Chronological
ਵੱਖੋ-ਵੱਖਰੇ ਅਚਨਚੇਤ ਪਾਪ
5 “ਜਦੋਂ ਕਿਸੇ ਬੰਦੇ ਨੂੰ ਗਵਾਹੀ ਦੇਣ ਲਈ ਸੱਦਿਆ ਜਾਂਦਾ ਅਤੇ ਉਹ ਚਸ਼ਮਦੀਦ ਗਵਾਹ ਜਾਂ ਉਸ ਘਟਨਾ ਬਾਰੇ ਕੁਝ ਜਾਣਦਾ, ਅਤੇ ਜੇ ਉਹ ਬੰਦਾ ਉਹ ਕੁਝ ਨਹੀਂ ਦੱਸਦਾ ਜੋ ਉਸ ਨੇ ਦੇਖਿਆ ਜਾਂ ਜੋ ਉਹ ਜਾਣਦਾ, ਤਾਂ ਉਹ ਆਪਣੀ ਸਾਖੀ ਦੇਣ ਵਿੱਚ ਨਾਕਾਮਯਾਬ ਹੋਣ ਦੇ ਸਿੱਟੇ ਦਾ ਜਿੰਮੇਵਾਰ ਹੈ।
2 “ਜਾਂ ਸ਼ਾਇਦ ਕੋਈ ਬੰਦਾ ਕਿਸੇ ਨਾਪਾਕ ਸ਼ੈਅ ਨੂੰ ਛੂਹ ਲਵੇ। ਇਹ ਕਿਸੇ ਨਾਪਾਕ ਪਾਲਤੂ ਜਾਨਵਰ ਦੀ ਲਾਸ਼ ਹੋ ਸੱਕਦੀ ਹੈ, ਜਾਂ ਕਿਸੇ ਨਾਪਾਕ ਜੰਗਲੀ ਜਾਨਵਰ ਦੀ ਲਾਸ਼ ਹੋ ਸੱਕਦੀ ਹੈ, ਜਾਂ ਇਹ ਕਿਸੇ ਨਾਪਾਕ ਰੀਂਗਦੇ ਜਾਨਵਰ ਦੀ ਵੀ ਹੋ ਸੱਕਦੀ ਹੈ। ਹੋ ਸੱਕਦਾ ਕਿ ਉਹ ਬੰਦਾ ਸਚੇਤ ਨਾ ਹੋਵੇ ਕਿ ਉਸ ਨੇ ਇਨ੍ਹਾਂ ਚੀਜ਼ਾਂ ਨੂੰ ਛੂਹ ਲਿਆ, ਪਰ ਹਾਲੇ ਵੀ ਉਹ ਪਲੀਤ ਹੈ ਅਤੇ ਉਹ ਦੋਸ਼ੀ ਹੈ।
3 “ਜੇਕਰ ਕੋਈ ਵਿਅਕਤੀ ਮਨੁੱਖੀ ਨਾਪਾਕਤਾ ਨੂੰ ਛੂਹ ਲਵੇ, ਕੁਝ ਵੀ ਜੋ ਕਿਸੇ ਵਿਅਕਤੀ ਨੂੰ ਨਾਪਾਕ ਬਣਾਵੇ, ਭਾਵੇਂ ਉਹ ਇਸਤੋਂ ਸਚੇਤ ਨਹੀਂ, ਪਰ ਮਗਰੋਂ ਜਾਣ ਜਾਵੇ ਕਿ ਉਸ ਨੇ ਇਨ੍ਹਾਂ ਵਿੱਚੋਂ ਕਿਸੇ ਨਾਪਾਕ ਚੀਜ਼ ਨੂੰ ਛੂਹ ਲਿਆ ਹੈ, ਤਾਂ ਉਹ ਦੋਸ਼ੀ ਹੋਵੇਗਾ।
4 “ਜਾਂ ਹੋ ਸੱਕਦਾ ਆਦਮੀ ਕੋਈ ਕਸਮ ਜਲਦੀ ਵਿੱਚ ਲੈ ਲਵੇ ਇਹ ਸਾਬਤ ਕਰਨ ਲਈ ਕਿ ਉਹ ਸੱਚ ਕਹਿ ਰਿਹਾ ਹੈ, ਭਾਵੇਂ ਨਤੀਜਾ ਚੰਗਾ ਹੋਵੇ ਜਾਂ ਬੁਰਾ, ਅਤੇ ਉਹ ਇਸ ਨੂੰ ਮਹਿਸੂਸ ਨਹੀਂ ਕਰਦਾ। ਜਦੋਂ ਉਹ ਮਹਿਸੂਸ ਕਰੇ ਕਿ ਉਸ ਨੇ ਕੀ ਕੀਤਾ ਹੈ, ਉਹ ਦੋਸ਼ੀ ਬਣ ਜਾਂਦਾ। 5 ਜਦੋਂ ਕੋਈ ਬੰਦਾ ਇਨ੍ਹਾਂ ਵਿੱਚੋਂ ਕਿਸੇ ਵੀ ਦੋਸ਼ ਨੂੰ ਮਹਿਸੂਸ ਕਰੇ, ਉਸ ਨੂੰ, ਜੋ ਉਸ ਨੇ ਗਲਤ ਕੀਤਾ ਹੈ ਕਬੂਲਣਾ ਚਾਹੀਦਾ। 6 ਉਸ ਨੂੰ ਆਪਣੇ ਪਾਪ ਲਈ ਯਹੋਵਾਹ ਨੂੰ ਆਪਣੀ ਦੋਸ਼ ਦੀ ਭੇਟ ਲੈ ਕੇ ਆਉਣੀ ਚਾਹੀਦੀ ਹੈ। ਉਸ ਨੂੰ ਪਾਪ ਦੀ ਭੇਟ ਵਜੋਂ ਇੱਕ ਲੇਲੀ ਜਾਂ ਇੱਕ ਬੱਕਰੀ ਲਿਆਉਣੀ ਚਾਹੀਦੀ ਹੈ। ਫ਼ੇਰ ਜਾਜਕ ਉਸ ਵਿਅਕਤੀ ਦੇ ਪਾਪ ਲਈ, ਉਸ ਦੇ ਬਦਲੇ ਪਰਾਸਚਿਤ ਕਰੇਗਾ।
7 “ਜੇ ਉਸ ਬੰਦੇ ਤੋਂ ਲੇਲਾ ਜਾਂ ਬੱਕਰੀ ਨਾ ਸਰਦੀ ਹੋਵੇ, ਉਹ ਦੋ ਘੁੱਗੀ ਜਾਂ ਦੋ ਜਵਾਨ ਕਬੂਤਰ ਯਹੋਵਾਹ ਲਈ ਲੈ ਕੇ ਆਵੇ। ਇਹ ਉਸ ਦੇ ਪਾਪ ਲਈ ਦੋਸ਼ ਦੀ ਭੇਟ ਹੋਵੇਗੀ। ਇੱਕ ਪੰਛੀ ਪਾਪ ਦੀ ਭੇਟ ਲਈ ਹੋਵੇ ਤੇ ਦੂਸਰਾ ਹੋਮ ਦੀ ਭੇਟ ਲਈ। 8 ਉਹ ਬੰਦਾ ਉਨ੍ਹਾਂ ਨੂੰ ਜਾਜਕ ਕੋਲ ਲੈ ਕੇ ਆਵੇ। ਪਹਿਲਾਂ, ਜਾਜਕ ਇੱਕ ਪੰਛੀ ਨੂੰ ਪਾਪ ਦੀ ਭੇਟ ਵਜੋਂ ਚੜ੍ਹਾਵੇਗਾ। ਜਾਜਕ ਪੰਛੀ ਦੇ ਸਿਰ ਨੂੰ ਉਸ ਦੀ ਗਿੱਚੀ ਤੋਂ ਤੋੜ ਦੇਵੇਗਾ। ਪਰ ਜਾਜਕ ਪੰਛੀ ਨੂੰ ਹਿਸਿਆਂ ਵਿੱਚ ਨਹੀਂ ਵੰਡੇਗਾ। 9 ਜਾਜਕ ਪਾਪ ਦੀ ਭੇਟ ਦਾ ਖੂਨ ਜਗਵੇਦੀ ਦੇ ਇੱਕ ਪਾਸੇ ਛਿੜਕੇਗਾ ਫ਼ੇਰ ਜਾਜਕ ਬਾਕੀ ਦਾ ਖੂਨ ਜਗਵੇਦੀ ਦੇ ਥੜੇ ਉੱਤੇ ਡੋਲ੍ਹੇਗਾ। ਇਹ ਪਾਪ ਦੀ ਭੇਟ ਹੈ। 10 ਫ਼ੇਰ ਜਾਜਕ ਨੂੰ ਦੂਸਰਾ ਪੰਛੀ ਹੋਮ ਦੀ ਭੇਟ ਦੇ ਨੇਮਾਂ ਅਨੁਸਾਰ ਭੇਟ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਜਾਜਕ ਉਸ ਬੰਦੇ ਨੂੰ, ਉਸ ਦੇ ਕੀਤੇ ਪਾਪਾਂ ਤੋਂ ਪਾਕ ਕਰ ਦੇਵੇਗਾ। ਅਤੇ ਪਰਮੇਸ਼ੁਰ ਉਸ ਬੰਦੇ ਨੂੰ ਮਾਫ਼ ਕਰ ਦੇਵੇਗਾ।
11 “ਜੇ ਉਸ ਬੰਦੇ ਤੋਂ ਦੋ ਘੁੱਗੀ ਜਾਂ ਦੋ ਕਬੂਤਰ ਨਾ ਸਰਦੇ ਹੋਣ, ਉਸ ਨੂੰ ਆਪਣੇ ਪਾਪ ਦੀ ਭੇਟ ਲਈ ਮੈਦੇ ਦੇ 8 ਕੱਪ ਲਿਆਉਣੇ ਚਾਹੀਦੇ ਹਨ। ਉਸ ਨੂੰ ਮੈਦੇ ਵਿੱਚ ਤੇਲ ਨਹੀਂ ਮਿਲਾਉਣਾ ਚਾਹੀਦਾ ਅਤੇ ਇਸ ਉੱਤੇ ਲੋਬਾਨ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਹ ਪਾਪ ਦੀ ਭੇਟ ਹੈ। 12 ਉਹ ਮੈਦਾ ਜਾਜਕ ਕੋਲ ਲਿਆਵੇ ਅਤੇ ਜਾਜਕ ਉਸ ਮੈਦੇ ਦੀ ਇੱਕ ਮੁੱਠੀ ਭਰੇਗਾ। ਇਹ ਇੱਕ ਯਾਦਗਾਰੀ ਭੇਟ ਹੋਵੇਗੀ। ਉਹ ਮੈਦੇ ਨੂੰ ਯਹੋਵਾਹ ਨੂੰ ਅੱਗ ਦੁਆਰਾ ਚੜ੍ਹਾਈਆਂ ਗਈਆਂ ਹੋਰਨਾਂ ਭੇਟਾਂ ਦੇ ਨਾਲ ਚੜ੍ਹਾਵੇਗਾ। ਇਹ ਉਸ ਦੇ ਪਾਪ ਦੀ ਭੇਟ ਹੈ। 13 ਇਸ ਤਰ੍ਹਾਂ ਜਾਜਕ ਉਸ ਬੰਦੇ ਨੂੰ ਪਾਕ ਬਣਾ ਦੇਵੇਗਾ। ਅਤੇ ਪਰਮੇਸ਼ੁਰ ਉਸ ਬੰਦੇ ਨੂੰ ਮਾਫ਼ ਕਰ ਦੇਵੇਗਾ। ਜਿਹੜਾ ਹਿੱਸਾ ਬਚ ਜਾਵੇਗਾ ਉਹ ਜਾਜਕ ਦਾ ਹੋਵੇਗਾ, ਜਿਵੇਂ ਅਨਾਜ ਦੀ ਭੇਟ ਦਾ ਹੁੰਦਾ ਹੈ।”
14 ਯਹੋਵਾਹ ਨੇ ਮੂਸਾ ਨੂੰ ਆਖਿਆ, 15 “ਹੋ ਸੱਕਦਾ ਹੈ ਕੋਈ ਬੰਦਾ ਯਹੋਵਾਹ ਦੀਆਂ ਪਵਿੱਤਰ ਚੀਜ਼ਾਂ ਨਾਲ ਅਚਨਚੇਤ ਕੋਈ ਗਲਤ ਗੱਲ ਕਰ ਬੈਠੇ। ਉਸ ਬੰਦੇ ਨੂੰ ਬਿਨਾ ਨੁਕਸ ਵਾਲਾ ਭੇਡੂ ਲੈ ਕੇ ਆਉਣਾ ਚਾਹੀਦਾ ਹੈ। ਇਹ ਯਹੋਵਾਹ ਨੂੰ ਉਸ ਦੇ ਦੋਸ਼ ਦੀ ਭੇਟ ਹੋਵੇਗੀ। ਤੁਹਾਨੂੰ ਸਰਕਾਰੀ ਨਾਪ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਭੇਡੂ ਦੀ ਕੀਮਤ ਨਿਸ਼ਚਿੰਤ ਕਰਨੀ ਚਾਹੀਦੀ ਹੈ। 16 ਉਸ ਨੂੰ ਪਵਿੱਤਰ ਚੀਜ਼ਾਂ ਲਈ ਅਦਾਇਗੀ ਕਰਨੀ ਪਵੇਗੀ ਜੋ ਉਸ ਨੇ ਲਈਆਂ। ਉਸ ਨੂੰ ਪੰਜਵਾਂ ਹਿੱਸਾ ਜੋੜ ਕੇ, ਜਾਜਕ ਨੂੰ ਦੇਣਾ ਚਾਹੀਦਾ ਹੈ। ਫ਼ੇਰ ਜਾਜਕ ਉਸ ਵਿਅਕਤੀ ਲਈ ਦੋਸ਼ ਦੀ ਭੇਟ ਦੇ ਭੇਡੂ ਨਾਲ ਪਰਾਸਚਿਤ ਕਰੇਗਾ ਅਤੇ ਇਹ ਮਾਫ਼ ਹੋ ਜਾਵੇਗਾ।
17 “ਜੇ ਕੋਈ ਬੰਦਾ ਪਾਪ ਕਰਦਾ ਅਤੇ ਉਨ੍ਹਾਂ ਵਿੱਚੋਂ ਕੋਈ ਇੱਕ ਗੱਲ ਕਰਦਾ ਜਿਨ੍ਹਾਂ ਨੂੰ ਯਹੋਵਾਹ ਨੇ ਨਾ ਕਰਨ ਦਾ ਆਦੇਸ਼ ਦਿੱਤਾ ਭਾਵੇਂ ਉਹ ਬੰਦਾ ਨਹੀਂ ਜਾਣਦਾ, ਉਹ ਦੋਸ਼ੀ ਹੋਵੇਗਾ ਅਤੇ ਉਸ ਨੂੰ ਆਪਣੇ ਪਾਪ ਦੀ ਜ਼ਿੰਮੇਵਾਰੀ ਕਬੂਲ ਕਰਨੀ ਚਾਹੀਦੀ ਹੈ। 18 ਉਸ ਨੂੰ ਇੱਕ ਬੇਨੁਕਸ ਅਤੇ ਜਾਜਕ ਦੁਆਰਾ ਨਿਰਧਾਰਿਤ ਕੀਤੀ ਗਈ ਕੀਮਤ ਦਾ ਭੇਡੂ ਉਸ ਕੋਲ ਲਿਆਉਣਾ ਚਾਹੀਦਾ ਹੈ। ਉਹ ਭੇਡੂ ਦੋਸ਼ ਦੀ ਭੇਟ ਹੋਵੇਗਾ। ਇਸ ਤਰ੍ਹਾਂ ਜਾਜਕ ਉਸ ਬੰਦੇ ਲਈ ਉਸ ਪਾਪ ਖਾਤਰ ਪਰਾਸਚਿਤ ਕਰੇਗਾ ਜੋ ਉਸ ਨੇ ਅਨਜਾਣੇ ਵਿੱਚ ਕੀਤਾ ਸੀ ਅਤੇ ਉਹ ਮਾਫ਼ ਹੋ ਜਾਵੇਗਾ। 19 ਇਹ ਦੋਸ਼ ਦੀ ਭੇਟ ਹੈ ਕਿਉਂ ਜੋ ਉਹ ਯਹੋਵਾਹ ਅੱਗੇ ਦੋਸ਼ੀ ਹੈ।”
ਬਾਕੀ ਪਾਪਾਂ ਲਈ ਦੋਸ਼ ਦੀਆਂ ਭੇਟਾਂ
6 ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਹੋ ਸੱਕਦਾ ਹੈ ਕੋਈ ਬੰਦਾ ਇਨ੍ਹਾਂ ਵਿੱਚੋਂ ਕੋਈ ਇੱਕ ਪਾਪ ਕਰਕੇ ਯਹੋਵਾਹ ਦੇ ਖਿਲਾਫ਼ ਕੁਝ ਗਲਤ ਕਰੇ: ਕੋਈ ਬੰਦਾ ਕਿਸੇ ਜਮ੍ਹਾਂ ਕਰਾਈ ਹੋਈ ਰਕਮ [a] ਬਾਰੇ ਝੂਠ ਬੋਲ ਸੱਕਦਾ ਜੋ ਉਸ ਨੂੰ ਮਿਲੀ ਹੋਵੇ। ਜਾਂ ਕੋਈ ਬੰਦਾ ਕਿਸੇ ਚੀਜ਼ ਨੂੰ ਚੁਰਾ ਲਵੇ। ਜਾਂ ਕੋਈ ਬੰਦਾ ਕਿਸੇ ਨੂੰ ਧੋਖਾ ਦੇਵੇ। 3 ਜਾਂ ਹੋ ਸੱਕਦਾ ਕਿ ਕੋਈ ਬੰਦਾ ਗੁਆਂਢੀ ਦੀ ਗੁਆਚੀ ਹੋਈ ਕਿਸੇ ਚੀਜ਼ ਨੂੰ ਲੱਭ ਲਵੇ ਅਤੇ ਇਸ ਬਾਰੇ ਝੂਠ ਬੋਲੇ। ਜਾਂ ਹੋ ਸੱਕਦਾ ਕੋਈ ਬੰਦਾ ਕਾਸੇ ਬਾਰੇ ਝੂਠੀ ਸੌਂਹ ਖਾਵੇ ਜਾਂ ਉਹ ਕੋਈ ਹੋਰ ਪਾਪ ਕਰੋ। 4 ਜੇ ਕੋਈ ਬੰਦਾ ਇਨ੍ਹਾਂ ਵਿੱਚੋਂ ਕੋਈ ਗੱਲ ਕਰੇ, ਤਾਂ ਉਹ ਬੰਦਾ ਪਾਪ ਦਾ ਦੋਸ਼ੀ ਹੈ। ਉਸ ਬੰਦੇ ਨੂੰ ਉਹ ਚੀਜ਼ ਵਾਪਸ ਲਿਆਉਣੀ ਚਾਹੀਦੀ ਹੈ ਜੋ ਉਸ ਨੇ ਚੋਰੀ ਕੀਤੀ, ਜਾਂ ਜਿਸ ਨੂੰ ਉਸ ਨੇ ਧੋਖੇ ਨਾਲ ਲਿਆ, ਜਾਂ ਉਸ ਨੇ ਜੋ ਕੁਝ ਵੀ ਲਿਆ ਜਿਸ ਨੂੰ ਕਿਸੇ ਹੋਰ ਨੇ ਅਮਾਨਤ ਦੇ ਤੌਰ ਤੇ ਰੱਖਣ ਲਈ ਦਿੱਤਾ ਸੀ। ਜਾਂ ਜੋ ਕੁਝ ਵੀ ਉਸ ਨੂੰ ਲੱਭਿਆ ਅਤੇ ਉਸ ਬਾਰੇ ਝੂਠ ਬੋਲਿਆ, 5 ਜਾਂ ਉਸ ਨੇ ਜੋ ਵੀ ਝੂਠੀ ਸੌਂਹ ਖਾਧੀ, ਉਸ ਨੂੰ ਇਸਦੀ ਪੂਰੀ ਕੀਮਤ ਵਿੱਚ ਚੀਜ਼ ਦੇ ਮੁੱਲ ਦਾ ਪੰਜਵਾਂ ਹਿੱਸਾ ਵੱਧ ਜਮ੍ਹਾਂ ਕਰਕੇ ਅਦਾ ਕਰਨਾ ਚਾਹੀਦਾ ਹੈ। ਉਸ ਨੂੰ ਇਹ ਪੈਸਾ ਜਦੋਂ ਉਹ ਆਪਣਾ ਦੋਸ਼ ਦੀ ਭੇਟ ਲੈ ਕੇ ਆਉਂਦਾ, ਉਸ ਦੇ ਅਸਲੀ ਮਾਲਕ ਨੂੰ ਦੇਣਾ ਚਾਹੀਦਾ ਹੈ। 6 ਉਸ ਬੰਦੇ ਨੂੰ ਜਾਜਕ ਕੋਲ ਆਪਣੀ ਦੋਸ਼ ਦੀ ਭੇਟ ਲੈ ਕੇ ਆਉਣੀ ਚਾਹੀਦੀ ਹੈ। ਇਹ ਉਸ ਦੇ ਇੱਜੜ ਵਿੱਚੋਂ ਇੱਕ ਬੇਨੁਕਸ ਭੇਡੂ ਹੋਣਾ ਚਾਹੀਦਾ ਹੈ। ਇਹ ਉਨੇ ਹੀ ਮੁੱਲ ਦਾ ਹੋਣਾ ਚਾਹੀਦਾ ਜਿੰਨਾ ਜਾਜਕ ਆਖੇ। ਇਹ ਯਹੋਵਾਹ ਨੂੰ ਦੋਸ਼ ਦੀ ਭੇਟ ਹੋਵੇਗੀ। 7 ਫ਼ੇਰ ਜਾਜਕ ਦੇ ਅੱਗੇ ਜਾਵੇਗਾ ਅਤੇ ਉਸ ਵਿਅਕਤੀ ਲਈ ਪਰਾਸਚਿਤ ਕਰੇਗਾ ਅਤੇ ਉਹ ਗੱਲਾਂ ਜਿਨ੍ਹਾਂ ਨੂੰ ਕਰਕੇ ਉਹ ਦੋਸ਼ੀ ਬਣਿਆ ਸੀ ਮਾਫ਼ ਕਰ ਦਿੱਤੀਆਂ ਜਾਣਗੀਆਂ।”
ਹੋਮ ਦੀਆਂ ਭੇਟਾਂ
8 ਯਹੋਵਾਹ ਨੇ ਮੂਸਾ ਨੂੰ ਆਖਿਆ, 9 “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਇਹ ਹੁਕਮ ਦਿਉ; ਇਹ ਹੋਮ ਦੀ ਭੇਟ ਦੀ ਬਿਧੀ ਹੈ। ਹੋਮ ਦੀ ਭੇਟ ਸਾਰੀ ਰਾਤ, ਸਵੇਰ ਹੋਣ ਤੀਕ ਜਗਵੇਦੀ ਉੱਤੇ ਰਹਿਣੀ ਚਾਹੀਦੀ ਹੈ। ਜਗਵੇਦੀ ਦੀ ਅੱਗ ਬਲਦੀ ਰਹਿਣੀ ਚਾਹੀਦੀ ਹੈ। 10 ਜਾਜਕ ਨੂੰ ਆਪਣਾ ਲਿਨਨ ਦਾ ਕੱਛਾ ਅਤੇ ਲਿਨਨ ਦਾ ਚੋਲਾ ਪਹਿਨਣਾ ਚਾਹੀਦਾ ਹੈ। ਫ਼ੇਰ ਉਸ ਨੂੰ ਹੋਮ ਦੀ ਭੇਟ ਸੜਨ ਤੋਂ ਬਾਦ ਜਗਵੇਦੀ ਉੱਤੇ ਬਚੀ ਹੋਈ ਰਾਖ ਚੁੱਕ ਦੇਣੀ ਚਾਹੀਦੀ ਹੈ। ਉਸ ਨੂੰ ਇਹ ਰਾਖ ਜਗਵੇਦੀ ਦੇ ਪਾਸੇ ਤੇ ਪਾ ਦੇਣੀ ਚਾਹੀਦੀ ਹੈ। 11 ਫ਼ੇਰ ਉਸ ਨੂੰ ਆਪਣੇ ਉਸ ਵਸਤਰ ਉਤਾਰ ਦੇਣੇ ਚਾਹੀਦੇ ਹਨ ਅਤੇ ਹੋਰ ਵਸਤਰ ਪਾਕੇ ਉਹ ਰਾਖ ਚੁੱਕੇ ਡੇਰੇ ਤੋਂ ਬਾਹਰ ਸ਼ੁੱਧ ਥਾਂ ਤੇ ਲੈ ਜਾਣੀ ਚਾਹੀਦੀ ਹੈ। 12 ਪਰ ਜਗਵੇਦੀ ਦੀ ਅੱਗ ਬਲਦੀ ਰੱਖਣੀ ਚਾਹੀਦੀ ਹੈ। ਇਸ ਨੂੰ ਬੁਝਣ ਨਹੀਂ ਦਿੱਤਾ ਜਾਣਾ ਚਾਹੀਦਾ ਹਰ ਸਵੇਰ ਜਾਜਕ ਨੂੰ ਅੱਗ ਵਿੱਚ ਲੱਕੜਾਂ ਪਾਉਣੀਆਂ ਚਾਹੀਦੀਆਂ ਹਨ। ਉਸ ਨੂੰ ਹੋਮ ਦੀ ਭੇਟ ਨੂੰ ਜਗਵੇਦੀ ਉੱਤੇ ਰੱਖਣਾ ਚਾਹੀਦਾ ਹੈ ਅਤੇ ਸੁੱਖ-ਸਾਂਦ ਦੀ ਭੇਟ ਦੀ ਚਰਬੀ ਸਾੜ ਦੇਣੀ ਚਾਹੀਦੀ ਹੈ। 13 ਜਗਵੇਦੀ ਉੱਤੇ ਅੱਗ ਬਿਨਾ ਰੁਕੇ ਬਲਦੀ ਰੱਖਣੀ ਚਾਹੀਦੀ ਹੈ। ਇਹ ਕਦੇ ਵੀ ਬੁਝਣ ਨਹੀਂ ਦੇਣੀ ਚਾਹੀਦੀ।
ਅਨਾਜ ਦੀਆਂ ਭੇਟਾਂ
14 “ਅਨਾਜ ਦੀਆਂ ਭੇਟਾਂ ਦਾ ਨੇਮ ਇਹ ਹੈ; ਹਾਰੂਨ ਦੇ ਪੁੱਤਰ ਇਸ ਨੂੰ ਜਗਵੇਦੀ ਦੇ ਸਾਹਮਣੇ ਯਹੋਵਾਹ ਕੋਲ ਲੈ ਕੇ ਆਉਣ। 15 ਜਾਜਕ ਨੂੰ ਅਨਾਜ ਦੀ ਭੇਟ ਵਿੱਚੋਂ ਮੈਦੇ ਦੀ ਇੱਕ ਮੁੱਠੀ ਭਰਨੀ ਚਾਹੀਦੀ ਹੈ। ਉਸ ਨੂੰ ਕੁਝ ਤੇਲ ਅਤੇ ਸਾਰਾ ਲੋਬਾਨ ਲੈਣਾ ਚਾਹੀਦਾ ਜੋ ਅਨਾਜ ਦੀ ਭੇਟ ਉੱਤੇ ਹੈ। ਉਸ ਨੂੰ ਅਨਾਜ ਦੀ ਭੇਟ ਨੂੰ ਜਗਵੇਦੀ ਉੱਤੇ ਸਾੜਨਾ ਚਾਹੀਦਾ ਹੈ। ਇਹ ਯਹੋਵਾਹ ਲਈ ਯਾਦਗਾਰ ਭੇਟ ਹੋਵੇਗੀ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ।
16 “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਬਚੀ ਹੋਈ ਅਨਾਜ ਦੀ ਭੇਟ ਖਾਣੀ ਚਾਹੀਦੀ ਹੈ। ਅਨਾਜ ਦੀ ਭੇਟ ਇੱਕ ਤਰ੍ਹਾਂ ਦੀ ਪਤੀਰੀ ਰੋਟੀ ਹੈ। ਜਾਜਕਾਂ ਨੂੰ ਪਵਿੱਤਰ ਸਥਾਨ ਉੱਤੇ ਇਹ ਰੋਟੀ ਖਾਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਮੰਡਲੀ ਵਾਲੇ ਤੰਬੂ ਦੇ ਆਲੇ-ਦੁਆਲੇ ਵਿਹੜੇ ਵਿੱਚ ਖਾਣੀ ਚਾਹੀਦੀ ਹੈ। 17 ਅਨਾਜ ਦੀ ਭੇਟ ਨੂੰ ਖਮੀਰ ਨਾਲ ਨਹੀਂ ਪਕਾਉਣਾ ਚਾਹੀਦਾ। ਮੈਂ ਇਸ ਹਿੱਸੇ ਨੂੰ, ਮੈਨੂੰ ਅੱਗ ਦੁਆਰਾ ਦਿੱਤੇ ਗਏ ਚੜ੍ਹਾਵੇ ਵਿੱਚੋਂ ਜਾਜਕਾਂ ਨੂੰ ਦਿੱਤਾ ਹੈ। ਇਹ ਪਾਪ ਦੀ ਭੇਟ ਅਤੇ ਦੋਸ਼ ਦੀ ਭੇਟ ਵਾਂਗ ਅੱਤ ਪਵਿੱਤਰ ਹੈ। 18 ਹਾਰੂਨ ਦੇ ਉੱਤਰਾਧਿਕਾਰੀਆਂ ਵਿੱਚੋਂ ਹਰ ਨਰ, ਯਹੋਵਾਹ ਨੂੰ ਅੱਗ ਦੁਆਰਾ ਦਿੱਤੀ ਗਈ ਅਨਾਜ ਦੀ ਭੇਟ ਵਿੱਚੋਂ ਖਾ ਸੱਕਦਾ ਹੈ। ਇਹ ਤੁਹਾਡੀਆਂ ਪੀੜੀਆਂ ਲਈ ਸਦਾ ਵਾਸਤੇ ਇੱਕ ਨੇਮ ਹੈ। ਇਨ੍ਹਾਂ ਭੇਟਾਂ ਨੂੰ ਛੂਹਣਾ ਉਨ੍ਹਾਂ ਆਦਮੀਆਂ ਨੂੰ ਪਵਿੱਤਰ ਬਣਾਉਂਦਾ ਹੈ।”
ਜਾਜਕਾਂ ਦੀਆਂ ਅਨਾਜ ਦੀਆਂ ਭੇਟਾਂ
19 ਯਹੋਵਾਹ ਨੇ ਮੂਸਾ ਨੂੰ ਆਖਿਆ, 20 “ਇਹ ਉਹ ਭੇਟ ਹੈ ਜਿਹੜੀ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਯਹੋਵਾਹ ਲਈ ਲੈ ਕੇ ਆਉਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਉਸ ਦਿਨ ਕਰਨਾ ਚਾਹੀਦਾ ਜਦੋਂ ਹਾਰੂਨ ਨੂੰ ਪਰਧਾਨ ਜਾਜਕ ਵਜੋਂ ਮਸਹ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਅਨਾਜ ਦੀ ਭੇਟ ਵਜੋਂ 8 ਕੱਪ ਮੈਦੇ ਦੇ ਲੈ ਕੇ ਆਉਣੇ ਚਾਹੀਦੇ ਹਨ। (ਇਹ ਨਿਯਮਿਤ ਅਨਾਜ ਦੀ ਭੇਟ ਹੈ।) ਉਨ੍ਹਾਂ ਨੂੰ ਇਸਦਾ ਅੱਧਾ ਹਿੱਸਾ ਸਵੇਰੇ ਲੈ ਕੇ ਆਉਣਾ ਚਾਹੀਦਾ ਹੈ ਅਤੇ ਅੱਧਾ ਸ਼ਾਮ ਨੂੰ। 21 ਮੈਦੇ ਵਿੱਚ ਤੇਲ ਮਿਲਾਉਣਾ ਚਾਹੀਦਾ ਹੈ ਅਤੇ ਇਸ ਨੂੰ ਤਵੇ ਉੱਤੇ ਪਕਾਉਣਾ ਚਾਹੀਦਾ ਹੈ। ਜਦੋਂ ਇੱਕ ਪੱਕ ਜਾਵੇ ਤਾਂ ਤੁਹਾਨੂੰ ਇਹ ਅੰਦਰ ਲਿਆਉਣਾ ਚਾਹੀਦਾ ਹੈ। ਤੁਹਾਨੂੰ ਇਸ ਚੜ੍ਹਾਵੇ ਦੇ ਟੁਕੜੇ ਕਰ ਲੈਣੇ ਚਾਹੀਦੇ ਹਨ। ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ।
22-23 “ਉਸ ਜਾਜਕ ਨੂੰ ਜਿਹੜਾ ਹਾਰੂਨ ਦੇ ਉੱਤਰਾਧਿਕਾਰੀਆਂ ਵਿੱਚੋਂ ਹਾਰੂਨ ਦੀ ਥਾਂ ਲੈਣ ਲਈ ਚੁਣਿਆ ਜਾਂਦਾ, ਯਹੋਵਾਹ ਨੂੰ ਇਹ ਭੇਟ ਦੇਣੀ ਚਾਹੀਦੀ ਹੈ। ਇਹ ਨੇਮ ਸਦਾ ਲਈ ਜਾਰੀ ਰਹੇਗਾ। ਜਾਜਕ ਦੀ ਅਨਾਜ ਦੀ ਭੇਟ ਨੂੰ ਪੂਰੀ ਤਰ੍ਹਾਂ ਸਾੜਨਾ ਚਾਹੀਦਾ ਅਤੇ ਇਸ ਨੂੰ ਖਾਣਾ ਨਹੀਂ ਚਾਹੀਦਾ।”
ਪਾਪ ਦੀ ਭੇਟ ਦੀ ਬਿਧੀ
24 ਯਹੋਵਾਹ ਨੇ ਮੂਸਾ ਨੂੰ ਆਖਿਆ, 25 “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਆਖ; ਇਹ ਪਾਪ ਦੀ ਭੇਟ ਦੀ ਬਿਧੀ ਹੈ। ਪਾਪ ਦੀ ਭੇਟ ਨੂੰ ਉਸੇ ਸਥਾਨ ਉੱਤੇ ਮਾਰਿਆ ਜਾਣਾ ਚਾਹੀਦਾ ਜਿੱਥੇ ਯਹੋਵਾਹ ਦੇ ਸਾਹਮਣੇ ਹੋਮ ਦੀ ਭੇਟ ਨੂੰ ਮਾਰਿਆ ਜਾਂਦਾ ਹੈ। ਇਹ ਅੱਤ ਪਵਿੱਤਰ ਹੈ। 26 ਜਿਹੜਾ ਜਾਜਕ ਪਾਪ ਦੀ ਭੇਟ ਨੂੰ ਭੇਟ ਕਰਦਾ ਹੈ ਉਸ ਨੂੰ ਇਸ ਨੂੰ ਖਾਣਾ ਚਾਹੀਦਾ ਹੈ। ਪਰ ਉਸ ਨੂੰ ਇਸ ਮੰਡਲੀ ਵਾਲੇ ਤੰਬੂ ਦੇ ਆਲੇ-ਦੁਆਲੇ ਦੇ ਵਿਹੜੇ ਵਿੱਚ ਪਵਿੱਤਰ ਸਥਾਨ ਉੱਤੇ ਖਾਣਾ ਚਾਹੀਦਾ ਹੈ। 27-28 ਪਾਪ ਦੀ ਭੇਟ ਦੇ ਮਾਸ ਨੂੰ ਛੂਹਣਾ ਕਿਸੇ ਬੰਦੇ ਜਾਂ ਚੀਜ਼ ਨੂੰ ਪਵਿੱਤਰ ਬਣਾਉਂਦਾ ਹੈ।
“ਜੇਕਰ ਥੋੜਾ ਜਿਹਾ ਖੂਨ ਵੀ ਕਿਸੇ ਬੰਦੇ ਦੇ ਕੱਪੜਿਆਂ ਉੱਤੇ ਪੈ ਜਾਵੇ, ਉਸ ਨੂੰ ਆਪਣੇ ਕੱਪੜੇ ਪਵਿੱਤਰ ਸਥਾਨ ਵਿੱਚ ਧੋ ਲੈਣੇ ਚਾਹੀਦੇ ਹਨ। ਜੇ ਪਾਪ ਦੀ ਭੇਟ ਨੂੰ ਮਿੱਟੀ ਦੇ ਬਰਤਨ ਵਿੱਚ ਉਬਾਲਿਆ ਗਿਆ ਹੋਵੇ, ਤਾਂ ਉਸ ਬਰਤਨ ਨੂੰ ਭੰਨ ਦੇਣਾ ਚਾਹੀਦਾ ਹੈ। ਜੇ ਪਾਪ ਦੀ ਭੇਟ ਨੂੰ ਪਿੱਤਲ ਦੇ ਭਾਂਡੇ ਵਿੱਚ ਉਬਾਲਿਆ ਗਿਆ ਹੋਵੇ, ਉਸ ਭਾਂਡੇ ਨੂੰ ਪਾਣੀ ਨਾਲ ਹੰਘਾਲ ਕੇ ਧੋ ਲੈਣਾ ਚਾਹੀਦਾ ਹੈ।
29 “ਜਾਜਕ ਦੇ ਘਰ ਦਾ ਕੋਈ ਵੀ ਆਦਮੀ ਪਾਪ ਦੀ ਭੇਟ ਖਾ ਸੱਕਦਾ ਹੈ। ਇਹ ਬਹੁਤ ਪਵਿੱਤਰ ਹੈ। 30 ਪਰ ਜੇ ਪਾਪ ਦੀ ਭੇਟ ਦਾ ਖੂਨ ਮੰਡਲੀ ਵਾਲੇ ਤੰਬੂ ਵਿੱਚ ਲਿਜਾਇਆ ਗਿਆ ਸੀ ਅਤੇ ਪਵਿੱਤਰ ਸਥਾਨ ਵਿੱਚ ਪਰਾਸਚਿਤ ਕਰਨ ਲਈ ਵਰਤਿਆ ਗਿਆ ਸੀ, ਤਾਂ ਇਸ ਪਾਪ ਦੀ ਭੇਟ ਨੂੰ ਨਹੀਂ ਖਾਣਾ ਚਾਹੀਦਾ ਅਤੇ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ।
ਦੋਸ਼ ਦੀਆਂ ਭੇਟਾਂ
7 “ਦੋਸ਼ ਦੀ ਭੇਟ ਦੀਆਂ ਬਿਧੀਆਂ ਇਹ ਹਨ। ਇਹ ਬਹੁਤ ਪਵਿੱਤਰ ਹੈ। 2 ਉਨ੍ਹਾਂ ਨੂੰ ਦੋਸ਼ ਦੀ ਭੇਟ ਨੂੰ ਉਸੇ ਥਾਂ ਮਾਰਨਾ ਚਾਹੀਦਾ ਹੈ ਜਿੱਥੇ ਹੋਮ ਦੀਆਂ ਭੇਟਾਂ ਨੂੰ ਮਾਰਿਆ ਜਾਂਦਾ। ਫ਼ੇਰ ਜਾਜਕ ਨੂੰ ਦੋਸ਼ ਦੀ ਭੇਟ ਦੇ ਖੂਨ ਨੂੰ ਜਗਵੇਦੀ ਦੇ ਸਾਰੀਂ ਪਾਸੀਂ ਡੋਲ੍ਹਣਾ ਚਾਹੀਦਾ ਹੈ।
3 “ਜਾਜਕ ਨੂੰ ਦੋਸ਼ ਦੀ ਭੇਟ ਦੀ ਸਾਰੀ ਚਰਬੀ ਭੇਟ ਕਰਨੀ ਚਾਹੀਦੀ ਹੈ। ਉਸ ਨੂੰ ਚਰਬੀ ਵਾਲੀ ਪੂਛ ਅਤੇ ਉਹ ਚਰਬੀ ਜਿਹੜੀ ਉਸ ਦੇ ਅੰਦਰਲੇ ਅੰਗਾਂ ਵਿੱਚ ਹੈ, ਭੇਟ ਕਰਨੀ ਚਾਹੀਦੀ ਹੈ। 4 ਉਸ ਨੂੰ ਦੋਵੇਂ ਗੁਰਦੇ ਅਤੇ ਉਨ੍ਹਾਂ ਨੂੰ ਕੱਜਣ ਵਾਲੀ ਪੁਠ ਦੇ ਹੇਠਲੇ ਪਾਸੇ ਦੀ ਚਰਬੀ ਅਤੇ ਕਲੇਜੀ ਦੇ ਚਰਬੀ ਵਾਲੇ ਹਿੱਸੇ ਨੂੰ ਵੀ ਭੇਟ ਕਰਨਾ ਚਾਹੀਦਾ ਹੈ ਜਿਸ ਨੂੰ ਉਹ ਗੁਰਦਿਆਂ ਦੇ ਨਾਲ ਲਾਹ ਲੈਂਦਾ ਹੈ। 5 ਜਾਜਕ ਨੂੰ ਇਹ ਸਾਰੀਆਂ ਚੀਜ਼ਾਂ ਜਗਵੇਦੀ ਉੱਤੇ ਸਾੜਨੀਆਂ ਚਾਹੀਦੀਆਂ ਹਨ। ਇਹ ਯਹੋਵਾਹ ਨੂੰ ਅਗਨੀ ਰਾਹੀਂ ਭੇਟ ਕੀਤਾ ਚੜ੍ਹਾਵਾ ਹੋਵੇਗਾ। ਇਹ ਦੋਸ਼ ਦੀ ਭੇਟ ਹੈ।
6 “ਜਾਜਕ ਦੇ ਪਰਿਵਾਰ ਦਾ ਕੋਈ ਵੀ ਨਰ ਬੰਦਾ ਦੋਸ਼ ਦੀ ਭੇਟ ਖਾ ਸੱਕਦਾ। ਇਹ ਬਹੁਤ ਪਵਿੱਤਰ ਹੈ, ਇਸ ਲਈ ਇਸ ਨੂੰ ਪਵਿੱਤਰ ਸਥਾਨ ਉੱਤੇ ਖਾਣਾ ਚਾਹੀਦਾ ਹੈ। 7 ਦੋਸ਼ ਦੀ ਭੇਟ ਪਾਪ ਦੀ ਭੇਟ ਵਰਗੀ ਹੀ ਹੈ। ਦੋਹਾਂ ਭੇਟਾਂ ਦੇ ਅਸੂਲ ਇੱਕੋ ਜਿਹੇ ਹਨ। ਜਿਹੜਾ ਜਾਜਕ ਬਲੀ ਚੜ੍ਹਾਉਂਦਾ ਹੈ ਉਹੀ ਭੋਜਨ ਲਈ ਮਾਸ ਪ੍ਰਾਪਤ ਕਰੇਗਾ। 8 ਹੁਣ ਪੂਰੀ ਹੋਮ ਦੀ ਭੇਟ ਬਾਰੇ; ਜਿਹੜਾ ਜਾਜਕ ਪੂਰੀਆਂ ਹੋਮ ਦੀਆਂ ਬਲੀਆਂ ਚੜ੍ਹਾਉਂਦਾ ਹੈ, ਉਸ ਨੂੰ ਜਾਨਵਰ ਦੀ ਖੱਲ ਵੀ ਪ੍ਰਾਪਤ ਹੋਣੀ ਚਾਹੀਦੀ ਹੈ। 9 ਹਰ ਅਨਾਜ ਦੀ ਭੇਟ ਜਿਹੜੀ ਜਾਜਕ ਚੜ੍ਹਾਉਂਦਾ ਹੈ, ਉਸ ਇੱਕਲੇ ਦੀ ਹੋਵੇਗੀ। ਜਾਜਕ ਉਨ੍ਹਾਂ ਅਨਾਜ ਦੀਆਂ ਭੇਟਾਂ ਨੂੰ ਪ੍ਰਾਪਤ ਕਰੇਗਾ ਜਿਹੜੀਆਂ ਤੰਦੂਰ ਵਿੱਚ ਜਾਂ ਪਤੀਲੇ ਵਿੱਚ ਜਾਂ ਤਵੇ ਉੱਤੇ ਪਕਾਈਆਂ ਗਈਆਂ ਸਨ। 10 ਪਰ ਹਰ ਅਨਾਜ ਦੀ ਭੇਟ ਜੋ ਸੁੱਕੀ ਹੈ ਜਾਂ ਤੇਲ ਨਾਲ ਮਿਲੀ ਹੋਈ ਹਾਰੂਨ ਦੇ ਸਾਰੇ ਪੁੱਤਰਾਂ ਦੀ ਹੋਵੇਗੀ। ਉਹ ਇਸ ਭੋਜਨ ਨੂੰ ਸਾਂਝਾ ਕਰਨਗੇ।
ਸੁੱਖ-ਸਾਂਦ ਦੀਆਂ ਭੇਟਾਂ
11 “ਸੁੱਖ-ਸਾਂਦ ਦੀਆਂ ਭੇਟਾਂ ਲਈ ਇਹ ਬਿਧੀ ਹੈ ਜੋ ਕੋ ਵੀ ਵਿਅਕਤੀ ਯਹੋਵਾਹ ਲਈ ਲਿਆ ਸੱਕਦਾ ਹੈ; 12 ਜੇਕਰ ਉਹ ਧੰਨਵਾਦ ਲਈ ਸੁੱਖ-ਸਾਂਦ ਦੀ ਭੇਟ ਲਿਆਉਂਦਾ, ਉਸ ਨੂੰ ਤੇਲ ਨਾਲ ਮਿਲੀ ਬੇਖਮੀਰੀ ਰੋਟੀ, ਬੇਖਮੀਰੀਆਂ ਮਠੀਆਂ ਉੱਤੇ ਤੇਲ ਪਾਕੇ ਅਤੇ ਤੇਲ ਨਾਲ ਮਿਲੇ ਹੋਏ ਮੈਦੇ ਦੇ ਕੇਕ ਵੀ ਲਿਆਉਣੇ ਚਾਹੀਦੇ ਹਨ। 13 ਧੰਨਵਾਦ ਦੇ ਸੁੱਖ-ਸਾਂਦ ਦੀ ਭੇਟ ਦੇ ਨਾਲ, ਉਸ ਵਿਅਕਤੀ ਨੂੰ ਪਤੀਰੀ ਰੋਟੀ ਦੇ ਕੇਕ ਲਿਆਉਣੇ ਚਾਹੀਦੇ ਹਨ। 14 ਯਹੋਵਾਹ ਨੂੰ ਦਿੱਤੀਆਂ ਇਨ੍ਹਾਂ ਸੁਗਾਤਾਂ ਵਿੱਚੋਂ, ਹਰ ਤਰ੍ਹਾਂ ਦਾ ਇੱਕ ਟੁਕੜਾ ਉਸ ਜਾਜਕ ਦਾ ਹੋਵੇਗਾ ਜਿਹੜਾ ਸੁੱਖ-ਸਾਂਦ ਦੀ ਭੇਟ ਦਾ ਖੂਨ ਡੋਲ੍ਹਦਾ ਹੈ। 15 ਸੁੱਖ-ਸਾਂਦ ਦੀ ਭੇਟ ਦਾ ਮਾਸ ਜਿਹੜਾ ਧੰਨਵਾਦ ਜਾਹਰ ਕਰਨ ਲਈ ਦਿੱਤਾ ਗਿਆ ਹੋਵੇ, ਉਸੇ ਦਿਨ ਖਾ ਲਿਆ ਜਾਣਾ ਚਾਹੀਦਾ ਹੈ ਜਿਸ ਦਿਨ ਇਹ ਚੜ੍ਹਾਇਆ ਜਾਂਦਾ ਹੈ। ਮਾਸ ਦਾ ਕੋਈ ਵੀ ਹਿੱਸਾ ਅਗਲੀ ਸਵੇਰ ਲਈ ਨਹੀਂ ਬਚਣਾ ਚਾਹੀਦਾ।
16 “ਜੇਕਰ ਉਸਦੀ ਭੇਟ ਕਿਸੇ ਖਾਸ ਸੌਂਹ ਜਾਂ ਸਵੈਇੱਛਿਤ ਚੜ੍ਹਾਵੇ ਕਾਰਣ ਹੈ, ਤਾਂ ਬਲੀ ਉਸੇ ਦਿਨ ਖਾਧੀ ਜਾਣੀ ਚਾਹੀਦੀ ਹੈ ਜਿਸ ਦਿਨ ਉਹ ਇਸ ਨੂੰ ਭੇਟ ਕਰਦਾ ਹੈ। ਜੇ ਇਸ ਵਿੱਚੋਂ ਕੁਝ ਬਚ ਜਾਵੇ ਤਾਂ ਇਸ ਨੂੰ ਅਗਲੇ ਦਿਨ ਖਾ ਲਿਆ ਜਾਵੇ। 17 ਪਰ ਜੇ ਇਸ ਬਲੀ ਦਾ ਮਾਸ ਤੀਸਰੇ ਦਿਨ ਵੀ ਬਚ ਜਾਵੇ ਤਾਂ ਇਸ ਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ। 18 ਜੇ ਕੋਈ ਬੰਦਾ ਆਪਣੀ ਸੁੱਖ-ਸਾਂਦ ਦੀ ਭੇਟ ਦਾ ਬੱਚਿਆਂ ਹੋਇਆ ਮਾਸ ਤੀਸਰੇ ਦਿਨ ਖਾਂਦਾ ਹੈ, ਉਸਦੀ ਬਲੀ ਮੰਜੂਰਸ਼ੁਦਾ ਨਹੀਂ ਸਮਝੀ ਜਾਵੇਗੀ। ਇਹ ਇੱਕ ਘਿਨਾਉਣੀ ਗੱਲ ਹੈ। ਉਹ ਆਪਣੇ ਕੀਤੇ ਲਈ ਜਿੰਮੇਵਾਰ ਹੋਵੇਗਾ।
19 “ਇਹ ਵੀ ਗੱਲ ਹੈ ਕਿ ਲੋਕਾਂ ਨੂੰ ਉਹ ਮਾਸ ਨਹੀਂ ਖਾਣਾ ਚਾਹੀਦਾ ਜਿਸ ਨੂੰ ਕੋਈ ਨਾਪਾਕ ਸ਼ੈਅ ਛੂਹ ਲੈਂਦੀ ਹੈ। ਉਨ੍ਹਾਂ ਨੂੰ ਇਸ ਮਾਸ ਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ। ਹਰ ਉਹ ਬੰਦਾ ਜਿਹੜਾ ਪਾਕ ਹੈ ਉਹ ਸੁੱਖ-ਸਾਂਦ ਦੀ ਭੇਟ ਦਾ ਮਾਸ ਖਾ ਸੱਕਦਾ ਹੈ। 20 ਪਰ ਜੇ ਕੋਈ ਬੰਦਾ ਨਾਪਾਕ ਹੈ ਅਤੇ ਸੁੱਖ-ਸਾਂਦ ਦੀ ਭੇਟ ਦਾ ਉਹ ਮਾਸ ਖਾ ਲੈਂਦਾ ਹੈ ਜੋ ਯਹੋਵਾਹ ਦਾ ਹੈ, ਤਾਂ ਉਸ ਬੰਦੇ ਨੂੰ ਆਪਣੇ ਲੋਕਾਂ ਤੋਂ ਛੇਕ ਦੇਣਾ ਚਾਹੀਦਾ ਹੈ।
21 “ਜੇਕਰ ਕੋਈ ਬੰਦਾ ਨਾਪਾਕ ਹੈ, ਕਿਉਂਕਿ ਉਸ ਨੇ ਕਿਸੇ ਮਨੁੱਖੀ ਨਾਪਾਕਤਾ ਜਾਂ ਜਾਨਵਰ ਦੀ ਨਾਪਾਕਤਾ ਜਾਂ ਕਿਸੇ ਘਿਰਣਾਯੋਗ ਪ੍ਰਾਣੀ ਦੀ ਨਾਪਾਕਤਾ ਨੂੰ ਛੂਹ ਲਿਆ, ਅਤੇ ਜੇਕਰ ਉਹ ਯਹੋਵਾਹ ਨੂੰ ਚੜ੍ਹਾਈ ਸੁੱਖ-ਸਾਂਦ ਦੀ ਭੇਟ ਦਾ ਮਾਸ ਖਾ ਲੈਂਦਾ ਹੈ, ਉਸ ਨੂੰ ਉਸ ਦੇ ਲੋਕਾਂ ਤੋਂ ਵੱਖ ਕਰ ਦੇਣਾ ਚਾਹੀਦਾ ਹੈ।”
22 ਯਹੋਵਾਹ ਨੇ ਮੂਸਾ ਨੂੰ ਆਖਿਆ, 23 “ਇਸਰਾਏਲ ਦੇ ਲੋਕਾਂ ਨੂੰ ਆਖ; ਤੁਹਾਨੂੰ ਗਾਵਾਂ, ਭੇਡਾਂ ਜਾਂ ਬੱਕਰੀਆਂ ਦੀ ਚਰਬੀ ਨਹੀਂ ਖਾਣੀ ਚਾਹੀਦੀ। 24 ਤੁਸੀਂ ਕਿਸੇ ਅਜਿਹੇ ਜਾਨਵਰ ਦੀ ਚਰਬੀ ਵਰਤ ਸੱਕਦੇ ਹੋ ਜਿਹੜਾ ਆਪਣੇ-ਆਪ ਮਰ ਗਿਆ ਹੋਵੇ ਜਾਂ ਜਿਸ ਨੂੰ ਹੋਰਨਾਂ ਜਾਨਵਰਾਂ ਨੇ ਮਾਰ ਸੁੱਟਿਆ ਹੋਵੇ। ਪਰ ਤੁਹਾਨੂੰ ਇਸ ਨੂੰ ਕਦੇ ਵੀ ਖਾਣਾ ਨਹੀਂ ਚਾਹੀਦਾ। 25 ਜੇ ਕੋਈ ਬੰਦਾ ਯਹੋਵਾਹ ਨੂੰ ਅੱਗ ਦੁਆਰਾ ਦਿੱਤੀ ਗਈ ਭੇਟ ਦੇ ਜਾਨਵਰ ਦੀ ਚਰਬੀ ਖਾਂਦਾ ਹੈ, ਉਸ ਨੂੰ ਉਸ ਦੇ ਲੋਕਾਂ ਤੋਂ ਵੱਖ ਕਰ ਦੇਣਾ ਚਾਹੀਦਾ ਹੈ।
26 “ਤੁਸੀਂ ਜਿੱਥੇ ਕਿਤੇ ਵੀ ਰਹਿੰਦੇ ਹੋਵੋਂ, ਤੁਹਾਨੂੰ ਕਿਸੇ ਵੀ ਪੰਛੀ ਜਾਂ ਜਾਨਵਰ ਦਾ ਖੂਨ ਨਹੀਂ ਖਾਣਾ ਚਾਹੀਦਾ। 27 ਜੇ ਕੋਈ ਬੰਦਾ ਖੂਨ ਖਾਂਦਾ ਹੈ ਤਾਂ ਉਸ ਨੂੰ ਉਸ ਦੇ ਲੋਕਾਂ ਤੋਂ ਵੱਖ ਕਰ ਦੇਣਾ ਚਾਹੀਦਾ ਹੈ।”
ਹਿਲਾਉਣ ਦੀਆਂ ਭੇਟਾਂ ਲਈ ਬਿਧੀਆਂ
28 ਯਹੋਵਾਹ ਨੇ ਮੂਸਾ ਨੂੰ ਆਖਿਆ, 29 “ਇਸਰਾਏਲ ਦੇ ਲੋਕਾਂ ਨੂੰ ਆਖ; ਜੇ ਕੋਈ ਬੰਦਾ ਯਹੋਵਾਹ ਲਈ ਸੁੱਖ-ਸਾਂਦ ਦੀ ਭੇਟ ਲੈ ਕੇ ਆਵੇ, ਤਾਂ ਉਹ ਬੰਦਾ ਉਸ ਸੁਗਾਤ ਦਾ ਇੱਕ ਹਿੱਸਾ ਯਹੋਵਾਹ ਨੂੰ ਦੇਵੇ। 30 ਸੁਗਾਤ ਦਾ ਉਹ ਹਿੱਸਾ ਅੱਗ ਵਿੱਚ ਸਾੜਿਆ ਜਾਵੇਗਾ। ਉਸ ਨੂੰ ਸੁਗਾਤ ਦਾ ਉਹ ਹਿੱਸਾ ਆਪਣੇ ਹੱਥਾਂ ਵਿੱਚ ਫ਼ੜਕੇ ਲਿਆਉਣਾ ਚਾਹੀਦਾ ਹੈ। ਉਸ ਨੂੰ ਜਾਨਵਰ ਦਾ ਸੀਨਾ ਅਤੇ ਚਰਬੀ ਜਾਜਕ ਕੋਲ ਲਿਆਉਣੀ ਚਾਹੀਦੀ ਹੈ। ਸੀਨੇ ਨੂੰ ਯਹੋਵਾਹ ਦੇ ਸਾਹਮਣੇ ਉੱਪਰ ਉੱਠਾਇਆ ਜਾਵੇਗਾ। ਇਹ ਹਿਲਾਉਣ ਦੀ ਭੇਟ ਹੋਵੇਗੀ। 31 ਫ਼ੇਰ ਜਾਜਕ ਨੂੰ ਚਰਬੀ ਜਗਵੇਦੀ ਉੱਤੇ ਸਾੜਨੀ ਚਾਹੀਦੀ ਹੈ। ਪਰ ਜਾਨਵਰ ਦਾ ਸੀਨਾ ਹਾਰੂਨ ਅਤੇ ਉਸ ਦੇ ਪੁੱਤਰਾਂ ਦਾ ਹੋਵਗਾ। 32 ਤੁਹਾਨੂੰ ਸੁੱਖ-ਸਾਂਦ ਦੀ ਭੇਟ ਦੀ ਸੱਜੀ ਲੱਤ ਵੀ ਜਾਜਕ ਨੂੰ ਦੇਣੀ ਚਾਹੀਦੀ ਹੈ। 33 ਸੁੱਖ-ਸਾਂਦ ਦੀ ਭੇਟ ਦੀ ਸੱਜੀ ਲੱਤ ਉਸ ਜਾਜਕ ਦੀ ਹੋਵੇਗੀ ਜਿਹੜਾ ਸੁੱਖ-ਸਾਂਦ ਦੀ ਭੇਟ ਦਾ ਖੂਨ ਅਤੇ ਚਰਬੀ ਭੇਟ ਕਰਦਾ ਹੈ। 34 ਮੈਂ (ਯਹੋਵਾਹ) ਇਸਰਾਏਲ ਦੇ ਲੋਕਾਂ ਤੋਂ ਹਿਲਾਉਣ ਦੀ ਭੇਟ ਦਾ ਸੀਨਾ ਲੈ ਰਿਹਾ ਹਾਂ ਅਤੇ ਸੁੱਖ-ਸਾਂਦ ਦੀ ਭੇਟ ਦੀ ਸੱਜੀ ਲੱਤ ਲੈ ਰਿਹਾ ਹਾਂ। ਅਤੇ ਮੈਂ ਇਹ ਚੀਜ਼ਾਂ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦੇ ਰਿਹਾ ਹਾਂ। ਇਸਰਾਏਲ ਦੇ ਲੋਕਾਂ ਨੂੰ ਇਹ ਨੇਮ ਹਮੇਸ਼ਾ ਮੰਨਣਾ ਚਾਹੀਦਾ ਹੈ।”
35 ਇਹ ਯਹੋਵਾਹ ਨੂੰ ਅੱਗ ਦੁਆਰਾ ਦਿੱਤੀਆਂ ਗਈਆਂ ਭੇਟਾਂ ਦੇ ਉਹ ਅੰਗ ਹਨ ਜੋ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦਿੱਤੇ ਗਏ। ਜਦੋਂ ਵੀ ਹਾਰੂਨ ਅਤੇ ਉਸ ਦੇ ਪੁੱਤਰ ਯਹੋਵਾਹ ਦੀ ਜਾਜਕਾਂ ਵਜੋਂ ਸੇਵਾ ਕਰਦੇ ਹਨ, ਉਹ ਬਲੀਆਂ ਦਾ ਹਿੱਸਾ ਪ੍ਰਾਪਤ ਕਰਦੇ ਹਨ। 36 ਉਸ ਸਮੇਂ ਜਦੋਂ ਯਹੋਵਾਹ ਨੇ ਜਾਜਕ ਦੀ ਚੋਣ ਕੀਤੀ ਉਸ ਨੇ ਇਸਰਾਏਲ ਦੇ ਲੋਕਾਂ ਨੂੰ ਉਹ ਅੰਗ ਜਾਜਕਾਂ ਨੂੰ ਦੇਣ ਦਾ ਹੁਕਮ ਕੀਤਾ ਸੀ। ਲੋਕਾਂ ਨੂੰ ਉਹ ਅੰਗ ਹਮੇਸ਼ਾ ਹੀ ਜਾਜਕਾਂ ਨੂੰ ਦੇਣੇ ਚਾਹੀਦੇ ਹਨ।
37 ਇਹ ਬਿਧੀਆਂ ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ, ਪਾਪ ਦੀਆਂ ਭੇਟਾ, ਦੋਸ਼ ਦੀਆਂ ਭੇਟਾ, ਸੁੱਖ-ਸਾਂਦ ਦੀਆਂ ਭੇਟਾਂ ਅਤੇ ਜਾਜਕਾਂ ਨੂੰ ਦੀਖਿਆ ਚੜ੍ਹਾਵਿਆਂ ਬਾਰੇ ਹਨ। 38 ਯਹੋਵਾਹ ਨੇ ਇਹ ਬਿਧੀਆਂ ਮੂਸਾ ਨੂੰ ਸੀਨਾਈ ਪਰਬਤ ਉੱਤੇ ਦਿੱਤੀਆਂ। ਯਹੋਵਾਹ ਨੇ ਇਹ ਬਿਧੀਆਂ ਉਸ ਦਿਨ ਦਿੱਤੀਆਂ ਜਦੋਂ ਉਸ ਨੇ ਇਸਰਾਏਲ ਦੇ ਲੋਕਾਂ ਨੂੰ ਸੀਨਾਈ ਮਾਰੂਥਲ ਵਿੱਚ ਆਪਣੀਆਂ ਭੇਟਾਂ ਯਹੋਵਾਹ ਲਈ ਲੈਣ ਦਾ ਹੁਕਮ ਦਿੱਤਾ ਸੀ।
2010 by World Bible Translation Center