Print Page Options
Previous Prev Day Next DayNext

M’Cheyne Bible Reading Plan

The classic M'Cheyne plan--read the Old Testament, New Testament, and Psalms or Gospels every day.
Duration: 365 days
Punjabi Bible: Easy-to-Read Version (ERV-PA)
Version
ਨਿਆਂਈਆਂ ਦੀ ਪੋਥੀ 5

ਦਬੋਰਾਹ ਦਾ ਗੀਤ

ਉਸ ਦਿਨ, ਜਦੋਂ ਇਸਰਾਏਲ ਦੇ ਲੋਕਾਂ ਨੇ ਸੀਸਰਾ ਨੂੰ ਹਰਾਇਆ, ਦਬੋਰਾਹ ਅਤੇ ਅਬੀਨੋਅਮ ਦੇ ਪੁੱਤਰ ਬਾਰਾਕ ਨੇ ਇਹ ਗੀਤ ਗਾਇਆ:

“ਇਸਰਾਏਲ ਦੇ ਲੋਕ ਯੁੱਧ ਲਈ ਤਿਆਰ ਹੋ ਗਏ।
    ਉਨ੍ਹਾਂ ਨੇ ਆਪਣੀ ਇੱਛਾ ਅਨੁਸਾਰ ਆਪਣੇ-ਆਪ ਨੂੰ ਯੁੱਧ ਲਈ ਸਮਰਪਿਤ ਕਰ ਦਿੱਤਾ,
ਯਹੋਵਾਹ ਦੀ ਉਸਤਤਿ ਕਰੋ!

“ਰਾਜਿਓ ਸੁਣੋ।
    ਹਾਕਮੋ ਧਿਆਨ ਦੇਵੋ,
ਮੈਂ ਗਾਵਾਂਗੀ।
    ਮੈਂ ਖੁਦ ਯਹੋਵਾਹ ਲਈ ਗੀਤ ਗਾਵਾਂਗੀ।
ਮੈਂ ਯਹੋਵਾਹ ਲਈ, ਇਸਰਾਏਲ ਦੇ ਲੋਕਾਂ
    ਦੇ ਪਰਮੇਸ਼ੁਰ ਲਈ, ਸੰਗੀਤ ਛੇੜਾਂਗੀ।

“ਹੇ ਯਹੋਵਾਹ, ਜਦੋਂ ਤੂੰ ਸੇਈਰ ਤੋਂ ਆਵੇਂ,
    ਜਦੋਂ ਤੂੰ ਅਦੋਮ ਧਰਤੀ ਤੋਂ
ਕੂਚ ਕੀਤਾ ਧਰਤੀ ਹਿੱਲ ਗਈ।
    ਅਕਾਸ਼ ਵਰਿਆ ਅਤੇ,
    ਬੱਦਲਾਂ ਨੇ ਪਾਣੀ ਸੁੱਟਿਆ।
ਯਹੋਵਾਹ ਸੀਨਈ ਪਰਬਤ ਦੇ ਪਰਮੇਸ਼ੁਰ ਦੇ ਸਾਹਮਣੇ ਪਰਬਤ ਹਿੱਲੇ,
    ਇਸਰਾਏਲ ਦੇ ਪਰਮੇਸ਼ੁਰ ਦੇ ਸਾਹਮਣੇ।

“ਅਨਾਥ ਦੇ ਪੁੱਤਰ ਸ਼ਮਗਰ [a] ਦੇ ਦਿਨਾਂ ਵਿੱਚ,
    ਅਤੇ ਯਾਏਲ ਦੇ ਦਿਨਾਂ ਅੰਦਰ, ਮੁਖ ਸੜਕਾਂ ਸਨ ਸੱਖਣੀਆਂ।
    ਕਾਰਵਾਨ ਅਤੇ ਮੁਸਾਫ਼ਰ ਸਫ਼ਰ ਕਰਦੇ ਸਨ ਪਿੱਛਲੀਆਂ ਸੜਕਾਂ ਉੱਤੇ।

“ਉੱਥੇ ਕੋਈ ਯੋਧੇ ਨਹੀਂ ਸਨ। ਦਬੋਰਾਹ ਤੇਰੇ ਆਉਣ ਤੀਕ,
    ਇਸਰਾਏਲ ਵਿੱਚ ਕੋਈ ਸਿਪਾਹੀ ਨਹੀਂ ਸਨ।
    ਜਦੋਂ ਤੀਕ ਤੂੰ ਇਸਰਾਏਲ ਦੀ ਮਾਂ ਬਣਕੇ ਨਹੀਂ ਖਲੋਤੀ ਸੀ।

“ਚੁਣੇ ਪਰਮੇਸ਼ੁਰ ਨੇ ਨਵੇਂ ਆਗੂ ਲੜਨ ਲਈ
    ਸ਼ਹਿਰ ਦੇ ਦਰਵਾਜ਼ਿਆਂ ਉੱਤੇ।
ਮਿਲਦਾ ਨਹੀਂ ਸੀ ਕਿਸੇ ਨੂੰ ਢਾਲ ਜਾਂ ਨੇਜਾ
    ਕੋਈ ਇਸਰਾਏਲ ਦੇ 40,000 ਸਿਪਾਹੀਆਂ ਵਿੱਚ।

“ਮੇਰਾ ਦਿਲ ਇਸਰਾਏਲ ਦੇ ਉਨ੍ਹਾਂ ਕਮਾਂਡਰਾਂ ਨਾਲ ਹੈ
    ਜਿਹੜੇ ਆਪਣੀ ਰਜ਼ਾ ਨਾਲ ਜੰਗ ਨੂੰ ਗਏ ਸਨ!
ਯਹੋਵਾਹ ਨੂੰ ਅਸੀਸ ਦੇਵੋ!

10 “ਤੁਸੀਂ ਲੋਕੋ
    ਜੋ ਚਿੱਟੇ ਖੋਤਿਆਂ ਉੱਤੇ ਸਵਾਰੀ ਕਰਦਿਆਂ
    ਕਾਠੀਆਂ ਉੱਤੇ ਬੈਠੇ ਹੋਏ,
    ਅਤੇ ਸੜਕ ਉੱਤੇ ਤੁਰੇ ਜਾਂਦਿਆਂ ਇਸ ਬਾਰੇ ਗੱਲ ਕਰੋ!
11 ਪਾਣੀ ਦੀਆਂ ਥਾਵਾਂ ਉੱਤੇ
    ਅਸੀਂ ਖੜਤਾਲਾਂ ਦੀ ਅਵਾਜ਼ ਸੁਣਦੇ ਹਾਂ।
ਲੋਕ ਯਹੋਵਾਹ ਦੀਆਂ ਜਿੱਤਾਂ ਬਾਰੇ
    ਅਤੇ ਉਸ ਦੇ ਇਸਰਾਏਲ ਦੇ ਸਿਪਾਹੀਆਂ ਦੀਆਂ ਜਿੱਤਾਂ ਬਾਰੇ ਗਾਉਂਦੇ ਹਨ
ਜਦੋਂ ਯਹੋਵਾਹ ਦੇ ਲੋਕ ਸ਼ਹਿਰ ਦਿਆਂ ਦਰਵਾਜ਼ਿਆਂ
    ਉੱਤੇ ਲੜੇ ਸਨ ਅਤੇ ਜਿੱਤ ਗਏ ਸਨ।

12 “ਉੱਠ, ਉੱਠ ਦਬੋਰਾਹ!
    ਉੱਠ, ਉੱਠ ਅਤੇ ਗੀਤ ਗਾ!
ਉੱਠ ਬਾਰਾਕ! ਜਾਕੇ ਆਪਣੇ ਦੁਸ਼ਮਣਾ
    ਨੂੰ ਫ਼ੜ ਲੈ ਅਬੀਨੋਅਮ ਦੇ ਪੁੱਤਰ!

13 “ਫ਼ੇਰ ਬਚੇ ਹੋਏ ਤਕੜਿਆਂ ਨਾਲ ਲੜਨ ਲਈ ਹੇਠਾਂ ਚੱਲੇ ਗਏ।
    ਯਹੋਵਾਹ ਦੇ ਲੋਕ ਮੇਰੇ ਲਈ ਯੋਧਿਆਂ ਦੇ ਖਿਲਾਫ਼ ਲੜਨ ਲਈ ਹੇਠਾਂ ਗਏ।

14 “ਇਫ਼ਰਾਈਮ ਦੇ ਲੋਕ ਅਮਾਲੇਕ ਦੇ ਪਹਾੜੀ ਪ੍ਰਦੇਸ਼ [b] ਵਿੱਚੋਂ ਆਏ।
    ਹੇ ਬਿਨਯਾਮੀਨ, ਪਿੱਛਾ ਕੀਤਾ ਉਨ੍ਹਾਂ ਨੇ ਤੇਰਾ ਅਤੇ ਤੇਰੇ ਲੋਕਾਂ ਦਾ।
ਅਤੇ ਕਮਾਂਡਰ ਸਨ ਉੱਥੇ ਮਾਕੀਰ ਦੇ ਪਰਿਵਾਰ ਵਿੱਚੋਂ।
    ਜ਼ਬੂਲੁਨ ਦੇ ਪਰਿਵਾਰ-ਸਮੂਹ ਦੇ ਸਰਦਾਰ ਆਪਣੀਆਂ ਡਾਂਗਾ ਨਾਲ ਆਏ।
15 ਯਿੱਸਾਕਾਰ ਦੇ ਆਗੂ ਦਬੋਰਾਹ ਦੇ ਨਾਲ ਸਨ।
    ਯਿੱਸਾਕਾਰ ਦਾ ਪਰਿਵਾਰ ਬਾਰਾਕ ਨਾਲ ਵਫ਼ਾਦਾਰ ਸੀ।
    ਉਹ ਉਸਦੀ ਕਮਾਨ ਥੱਲੇ ਵਾਦੀ ਅੰਦਰ ਭੇਜੇ ਗਏ ਸਨ।

“ਰਊਬੇਨ ਨੇ ਫ਼ੌਜੀ ਸਮੂਹਾਂ ਦਰਮਿਆਨ, ਮਹਾਨ ਹਸਤੀਆਂ ਵਾਦ-ਵਿਵਾਦ ਕਰ ਰਹੀਆਂ ਸਨ ਕਿ ਕੀ ਕਰੀਏ।
16     ਇਸ ਲਈ ਤੂੰ ਕਿਉਂ ਉੱਥੇ ਆਪਣੀਆਂ ਭੇਡਾਂ ਦੇ ਵਾੜੇ ਦੀਆਂ ਕੰਧਾਂ ਕੋਲ ਬੈਠਾ ਸੀ।
ਰਊਬੇਨ ਦਿਆਂ ਬਹਾਦੁਰ ਸਿਪਾਹੀਆਂ ਨੇ ਜੰਗ ਬਾਰੇ ਬਹੁਤ ਸੋਚਿਆ।
    ਪਰ ਉਹ, ਆਪਣੀ ਭੇਡਾਂ ਲਈ ਵਜਾਏ ਸੰਗੀਤ ਨੂੰ ਸੁਣਦਿਆਂ, ਘਰਾਂ ਅੰਦਰ ਰੁਕੇ ਰਹੇ।
17 ਗਿਲਆਦ ਦੇ ਲੋਕ ਆਪਣਿਆਂ ਡੇਰਿਆਂ ਅਤੇ ਯਰਦਨ ਨਦੀ ਦੇ ਪਰਲੇ ਪਾਸੇ ਰੁਕੇ ਰਹੇ ਸਨ।
    ਤੁਸੀਂ, ਦਾਨ ਦੇ ਲੋਕੋ, ਕਿਉਂ ਤੁਸੀਂ ਆਪਣੇ ਜਹਾਜ਼ਾਂ ਕੋਲ ਰੁਕੇ ਰਹੋ?
ਆਸ਼ੇਰ ਦੇ ਲੋਕ ਸਮੁੰਦਰ ਲਾਗੇ ਆਪਣਿਆਂ
    ਸੁਰੱਖਿਅਤ ਬੰਦਰਗਾਹਾਂ ਉੱਤੇ ਡੇਰਾ ਲਾਈ ਰੁਕੇ ਰਹੇ।

18 “ਪਰ ਜ਼ਬੂਲੁਨ ਅਤੇ ਨਫ਼ਤਾਲੀ ਦੇ ਲੋਕਾਂ, ਉਨ੍ਹਾਂ ਪਹਾੜੀਆਂ ਉੱਤੇ ਜੰਗ ਕਰਦਿਆਂ
    ਆਪਣੀਆਂ ਜਿੰਦਾਂ ਖਤਰੇ’ਚ ਪਾਈਆਂ।
19 ਕਨਾਨ ਦੇ ਰਾਜੇ ਲੜਨ ਲਈ ਆਏ,
    ਪਰ ਉਹ ਕੋਈ ਖਜ਼ਾਨੇ ਲੈ ਕੇ ਨਹੀਂ ਗਏ!
ਉਹ ਮਗਿੱਦੋ ਦੇ ਝਰਨਿਆਂ ਨੇੜੇ
    ਤਆਨਾਕ ਸ਼ਹਿਰ ਵਿਖੇ ਲੜੇ।
20 ਅਕਾਸ਼ ਦੇ ਤਾਰੇ ਉਨ੍ਹਾਂ ਨਾਲ ਲੜੇ,
    ਉਹ ਅਕਾਸ਼ ਤੋਂ ਪਾਰ ਆਪਣੀਆਂ ਦਿਸ਼ਾਵਾਂ ਤੋਂ ਸੀਸਰਾ ਦੇ ਖਿਲਾਫ਼ ਲੜੇ।
21 ਕੀਸ਼ੋਨ ਨਦੀ, ਉਹ ਬੁੱਢੀ ਨਦੀ,
    ਸੀਸਰਾ ਦੇ ਬੰਦਿਆਂ ਨੂੰ ਰੋੜ੍ਹ ਕੇ ਲੈ ਗਈ। ਹੇ ਮੇਰੀ ਜਾਨ,
ਤਾਕਤ ਨਾਲ ਅਗਾਂਹ ਵੱਧ!
22 ਘੋੜਿਆਂ ਦੇ ਸੁੰਮ ਧਰਤੀ ਉੱਤੇ ਵੱਜੇ ਸੀਸਰਾ
    ਦੇ ਸ਼ਕਤੀਸ਼ਾਲੀ ਘੋੜੇ ਦੌੜਦੇ ਗਏ ਦੌੜਦੇ ਗਏ।

23 “ਯਹੋਵਾਹ ਦੇ ਦੂਤ ਨੇ ਆਖਿਆ, ‘ਮੇਰੋਜ਼ ਦੇ ਸ਼ਹਿਰ ਨੂੰ ਸਰਾਪ ਦੇਵੋ।
    ਉੱਥੋਂ ਦੇ ਲੋਕਾਂ ਨੂੰ ਸਰਾਪ ਦੇਵੋ!
ਉਹ ਤਾਕਤਵਰਾਂ ਦੇ ਖਿਲਾਫ਼ ਯਹੋਵਾਹ ਦੀ
    ਮਦਦ ਕਰਨ ਲਈ ਨਹੀਂ ਆਏ।’
24 ਯਾਏਲ ਕੇਨੀ ਹਬਰ ਦੀ ਪਤਨੀ ਸੀ।
    ਉਹ ਸਾਰੀਆਂ ਔਰਤਾਂ ਨਾਲੋਂ ਵੱਧੇਰੇ ਧੰਨ ਹੋਵੇਗੀ।
25 ਸੀਸਰਾ ਨੇ ਪਾਣੀ ਮੰਗਿਆ
    ਯਾਏਲ ਨੇ ਉਸ ਨੂੰ ਦੁੱਧ ਦਿੱਤਾ।
ਉਹ ਰਾਜੇ ਦੇ ਯੋਗ ਪਿਆਲੇ
    ਅੰਦਰ ਕਰੀਮ ਲੈ ਆਈ ਸੀ।
26 ਫ਼ੇਰ ਯਾਏਲ ਨੇ ਹੱਥ ਵੱਧਾਇਆ ਅਤੇ ਤੰਬੂ ਦੀ ਕਿੱਲੀ ਫ਼ੜ ਲਈ।
    ਉਸਦਾ ਸੱਜਾ ਹੱਥ ਹਥੌੜੇ ਤੀਕ ਜਾ ਪਹੁੰਚਿਆ ਜਿਸ ਨੂੰ ਕਾਮੇ ਵਰਤਦੇ ਨੇ।
ਫ਼ੇਰ ਉਸ ਨੇ ਹਥੌੜਾ ਸੀਸਰਾ ਉੱਤੇ ਵਰਤਿਆ! ਉਸ ਨੇ ਉਸ ਦੇ ਸਿਰ ਉੱਤੇ ਸੱਟ ਮਾਰੀ
    ਅਤੇ ਉਸਦੀ ਪੁੜਪੁੜੀ ਅੰਦਰ ਸੁਰਾਖ ਕਰ ਦਿੱਤਾ।
27 ਉਹ ਯਾਏਲ ਦੇ ਪੈਰਾਂ ਵਿੱਚਕਾਰ ਡਿੱਗ ਪਿਆ।
    ਉਹ ਡਿੱਗਿਆ। ਉਹ ਉੱਥੇ ਹੀ ਪਿਆ ਰਿਹਾ।
ਉਹ ਉਸ ਦੇ ਪੈਰਾਂ ਵਿੱਚਕਾਰ ਡਿੱਗ ਪਿਆ
    ਜਿੱਥੇ ਸੀਸਰਾ ਡੁੱਬਿਆ,
ਉਹ ਉੱਥੇ ਡਿੱਗਿਆ,
    ਤਬਾਹ ਹੋ ਗਿਆ।

28 “ਦੇਖੋ, ਉਹ ਸੀਸਰਾ ਦੀ ਮਾਂ ਖੜੀ, ਬਾਰੀ ਵਿੱਚੋਂ ਦੇਖ ਰਹੀ ਹੈ,
    ਪਰਦਿਆਂ ਵਿੱਚੋਂ ਦੇਖ ਰਹੀ ਅਤੇ ਰੋ ਰਹੀ ਹੈ।
‘ਸੀਸਰਾ ਦੇ ਰੱਥ ਨੇ ਇੰਨੀ ਦੇਰ ਕਿਉਂ ਲਾ ਦਿੱਤੀ ਹੈ?
    ਮੈਨੂੰ ਉਸ ਦੇ ਰੱਥਾਂ ਦੀ ਆਵਾਜ਼ ਕਿਉਂ ਸੁਣਦੀ ਨਹੀਂ?’

29 “ਸਭ ਤੋਂ ਸੂਝਵਾਨ ਔਰਤ [c] ਉਸ ਨੂੰ ਜਵਾਬ ਦਿੰਦੀ ਹੈ,
    ਹਾਂ ਉਹ ਜਵਾਬ ਦਿੰਦੀ ਹੈ।
30 ‘ਮੈਨੂੰ ਯਕੀਨ ਹੈ ਕਿ ਉਹ ਜੰਗ ਜਿੱਤ ਗਏ ਹਨ
    ਅਤੇ ਹਰਾਏ ਹੋਏ ਲੋਕਾਂ ਤੋਂ ਉਨ੍ਹਾਂ ਦੀਆਂ ਚੀਜ਼ਾਂ ਖੋਹ ਰਹੇ ਹਨ।
ਉਹ ਆਪਸ ਵਿੱਚ ਲੁੱਟ ਦਾ ਮਾਲ ਵੰਡ ਰਹੇ ਹਨ।
    ਹਰ ਸਿਪਾਹੀ ਇੱਕ ਜਾਂ ਦੋ ਕੁੜੀਆਂ ਲਿਜਾ ਰਿਹਾ ਹੈ।
ਸੀਸਰਾ ਨੂੰ ਰੰਗਦਾਰ ਕੱਪੜੇ ਲੱਭ ਗਏ ਹੋਣਗੇ। ਹਾਂ,
    ਸੀਸਰਾ ਨੂੰ ਰੰਗਦਾਰ ਜੇਤੂ ਦੀ ਗਰਦਨ ਲਈ ਕੱਢਾਈ ਕੀਤੇ ਹੋਏ ਇੱਕ ਜਾਂ ਦੋ ਰੰਗਦਾਰ ਸਕਾਫ਼ ਲੱਭ ਗਏ-
    ਜਾਂ ਸ਼ਾਇਦ ਦੋ-ਵਿਜੇਈ ਸੀਸਰਾ ਦੇ ਪਹਿਨਣ ਵਾਸਤੇ।’

31 “ਰਥ ਕਰੇ ਇਵੇਂ ਹੀ ਮਰਨ ਦੁਸ਼ਮਣ ਤੁਹਾਡੇ, ਯਹੋਵਾਹ ਜੀ!
    ਅਤੇ ਕਾਸ਼ ਉਹ ਲੋਕ ਸਾਰੇ ਜਿਹੜੇ ਪਿਆਰ ਕਰਨ ਤੁਹਾਨੂੰ ਹੋ ਜਾਵਣ ਤਕੜੇ ਚਢ਼ਦੇ ਸੂਰਜ ਵਾਗਰਾਂ!”

ਇਸ ਤਰ੍ਹਾਂ ਉੱਥੇ 40 ਸਾਲਾਂ ਤੀਕ ਸ਼ਾਂਤੀ ਰਹੀ।

ਰਸੂਲਾਂ ਦੇ ਕਰਤੱਬ 9

ਸੌਲੁਸ ਨਿਹਚਾਵਾਨ ਬਣਿਆ

ਯਰੂਸ਼ਲਮ ਵਿੱਚ ਸੌਲੁਸ ਅਜੇ ਵੀ ਪ੍ਰਭੂ ਦੇ ਚੇਲਿਆਂ ਨੂੰ ਦਬਕਾਉਣ ਅਤੇ ਕਤਲ ਕਰਨ ਵਿੱਚ ਲੱਗਾ ਹੋਇਆ ਸੀ। ਇਸੇ ਲਈ ਉਹ ਸਰਦਾਰ ਜਾਜਕ ਕੋਲ ਗਿਆ। ਸੌਲੁਸ ਨੇ ਉਸ ਕੋਲੋਂ ਦੰਮਿਸ਼ਕ ਵਿੱਚ ਪ੍ਰਾਰਥਨਾ ਸਥਾਨਾਂ ਲਈ ਚਿੱਠੀਆਂ ਮੰਗੀਆਂ, ਜੋ ਉਸ ਨੂੰ ਉਨ੍ਹਾਂ ਸਾਰਿਆਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਕੈਦ ਕਰਨ, ਦਾ ਅਧਿਕਾਰ ਦੇਣ ਜੋ ਯਿਸੂ ਦੇ ਮਾਰਗ ਨੂੰ ਮੰਨਦੇ ਹਨ। ਉਹ ਭਾਵੇਂ ਔਰਤਾਂ ਹੋਣ ਅਤੇ ਭਾਵੇਂ ਮਰਦ, ਉਨ੍ਹਾਂ ਨੂੰ ਯਰੂਸ਼ਲਮ ਲਿਆਉਣ।

ਤਾਂ ਸੌਲੁਸ ਦੰਮਿਸ਼ਕ ਵਿੱਚ ਗਿਆ। ਜਦੋਂ ਉਹ ਸ਼ਹਿਰ ਕੋਲ ਪਹੁੰਚਿਆ ਤਾਂ ਅਕਾਸ਼ ਵੱਲੋਂ ਅਚਾਨਕ ਇੱਕ ਬੜੀ ਤੇਜ਼ ਬਿਜਲੀ ਉਸ ਦੇ ਇਰਦ-ਗਿਰਦ ਚਮਕੀ। ਉਹ ਜ਼ਮੀਨ ਤੇ ਡਿੱਗ ਪਿਆ ਅਤੇ ਉਸ ਨੂੰ ਇਹ ਪੁੱਛਦੀ ਹੋਈ ਇੱਕ ਆਵਾਜ਼ ਸੁਣਾਈ ਦਿੱਤੀ, “ਸੌਲੁਸ, ਸੌਲੁਸ! ਤੂੰ ਮੈਨੂੰ ਤਸੀਹੇ ਕਿਉਂ ਦੇ ਰਿਹਾ ਹੈਂ?”

ਸੌਲੁਸ ਨੇ ਕਿਹਾ, “ਪ੍ਰਭੂ, ਤੂੰ ਕੌਣ ਹੈਂ?”

ਉਸ ਨੇ ਜਵਾਬ ਦਿੱਤਾ, “ਮੈਂ ਯਿਸੂ ਹਾਂ। ਮੈਂ ਹੀ ਹਾਂ ਜਿਸ ਨੂੰ ਤੂੰ ਤਸੀਹੇ ਦੇ ਰਿਹਾ ਹੈ। ਉੱਠ ਅਤੇ ਉੱਠ ਕੇ ਹੁਣ ਸ਼ਹਿਰ ਨੂੰ ਜਾ ਉੱਥੇ ਤੈਨੂੰ ਇੱਕ ਮਨੁੱਖ ਦੱਸੇਗਾ ਕਿ ਹੁਣ ਤੂੰ ਕੀ ਕਰਨਾ ਹੈ।”

ਜਿਹੜੇ ਮਨੁੱਖ ਉਸ ਦੇ ਨਾਲ ਸਫ਼ਰ ਕਰ ਰਹੇ ਸਨ, ਉਹ ਚੁੱਪ-ਚਾਪ ਖੜ੍ਹੇ ਰਹੇ। ਉਨ੍ਹਾਂ ਨੇ ਆਵਾਜ਼ ਤਾਂ ਸੁਣੀ ਪਰ ਉਨ੍ਹਾਂ ਨੂੰ ਦਿਖਿਆ ਕੁਝ ਨਹੀਂ ਸੀ। ਸੌਲੁਸ ਜਦੋਂ ਜ਼ਮੀਨ ਤੋਂ ਉੱਠਿਆ ਤਾਂ ਉਸ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਪਰ ਉਹ ਕੁਝ ਵੇਖ ਨਾ ਸੱਕਿਆ। ਤਾਂ ਉਨ੍ਹਾਂ ਲੋਕਾਂ ਨੇ ਉਸਦਾ ਹੱਥ ਫ਼ੜਿਆ ਅਤੇ ਉਸ ਨੂੰ ਦੰਮਿਸਕ ਵਿੱਚ ਲੈ ਆਏ। ਤਿੰਨ ਦਿਨ ਤੱਕ ਉਹ ਨਾ ਵੇਖ ਸੱਕਿਆ ਅਤੇ ਨਾ ਹੀ ਉਸ ਨੇ ਕੁਝ ਖਾਧਾ ਪੀਤਾ।

10 ਦੰਮਿਸਕ ਵਿੱਚ ਯਿਸੂ ਦਾ ਇੱਕ ਚੇਲਾ ਸੀ, ਜਿਸ ਦਾ ਨਾਉਂ ਹਨਾਨਿਯਾਹ ਸੀ। ਪ੍ਰਭੂ ਨੇ ਹਨਾਨਿਯਾਹ ਨੂੰ ਦਰਸ਼ਨ ਦੇਕੇ ਕਿਹਾ, “ਹਨਾਨਿਯਾਹ!”

ਹਨਾਨਿਯਾਹ ਨੇ ਅੱਗੋਂ ਜਵਾਬ ਵਿੱਚ ਕਿਹਾ, “ਪ੍ਰਭੂ, ਮੈਂ ਇੱਥੇ ਹਾਂ।”

11 ਪ੍ਰਭੂ ਨੇ ਹਨਾਨਿਯਾਹ ਨੂੰ ਕਿਹਾ, “ਉੱਠ ਖੜ੍ਹਾ ਹੋ ਅਤੇ ਉਸ ਗਲੀ ਨੂੰ ਜਾਹ ਜੋ ‘ਸਿੱਧੀ ਗਲੀ’ ਕਹਾਂਉਂਦੀ ਹੈ। ਉੱਥੇ, ਯਹੂਦਾ ਦੇ ਘਰ ਨੂੰ ਲੱਭ ਅਤੇ ਸੌਲੁਸ ਨਾਂ ਦੇ ਆਦਮੀ ਨੂੰ ਪੁੱਛ, ਜੋ ਕਿ ਤਰਸੁਸ ਤੋਂ ਹੈ। ਇਸ ਵਕਤ ਉਹ ਉੱਥੇ ਹੈ ਅਤੇ ਪ੍ਰਾਰਥਨਾ ਕਰ ਰਿਹਾ ਹੈ। 12 ਸੌਲੁਸ ਨੂੰ ਵੀ ਦਰਸ਼ਨ ਹੋਏ ਅਤੇ ਉਸ ਦਰਸ਼ਨ ਵਿੱਚ, ਉਸ ਨੇ ਹਨਾਨਿਯਾਹ ਨਾਂ ਦੇ ਇੱਕ ਆਦਮੀ ਨੂੰ ਉਸ ਕੋਲ ਆਉਂਦਿਆਂ ਅਤੇ ਆਪਣੇ ਹੱਥ ਉਸ ਉੱਪਰ ਰੱਖਦਿਆਂ ਵੇਖਿਆ। ਜਿਸ ਨਾਲ ਸੌਲੁਸ ਦੋਬਾਰਾ ਦੇਖਣ ਦੇ ਕਾਬਿਲ ਹੋ ਗਿਆ।”

13 ਪਰ ਹਨਾਨਿਯਾਹ ਨੇ ਜਵਾਬ ਦਿੱਤਾ, “ਹੇ ਪ੍ਰਭੂ, ਇਸ ਮਨੁੱਖ ਬਾਰੇ ਮੈਨੂੰ ਬਹੁਤ ਸਾਰੇ ਲੋਕਾਂ ਨੇ ਦੱਸਿਆ ਹੈ। ਉਨ੍ਹਾਂ ਨੇ ਮੈਨੂੰ ਦੱਸਿਆ ਹੈ ਕਿ ਇਸਨੇ ਯਰੂਸ਼ਲਮ ਵਿੱਚ ਤੇਰੇ ਪਵਿੱਤਰ ਲੋਕਾਂ ਨਾਲ ਬਹੁਤ ਸਾਰੀਆਂ ਬਦੀਆਂ ਕੀਤੀਆਂ ਹਨ। 14 ਹੁਣ ਉਹ ਇੱਥੇ ਆਇਆ ਹੈ ਅਤੇ ਪ੍ਰਧਾਨ ਜਾਜਕਾਂ ਨੇ ਇਸ ਨੂੰ ਤਮਾਮ ਉਨ੍ਹਾਂ ਲੋਕਾਂ ਨੂੰ ਫ਼ੜਣ ਦਾ ਇਖਤਿਆਰ ਦਿੱਤਾ ਹੋਇਆ ਹੈ ਜੇ ਤੇਰੇ ਵਿੱਚ ਨਿਹਚਾ ਰੱਖਦੇ ਹਨ।”

15 ਪਰ ਪ੍ਰਭੂ ਨੇ ਹਨਾਨਿਯਾਹ ਨੂੰ ਕਿਹਾ, “ਤੂੰ ਜਾ। ਕਿਉਂਕਿ ਮੈਂ ਸੌਲੁਸ ਨੂੰ ਇੱਕ ਬੜੇ ਜ਼ਰੂਰੀ ਕੰਮ ਵਾਸਤੇ ਚੁਣਿਆ ਹੈ। ਉਸ ਨੂੰ ਬਾਦਸ਼ਾਹਾਂ, ਯਹੂਦੀ ਲੋਕਾਂ ਅਤੇ ਪਰਾਈਆਂ ਕੌਮਾਂ ਨੂੰ ਮੇਰੇ ਬਾਰੇ ਜਾਕੇ ਦੱਸਣਾ ਚਾਹੀਦਾ ਹੈ। 16 ਮੈਂ ਉਸ ਨੂੰ ਉਹ ਸਭ ਵਿਖਾਵਾਂਗਾ ਜੋ ਮੇਰੇ ਨਾਉਂ ਦੇ ਬਦਲੇ, ਉਸ ਨੂੰ ਝੱਲਣਾ ਚਾਹੀਦਾ ਹੈ।”

17 ਇਸ ਲਈ ਹਨਾਨਿਯਾਹ ਤੁਰ ਪਿਆ, ਅਤੇ ਯਹੂਦਾ ਦੇ ਘਰ ਗਿਆ। ਉਸ ਨੇ ਆਪਣਾ ਹੱਥ ਸੌਲੁਸ ਦੇ ਸਿਰ ਤੇ ਰੱਖਿਆ ਅਤੇ ਆਖਿਆ, “ਸੌਲੁਸ, ਮੇਰੇ ਭਰਾ, ਪ੍ਰਭੂ ਯਿਸੂ ਨੇ ਮੈਨੂੰ ਤੇਰੇ ਕੋਲ ਭੇਜਿਆ ਹੈ। ਉਹ ਉਹੀ ਹੈ ਜਿਸ ਨੂੰ ਤੂੰ ਆਉਂਦਿਆਂ ਹੋਇਆਂ ਰਸਤੇ ਵਿੱਚ ਡਿੱਠਾ ਸੀ ਉਹ ਯਿਸੂ ਹੀ ਸੀ। ਯਿਸੂ ਨੇ ਮੈਨੂੰ ਤੇਰੇ ਕੋਲ ਇਸ ਲਈ ਭੇਜਿਆ ਹੈ ਕਿ ਤੂੰ ਦੁਬਾਰਾ ਵੇਖ ਸੱਕੇਂ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਹੋਵੇ।” 18 ਉਸੇ ਵੇਲੇ ਅਚਾਨਕ ਉਸ ਦੀਆਂ ਅੱਖਾਂ ਤੋਂ ਛਿਲਕੇ ਜਿਹਿਆ ਕੁਝ ਡਿੱਗਿਆ ਅਤੇ ਉਸ ਨੂੰ ਦੁਬਾਰਾ ਦਿਖਣ ਲੱਗ ਪਿਆ। ਸੌਲੁਸ ਉੱਠਿਆ ਅਤੇ ਉਸ ਨੂੰ ਬਪਤਿਸਮਾ ਦਿੱਤਾ ਗਿਆ। 19 ਫ਼ਿਰ ਉਸ ਨੇ ਕੁਝ ਖਾਧਾ ਅਤੇ ਮੁੜ ਤੋਂ ਆਪਣੇ ਆਪ ਵਿੱਚ ਤਕੜਾ ਮਹਿਸੂਸ ਕਰਨ ਲੱਗਾ।

ਸੌਲੁਸ ਦਾ ਦੰਮਿਸਕ ਵਿੱਚ ਉਪਦੇਸ਼ ਦੇਣਾ

ਫ਼ਿਰ ਉਹ ਕੁਝ ਦਿਨ ਦੰਮਿਸਕ ਵਿੱਚ ਯਿਸੂ ਦੇ ਚੇਲਿਆਂ ਦੇ ਨਾਲ ਰਿਹਾ। 20 ਜਲਦੀ ਹੀ ਉਸ ਨੇ ਪ੍ਰਾਰਥਨਾ ਸਥਾਨਾ ਉੱਪਰ ਯਿਸੂ ਬਾਰੇ ਉਪਦੇਸ਼ ਦੇਣਾ ਸ਼ੁਰੂ ਕੀਤਾ ਅਤੇ ਲੋਕਾਂ ਵਿੱਚ ਪਰਚਾਰ ਕੀਤਾ ਕਿ, “ਯਿਸੂ ਹੀ ਪਰਮੇਸ਼ੁਰ ਦਾ ਪੁੱਤਰ ਹੈ।”

21 ਸਾਰੇ ਲੋਕ ਜਿਹੜੇ ਸੌਲੁਸ ਨੂੰ ਸੁਣਦੇ ਉਹ ਬੜੇ ਹੈਰਾਨ ਸਨ। ਉਨ੍ਹਾਂ ਕਿਹਾ, “ਕੀ ਇਹ ਉਹੀ ਵਿਅਕਤੀ ਨਹੀਂ ਜੋ ਯਰੂਸ਼ਲਮ ਵਿੱਚ ਸੀ ਅਤੇ ਜਿਸਨੇ ਉਨ੍ਹਾਂ ਸਾਰੇ ਲੋਕਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਨ੍ਹਾਂ ਨੂੰ ਯਿਸੂ ਵਿੱਚ ਨਿਹਚਾ ਸੀ। ਅਤੇ ਹੁਣ ਉਹੀ ਇੱਥੇ ਯਿਸੂ ਦੇ ਚੇਲਿਆਂ ਨੂੰ ਫ਼ੜਨ ਅਤੇ ਉਨ੍ਹਾਂ ਨੂੰ ਪ੍ਰਧਾਨ ਜਾਜਕਾਂ ਹੱਥੀਂ ਫ਼ੜਵਾਉਣ ਲਈ ਆਇਆ ਹੈ।”

22 ਪਰ ਸੌਲੁਸ ਦਿਨੋਂ-ਦਿਨ ਹੋਰ ਵੀ ਤਕੜਾ ਹੁੰਦਾ ਗਿਆ ਅਤੇ ਉਸ ਨੇ ਇਹ ਸਾਬਿਤ ਕਰ ਦਿੱਤਾ ਕਿ ਯਿਸੂ ਹੀ ਮਸੀਹ ਹੈ। ਉਸ ਦੇ ਪ੍ਰਮਾਣ ਇੰਨੇ ਜ਼ੋਰਦਾਰ ਹੁੰਦੇ ਸਨ ਕਿ ਜਿਹੜੇ ਯਹੂਦੀ ਦੰਮਿਸਕ ਵਿੱਚ ਰਹਿੰਦੇ ਸਨ ਉਹ ਉਸ ਨਾਲ ਬਹਿਸ ਨਹੀਂ ਕਰ ਪਾਉਂਦੇ ਸਨ।

ਸੌਲੁਸ ਦਾ ਯਹੂਦੀਆਂ ਤੋਂ ਬਚਣਾ

23 ਕਾਫ਼ੀ ਦਿਨਾਂ ਬਾਅਦ ਯਹੂਦੀਆਂ ਨੇ ਸੌਲੁਸ ਨੂੰ ਜਾਨੋਂ ਮਾਰਨ ਦੀ ਵਿਉਂਤ ਬਣਾਈ। 24 ਉਹ ਸੌਲੁਸ ਲਈ ਸ਼ਹਿਰ ਦੇ ਦਰਵਾਜਿਆਂ ਤੇ ਦਿਨ-ਰਾਤ ਪਹਿਰਾ ਦੇ ਰਹੇ ਸਨ, ਕਿਉਂਕਿ ਉਹ ਉਸ ਨੂੰ ਜਾਨੋਂ ਹੀ ਮਾਰ ਮੁਕਾਉਣਾ ਚਾਹੁੰਦੇ ਸੀ ਪਰ ਸੌਲੁਸ ਨੂੰ ਉਨ੍ਹਾਂ ਦੀ ਵਿਉਂਤ ਦਾ ਪਤਾ ਲੱਗ ਗਿਆ। 25 ਕੁਝ ਚੇਲਿਆਂ ਨੇ, ਜਿਨ੍ਹਾਂ ਨੂੰ ਪੌਲੁਸ ਨੇ ਸਿੱਖਿਆ ਦਿੱਤੀ ਸੀ, ਇੱਕ ਰਾਤ ਉਸ ਨੂੰ ਇੱਕ ਟੋਕਰੀ ਵਿੱਚ ਪਾ ਦਿੱਤਾ ਤੇ ਦੀਵਾਰ ਤੋਂ ਹੇਠਾਂ ਉਤਾਰ ਦਿੱਤਾ।

ਸੌਲੁਸ ਦਾ ਯਰੂਸ਼ਲਮ ਵਿੱਚ ਉਪਦੇਸ਼ ਦੇਣਾ

26 ਫ਼ਿਰ ਸੌਲੁਸ ਯਰੂਸ਼ਲਮ ਵਿੱਚ ਚੱਲਾ ਗਿਆ। ਉਸ ਨੇ ਨਿਹਚਾਵਾਨਾਂ ਦਾ ਸੰਗ ਕਰਨਾ ਚਾਹਿਆ ਪਰ ਉਹ ਉਸ ਕੋਲੋਂ ਡਰਦੇ ਸਨ। ਉਹ ਵਿਸ਼ਵਾਸ ਨਾ ਕਰ ਸੱਕੇ ਕਿ ਉਹ ਸੱਚਮੁੱਚ ਯਿਸੂ ਦਾ ਚੇਲਾ ਸੀ। 27 ਪਰ ਬਰਨਬਾਸ ਉਸ ਨੂੰ ਰਸੂਲਾਂ ਕੋਲ ਲੈ ਗਿਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਸੌਲੁਸ ਨੇ ਕਿਵੇਂ ਦੰਮਿਸ਼ਕ ਦੇ ਰਾਹ ਵਿੱਚ ਪ੍ਰਭੂ ਨੂੰ ਵੇਖਿਆ ਸੀ। ਅਤੇ ਉਸ ਨੇ ਉਸ ਨਾਲ ਗੱਲਾਂ ਵੀ ਕੀਤੀਆਂ ਸਨ ਅਤੇ ਕਿਵੇਂ ਉਹ ਦੰਮਿਸ਼ਕ ਵਿੱਚ ਪ੍ਰਭੂ ਦੇ ਨਾਂ ਉੱਤੇ ਬੇਧੜਕ ਹੋਕੇ ਉਪਦੇਸ਼ ਦਿੰਦਾ ਸੀ।

28 ਇਉਂ ਸੌਲੁਸ ਚੇਲਿਆਂ ਨਾਲ ਠਹਿਰਿਆ। ਉਹ ਯਰੂਸ਼ਲਮ ਦੀਆਂ ਸਾਰੀਆਂ ਥਾਵਾਂ ਤੇ ਗਿਆ ਅਤੇ ਖੁਲ੍ਹੇਆਮ ਪ੍ਰਭੂ ਬਾਰੇ ਬੋਲਿਆ। 29 ਉਹ ਅਕਸਰ ਯੂਨਾਨੀ ਬੋਲਣ ਵਾਲੇ ਯਹੂਦੀਆਂ ਨਾਲ ਗੱਲਾਂ ਕਰਦਾ ਅਤੇ ਉਨ੍ਹਾਂ ਨਾਲ ਇਸ ਬਾਰੇ ਚਰਚਾ ਕਰਦਾ ਪਰ ਉਹ ਉਸ ਨੂੰ ਜਾਨੋਂ ਮਾਰਨ ਦੀ ਵਿਉਂਤ ਬਣਾਉਂਦੇ। 30 ਜਦੋਂ ਭਰਾਵਾਂ ਨੂੰ ਇਸਦਾ ਪਤਾ ਲੱਗਾ, ਉਹ ਉਸ ਨੂੰ ਕੈਸਰਿਯਾ ਲੈ ਗਏ ਅਤੇ ਉਨ੍ਹਾਂ ਨੇ ਉੱਥੋਂ ਉਸ ਨੂੰ, ਤਰਸੁਸ ਨੂੰ ਭੇਜ ਦਿੱਤਾ।

31 ਸੋ ਸਾਰੇ ਯਹੂਦਿਯਾ, ਗਲੀਲ ਅਤੇ ਸਾਮਰਿਯਾ ਵਿੱਚ ਕਲੀਸਿਯਾ ਸ਼ਾਂਤਮਈ ਸੀ। ਪਵਿੱਤਰ ਆਤਮਾ ਦੀ ਮਦਦ ਨਾਲ ਕਲੀਸਿਯਾ ਦਿਨੋਂ ਦਿਨ ਹੋਰ ਮਜ਼ਬੂਤ ਹੋ ਗਈ। ਨਿਹਚਾਵਾਨਾਂ ਨੇ, ਜਿਸ ਢੰਗ਼ ਨਾਲ ਉਹ ਜਿਉਂਦੇ ਸਨ, ਦਰਸ਼ਾਇਆ ਕਿ ਉਨ੍ਹਾਂ ਨੇ ਪ੍ਰਭੂ ਦੀ ਇੱਜ਼ਤ ਕੀਤੀ। ਉਸ ਸਦਕਾ ਹੀ ਇਹ ਸਮੂਹ ਹੋਰ ਸੰਗਠਿਤ ਹੋਇਆ।

ਪਤਰਸ ਲੁੱਦਾ ਅਤੇ ਯੱਪਾ ਵਿੱਚ

32 ਪਤਰਸ ਯਰੂਸ਼ਲਮ ਦੇ ਇਰਦ-ਗਿਰਦ ਸਾਰੇ ਸ਼ਹਿਰਾਂ ਵਿੱਚ ਘੁੰਮਿਆ। ਫ਼ੇਰ ਉਹ ਲੁੱਦਾ ਵਿੱਚ ਬਸੇ ਨਿਹਚਾਵਾਨਾਂ ਨੂੰ ਵੇਖਣ ਗਿਆ। 33 ਲੁੱਦਾ ਵਿੱਚ, ਉਹ ਇੱਕ ਅਧਰੰਗੀ ਆਦਮੀ ਨੂੰ ਮਿਲਿਆ। ਜਿਸਦਾ ਨਾਉਂ ਐਨਿਯਾਸ ਸੀ। ਉਹ ਪਿੱਛਲੇ ਅੱਠ ਸਾਲਾਂ ਤੋਂ ਮੰਜੇ ਤੋਂ ਉੱਠ ਨਹੀਂ ਸੀ ਸੱਕਿਆ। 34 ਪਤਰਸ ਨੇ ਉਸ ਨੂੰ ਕਿਹਾ, “ਐਨਿਯਾਸ, ਯਿਸੂ ਮਸੀਹ ਨੇ ਤੇਰੇ ਤੇ ਮਿਹਰ ਕੀਤੀ ਹੈ। ਖੜ੍ਹਾ ਹੋ ਅਤੇ ਆਪਣਾ ਬਿਸਤਰ ਵਿੱਛਾ!” ਉਹ ਤੁਰੰਤ ਖੜ੍ਹਾ ਹੋ ਗਿਆ। 35 ਸਾਰੇ ਲੁੱਦਾ ਵਿੱਚ ਰਹਿਣ ਵਾਲੇ ਅਤੇ ਸ਼ਰੋਨ ਦੇ ਸਾਰੇ ਨਿਵਾਸੀਆਂ ਨੇ ਉਸ ਨੂੰ ਵੇਖਿਆ ਅਤੇ ਇਹ ਲੋਕ ਵੀ ਪ੍ਰਭੂ ਵੱਲ ਪਰਤ ਗਏ।

36 ਯੱਪਾ ਵਿੱਚ ਤਬਿਥਾ ਨਾਂ ਦੀ ਇੱਕ ਚੇਲੀ ਸੀ ਜਿਸ ਦਾ ਯੂਨਾਨੀ ਭਾਸ਼ਾ ਵਿੱਚ ਅਰਥ ਹੈ “ਹਿਰਨੀ”। ਇਸ ਔਰਤ ਨੇ ਹਮੇਸ਼ਾ ਲੋਕਾਂ ਲਈ ਬੜੇ ਚੰਗੇ ਕੰਮ ਕੀਤੇ ਸਨ ਅਤੇ ਹਮੇਸ਼ਾ ਗਰੀਬ ਲੋਕਾਂ ਦੀ ਮਦਦ ਕੀਤੀ ਸੀ। 37 ਤਾਂ ਜਦੋਂ ਪਤਰਸ ਲੁੱਦਾ ਵਿੱਚ ਸੀ ਤਾਂ ਤਬਿਥਾ ਬੜੀ ਬੀਮਾਰ ਹੋਈ ਅਤੇ ਮਰ ਗਈ। ਉਨ੍ਹਾਂ ਨੇ ਉਸ ਨੂੰ ਨੁਹਾਉਣ ਤੋਂ ਬਾਅਦ ਉਸ ਦੇ ਸਰੀਰ ਨੂੰ ਛੱਤ ਉੱਪਰਲੇ ਕਮਰੇ ਵਿੱਚ ਪਾ ਦਿੱਤਾ। 38 ਯੱਪਾ ਦੇ ਚੇਲਿਆਂ ਨੂੰ ਪਤਾ ਲੱਗਾ ਕਿ ਪਤਰਸ ਲੁੱਦਾ ਵਿੱਚ ਸੀ। ਲੁੱਦਾ ਯੱਪਾ ਦੇ ਨੇੜੇ ਹੀ ਸੀ। ਉਨ੍ਹਾਂ ਨੇ ਉੱਥੇ ਪਤਰਸ ਨੂੰ ਨਿਉਂਤਾ ਦੇਣ ਲਈ ਦੋ ਆਦਮੀ ਭੇਜੇ। ਉਨ੍ਹਾਂ ਨੇ ਉਸ ਨੂੰ ਬੇਨਤੀ ਕੀਤੀ, “ਕਿਰਪਾ ਕਰਕੇ, ਸਾਡੇ ਕੋਲ ਜਿੰਨੀ ਛੇਤੀ ਹੋ ਸੱਕੇ ਆਓ।”

39 ਪਤਰਸ ਤਿਆਰ ਹੋ ਗਿਆ ਅਤੇ ਉਨ੍ਹਾਂ ਦੇ ਨਾਲ ਚੱਲਿਆ ਗਿਆ, ਜਦੋਂ ਉਹ ਉੱਥੇ ਪਹੁੰਚਿਆ, ਉਹ ਉਸ ਨੂੰ ਪੌੜੀਆਂ ਉੱਪਰਲੇ ਕਮਰੇ ਵਿੱਚ ਲੈ ਗਿਆ। ਸਾਰੀਆਂ ਵਿਧਵਾਵਾਂ ਆਈਆਂ ਅਤੇ ਉਸ ਦੇ ਆਲੇ-ਦੁਆਲੇ ਖਲੋ ਗਈਆਂ। ਉਹ ਰੋ ਰਹੀਆਂ ਸਨ ਅਤੇ ਉਨ੍ਹਾਂ ਨੇ ਰੋਂਦੀਆਂ-ਪਿਟਦੀਆਂ ਨੇ ਪਤਰਸ ਨੂੰ ਉਹ ਸਾਰੇ ਕੱਪੜੇ ਵਿਖਾਏ ਜਿਹੜੇ ਡੋਰਕਾ ਤਬਿਥਾ ਨੇ ਜਿਉਂਦੇ ਜੀਅ ਬਣਾਏ ਸਨ। ਪਤਰਸ ਨੇ ਸਾਰੇ ਲੋਕਾਂ ਨੂੰ ਕਮਰੇ ਚੋਂ ਬਾਹਰ ਜਾਣ ਨੂੰ ਕਿਹਾ। 40 ਉਹ ਗੋਡਿਆਂ ਭਾਰ ਬੈਠ ਗਿਆ ਅਤੇ ਪ੍ਰਾਰਥਨਾ ਕੀਤੀ। ਫ਼ਿਰ ਓੁਹ ਤਬਿਥਾ ਵੱਲ ਮੁੜਿਆ, ਜੋ ਕਿ ਮੁਰਦਾ ਸੀ ਅਤੇ ਆਖਿਆ, “ਤਬਿਥਾ, ਉੱਠ।” ਉਸ ਨੇ ਆਪਣੀਆਂ ਅੱਖਾਂ ਖੋਲ੍ਹੀਆਂ। ਜਿਸ ਵਕਤ ਉਸ ਨੇ ਪਤਰਸ ਨੂੰ ਵੇਖਿਆ ਤਾਂ ਉਹ ਉੱਠ ਕੇ ਬੈਠ ਗਈ। 41 ਉਸ ਨੇ ਆਪਣੇ ਹੱਥ ਨਾਲ ਉਸ ਨੂੰ ਖਲੋਣ ਵਿੱਚ ਮਦਦ ਕੀਤੀ। ਅਤੇ ਫ਼ਿਰ ਉਸ ਨੇ ਨਿਹਚਾਵਾਨਾਂ ਨੂੰ ਅਤੇ ਵਿਧਵਾਵਾਂ ਨੂੰ ਕਮਰੇ ਅੰਦਰ ਸੱਦਿਆ ਅਤੇ ਤਬਿਥਾ ਨੂੰ ਸੌਂਪ ਦਿੱਤਾ ਜੋ ਕਿ ਜੀਵਿਤ ਸੀ।

42 ਸਾਰੇ ਯੱਪਾ ਵਿੱਚ ਇਹ ਗੱਲ ਫ਼ੈਲ ਗਈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਪ੍ਰਭੂ ਦੇ ਚੇਲੇ ਬਣ ਗਏ। 43 ਪਤਰਸ ਕਾਫ਼ੀ ਸਾਰੇ ਦਿਨ ਯੱਪਾ ਵਿੱਚ ਰਿਹਾ ਅਤੇ ਉੱਥੇ ਇੱਕ ਸ਼ਮਊਨ ਨਾਂ ਦੇ ਚਮੜੇ ਦੇ ਕੰਮ ਕਰਨ ਵਾਲੇ ਦੇ ਘਰ ਰਿਹਾ।

ਯਿਰਮਿਯਾਹ 18

ਘੁਮਿਆਰ ਅਤੇ ਮਿੱਟੀ

18 ਇਹ ਉਹ ਸੰਦੇਸ਼ ਹੈ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਮਿਲਿਆ: “ਯਿਰਮਿਯਾਹ, ਘੁਮਿਆਰ ਦੇ ਘਰ ਤੀਕ ਜਾਹ। ਮੈਂ ਤੈਨੂੰ ਆਪਣਾ ਸੰਦੇਸ਼ ਘੁਮਿਆਰ ਦੇ ਘਰ ਵਿੱਚ ਦੇਵਾਂਗਾ।”

ਇਸ ਲਈ ਮੈਂ ਘੁਮਿਆਰ ਦੇ ਘਰ ਗਿਆ। ਮੈਂ ਦੇਖਿਆ ਕਿ ਘੁਮਿਆਰ ਚਕੱ ਉੱਤੇ ਮਿੱਟੀ ਦਾ ਕੰਮ ਕਰ ਰਿਹਾ ਸੀ। ਉਹ ਮਿੱਟੀ ਤੋਂ ਇੱਕ ਬਰਤਨ ਬਣਾ ਰਿਹਾ ਸੀ। ਪਰ ਬਰਤਨ ਵਿੱਚ ਕੁਝ ਖਰਾਬੀ ਸੀ। ਇਸ ਲਈ ਘੁਮਿਆਰ ਨੇ ਉਸੇ ਮਿੱਟੀ ਨੂੰ ਫ਼ੇਰ ਇਸਤੇਮਾਲ ਕੀਤਾ ਅਤੇ ਦੂਸਰਾ ਬਰਤਨ ਬਣਾਇਆ। ਉਸ ਨੇ ਆਪਣੇ ਹੱਥਾਂ ਦੀ ਵਰਤੋਂ ਕਰਦਿਆਂ ਆਪਣੀ ਇੱਛਾ ਅਨੁਸਾਰ ਬਰਤਨ ਨੂੰ ਸ਼ਕਲ ਦਿੱਤੀ।

ਫ਼ੇਰ ਯਹੋਵਾਹ ਵੱਲੋਂ ਮੈਨੂੰ ਸੰਦੇਸ਼ ਮਿਲਿਆ! “ਇਸਰਾਏਲ ਦੇ ਪਰਿਵਾਰ, ਤੂੰ ਜਾਣਦਾ ਹੈਂ ਕਿ ਮੈਂ (ਪਰਮੇਸ਼ੁਰ) ਤੇਰੇ ਨਾਲ ਵੀ ਓਹੀ ਗੱਲ ਕਰ ਸੱਕਦਾ ਹਾਂ। ਤੂੰ ਘੁਮਿਆਰ ਦੇ ਹੱਥਾਂ ਵਿੱਚਲੀ ਮਿੱਟੀ ਵਾਂਗ ਹੈਂ। ਅਤੇ ਮੈਂ ਘੁਮਿਆਰ ਵਾਂਗ ਹਾਂ! ਸ਼ਾਇਦ ਇੱਕ ਸਮਾਂ ਆਵੇਗਾ ਜਦੋਂ ਮੈਂ ਇੱਕ ਕੌਮ ਜਾਂ ਇੱਕ ਰਾਜ ਬਾਰੇ ਗੱਲ ਕਰਾਂਗਾ। ਸ਼ਾਇਦ ਮੈਂ ਆਖਾਂ ਕਿ ਮੈਂ ਉਸ ਕੌਮ ਨੂੰ ਉਤਾਂਹ ਉੱਠਾਵਾਂ। ਅਤੇ ਜਾਂ ਸ਼ਾਇਦ ਮੈਂ ਆਖਾਂ ਕਿ ਮੈਂ ਉਸ ਕੌਮ ਨੂੰ ਜਾਂ ਉਸ ਰਾਜ ਨੂੰ ਨੀਵਾਂ ਦਿਖਾਵਾਂਗਾ ਅਤੇ ਤਬਾਹ ਕਰ ਦਿਆਂਗਾ। ਪਰ ਉਸ ਕੌਮ ਦੇ ਲੋਕ ਸ਼ਾਇਦ ਆਪਣੇ ਦਿਲਾਂ ਅਤੇ ਜ਼ਿੰਦਗੀਆਂ ਨੂੰ ਬਦਲ ਲੈਣ। ਉਸ ਕੌਮ ਦੇ ਲੋਕ ਸ਼ਾਇਦ ਬਦੀ ਕਰਨ ਤੋਂ ਹਟ ਜਾਣ। ਫ਼ੇਰ ਮੈਂ ਵੀ ਆਪਣਾ ਮਨ ਬਦਲ ਲਵਾਂਗਾ। ਫ਼ੇਰ ਮੈਂ ਉਸ ਕੌਮ ਦੀ ਤਬਾਹੀ ਦੀਆਂ ਯੋਜਨਾਵਾਂ ਉੱਤੇ ਅਮਲ ਨਹੀਂ ਕਰਾਂਗਾ। ਓੱਥੇ ਸ਼ਾਇਦ ਇੱਕ ਹੋਰ ਸਮਾਂ ਵੀ ਆਵੇ ਜਦੋਂ ਮੈਂ ਇੱਕ ਕੌਮ ਬਾਰੇ ਗੱਲ ਕਰਾਂ। ਮੈਂ ਸ਼ਾਇਦ ਇਹ ਆਖਾਂ ਕਿ ਮੈਂ ਉਸ ਕੌਮ ਦੀ ਉਸਾਰੀ ਕਰਾਂਗਾ ਅਤੇ ਉਸ ਕੌਮ ਦੀ ਨੀਂਹ ਰੱਖਾਂਗਾ। 10 ਪਰ ਸ਼ਾਇਦ ਮੈਂ ਉਸ ਕੌਮ ਨੂੰ ਬਦੀ ਕਰਦਿਆਂ ਅਤੇ ਆਪਣਾ ਹੁਕਮ ਨਾ ਮਂਨਦਿਆਂ ਦੇਖਾਂ। ਤਾਂ ਮੈਂ ਉਸ ਕੌਮ ਨਾਲ ਨੇਕੀ ਕਰਨ ਦੀ ਵਿਉਂਤ ਬਾਰੇ ਇੱਕ ਵਾਰੀ ਫ਼ੇਰ ਸੋਚਾਂਗਾ।

11 “ਇਸ ਲਈ ਯਿਰਮਿਯਾਹ, ਯਹੂਦਾਹ ਦੇ ਲੋਕਾਂ ਨੂੰ ਆਖ, ਅਤੇ ਉਨ੍ਹਾਂ ਲੋਕਾਂ ਨੂੰ ਵੀ ਜਿਹੜੇ ਯਰੂਸ਼ਲਮ ਵਿੱਚ ਰਹਿੰਦੇ ਨੇ, ‘ਇਹੀ ਹੈ ਜੋ ਯਹੋਵਾਹ ਆਖਦਾ ਹੈ: ਮੈਂ ਤੁਹਾਡੇ ਬਾਰੇ ਹੁਣੇ ਹੀ ਮੁਸੀਬਤਾਂ ਦੀਆਂ ਤਿਆਰੀਆਂ ਕਰ ਰਿਹਾ ਹਾਂ। ਮੈਂ ਤੁਹਾਡੇ ਵਿਰੁੱਧ ਵਿਉਂਤਾਂ ਬਣਾ ਰਿਹਾ ਹਾਂ। ਇਸ ਲਈ ਬਦੀ ਕਰਨਾ ਛੱਡ ਦਿਓ। ਹਰ ਬੰਦੇ ਨੂੰ ਬਦਲਨਾ ਚਾਹੀਦਾ ਹੈ ਅਤੇ ਨੇਕੀ ਕਰਨੀ ਆਰੰਭ ਕਰਨੀ ਚਾਹੀਦੀ ਹੈ!’ 12 ਪਰ ਯਹੂਦਾਹ ਦੇ ਲੋਕ ਜਵਾਬ ਦੇਣਗੇ, ‘ਅਜਿਹੀ ਕੋਸ਼ਿਸ਼ ਕਰਨ ਦਾ ਕੋਈ ਲਾਭ ਨਹੀਂ ਹੋਵੇਗਾ। ਅਸੀਂ ਉਹੀ ਕੁਝ ਕਰਦੇ ਰਹਾਂਗੇ ਜੋ ਕਰਨਾ ਚਾਹੁੰਦੇ ਹਾਂ। ਸਾਡੇ ਵਿੱਚੋਂ ਹਰੇਕ ਜਣਾ ਓਹੀ ਗੱਲਾਂ ਕਰੇਗਾ ਜਿਹੜਾ ਉਸਦਾ ਜ਼ਿੱਦੀ ਅਤੇ ਮੰਦਾ ਦਿਲ ਲੋਚਦਾ ਹੈ।’”

13 ਉਨ੍ਹਾਂ ਗੱਲਾਂ ਨੂੰ ਸੁਣੋ, ਜੋ ਯਹੋਵਾਹ ਆਖਦਾ ਹੈ:

“ਹੋਰਨਾਂ ਕੌਮਾਂ ਨੂੰ ਇਹ ਪ੍ਰਸ਼ਨ ਪੁੱਛੋ,
    ‘ਕੀ ਤੁਸੀਂ ਕਦੇ ਕਿਸੇ ਬਾਰੇ ਉਹ ਮੰਦੀਆਂ ਗੱਲਾਂ ਕਰਦਿਆਂ ਸੁਣਿਆ, ਜਿਹੜੀਆਂ ਇਸਰਾਏਲ ਨੇ ਕੀਤੀਆਂ ਨੇ?’
ਅਤੇ ਇਸਰਾਏਲ ਪਰਮੇਸ਼ੁਰ ਵਾਸਤੇ ਖਾਸ ਹੈ।
    ਇਸਰਾਏਲ ਤਾਂ ਪਰਮੇਸ਼ੁਰ ਦੀ ਵਹੁਟੀ ਵਰਗਾ ਹੈ!
14 ਤੁਸੀਂ ਜਾਣਦੇ ਹੋ ਕਿ ਕਦੇ ਵੀ ਲਬਾਨੋਨ ਪਰਬਤ ਦੀਆਂ ਚੋਟੀਆਂ ਤੋਂ ਬਰਫ਼ ਨਹੀਂ ਪਿਘਲਦੀ। [a]
    ਤੁਸੀਂ ਜਾਣਦੇ ਹੋ ਕਿ ਸੀਤਲ ਵਰਗੇ ਝਰਨੇ ਕਦੇ ਖੁਸ਼ਕ ਨਹੀਂ ਹੁੰਦੇ।
15 ਪਰ ਮਰਿਆਂ ਲੋਕਾਂ ਨੇ ਮੈਨੂੰ ਭੁਲਾ ਦਿੱਤਾ ਹੈ।
    ਉਹ ਨਿਕੰਮੇ ਬੁੱਤਾਂ ਨੂੰ ਭੇਟਾਂ ਚੜ੍ਹਾਉਂਦੇ ਨੇ।
ਲੋਕ ਮੇਰੇ ਆਪਣੇ ਅਮਲਾਂ ਵਿੱਚ ਠੋਕਰਾਂ ਖਾਂਦੇ ਨੇ।
    ਉਹ ਆਪਣੇ ਪੁਰਖਿਆਂ ਦੇ ਕਦੀਮੀ ਰਾਹਾਂ ਵਿੱਚ ਠੋਕਰਾਂ ਖਾਂਦੇ ਨੇ।
ਮੇਰੇ ਲੋਕ ਪਿੱਛਲੀਆਂ ਗ਼ਲਤੀਆਂ
    ਅਤੇ ਟੁੱਟੀਆਂ ਸੜਕਾਂ ਉੱਤੇ ਚੱਲਣਾ ਪਸੰਦ ਕਰਦੇ ਨੇ।
16 ਇਸ ਲਈ ਯਹੂਦਾਹ ਦੇਸ਼ ਸੱਖਣਾ ਮਾਰੂਬਲ ਹੋ ਜਾਵੇਗਾ।
    ਲੋਕ ਹਰ ਵਾਰੀ ਲੰਘਣ ਸਮੇਂ ਸੀਟੀਆਂ ਮਾਰਨਗੇ ਅਤੇ ਆਪਣੇ ਸਿਰ ਹਿਲਾਉਣਗੇ।
ਉਹ ਹੈਰਾਨ ਹੋਣਗੇ ਕਿ ਦੇਸ਼ ਕਿਵੇਂ ਤਬਾਹ ਹੋ ਗਿਆ।
17 ਮੈਂ ਯਹੂਦਾਹ ਦੇ ਲੋਕਾਂ ਨੂੰ ਖਿੰਡਾ ਦਿਆਂਗਾ।
    ਉਹ ਆਪਣੇ ਦੁਸ਼ਮਣਾਂ ਕੋਲੋਂ ਭੱਜਣਗੇ।
ਮੈਂ ਉਨ੍ਹਾਂ ਨੂੰ ਇੰਝ ਖਿੰਡਾ ਦਿਆਂਗਾ ਜਿਵੇਂ ਪੂਰਬੀ ਹਵਾ ਚੀਜ਼ਾਂ ਨੂੰ ਖਿੰਡਾ ਦਿੰਦੀ ਹੈ।
    ਮੈਂ ਉਨ੍ਹਾਂ ਲੋਕਾਂ ਨੂੰ ਤਬਾਹ ਕਰ ਦਿਆਂਗਾ।
ਉਹ ਮੈਨੂੰ ਕਦੇ ਵੀ ਉਨ੍ਹਾਂ ਦੀ ਸਹਾਇਤਾ ਲਈ ਬਹੁੜਦਿਆਂ ਨਹੀਂ ਦੇਖਣਗੇ।
    ਨਹੀਂ! ਉਹ ਮੈਨੂੰ ਛੱਡ ਕੇ ਜਾਂਦਿਆਂ ਹੋਇਆਂ ਦੇਖਣਗੇ।”

ਯਿਰਮਿਯਾਹ ਦੀ ਚੌਥੀ ਸ਼ਿਕਾਇਤ

18 ਫ਼ੇਰ ਯਿਰਮਿਯਾਹ ਦੇ ਦੁਸ਼ਮਣਾਂ ਨੇ ਆਖਿਆ, “ਆਓ ਯਿਰਮਿਯਾਹ ਦੇ ਖਿਲਾਫ਼ ਸਾਜ਼ਿਸ਼ਾਂ ਘੜੀੇ। ਯਕੀਨਨ ਜਾਜਕ ਵੱਲੋਂ ਬਿਵਸਬਾ ਗੁੰਮ ਨਹੀਂ ਹੋਵੇਗੀ। ਅਤੇ ਸਿਆਣੇ ਬੰਦਿਆਂ ਦੀ ਨਸੀਹਤ ਹਾਲੇ ਵੀ ਸਾਡੇ ਅੰਗ-ਸੰਗ ਹੋਵੇਗੀ। ਸਾਡੇ ਕੋਲ ਹਾਲੇ ਵੀ ਨਬੀਆਂ ਦੇ ਸ਼ਬਦ ਹੋਣਗੇ। ਇਸ ਲਈ ਆਓ ਅਸੀਂ ਉਸ ਬਾਰੇ ਝੂਠ ਆਖੀਏ। ਇਹ ਉਸ ਨੂੰ ਤਬਾਹ ਕਰ ਦੇਵੇਗਾ। ਜੋ ਕੁਝ ਉਹ ਆਖਦਾ ਹੈ ਅਸੀਂ ਉਸ ਵੱਲ ਕੋਈ ਧਿਆਨ ਨਹੀਂ ਦੇਵਾਂਗੇ।”

19 ਯਹੋਵਾਹ ਜੀ, ਮੇਰੀ ਗੱਲ ਸੁਣੋ!
    ਮੇਰੀਆਂ ਦਲੀਲਾਂ ਨੂੰ ਸੁਣੋ ਅਤੇ ਨਿਆਂ ਕਰੋ, ਕੌਣ ਸਹੀ ਹੈ।
20 ਕੀ ਲੋਕਾਂ ਨੂੰ ਨੇਕੀ ਦਾ ਬਦਲਾ ਬਦੀ ਨਾਲ ਦੇਣਾ ਚਾਹੀਦਾ ਹੈ? ਨਹੀਂ!
    ਯਾਦ ਰੱਖੋ, ਮੈਂ ਤੁਹਾਡੇ ਸਾਹਮਣੇ ਖਲੋਤਾ ਸਾਂ ਅਤੇ ਉਨ੍ਹਾਂ ਬਾਰੇ ਉਹ ਚੰਗੀਆਂ ਗੱਲਾਂ ਆਖੀਆਂ ਤਾਂ ਜੋ ਤੁਸੀਂ ਉਨ੍ਹਾਂ ਉੱਤੇ ਗੁੱਸੇ ਹੋਣੋ ਹਟ ਜਾਵੋਁ।
    ਪਰ ਉਹ ਮੈਨੂੰ ਫ਼ਸਾਉਣ ਦੀ ਅਤੇ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ।
21 ਇਸ ਲਈ ਉਨ੍ਹਾਂ ਦੇ ਬੱਚਿਆਂ ਨੂੰ ਭੁਕੱ ਅਕਾਲ ਵਿੱਚ ਮਰਨ ਦਿਓ।
    ਉਨ੍ਹਾਂ ਦੇ ਦੁਸ਼ਮਣਾਂ ਨੂੰ ਉਨ੍ਹਾਂ ਨੂੰ ਤਲਵਾਰਾਂ ਨਾਲ ਹਰਾ ਦੇਣ ਦਿਓ।
ਉਨ੍ਹਾਂ ਦੀਆਂ ਪਤਨੀਆਂ ਨੂੰ ਬਾਂਝ ਰਹਿਣ ਦਿਓ।
    ਯਹੂਦਾਹ ਦੇ ਬੰਦਿਆਂ ਨੂੰ ਮਾਰੇ ਜਾਣ ਦਿਓ।
ਉਨ੍ਹਾਂ ਦੀਆਂ ਪਤਨੀਆਂ ਨੂੰ ਵਿਧਵਾਵਾਂ ਬਣਾ ਦਿਓ।
    ਯਹੂਦਾਹ ਦੇ ਬੰਦਿਆਂ ਨੂੰ ਮਾਰੇ ਜਾਣ ਦਿਓ।
    ਜਵਾਨ ਬੰਦਿਆਂ ਨੂੰ ਜੰਗ ਵਿੱਚ ਮਾਰੇ ਜਾਣ ਦਿਓ।
22 ਉਨ੍ਹਾਂ ਦੇ ਘਰਾਂ ਅੰਦਰ ਰੋਣਾ-ਪਿੱਟਣਾ ਪਾ ਦਿਓ।
    ਉਨ੍ਹਾਂ ਨੂੰ ਰੁਆ ਦਿਓ ਜਦੋਂ ਤੁਸੀਂ ਦੁਸ਼ਮਣ ਨੂੰ ਅਚਾਨਕ ਉਨ੍ਹਾਂ ਦੇ ਖਿਲਾਫ਼ ਲਿਆਵੋ।
ਇਹ ਸਾਰਾ ਕੁਝ ਵਾਪਰਨ ਦਿਓ, ਕਿਉਂ ਦੁਸ਼ਮਣਾਂ ਨੇ ਮੈਨੂੰ ਫ਼ਸਾਉਣ ਦੀ ਕੋਸ਼ਿਸ਼ ਕੀਤੀ ਸੀ।
    ਉਨ੍ਹਾਂ ਫ਼ਸਣ ਵਾਸਤੇ ਮੇਰੇ ਲਈ ਜਾਲ ਵਿਛਾ ਕੇ ਰੱਖੇ।
23 ਯਹੋਵਾਹ ਜੀ, ਤੁਸੀਂ ਉਨ੍ਹਾਂ ਦੀਆਂ ਮੈਨੂੰ ਮਾਰਨ ਦੀਆਂ ਸਾਜਿਸ਼ਾਂ ਨੂੰ ਜਾਣਦੇ ਹੋ।
    ਉਨ੍ਹਾਂ ਦੇ ਜ਼ੁਰਮ ਬਖਸ਼ੋ ਨਾ।
    ਉਨ੍ਹਾਂ ਦੇ ਪਾਪ ਮਿਟਾਓ ਨਾ।
ਮੇਰੇ ਦੁਸ਼ਮਣਾਂ ਨੂੰ ਤਬਾਹ ਕਰ ਦਿਓ!
    ਉਨ੍ਹਾਂ ਲੋਕਾਂ ਨੂੰ ਸਜ਼ਾ ਦਿਓ ਜਦੋਂ ਕਿ ਤੁਸੀਂ ਕਹਿਰਵਾਨ ਹੋ।

ਮਰਕੁਸ 4

ਬੀਜ ਬੀਜਣ ਵਾਲੇ ਕਿਸਾਨ ਦੀ ਦ੍ਰਿਸ਼ਟਾਂਤ(A)

ਇੱਕ ਹੋਰ ਸਮੇਂ ਯਿਸੂ ਨੇ ਝੀਲ ਦੇ ਕਿਨਾਰੇ ਉਪਦੇਸ਼ ਦੇਣਾ ਸ਼ੁਰੂ ਕੀਤਾ ਅਤੇ ਬੁਹਤ ਸਾਰੀ ਭੀੜ ਉਸ ਦੇ ਗਿਰਦ ਜੁੜ ਗਈ। ਤਾਂ ਉਹ ਇੱਕ ਬੇੜੀ ਵਿੱਚ ਚੜ੍ਹ੍ਹ ਗਿਆ ਜੋ ਕਿ ਝੀਲ ਦੇ ਵਿੱਚ ਸੀ ਤੇ ਬੈਠ ਗਿਆ। ਬਾਕੀ ਦੇ ਲੋਕ ਝੀਲ ਦੇ ਕੰਢੇ ਧਰਤੀ ਉੱਪਰ ਖੜ੍ਹੇ ਰਹੇ। ਯਿਸੂ ਨੇ ਲੋਕਾਂ ਨੂੰ ਬੇੜੀ ਤੋਂ ਬਹੁਤ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਰਾਹੀਂ ਸਮਝਾਈਆਂ। ਉਸ ਨੇ ਕਿਹਾ,

“ਸੁਣੋ! ਇੱਕ ਕਿਸਾਨ ਬੀਜ ਬੀਜਣ ਲਈ ਨਿਕਲਿਆ। ਜਦੋਂ ਉਹ ਬੀਜ ਬੋ ਰਿਹਾ ਸੀ, ਤਾਂ ਕੁਝ ਬੀਜ ਸੜਕ ਦੇ ਕਿਨਾਰੇ ਡਿੱਗ ਪਏ, ਪੰਛੀ ਆਏ ਤੇ ਉਨ੍ਹਾਂ ਬੀਜਾਂ ਨੂੰ ਚੁਗ ਗਏ। ਕੁਝ ਬੀਜ ਪੱਥਰੀਲੀ ਜ਼ਮੀਨ ਤੇ ਡਿੱਗੇ, ਉਸ ਜ਼ਮੀਨ ਤੇ ਬਹੁਤੀ ਮਿੱਟੀ ਨਹੀਂ ਸੀ। ਉੱਥੇ ਬੀਜ ਬੜੀ ਜਲਦੀ ਫ਼ੁੱਟ ਪਏ ਕਿਉਂਕਿ ਮਿੱਟੀ ਜ਼ਿਆਦਾ ਡੂੰਘੀ ਨਹੀਂ ਸੀ। ਪਰ ਜਦੋਂ ਹੀ ਸੂਰਜ ਚੜ੍ਹ੍ਹਿਆ ਤਾਂ ਪੌਦੇ ਕੁਮਲਾ ਗਏ ਅਤੇ ਸੜ ਗਏ। ਉਹ ਪੌਦੇ ਇਸ ਲਈ ਸੁੱਕ-ਸੜ ਗਏ ਕਿਉਂਕਿ ਉਨ੍ਹਾਂ ਦੀ ਜੜ੍ਹ ਬਹੁਤੀ ਡੂੰਘੀ ਨਹੀਂ ਸੀ। ਕੁਝ ਹੋਰ ਬੀਜ ਕੰਡਿਆਲੀਆਂ ਝਾੜੀਆਂ ਦੇ ਵਿੱਚਕਾਰ ਡਿੱਗੇ, ਪਰ ਉੱਥੇ ਕੰਡਿਆਲੀਆਂ ਝਾੜੀਆਂ ਵੱਧੀਆਂ ਅਤੇ ਉਨ੍ਹਾਂ ਨੂੰ ਘੁੱਟ ਲਿਆ ਅਤੇ ਉਨ੍ਹਾਂ ਨੂੰ ਵੱਧਣ ਨਾ ਦਿੱਤਾ ਇਸ ਲਈ ਉਨ੍ਹਾਂ ਬੀਜਾਂ ਨੇ ਫ਼ਲ ਨਾ ਦਿੱਤੇ। ਕੁਝ ਹੋਰ ਬੀਜ ਵੱਧੀਆ ਜਮੀਨ ਉੱਪਰ ਡਿੱਗੇ। ਅਤੇ ਜਦੋਂ ਉਸ ਵੱਧੀਆ ਜ਼ਮੀਨ ਤੇ ਬੀਜ ਡਿੱਗੇ ਤਾਂ ਉਹ ਪੁੰਗਰੇ ਅਤੇ ਅਨਾਜ ਪੈਦਾ ਕੀਤਾ। ਕੁਝ ਪੌਦਿਆਂ ਨੇ ਤੀਹ ਗੁਣਾ ਕੁਝ ਨੇ ਸੱਠ ਗੁਣਾ ਅਤੇ ਕੁਝ ਨੇ ਸੌ ਗੁਣਾ ਵੱਧ ਝਾੜ ਦਿੱਤਾ।”

ਫ਼ਿਰ ਯਿਸੂ ਨੇ ਕਿਹਾ, “ਜੇਕਰ ਤੁਸੀਂ ਸੁਣ ਸੱਕਦੇ ਹੋ ਤਾਂ, ਮੇਰੇ ਵੱਲ ਧਿਆਨ ਦਿਉ।”

ਯਿਸੂ ਨੇ ਦੱਸਿਆ ਕਿ ਉਹ ਦ੍ਰਿਸ਼ਟਾਂਤ ਕਿਉਂ ਦਿੰਦਾ ਹੈ(B)

10 ਬਾਦ ਵਿੱਚ ਜਦੋਂ ਯਿਸੂ ਇੱਕਾਂਤ ਵਿੱਚ ਸੀ ਤਾਂ ਬਾਰ੍ਹਾਂ ਰਸੂਲਾਂ ਅਤੇ ਚੇਲਿਆਂ ਨੇ ਉਸ ਨੂੰ ਦ੍ਰਿਸ਼ਟਾਤਾਂ ਦਾ ਅਰਥ ਪੁੱਛਿਆ।

11 ਉਸ ਨੇ ਆਖਿਆ, “ਪਰਮੇਸ਼ੁਰ ਦੇ ਰਾਜ ਦੇ ਭੇਤ ਦਾ ਪਤਾ ਸਿਰਫ਼ ਤੁਹਾਨੂੰ ਹੀ ਦਿੱਤਾ ਗਿਆ ਹੈ। ਪਰ ਦੂਜੇ ਲੋਕਾਂ ਨੂੰ, ਮੈਂ ਦ੍ਰਿਸ਼ਟਾਤਾਂ ਵਿੱਚ ਦੱਸਦਾ ਹਾਂ। 12 ਮੈਂ ਇਉਂ ਕਰਦਾ ਹਾਂ ਤਾਂ ਜੋ:

‘ਉਹ ਤੱਕਦੇ ਰਹਿਣਗੇ ਪਰ ਕਦੇ ਵੀ ਨਹੀਂ ਵੇਖਣਗੇ।
    ਉਹ ਸੁਣਦੇ ਰਹਿਣਗੇ ਪਰ ਕਦੇ ਵੀ ਨਹੀਂ ਸਮਝਣਗੇ।
ਜੇਕਰ ਉਨ੍ਹਾਂ ਨੇ ਵੇਖਿਆ ਅਤੇ ਸਮਝਿਆ ਹੁੰਦਾ
    ਤਾਂ ਸ਼ਾਇਦ ਉਹ ਪਰਮੇਸ਼ੁਰ ਵੱਲ ਮੁੜ ਪੈਂਦੇ ਅਤੇ ਪਾਪਾਂ ਦੀ ਮਾਫ਼ੀ ਪ੍ਰਾਪਤ ਕਰ ਸੱਕਦੇ।’” (C)

ਯਿਸੂ ਦੀ ਬੀਜ ਬਾਰੇ ਵਿਆਖਿਆ(D)

13 ਫ਼ਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਕੀ ਤੁਸੀਂ ਇਸ ਦ੍ਰਿਸ਼ਟਾਂਤ ਨੂੰ ਸਮਝੇ ਹੋ? ਜੇਕਰ ਤੁਸੀਂ ਇਹ ਨਹੀਂ ਸਮਝੇ ਤਾਂ ਬਾਕੀ ਦੇ ਦ੍ਰਿਸ਼ਟਾਂਤ ਕਿਵੇਂ ਸਮਝੋਂਗੇ? 14 ਬੀਜਣ ਵਾਲਾ ਉਸ ਮਨੁੱਖ ਵਾਂਗ ਹੈ ਜੋ ਲੋਕਾਂ ਵਿੱਚ ਪਰਮੇਸ਼ੁਰ ਦਾ ਬਚਨ ਬੀਜਦਾ ਹੈ। 15 ਕੁਝ ਲੋਕ ਉਨ੍ਹਾਂ ਬੀਜਾਂ ਵਰਗੇ ਹਨ ਜਿਹੜੇ ਰਸਤੇ ਦੇ ਕਿਨਾਰੇ ਵਾਲੀ ਜਗ੍ਹਾ ਡਿੱਗੇ। ਪਰਮੇਸ਼ੁਰ ਦਾ ਸੰਦੇਸ਼ ਉਨ੍ਹਾਂ ਵਿੱਚ ਬੋਇਆ ਗਿਆ ਹੈ। ਉਹ ਉਸ ਨੂੰ ਸੁਣਦੇ ਹਨ, ਪਰ ਸ਼ੈਤਾਨ ਆਉਂਦਾ ਹੈ ਤੇ ਜੋ ਉਪਦੇਸ਼ ਉਨ੍ਹਾਂ ਵਿੱਚ ਬੋਏ ਗਏ ਸਨ ਉਨ੍ਹਾਂ ਨੂੰ ਲੈ ਜਾਂਦਾ ਹੈ।

16 “ਬਾਕੀ ਲੋਕ ਉਨ੍ਹਾਂ ਬੀਜਾਂ ਵਾਂਗ ਹਨ ਜਿਹੜੇ ਪੱਥਰੀਲੀ ਜ਼ਮੀਨ ਉੱਤੇ ਡਿੱਗੇ। ਉਹ ਉਪਦੇਸ਼ ਸੁਣਦਿਆਂ ਸਾਰ ਉਨ੍ਹਾਂ ਨੂੰ ਖੁਸ਼ੀ ਨਾਲ ਕਬੂਲ ਲੈਂਦੇ ਹਨ। 17 ਪਰ ਇਹ ਲੋਕ ਉਪਦੇਸ਼ ਨੂੰ ਆਪਣੇ ਵਿੱਚ ਡੂੰਘਿਆਂ ਨਹੀਂ ਜਾਣ ਦਿੰਦੇ। ਉਹ ਸਿਰਫ਼ ਥੋੜੀ ਦੇਰ ਲਈ ਹੀ ਇਨ੍ਹਾਂ ਦਾ ਅਨੁਸਰਨ ਕਰਦੇ ਹਨ। ਜਦੋਂ ਉਪਦੇਸ਼ਾਂ ਕਾਰਣ ਸੰਕਟ ਜਾਂ ਦੰਡ ਮਿਲਦਾ ਹੈ ਤਾਂ ਉਹ ਝੱਟ ਹੀ ਇਨ੍ਹਾਂ ਨੂੰ ਤਿਆਗ ਦਿੰਦੇ ਹਨ।

18 “ਬਾਕੀ ਕੁਝ ਲੋਕ ਉਨ੍ਹਾਂ ਬੀਜਾਂ ਵਰਗੇ ਹਨ ਜਿਹੜੇ ਕੰਡਿਆਲੀਆਂ ਝਾੜੀਆਂ ਤੇ ਡਿੱਗੇ। ਇਹ ਲੋਕ ਉਪਦੇਸ਼ ਸੁਣਦੇ ਹਨ, 19 ਪਰ ਜਦੋਂ ਇਸ ਜ਼ਿੰਦਗੀ ਦੀਆਂ ਚਿੰਤਾਵਾਂ, ਧਨ ਦੀ ਚਮਕ-ਦਮਕ ਅਤੇ ਸਾਰੀਆਂ ਚੀਜ਼ਾਂ ਤੇ ਕਬਜ਼ਾ ਕਰਨ ਦਾ ਲਾਲਚ ਉਨ੍ਹਾਂ ਦੇ ਦਿਲਾਂ ਵਿੱਚ ਆਉਂਦਾ ਹੈ ਤਾਂ, ਇਹ ਗੱਲਾਂ ਉਪਦੇਸ਼ਾਂ ਨੂੰ ਘੁੱਟ ਦਿੰਦੀਆਂ ਹਨ ਅਤੇ ਉਹ ਫ਼ਲ ਨਹੀਂ ਦੇਣ ਦਿੰਦੀਆਂ। ਇਸ ਲਈ ਉਹ ਅਫ਼ਲ ਰਹਿ ਜਾਂਦੇ ਹਨ।

20 “ਬਾਕੀ ਲੋਕ ਵੱਧੀਆ ਜ਼ਮੀਨ ਤੇ ਬੀਜੇ ਗਏ ਬੀਜ ਵਾਂਗ ਹਨ। ਉਹ ਉਪਦੇਸ਼ਾਂ ਨੂੰ ਸੁਣਦੇ ਹਨ ਅਤੇ ਉਨ੍ਹਾਂ ਨੂੰ ਕਬੂਲ ਲੈਂਦੇ ਹਨ ਅਤੇ ਉਹ ਫ਼ਲ ਪੈਦਾ ਕਰਦੇ ਹਨ, ਕੋਈ ਤੀਹ ਗੁਣਾ, ਕੋਈ ਸੱਠ ਗੁਣਾ ਅਤੇ ਕੋਈ ਸੌ ਗੁਣਾ।”

ਜੋ ਤੁਹਾਡੇ ਕੋਲ ਹੈ ਉਸਦੀ ਵਰਤੋਂ ਕਰੋ(E)

21 ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਦੀਵਾ ਲਿਆਕੇ ਉਸ ਨੂੰ ਕਟੋਰੇ ਹੇਠ ਜਾਂ ਮੰਜੇ ਹੇਠ ਰੱਖ ਦਿੰਦੇ ਹੋ? ਨਹੀਂ। ਤੁਸੀਂ ਉਸ ਦੀਵੇ ਨੂੰ ਸ਼ਮਾਦਾਨ ਤੇ ਰੱਖਦੇ ਹੋ। 22 ਹਰ ਲੁਕੀ ਚੀਜ਼ ਦੱਸੀ ਜਾਵੇਗੀ ਅਤੇ ਹਰ ਗੁਪਤ ਗੱਲ ਪ੍ਰਗਟ ਕੀਤੀ ਜਾਵੇਗੀ। 23 ਤੁਸੀਂ ਲੋਕ ਜੋ ਸੁਣ ਸੱਕਦੇ ਹੋ, ਸੁਣੋ! 24 ਉਸ ਨੇ ਉਨ੍ਹਾਂ ਨੂੰ ਇਹ ਵੀ ਆਖਿਆ, ‘ਜੋ ਕੁਝ ਵੀ ਤੁਸੀਂ ਸੁਣੋ, ਉਸ ਬਾਰੇ ਧਿਆਨ ਨਾਲ ਸੋਚੋ। ਜਿਸ ਨਾਪ ਨਾਲ ਤੁਸੀਂ ਨਾਪਦੇ ਹੋ ਉਸੇ ਨਾਲ ਤੁਹਾਡੇ ਲਈ ਵੀ ਨਾਪਿਆ ਜਾਵੇਗਾ ਪਰ ਪਰਮੇਸ਼ੁਰ ਤੁਹਾਨੂੰ ਉਸਤੋਂ ਵੱਧੀਕ ਦੇਵੇਗਾ ਜਿੰਨਾ ਤੁਸੀਂ ਦਿੱਤਾ ਹੈ। 25 ਜਿਸ ਮਨੁੱਖ ਕੋਲ ਕੁਝ ਹੈ ਉਸ ਨੂੰ ਹੋਰ ਦਿੱਤਾ ਜਾਵੇਗਾ ਪਰ ਜਿਸ ਮਨੁੱਖ ਕੋਲ ਕੁਝ ਜ਼ਿਆਦਾ ਨਹੀਂ ਹੈ, ਤਾਂ ਜੋ ਕੁਝ ਵੀ ਉਸ ਦੇ ਕੋਲ ਹੈ ਉਹ ਵੀ ਲੈ ਲਿਆ ਜਾਵੇਗਾ।’”

ਯਿਸੂ ਬੀਜ ਦਾ ਦ੍ਰਿਸ਼ਟਾਂਤ ਵਰਤਦਾ ਹੈ

26 ਫ਼ੇਰ ਯਿਸੂ ਨੇ ਕਿਹਾ, “ਪਰਮੇਸ਼ੁਰ ਦਾ ਰਾਜ ਉਸ ਮਨੁੱਖ ਵਾਂਗ ਹੈ ਜੋ ਧਰਤੀ ਉੱਤੇ ਬੀਜ ਬੀਜਦਾ ਹੈ। 27 ਬੀਜ ਵੱਧਣ ਲੱਗਦਾ ਹੈ। ਉਹ ਦਿਨ-ਰਾਤ ਵੱਧਦਾ ਹੈ। ਇਹ ਜ਼ਰੂਰੀ ਨਹੀਂ ਕਿ ਮਨੁੱਖ ਸੁੱਤਾ ਹੈ ਜਾਂ ਜਾਗਦਾ ਹੈ ਬੀਜ਼ ਤਾਂ ਵੱਧਦਾ ਹੀ ਰਹੇਗਾ। ਮਨੁੱਖ ਨਹੀਂ ਜਾਣਦਾ ਕਿ ਉਹ ਬੀਜ਼ ਕਿਵੇਂ ਵੱਧ ਰਿਹਾ ਹੈ। 28 ਜ਼ਮੀਨ ਤਾਂ ਆਪਣੇ-ਆਪ ਦਾਣੇ ਪੈਦਾ ਕਰਦੀ ਹੈ। ਪਹਿਲਾਂ, ਟਹਿਣੀ ਵੱਧਦੀ ਹੈ, ਫ਼ੇਰ ਸਿਟਾ, ਫ਼ੇਰ ਉਸ ਸਿੱਟੇ ਵਿੱਚ ਪੂਰੇ ਦਾਣੇ ਬਣਦੇ ਹਨ। 29 ਜਦੋਂ ਤੀਕਰ ਦਾਣੇ ਪੱਕ ਜਾਂਦੇ ਹਨ ਤਾਂ ਫ਼ੇਰ ਮਨੁੱਖ ਉਸ ਨੂੰ ਵੱਢਦਾ ਹੈ ਕਿਉਂਕਿ ਫ਼ੇਰ ਵਾਢੀ ਦਾ ਸਮਾਂ ਆ ਜਾਂਦਾ ਹੈ।”

ਰਾਜ ਸਰ੍ਹੋਂ ਦੇ ਦਾਣੇ ਵਾਂਗ ਹੈ(F)

30 ਫ਼ੇਰ ਯਿਸੂ ਨੇ ਕਿਹਾ, “ਪਰਮੇਸ਼ੁਰ ਦੇ ਰਾਜ ਦਾ ਵਰਨਣ ਕਰਨ ਲਈ ਮੈਂ ਕਿਹੜਾ ਉਦਾਹਰਨ ਦੇਵਾਂ? ਇੰਝ ਵਿਸਤਾਰ ਪੂਰਵਕ ਦੱਸਣ ਲਈ ਮੈਂ ਕਿਹੜੀ ਕਹਾਣੀ ਵਰਤੋਂ ਚ ਲਿਆਵਾਂ 31 ਪਰਮੇਸ਼ੁਰ ਦਾ ਰਾਜ ਉਸ ਰਾਈ ਦੇ ਦਾਣੇ ਵਾਂਗ ਹੈ ਜਿਹੜਾ ਕਿ ਸਭ ਬੀਜਾਂ ਤੋਂ ਛੋਟਾ ਹੁੰਦਾ ਹੈ ਅਤੇ ਧਰਤੀ ਤੇ ਬੋਇਆ ਜਾਂਦਾ ਹੈ। 32 ਪਰ ਜਦੋਂ ਇਹ ਬੀਜਿਆ ਜਾਂਦਾ ਹੈ, ਇਹ ਵੱਧਦਾ ਹੈ ਅਤੇ ਇਹ ਤੁਹਾਡੇ ਬਾਗ ਦੇ ਸਾਰੇ ਪੌਦਿਆਂ ਵਿੱਚੋਂ ਸਭ ਤੋਂ ਵੱਧ ਵੱਡਾ ਬਣ ਜਾਂਦਾ ਹੈ। ਇਸ ਦੀਆਂ ਸ਼ਾਖਾਵਾਂ ਬੜੀਆਂ ਵੱਡੀਆਂ ਹੁੰਦੀਆਂ ਹਨ। ਇੱਥੇ ਜੰਗਲੀ ਪੰਛੀ ਆਕੇ ਆਪਣੇ ਆਲ੍ਹਣੇ ਪਾਕੇ ਆਪਣੇ-ਆਪ ਨੂੰ ਧੁੱਪ ਤੋਂ ਬਚਾਉਂਦੇ ਹਨ।”

33 ਯਿਸੂ ਨੇ ਅਜਿਹੇ ਕਈ ਦ੍ਰਿਸ਼ਟਾਂਤ ਉਨ੍ਹਾਂ ਨੂੰ ਪ੍ਰਚਾਰ ਕਰਦੇ ਸਮੇਂ ਦਿੱਤੇ। ਯਿਸੂ ਨੇ ਉਨ੍ਹਾਂ ਨੂੰ ਉਨੇ ਹੀ ਉਪਦੇਸ਼ ਦਿੱਤੇ ਜਿੰਨੇ ਵੱਧ ਤੋਂ ਵੱਧ ਉਹ ਸਮਝਣ ਯੋਗ ਸਨ। 34 ਯਿਸੂ ਹਮੇਸ਼ਾ ਲੋਕਾਂ ਵਿੱਚ ਪ੍ਰਚਾਰ ਕਰਨ ਲਈ ਕਹਾਣੀਆਂ ਦੀ ਵਰਤੋਂ ਕਰਦਾ। ਪਰ ਜਦੋਂ ਉਹ ਆਪਣੇ ਚੇਲਿਆਂ ਦੇ ਨਾਲ ਇੱਕਲਾ ਹੁੰਦਾ ਤਾਂ ਉਹ ਉਨ੍ਹਾਂ ਨੂੰ ਹਰ ਗੱਲ ਦਾ ਵਿਸਤਾਰ ਦਿੰਦਾ।

ਯਿਸੂ ਦਾ ਤੂਫ਼ਾਨ ਨੂੰ ਰੋਕਣਾ(G)

35 ਉਸ ਦਿਨ ਸ਼ਾਮ ਵੇਲੇ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ! ਝੀਲ ਦੇ ਉਸ ਪਾਰ ਚੱਲੀਏ।” 36 ਯਿਸੂ ਤੇ ਉਸ ਦੇ ਚੇਲੇ ਬਾਕੀ ਲੋਕਾਂ ਨੂੰ ਉੱਥੇ ਹੀ ਛੱਡ ਕੇ, ਉਸ ਬੇੜੀ ਵਿੱਚ ਬੈਠਕੇ ਚੱਲੇ ਗਏ ਜਿਸ ਬੇੜੀ ਚ ਬੈਠਕੇ ਉਹ ਉਪਦੇਸ਼ ਦੇ ਰਿਹਾ ਸੀ। ਕੁਝ ਹੋਰ ਵੀ ਬੇੜੀਆਂ ਉਸ ਦੇ ਨਾਲ ਸਨ। 37 ਤਦ ਝੀਲ ਤੇ ਭਿਆਨਕ ਹਨੇਰੀ ਵਗੀ। ਲਹਿਰਾਂ ਬੇੜੀ ਦੇ ਨਾਲ ਵੱਜ ਰਹੀਆਂ ਸਨ। ਬੇੜੀ ਪਾਣੀ ਨਾਲ ਭਰ ਚੱਲੀ ਸੀ। 38 ਯਿਸੂ ਉਸ ਵਕਤ ਬੇੜੀ ਦੇ ਪਿੱਛਲੇ ਪਾਸੇ ਇੱਕ ਸਿਰਹਾਣਾ ਰੱਖਕੇ ਸੁੱਤਾ ਹੋਇਆ ਸੀ। ਉਸ ਦੇ ਚੇਲਿਆਂ ਨੇ ਉਸ ਨੂੰ ਉੱਠਾਇਆ। ਉਨ੍ਹਾਂ ਆਖਿਆ, “ਗੁਰੂ ਜੀ, ਕੀ ਤੁਹਾਨੂੰ ਕੋਈ ਫ਼ਿਕਰ ਨਹੀਂ ਕਿ ਅਸੀਂ ਡੁੱਬ ਰਹੇ ਹਾਂ।”

39 ਯਿਸੂ ਉੱਠਿਆ ਅਤੇ ਉਸ ਨੇ ਹਨੇਰੀ ਅਤੇ ਲਹਿਰਾਂ ਨੂੰ ਹੁਕਮ ਦਿੱਤਾ “ਸ਼ਾਂਤ ਹੋ ਜਾਓ, ਥੰਮ ਜਾਓ।” ਤਾਂ ਹਨੇਰੀ ਰੁਕ ਗਈ ਅਤੇ ਝੀਲ ਸ਼ਾਂਤ ਹੋ ਗਈ।

40 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਤੁਸੀਂ ਇੰਨੇ ਘਬਰਾਏ ਹੋਏ ਕਿਉਂ ਹੋ? ਕੀ ਤੁਹਾਨੂੰ ਅਜੇ ਵੀ ਵਿਸ਼ਵਾਸ ਨਹੀਂ?”

41 ਚੇਲੇ ਬਹੁਤ ਡਰੇ ਹੋਏ ਸਨ ਅਤੇ ਇੱਕ ਦੂਜੇ ਤੋਂ ਪੁੱਛ ਰਹੇ ਸਨ, “ਇਹ ਕਿਹੋ ਜਿਹਾ ਮਨੁੱਖ ਹੈ? ਹਵਾ ਅਤੇ ਝੀਲ ਵੀ ਉਸਦੀ ਆਗਿਆ ਦਾ ਪਾਲਣ ਕਰਦੇ ਹਨ।”

Punjabi Bible: Easy-to-Read Version (ERV-PA)

2010 by World Bible Translation Center