Read the Gospels in 40 Days
ਪਰਮੇਸ਼ੁਰ ਦੇ ਨੇਮ ਅਤੇ ਲੋਕਾਂ ਦੀਆਂ ਰੀਤਾਂ(A)
15 ਤਦ ਕੁਝ ਫ਼ਰੀਸੀ ਤੇ ਨੇਮ ਦੇ ਉਪਦੇਸ਼ਕ ਯਿਸੂ ਕੋਲ ਆਏ। ਉਹ ਯਰੂਸ਼ਲਮ ਤੋਂ ਉਸ ਕੋਲ ਆਏ ਤੇ ਕਿਹਾ। 2 “ਤੇਰੇ ਚੇਲੇ ਸਾਡੇ ਵਡੇਰਿਆਂ ਦੀ ਰੀਤ ਦੀ ਉਲੰਘਣਾ ਕਿਉਂ ਕਰਦੇ ਹਨ? ਤੇਰੇ ਚੇਲੇ ਭੋਜਨ ਖਾਣ ਤੋਂ ਪਹਿਲਾਂ ਹੱਥ ਕਿਉਂ ਨਹੀਂ ਧੋਂਦੇ?”
3 ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਤੁਸੀਂ ਵੀ ਆਪਣੀ ਰੀਤ ਨਾਲ ਪਰਮੇਸ਼ੁਰ ਦੇ ਹੁਕਮ ਦੀ ਉਲੰਘਨਾ ਕਿਉਂ ਕਰਦੇ ਹੋ? 4 ਪਰਮੇਸ਼ੁਰ ਨੇ ਫ਼ੁਰਮਾਇਆ ਹੈ ਕਿ, ‘ਤੁਸੀਂ ਆਪਣੇ ਪਿਤਾ ਅਤੇ ਮਾਤਾ ਦਾ ਆਦਰ ਕਰੋ, [a] ਅਤੇ ਪਰਮੇਸ਼ੁਰ ਨੇ ਇਹ ਵੀ ਫ਼ੁਰਮਾਇਆ ਹੈ ਕਿ ਜਿਹੜਾ ਵੀ ਮਨੁੱਖ ਪਿਤਾ ਜਾਂ ਮਾਤਾ ਨੂੰ ਮੰਦਾ ਬੋਲੇ ਉਹ ਜਾਨੋ ਮਾਰਿਆ ਜਾਵੇ।’ [b] 5 ਪਰ ਤੁਸੀਂ ਉਪਦੇਸ਼ ਦਿੰਦੇ ਹੋ ਕਿ ਜਿਹੜਾ ਵਿਅਕਤੀ ਆਪਣੇ ਪਿਤਾ ਜਾਂ ਮਾਤਾ ਨੂੰ ਆਖ ਸੱਕਦਾ ਹੈ, ਮੇਰੇ ਕੋਲ ਕੁਝ ਹੈ ਜੋ ਮੈਂ ਤੁਹਾਡੀ ਸਹਾਇਤਾ ਲਈ ਇਸਤੇਮਾਲ ਕਰ ਸੱਕਦਾ ਹਾਂ ਪਰ ਇਹ ਮੈਂ ਤੁਹਾਡੀ ਸਹਾਇਤਾ ਕਰਨ ਲਈ ਇਸਤੇਮਾਲ ਨਹੀਂ ਕਰਾਂਗਾ। ਮੈਂ ਇਹ ਪਰਮੇਸ਼ੁਰ ਨੂੰ ਦੇਵਾਂਗਾ। 6 ਤੁਸੀਂ ਉਸ ਬੰਦੇ ਨੂੰ ਆਪਣੇ ਪਿਤਾ ਦਾ ਸਤਿਕਾਰ ਨਾ ਕਰਨ ਦਾ ਉਪਦੇਸ਼ ਦਿੰਦੇ ਹੋ। ਇਸ ਤਰ੍ਹਾਂ, ਤੁਸੀਂ ਆਪਣੀ ਪਰੰਪਰਾ ਕਾਰਣ ਪਰਮੇਸ਼ੁਰ ਦੇ ਹੁਕਮਾਂ ਨੂੰ ਵਿਅਰਥ ਕਰ ਦਿੱਤਾ ਹੈ। 7 ਹੇ ਕਪਟੀਓ; ਯਸਾਯਾਹ ਨੇ ਤੁਹਾਡੇ ਬਾਰੇ ਠੀਕ ਅਗੰਮ ਵਾਕ ਕੀਤਾ ਹੈ ਕਿ:
8 ‘ਇਹ ਲੋਕ ਆਪਣੇ ਬੁਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ,
ਪਰ ਇਨ੍ਹਾਂ ਦਾ ਦਿਲ ਮੈਥੋਂ ਦੂਰ ਹੈ।
9 ਉਹ ਕਿਸੇ ਚੀਜ਼ ਵਾਸਤੇ ਮੇਰੀ ਉਪਾਸਨਾ ਨਹੀਂ
ਕਰਦੇ ਕਿਉਂਕਿ ਉਹ ਮਨੁੱਖ ਦੀਆਂ ਬਣਾਈਆਂ ਰੀਤਾਂ ਦਾ ਉਪਦੇਸ਼ ਦਿੰਦੇ ਹਨ।’” (B)
10 ਉਸ ਨੇ ਲੋਕਾਂ ਨੂੰ ਕੋਲ ਸੱਦਕੇ ਉਨ੍ਹਾਂ ਨੂੰ ਆਖਿਆ, “ਸੁਣੋ ਅਤੇ ਸਮਝੋ! 11 ਜੋ ਕੁਝ ਵੀ ਮਨੁੱਖ ਦੇ ਮੂੰਹ ਅੰਦਰ ਜਾਂਦਾ ਹੈ ਉਹ ਉਸ ਨੂੰ ਅਸ਼ੁੱਧ ਨਹੀਂ ਬਣਾਉਂਦਾ, ਸਗੋਂ ਜੋ ਕੁਝ ਵੀ ਉਸ ਵਿਅਕਤੀ ਦੇ ਮੂਹੋਂ ਨਿਕਲਦਾ ਹੈ ਉਹ ਉਸ ਨੂੰ ਅਸ਼ੁੱਧ ਬਣਾਉਂਦਾ ਹੈ।”
12 ਤਦ ਚੇਲੇ ਯਿਸੂ ਕੋਲ ਆਏ ਅਤੇ ਪੁੱਛਿਆ, “ਕੀ ਤੁਹਾਨੂੰ ਪਤਾ ਹੈ ਕਿ ਜੋ ਕੁਝ ਤੁਸੀਂ ਆਖਿਆ ਸੀ, ਫ਼ਰੀਸੀ ਉਸ ਨੂੰ ਸੁਣਕੇ ਨਰਾਜ਼ ਹੋ ਗਏ ਸਨ।”
13 ਯਿਸੂ ਨੇ ਕਿਹਾ, “ਹਰੇਕ ਬੂਟਾ ਜੋ ਮੇਰੇ ਸੁਰਗੀ ਪਿਤਾ ਨੇ ਨਹੀਂ ਲਾਇਆ ਸੋ ਜੜੋਂ ਪੁਟਿਆ ਜਾਵੇਗਾ। 14 ਫ਼ਰੀਸੀਆਂ ਤੋਂ ਦੂਰ ਰਹੋ। ਉਨ੍ਹਾਂ ਨੂੰ ਛੱਡ ਦੇਵੋ। ਉਹ ਅੰਨ੍ਹੇ ਲੋਕਾਂ ਦੇ ਅੰਨ੍ਹੇ ਆਗੂ ਹਨ। ਅਤੇ ਜੇਕਰ ਇੱਕ ਅੰਨ੍ਹਾ ਆਦਮੀ ਦੂਸਰੇ ਅੰਨ੍ਹੇ ਦੀ ਰਾਹਨੁਮਾਈ ਕਰਦਾ ਤਾਂ ਦੋਵੇਂ ਹੀ ਟੋਏ ਵਿੱਚ ਡਿੱਗਣਗੇ।”
15 ਪਤਰਸ ਨੇ ਪੁੱਛਿਆ, “ਜੋ ਕੁਝ ਤੁਸੀਂ ਲੋਕਾਂ ਨੂੰ ਕਿਹਾ ਸਾਨੂੰ ਉਸਦਾ ਅਰਥ ਦੱਸੋ।”
16 ਉਸ ਨੇ ਕਿਹਾ, “ਦੂਜੇ ਲੋਕਾਂ ਦੀ ਤਰ੍ਹਾਂ ਕੀ ਹਾਲੇ ਵੀ ਤੁਹਾਨੂੰ ਸਮਝਣਾ ਮੁਸ਼ਕਿਲ ਹੈ। 17 ਕੀ ਤੁਸੀਂ ਇਹ ਨਹੀਂ ਜਾਣਦੇ ਕਿ ਜੋ ਕੁਝ ਮੂੰਹ ਵਿੱਚ ਪੈਂਦਾ ਹੈ ਉਹ ਢਿੱਡ ਵਿੱਚ ਜਾਂਦਾ ਹੈ, ਅਤੇ ਫ਼ੇਰ ਬਾਹਰ ਆਉਂਦਾ ਹੈ ਅਤੇ ਪੱਖਾਨੇ ਵਿੱਚ ਜਾਂਦਾ ਹੈ? 18 ਪਰ ਜਿਹੜੀਆਂ ਗੱਲਾਂ ਮੂੰਹੋਂ ਨਿਕਲਦੀਆਂ ਹਨ, ਉਹ ਦਿਲੋਂ ਆਉਂਦੀਆਂ ਹਨ, ਅਤੇ ਇਹੋ ਗੱਲਾਂ ਮਨੁੱਖ ਨੂੰ ਅਸ਼ੁੱਧ ਬਣਾ ਦਿੰਦੀਆਂ ਹਨ। 19 ਕਿਉਂਕਿ ਸਾਰੀਆਂ ਬੁਰੀਆਂ ਗੱਲਾਂ, ਜਿਵੇਂ, ਦੁਸ਼ਟ ਵਿੱਚਾਰ, ਕਤਲ, ਬਦਕਾਰੀ, ਜਿਨਸੀ ਗੁਨਾਹ, ਚੋਰੀ ਕਰਨਾ, ਝੂਠ ਬੋਲਣਾ ਅਤੇ ਭੰਡੀ ਕਰਨੀ, ਵਿਅਕਤੀ ਦੇ ਦਿਲੋਂ ਹੀ ਆਉਂਦੀਆਂ ਹਨ। 20 ਇਹੋ ਗੱਲਾਂ ਹਨ ਜਿਹੜੀਆਂ ਮਨੁੱਖ ਨੂੰ ਅਸ਼ੁੱਧ ਬਣਾਉਂਦੀਆਂ ਹਨ, ਪਰ ਬਿਨਾ ਹੱਥ ਧੋਇਆਂ ਰੋਟੀ ਖਾਣੀ, ਮਨੁੱਖ ਨੂੰ ਅਸ਼ੁੱਧ ਨਹੀਂ ਬਣਾਉਂਦੀ।”
ਯਿਸੂ ਦਾ ਇੱਕ ਗ਼ੈਰ-ਯਹੂਦੀ ਔਰਤ ਨੂੰ ਬਚਾਉਣਾ(C)
21 ਯਿਸੂ ਉੱਥੋਂ ਚੱਲ ਕੇ ਸੂਰ ਅਤੇ ਸੈਦਾ ਦੇ ਇਲਾਕੇ ਵਿੱਚ ਗਿਆ। 22 ਉਸ ਇਲਾਕੇ ਵਿੱਚੋਂ ਇੱਕ ਕਨਾਨੀ ਔਰਤ ਆਈ ਅਤੇ ਉੱਚੀ ਅਵਾਜ਼ ਵਿੱਚ ਬੋਲੀ, “ਹੇ ਪ੍ਰਭੂ, ਦਾਊਦ ਦੇ ਪੁੱਤਰ! ਮੇਰੇ ਉੱਤੇ ਦਯਾ ਕਰੋ ਮੇਰੀ ਧੀ ਦਾ ਭੂਤ ਦੇ ਸਾਏ ਨਾਲ ਬੁਰਾ ਹਾਲ ਹੈ।”
23 ਪਰ ਯਿਸੂ ਨੇ ਜਵਾਬ ਵਿੱਚ ਉਸ ਔਰਤ ਨੂੰ ਇੱਕ ਸ਼ਬਦ ਨਾ ਆਖਿਆ। ਉਸ ਦੇ ਚੇਲੇ ਉਸ ਕੋਲ ਆਏ ਅਤੇ ਉਸ ਨੂੰ ਬੇਨਤੀ ਕੀਤੀ, “ਐਰਤ ਨੂੰ ਕਹੋ ਕਿ ਉਹ ਚਲੀ ਜਾਵੇ। ਉਹ ਸਾਡਾ ਪਿੱਛਾ ਕਰਦੀ ਹੋਈ ਰੌਲਾ ਪਾ ਰਹੀ ਹੈ।”
24 ਤਦ ਯਿਸੂ ਨੇ ਆਖਿਆ, “ਮੈਨੂੰ ਸਿਰਫ਼ ਇਸਰਾਏਲ ਦੀਆਂ ਗੁਆਚੀਆਂ ਹੋਈਆਂ ਭੇਡਾਂ ਲਈ ਘੱਲਿਆ ਗਿਆ ਹੈ।”
25 ਪਰ ਉਹ ਯਿਸੂ ਕੋਲ ਆਈ ਅਤੇ ਉਸ ਦੇ ਅੱਗੇ ਮੱਥਾ ਟੇਕ ਕੇ ਬੋਲੀ, “ਪ੍ਰਭੂ ਜੀ, ਮੇਰੀ ਸਹਾਇਤਾ ਕਰੋ।”
26 ਤਾਂ ਯਿਸੂ ਨੇ ਉੱਤਰ ਦਿੱਤਾ, “ਬਾਲਕਾਂ ਦੀ ਰੋਟੀ ਲੈ ਕੇ ਕੁੱਤਿਆਂ ਅੱਗੇ ਸੁੱਟਣੀ ਚੰਗੀ ਨਹੀਂ ਹੈ।”
27 ਉਸ ਨੇ ਆਖਿਆ, “ਹਾਂ ਪ੍ਰਭੂ ਜੀ, ਪਰ ਕੁੱਤੇ ਵੀ ਆਪਣੇ ਮਾਲਕ ਦੀ ਮੇਜ਼ ਤੋਂ ਡਿੱਗੇ ਰੋਟੀ ਦੇ ਟੁਕੜੇ ਖਾਂਦੇ ਹਨ।”
28 ਤਦ ਯਿਸੂ ਨੇ ਉੱਤਰ ਦਿੱਤਾ, “ਹੇ ਬੀਬੀ ਤੇਰੀ ਵਿਸ਼ਵਾਸ ਵੱਡੀ ਹੈ। ਜਿਵੇਂ ਤੂੰ ਚਾਹੇਂ ਉਵੇਂ ਹੀ ਹੋਵੇ।” ਇਉਂ ਉਸਦੀ ਧੀ ਉਸੇ ਵੇਲੇ ਹੀ ਚੰਗੀ ਹੋ ਗਈ।
ਯਿਸੂ ਦਾ ਬਹੁਤ ਸਾਰੇ ਲੋਕਾਂ ਨੂੰ ਠੀਕ ਕਰਨਾ
29 ਯਿਸੂ ਉੱਥੋਂ ਤੁਰਕੇ ਗਲੀਲੀ ਝੀਲ ਦੇ ਨੇੜੇ ਆਇਆ, ਅਤੇ ਪਹਾੜ ਉੱਤੇ ਚੜ੍ਹ੍ਹਕੇ ਉੱਥੇ ਬਹਿ ਗਿਆ।
30 ਬਹੁਤ ਸਾਰੇ ਲੋਕ ਉਸ ਕੋਲ ਆਏ। ਉਹ ਆਪਣੇ ਨਾਲ ਲੰਗੜੀਆਂ, ਅੰਨ੍ਹਿਆਂ, ਟੁੰਡਿਆਂ, ਗੂੰਗਿਆਂ ਅਤੇ ਹੋਰ ਬਹੁਤ ਸਾਰਿਆਂ ਨੂੰ ਲੈ ਕੇ ਆਏ। ਅਤੇ ਉਨ੍ਹਾਂ ਨੂੰ ਯਿਸੂ ਦੇ ਚਰਨੀਂ ਲਾਇਆ ਅਤੇ ਯਿਸੂ ਨੇ ਉਨ੍ਹਾਂ ਸਾਰਿਆਂ ਨੂੰ ਚੰਗਾ ਕੀਤਾ। 31 ਲੋਕਾਂ ਨੇ ਵੇਖਿਆ ਕਿ ਗੂੰਗੇ ਬੋਲ ਰਹੇ ਹਨ, ਟੁੰਡੇ ਚੰਗੇ ਹੁੰਦੇ ਹਨ, ਲੰਗੜ੍ਹੇ ਤੁਰਦੇ ਹਨ ਅਤੇ ਅੰਨ੍ਹੇ ਵੇਖਦੇ ਹਨ ਤਾਂ ਹੈਰਾਨ ਹੋਏ ਅਤੇ ਉਨ੍ਹਾਂ ਨੇ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤਿ ਕੀਤੀ।
ਯਿਸੂ ਦਾ ਚਾਰ ਹਜ਼ਾਰ ਤੋਂ ਵੱਧ ਲੋਕਾਂ ਨੂੰ ਭੋਜਨ ਕਰਾਉਣਾ(D)
32 ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕੋਲ ਸੱਦ ਕੇ ਕਿਹਾ, “ਮੈਨੂੰ ਲੋਕਾਂ ਉੱਤੇ ਤਰਸ ਆਉਂਦਾ ਹੈ, ਕਿਉਂਕਿ ਇਹ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਰਹਿ ਰਹੇ ਹਨ, ਅਤੇ ਇਨ੍ਹਾਂ ਦੇ ਕੋਲ ਖਾਣ ਨੂੰ ਕੁਝ ਨਹੀਂ ਅਤੇ ਮੈਂ ਨਹੀਂ ਚਾਹੁੰਦਾ ਕਿ ਇਨ੍ਹਾਂ ਨੂੰ ਭੁੱਖਿਆਂ ਵਿਦਾ ਕਰਾਂ, ਕਿਤੇ ਉਹ ਰਸਤੇ ਵਿੱਚ ਹੀ ਭੁੱਖ ਦੇ ਮਾਰੇ ਬੇਹੋਸ਼ ਨਾ ਹੋ ਜਾਣ।”
33 ਚੇਲਿਆਂ ਨੇ ਯਿਸੂ ਨੂੰ ਜਵਾਬ ਦਿੱਤਾ, “ਅਸੀਂ ਇਨ੍ਹਾਂ ਸਾਰੇ ਲੋਕਾਂ ਦੇ ਖਾਣ ਲਈ ਕਾਫ਼ੀ ਭੋਜਨ ਇਸ ਬੀਆਬਾਨ ਜਗ੍ਹਾ ਵਿੱਚ ਕਿੱਥੋਂ ਪ੍ਰਾਪਤ ਕਰ ਸੱਕਦੇ ਹਾਂ?”
34 ਤਦ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ?”
ਉਹ ਬੋਲੇ, “ਸੱਤ ਰੋਟੀਆਂ ਅਤੇ ਥੋੜੀਆਂ ਨਿੱਕੀਆਂ ਮੱਛੀਆਂ ਹਨ।”
35 ਤਦ ਯਿਸੂ ਨੇ ਭੀੜ ਨੂੰ ਹੇਠਾਂ ਜ਼ਮੀਨ ਤੇ ਬੈਠਣ ਨੂੰ ਕਿਹਾ। 36 ਤਦ ਉਸ ਨੇ ਸੱਤ ਰੋਟੀਆਂ ਅਤੇ ਮੱਛੀਆਂ ਲਈਆਂ ਅਤੇ ਪਰਮੇਸ਼ੁਰ ਦਾ ਸ਼ੁਕਰ ਕਰਕੇ ਤੋੜੀਆਂ ਅਤੇ ਚੇਲਿਆਂ ਨੂੰ ਦਿੱਤੀਆਂ ਅਤੇ ਚੇਲਿਆਂ ਨੇ ਲੋਕਾਂ ਵਿੱਚ ਵੰਡਿਆਂ। 37 ਸਭ ਲੋਕਾਂ ਨੇ ਰੱਜਕੇ ਖਾਧਾ, ਅਤੇ ਉਸ ਦੇ ਚੇਲਿਆਂ ਨੇ ਬਚੇ ਹੋਏ ਭੋਜਨ ਨਾਲ ਸੱਤ ਟੋਕਰੀਆਂ ਭਰੀਆਂ। 38 ਔਰਤਾਂ ਅਤੇ ਬੱਚਿਆਂ ਦੇ ਖਾਣ ਤੋਂ ਛੁੱਟ ਉੱਥੇ ਘੱਟ ਤੋਂ ਘੱਟ ਚਾਰ ਹਜ਼ਾਰ ਆਦਮੀ ਸਨ। 39 ਫ਼ਿਰ ਲੋਕਾਂ ਨੂੰ ਵਿਦਾ ਕਰਕੇ ਉਹ ਬੇੜੀ ਉੱਤੇ ਚੜ੍ਹ੍ਹ ਗਿਆ ਅਤੇ ਮਗਦਾਨ ਦੇ ਇਲਾਕੇ ਵਿੱਚ ਆਇਆ।
ਯਹੂਦੀ ਆਗੂਆਂ ਨੇ ਯਿਸੂ ਦਾ ਇਮਤਿਹਾਨ ਲਿਆ(E)
16 ਫ਼ਰੀਸੀਆਂ ਅਤੇ ਸਦੂਕੀਆਂ ਨੇ ਯਿਸੂ ਕੋਲ ਆਕੇ ਪਰਤਾਉਣ ਲਈ ਉਸ ਅੱਗੇ ਪ੍ਰਾਰਥਨਾ ਕੀਤੀ ਕਿ ਸਾਨੂੰ ਕੋਈ ਚਮਤਕਾਰੀ ਨਿਸ਼ਾਨ ਵਿਖਾਓ।
2 ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਜਦੋਂ ਤੁਸੀਂ ਡੁੱਬਦੇ ਸੂਰਜ ਨੂੰ ਵੇਖਦੇ ਹੋ, ਤਾਂ ਤੁਸੀਂ ਜਾਣਦੇ ਹੋ ਕਿ ਮੌਸਮ ਕਿਵੇਂ ਦਾ ਹੋਵੇਗਾ। ਜੇਕਰ ਅਕਾਸ਼ ਲਾਲ ਹੋਵੇ, ਤਾਂ ਤੁਸੀਂ ਆਖਦੇ ਹੋ ਕਿ ਮੌਸਮ ਚੰਗਾ ਹੋਵੇਗਾ। 3 ਅਤੇ ਜੇਕਰ ਸਵੇਰੇ ਅਕਾਸ਼ ਲਾਲ ਅਤੇ ਬੱਦਲਵਾਈ ਹੋਵੇ ਤਾਂ ਤੁਸੀਂ ਆਖਦੇ ਹੋ ਕਿ ਇਹ ਮੀਂਹ ਵਾਲਾ ਦਿਨ ਹੋਵੇਗਾ। ਇਹ ਸਭ ਮੌਸਮ ਦੇ ਦਿਨ ਹਨ। ਜਿਵੇਂ ਤੁਸੀਂ ਇਨ੍ਹਾਂ ਸਾਰੇ ਦਿਨਾਂ ਦੇ ਅਕਾਸ਼ ਨੂੰ ਵੇਖਦੇ ਹੋ ਅਤੇ ਜਾਣਦੇ ਹੋ ਕਿ ਇਨ੍ਹਾਂ ਦੇ ਕੀ ਅਰਥ ਹਨ ਤਿਵੇਂ ਹੀ, ਜੋ ਕੁਝ ਹੁਣ ਵਾਪਰ ਰਿਹਾ ਹੈ, ਇਹ ਵੀ ਸਭ ਨਿਸ਼ਾਨ ਹਨ, ਪਰ ਤੁਸੀਂ ਇਨ੍ਹਾਂ ਨਿਸ਼ਾਨਾਂ ਤੋਂ ਅਨਜਾਣ ਹੋ। 4 ਇਸ ਪੀੜ੍ਹੀ ਦੇ ਦੁਸ਼ਟ ਅਤੇ ਪਾਪੀ ਲੋਕ ਚਮਤਕਾਰ ਚਾਹੁੰਦੇ ਹਨ ਪਰ ਲੋਕਾਂ ਨੂੰ ਯੂਨਾਹ ਦੇ ਨਿਸ਼ਾਨ ਤੋਂ ਬਿਨਾ ਹੋਰ ਕੋਈ ਨਿਸ਼ਾਨ ਨਹੀਂ ਵਿਖਾਇਆ ਜਾਵੇਗਾ।” ਤਦ ਉਹ ਉਨ੍ਹਾਂ ਨੂੰ ਛੱਡ ਕੇ ਚੱਲਿਆ ਗਿਆ।
ਯਿਸੂ ਦੀ ਯਹੂਦੀ ਆਗੂਆਂ ਦੇ ਵਿਰੁੱਧ ਚਿਤਾਵਨੀ(F)
5 ਚੇਲਿਆਂ ਨੇ ਝੀਲ ਪਾਰ ਕਰ ਲਈ, ਪਰ ਰੋਟੀ ਲਿਆਉਣੀ ਭੁੱਲ ਗਏ। 6 ਇਸ ਲਈ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਸਚੇਤ ਰਹੋ! ਫ਼ਰੀਸੀਆਂ ਅਤੇ ਸਦੂਕੀਆਂ ਦੇ ਖਮੀਰ ਤੋਂ ਆਪਣੇ-ਆਪ ਨੂੰ ਬਚਾਓ।”
7 ਚੇਲਿਆਂ ਨੇ ਇੱਕ ਦੂਜੇ ਨਾਲ ਵਿੱਚਾਰ ਕੀਤਾ ਅਤੇ ਆਖਿਆ, “ਉਸਨੇ ਅਜਿਹਾ ਇਸ ਲਈ ਆਖਿਆ ਹੋਵੇਗਾ ਕਿਉਂ ਕਿ ਅਸੀਂ ਰੋਟੀ ਲਿਆਉਣੀ ਭੁੱਲ ਗਏ ਹਾਂ?”
8 ਪਰ ਯਿਸੂ ਨੇ ਇਹ ਜਾਣਕੇ ਕਿਹਾ, “ਹੇ ਥੋੜੀ ਪਰਤੀਤ ਵਾਲਿਓ, ਤੁਸੀਂ ਰੋਟੀ ਨਾ ਹੋਣ ਕਰਕੇ ਆਪਸ ਵਿੱਚ ਕੀ ਵਿੱਚਾਰਾਂ ਕਰਦੇ ਪਏ ਹੋ? 9 ਕੀ ਅਜੇ ਵੀ ਤੁਸੀਂ ਨਹੀਂ ਸਮਝੇ? ਕੀ ਤੁਹਾਨੂੰ ਯਾਦ ਨਹੀਂ ਕਿ ਮੈਂ ਪੰਜ ਰੋਟੀਆਂ ਨਾਲ ਪੰਜ ਹਜ਼ਾਰ ਲੋਕਾਂ ਦੀ ਭੁੱਖ ਮਿਟਾਈ ਸੀ? ਕੀ ਤੁਹਾਨੂੰ ਯਾਦ ਨਹੀਂ ਕਿ ਬਚੇ ਹੋਏ ਭੋਜਨ ਨਾਲ ਤੁਸੀਂ ਕਿੰਨੇ ਟੋਕਰੇ ਭਰੇ ਸਨ। 10 ਕੀ ਤੁਹਾਨੂੰ ਯਾਦ ਨਹੀਂ ਮੈਂ ਸੱਤਾਂ ਰੋਟੀਆਂ ਨਾਲ ਚਾਰ ਹਜ਼ਾਰ ਲੋਕਾਂ ਦੀ ਭੁੱਖ ਮਿਟਾਈ ਸੀ? ਕੀ ਤੁਹਾਨੂੰ ਯਾਦ ਨਹੀਂ ਕਿ ਬਚੇ ਹੋਏ ਭੋਜਨ ਨਾਲ ਤੁਸੀਂ ਕਿੰਨੇ ਟੋਕਰੇ ਭਰੇ ਸਨ? 11 ਤਾਂ ਤੁਸੀਂ ਕਿਉਂ ਨਹੀਂ ਸਮਝਦੇ ਕਿ ਮੈਂ ਤੁਹਾਨੂੰ ਰੋਟੀ ਬਾਰੇ ਨਹੀਂ ਆਖ ਰਿਹਾ ਸੀ? ਪਰ ਮੈਂ ਤੁਹਾਨੂੰ ਫ਼ਰੀਸੀਆਂ ਅਤੇ ਸਦੂਕੀਆਂ ਦੇ ਖਮੀਰ ਬਾਰੇ ਹੁਸ਼ਿਆਰ ਰਹਿਣ ਲਈ ਕਹਿ ਰਿਹਾ ਸੀ।”
12 ਫ਼ੇਰ ਉਹ ਚੇਲੇ ਜਾਣ ਗਏ ਕਿ ਉਹ ਉਨ੍ਹਾਂ ਨੂੰ ਰੋਟੀ ਵਿੱਚ ਵਰਤੇ ਜਾਣ ਵਾਲੇ ਖਮੀਰ ਤੋਂ ਸਾਵੱਧਾਨ ਰਹਿਣ ਲਈ ਨਹੀਂ ਆਖ ਰਿਹਾ ਸੀ। ਅਸਲ ਵਿੱਚ ਉਹ ਉਨ੍ਹਾਂ ਨੂੰ ਫ਼ਰੀਸੀਆਂ ਅਤੇ ਸਦੂਕੀਆਂ ਦੇ ਉਪਦੇਸ਼ਾਂ ਦੇ ਖਿਲਾਫ਼ ਆਪਣੇ-ਆਪ ਦੀ ਰੱਖਿਆ ਕਰਨ ਲਈ ਕਹਿ ਰਿਹਾ ਸੀ।
ਪਤਰਸ ਨੇ ਕਿਹਾ ਯਿਸੂ ਹੀ ਮਸੀਹ ਹੈ(G)
13 ਕੈਸਰੀਆ ਫ਼ਿਲਿੱਪੀ ਦੇ ਇਲਾਕੇ ਵਿੱਚ ਆਕੇ ਯਿਸੂ ਨੇ ਆਪਣੇ ਚੇਲਿਆਂ ਨੂੰ ਪੁੱਛਿਆ, “ਲੋਕੀਂ ਕਿਸਨੂੰ ਆਖਦੇ ਹਨ ਕਿ ਉਹ ਮਨੁੱਖ ਦਾ ਪੁੱਤਰ ਹੈ?”
14 ਉਹ ਬੋਲੇ, “ਕੋਈ ਤਾਂ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਕਹਿੰਦੇ ਹਨ ਅਤੇ ਕੋਈ ਏਲੀਯਾਹ ਅਤੇ ਕੋਈ ਯਿਰਮਿਯਾਹ ਜਾਂ ਨਬੀਆਂ ਵਿੱਚੋਂ ਕਿਸੇ ਇੱਕ ਨੂੰ।”
15 ਉਸ ਨੇ ਉਨ੍ਹਾਂ ਨੂੰ ਕਿਹਾ, “ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ?”
16 ਸ਼ਮਊਨ ਪਤਰਸ ਨੇ ਉੱਤਰ ਦਿੱਤਾ, “ਤੁਸੀਂ ਮਸੀਹ ਹੋ, ਜਿਉਂਦੇ ਪਰਮੇਸ਼ੁਰ ਦੇ ਪੁੱਤਰ ਹੋ।”
17 ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਤੂੰ ਧੰਨ ਹੈ ਯੂਨਾਹ ਦੇ ਪੁੱਤਰ ਸ਼ਮਊਨ। ਕਿਉਂਕਿ ਇਹ ਗੱਲ ਤੈਨੂੰ ਮਨੁੱਖ ਦੁਆਰਾ ਨਹੀਂ ਪ੍ਰਗਟਾਈ ਗਈ ਸਗੋਂ ਮੇਰੇ ਪਿਤਾ ਦੁਆਰਾ ਜੋ ਕਿ ਸਵਰਗ ਵਿੱਚ ਹੈ। 18 ਮੈਂ ਵੀ ਤੈਨੂੰ ਆਖਦਾ ਹਾਂ ਕਿ ਤੂੰ ਪਤਰਸ ਹੈਂ, ਅਤੇ ਮੈਂ ਆਪਣੀ ਕਲੀਸਿਯਾ ਇਸ ਚੱਟਾਨ ਉੱਪਰ ਬਨਾਵਾਂਗਾ। ਮੌਤ ਦੀ ਸ਼ਕਤੀ ਕਦੀ ਵੀ ਮੇਰੀ ਕਲੀਸਿਯਾ ਨੂੰ ਹਰਾਉਣ ਦੇ ਕਾਬਿਲ ਨਹੀਂ ਹੋਵੇਗੀ। 19 ਮੈਂ ਤੈਨੂੰ ਸਵਰਗ ਦੇ ਰਾਜ ਦੀਆਂ ਕੁੰਜੀਆਂ ਦੇਵਾਂਗਾ। ਜੋ ਨਿਆਂ ਤੂੰ ਧਰਤੀ ਉੱਤੇ ਕਰੇਂਗਾ ਪਰਮੇਸ਼ੁਰ ਦੁਆਰਾ ਕੀਤਾ ਨਿਆਂ ਹੋਵੇਗਾ। ਜਿਸ ਮੁਆਫ਼ੀ ਦਾ ਇਕਰਾਰ ਤੂੰ ਧਰਤੀ ਤੇ ਕਰੇਂਗਾ ਉਹ ਪਰਮੇਸ਼ੁਰ ਦੁਆਰਾ ਦਿੱਤੀ ਗਈ ਮਾਫ਼ੀ ਹੋਵੇਗੀ।”
20 ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਖਬਰਦਾਰ ਕੀਤਾ ਕਿ ਉਹ ਕਿਸੇ ਨੂੰ ਨਾ ਕਹਿਣ ਕਿ ਉਹੀ ਮਸੀਹ ਹੈ।
ਯਿਸੂ ਆਪਣੀ ਮੌਤ ਬਾਰੇ ਅਗੰਮ ਵਾਕ ਕਰਦਾ(H)
21 ਉਸ ਸਮੇਂ ਤੋਂ, ਯਿਸੂ ਨੇ ਆਪਣੇ ਚੇਲਿਆਂ ਨੂੰ ਵਰਨਣ ਕਰਨਾ ਸ਼ੁਰੂ ਕੀਤਾ ਕਿ ਉਸ ਨੂੰ ਯਰੂਸ਼ਲਮ ਜਰੂਰ ਜਾਣਾ ਪਵੇਗਾ, ਅਤੇ ਬਜੁਰਗ ਯਹੂਦੀ ਆਗੂਆਂ, ਪਰਧਾਨ ਜਾਜਕਾਂ, ਅਤੇ ਨੇਮ ਦੇ ਉਪਦੇਸ਼ਕਾਂ ਦੁਆਰਾ ਬਹੁਤ ਕਸ਼ਟ ਝੱਲਣੇ ਪੈਣਗੇ। ਅਤੇ ਇਹ ਵੀ ਦੱਸਿਆ ਕਿ ਉਹ ਮਾਰਿਆ ਜਾਵੇਗਾ ਪਰ ਮਰਨ ਦੇ ਤੀਜੇ ਦਿਨ ਉਹ ਫ਼ੇਰ ਜੀ ਉੱਠੇਗਾ।
22 ਤਦ ਪਤਰਸ ਉਸ ਨੂੰ ਇੱਕ ਪਾਸੇ ਲਿਜਾਕੇ ਝਿੜਕਣ ਲੱਗਾ, “ਪ੍ਰਭੂ, ਪਰਮੇਸ਼ੁਰ ਤੁਹਾਨੂੰ ਉਨ੍ਹਾਂ ਗੱਲਾਂ ਤੋਂ ਬਚਾਵੇ। ਇਹ ਕਦੇ ਵੀ ਤੁਹਾਡੇ ਨਾਲ ਨਾ ਵਾਪਰੇ!”
23 ਯਿਸੂ ਮੁੜਿਆ ਅਤੇ ਪਤਰਸ ਨੂੰ ਆਖਿਆ, “ਹੇ ਸ਼ੈਤਾਨ, ਮੈਥੋਂ ਦੂਰ ਚੱਲਿਆ ਜਾ। ਤੂੰ ਮੇਰੀ ਸਹਾਇਤਾ ਨਹੀਂ ਕਰ ਰਿਹਾ, ਤੂੰ ਪਰਮੇਸ਼ੁਰ ਦੇ ਬਚਨਾਂ ਦਾ ਧਿਆਨ ਨਹੀਂ ਕਰ ਰਿਹਾ ਸਗੋਂ ਤੂੰ ਉਨ੍ਹਾਂ ਗੱਲਾਂ ਲਈ ਫ਼ਿਕਰਮੰਦ ਹੈਂ ਜਿਨ੍ਹਾਂ ਨੂੰ ਲੋਕ ਜਰੂਰੀ ਸਮਝਦੇ ਹਨ।”
24 ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ, ਤਾਂ ਉਸ ਨੂੰ ਉਨ੍ਹਾਂ ਗੱਲਾਂ ਨੂੰ ‘ਨਾਂਹ’ ਆਖਣੀ ਪਵੇਗੀ ਜਿਨ੍ਹਾਂ ਨੂੰ ਉਹ ਚਾਹੁੰਦਾ ਹੈ। ਉਸ ਵਿਅਕਤੀ ਨੂੰ ਉਹ ਸਲੀਬ ਕਬੂਲ ਕਰਨੀ ਚਾਹੀਦੀ ਹੈ ਜੋ ਉਸ ਨੂੰ ਦਿੱਤੀ ਗਈ ਹੈ ਅਤੇ ਮੇਰਾ ਪਿੱਛਾ ਕਰਨਾ ਚਾਹੀਦਾ ਹੈ। 25 ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣਾ ਚਾਹੇਗਾ ਉਹ ਉਸ ਨੂੰ ਗੁਆ ਦੇਵੇਗਾ। ਅਤੇ ਹਰ ਉਹ ਵਿਅਕਤੀ ਜੋ ਮੇਰੇ ਲਈ ਆਪਣੀ ਜਾਨ ਗੁਆਵੇਗਾ ਉਹ ਉਸ ਨੂੰ ਪਾ ਲਵੇਗਾ। 26 ਕਿਸੇ ਵਿਅਕਤੀ ਨੂੰ ਕੀ ਲਾਭ ਹੋਵੇਗਾ ਜੇਕਰ ਉਹ ਸਾਰੀ ਦੁਨੀਆਂ ਜਿੱਤ ਲਵੇ, ਪਰ ਆਪਣੇ ਪ੍ਰਾਣ ਗੁਆ ਲਵੇ? ਵਿਅਕਤੀ ਆਪਣੇ ਪ੍ਰਾਣ ਵਾਪਸ ਲੈਣ ਲਈ ਕੁਝ ਵੀ ਨਹੀਂ ਦੇ ਸੱਕਦਾ। 27 ਮਨੁੱਖ ਦਾ ਪੁੱਤਰ ਆਪਣੇ ਦੂਤਾਂ ਸਮੇਤ ਅਤੇ ਪਿਤਾ ਦੀ ਮਹਿਮਾ ਨਾਲ ਮੁੜ ਆਵੇਗਾ। ਅਤੇ ਉਸ ਵਕਤ ਮਨੁੱਖ ਦਾ ਪੁੱਤਰ ਹਰ ਇੱਕ ਨੂੰ ਉਸਦੀ ਕਰਨੀ ਦਾ ਫ਼ਲ ਦੇਵੇਗਾ। 28 ਮੈਂ ਸੱਚ-ਮੁੱਚ ਤੁਹਾਨੂੰ ਸੱਚ ਆਖਦਾ ਹਾਂ ਕਿ ਇੱਥੇ ਖੜ੍ਹੇ ਲੋਕਾਂ ਵਿੱਚੋਂ ਕੁਝ ਲੋਕ ਮਰਨ ਤੋਂ ਪਹਿਲਾਂ ਮਨੁੱਖ ਦੇ ਪੁੱਤਰ ਨੂੰ ਆਪਣੇ ਰਾਜ ਨਾਲ ਆਉਂਦਾ ਦੇਖਣਗੇ।”
2010 by World Bible Translation Center