Read the Gospels in 40 Days
ਯਿਸੂ ਅੰਗੂਰਾਂ ਦੀ ਵੇਲ ਹੈ
15 ਯਿਸੂ ਨੇ ਆਖਿਆ, “ਮੈਂ ਅੰਗੂਰ ਦੀ ਸੱਚੀ ਵੇਲ ਹਾਂ, ਮੇਰਾ ਪਿਤਾ ਬਾਗਵਾਨ ਹੈ। 2 ਹਰ ਉਹ ਟਹਿਣੀ ਜਿਹੜੀ ਫਲ ਨਹੀਂ ਦਿੰਦੀ, ਉਹ ਕੱਟ ਸੁੱਟਦਾ ਹੈ। ਉਹ ਹਰ ਟਹਿਣੀ ਨੂੰ ਚੰਗੀ ਤਰ੍ਹਾਂ ਛਾਂਗਦਾ, ਜਿਹੜੀ ਫਲ ਦਿੰਦੀ ਹੈ ਅਤੇ ਉਸ ਨੂੰ ਸਾਫ਼ ਕਰਦਾ ਹੈ ਤਾਂ ਜੋ ਉਹ ਹੋਰ ਵੱਧੇਰੇ ਫਲ ਪੈਦਾ ਕਰੇ। 3 ਤੁਸੀਂ ਪਹਿਲਾਂ ਹੀ ਮੇਰੇ ਦਿੱਤੇ ਹੋਏ ਉਪਦੇਸ਼ ਦੁਆਰਾ ਸਾਫ਼ ਹੋਂ। 4 ਮੇਰੇ ਵਿੱਚ ਸਥਿਰ ਰਹੋ ਅਤੇ ਮੈਂ ਤੁਹਾਡੇ ਵਿੱਚ ਸਥਿਰ ਰਹਾਂਗਾ। ਕੋਈ ਵੀ ਟਹਿਣੀ ਆਪਣੇ-ਆਪ ਫ਼ਲ ਨਹੀਂ ਦੇ ਸੱਕਦੀ। ਇਸੇ ਤਰ੍ਹਾਂ, ਜੇਕਰ ਤੁਸੀਂ ਮੇਰੇ ਵਿੱਚ ਸਥਿਰ ਨਹੀਂ ਰਹੋਂਗੇ, ਤੁਸੀਂ ਫ਼ਲ ਪੈਦਾ ਕਰਨ ਦੇ ਯੋਗ ਨਹੀਂ ਹੋਵੋਂਗੇ।
5 “ਅੰਗੂਰਾਂ ਦੀ ਵੇਲ ਮੈਂ ਹਾਂ ਤੇ ਤੁਸੀਂ ਉਸ ਦੀਆਂ ਟਹਿਣੀਆਂ ਹੋ। ਜੇਕਰ ਕੋਈ ਮਨੁੱਖ ਮੇਰੇ ਵਿੱਚ ਰਹਿੰਦਾ ਹੈ, ਮੈਂ ਉਸ ਵਿੱਚ ਹੋਵਾਂਗਾ ਅਤੇ ਉਹ ਮਨੁੱਖ ਅਨੇਕਾਂ ਫ਼ਲ ਦੇਵੇਗਾ ਪਰ ਮੈਥੋਂ ਬਗੈਰ ਤੁਸੀਂ ਕੁਝ ਵੀ ਨਹੀਂ ਕਰ ਸੱਕਦੇ। 6 ਜੇਕਰ ਕੋਈ ਮੇਰੇ ਵਿੱਚ ਸਥਿਰ ਨਹੀਂ ਰਹਿੰਦਾ, ਉਹ ਇੱਕ ਟਹਿਣੀ ਦੀ ਤਰ੍ਹਾਂ ਹੈ ਜੋ ਕਿ ਬਾਹਰ ਸੁੱਟਿਆ ਗਿਆ ਹੈ। ਅਤੇ ਸੁੱਕ ਗਿਆ ਹੈ। ਅਜਿਹੀਆਂ ਟਹਿਣੀਆਂ ਨੂੰ ਲੋਕੀ ਅੱਗ ਵਿੱਚ ਸੁੱਟ ਦਿੰਦੇ ਹਨ। 7 ਜੇਕਰ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਸਿੱਖਿਆਵਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਤੁਸੀਂ ਚਾਹੋ ਸੋ ਮੰਗੋ ਅਤੇ ਉਹ ਦਿੱਤਾ ਜਾਵੇਗ਼ਾ। 8 ਤੁਹਾਨੂੰ ਵੱਧੇਰੇ ਫ਼ਲ ਪੈਦਾ ਕਰਨੇ ਚਾਹੀਦੇ ਹਨ ਅਤੇ ਸਾਬਿਤ ਕਰੋ ਕਿ ਤੁਸੀਂ ਮੇਰੇ ਚੇਲੇ ਹੋ। ਇਸ ਰਾਹੀਂ ਮੇਰੇ ਪਿਤਾ ਦੀ ਮਹਿਮਾ ਹੋਵੇਗੀ।
9 “ਜਿਵੇਂ ਕਿ ਮੇਰਾ ਪਿਤਾ ਮੈਨੂੰ ਪਿਆਰ ਕਰਦਾ ਮੈਂ ਤੁਹਾਨੂੰ ਪਿਆਰ ਕੀਤਾ। ਇਸ ਲਈ ਤੁਸੀਂ ਮੇਰੇ ਪਿਆਰ ਚ ਸਥਿਰ ਰਹੋ। 10 ਮੈਂ ਆਪਣੇ ਪਿਤਾ ਦੇ ਹੁਕਮਾਂ ਦਾ ਪਾਲਣ ਕੀਤਾ ਹੈ ਅਤੇ ਮੈਂ ਉਸ ਦੇ ਪਿਆਰ ਵਿੱਚ ਸਥਿਰ ਰਿਹਾ। ਇਸੇ ਤਰ੍ਹਾਂ ਜੇਕਰ ਤੁਸੀਂ ਵੀ ਮੇਰੇ ਹੁਕਮਾਂ ਦਾ ਪਾਲਣ ਕਰੋਂਗੇ ਤੁਸੀਂ ਮੇਰੇ ਪਿਆਰ ਵਿੱਚ ਸਥਿਰ ਰਹੋਂਗੇ। 11 ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਕਹੀਆਂ ਹਨ ਤਾਂ ਜੋ ਮੇਰੀ ਖੁਸ਼ੀ ਤੁਹਾਡੇ ਵਿੱਚ ਸਥਿਰ ਰਹਿ ਸੱਕੇ ਅਤੇ ਤੁਹਾਡੀ ਪ੍ਰਸੰਨਤਾ ਸੰਪੂਰਣ ਪ੍ਰਸੰਨਤਾ ਹੋ ਸੱਕੇ। 12 ਤੁਹਾਡੇ ਲਈ ਮੇਰਾ ਇਹ ਹੁਕਮ ਹੈ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਹੈ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ। 13 ਦੋਸਤ ਲਈ ਮਰਨਾ ਮਹਾਨ ਪਿਆਰ ਹੈ, ਜੋ ਕੋਈ ਵਿਅਕਤੀ ਦਰਸ਼ਾ ਸੱਕਦਾ ਹੈ। 14 ਤੁਸੀਂ ਮੇਰੇ ਮਿੱਤਰ ਹੋ ਜੇਕਰ ਤੁਸੀਂ ਉਹ ਗੱਲਾਂ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ। 15 ਮੈਂ ਤੁਹਾਨੂੰ ਹੁਣ ਹੋਰ ਨੌਕਰ ਕਹਿ ਕੇ ਨਹੀਂ ਬੁਲਾਉਂਦਾ ਕਿਉਂਕਿ ਇੱਕ ਦਾਸ ਨਹੀਂ ਜਾਣਦਾ ਕਿ ਉਸਦਾ ਮਾਲਕ ਕੀ ਕਰ ਰਿਹਾ ਹੈ। ਪਰ ਹੁਣ ਮੈਂ ਤੁਹਾਨੂੰ ਆਪਣਾ ਮਿੱਤਰ ਬੁਲਾਵਾਂਗਾ। ਕਿਉਂਕਿ ਜੋ ਕੁਝ ਮੈਂ ਆਪਣੇ ਪਿਤਾ ਕੋਲੋਂ ਸੁਣਿਆ ਹੈ ਤੁਹਾਨੂੰ ਸਭ ਕੁਝ ਦੱਸ ਦਿੱਤਾ ਹੈ।
16 “ਤੁਸੀਂ ਮੈਨੂੰ ਨਹੀਂ ਚੁਣਿਆ, ਪਰ ਮੈਂ ਤੁਹਾਨੂੰ ਚੁਣਿਆ ਹੈ। ਮੈਂ ਤੁਹਾਨੂੰ ਭੇਜਿਆ ਤਾਂ ਕਿ ਤੁਸੀਂ ਜਾਵੋਂ ਅਤੇ ਫਲ ਪੈਦਾ ਕਰ ਸੱਕੋਂ। ਮੇਰੀ ਇੱਛਾ ਇਹ ਹੈ ਕਿ ਤੁਹਾਡਾ ਫ਼ਲ ਹਮੇਸ਼ਾ ਤੁਹਾਡੇ ਜੀਵਨ ਵਿੱਚ ਰਹੇ। ਤਾਂ ਜੋ ਕੁਝ ਵੀ ਤੁਸੀਂ ਮੇਰੇ ਨਾਮ ਵਿੱਚ ਮੰਗੋਂ ਪਿਤਾ ਤੁਹਾਨੂੰ ਦੇ ਸੱਕੇ। 17 ਇੱਕ ਦੂਜੇ ਨਾਲ ਪ੍ਰੇਮ ਕਰੋ, ਇਹੀ ਮੇਰਾ ਤੁਹਾਨੂੰ ਹੁਕਮ ਹੈ।
ਯਿਸੂ ਦਾ ਆਪਣੇ ਚੇਲਿਆਂ ਨੂੰ ਹੁਸ਼ਿਆਰ ਕਰਨਾ
18 “ਜੇਕਰ ਦੁਨੀਆਂ ਤੁਹਾਨੂੰ ਨਫ਼ਰਤ ਕਰਦੀ ਹੈ ਤਾਂ ਤੁਹਾਨੂੰ ਯਾਦ ਰੱਖਣਾ ਚਾਹੀਦਾ ਕਿ ਪਹਿਲਾਂ ਦੁਨੀਆਂ ਨੇ ਮੈਨੂੰ ਵੀ ਨਫ਼ਰਤ ਕੀਤੀ ਸੀ। 19 ਜੇਕਰ ਤੁਸੀਂ ਦੁਨੀਆਂ ਦੇ ਹੁੰਦੇ ਤਾਂ ਦੁਨੀਆਂ ਤੁਹਾਨੂੰ ਆਪਣਿਆਂ ਵਾਂਗ ਪਿਆਰ ਕਰਦੀ। ਪਰ ਤੁਸੀਂ ਦੁਨੀਆਂ ਦੇ ਨਹੀਂ ਹੋ ਕਿਉਂ ਮੈਂ ਤੁਹਾਨੂੰ ਇਸ ਦੁਨੀਆਂ ਵਿੱਚੋਂ ਚੁਣਿਆ ਹੈ ਇਸੇ ਕਾਰਣ ਦੁਨੀਆਂ ਨੇ ਤੁਹਾਨੂੰ ਨਫ਼ਰਤ ਕੀਤੀ।
20 “ਯਾਦ ਕਰੋ ਮੈਂ ਤੁਹਾਨੂੰ ਕੀ ਕਿਹਾ ਸੀ: ਇੱਕ ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ। ਜੇਕਰ ਲੋਕਾਂ ਨੇ ਮੈਨੂੰ ਕਸ਼ਟ ਦਿੱਤੇ ਹਨ, ਤਾਂ ਉਹ ਤੁਹਾਨੂੰ ਵੀ ਤਸੀਹੇ ਦੇਣਗੇ। ਜੇਕਰ ਉਨ੍ਹਾਂ ਨੇ ਮੇਰੇ ਉਪਦੇਸ਼ ਨੂੰ ਮੰਨਿਆ, ਉਹ ਤੁਹਾਡੇ ਉਪਦੇਸ਼ ਦੀ ਵੀ ਪਾਲਣਾ ਕਰਣਗੇ। 21 ਪਰ ਇਹ ਸਭ ਕੁਝ ਮੇਰੇ ਨਾਮ ਦੇ ਕਾਰਣ ਲੋਕ ਤੁਹਾਡੇ ਨਾਲ ਕਰਣਗੇ ਕਿਉਂ ਕਿ ਉਹ ਉਸ ਨੂੰ ਨਹੀਂ ਜਾਣਦੇ ਜਿਸਨੇ ਮੈਨੂੰ ਭੇਜਿਆ ਹੈ। 22 ਜੇਕਰ ਮੈਂ ਨਾ ਆਇਆ ਹੁੰਦਾ ਅਤੇ ਇਸ ਦੁਨੀਆਂ ਦੇ ਲੋਕਾਂ ਨਾਲ ਗੱਲ ਨਾ ਕੀਤੀ ਹੁੰਦੀ, ਤਾਂ ਉਹ ਪਾਪਾਂ ਦੇ ਦੋਸ਼ੀ ਨਾ ਹੁੰਦੇ। ਹੁਣ ਮੈਂ ਉਨ੍ਹਾਂ ਨੂੰ ਕਿਹਾ ਹੈ, ਹੁਣ ਉਨ੍ਹਾਂ ਕੋਲ ਆਪਣੇ ਪਾਪਾਂ ਲਈ ਕੋਈ ਬਹਾਨਾ ਨਹੀ ਹੈ।
23 “ਉਹ ਵਿਅਕਤੀ ਜੋ ਮੈਨੂੰ ਨਫ਼ਰਤ ਕਰਦਾ ਮੇਰੇ ਪਿਤਾ ਨੂੰ ਵੀ ਨਫ਼ਰਤ ਕਰਦਾ ਹੈ। 24 ਉਨ੍ਹਾਂ ਵਿੱਚਕਾਰ, ਮੈਂ ਉਹ ਗੱਲਾਂ ਕੀਤੀਆਂ ਹਨ ਜੋ ਕਿਸੇ ਨੇ ਵੀ ਨਹੀਂ ਕੀਤੀਆਂ। ਜੇਕਰ ਮੈਂ ਉਹ ਗੱਲਾਂ ਨਾ ਕੀਤੀਆਂ ਹੁੰਦੀਆਂ, ਫ਼ੇਰ ਉਹ ਪਾਪਾਂ ਦੇ ਦੋਸ਼ੀ ਨਾ ਹੁੰਦੇ। ਪਰ ਹੁਣ ਉਨ੍ਹਾਂ ਨੇ ਇਹ ਗੱਲਾਂ ਵੇਖੀਆਂ ਹਨ, ਜੋ ਮੈਂ ਕੀਤੀਆਂ ਹਨ। ਪਰ ਹਾਲੇ ਵੀ ਉਹ ਮੈਨੂੰ, ਇੱਥੋਂ ਤੱਕ ਕਿ ਮੇਰੇ ਪਿਤਾ ਨੂੰ ਵੀ, ਨਫ਼ਰਤ ਕਰਦੇ ਹਨ। 25 ਪਰ ਇਹ ਇਸ ਲਈ ਹੋਇਆ ਹੈ ਕਿਉਂ ਕਿ ਜੋ ਭਵਿੱਖਬਾਣੀ ਉਨ੍ਹਾਂ ਦੀ ਸ਼ਰ੍ਹਾ ਵਿੱਚ ਲਿਖੀ ਹੋਈ ਸੀ ਪੂਰੀ ਹੋ ਜਾਵੇ। ‘ਉਨ੍ਹਾਂ ਨੇ ਬਿਨਾ ਕਾਰਣ ਮੈਨੂੰ ਨਫ਼ਰਤ ਕੀਤੀ।’ [a]
26 “ਮੈਂ ਤੁਹਾਨੂੰ ਪਿਤਾ ਵੱਲੋਂ ਸਹਾਇਕ ਭੇਜਾਂਗਾ। ਉਹ ਸਹਾਇਕ ਸੱਚ ਦਾ ਆਤਮਾ ਹੈ ਜੋ ਪਿਤਾ ਤੋਂ ਆਉਂਦਾ ਹੈ। ਜਦੋਂ ਉਹ ਆਵੇਗਾ ਤਾਂ ਉਹ ਮੇਰੇ ਪੱਖ ਵਿੱਚ ਗਵਾਹੀ ਦੇਵੇਗਾ। 27 ਅਤੇ ਤੁਸੀਂ ਵੀ ਲੋਕਾਂ ਨੂੰ ਮੇਰੇ ਬਾਰੇ ਗਵਾਹੀ ਦਿਉਂਗੇ ਕਿਉਂਕਿ ਤੁਸੀਂ ਮੁਢ ਤੋਂ ਮੇਰੇ ਨਾਲ ਸੀ।
16 “ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਦੱਸੀਆਂ ਹਨ ਤਾਂ ਜੋ ਤੁਹਾਡਾ ਵਿਸ਼ਵਾਸ ਦ੍ਰਿੜ ਰਹਿ ਸੱਕੇ। 2 ਲੋਕ ਤੁਹਾਨੂੰ ਪ੍ਰਾਰਥਨਾ ਸਥਾਨਾਂ ਤੋਂ ਬਾਹਰ ਕੱਢਣਗੇ। ਹਾਂ, ਵਕਤ ਆ ਰਿਹਾ ਹੈ ਜਦੋਂ ਲੋਕ ਇਹ ਸੋਚਣਗੇ ਕਿ ਤੁਹਾਨੂੰ ਮਾਰ ਦੇਣਾ ਹੀ ਪਰਮੇਸ਼ੁਰ ਦੀ ਸੇਵਾ ਹੈ। 3 ਉਹ ਇਹ ਗੱਲਾਂ ਇਸ ਲਈ ਕਰਨਗੇ ਕਿਉਂਕਿ ਉਹ ਪਿਤਾ ਜਾਂ ਮੈਨੂੰ ਬਿਲਕੁਲ ਹੀ ਨਹੀਂ ਜਾਣਦੇ। 4 ਮੈਂ ਤੁਹਾਨੂੰ ਇਹ ਸਭ ਗੱਲਾਂ ਹੁਣ ਕਹੀਆਂ ਹਨ, ਤਾਂ ਜੋ ਜਦੋਂ ਇਨ੍ਹਾਂ ਗੱਲਾਂ ਦੇ ਪੂਰਣ ਹੋਣ ਦਾ ਸਮਾਂ ਆਵੇ ਤਾਂ ਤੁਸੀਂ ਯਾਦ ਕਰੋ ਕਿ ਮੈਂ ਤੁਹਾਨੂੰ ਇਨ੍ਹਾਂ ਗੱਲਾਂ ਬਾਰੇ ਚਿਤਾਵਨੀ ਦਿੱਤੀ ਸੀ।
ਪਵਿੱਤਰ ਆਤਮਾ ਦਾ ਕਾਰਜ
“ਇਹ ਗੱਲਾਂ ਮੈਂ ਤੁਹਾਨੂੰ ਮੁਢੋਂ ਹੀ ਨਹੀਂ ਸੀ ਦੱਸੀਆਂ ਕਿਉਂਕਿ ਮੈਂ ਤੁਹਾਡੇ ਨਾਲ ਸੀ। 5 ਪਰ ਹੁਣ ਮੈਂ ਉਸ ਕੋਲ ਜਾ ਰਿਹਾ ਹਾਂ ਜਿਸਨੇ ਮੈਨੂੰ ਘੱਲਿਆ ਸੀ ਪਰ ਤੁਹਾਡੇ ਵਿੱਚੋਂ ਕੋਈ ਮੈਨੂੰ ਨਹੀਂ ਪੁੱਛਦਾ ਤੂੰ ਕਿੱਥੇ ਜਾ ਰਿਹਾ ਹੈ। 6 ਤੁਹਾਡੇ ਦਿਲ ਦੁੱਖ ਨਾਲ ਭਰਪੂਰ ਹਨ ਕਿਉਂਕਿ ਮੈਂ ਤੁਹਾਨੂੰ ਅਜਿਹੀਆਂ ਗੱਲਾਂ ਦੱਸੀਆਂ ਹਨ। 7 ਪਰ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ ਹੈ ਕਿਉਂਕਿ ਜਦੋਂ ਮੈਂ ਚੱਲਾ ਜਾਵਾਂਗਾ ਤਾਂ ਮੈਂ ਤੁਹਾਡੇ ਲਈ ਸਹਾਇਕ ਭੇਜਾਂਗਾ। ਪਰ ਜੇਕਰ ਮੈਂ ਨਾ ਜਾਵਾਂ, ਤਾਂ ਸਹਾਇਕ ਤੁਹਾਡੇ ਕੋਲ ਨਹੀਂ ਆਵੇਗਾ।
8 “ਜਦੋਂ ਸਹਾਇਕ ਆਵੇਗਾ, ਉਹ ਇਸ ਦੁਨੀਆਂ ਦੇ ਲੋਕਾਂ ਨੂੰ ਸਾਬਤ ਕਰੇਗਾ ਕਿ ਉਹ ਪਾਪ, ਧਾਰਮਿਕਤਾ ਅਤੇ ਨਿਆਂ ਬਾਰੇ ਗਲਤ ਹਨ। 9 ਕਿਉਂ ਕਿ ਉਹ ਮੇਰੇ ਵਿੱਚ ਵਿਸ਼ਵਾਸ ਨਹੀਂ ਰੱਖਦੇ। ਉਹ ਸਹਾਇਕ ਸਾਬਤ ਕਰੇਗਾ ਕਿ ਲੋਕ ਪਾਪ ਦੇ ਬਾਰੇ ਦੋਸ਼ੀ ਹਨ। 10 ਉਹ ਉਨ੍ਹਾਂ ਨੂੰ ਸਾਬਤ ਕਰੇਗਾ ਕਿ ਉਹ ਧਾਰਮਿਕਤਾ ਬਾਰੇ ਗਲਤ ਹਨ, ਕਿਉਂਕਿ ਮੈਂ ਵਾਪਸ ਆਪਣੇ ਪਿਤਾ ਕੋਲ ਜਾ ਰਿਹਾ ਹਾਂ। ਫ਼ੇਰ ਤੁਸੀਂ ਮੈਨੂੰ ਵੱਧੇਰੇ ਨਹੀਂ ਵੇਖ ਸੱਕੋਂਗੇ। 11 ਸਹਾਇਕ ਇਸ ਦੁਨੀਆਂ ਦੇ ਲੋਕਾਂ ਨੂੰ ਸਾਬਤ ਕਰੇਗਾ ਕਿ ਉਹ ਨਿਆਂੇ ਦੇ ਬਾਰੇ ਗਲਤ ਹਨ, ਕਿਉਂਕਿ ਇਸ ਦੁਨੀਆਂ ਦੇ ਹਾਕਮ (ਸ਼ੈਤਾਨ) ਦਾ ਨਿਆਂ ਪਹਿਲਾਂ ਹੀ ਹੋ ਚੁੱਕਾ ਹੈ।
12 “ਮੇਰੇ ਕੋਲ ਹੋਰ ਵੀ ਤੁਹਾਨੂੰ ਦੱਸਣ ਲਈ ਬਹੁਤ ਕੁਝ ਹੈ, ਪਰ ਇਸ ਵੇਲੇ ਤੁਹਾਡੇ ਲਈ ਉਨ੍ਹਾਂ ਨੂੰ ਸਵੀਕਾਰ ਕਰਨਾ ਮੁਸ਼ਕਿਲ ਹੈ। 13 ਪਰ ਜਦੋਂ ਸੱਚ ਦਾ ਆਤਮਾ ਆਵੇਗਾ ਉਹ ਸਾਰੇ ਸੱਚ ਵਿੱਚ ਤੁਹਾਡੀ ਅਗਵਾਈ ਕਰੇਗਾ। ਆਤਮਾ ਆਪਣੇ ਸ਼ਬਦ ਨਹੀਂ ਬੋਲੇਗਾ। ਉਹ ਉਹੀ ਦੱਸੇਗਾ ਜੋ ਉਹ ਸੁਣਦਾ ਹੈ ਅਤੇ ਉਹ ਤੁਹਾਨੂੰ, ਦੱਸੇਗਾ ਕਿ ਕੀ ਵਾਪਰੇਗਾ। 14 ਸਚਿਆਈ ਦਾ ਆਤਮਾ ਮੈਨੂੰ ਮਹਿਮਾ ਲਿਆਵੇਗਾ। ਕਿਵੇਂ? ਉਹ ਮੇਰੇ ਕੋਲੋਂ ਚੀਜ਼ਾਂ ਲਵੇਗਾ ਅਤੇ ਤੁਹਾਨੂੰ ਪ੍ਰਕਾਸ਼ਿਤ ਕਰੇਗਾ। 15 ਉਹ ਸਭ ਕੁਝ ਜੋ ਪਿਤਾ ਨਾਲ ਸੰਬੰਧਿਤ ਹੈ, ਮੇਰਾ ਹੈ। ਇਹੀ ਕਾਰਣ ਹੈ ਕਿ ਮੈਂ ਤੁਹਾਨੂੰ ਕਿਹਾ ਹੈ ਕਿ ਆਤਮਾ ਮੇਰੇ ਕੋਲੋਂ ਗੱਲਾਂ ਲਵੇਗਾ ਅਤੇ ਉਨ੍ਹਾਂ ਨੂੰ ਤੁਹਾਡੇ ਅੱਗੇ ਪ੍ਰਗਟ ਕਰੇਗਾ।
ਉਦਾਸੀ ਖੁਸ਼ੀ ਵਿੱਚ ਬਦਲੀ ਜਾਵੇਗੀ
16 “ਥੋੜੀ ਦੇਰ ਬਾਦ ਤੁਸੀਂ ਮੈਨੂੰ ਨਹੀਂ ਵੇਖੋਂਗੇ। ਉਸ ਤੋਂ ਕੁਝ ਦੇਰ ਬਾਦ, ਤੁਸੀਂ ਮੈਨੂੰ ਫ਼ੇਰ ਵੇਖੋਂਗੇ।”
17 ਕੁਝ ਚੇਲਿਆਂ ਨੇ ਆਪਸ ਵਿੱਚ ਕਿਹਾ, “ਯਿਸੂ ਦਾ ਇਸਤੋਂ ਕੀ ਭਾਵ ਹੈ ਜਦੋਂ ਉਹ ਕਹਿੰਦਾ ਕਿ, ‘ਕੁਝ ਦੇਰ ਲਈ ਤੁਸੀਂ ਮੈਨੂੰ ਨਹੀਂ ਵੇਖੋਂਗੇ ਅਤੇ ਕੁਝ ਦੇਰ ਬਾਦ ਫ਼ੇਰ ਤੁਸੀਂ ਮੈਨੂੰ ਵੇਖੋਂਗੇ?’ ਅਤੇ ਇਸਤੋਂ ਕੀ ਭਾਵ? ਕਿ ਜਦੋਂ ਉਹ ਕਹਿੰਦਾ, ‘ਕਿਉਂਕਿ ਮੈਂ ਆਪਣੇ ਪਿਤਾ ਕੋਲ ਜਾ ਰਿਹਾ ਹਾਂ?’” 18 ਤਾਂ ਉਨ੍ਹਾਂ ਨੇ ਪੁੱਛਿਆ, “‘ਥੋੜੀ ਦੇਰ’ ਤੋਂ ਉਸਦਾ ਕੀ ਭਾਵ ਹੈ? ਜੋ ਉਹ (ਯਿਸੂ) ਆਖਦਾ ਹੈ ਅਸੀਂ ਨਹੀਂ ਸਮਝੇ।”
19 ਯਿਸੂ ਨੇ ਵੇਖਿਆ ਕਿ ਚੇਲੇ ਉਸ ਨੂੰ ਇਸ ਬਾਬਤ ਕੁਝ ਪੁੱਛਣਾ ਚਾਹੁੰਦੇ ਹਨ ਤਾਂ ਯਿਸੂ ਨੇ ਚੇਲਿਆਂ ਨੂੰ ਆਖਿਆ, “ਕੀ ਤੁਸੀਂ ਮੈਨੂੰ ਇਸ ਬਾਰੇ ਪੁੱਛ ਰਹੇ ਹੋ ਕਿ ਜੋ ਮੈਂ ਆਖਿਆ, ‘ਕੀ ਚਿਰ ਬਾਦ, ਤੁਸੀਂ ਮੈਨੂੰ ਨਹੀਂ ਵੇਖੋਂਗੇ ਅਤੇ ਥੋੜੇ ਜਿਹੇ ਚਿਰ ਬਾਦ ਤੁਸੀਂ ਮੈਨੂੰ ਫ਼ੇਰ ਵੇਖੋਂਗੇ?’ 20 ਮੈਂ ਤੁਹਾਨੂੰ ਸੱਚ ਦੱਸ ਰਿਹਾ ਹਾਂ ਕਿ ਤੁਸੀਂ ਰੋਵੋਂਗੇ ਅਤੇ ਉਦਾਸ ਹੋਵੋਂਗੇ ਪਰ ਦੁਨੀਆਂ ਖੁਸ਼ ਹੋਵੇਗੀ। ਤੁਸੀਂ ਉਦਾਸ ਹੋਵੋਂਗੇ ਪਰ ਤੁਹਾਡੀ ਉਦਾਸੀ ਖੁਸ਼ੀ ਵਿੱਚ ਬਦਲੇਗੀ।
21 “ਜਦੋਂ ਇੱਕ ਔਰਤ ਇੱਕ ਬੱਚੇ ਨੂੰ ਜਨਮ ਦਿੰਦੀ ਹੈ, ਉਹ ਦਰਦ ਮਹਿਸੂਸ ਕਰਦੀ ਹੈ ਕਿਉਂਕਿ ਉਸਦਾ ਬੱਚੇ ਨੂੰ ਜਨਮ ਦੇਣ ਦਾ ਸਮਾਂ ਆ ਚੁੱਕਾ ਹੈ। ਪਰ ਇੱਕ ਬੱਚੇ ਨੂੰ ਜਨਮ ਦੇਣ ਤੋਂ ਬਾਦ ਉਹ ਇਸ ਖੁਸ਼ੀ ਕਾਰਣ, ਕਿ ਇਸ ਦੁਨੀਆਂ ਵਿੱਚ ਇੱਕ ਨਵਾਂ ਬਾਲਕ ਜਨਮਿਆ ਹੈ, ਉਹ ਸਾਰੀਆਂ ਪੀੜਾਂ ਭੁੱਲ ਜਾਂਦੀ ਹੈ। 22 ਤੁਹਾਡੇ ਨਾਲ ਵੀ ਇਵੇਂ ਹੀ ਹੈ। ਹੁਣ ਤੁਸੀਂ ਉਦਾਸ ਹੋ। ਪਰ ਜਦੋਂ ਮੈਂ ਤੁਹਾਨੂੰ ਫ਼ੇਰ ਵੇਖਾਂਗਾ ਤੁਸੀਂ ਖੁਸ਼ ਹੋਵੋਂਗੇ ਅਤੇ ਉਹ ਖੁਸ਼ੀ ਤੁਹਾਥੋਂ ਕੋਈ ਨਹੀਂ ਖੋਹ ਸੱਕਦਾ। 23 ਅਤੇ ਉਸ ਦਿਨ ਤੁਸੀਂ ਮੇਰੇ ਤੇ ਕੋਈ ਸਵਾਲ ਨਹੀਂ ਕਰੋਂਗੇ। ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਜੋ ਕੁਝ ਵੀ ਤੁਸੀਂ ਪਿਤਾ ਤੋਂ ਮੇਰੇ ਨਾਂ ਤੇ ਮੰਗੋਂਗੇ ਉਹ ਤੁਹਾਨੂੰ ਦੇਵੇਗਾ। 24 ਅਜੇ ਤੱਕ ਤੁਸੀਂ ਮੇਰੇ ਨਾਂ ਵਿੱਚ ਕੁਝ ਨਹੀਂ ਮੰਗਿਆ। ਮੰਗੋ ਤੁਹਾਨੂੰ ਮਿਲੇਗਾ ਅਤੇ ਤੁਹਾਡੀ ਖੁਸ਼ੀ ਭਰਪੂਰ ਹੋਵੇਗੀ।
ਜਗਤ ਉੱਤੇ ਤੁਹਾਡੀ ਜਿੱਤ
25 “ਮੈਂ ਤੁਹਾਨੂੰ ਇਹ ਗੱਲਾਂ ਦੱਸਣ ਲਈ ਸੰਕੇਤਕ ਭਾਸ਼ਾ ਇਸਤੇਮਾਲ ਕੀਤੀ ਹੈ। ਪਰ ਉਹ ਸਮਾਂ ਆਵੇਗਾ ਜਦ ਮੈਂ ਤੁਹਾਨੂੰ ਕੁਝ ਵੀ ਦੱਸਣ ਲਈ ਸੰਕੇਤਕ ਟਿੱਪਣੀ ਦਾ [b] ਇਸਤੇਮਾਲ ਨਹੀਂ ਕਰਾਂਗਾ। ਸਗੋਂ ਮੈਂ ਤੁਹਾਨੂੰ ਆਪਣੇ ਪਿਤਾ ਬਾਰੇ ਬੜੇ ਸਪੱਸ਼ਟ ਸ਼ਬਦਾਂ ਵਿੱਚ ਦੱਸਾਂਗ਼ਾ। 26 ਇਸ ਦਿਨ ਤੁਸੀਂ ਮੇਰੇ ਨਾਂ ਵਿੱਚ ਮੰਗੋਂਗੇ ਅਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੇਰੇ ਲਈ ਇਹ ਜ਼ਰੂਰੀ ਨਹੀਂ ਹੋਵੇਗਾ ਕਿ ਮੈਂ ਤੁਹਾਡੇ ਲਈ ਪਿਤਾ ਅੱਗੇ ਮੰਗਾਂ। 27 ਨਹੀਂ, ਪਿਤਾ ਆਪਣੇ-ਆਪ ਹੀ ਤੁਹਾਨੂੰ ਪਿਆਰ ਕਰਦਾ ਹੈ, ਕਿਉਂ ਕਿ ਤੁਸੀਂ ਮੈਨੂੰ ਪਿਆਰ ਕੀਤਾ ਹੈ। ਉਹ ਤੁਹਾਨੂੰ ਵੀ ਪਿਆਰ ਕਰਦਾ ਹੈ ਕਿਉਂ ਕਿ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਮੈਂ ਪਰਮੇਸ਼ੁਰ ਵੱਲੋਂ ਆਇਆ ਹਾਂ। 28 ਮੈਂ ਪਿਤਾ ਵੱਲੋਂ ਇਸ ਜਗਤ ਵਿੱਚ ਆਇਆ ਹਾਂ ਅਤੇ ਹੁਣ ਮੈਂ ਇਹ ਦੁਨੀਆਂ ਛੱਡ ਕੇ ਆਪਣੇ ਪਿਤਾ ਕੋਲ ਵਾਪਸ ਜਾ ਰਿਹਾ ਹਾਂ।”
29 ਤਦ ਯਿਸੂ ਦੇ ਚੇਲਿਆਂ ਨੇ ਆਖਿਆ, “ਵੇਖ, ਹੁਣ ਤੂੰ ਸਪੱਸ਼ਟ ਬੋਲ ਰਿਹਾ ਹੈ ਅਤੇ ਤੂੰ ਸੰਕੇਤਕ ਟਿੱਪਣੀ ਇਸਤੇਮਾਲ ਨਹੀਂ ਕਰ ਰਿਹਾ। 30 ਹੁਣ ਅਸੀਂ ਜਾਣਦੇ ਹਾਂ ਕਿ ਤੈਨੂੰ ਸਭ ਕੁਝ ਪਤਾ ਹੈ, ਤੂੰ ਕਿਸੇ ਦੇ ਸਵਾਲ ਕੀਤੇ ਬਗੈਰ ਹੀ ਜਵਾਬ ਦੇ ਸੱਕਦਾ ਹੈ। ਇਸੇ ਲਈ, ਸਾਨੂੰ ਵਿਸ਼ਵਾਸ ਹੈ ਕਿ ਤੂੰ ਪਰਮੇਸ਼ੁਰ ਵੱਲੋਂ ਆਇਆ ਹੈਂ।”
31 ਯਿਸੂ ਨੇ ਆਖਿਆ, “ਤਾਂ ਕੀ ਹੁਣ ਤੁਸੀਂ ਵਿਸ਼ਵਾਸ ਕਰਦੇ ਹੋ?” 32 ਮੈਨੂੰ ਧਿਆਨ ਨਾਲ ਸੁਣੋ, ਇੱਕ ਸਮਾਂ ਆਵੇਗਾ ਜਦੋਂ ਤੁਸੀਂ ਸਭ ਖਿੰਡ ਜਾਵੋਂਗੇ ਅਤੇ ਆਪਣੇ ਘਰੀਂ ਮੁੜ ਜਾਵੋਂਗੇ ਅਤੇ ਤੁਸੀਂ ਮੈਨੂੰ ਇੱਕਲਾ ਛੱਡ ਦੇਵੋਂਗੇ। ਉਹ ਸਮਾਂ ਹੁਣ ਆ ਹੀ ਚੁੱਕਿਆ ਹੈ। ਪਰ ਤਾਂ ਵੀ ਮੈਂ ਇੱਕਲਾ ਨਹੀਂ ਹੋਵਾਂਗਾ ਕਿਉਂਕਿ ਪਿਤਾ ਮੇਰੇ ਨਾਲ ਹੈ।
33 “ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਆਖੀਆਂ ਹਨ ਤਾਂ ਜੋ ਤੁਸੀਂ ਮੇਰੇ ਰਾਹੀਂ ਸ਼ਾਂਤੀ ਪਾ ਸੱਕੋਂ। ਇਸ ਦੁਨੀਆਂ ਵਿੱਚ ਤੁਸੀਂ ਕਸ਼ਟ ਝੱਲੋਂਗੇ। ਪਰ ਹੌਸਲਾ ਰੱਖੋ ਮੈਂ ਜਗਤ ਨੂੰ ਜਿੱਤ ਲਿਆ ਹੈ।”
2010 by World Bible Translation Center