Print Page Options
Previous Prev Day Next DayNext

M’Cheyne Bible Reading Plan

The classic M'Cheyne plan--read the Old Testament, New Testament, and Psalms or Gospels every day.
Duration: 365 days
Punjabi Bible: Easy-to-Read Version (ERV-PA)
Version
ਨਿਆਂਈਆਂ ਦੀ ਪੋਥੀ 8

ਇਫ਼ਰਾਈਮ ਦੇ ਲੋਕ ਗਿਦਾਊਨ ਨਾਲ ਗੁੱਸੇ ਸਨ। ਜਦੋਂ ਉਹ ਗਿਦਾਊਨ ਨੂੰ ਮਿਲੇ, ਉਨ੍ਹਾਂ ਨੇ ਉਸ ਨਾਲ ਗੁੱਸੇ ਵਿੱਚ ਬਹਿਸ ਕੀਤੀ, ਅਤੇ ਆਖਿਆ, “ਤੂੰ ਸਾਡੇ ਨਾਲ ਇਹ ਸਲੂਕ ਕਿਉਂ ਕੀਤਾ? ਤੂੰ ਸਾਨੂੰ ਉਦੋਂ ਕਿਉਂ ਨਹੀਂ ਸੱਦਿਆ ਜਦੋਂ ਤੂੰ ਮਿਦਯਾਨੀਆਂ ਦੇ ਵਿਰੁੱਧ ਲੜਨ ਲਈ ਗਿਆ ਸੀ?”

ਪਰ ਗਿਦਾਊਨ ਨੇ ਇਫ਼ਰਾਈਮ ਦੇ ਲੋਕਾਂ ਨੂੰ ਜਵਾਬ ਦਿੱਤਾ, “ਮੇਰੇ ਪਰਿਵਾਰ ਨੇ ਤੁਹਾਡੇ ਪਰਿਵਾਰ ਦੇ ਮੁਕਾਬਲੇ ਬਹੁਤ ਹੀ ਥੋੜਾ ਕੁਝ ਕੀਤਾ ਹੈ। ਤੁਸੀਂ ਇਫ਼ਰਾਈਮ ਦੇ ਲੋਕਾਂ ਨੇ ਮੇਰੇ ਪਰਿਵਾਰ ਵਾਲਿਆਂ, ਅਬੀਅਜਰੀਆਂ ਨਾਲੋਂ ਬਿਹਤਰ ਫ਼ਸਲ ਪ੍ਰਾਪਤ ਕੀਤੀ ਸੀ। ਜਦੋਂ ਵਾਢੀ ਆਉਂਦੀ ਹੈ, ਤੁਸੀਂ ਵੇਲਾਂ ਉੱਤੇ ਵੱਧੇਰੇ ਅੰਗੂਰ ਛੱਡ ਦਿੰਦੇ ਹੋ ਜਿੰਨੇ ਕਿ ਸਾਰੀ ਵਾਢੀ ਦੌਰਾਨ ਮੇਰਾ ਪਰਿਵਾਰ ਇੱਕਤ੍ਰ ਕਰਦਾ ਹੈ। ਕੀ ਇਹ ਸੱਚ ਨਹੀਂ ਹੈ? ਇਸੇ ਤਰ੍ਹਾਂ, ਤੁਹਾਡੀ ਫ਼ਸਲ ਹੁਣ ਬਿਹਤਰ ਹੈ। ਪਰਮੇਸ਼ੁਰ ਨੇ ਤੁਹਾਨੂੰ ਮਿਦਯਾਨ ਦੇ ਆਗੂਆਂ, ਓਰੇਬ ਅਤੇ ਜ਼ਏਬ ਨੂੰ ਫ਼ੜਨ ਦੀ ਇਜਾਜ਼ਤ ਦਿੱਤੀ। ਮੈਂ ਆਪਣੀ ਕਾਮਯਾਬੀ ਦੀ ਤੁਲਨਾ ਉਸ ਨਾਲ, ਜੋ ਕੁਝ ਤੁਸੀਂ ਕੀਤਾ ਹੈ, ਕਿਵੇਂ ਕਰ ਸੱਕਦਾ ਹਾਂ?” ਜਦੋਂ ਇਫ਼ਰਾਈਮ ਦੇ ਲੋਕਾਂ ਨੇ ਗਿਦਾਊਨ ਦਾ ਉੱਤਰ ਸੁਣਿਆ ਤਾਂ ਉਹ ਪਹਿਲਾਂ ਜਿੰਨੇ ਨਾਰਾਜ਼ ਨਹੀਂ ਰਹੇ।

ਗਿਦਾਊਨ ਦੋ ਮਿਦਯਾਨ ਰਾਜਿਆਂ ਨੂੰ ਫ਼ੜਦਾ ਹੈ

ਫ਼ੇਰ ਗਿਦਾਊਨ ਅਤੇ ਉਸ ਦੇ 300 ਆਦਮੀ ਯਰਦਨ ਦਰਿਆ ਕੰਢੇ ਆਏ ਅਤੇ ਦੂਸਰੇ ਪਾਸੇ ਚੱਲੇ ਗਏ। ਪਰ ਉਹ ਥੱਕੇ ਹੋਏ ਸਨ ਪਰ ਫ਼ੇਰ ਵੀ ਉਨ੍ਹਾਂ ਨੇ ਆਪਣੇ ਦੁਸ਼ਮਣਾਂ ਦਾ ਪਿੱਛਾ ਕਰਨਾ ਜਾਰੀ ਰੱਖਿਆ। ਗਿਦਾਊਨ ਨੇ ਸੁੱਕੋਥ ਦੇ ਲੋਕਾਂ ਨੂੰ ਆਖਿਆ, “ਮੇਰੇ ਸਿਪਾਹੀਆਂ ਨੂੰ ਖਾਣ ਲਈ ਕੁਝ ਦਿਉ, ਉਹ ਬਹੁਤ ਥੱਕੇ ਹੋਏ ਹਨ। ਅਸੀਂ ਹਾਲੇ ਵੀ ਮਿਦਯਾਨ ਦੇ ਰਾਜਿਆਂ ਜ਼ਬਾਹ ਅਤੇ ਸਲਮੁੰਨਾ ਦਾ ਪਿੱਛਾ ਕਰ ਰਹੇ ਹਾਂ।”

ਪਰ ਸੁੱਕੋਥ ਸ਼ਹਿਰ ਦੇ ਆਗੂਆਂ ਨੇ ਗਿਦਾਊਨ ਨੂੰ ਆਖਿਆ, “ਅਸੀਂ ਤੁਹਾਡੇ ਸਿਪਾਹੀਆਂ ਨੂੰ ਖਾਣ ਲਈ ਕੁਝ ਕਿਉਂ ਦੇਈਏ? ਤੁਸੀਂ ਹਾਲੇ ਤੀਕ ਜ਼ਬਾਹ ਅਤੇ ਸਲਮੁੰਨਾ ਨੂੰ ਫ਼ੜਿਆ ਨਹੀਂ ਹੈ।”

ਤਾਂ ਗਿਦਾਊਨ ਨੇ ਆਖਿਆ, “ਤੁਸੀਂ ਸਾਨੂੰ ਭੋਜਨ ਨਹੀਂ ਦਿੰਦੇ। ਯਹੋਵਾਹ ਮੇਰੀ ਜ਼ਬਾਹ ਅਤੇ ਸਲਮੁੰਨਾ ਨੂੰ ਫ਼ੜਨ ਵਿੱਚ ਸਹਾਇਤਾ ਕਰੇਗਾ। ਉਸ ਤੋਂ ਮਗਰੋਂ, ਮੈਂ ਇੱਥੇ ਵਾਪਸ ਆਵਾਂਗਾ। ਅਤੇ ਮੈਂ ਤੁਹਾਡੀ ਚਮੜੀ ਮਾਰੂਥਲ ਦੀਆਂ ਕੰਢਿਆਲੀਆਂ ਝਾੜੀਆਂ ਨਾਲ ਉਧੇੜਾਂਗਾ।”

ਗਿਦਾਊਨ ਨੇ ਸੁੱਕੋਥ ਸ਼ਹਿਰ ਛੱਡ ਦਿੱਤਾ ਅਤੇ ਪਨੂਏਲ ਸ਼ਹਿਰ ਚੱਲਾ ਗਿਆ। ਗਿਦਾਊਨ ਨੇ ਪਨੂਏਲ ਦੇ ਲੋਕਾਂ ਕੋਲੋਂ ਭੋਜਨ ਮੰਗਿਆ, ਜਿਵੇਂ ਕਿ ਉਸ ਨੇ ਸੁੱਕੋਥ ਦੇ ਬੰਦਿਆਂ ਕੋਲੋਂ ਮੰਗਿਆ ਸੀ। ਪਰ ਪਨੂਏਲ ਦੇ ਲੋਕਾਂ ਨੇ ਵੀ ਗਿਦਾਊਨ ਨੂੰ ਉਹੀ ਜਵਾਬ ਦਿੱਤਾ ਜਿਹੜਾ ਸੁੱਕੋਥ ਦੇ ਲੋਕਾਂ ਨੇ ਦਿੱਤਾ ਸੀ। ਇਸ ਲਈ ਗਿਦਾਊਨ ਨੇ ਪਨੂਏਲ ਦੇ ਲੋਕਾਂ ਨੂੰ ਆਖਿਆ, “ਮੇਰੇ ਜਿੱਤ ਹਾਸਿਲ ਕਰਨ ਤੋਂ ਬਾਦ, ਮੈਂ ਇੱਥੇ ਵਾਪਸ ਆਵਾਂਗਾ ਅਤੇ ਫ਼ੇਰ ਇਸ ਮੁਨਾਰੇ ਨੂੰ ਢਾਹ ਦਿਆਂਗਾ।”

10 ਜਬਾਹ ਅਤੇ ਸਲਮੁੰਨਾ ਅਤੇ ਕਰੀਬਨ 15,000 ਆਦਮੀਆਂ ਦੀ ਉਨ੍ਹਾਂ ਦੀ ਫ਼ੌਜ ਕਰਕੋਰ ਸ਼ਹਿਰ ਵਿਖੇ ਸਨ। ਪੂਰਬੀ ਲੋਕਾਂ ਦੀ ਫ਼ੌਜ ਦੇ ਵੀ ਇੰਨੇ ਹੀ ਸਿਪਾਹੀ ਬਚੇ ਸਨ, ਕਿਉਂਕਿ ਉਨ੍ਹਾਂ ਦੀ ਫ਼ੌਜ ਦੇ 1,20,000 ਤਾਕਤਵਰ ਸਿਪਾਹੀ ਪਹਿਲਾਂ ਹੀ ਮਰ ਚੁੱਕੇ ਸਨ। 11 ਗਿਦਾਊਨ ਅਤੇ ਉਸਦੀ ਫ਼ੌਜ ਨੇ ਨਬੋਹ ਅਤੇ ਯਾਗਬਹਾਰ ਦੇ ਸ਼ਹਿਰਾਂ ਦੇ ਪੂਰਬ ਵੱਲ ਤੰਬੂਆਂ ਵਿੱਚ ਰਹਿਣ ਵਾਲਿਆਂ ਦੀ ਸੜਕ ਦੀ ਵਰਤੋਂ ਕੀਤੀ। ਗਿਦਾਊਨ ਕਰਕੋਰ ਸ਼ਹਿਰ ਵਿਖੇ ਆਕੇ ਦੁਸ਼ਮਣ ਉੱਤੇ ਹਮਲਾ ਕਰ ਦਿੱਤਾ ਜਦ ਕਿ ਉਹ ਹਮਲਾ ਹੋਣ ਦੀ ਤਾਕ ਵਿੱਚ ਹੀ ਨਹੀਂ ਸਨ। 12 ਮਿਦਯਾਨੀ ਰਾਜੇ, ਜ਼ਬਾਹ ਅਤੇ ਸਲਮੁੰਨਾ ਨੱਸ ਗਏ। ਪਰ ਗਿਦਾਊਨ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਫ਼ੜ ਲਿਆ। ਫ਼ਿਰ ਉਹ ਅਤੇ ਉਸ ਦੇ ਆਦਮੀਆਂ ਨੇ ਉਨ੍ਹਾਂ ਦੀ ਫ਼ੌਜ ਵਿੱਚ ਦਹਿਸ਼ਤ ਲਿਆਂਦੀ।

13 ਫ਼ੇਰ ਯੋਆਸ਼ ਦਾ ਪੁੱਤਰ ਗਿਦਾਊਨ ਜੰਗ ਤੋਂ ਵਾਪਸ ਆਇਆ। ਗਿਦਾਊਨ ਅਤੇ ਉਸ ਦੇ ਬੰਦੇ ਇੱਕ ਪਹਾੜੀ ਦੱਰ੍ਰੇ, ਜਿਸਦਾ ਨਾਮ ਹਰਸ਼ ਦਰ੍ਰਾ ਸੀ, ਰਾਹੀਂ ਵਾਪਸ ਮੁੜੇ। 14 ਗਿਦਾਊਨ ਨੇ ਸੁੱਕੋਥ ਸ਼ਹਿਰ ਦੇ ਇੱਕ ਨੌਜਵਾਨ ਆਦਮੀ ਨੂੰ ਫ਼ੜ ਲਿਆ। ਗਿਦਾਊਨ ਨੇ ਉਸ ਨੌਜਵਾਨ ਨੂੰ ਕੁਝ ਸਵਾਲ ਪੁੱਛੇ। ਨੌਜਵਾਨ ਨੇ ਗਿਦਾਊਨ ਲਈ ਕੁਝ ਨਾਮ ਲਿਖੇ। ਨੌਜਵਾਨ ਨੇ ਸੁੱਕੋਥ ਸ਼ਹਿਰ ਦੇ ਆਗੂਆਂ ਅਤੇ ਬਜ਼ੁਰਗਾਂ ਨੇ ਨਾਮ ਲਿਖੇ। ਉਸ ਨੇ 77 ਆਦਮੀਆਂ ਦੇ ਨਾਮ ਦੇ ਦਿੱਤੇ।

15 ਫ਼ੇਰ ਗਿਦਾਊਨ ਸੁੱਕੋਥ ਸ਼ਹਿਰ ਵਿਖੇ ਆ ਗਿਆ। ਉਸ ਨੇ ਉਸ ਸ਼ਹਿਰ ਦੇ ਬੰਦਿਆਂ ਨੂੰ ਆਖਿਆ, “ਇਹ ਹਨ ਜ਼ਬਾਹ ਅਤੇ ਸਲਮੁੰਨਾ। ਤੁਸੀਂ ਇਹ ਕਹਿ ਕੇ ਮੇਰਾ ਮਜ਼ਾਕ ਉਡਾਇਆ ਸੀ, ਅਸੀਂ ਤੈਨੂੰ, ‘ਤੇਰੇ ਥੱਕੇ ਹੋਏ ਸਿਪਾਹੀਆਂ ਲਈ ਭੋਜਨ ਕਿਉਂ ਦੇਈਏ? ਤੂੰ ਹਾਲੇ ਤੱਕ ਜ਼ਬਾਹ ਅਤੇ ਸਲਮੁੰਨਾ ਨੂੰ ਫ਼ੜਿਆ ਨਹੀਂ।’” 16 ਗਿਦਾਊਨ ਦੇ ਸ਼ਹਿਰ ਦੇ ਬਜ਼ੁਰਗਾਂ ਨੂੰ ਫ਼ੜ ਲਿਆ, ਅਤੇ ਉਨ੍ਹਾਂ ਨੂੰ ਸਜ਼ਾ ਦੇਣ ਲਈ ਮਾਰੂਥਲ ਦੀਆਂ ਕੰਡੇਦਾਰ ਝਾੜੀਆਂ ਨਾਲ ਕੁੱਟਿਆ। 17 ਗਿਦਾਊਨ ਨੇ ਪਨੂਏਲ ਸ਼ਹਿਰ ਦਾ ਮੁਨਾਰਾ ਵੀ ਢਾਹ ਦਿੱਤਾ। ਫ਼ੇਰ ਉਸ ਨੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਵੀ ਮਾਰ ਦਿੱਤਾ।

18 ਫ਼ੇਰ ਗਿਦਾਊਨ ਨੇ ਜ਼ਬਾਹ ਸਲਮੁੰਨਾ ਨੂੰ ਆਖਿਆ, “ਤੁਸੀਂ ਤਬੋਰ ਪਰਬਤ ਉੱਤੇ ਕੁਝ ਬੰਦਿਆਂ ਨੂੰ ਮਾਰ ਦਿੱਤਾ ਸੀ। ਉਹ ਬੰਦੇ ਕਿਹੋ ਜਿਹੇ ਸਨ?”

ਜ਼ਬਾਹ ਅਤੇ ਸਲਮੁੰਨਾ ਨੇ ਜਵਾਬ ਦਿੱਤਾ, “ਉਹ ਤੁਹਾਡੇ ਵਰਗੇ ਹੀ ਸਨ। ਉਨ੍ਹਾਂ ਵਿੱਚੋਂ ਹਰ ਕੋਈ ਰਾਜਕੁਮਾਰ ਜਾਪਦਾ ਸੀ।”

19 ਗਿਦਾਉਨ ਨੇ ਆਖਿਆ, “ਉਹ ਬੰਦੇ ਮੇਰੇ ਭਰਾ ਸਨ! ਮੇਰੀ ਮਾਂ ਦੇ ਪੁੱਤਰ! ਯਹੋਵਾਹ ਸਾਖੀ ਹੈ, ਜੇ ਤੁਸੀਂ ਉਨ੍ਹਾਂ ਨੂੰ ਨਾ ਮਾਰਿਆ ਹੁੰਦਾ ਮੈਂ ਹੁਣ ਤੁਹਾਨੂੰ ਨਹੀਂ ਸੀ ਮਾਰਨਾ।”

20 ਫ਼ੇਰ ਗਿਦਾਊਨ ਯਥਰ ਵੱਲ ਮੁੜਿਆ। ਯਥਰ ਗਿਦਾਊਨ ਦਾ ਪਹਿਲੋਠਾ ਪੁੱਤਰ ਸੀ। ਗਿਦਾਊਨ ਨੇ ਉਸ ਨੂੰ ਆਖਿਆ, “ਇਨ੍ਹਾਂ ਰਾਜਿਆਂ ਨੂੰ ਕਤਲ ਕਰ ਦੇ।” ਪਰ ਯਥਰ ਹਾਲੇ ਬੱਚਾ ਹੀ ਸੀ ਅਤੇ ਡਰਦਾ ਸੀ। ਇਸ ਲਈ ਉਹ ਆਪਣੀ ਤਲਵਾਰ ਨਹੀਂ ਸੀ ਕੱਢਦਾ।

21 ਫ਼ੇਰ ਜ਼ਬਾਹ ਅਤੇ ਸਲਮੁੰਨਾ ਨੇ ਗਿਦਾਊਨ ਨੂੰ ਆਖਿਆ, “ਆ, ਸਾਨੂੰ ਖੁਦ ਮਾਰ ਦੇ। ਤੂੰ ਆਦਮੀ ਹੈ ਅਤੇ ਇਹ ਕੰਮ ਕਰਨ ਲਈ ਕਾਫ਼ੀ ਤਾਕਤ ਰੱਖਦਾ ਹੈ।” ਇਸ ਲਈ ਗਿਦਾਊਨ ਉੱਠਿਆ ਅਤੇ ਜ਼ਬਾਹ ਅਤੇ ਸਲਮੁੰਨਾ ਨੂੰ ਮਾਰ ਦਿੱਤਾ। ਫ਼ੇਰ ਉਸ ਨੇ ਉਨ੍ਹਾਂ ਦੇ ਊਠਾਂ ਦੀਆਂ ਗਰਦਨਾਂ ਵਿੱਚੋਂ ਚੰਨ ਦੇ ਆਕਾਰ ਦੀਆਂ ਸਜਾਵਟਾਂ ਲਾਹ ਲਈਆਂ।

ਗਿਦਾਊਨ ਇੱਕ ਏਫ਼ੋਦ ਬਣਾਉਂਦਾ ਹੈ

22 ਇਸਰਾਏਲ ਦੇ ਲੋਕਾਂ ਨੇ ਗਿਦਾਊਨ ਨੂੰ ਆਖਿਆ, “ਤੁਸੀਂ ਸਾਨੂੰ ਮਿਦਯਾਨ ਲੋਕਾਂ ਪਾਸੋਂ ਬਚਾਇਆ। ਇਸ ਲਈ ਹੁਣ ਸਾਡੇ ਉੱਪਰ ਹਕੂਮਤ ਕਰੋ। ਅਸੀਂ ਚਾਹੁੰਦੇ ਹਾਂ ਕਿ ਤੁਸੀਂ, ਤੁਹਾਡਾ ਪੁੱਤਰ ਅਤੇ ਤੁਹਾਡਾ ਪੋਤਰਾ ਸਾਡੇ ਉੱਪਰ ਰਾਜ ਕਰਨ।”

23 ਪਰ ਗਿਦਾਊਨ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਯਹੋਵਾਹ ਤੁਹਾਡਾ ਹਾਕਮ ਹੋਵੇਗਾ। ਮੈਂ ਤੁਹਾਡੇ ਉੱਪਰ ਹਕੂਮਤ ਨਹੀਂ ਕਰਾਂਗਾ। ਅਤੇ ਮੇਰਾ ਪੁੱਤਰ ਤੁਹਾਡੇ ਉੱਪਰ ਹਕੂਮਤ ਨਹੀਂ ਕਰੇਗਾ।”

24 ਕੁਝ ਉਹ ਲੋਕ ਜਿਨ੍ਹਾਂ ਨੂੰ ਇਸਰਾਏਲ ਦੇ ਲੋਕਾਂ ਨੇ ਹਰਾਇਆ ਸੀ, ਇਸ਼ਮਾਏਲੀ ਸਨ। ਅਤੇ ਇਸ਼ਮਾਏਲੀ ਬੰਦੇ ਸੋਨੇ ਦੀ ਵਾਲੀ ਪਾਉਂਦੇ ਸਨ। ਇਸ ਲਈ ਗਿਦਾਊਨ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਲਈ ਬੱਸ ਇਹ ਇੱਕ ਗੱਲ ਕਰੋ। ਮੈਂ ਚਾਹੁੰਦਾ ਹਾਂ ਕਿ ਤੁਹਾਡੇ ਵਿੱਚੋਂ ਹਰੇਕ ਜਾਣਾ, ਆਪਣੀਆਂ ਜੰਗ ਵਿੱਚ ਹਾਸਿਲ ਕੀਤੀਆਂ ਹੋਈਆਂ ਚੀਜ਼ਾਂ ਵਿੱਚੋਂ ਇੱਕ-ਇੱਕ ਸੋਨੇ ਦੀ ਵਾਲੀ ਦੇਵੋ।”

25 ਇਸ ਲਈ ਇਸਰਾਏਲ ਦੇ ਲੋਕਾਂ ਨੇ ਗਿਦਾਊਨ ਨੂੰ ਆਖਿਆ, “ਜੋ ਵੀ ਤੂੰ ਚਾਹੁੰਦਾ ਹੈਂ ਅਸੀਂ ਖੁਸ਼ੀ ਨਾਲ ਦੇਵਾਂਗੇ।” ਇਸ ਲਈ ਉਨ੍ਹਾਂ ਨੇ ਜ਼ਮੀਨ ਉੱਤੇ ਇੱਕ ਕੋਟ ਵਿਛਾ ਦਿੱਤਾ। ਹਰੇਕ ਬੰਦੇ ਨੇ ਕੰਨ ਦੀ ਇੱਕ ਵਾਲੀ ਕੋਟ ਉੱਤੇ ਸੁੱਟ ਦਿੱਤੀ। 26 ਜਦੋਂ ਇਹ ਕੰਨਾਂ ਦੀਆਂ ਵਾਲੀਆਂ ਇਕੱਠੀਆਂ ਕੀਤੀਆਂ ਗਈਆਂ, ਇਨ੍ਹਾਂ ਦਾ ਵਜ਼ਨ 43 ਪੌਂਡ ਸੀ। ਇਨ੍ਹਾਂ ਵਿੱਚ ਉਹ ਹੋਰ ਸੁਗਾਤਾਂ ਸ਼ਾਮਿਲ ਨਹੀਂ ਸਨ ਜਿਹੜੀਆਂ ਇਸਰਾਏਲ ਦੇ ਲੋਕਾਂ ਨੇ ਗਿਦਾਊਨ ਨੂੰ ਦਿੱਤੀਆਂ। ਉਨ੍ਹਾਂ ਨੇ ਉਸ ਨੂੰ ਚੰਨ ਦੀ ਸ਼ਕਲ ਵਾਲੇ ਗਹਿਣੇ ਵੀ ਦਿੱਤੇ ਅਤੇ ਅੱਖ ਦੇ ਹੰਝੂਆਂ ਵਰਗੇ ਗਹਿਣੇ ਵੀ। ਅਤੇ ਉਨ੍ਹਾਂ ਨੇ ਉਸ ਨੂੰ ਬੈਂਗਣੀ ਚੋਗੇ ਵੀ ਦਿੱਤੇ। ਇਹ ਉਹ ਚੀਜ਼ਾਂ ਸਨ ਜਿਹੜੀਆਂ ਮਿਦਯਾਨ ਦੇ ਲੋਕਾਂ ਦੇ ਰਾਜਿਆਂ ਨੇ ਪਹਿਨੀਆਂ ਸਨ। ਉਨ੍ਹਾਂ ਨੇ ਉਸ ਨੂੰ ਮਿਦਯਾਨ ਰਾਜਿਆਂ ਦੇ ਊਠਾਂ ਦੀਆਂ ਜੰਜ਼ੀਰੀਆਂ ਵੀ ਦਿੱਤੀਆਂ।

27 ਗਿਦਾਊਨ ਨੇ ਸੋਨੇ ਦਾ ਇੱਕ ਏਫ਼ੋਦ ਬਣਾਇਆ ਅਤੇ ਇਸ ਨੂੰ ਆਪਣੇ ਜੱਦੀ ਨਗਰ, ਆਫ਼ਰਾਹ ਵਿੱਚ ਰੱਖ ਦਿੱਤਾ। ਇਸਰਾਏਲ ਦੇ ਸਾਰੇ ਲੋਕਾਂ ਨੂੰ ਇਸਦੀ ਉਪਾਸਨਾ ਕੀਤੀ। ਇਸ ਤਰ੍ਹਾਂ, ਇਸਰਾਏਲ ਦੇ ਲੋਕ ਪਰਮੇਸ਼ੁਰ ਦੇ ਵਫ਼ਾਦਾਰ ਨਹੀਂ ਸਨ, ਉਨ੍ਹਾ ਨੇ ਏਫ਼ੋਦ ਦੀ ਉਪਾਸਨਾ ਕੀਤੀ। ਏਫ਼ੋਦ ਇੱਕ ਸ਼ਿਕੰਜਾ ਬਣ ਗਿਆ ਜਿਸਨੇ ਗਿਦਾਊਨ ਅਤੇ ਉਸ ਦੇ ਪਰਿਵਾਰ ਨੂੰ ਪਾਪ ਵਾਲੇ ਪਾਸੇ ਲਾ ਦਿੱਤਾ।

ਗਿਦਾਊਨ ਦੀ ਮੌਤ

28 ਮਿਦਯਾਨੀਆਂ ਨੂੰ ਇਸਰਾਏਲੀਆਂ ਦੀ ਹਕੂਮਤ ਹੇਠਾਂ ਰਹਿਣ ਲਈ ਮਜ਼ਬੂਰ ਕੀਤਾ ਗਿਆ। ਮਿਦਯਾਨੀਆਂ ਨੇ ਹੋਰ ਕੋਈ ਮੁਸ਼ਕਿਲ ਪੇਸ਼ ਨਹੀਂ ਕੀਤੀ। ਇਸ ਲਈ ਜਦੋਂ ਤੱਕ ਗਿਦਾਊਨ ਜਿਉਂਦਾ ਰਿਹਾ, ਉੱਥੇ ਉਸ ਧਰਤੀ ਉੱਤੇ 40 ਸਾਲਾਂ ਤੀਕ ਸ਼ਾਂਤੀ ਰਹੀ।

29 ਯੋਆਸ਼ ਦਾ ਪੁੱਤਰ ਯਰੁੱਬਆਲ (ਗਿਦਾਊਨ) ਘਰ ਚੱਲਾ ਗਿਆ। 30 ਗਿਦਾਊਨ ਦੇ ਆਪਣੇ 70 ਪੁੱਤਰ ਸਨ। ਉਸ ਦੇ ਇੰਨੇ ਜ਼ਿਆਦਾ ਪੁੱਤਰ ਇਸ ਲਈ ਸਨ ਕਿਉਂਕਿ ਉਸ ਦੀਆਂ ਬਹੁਤ ਸਾਰੀਆਂ ਪਤਨੀਆਂ ਸਨ। 31 ਗਿਦਾਊਨ ਦੀ ਇੱਕ ਘਰ ਵਾਲੀ ਸੀ ਜੋ ਕਿ ਸ਼ਕਮ ਸ਼ਹਿਰ ਵਿੱਚ ਰਹਿੰਦੀ ਸੀ। ਉਸ ਪਤਨੀ ਤੋਂ ਉਸਦਾ ਇੱਕ ਪੁੱਤਰ ਸੀ ਅਤੇ ਉਸਦਾ ਨਾਮ ਅਬੀਮਲਕ ਸੀ।

32 ਇਸ ਤਰ੍ਹਾਂ ਯੋਆਸ਼ ਦਾ ਪੁੱਤਰ ਗਿਦਾਊਨ ਬੁੱਢਾਪੇ ਦੀ ਚੰਗੀ ਪਕੇਰੀ ਉਮਰ ਵਿੱਚ ਮਰਿਆ। ਗਿਦਾਊਨ ਨੂੰ ਉਸ ਮਕਬਰੇ ਵਿੱਚ ਦਫ਼ਨਾਇਆ ਗਿਆ ਜਿਹੜਾ ਉਸ ਦੇ ਪਿਤਾ, ਯੋਆਸ਼ ਦਾ ਸੀ। ਉਹ ਮਕਬਰਾ ਆਫ਼ਰਾਹ ਸ਼ਹਿਰ ਵਿਖੇ ਹੈ ਜਿੱਥੇ ਅਬੀਅਜ਼ਰ ਪਰਿਵਾਰ ਰਹਿੰਦਾ ਹੈ। 33 ਜਿਵੇਂ ਹੀ ਗਿਦਾਊਨ ਮਰਿਆ, ਇਸਰਾਏਲ ਦੇ ਲੋਕ ਇੱਕ ਵਾਰੀ ਫ਼ੇਰ ਪਰਮੇਸ਼ੁਰ ਦੇ ਵਫ਼ਾਦਾਰ ਨਹੀਂ ਰਹੇ-ਉਹ ਬਆਲ ਦੇ ਪਿੱਛੇ ਲੱਗ ਪਏ। ਉਨ੍ਹਾਂ ਨੇ ਬਆਲ ਬਰੀਤ ਨੂੰ ਆਪਣਾ ਦੇਵਤਾ ਬਣਾ ਲਿਆ। 34 ਇਸਰਾਏਲ ਦੇ ਲੋਕਾਂ ਨੂੰ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਚੇਤੇ ਨਹੀਂ ਰਿਹਾ, ਹਾਲਾਂ ਕਿ ਯਹੋਵਾਹ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਉਨ੍ਹਾਂ ਸਮੂਹ ਦੁਸ਼ਮਣਾ ਤੋਂ ਬਚਾਇਆ ਸੀ ਜਿਹੜੇ ਇਸਰਾਏਲ ਦੇ ਲੋਕਾਂ ਦੇ ਆਲੇ-ਦੁਆਲੇ ਰਹਿੰਦੇ ਸਨ। 35 ਇਸਰਾਏਲ ਦੇ ਲੋਕ ਯਰੁੱਬਆਲ (ਗਿਦਾਊਨ) ਦੇ ਪਰਿਵਾਰ ਦੇ ਵੀ ਵਫ਼ਾਦਾਰ ਨਹੀਂ ਰਹੇ, ਭਾਵੇਂ ਉਸ ਨੇ ਉਨ੍ਹਾਂ ਲਈ ਅਨੇਕਾਂ ਚੰਗੀਆਂ ਗੱਲਾਂ ਕੀਤੀਆਂ ਸਨ।

ਰਸੂਲਾਂ ਦੇ ਕਰਤੱਬ 12

ਹੇਰੋਦੇਸ ਅਗਰਿੱਪਾ ਦਾ ਕਲੀਸਿਯਾ ਨੂੰ ਤਸੀਹੇ ਦੇਣਾ

12 ਉਸ ਸਮੇਂ, ਰਾਜਾ ਹੇਰੋਦੇਸ ਨੇ ਕਲੀਸਿਯਾ ਦੇ ਕੁਝ ਲੋਕਾਂ ਨੂੰ ਦੰਡ ਦੇਣੇ ਸ਼ੁਰੂ ਕੀਤੇ। ਹੇਰੋਦੇਸ ਨੇ ਯੂਹੰਨਾ ਦੇ ਭਰਾ ਯਾਕੂਬ ਨੂੰ ਤਲਵਾਰ ਨਾਲ ਵੱਢ ਦੇਣ ਦਾ ਹੁਕਮ ਦਿੱਤਾ। ਜਦੋਂ ਉਸ ਨੇ ਵੇਖਿਆ ਕਿ ਯਹੂਦੀਆਂ ਨੂੰ ਇਹ ਚੰਗਾ ਲੱਗਿਆ ਹੈ, ਤੰ ਉਸ ਨੇ ਪਤਰਸ ਨੂੰ ਵੀ ਗਿਰਫ਼ਤਾਰ ਕਰਨ ਦਾ ਨਿਸ਼ਚਾ ਕੀਤਾ। ਇਹ ਘਟਨਾ ਯਹੂਦੀਆਂ ਦੀਆਂ ਛੁੱਟੀਆਂ ਵਿੱਚ ਪਸਾਹ ਦੇ ਤਿਉਹਾਰ ਵੇਲੇ ਹੋਈ। ਹੇਰੋਦੇਸ ਨੇ ਪਤਰਸ ਨੂੰ ਗਿਰਫ਼ਤਾਰ ਕਰ ਲਿਆ ਅਤੇ ਉਸ ਨੂੰ ਕੈਦ ਵਿੱਚ ਪਾ ਦਿੱਤਾ। ਉਸ ਨੇ ਸੋਲਾਂ ਸਿਪਾਹੀਆਂ ਨੂੰ ਉਸਦੀ ਨਿਗਰਾਨੀ ਕਰਨ ਲਈ ਨਿਯੁਕਤ ਕੀਤਾ। ਉਹ ਪਸਾਹ ਦੇ ਤਿਉਹਾਰ ਦੇ ਲੰਘਣ ਦਾ ਇੰਤਜ਼ਾਰ ਕਰਨਾ ਚਾਹੁੰਦਾ ਸੀ ਅਤੇ ਫ਼ੇਰ ਪਤਰਸ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੁੰਦਾ ਸੀ। ਇਸ ਲਈ ਪਤਰਸ ਨੂੰ ਕੈਦ ਵਿੱਚ ਰੱਖਿਆ ਗਿਆ ਸੀ, ਪਰ ਨਿਹਚਾਵਾਨ ਲਗਾਤਾਰ ਪਰਮੇਸ਼ੁਰ ਅੱਗੇ ਉਸ ਲਈ ਪ੍ਰਾਰਥਨਾ ਕਰ ਰਹੇ ਸਨ।

ਪਤਰਸ ਦਾ ਕੈਦ ਤੋਂ ਛੁਟਕਾਰਾ

ਪਤਰਸ ਦੋ ਸਿਪਾਹੀਆਂ ਵਿੱਚਕਾਰ ਸੁੱਤਾ ਪਿਆ ਸੀ, ਜੋ ਉਸਤੇ ਨਿਗਰਾਨੀ ਲਈ ਸਨ ਅਤੇ ਜੰਜ਼ੀਰਾਂ ਨਾਲ ਬੰਨ੍ਹਿਆ ਹੋਇਆ ਸੀ ਅਤੇ ਬਾਕੀ ਸਾਰੇ ਸਿਪਾਹੀ ਜੇਲ੍ਹ ਦੇ ਦਰਵਾਜ਼ੇ ਤੇ ਚੌਕਸੀ ਕਰ ਰਹੇ ਸਨ। ਇਹ ਰਾਤ ਦਾ ਪਹਿਰ ਸੀ ਅਤੇ ਹੇਰੋਦੇਸ ਅਗਲੀ ਸਵੇਰ ਪਤਰਸ ਨੂੰ ਲੋਕਾਂ ਸਾਹਮਣੇ ਲਿਆਉਣ ਦੀ ਵਿਉਂਤ ਬਣਾ ਰਿਹਾ ਸੀ। ਅਚਾਨਕ ਉੱਥੇ ਪ੍ਰਭੂ ਦਾ ਇੱਕ ਦੂਤ ਪਰਗਟ ਹੋਇਆ। ਕਮਰੇ ਵਿੱਚ ਬੜੀ ਰੌਸ਼ਨੀ ਹੋਈ। ਦੂਤ ਨੇ ਉਸ ਨੂੰ ਪਾਸੇ ਤੋਂ ਛੋਹਿਆ ਅਤੇ ਉਸ ਨੂੰ ਜਗਾਇਆ। ਦੂਤ ਨੇ ਆਖਿਆ, “ਜਲਦੀ ਕਰ। ਉੱਠ।” ਪਤਰਸ ਦੇ ਹੱਥਾਂ ਚੋਂ ਜੰਜ਼ੀਰਾਂ ਟੁੱਟ ਗਈਆਂ। ਦੂਤ ਨੇ ਪਤਰਸ ਨੂੰ ਕਿਹਾ, “ਆਪਣੇ ਕੱਪੜੇ ਪਹਿਨ ਅਤੇ ਆਪਣੀ ਜੁੱਤੀ ਪਾ।” ਪਤਰਸ ਨੇ ਇਵੇਂ ਹੀ ਕੀਤਾ। ਫ਼ਿਰ ਦੂਤ ਨੇ ਆਖਿਆ, “ਆਪਣਾ ਕੋਟ ਪਾਕੇ ਮੇਰੇ ਪਿੱਛੇ ਆਜਾ।”

ਇਉਂ ਦੂਤ ਚੱਲਾ ਗਿਆ ਅਤੇ ਪਤਰਸ ਉਸ ਦੇ ਪਿੱਛੇ ਹੋ ਲਿਆ। ਪਰ ਪਤਰਸ ਨਹੀਂ ਜਾਣਦਾ ਸੀ ਕਿ, ਜੋ ਦੂਤ ਕਰ ਰਿਹਾ ਸੀ, ਸੱਚਮੁੱਚ ਵਾਪਰ ਰਿਹਾ ਸੀ। ਉਸ ਨੇ ਸੋਚਿਆ ਕਿ ਸ਼ਾਇਦ ਉਹ ਇੱਕ ਦਰਸ਼ਨ ਦੇਖ ਰਿਹਾ ਹੈ। 10 ਤਦ ਉਹ ਦੋਨੋਂ ਪਹਿਲੇ ਅਤੇ ਦੂਜੇ ਪਹਿਰੇ ਵਿੱਚੋਂ ਦੀ ਨਿਕਲ ਕੇ ਇੱਕ ਲੋਹੇ ਦੇ ਫ਼ਾਟਕ ਤੱਕ ਆਏ ਜਿਹੜਾ ਕਿ ਸ਼ਹਿਰ ਵਿੱਚ ਪਹੁੰਚਾਉਂਦਾ ਸੀ। ਉਹ ਆਪਣੇ-ਆਪ ਹੀ ਉਨ੍ਹਾਂ ਲਈ ਖੁਲ੍ਹ ਗਿਆ ਉੱਥੋਂ ਨਿਕਲ ਕੇ ਉਹ ਇੱਕ ਗਲੀ ਦੇ ਰਸਤੇ ਤੇ ਤੁਰ ਪਏ ਪਰ ਉਸੇ ਵੇਲੇ ਦੂਤ ਉਸ ਕੋਲੋਂ ਫ਼ਿਰ ਅਲੋਪ ਹੋ ਗਿਆ।

11 ਤਦ ਪਤਰਸ ਨੂੰ ਸਮਝ ਆਇਆ ਕਿ ਇਹ ਕੀ ਵਾਪਰਿਆ ਸੀ। ਉਸ ਨੇ ਸੋਚਿਆ, “ਹੁਣ ਮੈਨੂੰ ਸਮਝ ਆਇਆ ਹੈ ਕਿ ਵਾਸਤਵ ਵਿੱਚ ਪ੍ਰਭੂ ਨੇ ਇਹ ਦੂਤ ਮੇਰੇ ਲਈ ਭੇਜਿਆ ਸੀ। ਉਸ ਨੇ ਮੈਨੂੰ ਹੇਰੋਦੇਸ ਦੇ ਹੱਥੋਂ ਮੁਕਤ ਕਰਾਇਆ। ਯਹੂਦੀ ਲੋਕਾਂ ਨੇ ਸੋਚਿਆ ਸ਼ਾਇਦ ਮੇਰੇ ਨਾਲ ਬੁਰੀਆਂ ਗੱਲਾਂ ਵਾਪਰਨਗੀਆਂ, ਪਰ ਪਰਮੇਸ਼ੁਰ ਨੇ ਮੈਨੂੰ ਇਨ੍ਹਾਂ ਸਭ ਗੱਲਾਂ ਤੋਂ ਬਚਾ ਲਿਆ।”

12 ਜਦੋਂ ਪਤਰਸ ਨੇ ਇਹ ਮਹਿਸੂਸ ਕੀਤਾ, ਉਹ ਮਰਿਯਮ ਦੇ ਘਰ ਨੂੰ ਆਇਆ। ਉਹ ਯੂਹੰਨਾ ਦੀ ਮਾਤਾ ਸੀ। ਯੂਹੰਨਾ ਮਰਕੁਸ ਕਰਕੇ ਵੀ ਜਾਣਿਆ ਜਾਂਦਾ ਸੀ। ਉੱਥੇ ਬਹੁਤ ਸਾਰੇ ਲੋਕ ਇਕੱਠੇ ਸਨ ਅਤੇ ਉਹ ਪ੍ਰਾਰਥਨਾ ਕਰ ਰਹੇ ਸਨ। 13 ਪਤਰਸ ਨੇ ਬਾਹਰ ਵਾਲੇ ਦਰਵਾਜ਼ੇ ਤੇ ਦਸਤਕ ਕੀਤੀ ਤਾਂ ਜਵਾਬ ਵਿੱਚ ਇੱਕ ਰੋਦੋ ਨਾਂ ਦੀ ਨੌਕਰਾਨੀ ਜਵਾਬ ਦੇਣ ਲਈ ਬਾਹਰ ਆਈ। 14 ਉਸ ਨੇ ਪਤਰਸ ਦੀ ਅਵਾਜ਼ ਨੂੰ ਪਛਾਣ ਲਿਆ ਅਤੇ ਉਹ ਬੜੀ ਖੁਸ਼ ਹੋਈ। ਉਹ ਇੰਨੀ ਖੁਸ਼ ਹੋਈ ਕਿ ਮਾਰੇ ਖੁਸ਼ੀ ਦੇ ਉਹ ਉਸ ਨੂੰ ਦਰਵਾਜ਼ਾ ਖੋਲ੍ਹਣਾ ਵੀ ਭੁੱਲ ਗਈ ਅਤੇ ਨੱਸਦੀ ਹੋਈ ਉਸ ਸਮੂਹ ਨੂੰ ਪਤਰਸ ਦੇ ਆਮਦ ਦੀ ਖਬਰ ਕਹਿਣ ਚਲੀ ਗਈ ਕਿ, “ਬਾਹਰ ਬੂਹੇ ਤੇ ਪਤਰਸ ਖੜ੍ਹਾ ਹੈ।”

15 ਨਿਹਚਾਵਾਨਾਂ ਨੇ ਰੋਦੋ ਨੂੰ ਕਿਹਾ, “ਤੂੰ ਕਮਲੀ ਹੈ।” ਪਰ ਉਹ ਬਾਰ-ਬਾਰ ਕਹਿੰਦੀ ਰਹੀ ਕਿ ਨਹੀਂ ਇਹ ਸੱਚ ਹੈ ਤਾਂ ਉਨ੍ਹਾਂ ਸੋਚਿਆ, “ਉਹ ਪਤਰਸ ਦਾ ਦੂਤ ਹੋਣਾ ਚਾਹੀਦਾ ਹੈ।”

16 ਪਤਰਸ ਲਗਾਤਾਰ ਬੂਹਾ ਖੜਕਾਉਂਦਾ ਰਿਹਾ। ਜਦੋਂ ਨਿਹਚਾਵਾਨਾਂ ਨੇ ਬੂਹਾ ਖੋਲ੍ਹਿਆ ਤਾਂ ਉਹ ਪਤਰਸ ਨੂੰ ਵੇਖਕੇ ਹੈਰਾਨ ਰਹਿ ਗਏ। 17 ਪਤਰਸ ਨੇ ਹੱਥ ਦੇ ਇਸ਼ਾਰੇ ਨਾਲ ਉਨ੍ਹਾਂ ਨੂੰ ਸਮਝਾਇਆ ਕਿ ਉਹ ਖਾਮੋਸ਼ ਰਹਿਣ। ਤਾਂ ਉਸ ਨੇ ਉਨ੍ਹਾਂ ਨੂੰ ਸਾਰੀ ਗੱਲ ਸਮਝਾਈ ਕਿ ਕਿਵੇਂ ਪ੍ਰਭੂ ਨੇ ਉਸ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਦੀ ਮਦਦ ਕੀਤੀ। ਉਸ ਨੇ ਕਿਹਾ, “ਯਾਕੂਬ ਅਤੇ ਹੋਰ ਭਾਈਆਂ ਨੂੰ ਵੀ ਇਨ੍ਹਾਂ ਗੱਲਾਂ ਦੀ ਖਬਰ ਦੇਵੋ।” ਉਸਤੋਂ ਬਾਅਦ ਪਤਰਸ ਹੋਰ ਥਾਂ ਚੱਲਿਆ ਗਿਆ।

18 ਅਗਲੀ ਸਵੇਰ ਸਿਪਾਹੀ ਬਹੁਤ ਪਰੇਸ਼ਨ ਹੋ ਗਏ। ਉਹ ਹੈਰਾਨ ਸਨ ਕਿ ਪਤਰਸ ਦਾ ਕੀ ਬਣਿਆ? 19 ਹੇਰੋਦੇਸ ਨੇ ਪਤਰਸ ਨੂੰ ਸਭ ਥਾਈਂ ਭਾਲਿਆ ਪਰ ਉਸ ਨੂੰ ਕਿਤੇ ਨਾ ਮਿਲਿਆ। ਇਸ ਲਈ ਉਸ ਨੇ ਪਹਿਰੇਦਾਰਾਂ ਨੂੰ ਸਵਾਲ ਕੀਤੇ। ਫ਼ਿਰ ਉਸ ਨੇ ਹੁਕਮ ਦਿੱਤਾ ਕਿ ਉਹ ਮਾਰ ਦਿੱਤੇ ਜਾਣ।

ਹੇਰੋਦੇਸ ਅਗਰਿੱਪਾ ਦੀ ਮੌਤ

ਇਸਤੋਂ ਬਾਅਦ ਹੇਰੋਦੇਸ ਯਹੂਦਿਯਾ ਤੋਂ ਕੈਸਰਿਯਾ ਨੂੰ ਗਿਆ ਅਤੇ ਉੱਥੇ ਕੁਝ ਸਮੇਂ ਲਈ ਜਾ ਠਹਿਰਿਆ। 20 ਹੇਰੋਦੇਸ ਸੂਰ ਅਤੇ ਸੈਦਾ ਦੇ ਲੋਕਾਂ ਨਾਲ ਬੜਾ ਨਾਰਾਜ਼ ਸੀ। ਉਹ ਸਾਰੇ ਲੋਕ ਇਕੱਠੇ ਹੋਕੇ ਹੇਰੋਦੇਸ ਕੋਲ ਆਏ। ਉਹ ਬਲਾਸਤੁਸ ਦੀ, ਜਿਹੜਾ ਕਿ ਰਾਜੇ ਦੇ ਖਾਸ ਨੌਕਰ ਸੀ, ਹਮਾਇਤ ਪਾਉਣ ਵਿੱਚ ਕਾਮਯਾਬ ਹੋ ਗਏ। ਉਹ ਹੇਰੋਦੇਸ ਨੂੰ ਸ਼ਾਂਤੀ ਲਈ ਬੇਨਤੀ ਕਰਨ ਲੱਗੇ ਕਿਉਂਕਿ ਉਨ੍ਹਾਂ ਦਾ ਦੇਸ਼ ਭੋਜਨ ਦੀ ਸਮਗਰੀ ਹੇਰੋਦੇਸ ਦੇ ਦੇਸ਼ ਤੋਂ ਪ੍ਰਾਪਤ ਕਰਦਾ ਸੀ।

21 ਹੇਰੋਦੇਸ ਨੇ ਉਨ੍ਹਾਂ ਨੂੰ ਮਿਲਣ ਦਾ ਇੱਕ ਦਿਨ ਨਿਸ਼ਚਿਤ ਕੀਤਾ। ਉਸ ਦਿਨ ਉਹ ਬੜੇ ਖੂਬਸੂਰਤ ਸ਼ਾਹੀ ਲਿਬਾਸ ਵਿੱਚ ਸੀ। ਉਹ ਆਪਣੇ ਸਿੰਘਾਸਣ ਤੇ ਬੈਠਾ ਅਤੇ ਲੋਕਾਂ ਨੂੰ ਇੱਕ ਭਾਸ਼ਣ ਦਿੱਤਾ। 22 ਲੋਕ ਉੱਚੀ ਅਵਾਜ਼ ਵਿੱਚ ਆਖਣ ਲੱਗੇ, “ਇਹ ਤਾਂ ਕਿਸੇ ਦੇਵੇਤੇ ਦੀ ਅਵਾਜ਼ ਹੈ, ਮਨੁੱਖ ਦੀ ਨਹੀਂ।” 23 ਹੇਰੋਦੇਸ ਨੇ ਪਰਮੇਸ਼ੁਰ ਨੂੰ ਮਹਿਮਾ ਨਾ ਦਿੰਦੇ ਹੋਏ ਇਹ ਸਾਰੀ ਉਸਤਤਿ ਆਪਣੇ ਲਈ ਕਬੂਲ ਕਰ ਲਈ, ਇਸ ਲਈ ਪ੍ਰਭੂ ਦੇ ਇੱਕ ਦੂਤ ਨੇ ਉਸ ਨੂੰ ਇੱਕ ਭਿਆਨਕ ਬਿਮਾਰੀ ਦਿੱਤੀ। ਉਹ ਬਿਮਾਰ ਪੈ ਗਿਆ ਤੇ ਅੰਤ ਕੀੜੇ ਪੈਕੇ ਮਰਿਆ।

24 ਪਰਮੇਸ਼ੁਰ ਦਾ ਸੰਦੇਸ਼ ਦਿਨੋਂ-ਦਿਨ ਲੋਕਾਂ ਵਿੱਚ ਵੱਧ ਰਿਹਾ ਸੀ ਅਤੇ ਉਨ੍ਹਾਂ ਨੂੰ ਪ੍ਰਭਾਵਿਤ ਕਰ ਰਿਹਾ ਸੀ ਇਸ ਲਈ ਨਿਹਚਾਵਾਨਾਂ ਦਾ ਸਮੂਹ ਦਿਨੋ-ਦਿਨ ਵੱਧਦਾ ਜਾ ਰਿਹਾ ਸੀ।

25 ਜਦੋਂ ਬਰਨਬਾਸ ਅਤੇ ਸੌਲੁਸ ਨੇ ਆਪਣਾ ਕਾਰਜ ਯਰੂਸ਼ਲਮ ਵਿੱਚ ਪੂਰਾ ਕਰ ਲਿਆ ਤਾਂ ਉਹ ਯੂਹੰਨਾ ਨੂੰ ਜਿਹੜਾ ਮਰਕੁਸ ਕਰਕੇ ਵੀ ਸਦੀਂਦਾ ਹੈ ਆਪਣੇ ਨਾਲ ਲੈ ਕੇ ਅੰਤਾਕਿਯਾ ਨੂੰ ਮੁੜੇ।

ਯਿਰਮਿਯਾਹ 21

ਪਰਮੇਸ਼ੁਰ ਦਾ ਪਾਤਸ਼ਾਹ ਸਿਦਕੀਯਾਹ ਦੀ ਬੇਨਤੀ ਨੂੰ ਰੱਦ ਕਰਨਾ

21 ਇਹੀ ਉਹ ਸੰਦੇਸ਼ ਹੈ ਜਿਹੜਾ ਯਿਰਮਿਯਾਹ ਨੂੰ ਯਹੋਵਾਹ ਵੱਲੋਂ ਮਿਲਿਆ। ਇਹ ਸੰਦੇਸ਼ ਉਦੋਂ ਆਇਆ ਜਦੋਂ ਯਹੂਦਾਹ ਦੇ ਰਾਜੇ ਸਿਦਕੀਯਾਹ ਨੇ ਪਸ਼ਹੂਰ ਨਾਂ ਦੇ ਬੰਦੇ ਅਤੇ ਜਾਜਕ ਸਫ਼ਨਯਾਹ ਨੂੰ ਯਿਰਮਿਯਾਹ ਕੋਲ ਭੇਜਿਆ। ਪਸ਼ਹੂਰ ਮਲਕੀਯਾਹ ਨਾਂ ਦੇ ਬੰਦੇ ਦਾ ਪੁੱਤਰ ਸੀ ਅਤੇ ਸਫ਼ਨਯਾਹ ਮਅਸੇਯਾਹ ਦਾ ਪੁੱਤਰ ਸੀ। ਪਸ਼ਹੂਰ ਅਤੇ ਸਫ਼ਨਯਾਹ ਯਿਰਮਿਯਾਹ ਕੋਲ ਸੰਦੇਸ਼ ਲੈ ਕੇ ਆਏ। ਪਸ਼ਹੂਰ ਅਤੇ ਸਫ਼ਨਯਾਹ ਨੇ ਯਿਰਮਿਯਾਹ ਨੂੰ ਆਖਿਆ, “ਸਾਡੇ ਲਈ ਯਹੋਵਾਹ ਅੱਗੇ ਪ੍ਰਾਰਥਨਾ ਕਰੋ। ਯਹੋਵਾਹ ਨੂੰ ਪੁੱਛੋ ਕਿ ਕੀ ਵਾਪਰੇਗਾ। ਅਸੀਂ ਜਾਣਨਾ ਚਾਹੁੰਦੇ ਹਾਂ ਕਿਉਂ ਕਿ ਬਾਬਲ ਦਾ ਰਾਜਾ ਨਬੂਕਦਨੱਸਰ ਸਾਡੇ ਉੱਪਰ ਹਮਲਾ ਕਰ ਰਿਹਾ ਹੈ। ਸ਼ਾਇਦ ਯਹੋਵਾਹ ਸਾਡੇ ਲਈ ਮਹਾਨ ਗੱਲਾਂ ਕਰੇ, ਜਿਵੇਂ ਉਸ ਨੇ ਅਤੀਤ ਵਿੱਚ ਕੀਤੀਆਂ ਸਨ। ਸ਼ਾਇਦ ਯਹੋਵਾਹ ਨਬੂਕਦਨੱਸਰ ਨੂੰ ਸਾਡੇ ਉੱਪਰ ਹਮਲਾ ਕਰਨ ਤੋਂ ਰੋਕ ਦੇਵੇ ਅਤੇ ਵਾਪਸ ਭੇਜ ਦੇਵੇ।”

ਤਾਂ ਯਿਰਮਿਯਾਹ ਨੇ ਪਸ਼ਹੂਰ ਅਤੇ ਸਫ਼ਨਯਾਹ ਨੂੰ ਜਵਾਬ ਦਿੱਤਾ। ਉਸ ਨੇ ਆਖਿਆ, “ਰਾਜੇ ਸਿਦਕੀਯਾਹ ਨੂੰ ਆਖੋ: ‘ਇਹੀ ਹੈ ਜੋ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ: ਤੁਹਾਡੇ ਹੱਥਾਂ ਵਿੱਚ ਲੜਾਈ ਦੇ ਹਬਿਆਰ ਨੇ। ਤੁਸੀਂ ਉਨ੍ਹਾਂ ਹਬਿਆਰਾਂ ਦਾ ਇਸਤੇਮਾਲ ਆਪਣੇ ਆਪ ਨੂੰ ਬਾਬਲ ਦੇ ਰਾਜੇ ਅਤੇ ਬਾਬਲ ਦੇ ਲੋਕਾਂ ਤੋਂ ਰੱਖਿਆ ਕਰਨ ਲਈ ਕਰ ਰਹੇ ਹੋ। ਪਰ ਮੈਂ ਉਨ੍ਹਾਂ ਹਬਿਆਰਾਂ ਨੂੰ ਨਕਾਰਾ ਕਰ ਦਿਆਂਗਾ।

“‘ਬਾਬਲ ਦੀ ਫ਼ੌਜ ਸ਼ਹਿਰ ਦੀ ਫ਼ਸੀਲ ਦੇ ਬਾਹਰ ਹੈ। ਉਹ ਫ਼ੌਜ ਸ਼ਹਿਰ ਦੇ ਆਲੇ-ਦੁਆਲੇ ਹੈ। ਛੇਤੀ ਹੀ ਮੈਂ ਉਸ ਫ਼ੌਜ ਨੂੰ ਯਰੂਸ਼ਲਮ ਦੇ ਅੰਦਰ ਲਿਆਵਾਂਗਾ। ਮੈਂ ਖੁਦ ਤੁਹਾਡੇ ਯਹੂਦਾਹ ਦੇ ਲੋਕਾਂ, ਦੇ ਖਿਲਾਫ਼ ਲੜਾਂਗਾ। ਮੈਂ ਤੁਹਾਡੇ ਖਿਲਾਫ਼ ਆਪਣੇ ਤਾਕਤਵਰ ਹੱਥ ਨਾਲ ਲੜਾਂਗਾ। ਮੈਂ ਬਹੁਤ ਕਹਿਰਵਾਨ ਹਾਂ ਤੁਹਾਡੇ ਉੱਤੇ, ਇਸ ਲਈ ਮੈਂ ਆਪਣੇ ਤਾਕਤਵਰ ਹੱਥ ਨਾਲ ਤੁਹਾਡੇ ਖਿਲਾਫ਼ ਲੜਾਂਗਾ। ਮੈਂ ਤੁਹਾਡੇ ਖਿਲਾਫ਼ ਸਖਤੀ ਨਾਲ ਲੜਾਂਗਾ ਅਤੇ ਦਿਖਾ ਦੇਵਾਂਗਾ ਕਿ ਮੈਂ ਕਿਤਨਾ ਕਹਿਰਵਾਨ ਹਾਂ। ਮੈਂ ਯਰੂਸ਼ਲਮ ਵਿੱਚ ਰਹਿਣ ਵਾਲੇ ਲੋਕਾਂ ਨੂੰ ਮਾਰ ਦਿਆਂਗਾ। ਮੈਂ ਬੰਦਿਆਂ ਅਤੇ ਜਾਨਵਰਾਂ ਨੂੰ ਮਾਰ ਦਿਆਂਗਾ। ਉਹ ਭਿਆਨਕ ਪਲੇਗ ਨਾਲ ਮਰਨਗੇ ਜਿਹੜੀ ਸਾਰੇ ਸ਼ਹਿਰ ਵਿੱਚ ਫ਼ੈਲ ਜਾਵੇਗੀ। ਅਜਿਹਾ ਵਾਪਰਨ ਤੋਂ ਮਗਰੋਂ,’” ਇਹ ਸੰਦੇਸ਼ ਯਹੋਵਾਹ ਵੱਲੋਂ ਹੈ, “‘ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਹਵਾਲੇ ਕਰ ਦਿਆਂਗਾ। ਮੈਂ ਸਿਦਕੀਯਾਹ ਦੇ ਅਧਿਕਾਰੀਆਂ ਨੂੰ ਵੀ ਨਬੂਕਦਨੱਸਰ ਦੇ ਹਵਾਲੇ ਕਰ ਦਿਆਂਗਾ। ਇਸ ਭਿਆਨਕ ਪਲੇਗ ਵਿੱਚ ਯਰੂਸ਼ਲਮ ਦੇ ਕੁਝ ਬੰਦੇ ਨਹੀਂ ਮਰਨਗੇ। ਕੁਝ ਲੋਕ ਤਲਵਾਰਾਂ ਨਾਲ ਨਹੀਂ ਮਾਰੇ ਜਾਣਗੇ। ਉਨ੍ਹਾਂ ਵਿੱਚੋਂ ਕੁਝ ਲੋਕ ਭੁੱਖ ਨਾਲ ਨਹੀਂ ਮਰਨਗੇ। ਪਰ ਮੈਂ ਉਨ੍ਹਾਂ ਲੋਕਾਂ ਨੂੰ ਨਬੂਕਦਨੱਸਰ ਦੇ ਹਵਾਲੇ ਕਰ ਦਿਆਂਗਾ। ਮੈਂ ਯਹੂਦਾਹ ਦੇ ਦੁਸ਼ਮਣ ਦੀ ਜਿੱਤ ਕਰਾਵਾਂਗਾ। ਨਬੂਕਦਨੱਸਰ ਦੀ ਫ਼ੌਜ ਯਹੂਦਾਹ ਦੇ ਲੋਕਾਂ ਨੂੰ ਮਾਰਨਾ ਚਾਹੁੰਦੀ ਹੈ। ਇਸ ਲਈ ਯਹੂਦਾਹ ਅਤੇ ਯਰੂਸ਼ਲਮ ਦੇ ਲੋਕ ਤਲਵਾਰਾਂ ਨਾਲ ਮਾਰੇ ਜਾਣਗੇ। ਨਬੂਕਦਨੱਸਰ ਕੋਈ ਰਹਿਮ ਨਹੀਂ ਦਿਖਾਏਗਾ। ਉਹ ਉਨ੍ਹਾਂ ਲੋਕਾਂ ਉੱਪਰ ਅਫ਼ਸੋਸ ਨਹੀਂ ਕਰੇਗਾ।’

“ਯਰੂਸ਼ਲਮ ਦੇ ਲੋਕਾਂ ਨੂੰ ਇਹ ਗੱਲਾਂ ਵੀ ਦੱਸੋ। ਯਹੋਵਾਹ ਇਹ ਗੱਲਾਂ ਆਖਦਾ ਹੈ: ‘ਸਮਝ ਲਵੋ ਕਿ ਮੈਂ ਤੁਹਾਨੂੰ ਜੀਣ ਅਤੇ ਮਰਨ ਵਿੱਚਕਾਰ ਚੋਣ ਕਰਨ ਦਿਆਂਗਾ। ਕੋਈ ਵੀ ਬੰਦਾ ਜਿਹੜਾ ਯਰੂਸ਼ਲਮ ਵਿੱਚ ਰਹੇਗਾ, ਮਾਰਿਆ ਜਾਵੇਗਾ। ਉਹ ਬੰਦਾ ਤਲਵਾਰ ਨਾਲ, ਭੁੱਖ ਨਾਲ ਜਾਂ ਕਿਸੇ ਭਿਆਨਕ ਬਿਮਾਰੀ ਨਾਲ ਮਾਰਿਆ ਜਾਵੇਗਾ। ਪਰ ਜਿਹੜਾ ਵੀ ਬੰਦਾ ਯਰੂਸ਼ਲਮ ਤੋਂ ਬਾਹਰ ਨਿਕਲ ਕੇ ਬਾਬਲ ਦੀ ਫ਼ੌਜ ਸਾਹਮਣੇ ਆਤਮ ਸਮਰਪਨ ਕਰੇਗਾ, ਜਿਉਂਦਾ ਰਹੇਗਾ! ਉਸ ਫ਼ੌਜ ਨੇ ਸ਼ਹਿਰ ਨੂੰ ਘੇਰਾ ਪਾ ਲਿਆ ਹੈ। ਇਸ ਲਈ ਕੋਈ ਵੀ ਬੰਦਾ ਸ਼ਹਿਰ ਵਿੱਚ ਭੋਜਨ ਲੈ ਕੇ ਨਹੀਂ ਆ ਸੱਕਦਾ। ਪਰ ਜਿਹੜਾ ਕੋਈ ਬੰਦਾ ਸ਼ਹਿਰ ਨੂੰ ਛੱਡ ਜਾਂਦਾ ਹੈ, ਆਪਣੀ ਜਾਨ ਬਚਾ ਲਵੇਗਾ। 10 ਮੈਂ ਯਰੂਸ਼ਲਮ ਦੇ ਸ਼ਹਿਰ ਲਈ ਮੁਸੀਬਤ ਪੈਦਾ ਕਰਨ ਦਾ ਨਿਆਂ ਕਰ ਲਿਆ ਹੈ। ਮੈਂ ਸ਼ਹਿਰ ਦੀ ਸਹਾਇਤਾ ਨਹੀਂ ਕਰਾਂਗਾ।’” ਇਹ ਸੰਦੇਸ਼ ਯਹੋਵਾਹ ਵੱਲੋਂ ਹੈ “‘ਮੈਂ ਯਰੂਸ਼ਲਮ ਦੇ ਸ਼ਹਿਰ ਨੂੰ ਬਾਬਲ ਦੇ ਰਾਜੇ ਦੇ ਹਵਾਲੇ ਕਰ ਦਿਆਂਗਾ। ਉਹ ਇਸ ਨੂੰ ਅੱਗ ਨਾਲ ਸਾੜ ਦੇਵੇਗਾ।’

11 “ਇਹ ਗੱਲਾਂ ਯਹੂਦਾਹ ਦੇ ਸ਼ਾਹੀ ਪਰਿਵਾਰ ਨੂੰ ਦੱਸੋ: ‘ਯਹੋਵਾਹ ਦੇ ਸੰਦੇਸ਼ ਨੂੰ ਸੁਣੋ। 12 ਦਾਊਦ ਦੇ ਪਰਿਵਾਰ, ਯਹੋਵਾਹ ਇਹ ਗੱਲਾਂ ਆਖਦਾ ਹੈ:

“‘ਤੁਹਾਨੂੰ ਚਾਹੀਦਾ ਹੈ ਕਿ ਹਰ ਰੋਜ਼ ਨਿਰਪੱਖਤਾ ਨਾਲ ਲੋਕਾਂ ਬਾਰੇ ਨਿਆਂ ਕਰੋ।
    ਮੁਜਰਿਮਾਂ ਕੋਲੋਂ ਉਨ੍ਹਾਂ ਦੇ ਸ਼ਿਕਾਰ ਬੰਦਿਆਂ ਨੂੰ ਬਚਾਓ।
ਜੇ ਤੁਸੀਂ ਅਜਿਹਾ ਨਹੀਂ ਕਰੋਗੇ, ਤਾਂ ਮੈਂ ਬਹੁਤ ਹੀ ਕਹਿਰਵਾਨ ਹੋ ਜਾਵਾਂਗਾ।
    ਮੇਰਾ ਕਹਿਰ ਉਸ ਅੱਗ ਵਰਗਾ ਹੋਵੇਗਾ, ਜਿਸ ਨੂੰ ਕੋਈ ਵੀ ਬੰਦਾ ਨਹੀਂ ਬੁਝਾ ਸੱਕਦਾ।
    ਅਜਿਹਾ ਇਸ ਲਈ ਵਾਪਰੇਗਾ ਕਿਉਂ ਕਿ ਤੁਸੀਂ ਮੰਦੀਆਂ ਗੱਲਾਂ ਕੀਤੀਆਂ ਨੇ!’

13 “ਯਰੂਸ਼ਲਮ, ਮੈਂ ਤੇਰੇ ਵਿਰੁੱਧ ਹਾਂ।
    ਤੂੰ ਪਰਬਤ ਦੇ ਸਿਖਰ ਉੱਤੇ ਬੈਠਾ ਹੋਇਆ ਹੈਂ
    ਜਿਵੇਂ ਕੋਈ ਚੱਟਾਨ ਵਾਦੀ ਨੂੰ ਦੇਖਦੀ ਹੋਵੇ।
ਤੁਸੀਂ, ਯਰੂਸ਼ਲਮ ਦੇ ਲੋਕ ਆਖਦੇ ਹੋ,
    ‘ਕੋਈ ਵੀ ਬੰਦਾ ਸਾਡੇ ਉੱਤੇ ਹਮਲਾ ਨਹੀਂ ਕਰ ਸੱਕਦਾ।
ਕੋਈ ਵੀ ਬੰਦਾ ਸਾਡੇ ਮਜ਼ਬੂਤ ਸ਼ਹਿਰ ਨੂੰ ਹਰਾ ਨਹੀਂ ਸੱਕਦਾ।’”
    ਪਰ ਯਹੋਵਾਹ ਦੇ ਇਸ ਸੰਦੇਸ਼ ਨੂੰ ਸੁਣੋ।

14 “ਤੁਸੀਂ ਉਹੀ ਸਜ਼ਾ ਪਾਵੋਂਗੇ, ਜਿਸਦੇ ਤੁਸੀਂ ਅਧਿਕਾਰੀ ਹੋ।
    ਮੈਂ ਤੁਹਾਡੇ ਜੰਗਲਾਂ ਅੰਦਰ ਅੱਗ ਲਾ ਦਿਆਂਗਾ।
    ਉਹ ਅੱਗ ਤੁਹਾਡੇ ਚਾਰ-ਚੁਫ਼ੇਰੇ ਦੀ ਹਰ ਸ਼ੈਅ ਨੂੰ ਸਾੜ ਦੇਵੇਗੀ।”

ਮਰਕੁਸ 7

ਪਰਮੇਸ਼ੁਰ ਦੇ ਨੇਮ ਅਤੇ ਮਨੁੱਖਾਂ ਦੀਆਂ ਬਣਾਈਆਂ ਰੀਤਾਂ(A)

ਕੁਝ ਫ਼ਰੀਸੀ ਅਤੇ ਕਈ ਨੇਮ ਦੇ ਉਪਦੇਸ਼ਕ ਯਰੂਸ਼ਲਮ ਤੋਂ ਆਏ ਅਤੇ ਯਿਸੂ ਦੇ ਗਿਰਦ ਇਕੱਠੇ ਹੋ ਗਏ। ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਵੇਖਿਆ ਕਿ ਯਿਸੂ ਦੇ ਕੁਝ ਚੇਲੇ ਅਣ-ਧੋਤੇ ਹੱਥਾਂ ਨਾਲ ਹੀ ਰੋਟੀ ਖਾਂਦੇ ਸਨ। ਫ਼ਰੀਸੀ ਅਤੇ ਯਹੂਦੀ ਆਪਣੇ ਵਡੇਰਿਆਂ ਦੀ ਰੀਤ ਦੇ ਅਨੁਸਾਰ ਜਦੋਂ ਤੱਕ ਹੱਥਾਂ ਨੂੰ ਖਾਸ ਤਰ੍ਹਾਂ ਨਾ ਧੋ ਲੈਣ ਉਹ ਰੋਟੀ ਨਹੀਂ ਖਾਂਦੇ ਸਨ। ਅਤੇ ਜੇਕਰ ਯਹੂਦੀ ਕੁਝ ਵੀ ਬਜਾਰੋਂ ਲਿਆਉਦੇ, ਉਹ ਉਦੋਂ ਤੱਕ ਨਹੀਂ ਖਾਂਦੇ ਸਨ ਜਦ ਤੱਕ ਉਹ ਉਨ੍ਹਾਂ ਨੂੰ ਰਸਮੀ ਤਰੀਕੇ ਨਾਲ ਨਾ ਧੋ ਲੈਣ। ਉਸੇ ਤਰ੍ਹਾਂ ਹੀ ਹੋਰ ਵੀ ਰੀਤਾਂ ਸਨ ਜੋ ਉਹ ਨਿਭਾਉਂਦੇ ਸਨ। ਉਦਾਹਰਣ ਲਈ, ਪਿਆਲੇ, ਘੜਿਆਂ ਅਤੇ ਹੋਰ ਬਰਤਨਾਂ ਨੂੰ ਧੋਣਾ।

ਤਦ ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਉਸ ਨੂੰ ਪੁੱਛਿਆ, “ਜੋ ਰੀਤਾਂ ਸਾਡੇ ਵਡੇਰਿਆਂ ਨੇ ਸਾਨੂੰ ਦਿੱਤੀਆਂ ਹਨ ਤੇਰੇ ਚੇਲੇ ਉਨ੍ਹਾਂ ਦੀ ਪਾਲਣਾ ਕਿਉਂ ਨਹੀਂ ਕਰਦੇ? ਤੇਰੇ ਚੇਲੇ ਅਣ-ਧੋਤੇ ਹੱਥਾਂ ਨਾਲ ਰੋਟੀ ਕਿਉਂ ਖਾਂਦੇ ਹਨ?”

ਯਿਸੂ ਨੇ ਆਖਿਆ, “ਤੁਸੀਂ ਸਭ ਕਪਟੀ ਹੋ। ਤੁਹਾਡੇ ਬਾਰੇ ਯਸਾਯਾਹ ਨੇ ਠੀਕ ਅਗੰਮ ਵਾਕ ਕੀਤਾ। ਜਿਵੇਂ ਕਿ ਲਿਖਿਆ ਹੈ,

‘ਇਹ ਲੋਕ ਆਪਣੇ ਬੁਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ,
    ਪਰ ਇਨ੍ਹਾਂ ਦਾ ਦਿਲ ਮੇਰੇ ਤੋਂ ਦੂਰ ਹੈ।
ਉਨ੍ਹਾਂ ਦਾ ਮੱਥਾ ਟੇਕਣਾ ਮੇਰੇ ਕਿਸੇ ਕੰਮ ਦਾ ਨਹੀਂ।
    ਉਹ ਸਿਰਫ਼ ਮਨੁੱਖਾਂ ਦੇ ਬਣਾਏ ਕਨੂੰਨਾਂ ਦੇ ਉਪਦੇਸ਼ ਕਿਉਂ ਦਿੰਦੇ ਹਨ।’ (B)

ਤੁਸੀਂ, ਲੋਕਾਂ ਦੇ ਉਪਦੇਸ਼ ਦਾ ਅਨੁਸਰਣ ਕਰਨ ਦੀ ਖਾਤਿਰ ਪਰਮੇਸ਼ੁਰ ਦੇ ਹੁਕਮਾਂ ਨੂੰ ਟਾਲ ਦਿੰਦੇ ਹੋ।”

ਫ਼ਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਆਪਣੇ-ਆਪ ਨੂੰ ਬੜਾ ਹੁਸ਼ਿਆਰ ਸਮਝਦੇ ਹੋ! ਤੁਸੀਂ ਪਰਮੇਸ਼ੁਰ ਦੇ ਹੁਕਮ ਨੂੰ ਟਾਲ ਦਿੰਦੇ ਹੋ ਅਤੇ ਆਪਣੇ ਹੀ ਉਪਦੇਸ਼ਾਂ ਨੂੰ ਮੰਨਦੇ ਹੋ! 10 ਮੂਸਾ ਨੇ ਆਖਿਆ, ‘ਤੈਨੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰਨਾ ਚਾਹੀਦਾ ਹੈ।’ [a] ਮੂਸਾ ਨੇ ਇਹ ਵੀ ਆਖਿਆ, ‘ਕੋਈ ਵੀ ਜੋ ਆਪਣੇ ਪਿਤਾ ਜਾਂ ਮਾਤਾ ਦੇ ਵਿਰੁੱਧ ਮੰਦਾ ਬੋਲਦਾ ਹੈ ਉਸ ਨੂੰ ਮਾਰਿਆ ਜਾਣਾ ਚਾਹੀਦਾ ਹੈ।’ [b] 11 ਪਰ ਤੁਸੀਂ ਦੱਸਦੇ ਹੋ ਕਿ ਇੱਕ ਆਦਮੀ ਆਪਣੇ ਮਾਤਾ-ਪਿਤਾ ਨੂੰ ਆਖਦਾ ਹੈ, ‘ਮੇਰੇ ਕੋਲ ਕੁਝ ਹੈ ਜੋ ਤੁਹਾਡੀ ਸਹਾਇਤਾ ਲਈ ਉਪਯੋਗੀ ਹੋ ਸੱਕਦਾ, ਪਰ ਮੈਂ ਇਸ ਨੂੰ ਪਰਮੇਸ਼ੁਰ ਦੀ ਭੇਂਟ ਲਈ ਇੱਕ ਪਾਸੇ ਸੰਭਾਲਿਆ ਹੋਇਆ ਹੈ।’ 12 ਤੁਸੀਂ ਉਸ ਮਨੁੱਖ ਨੂੰ ਆਪਣੇ ਮਾਤਾ-ਪਿਤਾ ਲਈ ਕੁਝ ਵੀ ਨਹੀਂ ਕਰਨ ਦਿੰਦੇ। 13 ਇਸ ਲਈ ਤੁਸੀਂ ਪਰਮੇਸ਼ੁਰ ਦੇ ਬਚਨਾਂ ਨੂੰ ਆਪਣੇ ਦੁਆਰਾ ਲੋਕਾਂ ਨੂੰ ਅਨੁਸਰਣ ਕਰਨ ਲਈ ਦਿੱਤੇ ਹੋਏ ਰਿਵਾਜ਼ਾਂ ਨਾਲ ਰੱਦ ਕਰ ਦਿੰਦੇ ਹੋ ਅਤੇ ਇਸੇ ਤਰ੍ਹਾਂ ਤੁਸੀਂ ਹੋਰ ਵੀ ਬਥੇਰੇ ਕਾਰਜ ਕਰਦੇ ਹੋ।”

14 ਯਿਸੂ ਨੇ ਲੋਕਾਂ ਨੂੰ ਫ਼ੇਰ ਆਪਣੇ ਕੋਲ ਬੁਲਾਕੇ ਆਖਿਆ, “ਤੁਹਾਡੇ ਵਿੱਚੋਂ ਹਰ ਕੋਈ ਮੈਨੂੰ ਧਿਆਨ ਨਾਲ ਸੁਣੇ ਅਤੇ ਸਮਝੇ। 15 ਅਜਿਹਾ ਕੁਝ ਵੀ ਨਹੀਂ ਜਿਹੜਾ ਮਨੁੱਖ ਵਿੱਚ ਬਾਹਰੋਂ ਪ੍ਰਵੇਸ਼ ਕਰਦਾ ਹੈ ਅਤੇ ਉਸ ਨੂੰ ਦੂਸ਼ਿਤ ਕਰਦਾ ਹੈ। ਪਰ ਜਿਹੜੀਆਂ ਗੱਲਾਂ ਉਸ ਵਿਅਕਤੀ ਦੇ ਅੰਦਰੋਂ ਨਿਕਲਦੀਆਂ ਹਨ, ਉਹੀ ਉਸ ਨੂੰ ਦੂਸ਼ਿਤ ਕਰਦੀਆਂ ਹਨ।” 16 [c]

17 ਜਦੋਂ ਯਿਸੂ ਲੋਕਾਂ ਨੂੰ ਛੱਡ ਕੇ ਘਰ ਵਿੱਚ ਵੜਿਆ, ਉਸ ਦੇ ਚੇਲਿਆਂ ਨੇ ਉਸ ਨੂੰ ਇਸ ਦ੍ਰਿਸ਼ਟਾਂਤ ਬਾਰੇ ਪੁੱਛਿਆ। 18 ਉਸ ਨੇ ਆਖਿਆ, “ਕੀ ਤੁਹਾਨੂੰ ਵੀ ਇਹ ਸਮਝਣ ਵਿੱਚ ਮੁਸ਼ਕਿਲ ਹੋ ਰਹੀ ਹੈ? ਕੀ ਤੁਸੀਂ ਨਹੀਂ ਸਮਝਦੇ ਕਿ ਜੋ ਕੁਝ ਵੀ ਬਾਹਰੋਂ ਵਿਅਕਤੀ ਦੇ ਅੰਦਰ ਜਾਂਦਾ ਹੈ ਉਹ ਉਸ ਨੂੰ ਦੂਸ਼ਿਤ ਨਹੀਂ ਕਰ ਸੱਕਦਾ। 19 ਕਿਉਂਕਿ ਇਹ ਚੀਜ਼ਾਂ ਢਿੱਡ ਵਿੱਚ ਜਾਂਦੀਆਂ ਹਨ ਨਾ ਕਿ ਦਿਲ ਵਿੱਚ। ਅਤੇ ਇਹ ਚੀਜ਼ਾਂ ਸਰੀਰ ਵਿੱਚੋਂ ਬਾਹਰ ਆ ਜਾਂਦੀਆਂ ਹਨ।” (ਜਦੋਂ ਯਿਸੂ ਨੇ ਇਹ ਆਖਿਆ, ਤਾਂ ਉਸਦਾ ਭਾਵ ਇਹ ਸੀ ਕਿ ਕੋਈ ਵੀ ਭੋਜਨ ਨਹੀਂ ਜਿਹੜਾ ਮਨੁੱਖ ਲਈ ਅਸ਼ੁੱਧ ਹੈ।)

20 ਅਤੇ ਯਿਸੂ ਨੇ ਆਖਿਆ, “ਉਹ ਜੋ ਕਿਸੇ ਵਿਅਕਤੀ ਵਿੱਚੋਂ ਬਾਹਰ ਆਉਂਦਾ ਹੈ ਉਹੀ ਹੈ ਜੋ ਉਸ ਨੂੰ ਅਸ਼ੁੱਧ ਬਨਾਉਂਦਾ ਹੈ। 21 ਕਿਉਂਕਿ ਇਹੋ ਜਿਹੀਆਂ ਮੰਦੀਆਂ ਗੱਲਾਂ ਮਨੁੱਖ ਦੇ ਦਿਲ ਵਿੱਚੋਂ ਆਉਂਦੀਆਂ ਹਨ ਬੁਰੇ ਵਿੱਚਾਰ, ਜਿਨਸੀ ਪਾਪ, ਚੋਰੀਆਂ, ਕਤਲ, 22 ਵਿਭਚਾਰ, ਸੁਆਰਥਪੁਣਾ, ਬੁਰਾ ਵਿਉਹਾਰ, ਪਾਪੀ ਗੱਲਾਂ, ਧੋਖਾ, ਈਰਖਾ, ਲੋਕਾਂ ਬਾਰੇ ਬੁਰਾ-ਭਲਾ ਕਹਿਣਾ, ਹੰਕਾਰੀ ਬੋਲ ਅਤੇ ਮੂਰੱਖਤਾਈ। 23 ਇਹ ਸਭ ਬੁਰੀਆਂ ਗੱਲਾਂ ਵਿਅਕਤੀ ਦੇ ਅੰਦਰੋਂ ਬਾਹਰ ਨਿਕਲਦੀਆਂ ਹਨ ਅਤੇ ਇਹ ਗੱਲਾਂ ਉਸ ਨੂੰ ਅਸ਼ੁੱਧ ਬਣਾਉਂਦੀਆਂ ਹਨ।”

ਯਿਸੂ ਦਾ ਗੈਰ-ਯਹੂਦੀ ਔਰਤ ਦੀ ਸਹਾਇਤਾ ਕਰਨਾ(C)

24 ਫ਼ੇਰ ਯਿਸੂ ਉੱਥੋਂ ਉੱਠ ਕੇ ਸੂਰ ਦੇ ਇਲਾਕੇ ਵਿੱਚ ਆਇਆ ਅਤੇ ਇੱਕ ਘਰ ਵਿੱਚ ਗਿਆ। ਅਤੇ ਉਹ ਚਾਹੁੰਦਾ ਸੀ ਕਿ ਕਿਸੇ ਨੂੰ ਉਸ ਦੇ ਆਉਣ ਦੀ ਖਬਰ ਨਾ ਹੋਵੇ, ਪਰ ਉਹ ਆਪਣੇ-ਆਪ ਨੂੰ ਲੁਕਿਆ ਨਾ ਰੱਖ ਸੱਕਿਆ। 25 ਇੱਕ ਔਰਤ ਨੇ ਯਿਸੂ ਬਾਰੇ ਸੁਣਿਆ ਅਤੇ ਆਪਣੀ ਛੋਟੀ ਜਿਹੀ ਕੁੜੀ ਨੂੰ ਲਿਆਈ ਜਿਸ ਅੰਦਰ ਇੱਕ ਭਰਿਸ਼ਟ ਆਤਮਾ ਸੀ। ਔਰਤ ਯਿਸੂ ਦੇ ਚਰਣਾਂ ਤੇ ਝੁਕੀ ਤੇ ਪ੍ਰਣਾਮ ਕੀਤਾ। 26 ਉਹ ਔਰਤ ਗੈਰ-ਯਹੂਦੀ ਯੂਨਾਨਣ ਸੀ ਅਤੇ ਉਸਦਾ ਜਨਮ ਸੂਰੁਫ਼ੈਨੀਕਣ ਦਾ ਸੀ ਜੋ ਕਿ ਸੀਰਿਆ ਦਾ ਇਲਾਕਾ ਹੈ। ਉਸ ਨੇ ਯਿਸੂ ਨੂੰ ਉਸਦੀ ਧੀ ਅੰਦਰੋਂ ਭੂਤ ਨੂੰ ਕੱਢਣ ਵਾਸਤੇ ਬੇਨਤੀ ਕੀਤੀ।

27 ਯਿਸੂ ਨੇ ਉਸ ਔਰਤ ਨੂੰ ਆਖਿਆ, “ਸਭ ਤੋਂ ਪਹਿਲਾਂ ਜਿੰਨੀ ਰੋਟੀ ਬੱਚੇ ਚਾਹੁੰਣ ਉਨ੍ਹਾਂ ਨੂੰ ਖਾਣ ਦਿਓ ਕਿਉਂਕਿ ਬੱਚਿਆਂ ਦੀ ਰੋਟੀ ਲੈ ਕੇ ਕਤੂਰਿਆਂ ਨੂੰ ਪਾਉਣੀ ਚੰਗੀ ਗੱਲ ਨਹੀਂ।”

28 ਔਰਤ ਨੇ ਜਵਾਬ ਦਿੱਤਾ, “ਪ੍ਰਭੂ ਜੀ, ਇਹ ਸੱਚ ਹੈ, ਪਰ ਮੇਜ਼ ਦੇ ਹੇਠਾਂ ਬੈਠੇ ਕੁੱਤੇ ਵੀ ਬੱਚਿਆਂ ਦੁਆਰਾ ਛੱਡੇ ਗਏ ਰੋਟੀ ਦੇ ਟੁਕੜੇ ਖਾਂਦੇ ਹਨ।”

29 ਤਾਂ ਯਿਸੂ ਨੇ ਉਸ ਔਰਤ ਨੂੰ ਆਖਿਆ, “ਇਹ ਇੱਕ ਚੰਗਾ ਜਵਾਬ ਹੈ। ਫ਼ਿਰ ਤੂੰ ਜਾ ਸੱਕਦੀ ਹੈਂ। ਭੂਤ ਨੇ ਤੇਰੀ ਧੀ ਨੂੰ ਛੱਡ ਦਿੱਤਾ ਹੈ।”

30 ਫ਼ਿਰ ਉਹ ਔਰਤ ਘਰ ਗਈ ਅਤੇ ਉਸਦੀ ਧੀ ਨੂੰ ਮੰਜੇ ਤੇ ਪਈ ਵੇਖਿਆ ਅਤੇ ਭੂਤ ਨੇ ਉਸ ਨੂੰ ਛੱਡ ਦਿੱਤਾ ਸੀ।

ਯਿਸੂ ਦਾ ਇੱਕ ਬੋਲੇ ਨੂੰ ਠੀਕ ਕਰਨਾ

31 ਉਸ ਨੇ ਸੂਰ ਦਾ ਉਹ ਖੇਤ੍ਰ ਛੱਡ ਦਿੱਤਾ ਅਤੇ ਸੈਦਾ ਰਾਹੀਂ ਦਿਕਾਪੁਲਿਸ ਦੇ ਖੇਤ੍ਰ ਵਿੱਚ ਦੀ ਲੰਘਦਾ ਹੋਇਆ ਗਲੀਲੀ ਝੀਲ ਨੂੰ ਗਿਆ। 32 ਜਦੋਂ ਉਹ ਉੱਥੇ ਸੀ, ਕੁਝ ਲੋਕ ਉਸ ਕੋਲ ਇੱਕ ਬੰਦੇ ਨੂੰ ਲਿਆਏ, ਉਹ ਮਨੁੱਖ ਗੂੰਗਾ ਅਤੇ ਬੋਲਾ ਸੀ। ਉਨ੍ਹਾਂ ਨੇ ਉਸ ਨੂੰ ਅਰਜੋਈ ਕੀਤੀ ਕਿ ਉਹ ਆਪਣੇ ਹੱਥ ਉਸ ਉੱਪਰ ਰੱਖਕੇ ਉਸ ਨੂੰ ਚੰਗਾ ਕਰ ਦੇਵੇ।

33 ਯਿਸੂ ਉਸ ਬੰਦੇ ਨੂੰ ਭੀੜ ਤੋਂ ਵੱਖਰਾ ਕਰਕੇ ਲੈ ਗਿਆ ਅਤੇ ਆਪਣੀਆਂ ਉਂਗਲਾਂ ਉਸ ਦੇ ਕੰਨ ਵਿੱਚ ਪਾਈਆਂ। ਫ਼ਿਰ ਯਿਸੂ ਨੇ ਥੁਕਿਆ ਅਤੇ ਉਸਦੀ ਜੀਭ ਨੂੰ ਛੋਇਆ। 34 ਯਿਸੂ ਨੇ ਅਕਾਸ਼ ਵੱਲ ਵੇਖਿਆ ਅਤੇ ਮੂੰਹ ਚ ਹਉਂਕਾ ਭਰਿਆ ਅਤੇ ਉਸ ਨੂੰ ਆਖਿਆ, “ਇੱਫ਼ਤਾ!” (ਇਸਦਾ ਅਰਥ “ਖੁੱਲ੍ਹ ਜਾ!”) 35 ਜਦੋਂ ਉਸ ਨੇ ਅਜਿਹਾ ਕੀਤਾ ਮਨੁੱਖ ਸੁਨਣ ਦੇ ਸਮਰਥ ਹੋ ਗਿਆ ਅਤੇ ਉਹ ਸਾਫ਼-ਸਾਫ਼ ਬੋਲਣ ਦੇ ਵੀ ਸਮਰੱਥ ਸੀ।

36 ਯਿਸੂ ਨੇ ਲੋਕਾਂ ਨੂੰ ਤਗੀਦ ਕੀਤੀ ਕਿ ਇਸ ਘਟਨਾ ਬਾਰੇ ਕਿਸੇ ਨੂੰ ਨਾ ਕਹਿਣਾ। ਯਿਸੂ ਨੇ ਹਮੇਸ਼ਾ ਲੋਕਾਂ ਨੂੰ ਇਸਦਾ ਹੁਕਮ ਦਿੱਤਾ। ਪਰ ਜਿੰਨਾ ਉਹ ਹੋਰਨਾਂ ਨੂੰ ਨਾ ਦੱਸਣ ਵਾਸਤੇ ਵੱਧ ਹੁਕਮ ਦਿੰਦਾ ਸੀ ਉਹ ਉਸ ਬਾਰੇ ਹੋਰ ਵੀ ਜ਼ਿਆਦਾ ਦੱਸਦੇ। 37 ਲੋਕ ਬੜੇ ਹੈਰਾਨ ਸਨ ਅਤੇ ਆਖਿਆ, “ਯਿਸੂ ਸਭ ਕੁਝ ਵੱਧੀਆ ਕਰਦਾ ਹੈ। ਉਹ ਬੋਲਿਆਂ ਨੂੰ ਸੁਨਣ ਅਤੇ ਗੂੰਗਿਆਂ ਨੂੰ ਬੋਲਣ ਦੇ ਕਾਬਿਲ ਵੀ ਬਨਾਉਂਦਾ ਹੈ।”

Punjabi Bible: Easy-to-Read Version (ERV-PA)

2010 by World Bible Translation Center