Print Page Options
Previous Prev Day Next DayNext

Chronological

Read the Bible in the chronological order in which its stories and events occurred.
Duration: 365 days
Punjabi Bible: Easy-to-Read Version (ERV-PA)
Version
ਉਤਪਤ 19-21

ਲੂਤ ਦੇ ਮਹਿਮਾਨ

19 ਉਸ ਸ਼ਾਮ ਸਦੂਮ ਸ਼ਹਿਰ ਵਿੱਚ ਦੋ ਦੂਤ ਆਏ। ਲੂਤ ਸ਼ਹਿਰ ਦੇ ਦਰਵਾਜ਼ੇ ਤੇ ਬੈਠਾ ਹੋਇਆ ਸੀ ਅਤੇ ਉਸ ਨੇ ਦੂਤਾਂ ਨੂੰ ਦੇਖਿਆ। ਲੂਤ ਨੇ ਸੋਚਿਆ ਕਿ ਉਹ ਨਗਰ ਵਿੱਚੋਂ ਲੰਘਣ ਵਾਲੇ ਆਦਮੀ ਸਨ। ਲੂਤ ਉੱਠ ਖਲੋਤਾ ਅਤੇ ਉਨ੍ਹਾਂ ਕੋਲ ਚੱਲਾ ਗਿਆ ਅਤੇ ਝੁਕ ਗਿਆ। ਲੂਤ ਨੇ ਆਖਿਆ, “ਸ਼੍ਰੀਮਾਨ, ਕਿਰਪਾ ਕਰਕੇ ਮੇਰੇ ਘਰ ਆਓ, ਮੈਂ ਤੁਹਾਡੀ ਸੇਵਾ ਕਰਾਂਗਾ। ਓੱਥੇ ਤੁਸੀਂ ਆਪਣੇ ਪੈਰ ਧੋ ਸੱਕਦੇ ਹੋਂ ਅਤੇ ਰਾਤ ਠਹਿਰ ਸੱਕਦੇ ਹੋਂ। ਫ਼ੇਰ ਕੱਲ੍ਹ ਨੂੰ ਤੁਸੀਂ ਆਪਣਾ ਸਫ਼ਰ ਜਾਰੀ ਰੱਖ ਸੱਕਦੇ ਹੋਂ।”

ਦੂਤਾਂ ਨੇ ਜਵਾਬ ਦਿੱਤਾ, “ਨਹੀਂ ਅਸੀਂ ਨਗਰ ਦੇ ਚੌਕ ਵਿੱਚ ਰਾਤ ਗੁਜ਼ਾਰਾਂਗੇ।”

ਪਰ ਲੂਤ ਉਨ੍ਹਾਂ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੰਦਾ ਰਿਹਾ। ਇਸ ਲਈ ਦੂਤ ਲੂਤ ਦੇ ਘਰ ਜਾਣ ਲਈ ਰਾਜ਼ੀ ਹੋ ਗਏ। ਉਹ ਲੂਤ ਦੇ ਘਰ ਗਏ। ਲੂਤ ਨੇ ਉਨ੍ਹਾਂ ਨੂੰ ਕੁਝ ਖਾਣ-ਪੀਣ ਵਾਸਤੇ ਦਿੱਤਾ। ਲੂਤ ਨੇ ਦੂਤਾਂ ਲਈ ਰੋਟੀ ਪਕਾਈ ਅਤੇ ਉਨ੍ਹਾਂ ਨੇ ਭੋਜਨ ਕਰ ਲਿਆ।

ਉਸ ਸ਼ਾਮ, ਸੌਣ ਵੇਲੇ ਤੋਂ ਰਤਾ ਕੁ ਪਹਿਲਾਂ ਦੋਵੇਂ ਜਵਾਨ ਅਤੇ ਬੁੱਢੇ ਆਦਮੀ ਨਗਰ ਦੇ ਹਰ ਭਾਗ ਵਿੱਚੋਂ ਲੂਤ ਦੇ ਘਰ ਆ ਗਏ। ਉਹ ਘਰ ਦੇ ਆਲੇ-ਦੁਆਲੇ ਇਕੱਠੇ ਹੋ ਗਏ ਅਤੇ ਲੂਤ ਨੂੰ ਆਵਾਜ਼ ਮਾਰੀ। ਉਨ੍ਹਾਂ ਨੇ ਆਖਿਆ, “ਕਿੱਥੇ ਨੇ ਉਹ ਦੋ ਬੰਦੇ ਜਿਹੜੇ ਅੱਜ ਰਾਤੀਂ ਤੇਰੇ ਘਰ ਆਏ ਸਨ? ਉਨ੍ਹਾਂ ਨੂੰ ਸਾਡੇ ਕੋਲ ਬਾਹਰ ਲਿਆ। ਅਸੀਂ ਉਨ੍ਹਾਂ ਨਾਲ ਸੰਭੋਗ ਕਰਨਾ ਚਾਹੁੰਦੇ ਹਾਂ।”

ਲੂਤ ਬਾਹਰ ਗਿਆ, ਅਤੇ ਆਪਣੇ ਪਿੱਛੇ ਦਰਵਾਜ਼ਾ ਬੰਦ ਕਰ ਦਿੱਤਾ। ਲੂਤ ਨੇ ਆਦਮੀਆਂ ਨੂੰ ਆਖਿਆ, “ਨਹੀਂ! ਦੋਸਤੋਂ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਮਿਹਰਬਾਨੀਂ ਕਰਕੇ ਇਹ ਬਦੀ ਨਾ ਕਰਿਓ! ਦੇਖੋ, ਮੇਰੀਆਂ ਦੋ ਧੀਆਂ ਹਨ ਜਿਹੜੀਆਂ ਕਦੇ ਵੀ ਕਿਸੇ ਮਰਦ ਨਾਲ ਨਹੀਂ ਸੁੱਤੀਆਂ। ਮੈਂ ਆਪਣੀਆਂ ਧੀਆਂ ਤੁਹਾਨੂੰ ਦੇ ਦਿਆਂਗਾ। ਤੁਸੀਂ ਉਨ੍ਹਾਂ ਨਾਲ ਜੋ ਚਾਹੋਂ ਕਰ ਸੱਕਦੇ ਹੋ। ਪਰ ਮਿਹਰਬਾਨੀ ਕਰਕੇ ਇਨ੍ਹਾਂ ਆਦਮੀਆਂ ਨਾਲ ਕੁਝ ਨਾ ਕਰਨਾ। ਇਹ ਆਦਮੀ ਮੇਰੇ ਘਰ ਆਏ ਹਨ ਅਤੇ ਮੈਂ ਇਨ੍ਹਾਂ ਦੀ ਰੱਖਿਆ ਜ਼ਰੂਰ ਕਰਾਂਗਾ।”

ਘਰ ਦੇ ਆਲੇ-ਦੁਆਲੇ ਖੜ੍ਹੇ ਆਦਮੀਆਂ ਨੇ ਜਵਾਬ ਦਿੱਤਾ, “ਤੂੰ ਇੱਥੇ ਆ!” ਫ਼ੇਰ ਆਦਮੀਆਂ ਨੇ ਆਪਸ ’ਚ ਆਖਿਆ, “ਇਹ ਆਦਮੀ, ਲੂਤ, ਸਾਡੇ ਸ਼ਹਿਰ ਇੱਕ ਮਹਿਮਾਨ ਵਜੋਂ ਆਇਆ ਹੈ। ਹੁਣ ਇਹ ਸਾਨੂੰ ਦੱਸਣਾ ਚਾਹੁੰਦਾ ਹੈ ਕਿ ਸਾਨੂੰ ਕਿਵੇਂ ਜਿਉਣਾ ਚਾਹੀਦਾ ਹੈ!” ਆਦਮੀਆਂ ਨੇ ਲੂਤ ਨੂੰ ਆਖਿਆ, “ਅਸੀਂ ਤੇਰੇ ਨਾਲ ਇਨ੍ਹਾਂ ਨਾਲੋਂ ਵੀ ਬੁਰਾ ਸਲੂਕ ਕਰਾਂਗੇ।” ਇਸ ਤਰ੍ਹਾਂ ਆਦਮੀ ਲੂਤ ਦੇ ਨੇੜੇ-ਨੇੜੇ ਆਉਂਦੇ ਗਏ। ਉਹ ਦਰਵਾਜ਼ਾ ਤੋੜਨ ਹੀ ਵਾਲੇ ਸਨ।

10 ਪਰ ਦੋ ਆਦਮੀਆਂ ਨੇ ਜਿਹੜੇ ਘਰ ਦੇ ਅੰਦਰ ਸਨ ਦਰਵਾਜ਼ਾ ਖੋਲ੍ਹਕੇ, ਆਪਣੇ ਹੱਥ ਬਾਹਰ ਕੱਢੇ ਅਤੇ ਲੂਤ ਨੂੰ ਘਰ ਅੰਦਰ ਖਿੱਚ ਲਿਆ ਅਤੇ ਦਰਵਾਜ਼ਾ ਬੰਦ ਕਰ ਦਿੱਤਾ। 11 ਫ਼ੇਰ ਉਨ੍ਹਾਂ ਨੇ ਦਰਵਾਜ਼ੇ ਤੋਂ ਬਾਹਰ ਖੜ੍ਹੇ ਲੋਕਾਂ ਨਾਲ ਕੁਝ ਕੀਤਾ-ਉਨ੍ਹਾਂ ਨੇ ਉਨ੍ਹਾਂ ਸਾਰੇ ਬਦ ਆਦਮੀਆਂ ਨੂੰ, ਜਵਾਨ ਤੇ ਬੁੱਢਿਆਂ ਨੂੰ ਅੰਨ੍ਹਾ ਕਰ ਦਿੱਤਾ। ਇਸ ਲਈ ਘਰ ਵਿੱਚ ਦਾਖਲ ਹੋਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਲੋਕਾਂ ਨੂੰ ਦਰਵਾਜ਼ਾ ਨਹੀਂ ਮਿਲਿਆ।

ਸਦੂਮ ਤੋਂ ਬਚ ਨਿਕਲਣਾ

12 ਉਨ੍ਹਾਂ ਦੋਹਾਂ ਆਦਮੀਆਂ ਨੇ ਲੂਤ ਨੂੰ ਆਖਿਆ, “ਕੀ ਤੇਰੇ ਪਰਿਵਾਰ ਦੇ ਹੋਰ ਲੋਕ ਵੀ ਇਸ ਨਗਰ ਵਿੱਚ ਰਹਿੰਦੇ ਨੇ? ਕੀ ਤੇਰੇ ਜੁਆਈ, ਪੁੱਤਰ, ਧੀਆਂ ਜਾਂ ਤੇਰੇ ਪਰਿਵਾਰ ਦੇ ਹੋਰ ਲੋਕ ਇੱਥੇ ਹਨ? ਜੇ ਇਵੇਂ ਹੈ ਤਾਂ ਤੈਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਹੁਣੇ ਚੱਲੇ ਜਾਣ ਲਈ ਆਖ ਦੇਵੇਂ। 13 ਅਸੀਂ ਇਸ ਨਗਰ ਨੂੰ ਤਬਾਹ ਕਰਨ ਵਾਲੇ ਹਾਂ। ਯਹੋਵਾਹ ਨੇ ਇਹ ਸੁਣ ਲਿਆ ਸੀ ਕਿ ਇਹ ਸ਼ਹਿਰ ਕਿੰਨਾ ਬੁਰਾ ਹੈ, ਇਸੇ ਲਈ ਉਸ ਨੇ ਸਾਨੂੰ ਇਸ ਨੂੰ ਤਬਾਹ ਕਰਨ ਲਈ ਭੇਜਿਆ ਹੈ।”

14 ਇਸ ਲਈ ਲੂਤ ਚੱਲਾ ਗਿਆ ਅਤੇ ਆਪਣੇ ਜੁਆਈਆਂ, ਉਨ੍ਹਾਂ ਆਦਮੀਆਂ ਨੂੰ ਜਿਨ੍ਹਾਂ ਨੇ ਇਸ ਦੀਆਂ ਹੋਰਨਾਂ ਧੀਆਂ ਨਾਲ ਸ਼ਾਦੀ ਕੀਤੀ ਸੀ, ਨਾਲ ਗੱਲ ਕੀਤੀ। ਲੂਤ ਨੇ ਆਖਿਆ, “ਛੇਤੀ ਕਰੋ, ਇਹ ਨਗਰ ਛੱਡ ਦਿਓ! ਯਹੋਵਾਹ ਛੇਤੀ ਹੀ ਇਸ ਨੂੰ ਤਬਾਹ ਕਰ ਦੇਵੇਗਾ!” ਪਰ ਉਨ੍ਹਾਂ ਆਦਮੀਆਂ ਨੇ ਸੋਚਿਆ ਕਿ ਲੂਤ ਮਜ਼ਾਕ ਕਰ ਰਿਹਾ ਹੈ।

15 ਦੂਸਰੇ ਦਿਨ ਪ੍ਰਭਾਤ ਵੇਲੇ, ਦੂਤ ਲੂਤ ਨੂੰ ਛੇਤੀ ਕਰਨ ਲਈ ਆਖ ਰਹੇ ਸਨ। ਉਨ੍ਹਾਂ ਆਖਿਆ, “ਇਸ ਨਗਰ ਨੂੰ ਸਜ਼ਾ ਮਿਲੇਗੀ। ਇਸ ਲਈ ਆਪਣੀ ਪਤਨੀ ਅਤੇ ਆਪਣੀਆਂ ਉਨ੍ਹਾਂ ਧੀਆਂ ਨੂੰ ਨਾਲ ਲੈ ਕੇ ਜਿਹੜੀਆਂ ਹਾਲੇ ਤੱਕ ਤੇਰੇ ਨਾਲ ਰਹਿੰਦੀਆਂ ਹਨ, ਅਤੇ ਇਸ ਥਾਂ ਨੂੰ ਛੱਡ ਦੇ। ਫ਼ੇਰ ਤੂੰ ਨਗਰ ਦੇ ਨਾਲ ਤਬਾਹ ਨਹੀਂ ਹੋਵੇਂਗਾ।”

16 ਪਰ ਲੂਤ ਝਿਝਕਿਆ, ਇਸ ਲਈ ਉਨ੍ਹਾਂ ਆਦਮੀਆਂ ਨੇ ਲੂਤ ਦੀ ਪਤਨੀ ਅਤੇ ਉਸ ਦੀਆਂ ਦੋਹਾਂ ਧੀਆਂ ਦੇ ਹੱਥ ਫ਼ੜ ਲਏ। ਕਿਉਂਕਿ ਯਹੋਵਾਹ ਲੂਤ ਉੱਤੇ ਮਿਹਰਬਾਨ ਸੀ, ਉਹ ਲੂਤ ਅਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਨਾਲ ਸ਼ਹਿਰ ਤੋਂ ਬਾਹਰ ਲੈ ਗਏ। 17 ਜਦੋਂ ਉਹ ਬਾਹਰ ਆ ਗਏ, ਆਦਮੀਆਂ ਵਿੱਚੋਂ ਇੱਕ ਨੇ ਆਖਿਆ, “ਹੁਣ ਭੱਜੋ ਅਤੇ ਆਪਣੀ ਜਾਨ ਬਚਾਓ। ਪਿੱਛੇ ਮੁੜਕੇ ਨਹੀਂ ਦੇਖਣਾ ਅਤੇ ਵਾਦੀ ਵਿੱਚ ਕਿਸੇ ਥਾਂ ਉੱਤੇ ਵੀ ਨਹੀਂ ਰੁਕਣਾ। ਜਦੋਂ ਤੱਕ ਤੁਸੀਂ ਪਹਾੜਾਂ ਤਾਈਂ ਨਹੀਂ ਪਹੁੰਚ ਜਾਂਦੇ, ਭੱਜਦੇ ਰਹੋ। ਜੇ ਤੁਸੀਂ ਰੁਕ ਗਏ, ਤਾਂ ਤੁਸੀਂ ਵੀ ਨਗਰ ਦੇ ਨਾਲ ਤਬਾਹ ਹੋ ਜਾਵੋਂਗੇ!”

18 ਪਰ ਲੂਤ ਨੇ ਦੋਹਾਂ ਆਦਮੀਆਂ ਨੂੰ ਆਖਿਆ, “ਸ਼੍ਰੀ ਮਾਨ, ਕਿਰਪਾ ਕਰਕੇ ਮੈਨੂੰ ਇੰਨੀ ਤੇਜ਼ੀ ਨਾਲ ਭੱਜਣ ਲਈ ਮਜਬੂਰ ਨਾ ਕਰੋ! 19 ਤੁਸੀਂ ਮੇਰੇ ਉੱਤੇ, ਆਪਣੇ ਖਾਦਮ ਉੱਤੇ, ਮਿਹਰਬਾਨ ਰਹੇ ਹੋਂ। ਤੁਸੀਂ ਮਿਹਰ ਕਰਕੇ ਮੈਨੂੰ ਬਚਾਇਆ ਹੈ। ਪਰ ਮੈਂ ਪਹਾੜਾਂ ਤੱਕ ਸਾਰੇ ਰਾਹ ਭੱਜ ਕੇ ਨਹੀਂ ਜਾ ਸੱਕਦਾ। ਕੀ ਹੋਵੇਗਾ ਜੇ ਮੈਂ ਬਹੁਤ ਧੀਮੀ ਰਫ਼ਤਾਰ ਨਾਲ ਜਾਵਾਂ ਅਤੇ ਕੁਝ ਵਾਪਰ ਜਾਵੇ? ਮੈਂ ਤਾਂ ਮਾਰਿਆ ਜਾਵਾਂਗਾ! 20 ਦੇਖੋ, ਇੱਥੇ ਇੱਕ ਬਹੁਤ ਛੋਟਾ ਨਗਰ ਨੇੜੇ ਹੀ ਹੈ। ਜਿਉਂਦੇ ਰਹਿਣ ਲਈ ਮੈਨੂੰ ਉਸ ਨਗਰ ਤਾਈਂ ਭੱਜ ਜਾਣ ਦਿਓ।”

21 ਦੂਤ ਨੇ ਲੂਤ ਨੂੰ ਆਖਿਆ, “ਠੀਕ ਹੈ, ਮੈਂ ਤੈਨੂੰ ਅਜਿਹਾ ਕਰਨ ਦੀ ਇਜਾਜ਼ਤ ਦੇ ਦਿਆਂਗਾ। ਮੈਂ ਉਸ ਕਸਬੇ ਨੂੰ ਤਬਾਹ ਨਹੀਂ ਕਰਾਂਗਾ। 22 ਪਰ ਉੱਥੋਂ ਤੱਕ ਭੱਜ ਕੇ ਚੱਲਾ ਜਾ। ਮੈਂ ਓਨੀ ਦੇਰ ਤੱਕ ਸਦੂਮ ਨੂੰ ਤਬਾਹ ਨਹੀਂ ਕਰ ਸੱਕਦਾ ਜਿੰਨੀ ਦੇਰ ਤੱਕ ਤੂੰ ਉਸ ਕਸਬੇ ਵਿੱਚ ਸੁਰੱਖਿਅਤ ਹੋਕੇ ਪਹੁੰਚ ਨਹੀਂ ਜਾਂਦਾ।” (ਉਸ ਕਸਬੇ ਦਾ ਨਾਮ ਸੋਆਰ ਹੈ, ਕਿਉਂਕਿ ਉਹ ਇੱਕ ਛੋਟਾ ਕਸਬਾ ਹੈ।)

ਸਦੂਮ ਤੇ ਅਮੂਰਾਹ ਦੀ ਤਬਾਹੀ

23 ਜਦੋਂ ਲੂਤ ਸੋਆਰ ਵਿੱਚ ਦਾਖਲ ਹੋਇਆ ਤਾਂ ਸੂਰਜ ਹਾਲੇ ਚੜ੍ਹ ਰਿਹਾ ਸੀ। 24 ਓਸੇ ਵੇਲੇ, ਯਹੋਵਾਹ ਨੇ ਸਦੂਮ ਅਤੇ ਅਮੂਰਾਹ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੱਤਾ। ਯਹੋਵਾਹ ਨੇ ਅਕਾਸ਼ ਉੱਤੋਂ ਅੱਗ ਦਾ ਮੀਂਹ ਵਰ੍ਹਾਇਆ। 25 ਇਸ ਤਰ੍ਹਾਂ ਯਹੋਵਾਹ ਨੇ ਉਨ੍ਹਾਂ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ। ਯਹੋਵਾਹ ਨੇ ਸਾਰੀ ਵਾਦੀ ਨੂੰ ਤਬਾਹ ਕਰ ਦਿੱਤਾ-ਸਾਰੀ ਬਨਾਸਪਤੀ ਨੂੰ ਤੇ ਉਨ੍ਹਾਂ ਸ਼ਹਿਰਾਂ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ।

26 ਭੱਜੇ ਜਾਂਦਿਆਂ ਲੂਤ ਦੀ ਪਤਨੀ ਨੇ ਸ਼ਹਿਰ ਵੱਲ ਮੁੜਕੇ ਵੇਖਿਆ ਅਤੇ ਲੂਣ ਦੀ ਸਿਲ ਬਣ ਗਈ।

27 ਉਸ ਦਿਨ ਸਵੇਰੇ-ਸਵੇਰੇ ਅਬਰਾਹਾਮ ਉੱਠ ਪਿਆ ਅਤੇ ਉਸ ਥਾਂ ਤੇ ਗਿਆ ਜਿੱਥੇ ਉਹ ਯਹੋਵਾਹ ਦੇ ਸਨਮੁੱਖ ਖਲੋਤਾ ਸੀ। 28 ਅਬਰਾਹਾਮ ਨੇ ਸਦੂਮ ਅਤੇ ਅਮੂਰਾਹ ਦੇ ਨਗਰਾਂ ਅਤੇ ਵਾਦੀ ਦੀ ਸਾਰੀ ਧਰਤੀ ਵੱਲ ਵੇਖਿਆ। ਅਬਰਾਹਾਮ ਨੂੰ ਸਾਰੀ ਧਰਤੀ ਚੋਂ ਬਹੁਤ ਸਾਰਾ ਧੂਆਂ ਨਿਕਲਦਾ ਨਜ਼ਰ ਆਇਆ। ਇਹ ਕਿਸੇ ਭਠੀ ਵਿੱਚੋਂ ਨਿਕਲਦੇ ਧੂੰਏਂ ਵਾਂਗ ਦਿਖਾਈ ਦਿੰਦਾ ਸੀ।

29 ਪਰਮੇਸ਼ੁਰ ਨੇ ਵਾਦੀ ਦੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ। ਪਰ ਜਦੋਂ ਪਰਮੇਸ਼ੁਰ ਨੇ ਅਜਿਹਾ ਕੀਤਾ, ਉਸ ਨੇ ਅਬਰਾਹਾਮ ਨੂੰ ਯਾਦ ਕੀਤਾ ਅਤੇ ਉਸ ਨੇ ਅਬਰਾਹਾਮ ਦੇ ਭਤੀਜੇ ਨੂੰ ਤਬਾਹ ਨਹੀਂ ਕੀਤਾ ਲੂਤ ਵਾਦੀ ਦੇ ਸ਼ਹਿਰਾਂ ਵਿੱਚ ਰਹਿ ਰਿਹਾ ਸੀ। ਪਰ ਪਰਮੇਸ਼ੁਰ ਨੇ ਇਨ੍ਹਾਂ ਸ਼ਹਿਰਾਂ ਨੂੰ ਤਬਾਹ ਕਰਨ ਤੋਂ ਪਹਿਲਾਂ ਹੀ ਲੂਤ ਨੂੰ ਦੂਰ ਭੇਜ ਦਿੱਤਾ ਸੀ।

ਲੂਤ ਤੇ ਉਸਦੀਆਂ ਧੀਆਂ

30 ਲੂਤ ਸੋਆਰ ਵਿੱਚ ਰਹਿਣ ਤੋਂ ਡਰਦਾ ਸੀ। ਇਸ ਲਈ ਉਹ ਅਤੇ ਉਸ ਦੀਆਂ ਦੋਵੇਂ ਧੀਆਂ ਪਹਾੜਾਂ ਵਿੱਚ ਰਹਿਣ ਲਈ ਚਲੀਆਂ ਗਈਆਂ। ਉਹ ਉੱਥੇ ਇੱਕ ਗੁਫ਼ਾ ਵਿੱਚ ਰਹਿਣ ਲੱਗੇ। 31 ਇੱਕ ਦਿਨ, ਵੱਡੀ ਧੀ ਨੇ ਛੋਟੀ ਧੀ ਨੂੰ ਆਖਿਆ, “ਸਾਡਾ ਪਿਤਾ ਬੁੱਢਾ ਹੈ, ਅਤੇ ਧਰਤੀ ਉੱਤੇ ਕੋਈ ਅਜਿਹਾ ਨਹੀਂ ਬੱਚਿਆਂ ਜੋ ਸਾਡੇ ਨਾਲ ਬੱਚੇ ਪੈਦਾ ਕਰ ਸੱਕੇ। 32 ਇਸ ਲਈ ਆ, ਆਪਾਂ ਆਪਣੇ ਪਿਤਾ ਨੂੰ ਮੈਅ ਨਾਲ ਮਦਹੋਸ਼ ਕਰ ਦੇਈਏ। ਫ਼ੇਰ ਅਸੀਂ ਉਸ ਨਾਲ ਜਿਸਨੀ ਸੰਬੰਧ ਬਣਾ ਸੱਕਾਂਗੀਆਂ। ਇਸ ਢੰਗ ਨਾਲ, ਆਪਾਂ ਆਪਣੇ ਪਿਤਾ ਰਾਹੀਂ ਵੰਸ਼ ਨੂੰ ਬਚਾ ਸੱਕਦੀਆਂ ਹਾਂ!”

33 ਉਸ ਰਾਤ ਦੋਵੇ ਕੁੜੀਆਂ ਆਪਣੇ ਪਿਤਾ ਕੋਲ ਗਈਆਂ ਅਤੇ ਉਸ ਨੂੰ ਸ਼ਰਾਬੀ ਕਰ ਦਿੱਤਾ। ਫ਼ੇਰ ਵੱਡੀ ਕੁੜੀ ਪਿਤਾ ਦੇ ਬਿਸਤਰੇ ਉੱਤੇ ਗਈ ਅਤੇ ਉਸ ਨਾਲ ਸੰਭੋਗ ਕੀਤਾ। ਲੂਤ ਇੰਨਾ ਸ਼ਰਾਬੀ ਸੀ ਕਿ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਕੱਦੋਂ ਉਹ ਬਿਸਤਰੇ ਉੱਤੇ ਆਈ ਅਤੇ ਕਦੋਂ ਉੱਠ ਕੇ ਚਲੀ ਗਈ।

34 ਅਗਲੇ ਦਿਨ, ਵੱਡੀ ਧੀ ਨੇ ਛੋਟੀ ਧੀ ਨੂੰ ਆਖਿਆ, “ਪਿੱਛਲੀ ਰਾਤ, ਮੈਂ ਆਪਣੇ ਪਿਤਾ ਨਾਲ ਸੁੱਤੀ ਸੀ। ਆ ਉਸ ਨੂੰ ਫ਼ਿਰ ਤੋਂ, ਅੱਜ ਰਾਤ ਸ਼ਰਾਬੀ ਕਰ ਦੇਈਏ। ਫ਼ੇਰ ਤੂੰ ਉਸ ਨਾਲ ਸੌਂ ਜਾਵੀਂ ਅਤੇ ਉਸ ਨਾਲ ਜਿਨਸੀ ਸੰਬੰਧ ਬਣਾਵੀਂ। ਇਸ ਤਰ੍ਹਾਂ, ਅਸੀਂ ਆਪਣੇ ਪਿਤਾ ਰਾਹੀਂ ਬੱਚੇ ਪੈਦਾ ਕਰ ਸੱਕਾਂਗੀਆਂ।” 35 ਇਸ ਲਈ ਉਸ ਰਾਤ ਦੋਹਾਂ ਕੁੜੀਆਂ ਨੇ ਆਪਣੇ ਪਿਤਾ ਨੂੰ ਸ਼ਰਾਬੀ ਕਰ ਦਿੱਤਾ। ਫ਼ਿਰ ਛੋਟੀ ਕੁੜੀ ਉਸ ਨਾਲ ਸੁੱਤੀ ਅਤੇ ਸੰਭੋਗ ਕੀਤਾ। ਇੱਕ ਵਾਰ ਫ਼ੇਰ, ਲੂਤ ਇੰਨਾ ਸ਼ਰਾਬੀ ਸੀ ਕਿ ਉਸ ਨੂੰ ਪਤਾ ਨਹੀਂ ਚਲ ਸੱਕਿਆ ਕਦੋਂ ਉਹ ਬਿਸਤਰ ਉੱਤੇ ਆਈ ਅਤੇ ਕਦੋਂ ਉੱਠ ਕੇ ਚਲੀ ਗਈ।

36 ਲੂਤ ਦੀਆਂ ਦੋਵੇਂ ਧੀਆਂ ਗਰਭਵਤੀ ਹੋ ਗਈਆਂ। ਉਨ੍ਹਾਂ ਦਾ ਪਿਤਾ ਉਨਾਂ ਦੇ ਬੱਚਿਆਂ ਦਾ ਪਿਤਾ ਸੀ। 37 ਵੱਡੀ ਧੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਉਸਦਾ ਨਾਮ ਮੋਆਬ ਰੱਖਿਆ। ਮੋਆਬ ਸਾਰੇ ਅਜੋਕੇ ਮੋਆਬੀ ਲੋਕਾਂ ਦਾ ਪਿਤਾ ਹੈ। 38 ਛੋਟੀ ਧੀ ਨੇ ਵੀ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਉਸਦਾ ਨਾਮ ਬਿਨ-ਅੰਮੀ ਰੱਖਿਆ। ਬਿਨ-ਅੰਮੀ ਅਜੋਕੇ ਸਮੇਂ ਦੇ ਸਾਰੇ ਅੰਮੋਨੀ ਲੋਕਾਂ ਦਾ ਪਿਤਾ ਹੈ।

ਅਬਰਾਹਾਮ ਦਾ ਗਰਾਰ ਨੂੰ ਜਾਣਾ

20 ਅਬਰਾਹਾਮ ਨੇ ਉਹ ਥਾਂ ਛੱਡ ਦਿੱਤੀ ਅਤੇ ਨੇਗੇਵ ਵੱਲ ਚੱਲਾ ਗਿਆ। ਉਹ ਕਾਦੇਸ਼ ਅਤੇ ਸੂਰ ਦੇ ਵਿੱਚਕਾਰ ਗਰਾਰ ਵਿੱਚ ਠਹਿਰ ਗਿਆ। ਅਬਰਾਹਾਮ ਨੇ ਲੋਕਾਂ ਨੂੰ ਆਖਿਆ ਕਿ ਸਾਰਾਹ ਉਸਦੀ ਭੈਣ ਸੀ। ਇਸ ਲਈ ਅਬੀਮਲਕ ਗਰਾਰ ਦੇ ਰਾਜੇ ਨੇ ਸਾਰਾਹ ਨੂੰ ਆਪਣੀ ਪਤਨੀ ਬਨਾਉਣ ਲਈ ਲੈ ਲਿਆ। ਪਰ ਉਸ ਰਾਤ, ਪਰਮੇਸ਼ੁਰ ਨੇ ਅਬੀਮਲਕ ਨਾਲ ਸੁਪਨੇ ਵਿੱਚ ਗੱਲ ਕੀਤੀ, ਅਤੇ ਆਖਿਆ, “ਤੈਨੂੰ ਮਰ ਜਾਣਾ ਚਾਹੀਦਾ। ਜਿਸ ਔਰਤ ਨੂੰ ਤੂੰ ਵਿਆਹਿਆ, ਉਹ ਕਿਸੇ ਹੋਰ ਆਦਮੀ ਦੀ ਪਤਨੀ ਹੈ।”

ਪਰ ਅਬੀਮਲਕ ਹਾਲੇ ਸਾਰਾਹ ਨਾਲ ਸੁੱਤਾ ਨਹੀਂ ਸੀ। ਇਸ ਲਈ ਅਬੀਮਲਕ ਨੇ ਆਖਿਆ, “ਯਹੋਵਾਹ, ਮੈਂ ਦੋਸ਼ੀ ਨਹੀਂ ਹਾਂ। ਕੀ ਤੂੰ ਇੱਕ ਨਿਰਦੋਸ਼ ਕੌਮ ਨੂੰ ਤਬਾਹ ਕਰ ਦੇਵੇਂਗਾ? ਅਬਰਾਹਾਮ ਨੇ ਖੁਦ ਮੈਨੂੰ ਆਖਿਆ ਸੀ, ‘ਇਹ ਔਰਤ ਮੇਰੀ ਭੈਣ ਹੈ।’ ਅਤੇ ਔਰਤ ਨੇ ਵੀ ਆਖਿਆ ਸੀ, ‘ਇਹ ਆਦਮੀ ਮੇਰਾ ਭਰਾ ਹੈ।’ ਮੈਂ ਨਿਰਦੋਸ਼ ਹਾਂ। ਮੈਨੂੰ ਨਹੀਂ ਪਤਾ ਕਿ ਮੈਂ ਕੀ ਕਰ ਰਿਹਾ ਸਾਂ।”

ਤਾਂ ਪਰਮੇਸ਼ੁਰ ਨੇ ਅਬੀਮਲਕ ਨੂੰ ਸੁਪਨੇ ਵਿੱਚ ਆਖਿਆ, “ਹਾਂ, ਮੈਂ ਜਾਣਦਾ ਹਾਂ ਕਿ ਤੂੰ ਨਿਰਦੋਸ਼ ਹੈਂ। ਅਤੇ ਮੈਂ ਇਹ ਵੀ ਜਾਣਦਾ ਹਾਂ ਤੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਤੂੰ ਕੀ ਕਰ ਰਿਹਾ ਸੀ। ਮੈਂ ਤੈਨੂੰ ਬਚਾ ਲਿਆ। ਮੈਂ ਤੈਨੂੰ ਪਾਪ ਨਹੀਂ ਕਰਨ ਦਿੱਤਾ। ਇਹ ਮੈਂ ਹੀ ਸੀ ਜਿਸਨੇ ਤੈਨੂੰ ਉਸ ਦੇ ਨਾਲ ਸੌਣ ਨਹੀਂ ਦਿੱਤਾ। ਇਸ ਲਈ ਅਬਰਾਹਾਮ ਨੂੰ ਉਸਦੀ ਪਤਨੀ ਮੋੜ ਦੇ। ਅਬਰਾਹਾਮ ਇੱਕ ਨਬੀ ਹੈ। ਉਹ ਤੇਰੇ ਲਈ ਪ੍ਰਾਰਥਨਾ ਕਰੇਗਾ, ਅਤੇ ਤੂੰ ਜੀਵੇਂਗਾ। ਪਰ ਜੇ ਤੂੰ ਅਬਰਾਹਾਮ ਨੂੰ ਸਾਰਾਹ ਨਾ ਮੋੜੀ ਤਾਂ ਮੈਂ ਤੈਨੂੰ ਬਚਨ ਦਿੰਦਾ ਹਾਂ ਕਿ ਤੂੰ ਮਾਰਿਆ ਜਾਵੇਂਗਾ। ਅਤੇ ਤੇਰੇ ਨਾਲ ਤੇਰਾ ਸਾਰਾ ਪਰਿਵਾਰ ਵੀ ਮਾਰਿਆ ਜਾਵੇਗਾ।”

ਇਸ ਲਈ ਅਗਲੀ ਸਵੇਰ ਨੂੰ ਤੜਕੇ-ਤੜਕੇ ਅਬੀਮਲਕ ਨੇ ਆਪਣੇ ਸਾਰੇ ਨੌਕਰਾਂ ਨੂੰ ਬੁਲਾਇਆ ਅਤੇ ਸੁਪਨੇ ਬਾਰੇ ਦੱਸਿਆ। ਨੌਕਰ ਡਰ ਗਏ। ਤਾਂ ਅਬੀਮਲਕ ਨੇ ਅਬਰਾਹਾਮ ਨੂੰ ਸੱਦਿਆ ਅਤੇ ਉਸ ਨੂੰ ਆਖਿਆ, “ਤੂੰ ਸਾਡੇ ਨਾਲ ਅਜਿਹਾ ਕਿਉਂ ਕੀਤਾ? ਮੈਂ ਤੇਰਾ ਕੀ ਵਿਗਾੜਿਆ ਸੀ? ਤੂੰ ਝੂਠ ਕਿਉਂ ਬੋਲਿਆ ਅਤੇ ਇਹ ਆਖਿਆ ਕਿ ਉਹ ਤੇਰੀ ਭੈਣ ਹੈ? ਤੂੰ ਮੇਰੇ ਰਾਜ ਨੂੰ ਬਹੁਤ ਮੁਸ਼ਕਿਲ ਵਿੱਚ ਪਾ ਦਿੱਤਾ ਹੈ। ਤੈਨੂੰ ਮੇਰੇ ਨਾਲ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸਨ। 10 ਤੂੰ ਡਰਦਾ ਕਿਹੜੀ ਗੱਲੋਂ ਸੀ? ਤੂੰ ਮੇਰੇ ਨਾਲ ਇਹ ਸਲੂਕ ਕਿਉਂ ਕੀਤਾ?”

11 ਤਾਂ ਅਬਰਾਹਾਮ ਨੇ ਆਖਿਆ, “ਮੈਂ ਡਰਦਾ ਸਾਂ। ਮੈਂ ਸੋਚਿਆ ਸੀ ਕਿ ਇਸ ਥਾਂ ਕੋਈ ਬੰਦਾ ਵੀ ਪਰਮੇਸ਼ੁਰ ਦਾ ਆਦਰ ਨਹੀਂ ਕਰਦਾ। ਮੈਂ ਸੋਚਿਆ ਕਿ ਕੋਈ ਬੰਦਾ ਸਾਰਾਹ ਦੀ ਖਾਤਰ ਮੈਨੂੰ ਮਾਰ ਦੇਵੇਗਾ। 12 ਉਹ ਮੇਰੀ ਪਤਨੀ ਹੈ, ਪਰ ਉਹ ਮੇਰੀ ਭੈਣ ਵੀ ਹੈ। ਉਹ ਮੇਰੇ ਪਿਤਾ ਦੀ ਧੀ ਹੈ ਪਰ ਮੇਰੀ ਮਾਂ ਦੀ ਧੀ ਨਹੀਂ। 13 ਪਰਮੇਸ਼ੁਰ ਨੇ ਮੈਨੂੰ ਮੇਰੇ ਪਿਤਾ ਦੇ ਘਰੋਂ ਦੂਰ ਕਰ ਦਿੱਤਾ। ਪਰਮੇਸ਼ੁਰ ਨੇ ਮੈਨੂੰ ਥਾਂ-ਥਾਂ ਭਟਕਾਇਆ। ਜਦੋਂ ਅਜਿਹਾ ਵਾਪਰਿਆ, ਮੈਂ ਸਾਰਾਹ ਨੂੰ ਆਖਿਆ, ‘ਮੇਰੇ ਲਈ ਕੁਝ ਕਰ; ਜਿੱਥੇ ਵੀ ਅਸੀਂ ਜਾਈਏ, ਲੋਕਾਂ ਨੂੰ ਇਹੀ ਆਖੀਂ ਕਿ ਤੂੰ ਮੇਰੀ ਭੈਣ ਹੈਂ।’”

14 ਇਸ ਲਈ ਅਬੀਮਲਕ ਨੇ ਅਬਰਾਹਾਮ ਨੂੰ ਕੁਝ ਭੇਡਾਂ, ਬੱਕਰੀਆਂ ਅਤੇ ਦਾਸ ਦਾਸੀਆਂ ਦਿੱਤੇ। ਉਸ ਨੇ ਸਾਰਾਹ ਵੀ ਅਬਰਾਹਾਮ ਨੂੰ ਵਾਪਸ ਦੇ ਦਿੱਤੀ। 15 ਅਤੇ ਅਬੀਮਲਕ ਨੇ ਆਖਿਆ, “ਆਪਣੇ ਆਲੇ-ਦੁਆਲੇ ਦੇਖ। ਇਹ ਮੇਰੀ ਧਰਤੀ ਹੈ। ਤੂੰ ਜਿੱਥੇ ਚਾਹੇਂ ਰਹਿ ਸੱਕਦਾ ਹੈਂ।”

16 ਅਬੀਮਲਕ ਨੇ ਸਾਰਾਹ ਨੂੰ ਆਖਿਆ, “ਮੈਂ ਤੇਰੇ ਭਰਾ ਅਬਰਾਹਾਮ ਨੂੰ ਚਾਂਦੀ ਦੇ 1,000 ਸਿੱਕੇ ਦਿੱਤੇ ਹਨ। ਮੈਂ ਅਜਿਹਾ ਇਹ ਦਰਸਾਉਣ ਲਈ ਕੀਤਾ ਹੈ ਕਿ ਮੈਨੂੰ ਇਨ੍ਹਾਂ ਸਾਰੀਆਂ ਗੱਲਾਂ ਦਾ ਅਫ਼ਸੋਸ ਹੈ। ਮੈਂ ਚਾਹੁੰਦਾ ਹਾਂ ਕਿ ਹਰ ਕੋਈ ਦੇਖ ਲਵੇ ਕਿ ਮੈਂ ਠੀਕ ਗੱਲ ਕੀਤੀ ਹੈ।”

17-18 ਯਹੋਵਾਹ ਨੇ ਅਬੀਮਲਕ ਦੇ ਪਰਿਵਾਰ ਦੀਆਂ ਸਾਰੀਆਂ ਔਰਤਾਂ ਨੂੰ ਬਾਂਝ ਬਣਾ ਦਿੱਤਾ। ਪਰਮੇਸ਼ੁਰ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਅਬੀਮਲਕ ਨੇ ਅਬਰਾਹਾਮ ਦੀ ਪਤਨੀ ਸਾਰਾਹ ਨੂੰ ਚੁੱਕ ਲਿਆ ਸੀ। ਪਰ ਅਬਰਾਹਾਮ ਨੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ, ਅਤੇ ਪਰਮੇਸ਼ੁਰ ਨੇ ਅਬੀਮਲਕ, ਉਸਦੀ ਪਤਨੀ ਅਤੇ ਉਸ ਦੀਆਂ ਦਾਸੀਆਂ ਨੂੰ ਰਾਜ਼ੀ ਕਰ ਦਿੱਤਾ।

ਆਖਿਰਕਾਰ, ਸਾਰਾਹ ਦਾ ਇੱਕ ਬੱਚਾ

21 ਯਹੋਵਾਹ ਨੇ ਉਹ ਇਕਰਾਰ ਨਿਭਾਇਆ ਜਿਹੜਾ ਉਸ ਨੇ ਸਾਰਾਹ ਨਾਲ ਕੀਤਾ ਸੀ। ਯਹੋਵਾਹ ਨੇ ਸਾਰਾਹ ਲਈ ਉਹੋ ਕੁਝ ਕੀਤਾ ਜਿਸਦਾ ਉਸ ਨੇ ਇਕਰਾਰ ਕੀਤਾ ਸੀ। ਸਾਰਾਹ ਗਰਭਵਤੀ ਹੋਈ ਅਤੇ ਉਸ ਨੇ ਅਬਰਾਹਾਮ ਦੀ ਬਿਰਧ ਅਵਸਥਾ ਵਿੱਚ ਉਸ ਲਈ ਇੱਕ ਪੁੱਤਰ ਜੰਮਿਆ। ਇਹ ਸਾਰੀਆਂ ਗੱਲਾਂ ਪਰਮੇਸ਼ੁਰ ਦੇ ਐਲਾਨ ਕੀਤੇ ਬਿਲਕੁਲ ਸਹੀ ਸਮੇਂ ਤੇ ਵਾਪਰੀਆਂ। ਸਾਰਾਹ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਅਬਰਾਹਾਮ ਨੇ ਉਸ ਦਾ ਨਾਮ ਇਸਹਾਕ ਰੱਖਿਆ। ਅਬਰਾਹਾਮ ਨੇ ਇਸਹਾਕ ਦੀ ਸੁੰਨਤ ਕਰ ਦਿੱਤੀ, ਜਦੋਂ ਇਸਹਾਕ ਅੱਠਾਂ ਦਿਨਾਂ ਦਾ ਹੋਇਆ ਸੀ, ਜਿਵੇਂ ਕਿ ਪਰਮੇਸ਼ੁਰ ਨੇ ਆਦੇਸ਼ ਦਿੱਤਾ ਸੀ।

ਅਬਰਾਹਾਮ ਉਦੋਂ 100 ਵਰ੍ਹਿਆਂ ਦਾ ਸੀ ਜਦੋਂ ਉਸਦਾ ਪੁੱਤਰ ਇਸਹਾਕ ਜਨਮਿਆ। ਅਤੇ ਸਾਰਾਹ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਖੁਸ਼ੀ ਦਿੱਤੀ ਹੈ। ਹਰ ਬੰਦਾ ਜਿਹੜਾ ਇਹ ਗੱਲ ਸੁਣੇਗਾ ਉਹ ਪ੍ਰਸੰਨ ਹੋਵੇਗਾ। ਕੋਈ ਨਹੀਂ ਸੀ ਸੋਚਦਾ ਕਿ ਮੈਂ, ਸਾਰਾਹ, ਅਬਰਾਹਾਮ ਦਾ ਬੱਚਾ ਜਣਾਂਗੀ। ਪਰ ਮੈਂ ਅਬਰਾਹਾਮ ਨੂੰ ਇੱਕ ਪੁੱਤਰ ਦਿੱਤਾ ਜਦੋਂ ਕਿ ਉਹ ਬਿਰਧ ਹੈ।”

ਘਰ ਵਿੱਚ ਮੁਸ਼ਿਕਲ

ਇਸਹਾਕ ਵੱਧਣ ਫ਼ੁੱਲਣ ਲੱਗਾ। ਛੇਤੀ ਹੀ ਉਹ ਠੋਸ ਆਹਾਰ ਕਰਨ ਜਿੰਨੀ ਉਮਰ ਦਾ ਹੋ ਗਿਆ। ਇਸ ਲਈ ਅਬਰਾਹਾਮ ਨੇ ਇੱਕ ਦਾਵਤ ਦਿੱਤੀ। ਹਾਜਰਾ ਉਹ ਮਿਸਰੀ ਗੁਲਾਮ ਔਰਤ ਸੀ ਜਿਸਨੇ ਅਬਰਾਹਾਮ ਦੇ ਪਹਿਲੇ ਪੁੱਤਰ ਨੂੰ ਜਨਮ ਦਿੱਤਾ ਸੀ। ਸਾਰਾਹ ਨੇ ਹਾਜਰਾ ਦੇ ਪੁੱਤਰ ਨੂੰ ਖੇਡਦਿਆਂ ਦੇਖਿਆ। ਸਾਰਾਹ ਅਸ਼ਾਂਤ ਹੋ ਗਈ। 10 ਸਾਰਾਹ ਨੇ ਅਬਰਾਹਾਮ ਨੂੰ ਆਖਿਆ, “ਇਸ ਦਾਸੀ ਅਤੇ ਇਸਦੇ ਪੁੱਤਰ ਤੋਂ ਖਹਿੜਾ ਛੁਡਾ। ਮੈਂ ਨਹੀਂ ਚਾਹੁੰਦੀ ਕਿ ਉਸ ਦਾਸੀ ਦਾ ਪੁੱਤਰ ਮੇਰੇ ਪੁੱਤਰ ਇਸਹਾਕ ਨਾਲ ਸਾਡੀ ਜਾਇਦਾਦ, ਵਿਰਸੇ ਵਿੱਚ ਪ੍ਰਾਪਤ ਕਰੇ।”

11 ਇਸ ਗੱਲ ਨੇ ਅਬਰਾਹਾਮ ਨੂੰ ਬਹੁਤ ਅਸ਼ਾਂਤ ਕਰ ਦਿੱਤਾ। ਉਹ ਆਪਣੇ ਪੁੱਤਰ ਇਸਮਾਏਲ ਬਾਰੇ ਚਿੰਤਿਤ ਸੀ। 12 ਪਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, “ਉਸ ਮੁੰਡੇ ਅਤੇ ਗੁਲਾਮ ਔਰਤ ਦਾ ਫ਼ਿਕਰ ਨਾ ਕਰ। ਉਹੀ ਕਰ ਜੋ ਸਾਰਾਹ ਚਾਹੁੰਦੀ ਹੈ। ਇਸਹਾਕ ਹੀ ਤੇਰਾ ਇੱਕੋ-ਇੱਕ ਵਾਰਿਸ ਹੋਵੇਗਾ। 13 ਪਰ ਮੈਂ ਤੇਰੀ ਗੁਲਾਮ ਔਰਤ ਦੇ ਪੁੱਤਰ ਨੂੰ ਵੀ ਅਸੀਸ ਦੇਵਾਂਗਾ। ਉਹ ਤੇਰਾ ਪੁੱਤਰ ਹੈ, ਇਸ ਲਈ ਮੈਂ ਉਸ ਦੇ ਪਰਿਵਾਰ ਤੋਂ ਵੀ ਇੱਕ ਮਹਾਨ ਕੌਮ ਪੈਦਾ ਕਰਾਂਗਾ।”

14 ਅਗਲੀ ਸਵੇਰ, ਅਬਰਾਹਾਮ ਨੇ ਕੁਝ ਭੋਜਨ ਪਾਣੀ ਲਿਆ। ਅਬਰਾਹਾਮ ਨੇ ਇਹ ਚੀਜ਼ਾਂ ਹਾਜਰਾ ਨੂੰ ਦੇ ਦਿੱਤੀਆਂ। ਹਾਜਰਾ ਨੇ ਇਹ ਚੀਜ਼ਾਂ ਚੁੱਕ ਲਈਆਂ ਅਤੇ ਆਪਣੇ ਪੁੱਤਰ ਨੂੰ ਲੈ ਕੇ ਚਲੀ ਗਈ। ਹਾਜਰਾ ਨੇ ਉਹ ਥਾਂ ਛੱਡ ਦਿੱਤੀ ਅਤੇ ਬਏਰਸਬਾ ਦੇ ਮਾਰੂਥਲ ਵਿੱਚ ਘੁੰਮਣ ਲਗੀ।

15 ਕੁਝ ਸਮੇਂ ਬਾਦ, ਸਾਰਾ ਪਾਣੀ ਮੁੱਕ ਗਿਆ। ਪੀਣ ਲਈ ਕੁਝ ਵੀ ਨਹੀਂ ਬਚਿਆ। ਇਸ ਲਈ ਹਾਜਰਾ ਨੇ ਆਪਣੇ ਬੱਚੇ ਨੂੰ ਇੱਕ ਝਾੜੀ ਦੇ ਅੰਦਰ ਰੱਖ ਦਿੱਤਾ। 16 ਹਾਜਰਾ ਥੋੜਾ ਜਿਹਾ ਦੂਰ ਗਈ। ਫ਼ੇਰ ਉਹ ਰੁਕ ਗਈ ਅਤੇ ਬੈਠ ਗਈ। ਹਾਜਰਾ ਨੇ ਸੋਚਿਆ ਕਿ ਉਸਦਾ ਪੁੱਤਰ ਪਿਆਸ ਨਾਲ ਮਰ ਜਾਵੇਗਾ। ਉਹ ਉਸ ਨੂੰ ਮਰਦਿਆਂ ਹੋਇਆ ਨਹੀਂ ਦੇਖਣ ਚਾਹੁੰਦੀ ਸੀ। ਉਹ ਉੱਥੇ ਬੈਠ ਗਈ ਅਤੇ ਰੋਣ ਲੱਗ ਪਈ।

17 ਪਰਮੇਸ਼ੁਰ ਨੇ ਮੁੰਡੇ ਦਾ ਰੋਣਾ ਸੁਣਿਆ ਅਤੇ ਪਰਮੇਸ਼ੁਰ ਦੇ ਦੂਤ ਨੇ ਹਾਜਰਾ ਨੂੰ ਆਕਾਸ਼ ਵਿੱਚੋਂ ਆਵਾਜ਼ ਦਿੱਤੀ। ਉਸ ਨੇ ਆਖਿਆ, “ਕੀ ਗੱਲ ਹੈ, ਹਾਜਰਾ? ਡਰ ਨਾ! ਯਹੋਵਾਹ ਨੇ ਬੱਚੇ ਦਾ ਰੋਣਾ ਸੁਣ ਲਿਆ ਹੈ। 18 ਜਾ ਅਤੇ ਮੁੰਡੇ ਦੀ ਸਹਾਇਤਾ ਕਰ। ਉਸਦਾ ਹੱਥ ਫ਼ੜਕੇ ਉਸ ਨੂੰ ਖੜ੍ਹਾ ਕਰ! ਮੈਂ ਉਸ ਨੂੰ ਇੱਕ ਮਹਾਨ ਕੌਮ ਦਾ ਪਿਤਾ ਬਣਾਵਾਂਗਾ।”

19 ਫ਼ੇਰ ਪਰਮੇਸ਼ੁਰ ਨੇ ਹਾਜਰਾ ਨੂੰ ਪਾਣੀ ਦਾ ਇੱਕ ਖੂਹ ਦਿਖਾਇਆ। ਇਸ ਲਈ ਹਾਜਰਾ ਖੂਹ ਉੱਤੇ ਗਈ ਅਤੇ ਆਪਣਾ ਥੈਲਾ ਪਾਣੀ ਨਾਲ ਭਰ ਲਿਆ। ਫ਼ੇਰ ਉਸ ਨੇ ਮੁੰਡੇ ਨੂੰ ਪਾਣੀ ਪਿਲਾਇਆ।

20 ਮੁੰਡਾ ਵੱਡਾ ਹੁੰਦਾ ਗਿਆ ਅਤੇ ਪਰਮੇਸ਼ੁਰ ਉਸ ਦੇ ਅੰਗ-ਸੰਗ ਰਿਹਾ। ਇਸਮਾਏਲ ਮਾਰੂਥਲ ਵਿੱਚ ਰਹਿੰਦਾ ਸੀ ਅਤੇ ਇੱਕ ਸ਼ਿਕਾਰੀ ਬਣ ਗਿਆ। ਉਸ ਨੇ ਤੀਰ ਕਮਾਣ ਚਲਾਉਣ ਵਿੱਚ ਮਹਾਰਥ ਹਾਸਿਲ ਕਰ ਲਈ। 21 ਉਸ ਦੀ ਮਾਂ ਨੇ ਉਸ ਲਈ ਮਿਸਰ ਵਿੱਚੋਂ ਇੱਕ ਪਤਨੀ ਲੱਭ ਲਈ। ਉਹ ਪਾਰਾਨ ਦੇ ਮਾਰੂਥਲ ਵਿੱਚ ਰਹਿੰਦੇ ਰਹੇ।

ਅਬਰਾਹਾਮ ਦਾ ਅਬੀਮਲਕ ਨਾਲ ਸੌਦਾ

22 ਫ਼ੇਰ ਅਬੀਮਲਕ ਅਤੇ ਫ਼ੀਕੋਲ ਨੇ ਅਬਰਾਹਾਮ ਨਾਲ ਗੱਲ ਕੀਤੀ। ਫ਼ੀਲੋਕ ਅਬੀਮਲਕ ਦੀ ਫ਼ੌਜ ਦਾ ਕਮਾਂਡਰ ਸੀ। ਉਨ੍ਹਾਂ ਨੇ ਅਬਰਾਹਾਮ ਨੂੰ ਆਖਿਆ, “ਤੇਰੀ ਹਰ ਗੱਲ ਵਿੱਚ ਪਰਮੇਸ਼ੁਰ ਤੇਰੇ ਨਾਲ ਹੈ। 23 ਇਸ ਲਈ ਮੈਨੂੰ ਇੱਥੇ ਪਰਮੇਸ਼ੁਰ ਦੇ ਸਾਹਮਣੇ ਇੱਕ ਬਚਨ ਦੇ। ਇਕਰਾਰ ਕਰ ਕਿ ਤੂੰ ਮੇਰੇ ਅਤੇ ਮੇਰੇ ਬੱਚਿਆਂ ਨਾਲ ਇਨਸਾਫ਼ ਕਰੇਂਗਾ। ਇਕਰਾਰ ਕਰ ਕਿ ਤੂੰ ਮੇਰੇ ਉੱਤੇ ਅਤੇ ਇਸ ਦੇਸ਼ ਉੱਤੇ, ਜਿੱਥੇ ਤੂੰ ਰਿਹਾ ਹੈਂ, ਮਿਹਰਬਾਨ ਹੋਵੇਂਗਾ। ਇਕਰਾਰ ਕਰ ਤੂੰ ਮੇਰੇ ਉੱਤੇ ਓਨਾ ਹੀ ਮਿਹਰਬਾਨ ਹੋਵੇਂਗਾ ਜਿੰਨਾ ਮੈਂ ਤੇਰੇ ਉੱਤੇ ਰਿਹਾ ਹਾਂ।”

24 ਅਤੇ ਅਬਰਾਹਾਮ ਨੇ ਆਖਿਆ, “ਮੈਂ ਤੇਰੇ ਨਾਲ ਓਹੋ ਜਿਹਾ ਸਲੂਕ ਕਰਨ ਦਾ ਇਕਰਾਰ ਕਰਦਾ ਹਾਂ ਜਿਹੋ ਜਿਹਾ ਤੂੰ ਮੇਰੇ ਨਾਲ ਕੀਤਾ ਹੈ।” 25 ਫ਼ੇਰ ਅਬਰਾਹਾਮ ਨੇ ਅਬੀਮਲਕ ਨੂੰ ਸ਼ਿਕਾਇਤ ਕੀਤੀ। ਅਬਰਾਹਾਮ ਨੇ ਇਸ ਲਈ ਸ਼ਿਕਾਇਤ ਕੀਤੀ ਕਿਉਂਕਿ ਅਬੀਮਲਕ ਦੇ ਨੌਕਰਾਂ ਨੇ ਪਾਣੀ ਦੇ ਖੂਹ ਉੱਤੇ ਕਬਜ਼ਾ ਕਰ ਲਿਆ ਸੀ।

26 ਪਰ ਅਬੀਮਲਕ ਨੇ ਆਖਿਆ, “ਮੈਨੂੰ ਨਹੀਂ ਪਤਾ, ਇਹ ਕਿਸਨੇ ਕੀਤਾ। ਤੂੰ ਇਹ ਮੈਨੂੰ ਪਹਿਲਾਂ ਕਦੇ ਨਹੀਂ ਦੱਸਿਆ। ਮੈਂ ਇਸ ਬਾਰੇ ਅੱਜ ਹੀ ਸੁਣ ਰਿਹਾ ਹਾਂ!”

27 ਇਸ ਲਈ ਅਬਰਾਹਾਮ ਅਤੇ ਅਬੀਮਲਕ ਨੇ ਇੱਕ ਇਕਰਾਰਨਾਮਾ ਕੀਤਾ। ਅਬਰਾਹਾਮ ਨੇ ਅਬੀਮਲਕ ਨੂੰ ਕੁਝ ਭੇਡਾਂ ਅਤੇ ਪਸ਼ੂ ਇਕਰਾਰਨਾਮੇ ਦੇ ਸਬੂਤ ਵਜੋਂ ਦਿੱਤੇ। 28 ਅਬਰਾਹਾਮ ਨੇ ਸੱਤ ਲੇਲੀਆਂ ਵੀ ਅਬੀਮਲਕ ਦੇ ਸਾਹਮਣੇ ਰੱਖ ਦਿੱਤੀਆਂ।

29 ਅਬੀਮਲਕ ਨੇ ਅਬਰਾਹਾਮ ਨੂੰ ਪੁੱਛਿਆ, “ਤੂੰ ਇਨ੍ਹਾਂ ਸੱਤ ਲੇਲੀਆਂ ਨੂੰ ਇੱਕਲਿਆਂ ਕਿਉਂ ਰੱਖ ਦਿੱਤਾ ਹੈ?”

30 ਅਬਰਾਹਾਮ ਨੇ ਜਵਾਬ ਦਿੱਤਾ, “ਜਦੋਂ ਤੂੰ ਇਨ੍ਹਾਂ ਲੇਲੀਆਂ ਨੂੰ ਮੇਰੇ ਵੱਲੋਂ ਪ੍ਰਵਾਨ ਕਰ ਲਵੇਂਗਾ ਤਾਂ ਇਹ ਇਸ ਗੱਲ ਦਾ ਸਬੂਤ ਹੋਵੇਗਾ ਕਿ ਮੈਂ ਇਹ ਖੂਹ ਪੁੱਟਿਆ ਸੀ।”

31 ਇਸ ਲਈ ਇਸਤੋਂ ਮਗਰੋਂ ਖੂਹ ਨੂੰ ਬਏਰਸ਼ਬਾ ਆਖਿਆ ਜਾਣ ਲੱਗਾ। ਉਸ ਨੇ ਇਸ ਖੂਹ ਨੂੰ ਇਹ ਨਾਲ ਇਸ ਵਾਸਤੇ ਦਿੱਤਾ ਕਿਉਂਕਿ ਇਹੀ ਉਹ ਥਾਂ ਸੀ ਜਿੱਥੇ ਉਨ੍ਹਾਂ ਨੇ ਇੱਕ ਦੂਜੇ ਨਾਲ ਇਕਰਾਰ ਕੀਤਾ ਸੀ।

32 ਇਸ ਤਰ੍ਹਾਂ ਅਬਰਾਹਾਮ ਅਤੇ ਅਬੀਮਲਕ ਨੇ ਬਏਰਸਬਾ ਵਿਖੇ ਇੱਕ ਇਕਰਾਰਨਾਮਾ ਕੀਤਾ। ਫ਼ੇਰ ਅਬੀਮਲਕ ਅਤੇ ਉਸਦਾ ਫ਼ੌਜੀ ਕਮਾਂਡਰ ਫ਼ਲਿਸਤੀਆਂ ਦੇ ਦੇਸ਼ ਨੂੰ ਚੱਲੇ ਗਏ।

33 ਅਬਰਾਹਾਮ ਨੇ ਬਏਰਸਬਾ ਵਿਖੇ ਇੱਕ ਖਾਸ ਰੁੱਖ ਲਾਇਆ। ਉਸ ਥਾਂ ਉੱਤੇ, ਅਬਰਾਹਾਮ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਉਸ ਪਰਮੇਸ਼ੁਰ ਅੱਗੇ ਜਿਹੜਾ ਸਦਾ ਜਿਉਂਦਾ ਹੈ। 34 ਅਤੇ ਅਬਰਾਹਾਮ ਫ਼ਲਿਸਤੀਆਂ ਦੇ ਦੇਸ਼ ਵਿੱਚ ਲੰਮਾ ਸਮਾਂ ਰਿਹਾ।

Punjabi Bible: Easy-to-Read Version (ERV-PA)

2010 by World Bible Translation Center