਸਣ ਜਾ ਰਿਹਾ ਹਾਂ ਜਿਸ ਪਰਮੇਸ਼ੁਰ ਦੀ ਤੁਸੀਂ ਬਿਨਾ ਜਾਣਿਆਂ ਉਪਾਸਨਾ ਕਰਦੇ ਹੋਂ।
24 “ਉਹੀ ਪਰਮੇਸ਼ੁਰ ਹੈ ਜਿਸਨੇ ਸੰਸਾਰ ਅਤੇ ਉਸ ਵਿੱਚਲੀ ਹਰ ਚੀਜ਼ ਦੀ ਰਚਨਾ ਕੀਤੀ ਹੈ। ਉਹ ਸਵਰਗ ਤੇ ਧਰਤੀ ਦਾ ਪ੍ਰਭੂ ਹੈ। ਉਹ ਮਨੁੱਖੀ ਹੱਥਾਂ ਨਾਲ ਬਣੇ ਮੰਦਰਾਂ ਵਿੱਚ ਨਹੀਂ ਰਹਿੰਦਾ। 25 ਇਹ ਉਹ ਪਰਮੇਸ਼ੁਰ ਹੈ ਜੋ ਆਪਣੇ ਲੋਕਾਂ ਨੂੰ ਜੀਵਨ, ਪ੍ਰਾਣ ਤੇ ਹੋਰ ਸਭ ਕੁਝ ਦਿੰਦਾ ਹੈ। ਅਤੇ ਉਸ ਨੂੰ ਕਿਸੇ ਮਨੁੱਖੀ ਮਦਦ ਦੀ ਵੀ ਕੋਈ ਲੋੜ ਨਹੀਂ। ਪ੍ਰਭੂ ਪਰਮੇਸ਼ੁਰ ਕੋਲ ਸਭ ਕੁਝ ਹੈ ਜਿਸਦੀ ਉਸ ਨੂੰ ਜ਼ਰੂਰਤ ਹੈ। 26 ਪਰਮੇਸ਼ੁਰ ਨੇ ਇੱਕ ਮਨੁੱਖ, ਆਦਮ, ਦੀ ਰਚਨਾ ਕਰਕੇ ਅਨੇਕਾਂ ਲੋਕਾਂ ਦੀ ਸਿਰਜਣਾ ਕੀਤੀ। ਅਤੇ ਉਸ ਨੇ ਸਾਰੀਆਂ ਕੌਮਾਂ ਨੂੰ ਸਾਰੀ ਦੁਨੀਆਂ ਵਿੱਚ ਬਣਾਇਆ। ਪਰਮੇਸ਼ੁਰ ਨੇ ਨਿਸ਼ਚਿਤ ਕੀਤਾ ਕਿ ਹਰੇਕ ਕੌਮ ਨੂੰ ਕਿੰਨਾ ਚਿਰ ਮੌਜੂਦ ਰਹਿਣਾ ਚਾਹੀਦਾ ਹੈ ਅਤੇ ਇਸਤੋਂ ਵੀ ਚੰਗਾ ਕਿ ਕਿਸ ਖੇਤਰ ਵਿੱਚ ਰਹਿਣਾ ਚਾਹੀਦਾ ਹੈ।
27 “ਪਰਮੇਸ਼ੁਰ ਚਾਹੁੰਦਾ ਸੀ ਕਿ ਲੋਕ ਉਸ ਨੂੰ ਖੋਜਣ। ਜੇਕਰ ਲੋਕ ਉਸ ਵਾਸਤੇ ਆਪਨੇ ਆਲੇ-ਦੁਆਲੇ ਵੇਖਦੇ ਰਹਿਣਗੇ, ਸ਼ਾਇਦ ਉਸ ਨੂੰ ਲੱਭ ਲੈਣ। ਪਰ ਉਹ ਸਾਡੇ ਵਿੱਚੋਂ ਕਿਲੇ ਕੋਲੋਂ ਦੂਰ ਨਹੀਂ ਹੈ। 28 ਅਸੀਂ ਉਸ ਨਾਲ ਰਹਿੰਦੇ ਹਾਂ, ਉਸ ਦੇ ਨਾਲ ਤੁਰਦੇ ਹਾਂ, ਅਸੀਂ ਉਸ ਦੇ ਨਾਲ ਮੌਜੂਦ ਹਾਂ। ਤੁਹਾਡੇ ਆਪਣੇ ਕਵੀਆਂ ਨੇ ਆਖਿਆ ਹੈ, ‘ਅਸੀਂ ਉਸ ਦੇ ਬੱਚੇ ਹਾਂ।’
29 “ਅਸੀਂ ਪਰਮੇਸ਼ੁਰ ਦੇ ਬੱਚੇ ਹਾਂ। ਇਸ ਲਈ ਸਾਨੂੰ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ੁਰ ਕੁਝ ਅਜਿਹਾ ਹੈ ਜੋ ਲੋਕ ਸੋਚਦੇ ਜਾਂ ਬਣਾਉਂਦੇ ਹਨ। ਉਹ ਸੋਨੇ ਚਾਂਦੀ ਜਾਂ ਪੱਥਰ ਦੀਆਂ ਬਣੀਆਂ ਮੂਰਤਾਂ ਵਰਗਾ ਨਹੀਂ ਹੈ। 30 ਪਹਿਲੇ ਸਮਿਆਂ ਵਿੱਚ ਲੋਕ ਪਰਮੇਸ਼ੁਰ ਨੂੰ ਨਹੀਂ ਸਮਝ ਸੱਕੇ ਤੇ ਉਸ ਨੇ ਉਨ੍ਹਾਂ ਵੱਲ ਧਿਆਨ ਨਾ ਦਿੱਤਾ। ਪਰ ਹੁਣ ਪਰਮੇਸ਼ੁਰ ਦੁਨੀਆਂ ਦੇ ਹਰ ਇੱਕ ਮਨੁੱਖ ਨੂੰ ਆਪਣੇ ਆਪ ਨੂੰ ਬਦਲਣ ਅਤੇ ਤੌਬਾ ਕਰਨ ਲਈ ਆਖਦਾ ਹੈ। 31 ਪ੍ਰਭੂ ਪਰਮੇਸ਼ੁਰ ਨੇ ਇੱਕ ਦਿਨ ਨਿਸ਼ਚਿਤ ਕੀਤਾ ਹੋਇਆ ਹੈ ਜਿਸ ਦਿਨ ਉਹ ਇਸ ਧਰਤੀ ਦੇ ਸਾਰੇ ਲੋਕਾਂ ਦਾ ਨਿਆਂ ਕਰੇਗਾ। ਉਹ ਕਿਸੇ ਨਾਲ ਵਿਤਕਰਾ ਨਹੀਂ ਕਰੇਗਾ। ਉਹ ਇਹ ਕੰਮ ਇੱਕ ਮਨੁੱਖ ਯਿਸੂ ਨੂੰ ਸੌਂਪੇਗਾ। ਪਰਮੇਸ਼ੁਰ ਨੇ ਇਸ ਨੂੰ ਬਹੁਤ ਦੇਰ ਪਹਿਲਾਂ ਚੁਣਿਆ ਹੋਇਆ ਹੈ ਅਤੇ ਉਸ ਨੇ ਇਹ ਸਾਬਿਤ ਕਰਕੇ ਵੀ ਵਿਖਾ ਦਿੱਤਾ ਹੈ। ਉਸ ਨੇ ਇਉਂ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕਰਕੇ ਸਾਬਿਤ ਕੀਤਾ ਹੈ।”
32 ਜਦੋਂ ਲੋਕਾਂ ਨੇ ਯਿਸੂ ਦਾ ਮੁਰਦਿਆਂ ਚੋਂ ਜੀ ਉੱਠਣ ਬਾਰੇ ਸੁਣਿਆ ਤਾਂ ਉਨ੍ਹਾਂ ਵਿੱਚੋਂ ਕੁਝ ਨੇ ਮਖੌਲ ਕੀਤਾ। ਲੋਕਾਂ ਕਿਹਾ, “ਅਸੀਂ ਇਸ ਬਾਰੇ ਹੋਰ ਵਿਸਤਾਰ ਤੇਰੇ ਕੋਲੋਂ ਬਾਅਦ ਵਿੱਚ ਸੁਣਾਂਗੇ।” 33 ਇਸ ਲਈ ਪੌਲੁਸ ਉੱਥੋਂ ਦੂਰ ਚੱਲਿਆ ਗਿਆ। 34 ਪਰ ਕੁਝ ਲੋਕ ਉਸ ਦੇ ਸੰਗ ਹੋ ਗਏ ਅਤੇ ਨਿਹਚਾਵਾਨ ਬਣ ਗਏ। ਉਨ੍ਹਾਂ ਵਿੱਚੋਂ ਇੱਕ ਦਿਯਾਨੀਸਿਯੁਸ ਸੀ, ਜੋ ਅਰਿਯੁਪਗੀ ਸਭਾ ਦਾ ਇੱਕ ਸਦੱਸ ਸੀ। ਇੱਕ ਦਾਮਰਿਸ ਨਾਂ ਦੀ ਔਰਤ ਅਤੇ ਕੁਝ ਹੋਰ ਲੋਕਾਂ ਨੇ ਵੀ ਨਿਹਚਾ ਕੀਤਾ।
ਮੰਦਰ ਵਿਖੇ ਯਿਰਮਿਯਾਹ ਦਾ ਸਬਕ
26 ਯਹੋਵਾਹ ਵੱਲੋਂ ਇਹ ਸੰਦੇਸ਼ ਉਦੋਂ ਆਇਆ ਜਦੋਂ ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਰਾਜ ਦਾ ਪਹਿਲਾ ਵਰ੍ਹਾ ਸੀ। ਯਹੋਯਾਕੀਮ ਰਾਜੇ ਯੋਸ਼ੀਯਾਹ ਦਾ ਪੁੱਤਰ ਸੀ। 2 ਯਹੋਵਾਹ ਨੇ ਆਖਿਆ, “ਯਿਰਮਿਯਾਹ, ਯਹੋਵਾਹ ਦੇ ਮੰਦਰ ਦੇ ਵਿਹੜੇ ਵਿੱਚ ਖਲੋ ਜਾ। ਯਹੂਦਾਹ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਇਹ ਸੰਦੇਸ਼ ਦੇਵੀਂ ਜਿਹੜੇ ਯਹੋਵਾਹ ਦੇ ਮੰਦਰ ਵਿੱਚ ਉਪਾਸਨਾ ਲਈ ਆ ਰਹੇ ਹਨ। ਉਨ੍ਹਾਂ ਨੂੰ ਉਹ ਹਰ ਗੱਲ ਆਖੀਂ ਜਿਹੜੀ ਮੈਂ ਤੈਨੂੰ ਆਖਣ ਲਈ ਕਹਿੰਦਾ ਹਾਂ। ਸੰਦੇਸ਼ ਦਾ ਕੋਈ ਵੀ ਹਿੱਸਾ ਛੱਡੀ ਨਾ। 3 ਸ਼ਾਇਦ ਉਹ ਲੋਕ ਮੇਰਾ ਸੰਦੇਸ਼ ਸੁਣਨ ਅਤੇ ਇਸ ਨੂੰ ਮੰਨ ਲੈਣ। ਸ਼ਾਇਦ ਉਹ ਇਹੋ ਜਿਹਾ ਮੰਦਾ ਜੀਵਨ ਜਿਉਣਾ ਛੱਡ ਦੇਣ। ਜੇ ਉਹ ਬਦਲ ਜਾਂਦੇ ਹਨ ਤਾਂ ਸ਼ਾਇਦ ਮੈਂ ਵੀ ਉਨ੍ਹਾਂ ਨੂੰ ਸਜ਼ਾ ਦੇਣ ਦੀਆਂ ਵਿਉਂਤਾ ਬਾਰੇ ਆਪਣਾ ਮਨ ਬਦਲ ਲਵਾਂ। ਮੈਂ ਇਸ ਸਜ਼ਾ ਦੀ ਯੋਜਨਾ ਇਸ ਲਈ ਬਣਾ ਰਿਹਾ ਹਾਂ ਕਿਉਂ ਕਿ ਉਨ੍ਹਾਂ ਲੋਕਾਂ ਨੇ ਬਹੁਤ ਮੰਦੇ ਕੰਮ ਕੀਤੇ ਹਨ। 4 ਤੂੰ ਉਨ੍ਹਾਂ ਨੂੰ ਆਖੀਂ, ‘ਇਹੀ ਹੈ ਜੋ ਯਹੋਵਾਹ ਆਖਦਾ ਹੈ: ਮੈਂ ਤੁਹਾਨੂੰ ਆਪਣੀ ਬਿਵਸਬਾ ਦਿੱਤੀ ਸੀ। ਤੁਹਾਨੂੰ ਮੇਰਾ ਹੁਕਮ ਮੰਨਣਾ ਚਾਹੀਦਾ ਹੈ ਅਤੇ ਮੇਰੀ ਬਿਵਸਬਾ ਉੱਤੇ ਅਮਲ ਕਰਨਾ ਚਾਹੀਦਾ ਹੈ। 5 ਤੁਹਾਨੂੰ ਉਹ ਗੱਲਾਂ ਜ਼ਰੂਰ ਸੁਣਨੀਆਂ ਚਾਹੀਦੀਆਂ ਹਨ ਜੋ ਮੇਰੇ ਸੇਵਕ ਤੁਹਾਨੂੰ ਆਖਦੇ ਹਨ। (ਨਬੀ ਮੇਰੇ ਸੇਵਕ ਹਨ।) ਮੈਂ ਤੁਹਾਡੇ ਵੱਲ ਬਾਰ-ਬਾਰ ਨਬੀ ਭੇਜੇ, ਪਰ ਤੁਸੀਂ ਉਨ੍ਹਾਂ ਦੀ ਗੱਲ ਨਹੀਂ ਸੁਣੀ। 6 ਜੇ ਤੁਸੀਂ ਮੇਰਾ ਹੁਕਮ ਨਹੀਂ ਮੰਨੋਗੇ ਤਾਂ ਮੈਂ ਯਰੂਸ਼ਲਮ ਵਿੱਚਲੇ ਆਪਣੇ ਮੰਦਰ ਨੂੰ ਸ਼ੀਲੋਹ ਦੇ ਆਪਣੇ ਪਵਿੱਤਰ ਤੰਬੂ ਵਰਗਾ ਬਣਾ ਦਿਆਂਗਾ। ਸਾਰੀ ਦੁਨੀਆਂ ਦੇ ਲੋਕ ਯਰੂਸ਼ਲਮ ਬਾਰੇ ਸੋਚਣਗੇ ਜਦੋਂ ਉਹ ਹੋਰਨਾਂ ਸ਼ਹਿਰਾਂ ਉੱਤੇ ਮੰਦੀਆਂ ਗੱਲਾਂ ਵਾਪਰਨ ਦੀ ਮੰਗ ਕਰਨਗੇ।’”
7 ਜਾਜਕਾਂ, ਨਬੀਆਂ ਅਤੇ ਹੋਰ ਸਾਰੇ ਲੋਕਾਂ ਨੇ ਯਹੋਵਾਹ ਦੇ ਮੰਦਰ ਵਿੱਚ ਯਿਰਮਿਯਾਹ ਨੂੰ ਇਹ ਸ਼ਬਦ ਆਖਦਿਆਂ ਸੁਣਿਆ। 8 ਯਿਰਮਿਯਾਹ ਨੇ ਉਹ ਹਰ ਗੱਲ ਲੋਕਾਂ ਨੂੰ ਆਖਕੇ ਮੁਕਾਈ ਜਿਸ ਬਾਰੇ ਯਹੋਵਾਹ ਨੇ ਉਸ ਨੂੰ ਲੋਕਾਂ ਨੂੰ ਆਖਣ ਦਾ ਸੰਦੇਸ਼ ਦਿੱਤਾ ਸੀ। ਤਾਂ ਜਾਜਕਾਂ, ਨਬੀਆਂ ਅਤੇ ਹੋਰ ਸਾਰੇ ਲੋਕਾਂ ਨੇ ਯਿਰਮਿਯਾਹ ਨੂੰ ਫ਼ੜ ਲਿਆ। ਉਨ੍ਹਾਂ ਨੇ ਆਖਿਆ, “ਇਹ ਗੱਲਾਂ ਆਖਣ ਲਈ ਤੈਨੂੰ ਮੌਤ ਮਿਲੇਗੀ! 9 ਤੂੰ ਹੌਸਲਾ ਕਿਵੇਂ ਕੀਤਾ ਯਹੋਵਾਹ ਦੇ ਨਾਮ ਉੱਤੇ ਅਜਿਹਾ ਪ੍ਰਚਾਰ ਕਰਨ ਦਾ! ਤੂੰ ਇਹ ਆਖਣ ਦਾ ਹੌਸਲਾ ਕਿਵੇਂ ਕੀਤਾ ਕਿ ਇਹ ਮੰਦਰ ਸ਼ੀਲੋਹ ਵਾਲੇ ਮੰਦਰ ਵਾਂਗ ਤਬਾਹ ਹੋ ਜਾਵੇਗਾ! ਤੂੰ ਇਹ ਆਖਣ ਦਾ ਹੌਸਲਾ ਕਿਵੇਂ ਕੀਤਾ ਕਿ ਯਰੂਸ਼ਲਮ ਮਾਰੂਬਲ ਬਣ ਜਾਵੇਗਾ ਜਿੱਥੇ ਕੋਈ ਵੀ ਨਹੀਂ ਰਹੇਗਾ।” ਯਹੋਵਾਹ ਦੇ ਮੰਦਰ ਵਿੱਚ ਸਾਰੇ ਲੋਕ ਯਿਰਮਿਯਾਹ ਦੇ ਆਲੇ-ਦੁਆਲੇ ਇਕੱਠੇ ਹੋ ਗਏ।
10 ਹੁਣ ਯਹੂਦਾਹ ਦੇ ਹਾਕਮਾਂ ਨੇ ਇਨ੍ਹਾਂ ਗੱਲਾਂ ਬਾਰੇ ਸੁਣਿਆ ਜੋ ਇੱਥੇ ਵਾਪਰ ਰਹੀਆਂ ਸਨ। ਇਸ ਲਈ ਉਹ ਰਾਜੇ ਦੇ ਮਹਿਲ ਵਿੱਚੋਂ ਬਾਹਰ ਆ ਗਏ। ਉਹ ਯਹੋਵਾਹ ਦੇ ਮੰਦਰ ਵੱਲ ਗਏ। ਉੱਥੇ ਉਨ੍ਹਾਂ ਨੇ ਨਵੇਂ ਦਰਵਾਜ਼ੇ ਕੋਲ ਆਪਣੇ ਸਥਾਨ ਗ੍ਰਹਿਣ ਕਰ ਲੇ। ਨਵਾਂ ਦਰਵਾਜ਼ਾ ਯਹੋਵਾਹ ਦੇ ਮੰਦਰ ਵੱਲ ਜਾਣ ਵਾਲਾ ਦਰਵਾਜ਼ਾ ਹੈ। 11 ਤਾਂ ਜਾਜਕਾਂ ਅਤੇ ਨਬੀਆਂ ਨੇ ਹਾਕਮਾਂ ਅਤੇ ਹੋਰ ਸਾਰੇ ਲੋਕਾਂ ਨਾਲ ਗੱਲ ਕੀਤੀ। ਉਨ੍ਹਾਂ ਨੇ ਆਖਿਆ, “ਯਿਰਮਿਯਾਹ ਨੂੰ ਮਾਰ ਦੇਣਾ ਚਾਹੀਦਾ ਹੈ। ਉਸ ਨੇ ਯਰੂਸ਼ਲਮ ਬਾਰੇ ਮੰਦੀਆਂ ਗੱਲਾਂ ਆਖੀਆਂ ਹਨ। ਤੁਸੀਂ ਉਸ ਨੂੰ ਇਹ ਗੱਲਾਂ ਆਖਦਿਆਂ ਸੁਣਿਆ।”
12 ਤਾਂ ਯਿਰਮਿਯਾਹ ਨੇ ਯਹੂਦਾਹ ਦੇ ਸਾਰੇ ਹਾਕਮਾਂ ਅਤੇ ਹੋਰ ਸਾਰੇ ਲੋਕਾਂ ਨਾਲ ਗੱਲ ਕੀਤੀ। ਉਸ ਨੇ ਆਖਿਆ, “ਯਹੋਵਾਹ ਨੇ ਮੈਨੂੰ ਇਸ ਮੰਦਰ ਅਤੇ ਇਸ ਸ਼ਹਿਰ ਬਾਰੇ ਇਹ ਗੱਲਾਂ ਆਖਣ ਲਈ ਭੇਜਿਆ ਹੈ। ਹਰ ਉਹ ਗੱਲ ਜਿਹੜੀ ਤੁਸੀਂ ਸੁਣੀ ਹੈ ਉਹ ਯਹੋਵਾਹ ਵੱਲੋਂ ਹੈ। 13 ਤੁਹਾਨੂੰ ਲੋਕਾਂ ਨੂੰ ਅਵੱਸ਼ ਹੀ ਆਪਣੇ ਜੀਵਨ ਬਦਲਣੇ ਚਾਹੀਦੇ ਹਨ! ਤੁਹਾਨੂੰ ਨੇਕੀ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਤੁਹਾਨੂੰ ਚਾਹੀਦਾ ਹੈ ਕਿ ਯਹੋਵਾਹ ਆਪਣੇ ਪਰਮੇਸ਼ੁਰ ਦਾ ਹੁਕਮ ਮੰਨੋ। ਜੇ ਤੁਸੀਂ ਅਜਿਹਾ ਕਰੋਗੇ ਤਾਂ ਯਹੋਵਾਹ ਆਪਣਾ ਮਨ ਬਦਲ ਲਵੇਗਾ। ਯਹੋਵਾਹ ਉਹ ਮੰਦੀਆਂ ਗੱਲਾਂ ਨਹੀਂ ਕਰੇਗਾ ਜਿਨ੍ਹਾਂ ਬਾਰੇ ਉਸ ਨੇ ਤੁਹਾਨੂੰ ਆਖਿਆ ਹੈ। 14 ਜਿੱਥੇ ਤੀਕ ਮੇਰੀ ਗੱਲ ਹੈ, ਮੈਂ ਤੁਹਾਡੇ ਕਬਜ਼ੇ ਵਿੱਚ ਹਾਂ। ਮੇਰੇ ਨਾਲ ਓਹੀ ਸਲੂਕ ਕਰੋ ਜਿਹੜਾ ਤੁਸੀਂ ਚੰਗਾ ਅਤੇ ਠੀਕ ਸਮਝਦੇ ਹੋ। 15 ਪਰ ਜੇ ਤੁਸੀਂ ਮੈਨੂੰ ਮਾਰ ਦਿਓਗੇ, ਤਾਂ ਇੱਕ ਗੱਲ ਬਾਰੇ ਯਕੀਨ ਰੱਖਣਾ। ਤੁਸੀਂ ਇੱਕ ਬੇਗੁਨਾਹ ਬੰਦੇ ਨੂੰ ਮਾਰਨ ਦੇ ਦੋਸ਼ੀ ਹੋਵੋਗੇ। ਤੁਸੀਂ ਇਸ ਸ਼ਹਿਰ ਨੂੰ ਅਤੇ ਇਸਦੇ ਹਰ ਵਾਸੀ ਨੂੰ ਵੀ ਦੋਸ਼ੀ ਬਣਾ ਦਿਓਗੇ। ਯਹੋਵਾਹ ਨੇ ਸੱਚਮੁੱਚ ਮੈਨੂੰ ਤੁਹਾਡੇ ਵੱਲ ਭੇਜਿਆ ਹੈ। ਜਿਹੜਾ ਸੰਦੇਸ਼ ਤੁਸੀਂ ਸੁਣਿਆ ਹੈ ਓਹ ਯਹੋਵਾਹ ਵੱਲੋਂ ਹੀ ਹੈ।”
16 ਤਾਂ ਹਾਕਮ ਅਤੇ ਹੋਰ ਸਾਰੇ ਲੋਕ ਬੋਲੇ। ਉਨ੍ਹਾਂ ਲੋਕਾਂ ਨੇ ਜਾਜਕਾਂ ਅਤੇ ਨਬੀਆਂ ਨੂੰ ਆਖਿਆ, “ਯਿਰਮਿਯਾਹ ਨੂੰ ਮਾਰਨਾ ਨਹੀਂ ਚਾਹੀਦਾ। ਜਿਹੜੀਆਂ ਗੱਲਾਂ ਯਿਰਮਿਯਾਹ ਨੇ ਸਾਨੂੰ ਆਖੀਆਂ ਹਨ ਉਹ ਯਹੋਵਾਹ ਸਾਡੇ ਪਰਮੇਸ਼ੁਰ ਵੱਲੋਂ ਹੀ ਹਨ।”
17 ਤਾਂ ਕੁਝ ਬਜ਼ੁਰਗ ਖੜ੍ਹੇ ਹੋ ਗਏ ਅਤੇ ਲੋਕਾਂ ਨੂੰ ਕਹਿਣ ਲੱਗੇ। 18 ਉਨ੍ਹਾਂ ਨੇ ਆਖਿਆ, “ਨਬੀ ਮੀਕਾਹ ਮੋਰਸ਼ਤ ਸ਼ਹਿਰ ਦਾ ਸੀ। ਮੀਕਾਹ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਦੇ ਰਾਜ ਵੇਲੇ ਦਾ ਨਬੀ ਸੀ। ਮੀਕਾਹ ਨੇ ਯਹੂਦਾਹ ਦੇ ਸਾਰੇ ਲੋਕਾਂ ਨੂੰ ਇਹ ਗੱਲਾਂ ਆਖੀਆਂ: ‘ਸਰਬ-ਸ਼ਕਤੀਮਾਨ ਯਹੋਵਾਹ ਆਖਦਾ ਹੈ:
ਸੀਯੋਨ ਤਬਾਹ ਹੋ ਜਾਵੇਗਾ,
ਇਹ ਵਾਹਿਆ ਹੋਇਆ ਖੇਤ ਬਣ ਜਾਵੇਗਾ।
ਯਰੂਸ਼ਲਮ ਪੱਥਰ ਦਾ ਢੇਰ ਬਣ ਜਾਵੇਗਾ।
ਮੰਦਰ ਵਾਲੀ ਪਹਾੜੀ ਸੱਖਣੀ ਪਹਾੜੀ ਹੋਵੇਗੀ, ਜਿਸ ਉੱਪਰ ਝਾੜੀਆਂ ਉੱਗੀਆਂ ਹੋਣਗੀਆਂ।’ (A)
19 “ਹਿਜ਼ਕੀਯਾਹ ਯਹੂਦਾਹ ਦਾ ਰਾਜਾ ਸੀ। ਅਤੇ ਹਿਜ਼ਕੀਯਾਹ ਨੇ ਮੀਕਾਹ ਨੂੰ ਨਹੀਂ ਸੀ ਮਾਰਿਆ। ਯਹੂਦਾਹ ਦੇ ਕਿਸੇ ਬੰਦੇ ਨੇ ਵੀ ਮੀਕਾਹ ਨੂੰ ਨਹੀਂ ਸੀ ਮਾਰਿਆ। ਤੁਸੀਂ ਜਾਣਦੇ ਹੋ ਕਿ ਹਿਜ਼ਕੀਯਾਹ ਯਹੋਵਾਹ ਦੀ ਇੱਜ਼ਤ ਕਰਦਾ ਸੀ। ਉਹ ਯਹੋਵਾਹ ਨੂੰ ਪ੍ਰਸੰਨ ਕਰਨਾ ਚਾਹੁੰਦਾ ਸੀ। ਯਹੋਵਾਹ ਨੇ ਆਖਿਆ ਸੀ ਕਿ ਉਹ ਯਹੂਦਾਹ ਲਈ ਮੰਦੀਆਂ ਗੱਲਾਂ ਕਰੇਗਾ। ਪਰ ਹਿਜ਼ਕੀਯਾਹ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਯਹੋਵਾਹ ਨੇ ਆਪਣਾ ਇਰਾਦਾ ਬਦਲ ਲਿਆ। ਯਹੋਵਾਹ ਨੇ ਉਹ ਮੰਦੀਆਂ ਗੱਲਾਂ ਨਹੀਂ ਕੀਤੀਆਂ। ਜੇ ਅਸੀਂ ਯਿਰਮਿਯਾਹ ਨੂੰ ਦੁੱਖ ਪੁਚਾਵਾਂਗੇ, ਤਾਂ ਅਸੀਂ ਆਪਣੇ ਲਈ ਬਹੁਤ ਮੁਸੀਬਤਾਂ ਖੜੀਆਂ ਕਰ ਲਵਾਂਗੇ। ਅਤੇ ਉਹ ਮੁਸੀਬਤਾਂ ਸਾਡੇ ਆਪਣੇ ਕਸੂਰ ਕਰਕੇ ਆਉਣਗੀਆਂ।”
20 ਅਤੀਤ ਵਿੱਚ, ਇੱਕ ਹੋਰ ਬੰਦਾ ਸੀ ਜਿਹੜਾ ਯਹੋਵਾਹ ਦੇ ਸੰਦੇਸ਼ ਦਾ ਪ੍ਰਚਾਰ ਕਰਦਾ ਸੀ। ਉਸਦਾ ਨਾਮ ਸੀ ਊਰੀਯਾਹ। ਉਹ ਸ਼ਮਅਯਾਹ ਨਾਮ ਦੇ ਬੰਦੇ ਦਾ ਪੁੱਤਰ ਸੀ। ਊਰੀਯਾਹ ਕਿਰਯਬ-ਯਆਰੀਮ ਸ਼ਹਿਰ ਦਾ ਸੀ। ਊਰੀਯਾਹ ਨੇ ਵੀ ਇੱਕ ਸ਼ਹਿਰ ਦੇ ਵਿਰੁੱਧ ਉਨ੍ਹਾਂ ਗੱਲਾਂ ਦਾ ਹੀ ਪ੍ਰਚਾਰ ਕੀਤਾ ਸੀ ਜਿਸਦਾ ਯਿਰਮਿਯਾਹ ਨੇ ਕੀਤਾ ਹੈ। 21 ਰਾਜੇ ਯਹੋਯਾਕੀਮ ਅਤੇ ਉਸ ਦੇ ਫ਼ੌਜੀ ਅਫ਼ਸਰਾਂ ਅਤੇ ਯਹੂਦਾਹ ਦੇ ਆਗੂਆਂ ਨੇ ਊਰੀਯਾਹ ਦੇ ਪ੍ਰਚਾਰ ਨੂੰ ਸੁਣਿਆ। ਉਹ ਬਹੁਤ ਗੁੱਸੇ ਹੋਏ। ਰਾਜਾ ਯਹੋਯਾਕੀਮ ਊਰੀਯਾਹ ਨੂੰ ਮਾਰਨਾ ਚਾਹੁੰਦਾ ਸੀ। ਊਰੀਯਾਹ ਭੈਭੀਤ ਸੀ ਇਸ ਲਈ ਉਹ ਬਚਕੇ ਮਿਸਰ ਦੇਸ਼ ਨੂੰ ਭੱਜ ਗਿਆ। 22 ਪਰ ਰਾਜੇ ਯਹੋਯਾਕੀਮ ਨੇ ਇੱਕ ਅਲਨਾਥਾਨ ਨਾਮ ਦੇ ਬੰਦੇ ਅਤੇ ਕੁਝ ਹੋਰ ਲੋਕਾਂ ਨੂੰ ਮਿਸਰ ਭੇਜਿਆ। ਅਲਨਾਥਾਨ ਅਕਬੋਰ ਨਾਂ ਦੇ ਇੱਕ ਬੰਦੇ ਦਾ ਪੁੱਤਰ ਸੀ। 23 ਉਨ੍ਹਾਂ ਲੋਕਾਂ ਨੇ ਊਰੀਯਾਹ ਨੂੰ ਮਿਸਰ ਵਿੱਚੋਂ ਲਿਆਂਦਾ। ਫ਼ੇਰ ਉਹ ਲੋਕ ਊਰੀਯਾਹ ਨੂੰ ਰਾਜੇ ਯਹੋਯਾਕੀਮ ਕੋਲ ਲੈ ਗਏ। ਯਹੋਯਾਕੀਮ ਨੇ ਊਰੀਯਾਹ ਨੂੰ ਤਲਵਾਰ ਨਾਲ ਕਤਲ ਕਰਨ ਦਾ ਹੁਕਮ ਦੇ ਦਿੱਤਾ। ਊਰੀਯਾਹ ਦੀ ਲਾਸ਼ ਨੂੰ ਉਸ ਕਬਰਿਸਤਾਨ ਵਿੱਚ ਸੁੱਟ ਦਿੱਤਾ ਗਿਆ ਜਿੱਥੇ ਗਰੀਬ ਲੋਕਾਂ ਨੂੰ ਦਫ਼ਨ ਕੀਤਾ ਜਾਂਦਾ ਸੀ।
24 ਉੱਥੇ ਇੱਕ ਮਹੱਤਵਪੂਰਣ ਆਦਮੀ ਸੀ ਜਿਸਦਾ ਨਾਮ ਸੀ ਸ਼ਾਫ਼ਾਨ ਦਾ ਪੁੱਤਰ ਅਹੀਕਾਮ। ਅਹੀਕਾਮ ਨੇ ਯਿਰਮਿਯਾਹ ਦੀ ਸਹਾਇਤਾ ਕੀਤੀ। ਇਸ ਲਈ ਅਹੀਕਾਮ ਨੇ ਯਿਰਮਿਯਾਹ ਨੂੰ ਜਾਜਕਾਂ ਅਤੇ ਨਬੀਆਂ ਹੱਥੋਂ ਕਤਲ ਹੋਣ ਤੋਂ ਬਚਾਇਆ।
ਪਰਮੇਸ਼ੁਰ ਆਪਣਾ ਪੁੱਤਰ ਭੇਜਦਾ ਹੈ(A)
12 ਯਿਸੂ ਲੋਕਾਂ ਨੂੰ ਦ੍ਰਿਸ਼ਟਾਤਾਂ ਵਿੱਚ ਸਮਝਾਉਣ ਲੱਗਾ ਅਤੇ ਆਖਿਆ, “ਇੱਕ ਆਦਮੀ ਨੇ ਅੰਗੂਰਾਂ ਦਾ ਬਾਗ ਲਗਾਇਆ। ਉਸ ਨੇ ਬਾਗ ਦੇ ਆਲੇ-ਦੁਆਲੇ ਬਾੜ ਕੀਤੀ, ਅਤੇ ਰਸ ਪ੍ਰਾਪਤ ਕਰਨ ਲਈ ਇੱਕ ਚੁਬੱਚਾ ਕੱਢਿਆ ਅਤੇ ਇੱਕ ਬੁਰਜ ਉਸਾਰਿਆ। ਉਹ ਆਦਮੀ ਇਹ ਬਾਗ ਕਿਰਾਏ ਤੇ ਕਿਸਾਨਾਂ ਦੇ ਹੱਥ ਸੌਂਪਕੇ ਖੁਦ ਯਾਤਰਾ ਤੇ ਚੱਲਾ ਗਿਆ।
2 “ਉਸਨੇ ਫ਼ਲ ਦੀ ਰੁੱਤ ਵੇਲੇ, ਆਪਣੇ ਨੋਕਰ ਨੂੰ ਕਿਸਾਨਾਂ ਕੋਲੋਂ ਆਪਣਾ ਅੰਗੂਰਾਂ ਦਾ ਹਿੱਸਾ ਲੈਣ ਵਾਸਤੇ ਭੇਜਿਆ। 3 ਪਰ ਉਨ੍ਹਾਂ ਨੇ ਉਸ ਨੂੰ ਫ਼ੜਕੇ ਕੁਟਿਆ ਅਤੇ ਬਿਨਾ ਕੁਝ ਦਿੱਤੇ ਵਾਪਸ ਭੇਜ ਦਿੱਤਾ। 4 ਫ਼ਿਰ ਉਸ ਆਦਮੀ ਨੇ ਉਨ੍ਹਾਂ ਕੋਲ ਆਪਣੇ ਇੱਕ ਹੋਰ ਨੋਕਰ ਨੂੰ ਭੇਜਿਆ, ਪਰ ਉਨ੍ਹਾਂ ਨੇ ਉਸ ਦੇ ਸਿਰ ਉੱਤੇ ਸੱਟ ਮਾਰੀ ਅਤੇ ਉਸਦੀ ਵੀ ਬੇਇੱਜ਼ਤੀ ਕੀਤੀ। 5 ਤਾਂ ਫ਼ਿਰ ਉਸ ਆਦਮੀ ਨੇ ਇੱਕ ਹੋਰ ਨੋਕਰ ਨੂੰ ਭੇਜਿਆ। ਉਨ੍ਹਾਂ ਇਸ ਨੂੰ ਜਾਨੋ ਹੀ ਮਾਰ ਦਿੱਤਾ। ਉਹ ਆਦਮੀ ਹੋਰ ਵੀ ਬਹੁਤ ਸਾਰੇ ਨੋਕਰਾਂ ਨੂੰ ਭੇਜਦਾ ਰਿਹਾ ਪਰ ਉਨ੍ਹਾਂ ਨੇ ਕਈਆਂ ਨੂੰ ਕੁਟਿਆ ਅਤੇ ਉਨ੍ਹਾਂ ਵਿੱਚੋਂ ਕਈਆਂ ਨੂੰ ਜਾਨੋ ਮਾਰ ਦਿੱਤਾ।
6 “ਹੁਣ ਉਸ ਆਦਮੀ ਕੋਲ ਇੱਕ ਹੀ ਬੰਦਾ ਰਹਿ ਗਿਆ ਸੋ ਵੀ ਉਸ ਨੇ ਉਨ੍ਹਾਂ ਕੋਲ ਭੇਜਿਆ। ਇਹ ਬੰਦਾ ਉਸਦਾ ਆਪਣਾ ਪੁੱਤਰ ਸੀ ਅਤੇ ਉਸ ਨੂੰ ਉਹ ਬਹੁਤ ਪਿਆਰ ਕਰਦਾ ਸੀ, ਪਰ ਫ਼ਿਰ ਵੀ ਉਸ ਨੇ ਆਪਣੇ ਪੁੱਤਰ ਨੂੰ ਕਿਸਾਨਾਂ ਕੋਲ ਇਹ ਕਹਿੰਦਿਆਂ ਭੇਜਿਆ ਕਿ ‘ਕਿਸਾਨ ਮੇਰੇ ਪੁੱਤਰ ਦਾ ਸਤਿਕਾਰ ਕਰਣਗੇ।’
7 “ਪਰ ਕਿਸਾਨਾਂ ਨੇ ਆਪਸ ਚ ਵਿੱਚਾਰ ਕੀਤੀ ਅਤੇ ਆਖਿਆ, ‘ਇਹ ਮਾਲਕ ਦਾ ਪੁੱਤਰ ਹੈ। ਬਾਗ ਉਸਦਾ ਹੋਵੇਗਾ। ਅਸੀਂ ਇਸ ਨੂੰ ਮਾਰ ਦੇਈਏ ਅਤੇ ਇਹ ਬਾਗ ਸਾਡਾ ਹੋ ਜਾਵੇਗਾ।’ 8 ਤਾਂ ਉਨ੍ਹਾਂ ਨੇ ਉਸ ਦੇ ਪੁੱਤਰ ਨੂੰ ਵੀ ਫੜਿਆ ਅਤੇ ਜਾਨੋ ਮਾਰਕੇ ਖੇਤੋਂ ਪਾਰ ਸੁੱਟ ਦਿੱਤਾ।
9 “ਸੋ ਹੁਣ ਬਾਗ ਦਾ ਮਾਲਕ ਕੀ ਕਰੇਗਾ? ਹੁਣ ਉਹ ਬਾਗ ਵਿੱਚ ਆਵੇਗਾ ਅਤੇ ਸਾਰੇ ਕਿਸਾਨਾਂ ਨੂੰ ਮਾਰ ਦੇਵੇਗਾ ਅਤੇ ਅੰਗੂਰਾਂ ਦਾ ਬਾਗ ਹੋਰਨਾਂ ਨੂੰ ਸੌਂਪੇਗਾ। 10 ਤੁਸੀਂ ਇਹ ਅਵਸ਼ ਪੋਥੀ ਵਿੱਚ ਪੜ੍ਹਿਆ ਹੋਵੇਗਾ:
‘ਜਿਸ ਪੱਥਰ ਨੂੰ ਰਾਜਾਂ ਨੇ ਰੱਦ ਕਿਤਾ
ਸੋ ਖੂੰਜੇ ਦਾ ਸਿਰਾ ਹੋ ਗਿਆ।
11 ਪ੍ਰਭੂ ਨੇ ਇਹ ਸਾਰਾ ਭਾਣਾ ਵਰਤਾਇਆ ਤੇ
ਸਾਡੀ ਨਜ਼ਰ ਵਿੱਚ ਇਹ ਅਚਰਜ ਹੈ।’” (B)
12 ਉਨ੍ਹਾਂ ਯਹੂਦੀ ਆਗੂਆਂ ਨੇ ਵੀ ਇਹ ਦ੍ਰਿਸ਼ਟਾਂਤ ਸੁਣੀ ਅਤੇ ਉਹ ਜਾਣਦੇ ਸਨ ਕਿ ਇਹ ਦ੍ਰਿਸ਼ਟਾਂਤ ਉਨ੍ਹਾਂ ਬਾਰੇ ਹੀ ਸੀ। ਇਸ ਲਈ ਉਹ ਯਿਸੂ ਨੂੰ ਗਿਰਫ਼ਤਾਰ ਕਰਨ ਲਈ ਅਵਸਰ ਲੱਭ ਰਹੇ ਸਨ ਪਰ ਉਹ ਲੋਕਾਂ ਤੋਂ ਡਰਦੇ ਸਨ, ਇਸ ਲਈ ਉਹ ਉਸ ਨੂੰ ਉੱਥੇ ਹੀ ਛੱਡ ਕੇ ਚੱਲੇ ਗਏ।
ਯਹੂਦੀ ਆਗੂਆਂ ਨੇ ਉਸ ਨਾਲ ਚਾਲ ਖੇਡਣ ਦੀ ਕੋਸ਼ਿਸ਼ ਕੀਤੀ(C)
13 ਫ਼ੇਰ ਉਨ੍ਹਾਂ ਨੇ ਕੁਝ ਫ਼ਰੀਸੀਆਂ ਅਤੇ ਹੇਰੋਦੀਆਂ ਨੂੰ ਉਸ ਕੋਲ ਭੇਜਿਆ ਤਾਂ ਜੋ ਉਹ ਉਸ ਦੇ ਬਚਨਾਂ ਵਿੱਚ ਕੁਝ ਦੋਸ਼ ਲੱਭ ਸੱਕਣ। 14 ਤਾਂ ਫ਼ਰੀਸੀ ਅਤੇ ਹੇਰੋਦੀਆਂ ਨੇ ਉਸ ਕੋਲ ਜਾਕੇ ਆਖਿਆ, “ਗੁਰੂ ਜੀ! ਅਸੀਂ ਜਾਣਦੇ ਹਾਂ ਕਿ ਤੂੰ ਇੱਕ ਇਮਾਨਦਾਰ ਆਦਮੀ ਹੈ ਅਤੇ ਲੋਕ ਤੇਰੇ ਬਾਰੇ ਕੀ ਆਖਦੇ ਹਨ। ਤੂੰ ਕਿਸੇ ਗੱਲੋਂ ਵੀ ਨਹੀਂ ਘਬਰਾਉਂਦਾ। ਤੇਰੇ ਅੱਗੇ ਸਾਰੇ ਮਨੁੱਖ ਬਰਾਬਰ ਹਨ ਅਤੇ ਤੂੰ ਪਰਮੇਸ਼ੁਰ ਦੇ ਰਾਹ ਬਾਰੇ ਸੱਚਾਈ ਦੱਸਦਾ ਹੈਂ। ਤੂੰ ਸਾਨੂੰ ਇਹ ਦੱਸ ਕਿ ਕੀ ਕੈਸਰ ਨੂੰ ਮਹਿਸੂਲ ਦੇਣਾ ਯੋਗ ਹੈ ਕਿ ਨਹੀਂ? ਸਾਨੂੰ ਉਸ ਨੂੰ ਮਹਿਸੂਲ ਦੇਣਾ ਚਾਹੀਦਾ ਹੈ ਜਾਂ ਨਹੀਂ?”
15 ਯਿਸੂ ਜਾਣਦਾ ਸੀ ਕਿ ਇਹ ਆਦਮੀ ਸੱਚਮੁੱਚ ਉਸ ਨਾਲ ਕੋਈ ਚਾਲ ਖੇਡ ਰਹੇ ਹਨ ਤਾਂ ਉਸ ਨੇ ਕਿਹਾ, “ਤੁਸੀਂ ਮੈਨੂੰ ਕਿਉਂ ਪਰਤਿਆਉਂਦੇ ਹੋ? ਚਾਂਦੇ ਦਾ ਇੱਕ ਸਿੱਕਾ ਮੇਰੇ ਕੋਲ ਲਿਆਓ ਅਤੇ ਮੈਨੂੰ ਵੇਖਣ ਦਿਓ।” 16 ਉਨ੍ਹਾਂ ਉਸ ਨੂੰ ਇੱਕ ਸਿੱਕਾ ਦੇ ਦਿੱਤਾ ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਸਿੱਕੇ ਉੱਤੇ ਕਿਸਦੀ ਤਸਵੀਰ ਹੈ? ਅਤੇ ਉਸ ਉੱਪਰ ਕਿਸਦਾ ਨਾਉਂ ਲਿਖਿਆ ਹੋਇਆ ਹੈ?” ਤਾਂ ਉਨ੍ਹਾਂ ਕਿਹਾ, “ਇਸਤੇ ਕੈਸਰ ਦੀ ਤਸਵੀਰ ਅਤੇ ਉਸਦਾ ਨਾਉਂ ਲਿਖਿਆ ਹੈ।”
17 ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਜੋ ਵਸਤਾਂ ਕੈਸਰ ਦੀਆਂ ਨੇ ਉਹ ਉਸ ਨੂੰ ਦੇਵੋ ਅਤੇ ਜੋ ਪਰਮੇਸ਼ੁਰ ਦੀਆਂ ਹਨ ਉਹ ਪਰਮੇਸ਼ੁਰ ਨੂੰ ਦੇਵੋ।” ਲੋਕ ਉਸਤੇ ਹੈਰਾਨ ਸਨ, ਜੋ ਯਿਸੂ ਨੇ ਉਨ੍ਹਾਂ ਨੂੰ ਸਮਝਾਇਆ ਸੀ।
ਕੁਝ ਸਦੂਕੀਆਂ ਨੇ ਯਿਸੂ ਨਾਲ ਚਾਲ ਖੇਡੀ(D)
18 ਫ਼ਿਰ ਕੁਝ ਸਦੂਕੀ ਯਿਸੂ ਕੋਲ ਆਏ। ਸਦੂਕੀਆਂ ਦਾ ਵਿਸ਼ਵਾਸ ਸੀ ਕਿ ਮਰਨ ਉਪ੍ਰੰਤ ਕੋਈ ਮੁੜ ਨਹੀਂ ਜਿਉਂਦਾ। ਤੇ ਸਦੂਕੀਆਂ ਨੇ ਯਿਸੂ ਨੂੰ ਇੱਕ ਸਵਾਲ ਪੁੱਛਿਆ, 19 “ਗੁਰੂ ਜੀ, ਸਾਡੇ ਲਈ ਮੂਸਾ ਨੇ ਲਿਖਿਆ ਹੈ ਕਿ ਜੇਕਰ ਕੋਈ ਵਿਆਹਿਆ ਪੁਰੱਖ ਬੇ-ਔਲਾਦ ਮਰ ਜਾਵੇ, ਤਾਂ ਉਸ ਦੇ ਭਰਾ ਨੂੰ ਉਸਦੀ ਤੀਵੀ ਨਾਲ ਵਿਆਹ ਕਰਵਾ ਲੈਣਾ ਚਾਹੀਦਾ ਹੈ, ਤਾਂ ਜੋ ਉਹ ਮਰੇ ਹੋਏ ਭਰਾ ਲਈ ਔਲਾਦ ਪੈਦਾ ਕਰ ਸੱਕਣ। [a] 20 ਇੱਕ ਵਾਰੀ ਸੱਤ ਭਰਾ ਸਨ। ਪਹਿਲੇ ਦਾ ਵਿਆਹ ਹੋਇਆ ਅਤੇ ਉਹ ਮਰ ਗਿਆ, ਉਸ ਦੇ ਕੋਈ ਔਲਾਦ ਨਹੀਂ ਸੀ, 21 ਫ਼ੇਰ ਦੂਜੇ ਭਰਾ ਨੇ ਉਸ ਨਾਲ ਵਿਆਹ ਕਰਵਾਇਆ ਪਰ ਉਹ ਵੀ ਬੇ-ਔਲਾਦਾ ਹੀ ਮਰ ਗਿਆ। ਇੰਝ ਹੀ ਤੀਜੇ ਭਰਾ ਨਾਲ ਵੀ ਹੋਇਆ। 22 ਇੰਝ ਵਾਰੀ-ਵਾਰੀ ਸੱਤਾਂ ਭਰਾਵਾਂ ਨੇ ਉਸ ਨਾਲ ਵਿਆਹ ਕੀਤਾ ਪਰ ਸਭ ਹੀ ਬੇ-ਔਲਾਦੇ ਵਾਰੀ-ਵਾਰੀ ਮਰ ਗਏ। ਕਿਸੇ ਭਰਾ ਨੂੰ ਉਸ ਔਰਤ ਨਾਲ ਸੰਤਾਨ ਨਾ ਮਿਲੀ। ਆਖਿਰਕਾਰ, ਉਹ ਔਰਤ ਵੀ ਮਰ ਗਈ। 23 ਕਿਉਂ ਜੋ ਸਾਰੇ ਸੱਤਾਂ ਭਰਾਵਾਂ ਨੇ ਉਸ ਨੂੰ ਆਪਣੀ ਪਤਨੀ ਬਣਾਇਆ, ਪੁਨਰ ਉੱਥਾਨ ਦੇ ਦਿਨ, ਉਹ ਔਰਤ ਕਿਸ ਦੀ ਤੀਵੀ ਕਹਾਵੇਗੀ?”
24 ਯਿਸੂ ਨੇ ਆਖਿਆ, “ਕੀ ਤੁਸੀਂ ਗਲਤ ਨਹੀਂ ਹੋ? ਤੁਸੀਂ ਪੋਥੀਆਂ ਜਾਂ ਪਰਮੇਸ਼ੁਰ ਦੀ ਸ਼ਕਤੀ ਨੂੰ ਨਹੀਂ ਜਾਣਦੇ! 25 ਜਦ ਲੋਕ ਮੁਰਦਿਆਂ ਵਿੱਚੋਂ ਜੀਅ ਉੱਠਣਗੇ ਉਹ ਵਿਆਹ ਨਹੀਂ ਕਰਨਗੇ। ਲੋਕਾਂ ਦਾ ਇੱਕ ਦੂਜੇ ਨਾਲ ਵਿਆਹ ਨਹੀਂ ਹੋਵੇਗਾ ਸਭ ਲੋਕ ਸੁਰਗ ਵਿੱਚ ਦੂਤਾਂ ਵਾਂਗ ਹੋਣਗੇ। 26 ਪਰ ਮੁਰਦਿਆਂ ਦੇ ਜੀ ਉੱਠਣ ਦੇ ਸੰਬੰਧ ਵਿੱਚ, ਕੀ ਤੁਸੀਂ ਮੂਸਾ ਦੀ ਪੋਥੀ ਵਿੱਚ ਮੱਚਦੀ ਹੋਈ ਝਾੜੀ’ ਬਾਰੇ ਨਹੀਂ ਪੜ੍ਹਿਆ। ਉੱਥੇ ਲਿਖਿਆ ਹੋਇਆ ਹੈ ਕਿ ਪਰਮੇਸ਼ੁਰ ਨੇ ਮੂਸਾ ਨੂੰ ਕੀ ਆਖਿਆ; ‘ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾ।’ [b] 27 ਜੇਕਰ ਪਰਮੇਸ਼ੁਰ ਆਖਦਾ ਹੈ ਕਿ ਉਹ ਇਨ੍ਹਾਂ ਦਾ ਪਰਮੇਸ਼ੁਰ ਹੈ ਤਾਂ, ਇਹ ਮਨੁੱਖ ਵਾਸਤਵ ਵਿੱਚ ਮਰੇ ਨਹੀਂ। ਤੁਸੀਂ ਸਦੂਕੀਆਂ ਨੇ ਇਸ ਨੂੰ ਗਲਤ ਸਮਝਿਆ ਹੈ। ਪਰਮੇਸ਼ੁਰ ਮੁਰਦੇ ਲੋਕਾਂ ਦਾ ਪਰਮੇਸ਼ੁਰ ਨਹੀਂ ਸਗੋਂ ਜਿਉਂਦਿਆਂ ਦਾ ਹੈ।”
ਕਿਹੜਾ ਹੁਕਮ ਵੱਧ ਮਹੱਤਵਪੂਰਣ ਹੈ(E)
28 ਇੱਕ ਨੇਮ ਦਾ ਉਪਦੇਸ਼ਕ ਯਿਸੂ ਕੋਲ ਆਇਆ। ਉਸ ਨੇ ਯਿਸੂ ਨੂੰ ਸਦੂਕੀਆਂ ਅਤੇ ਫ਼ਰੀਸੀਆਂ ਨਾਲ ਬਹਿਸ ਕਰਦੇ ਸੁਣਿਆ। ਉਸ ਨੇ ਵੇਖਿਆ ਕਿ ਯਿਸੂ ਨੇ ਉਨ੍ਹਾਂ ਦੇ ਸਵਾਲਾਂ ਦੇ ਬੜੇ ਵੱਧੀਆ ਜਵਾਬ ਦਿੱਤੇ ਹਨ, ਤਾਂ ਉਸ ਨੇ ਯਿਸੂ ਨੂੰ ਪੁੱਛਿਆ, “ਕਿਹੜਾ ਹੁਕਮ ਸਭ ਤੋਂ ਵੱਧ ਮਹੱਤਵਯੋਗ ਹੈ?”
29 ਯਿਸੂ ਨੇ ਆਖਿਆ, “ਸਭ ਤੋਂ ਮੁਖ ਇਹੀ ਹੈ ਕਿ: ‘ਹੇ ਇਸਰਾਏਲ ਦੇ ਲੋਕੋ, ਸੁਣੋ! ਸਾਡਾ ਪ੍ਰਭੂ ਪਰਮੇਸ਼ੁਰ ਹੀ ਇੱਕੋ ਪ੍ਰਭੂ ਹੈ। 30 ਤੂੰ ਆਪਣੇ ਪ੍ਰਭੂ ਪਰਮੇਸ਼ੁਰ ਨੂੰ ਦਿਲ ਜਾਨ ਨਾਲ ਪਿਆਰ ਕਰ। ਤੂੰ ਆਪਣੀ ਪੂਰੀ ਰੂਹ, ਪੂਰੇ ਦਿਮਾਗ ਪੂਰੀ ਤਾਕਤ ਨਾਲ ਉਸ ਨਾਲ ਪਿਆਰ ਕਰ।’ [c] 31 ਦੂਜਾ ਮਹੱਤਵਪੂਰਨ ਹੁਕਮ ਇਹ ਹੈ ਕਿ, ‘ਜਿਵੇਂ ਤੂੰ ਆਪਣੇ-ਆਪ ਨਾਲ ਪਿਆਰ ਕਰਦਾ ਹੈ ਇਵੇਂ ਹੀ ਦੂਜਿਆਂ ਨੂੰ ਵੀ ਪਿਆਰ ਕਰ।’ [d] ਇਹੀ ਹੁਕਮ ਸਭ ਤੋਂ ਵੱਧ ਮਹੱਤਵਪੂਰਣ ਹਨ।”
32 ਤਦ ਉਸ ਆਦਮੀ ਨੇ ਕਿਹਾ, “ਗੁਰੂ ਜੀ! ਤੁਸੀਂ ਬਿਲਕੁਲ ਠੀਕ ਆਖਿਆ ਹੈ ਕਿ ਪਰਮੇਸ਼ੁਰ ਸਿਰਫ਼ ਇੱਕ ਹੈ ਹੋਰ ਉਸਤੋਂ ਬਿਨਾ ਦੂਜਾ ਪਰਮੇਸ਼ੁਰ ਕੋਈ ਨਹੀਂ ਹੈ। 33 ਅਤੇ ਮਨੁੱਖ ਨੂੰ ਪਰਮੇਸ਼ੁਰ ਨੂੰ ਪੂਰੇ ਦਿਲ ਜਾਨ ਨਾਲ, ਪੂਰੀ ਰੂਹ, ਪੂਰੇ ਦਿਮਾਗ ਅਤੇ ਪੂਰੀ ਤਾਕਤ ਨਾਲ ਪਿਆਰ ਕਰਨਾ ਚਾਹੀਦਾ ਹੈ। ਅਤੇ ਮਨੁੱਖ ਨੂੰ ਆਪਣੇ ਵਾਂਗ ਹੀ ਦੂਜਿਆਂ ਨੂੰ ਜਾਨਣਾ ਤੇ ਪਿਆਰ ਕਰਨਾ ਚਾਹੀਦਾ ਹੈ। ਇਹ ਦੋ ਹੁਕਮ ਸਾਰੇ ਹੋਮਾਂ ਅਤੇ ਬਲੀਦਾਨਾਂ ਤੋਂ, ਜੋ ਅਸੀਂ ਪਰਮੇਸ਼ੁਰ ਨੂੰ ਭੇਂਟ ਕਰਦੇ ਹਾਂ, ਵੱਧ ਮਹੱਤਵਪੂਰਣ ਹਨ।”
34 ਜਦ ਯਿਸੂ ਨੇ ਵੇਖਿਆ ਕਿ ਉਸ ਆਦਮੀ ਨੇ ਸਿਆਣਪ ਨਾਲ ਉੱਤਰ ਦਿੱਤਾ ਤਾਂ ਯਿਸੂ ਨੇ ਉਸ ਆਦਮੀ ਨੂੰ ਕਿਹਾ, “ਤੂੰ ਪਰਮੇਸ਼ੁਰ ਦੇ ਰਾਜ ਦੇ ਨੇੜੇ ਹੈਂ।” ਅਤੇ ਇਸਤੋਂ ਬਾਦ ਕਿਸੇ ਦਾ ਹੌਂਸਲਾ ਨਾ ਪਿਆ ਜੋ ਉਸ ਕੋਲੋ ਕੁਝ ਹੋਰ ਸੁਆਲ ਕਰੇ।
ਮਸੀਹ ਕਿਸਦਾ ਪੁੱਤਰ ਹੈ(F)
35 ਜਦੋਂ ਯਿਸੂ ਮੰਦਰ ਵਿੱਚ ਉਪਦੇਸ਼ ਦੇ ਰਿਹਾ ਸੀ ਤਾਂ ਉਸ ਨੇ ਆਖਿਆ, “ਨੇਮ ਦੇ ਉਪਦੇਸ਼ਕ ਇਹ ਕਿਉਂ ਕਹਿੰਦੇ ਹਨ ਕਿ ਮਸੀਹ ਦਾਊਦ ਦਾ ਪੁੱਤਰ ਹੈ? 36 ਦਾਊਦ ਨੇ ਪਵਿੱਤਰ ਆਤਮਾ ਰਾਹੀਂ ਖੁਦ ਆਖਿਆ ਹੈ ਕਿ:
‘ਪ੍ਰਭੂ ਨੇ, ਮੇਰੇ ਪ੍ਰਭੂ ਨੂੰ, ਆਖਿਆ:
ਤੂੰ ਮੇਰੇ ਸੱਜੇ ਪਾਸੇ ਬੈਠ।
ਅਤੇ ਮੈਂ ਤੇਰੇ ਦੁਸ਼ਮਣਾ ਨੂੰ ਤੇਰੇ ਪੈਰਾਂ ਹੇਠ ਕਰ ਦਿਆਂਗਾ।’ (G)
37 ਦਾਊਦ ਤਾਂ ਆਪੇ ਹੀ ਮਸੀਹ ਨੂੰ ‘ਪ੍ਰਭੂ’ ਬੁਲਾਉਂਦਾ ਹੈ। ਜੇਕਰ ਅਜਿਹਾ ਹੈ, ਤਾਂ ਮਸੀਹ ਉਸਦਾ ਪੁੱਤਰ ਕਿਵੇਂ ਹੋ ਸੱਕਦਾ ਹੈ?” ਅਤੇ ਵੱਡੀ ਭੀੜ ਖੁਸ਼ੀ ਨਾਲ ਉਸ ਦੇ ਉਪਦੇਸ਼ ਸੁਣ ਰਹੀ ਸੀ।
ਯਿਸੂ ਨੇਮ ਦੇ ਉਪਦੇਸ਼ਕਾਂ ਦੀ ਅਲੋਚਨਾ ਕਰਦਾ(H)
38 ਉਹ ਲਗਾਤਾਰ ਉਪਦੇਸ਼ ਦਿੰਦਾ ਰਿਹਾ ਅਤੇ ਆਖਿਆ, “ਨੇਮ ਦੇ ਉਪਦੇਸ਼ਕਾਂ ਤੋਂ ਸਾਵੱਧਾਨ ਰਹੋ। ਉਹ ਲੰਬੇ ਚੋਗੇ ਪਾਕੇ ਇਹ ਵਿਖਾਉਣ ਲਈ ਕਿ ਉਹ ਮਹੱਤਵਪੂਰਣ ਹਨ, ਇਧਰ-ਉਧਰ ਭਟਕਦੇ ਰਹਿੰਦੇ ਹਨ। ਅਤੇ ਬਜ਼ਾਰਾਂ ਵਿੱਚ ਲੋਕ ਉਨ੍ਹਾਂ ਨੂੰ ਇੱਜ਼ਤ ਦੇਣ ਦੇ ਇਛੁੱਕ ਹਨ। 39 ਅਤੇ ਉਹ ਪ੍ਰਾਰਥਨਾ ਸਥਾਨਾਂ ਵਿੱਚ ਅਤੇ ਦਾਵਤਾਂ ਵਿੱਚ ਵੱਡੇ ਅਹੁਦੇ ਦੀਆਂ ਕੁਰਸੀਆਂ ਤੇ ਬੈਠਣਾ ਚਾਹੁੰਦੇ ਹਨ। 40 ਉਹ ਵਿਧਵਾਵਾਂ ਦੇ ਘਰਾਂ ਨੂੰ ਵੀ ਲੁੱਟ ਲੈਂਦੇ ਹਨ, ਅਤੇ ਚੰਗੇ ਬਨਣ ਲਈ ਵਿਖਾਵੇ ਕਰਨ ਵਾਸਤੇ ਲੰਬੀਆਂ-ਲੰਬੀਆਂ ਪ੍ਰਾਰਥਨਾ ਕਰਦੇ ਹਨ। ਪਰਮੇਸ਼ੁਰ ਉਨ੍ਹਾਂ ਨੂੰ ਬਹੁਤ ਸਜ਼ਾ ਦੇਵੇਗਾ।”
ਇੱਕ ਵਿਧਵਾ ਦੇਣ ਦਾ ਮਤਲਬ ਦੱਸਦੀ ਹੈ(I)
41 ਯਿਸੂ ਮੰਦਰ ਦੇ ਖਜ਼ਾਨੇ ਦੇ ਸੰਦੂਕ ਕੋਲ ਬੈਠਾ ਇਹ ਵੇਖ ਰਿਹਾ ਸੀ ਕਿ ਲੋਕ ਆਂਦੇ-ਜਾਂਦੇ ਉਸ ਵਿੱਚ ਕੀ ਭੇਟਾ ਪਾਉਂਦੇ ਹਨ। ਬਹੁਤ ਸਾਰੇ ਅਮੀਰ ਲੋਕ ਇਸ ਵਿੱਚ ਬਹੁਤ ਸਾਰਾ ਧਨ ਪਾ ਰਹੇ ਸਨ। 42 ਫ਼ਿਰ ਇੱਕ ਗਰੀਬ ਵਿਧਵਾ ਆਈ ਅਤੇ ਉਸ ਨੇ ਦੋ ਛੋਟੇ-ਛੋਟੇ ਤਾਂਬੇ ਦੇ ਸਿੱਕੇ ਭੇਟਾ ਕੀਤੇ ਜੋ ਕਿ ਇੱਕ ਪੈਸੇ ਦੇ ਤੁੱਲ ਵੀ ਨਹੀਂ ਸਨ।
43 ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਇਸ ਗਰੀਬ ਵਿਧਵਾ ਨੇ ਦੋ ਛੋਟੇ ਸਿੱਕੇ ਚਢ਼ਾਏ ਹਨ, ਅਸਲ ਵਿੱਚ ਜੋ ਕਿ ਸਾਰੇ ਧਨਵਾਨਾਂ ਦੀ ਚਢ਼ਾਈ ਢੇਰ ਸਾਰੀ ਭੇਟਾ ਨਾਲੋਂ ਕਿਤੇ ਵੱਧੇਰੇ ਹਨ। 44 ਉਨ੍ਹਾਂ ਅਮੀਰ ਲੋਕਾਂ ਕੋਲ ਅਥਾਹ ਧਨ ਹੈ ਅਤੇ ਉਸ ਸਭ ਕਾਸੇ ਵਿੱਚੋਂ, ਉਨ੍ਹਾਂ ਕੋਲ ਜੋ ਫ਼ਾਲਤੂ ਸੀ, ਸੋ ਉਨ੍ਹਾਂ ਨੇ ਭੇਟਾ ਕਰ ਦਿੱਤਾ। ਪਰ ਇਹ ਔਰਤ ਬਹੁਤ ਗਰੀਬ ਹੈ ਅਤੇ ਉਸ ਕੋਲ ਜੋ ਵੀ ਸੀ ਉਸ ਨੇ ਅਰਪਣ ਕਰ ਦਿੱਤਾ ਹੈ। ਜੋ ਕੁਝ ਉਸ ਨੇ ਅਰਪਣ ਕੀਤਾ ਹੈ ਉਹ ਉਸ ਦੇ ਆਪਣੇ ਜਿਉਣ ਵਾਸਤੇ ਸੀ।”
2010 by World Bible Translation Center