Print Page Options
Previous Prev Day Next DayNext

Chronological

Read the Bible in the chronological order in which its stories and events occurred.
Duration: 365 days
Punjabi Bible: Easy-to-Read Version (ERV-PA)
Version
1 ਰਾਜਿਆਂ 15:25-16:34

ਇਸਰਾਏਲ ਦਾ ਪਾਤਸ਼ਾਹ, ਨਾਦਾਬ

25 ਯਾਰਾਬੁਆਮ ਦਾ ਪੁੱਤਰ ਨਾਦਾਬ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਜ ਦੇ ਦੂਜੇ ਸਾਲ ਇਸਰਾਏਲ ਉੱਪਰ ਰਾਜ ਕਰਨ ਲੱਗਾ ਅਤੇ ਉਸ ਨੇ ਦੋ ਸਾਲ ਇਸਰਾਏਲ ਉੱਪਰ ਰਾਜ ਕੀਤਾ। 26 ਪਰ ਉਸ ਨੇ ਉਹ ਕਰਨੀਆਂ ਕੀਤੀਆਂ ਜੋ ਯਹੋਵਾਹ ਦੀ ਨਿਗਾਹ ਵਿੱਚ ਗ਼ਲਤ ਸਨ। ਉਸ ਨੇ ਵੀ ਆਪਣੇ ਪਿਤਾ ਯਾਰਾਬੁਆਮ ਵਾਂਗ ਹੀ ਪਾਪ ਕੀਤੇ ਅਤੇ ਇਸਰਾਏਲ ਦੇ ਲੋਕਾਂ ਤੋਂ ਪਾਪ ਕਰਵਾਏ।

27 ਬਆਸ਼ਾ ਅਹੀਯਾਹ ਦਾ ਪੁੱਤਰ ਸੀ। ਇਹ ਯਿੱਸਾਕਾਰ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਬਆਸ਼ਾ ਨੇ ਨਾਦਾਬ ਪਾਤਸ਼ਾਹ ਨੂੰ ਵੱਢਣ ਦੀ ਵਿਉਂਤ ਬਣਾਈ। ਇਹ ਉਹ ਸਮਾਂ ਸੀ ਜਦੋਂ ਨਾਦਾਬ ਅਤੇ ਸਾਰੇ ਇਸਰਾਏਲੀ ਗਿਬਥੋਨ ਸ਼ਹਿਰ ਦੇ ਵਿਰੁੱਧ ਲੜ ਰਹੇ ਸਨ। ਇਹ ਫ਼ਲਿਸਤੀ ਸ਼ਹਿਰ ਸੀ। ਇਸ ਥਾਵੇਂ ਬਆਸ਼ਾ ਨੇ ਨਾਦਾਬ ਪਾਤਸ਼ਾਹ ਦੀ ਹਤਿਆ ਕੀਤੀ। 28 ਯਹੂਦਾਹ ਦੇ ਰਾਜੇ ਆਸਾ ਦੇ ਰਾਜ ਦੇ ਤੀਜੇ ਵਰ੍ਹੇ ਬਆਸ਼ਾ ਨੇ ਉਸ ਨੂੰ ਮਾਰ ਦਿੱਤਾ ਅਤੇ ਉਸਦੀ ਥਾਵੇਂ ਰਾਜ ਕਰਨ ਲੱਗ ਪਿਆ।

ਇਸਰਾਏਲ ਦਾ ਪਾਤਸ਼ਾਹ, ਬਆਸ਼ਾ

29 ਜਦੋਂ ਬਆਸ਼ਾ ਨਵਾਂ ਪਾਤਸ਼ਾਹ ਬਣਿਆ ਤਾਂ ਉਸ ਨੇ ਯਾਰਾਬੁਆਮ ਦੇ ਸਾਰੇ ਘਰਾਣੇ ਨੂੰ ਵੱਢ ਸੁੱਟਿਆ ਅਤੇ ਯਾਰਾਬੁਆਮ ਦਾ ਇੱਕ ਵੀ ਜੀਅ ਜਿਉਂਦਾ ਨਾ ਛੱਡਿਆ। ਇਹ ਸਭ ਕੁਝ ਉਵੇਂ ਹੀ ਹੋਇਆ ਜਿਵੇਂ ਯਹੋਵਾਹ ਦਾ ਹੁਕਮ ਸੀ ਯਹੋਵਾਹ ਆਪਣੇ ਸੇਵਕ ਅਹੀਯਾਹ ਜੋ ਸ਼ੀਲੋਨੀ ਤੋਂ ਸੀ ਬੋਲਿਆ ਸੀ। 30 ਇਹ ਸਭ ਕੁਝ ਇਸ ਲਈ ਵਾਪਰਿਆ ਕਿਉਂ ਕਿ ਯਾਰਾਬੁਆਮ ਨੇ ਅਨੇਕਾਂ ਪਾਪ ਕੀਤੇ ਸਨ ਅਤੇ ਉਸ ਨੇ ਇਸਰਾਏਲ ਦੇ ਲੋਕਾਂ ਤੋਂ ਪਾਪ ਕਰਵਾਏ। ਯਾਰਾਬੁਆਮ ਨੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੂੰ ਬਹੁਤ ਕ੍ਰੋਧਿਤ ਕੀਤਾ ਸੀ!

31 ਹੋਰ ਜੋ ਕੰਮ ਨਾਦਾਬ ਨੇ ਕੀਤੇ ਉਹ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ। 32 ਸਾਰਾ ਸਮਾਂ ਇਸਰਾਏਲ ਉੱਪਰ ਜਦ ਤੱਕ ਬਆਸ਼ਾ ਨੇ ਰਾਜ ਕੀਤਾ ਵਿੱਚ ਸਾਰਾ ਸਮਾਂ, ਉਹ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਵਿਰੁੱਧ ਲੜਦਾ ਰਿਹਾ।

33 ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਜ ਦੇ ਤੀਸਰੇ ਸਾਲ ਅਹੀਯਾਹ ਦਾ ਪੁੱਤਰ ਬਆਸ਼ਾ ਤਿਰਸਾਹ ਵਿੱਚ ਸਾਰੇ ਇਸਰਾਏਲ ਉੱਪਰ ਰਾਜ ਕਰਨ ਲੱਗਾ ਅਤੇ ਉਸ ਨੇ 24 ਵਰ੍ਹੇ ਰਾਜ ਕੀਤਾ। 34 ਉਸ ਨੇ ਯਹੋਵਾਹ ਦੇ ਅੱਗੇ ਬੁਰੇ ਕੰਮ ਕੀਤੇ ਅਤੇ ਯਾਰਾਬੁਆਮ ਆਪਣੇ ਪਿਤਾ ਦੇ ਬੁਰੇ ਰਾਹਾਂ ਤੇ ਹੀ ਚੱਲਿਆ ਅਤੇ ਉਸ ਦੇ ਪਾਪ ਵਿੱਚ ਜਿਸ ਨਾਲ ਉਸ ਦੇ ਇਸਰਾਏਲ ਨੂੰ ਪਾਪੀ ਬਣਾਇਆ, ਬਸ ਇਨ੍ਹਾਂ ਕੰਮਾਂ ਵਿੱਚ ਹੀ ਲੱਗਾ ਰਿਹਾ।

16 ਤਦ ਯਹੋਵਾਹ ਦਾ ਬਚਨ ਹਨਾਨੀ ਦੇ ਪੁੱਤਰ ਯੇਹੂ ਕੋਲ ਆਇਆ। ਇਹ ਬਚਨ ਬਆਸ਼ਾ ਦੇ ਵਿਰੁੱਧ ਸੀ ਕਿ, “ਮੈਂ ਤੈਨੂੰ ਹੇਠੋਂ ਧੂੜ ਵਿੱਚੋਂ ਚੁੱਕਿਆ ਅਤੇ ਤੈਨੂੰ ਮੇਰੇ ਲੋਕਾਂ, ਇਸਰਾਏਲੀਆਂ ਉੱਪਰ ਸ਼ਾਸਕ ਬਣਾਇਆ, ਪਰ ਤੂੰ ਯਾਰਾਬੁਆਮ ਦੇ ਨਕਸ਼ੇ ਕਦਮ ਤੇ ਤੁਰਿਆ ਅਤੇ ਮੇਰੇ ਲੋਕਾਂ ਇਸਰਾਏਲੀਆਂ ਤੋਂ ਪਾਪ ਕਰਵਾਇਆ। ਇਉਂ ਉਨ੍ਹਾਂ ਨੇ ਮੈਨੂੰ ਕ੍ਰੋਧਿਤ ਕੀਤਾ। ਇਸ ਲਈ ਮੈਂ ਹੁਣ ਬਆਸ਼ਾ ਅਤੇ ਉਸ ਦੇ ਘਰਾਣੇ ਨੂੰ ਨਾਸ਼ ਕਰ ਦਿਆਂਗਾ। ਮੈਂ ਹੁਣ ਤੇਰੇ ਘਰਾਣੇ ਨੂੰ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਘਰਾਣੇ ਵਾਂਗ ਨਾਸ ਕਰ ਦਿਆਂਗਾ। ਤੇਰੇ ਪਰਿਵਾਰ ਵਿੱਚ, ਜੇਕਰ ਕੋਈ ਨਗਰ ਵਿੱਚ ਮਰ ਜਾਵੇ, ਉਸਦਾ ਸ਼ਰੀਰ ਕੁਤਿਆਂ ਦੁਆਰਾ ਖਾਧਾ ਜਾਵੇਗਾ ਅਤੇ ਜੇਕਰ ਕੋਈ ਖੇਤਾਂ ਵਿੱਚ ਮਰੇ, ਉਸਦਾ ਸਰੀਰ ਪੰਛੀਆਂ ਦੁਆਰਾ ਖਾਧਾ ਜਾਵੇਗਾ।”

ਬਆਸ਼ਾ ਦੇ ਕੀਤੇ ਹੋਰ ਮਹਾਨ ਕਾਰਜ ਅਤੇ ਉਸ ਦੀਆਂ ਸਫ਼ਲਤਾਵਾਂ ਬਾਰੇ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ। ਬਆਸ਼ਾ ਮਰਿਆ ਤਾਂ ਤਿਰਸਾਹ ਵਿੱਚ ਦਬਿਆ ਗਿਆ ਅਤੇ ਉਸ ਬਾਦ ਉਸਦਾ ਪੁੱਤਰ ਏਲਾਹ ਰਾਜ ਕਰਨ ਲੱਗਾ।

ਤਾਂ ਯਹੋਵਾਹ ਨੇ ਯੇਹੂ ਨਬੀ ਨੂੰ ਕਰਕੇ ਸੰਦੇਸ਼ ਦਿੱਤਾ। ਇਹ ਸੰਦੇਸ਼ ਬਆਸ਼ਾ ਅਤੇ ਉਸ ਦੇ ਘਰਾਣੇ ਵਿਰੁੱਧ ਸੀ। ਬਆਸ਼ਾ ਨੇ ਯਹੋਵਾਹ ਦੇ ਖਿਲਾਫ਼ ਬਹੁਤ ਬਦੀ ਕੀਤੀ ਸੀ ਜਿਸ ਨਾਲ ਯਹੋਵਾਹ ਬਹੁਤ ਕ੍ਰੋਧਿਤ ਸੀ। ਬਆਸ਼ਾ ਨੇ ਵੀ ਉਹੀ ਕੁਝ ਕੀਤਾ ਜੋ ਕੁਝ ਉਸਤੋਂ ਪਹਿਲਾਂ ਯਾਰਾਬੁਆਮ ਦੇ ਘਰਾਣੇ ਨੇ ਕੀਤਾ ਸੀ। ਯਹੋਵਾਹ ਇਸ ਲਈ ਵੀ ਕ੍ਰੋਧਿਤ ਸੀ ਕਿਉਂ ਕਿ ਬਆਸ਼ਾ ਨੇ ਯਾਰਾਬੁਆਮ ਦੇ ਸਾਰੇ ਪਰਿਵਾਰ ਨੂੰ ਮਾਰ ਸੁੱਟਿਆ ਸੀ।

ਇਸਰਾਏਲ ਦਾ ਪਾਤਸ਼ਾਹ, ਏਲਾਹ

ਆਸਾ ਦੇ ਯਹੂਦਾਹ ਵਿੱਚ 26 ਵੇਂ ਵਰ੍ਹੇ ਦੌਰਾਨ, ਏਲਾਹ ਇਸਰਾਏਲ ਦਾ ਪਾਤਸ਼ਾਹ ਬਣਿਆ। ਏਲਾਹ ਬਆਸ਼ਾ ਦਾ ਪੁੱਤਰ ਸੀ ਅਤੇ ਉਸ ਨੇ ਤਿਰਸਾਹ ਵਿੱਚ ਦੋ ਸਾਲ ਸ਼ਾਸਨ ਕੀਤਾ।

ਜ਼ਿਮਰੀ ਏਲਾਹ ਪਾਤਸ਼ਾਹ ਦੇ ਅਫ਼ਸਰਾਂ ਵਿੱਚੋਂ ਇੱਕ ਸੀ ਅਤੇ ਪਾਤਸ਼ਾਹ ਦੇ ਅੱਧੇ ਰੱਥਾਂ ਉੱਪਰ ਹੁਕਮ ਕਰਦਾ ਸੀ, ਪਰ ਜ਼ਿਮਰੀ ਨੇ ਏਲਾਹ ਦੇ ਵਿਰੁੱਧ ਵਿਉਂਤ ਬਨਾਉਣੀ ਸ਼ੁਰੂ ਕੀਤੀ। ਏਲਾਹ ਪਾਤਸ਼ਾਹ ਤਿਰਸਾਹ ਵਿਖੇ ਅਰਸਾ ਦੇ ਘਰ ਵਿੱਚ ਸੀ, ਪੀਕੇ ਸ਼ਰਾਬੀ ਹੋ ਰਿਹਾ ਸੀ ਤੇ ਅਰਸਾ ਤਿਰਸਾਹ ਵਿੱਚ ਉਸ ਦੇ ਮਹਿਲ ਦਾ ਇੰਚਾਰਜ ਸੀ। 10 ਜ਼ਿਮਰੀ ਉਸ ਘਰ ਵਿੱਚ ਗਿਆ ਅਤੇ ਜਾਕੇ ਏਲਾਹ ਪਾਤਸ਼ਾਹ ਦੀ ਹਤਿਆ ਕਰ ਦਿੱਤੀ। ਇਹ ਯਹੂਦਾਹ ਦੇ ਪਾਤਸ਼ਾਹ ਆਸਾ ਦੇ 27 ਵੇਂ ਵਰ੍ਹੇ ਵਿੱਚ ਹੋਇਆ ਅਤੇ ਇਉਂ ਏਲਾਹ ਤੋਂ ਬਾਅਦ ਜ਼ਿਮਰੀ ਰਾਜ ਕਰਨ ਲੱਗ ਪਿਆ।

ਇਸਰਾਏਲ ਦਾ ਪਾਤਸ਼ਾਹ, ਜ਼ਿਮਰੀ

11 ਜਦੋਂ ਜ਼ਿਮਰੀ ਰਾਜ ਕਰਨ ਲੱਗ ਪਿਆ ਤਾਂ ਉਸ ਨੇ ਬਆਸ਼ਾ ਦੇ ਸਾਰੇ ਘਰਾਣੇ ਦੀ ਹਤਿਆ ਕਰ ਦਿੱਤੀ। ਉਸ ਨੇ ਬਆਸ਼ਾ ਦੇ ਪਰਿਵਾਰ ਦਾ ਇੱਕ ਵੀ ਬੰਦਾ ਜਿਉਂਦਾ ਨਾ ਛੱਡਿਆ। ਜ਼ਿਮਰੀ ਨੇ ਬਆਸ਼ਾ ਦੇ ਦੋਸਤਾਂ-ਮਿੱਤਰਾਂ ਨੂੰ ਵੀ ਵੱਢ ਸੁੱਟਿਆ। 12 ਇਉਂ ਜ਼ਿਮਰੀ ਨੇ ਬਆਸ਼ਾ ਦੇ ਪਰਿਵਾਰ ਨੂੰ ਖਤਮ ਕਰ ਦਿੱਤਾ। ਇਹ ਸਭ ਕੁਝ ਉਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਯੇਹੂ ਨਬੀ ਨੂੰ ਆਖਿਆ ਸੀ, ਜੋ ਬਆਸ਼ਾ ਦੇ ਖਿਲਾਫ਼ ਬੋਲਿਆ ਸੀ। 13 ਇਹ ਸਭ ਕੁਝ ਬਆਸ਼ਾ ਅਤੇ ਏਲਾਹ ਦੇ ਪਾਪਾਂ ਕਾਰਣ ਹੋਇਆ। ਉਨ੍ਹਾਂ ਨੇ ਖੁਦ ਹੀ ਪਾਪ ਨਹੀਂ ਕੀਤੇ ਸਗੋਂ ਇਸਰਾਏਲ ਤੋਂ ਵੀ ਪਾਪ ਕਰਵਾਏ। ਯਹੋਵਾਹ ਉਨ੍ਹਾਂ ਦੇ ਬੁੱਤਾਂ ਕਾਰਣ ਕ੍ਰੋਧਿਤ ਹੋ ਗਿਆ।

14 ਹੋਰ ਜੋ ਕੰਮ ਏਲਾਹ ਨੇ ਕੀਤੇ ਉਹ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ।

15 ਯਹੂਦਾਹ ਦੇ ਪਾਤਸ਼ਾਹ ਆਸਾ ਦੇ 27ਵੇਂ ਵਰ੍ਹੇ ਵਿੱਚ ਜ਼ਿਮਰੀ ਨੇ ਤਿਰਸਾਹ ਵਿੱਚ ਸੱਤ ਦਿਨ ਰਾਜ ਕੀਤਾ ਤੇ ਉਸ ਦੌਰਾਨ ਇਹ ਕੁਝ ਵਾਪਰਿਆ: ਲੋਕਾਂ ਨੇ ਫ਼ਲਿਸਤੀਆਂ ਦੇ ਸ਼ਹਿਰ ਗਿਬਥੋਨ ਵਿਰੁੱਧ ਡੇਰੇ ਲਾਏ ਹੋਏ ਸਨ। ਉਹ ਜੰਗ ਲਈ ਤਿਆਰ ਸਨ। 16 ਡੇਰੇ ਵਿੱਚ ਲੋਕਾਂ ਨੂੰ ਖਬਰ ਮਿਲੀ ਕਿ ਜ਼ਿਮਰੀ ਨੇ ਰਾਜੇ ਦੇ ਖਿਲਾਫ਼ ਸਾਜ਼ਿਸ਼ ਕਰਕੇ ਉਸ ਨੂੰ ਮਾਰ ਦਿੱਤਾ। ਤਾਂ ਸਾਰੇ ਇਸਰਾਏਲ ਨੇ ਫੌਜ ਦੇ ਸਿਪਹਸਾਲਾਰ ਆਮਾਰੀ ਨੂੰ ਇਸਰਾਏਲ ਦੇ ਰਾਜੇ ਵਜੋਂ ਚੁਣ ਲਿਆ। 17 ਤਦ ਆਮਰੀ ਨੇ ਸਾਰੇ ਇਸਰਾਏਲ ਸਮੇਤ ਗਿਬਥੋਨ ਤੋਂ ਚੜ੍ਹ ਕੇ ਤਿਰਸਾਹ ਨੂੰ ਘੇਰ ਲਿਆ। 18 ਜਦ ਜ਼ਿਮਰੀ ਨੇ ਵੇਖਿਆ ਕਿ ਸ਼ਹਿਰ ਤੇ ਉਨ੍ਹਾਂ ਕਬਜ਼ਾ ਕਰ ਲਿਆ ਹੈ ਤਾਂ ਉਸ ਨੇ ਪਾਤਸ਼ਾਹ ਦੇ ਮਹਿਲ ਦੇ ਕਿਲੇ ਵਿੱਚ ਜਾਕੇ, ਮਹਿਲ ਨੂੰ ਅੱਗ ਲਾਕੇ ਆਪਣੇ ਆਪ ਨੂੰ ਸਾੜ ਲਿਆ। 19 ਇਹ ਸਭ ਜ਼ਿਮਰੀ ਦੇ ਪਾਪਾਂ ਕਾਰਣ ਹੋਇਆ ਜੋ ਉਸ ਨੇ ਕੀਤੇ। ਜੋ ਯਹੋਵਾਹ ਦੇ ਹੁਕਮ ਦੇ ਵਿੁਰੱਧ ਉਸ ਨੇ ਪਾਪ ਕੀਤੇ। ਉਸ ਨੇ ਵੀ ਉਵੇਂ ਹੀ ਬਦੀ ਕੀਤੀ ਜਿਵੇਂ ਯਾਰਾਬੁਆਮ ਨੇ ਅਤੇ ਯਾਰਾਬੁਆਮ ਨੇ ਇਸਰਾਏਲ ਦੇ ਲੋਕਾਂ ਤੋਂ ਵੀ ਪਾਪ ਕਰਵਾਏ।

20 ਜ਼ਿਮਰੀ ਦੀਆਂ ਬਾਕੀ ਗੱਲਾਂ ਜੋ ਉਸ ਨੇ ਕੀਤੀਆਂ ਅਤੇ ਉਸਦੀਆਂ ਗੁਪਤ ਵਿਉਂਤਾ, ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ। ਪੋਥੀ ਵਿੱਚ, ਜ਼ਿਮਰੀ ਦੇ ਪਾਤਸ਼ਾਹ ਏਲਾਹ ਦੇ ਵਿਰੁੱਧ ਵਿਉਂਤ ਅਤੇ ਜੋ ਉਸ ਸਮੇਂ ਦੌਰਾਨ ਵਾਪਰਿਆ, ਇਸਦਾ ਵੀ ਵਿਵਰਣ ਹੈ।

ਇਸਰਾਏਲ ਦਾ ਪਾਤਸ਼ਾਹ, ਆਮਰੀ

21 ਇਸਰਾਏਲ ਦੇ ਲੋਕੀ ਦੋ ਹਿਸਿਆਂ ਵਿੱਚ ਵੰਡੇ ਗਏ। ਅੱਧੇ ਲੋਕ ਗੀਨਥ ਦੇ ਪੁੱਤਰ ਤਿਬਨੀ ਦੇ ਮਗਰ ਸਨ ਅਤੇ ਉਸ ਨੂੰ ਪਾਤਸ਼ਾਹ ਬਨਾਉਣਾ ਚਾਹੁੰਦੇ ਸਨ। ਅਤੇ ਬਾਕੀ ਦੇ ਅੱਧੇ ਲੋਕ ਆਮਰੀ ਦੇ ਮਗਰ ਸਨ। 22 ਪਰ ਆਮਰੀ ਦਾ ਧੜਾ ਤਿਬਨੀ, ਗੀਨਥ ਦੇ ਪੁੱਤਰ ਕੋਲੋਂ ਵੱਧ ਤਾਕਤਵਰ ਸੀ ਇਸ ਲਈ ਤਿਬਨੀ ਮਾਰਿਆ ਗਿਆ ਅਤੇ ਆਮਰੀ ਪਾਤਸ਼ਾਹ ਬਣਿਆ।

23 ਯਹੂਦਾਹ ਦੇ ਪਾਤਸ਼ਾਹ ਆਸਾ ਦੇ 41ਵੇਂ ਵਰ੍ਹੇ ਵਿੱਚ ਆਮਰੀ ਇਸਰਾਏਲ ਉੱਪਰ ਰਾਜ ਕਰਨ ਲੱਗਾ ਅਤੇ 12 ਸਾਲ ਰਾਜ ਕਰਦਾ ਰਿਹਾ, ਜਿਸ ਵਿੱਚੋਂ 6 ਵਰ੍ਹੇ ਉਸ ਨੇ ਤਿਰਸਾਹ ਵਿੱਚ ਹੀ ਰਾਜ ਕੀਤਾ। 24 ਉਸ ਨੇ ਸਾਮਰਿਯਾ ਦੇ ਪਹਾੜ ਨੂੰ ਸ਼ਮਰ ਕੋਲੋਂ 68 ਕਿਲੋ ਚਾਂਦੀ ਦੇਕੇ ਖਰੀਦ ਲਿਆ ਅਤੇ ਉਸ ਪਹਾੜ ਉੱਪਰ ਇੱਕ ਸ਼ਹਿਰ ਬਣਾਇਆ। ਉਸ ਨੇ ਉਸ ਸ਼ਹਿਰ ਦਾ ਨਾਂ ਸਾਮਰਿਯਾ, ਉਸ ਦੇ ਮਾਲਕ “ਸ਼ਮਰ” ਦੇ ਨਾਂ ਦੇ ਪਿੱਛੇ ਰੱਖਿਆ।

25 ਪਰ ਜੋ ਕੰਮ ਯਹੋਵਾਹ ਨੇ ਮਾੜੇ ਕਹੇ ਆਮਰੀ ਨੇ ਉਹੀ ਕੀਤੇ ਅਤੇ ਆਮਰੀ ਆਪਣੇ ਤੋਂ ਪਹਿਲਾਂ ਦੇ ਆਏ ਸਾਰੇ ਪਾਤਸ਼ਾਹਾਂ ਤੋਂ ਵੱਧ ਗ਼ਲਤ ਨਿਕਲਿਆ। 26 ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਵਾਂਗ ਸਾਰੇ ਪਾਪ ਕੀਤੇ, ਅਤੇ ਇਸਰਾਏਲ ਦੇ ਲੋਕਾਂ ਤੋਂ ਵੀ ਪਾਪ ਕਰਵਾਏ। ਉਨ੍ਹਾਂ ਨੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੂੰ ਆਪਣੇ ਬੇਕਾਰ ਬੁੱਤਾਂ ਕਾਰਣ ਗੁੱਸੇ ਕਰ ਦਿੱਤਾ।

27 ਆਮਰੀ ਬਾਰੇ ਹੋਰ ਗੱਲਾਂ ਅਤੇ ਜੋ ਮਹਾਨ ਕਾਰਜ ਉਸ ਨੇ ਕੀਤੇ ਸਨ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ। 28 ਆਮਰੀ ਦੇ ਮਰਨ ਉਪਰੰਤ ਉਸ ਨੂੰ ਸਾਮਰਿਯਾ ਵਿੱਚ ਹੀ ਦਫ਼ਨਾਇਆ ਗਿਆ ਅਤੇ ਉਸ ਤੋਂ ਬਾਅਦ ਉਸਦਾ ਪੁੱਤਰ ਅਹਾਬ ਉੱਥੇ ਰਾਜ ਕਰਨ ਲੱਗਾ।

ਇਸਰਾਏਲ ਦਾ ਪਾਤਸ਼ਾਹ, ਅਹਾਬ

29 ਆਸਾ ਦੇ ਯਹੂਦਾਹ ਵਿੱਚ 38 ਵੇਂ ਵਰ੍ਹੇ, ਦੌਰਾਨ ਆਮਰੀ ਦਾ ਪੁੱਤਰ ਆਹਾਬ ਇਸਰਾਏਲ ਦਾ ਪਾਤਸ਼ਾਹ ਬਣਿਆ। ਅਹਾਬ ਨੇ ਇਸਰਾਏਲ ਉੱਤੇ ਸਾਮਰਿਯਾ ਤੋਂ 22 ਸਾਲ ਰਾਜ ਕੀਤਾ। 30 ਆਮਰੀ ਦੇ ਪੁੱਤਰ ਅਹਾਬ ਨੇ ਯਹੋਵਾਹ ਦੇ ਖਿਲਾਫ਼, ਆਪਣੇ ਪਹਿਲਿਆਂ ਨਾਲੋਂ ਵੱਧ ਬਦੀ ਕੀਤੀ। 31 ਅਹਾਬ ਲਈ ਉਹੀ ਪਾਪ ਕਰਨੇ ਕਾਫ਼ੀ ਨਹੀਂ ਸਨ ਜਿਹੜੇ ਨਾਬਾਟ ਦੇ ਪੁੱਤਰ ਯਾਰਾਬੁਆਮ ਨੇ ਕੀਤੇ ਸਨ ਇਸ ਲਈ ਉਸ ਨੇ ਸਿਦੋਨ ਦੇ ਰਾਜੇ ਏਥਬਾਲ ਦੀ ਧੀ,ਈਜ਼ਬਲ ਨਾਲ ਵਿਆਹ ਕੀਤਾ, ਅਤੇ ਉਸ ਨੇ ਬਾਅਲ ਦੀ ਸੇਵਾ ਕੀਤੀ ਅਤੇ ਉਸ ਦੀ ਉਪਾਸਨਾ ਕੀਤੀ। 32 ਅਤੇ ਅਹਾਬ ਨੇ ਬਆਲ ਦੀ ਉਪਾਸਨਾ ਕਰਨ ਲਈ ਸਾਮਰਿਯਾ ਵਿੱਚ ਇੱਕ ਉਪਾਸਨਾ ਅਸਥਾਨ ਬਣਵਾਇਆ ਅਤੇ ਉਸ ਮੰਦਰ ਵਿੱਚ ਇੱਕ ਜਗਵੇਦੀ ਰੱਖੀ। 33 ਅਤੇ ਅਹਾਬ ਨੇ ਇੱਕ ਥੰਮ ਬਣਵਾਇਆ। ਇਉਂ ਅਹਾਬ ਨੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੂੰ ਉਨ੍ਹਾਂ ਸਾਰਿਆਂ ਇਸਰਾਏਲੀ ਰਾਜਿਆਂ ਨਾਲੋਂ ਜੋ ਉਸ ਨਾਲੋਂ ਪਹਿਲੇ ਸਨ ਵੱਧੀਕ ਕ੍ਰੋਧ ਚੜ੍ਹਾਇਆ।

34 ਅਹਾਬ ਦੇ ਸਮੇਂ ਵਿੱਚ ਹੀਏਲ ਬੈਤਏਲੀ ਨੇ ਦੁਬਾਰਾ ਤੋਂ ਯਰੀਹੋ ਸ਼ਹਿਰ ਬਣਾਇਆ। ਜਦੋਂ ਹੀਏਲ ਨੇ ਉਸ ਸ਼ਹਿਰ ਤੇ ਕੰਮ ਕਰਨਾ ਸ਼ੁਰੂ ਕੀਤਾ, ਉਸਦਾ ਸਭ ਤੋਂ ਵੱਡਾ ਪੁੱਤਰ ਅਬੀਰਾਮ ਮਰ ਗਿਆ, ਅਤੇ ਉਸ ਸ਼ਹਿਰ ਦੇ ਫ਼ਾਟਕ ਬਨਾਉਣ ਸਮੇਂ ਉਸ ਦੇ ਨਿੱਕੇ ਪੁੱਤਰ ਸਗੂਬ ਦੀ ਮੌਤ ਹੋ ਗਈ। ਇਹ ਸਭ ਕੁਝ ਉਸ ਬਚਨ ਮੁਤਾਬਕ ਹੋਇਆ ਜੋ ਯਹੋਵਾਹ ਨੇ ਨੂਨ ਦੇ ਪੁੱਤਰ ਯਹੋਸ਼ੁਆ ਦੇ ਰਾਹੀਂ ਆਖਿਆ ਸੀ।

2 ਇਤਹਾਸ 17

ਯਹੂਦਾਹ ਦਾ ਪਾਤਸ਼ਾਹ ਯਹੋਸ਼ਾਫ਼ਾਟ

17 ਯਹੂਦਾਹ ਵਿੱਚ ਆਸਾ ਦੀ ਥਾਵੇਂ ਉਸਦਾ ਪੁੱਤਰ ਯਹੋਸ਼ਾਫ਼ਾਟ ਨਵਾਂ ਪਾਤਸ਼ਾਹ ਬਣਿਆ। ਉਸ ਨੇ ਯਹੂਦਾਹ ਨੂੰ ਪੱਕਿਆਂ ਕੀਤਾ ਤਾਂ ਜੋ ਉਹ ਤਗੜਾ ਹੋ ਕੇ ਇਸਰਾਏਲ ਨੂੰ ਹਰਾ ਸੱਕੇ। ਉਸ ਨੇ ਯਹੂਦਾਹ ਦੇ ਸਾਰੇ ਗੜ੍ਹਾਂ ਵਾਲੇ ਸ਼ਹਿਰਾਂ ਵਿੱਚ ਫ਼ੌਜਾਂ ਰੱਖੀਆਂ। ਉਸ ਨੇ ਯਹੂਦਾਹ ਦੇ ਦੇਸ ਵਿੱਚ ਅਤੇ ਅਫ਼ਰਾਈਮ ਦੇ ਉਨ੍ਹਾਂ ਸ਼ਹਿਰਾਂ ਵਿੱਚ ਜਿਹੜੇ ਉਸ ਦੇ ਪਿਤਾ ਆਸਾ ਨੇ ਕਬਜ਼ੇ ’ਚ ਕੀਤੇ ਸਨ ਉੱਥੇ ਗੜ੍ਹ ਬਣਾ ਦਿੱਤੇ।

ਯਹੋਵਾਹ ਯਹੋਸ਼ਾਫ਼ਾਟ ਦੇ ਨਾਲ ਸੀ ਕਿਉਂ ਕਿ ਉਸ ਨੇ ਆਪਣੀ ਜੁਆਨੀ ਵਿੱਚ ਆਪਣੇ ਪੁਰਖਿਆਂ ’ਚ ਜਿਵੇਂ ਦਾਊਦ ਨੇ ਚੰਗੇ ਕੰਮ ਕੀਤੇ ਸਨ ਇਸਨੇ ਵੀ ਕੀਤੇ। ਯਹੋਸ਼ਾਫ਼ਾਟ ਨੇ ਬਆਲਾਂ ਦੀ ਉਪਾਸਨਾ ਨਾ ਕੀਤੀ। ਸਗੋਂ ਉਹ ਆਪਣੇ ਪਿਤਾ ਪਰਮੇਸ਼ੁਰ ਦਾ ਸ਼ਰਧਾਲੂ ਬਣਿਆ। ਅਤੇ ਉਸ ਦੇ ਹੁਕਮਾਂ ਉੱਪਰ ਚਲਦਾ ਰਿਹਾ ਅਤੇ ਉਸ ਨੇ ਇਸਰਾਏਲ ਵਰਗੇ ਕੰਮ ਨਾ ਕੀਤੇ। ਯਹੋਵਾਹ ਨੇ ਉਸ ਨੂੰ ਯਹੂਦਾਹ ਦਾ ਸ਼ਕਤੀਵਾਨ ਪਾਤਸ਼ਾਹ ਬਣਾਇਆ। ਸਾਰੇ ਯਹੂਦਾਹ ਦੇ ਲੋਕ ਉਸ ਲਈ ਤੋਹਫ਼ੇ ਲਿਆਉਂਦੇ ਇਉਂ ਉਸਦੀ ਦੌਲਤ ਤੇ ਇਜ਼ਤ ਦਾ ਬਹੁਤ ਵਾਧਾ ਹੋ ਗਿਆ। ਉਹ ਪ੍ਰਸੰਨਤਾ ਨਾਲ ਪਰਮੇਸ਼ੁਰ ਦੇ ਰਾਹਾਂ ਤੇ ਚੱਲਿਆ ਅਤੇ ਇਸ ਵਿੱਚ ਗਰਵ ਮਹਿਸੂਸ ਕੀਤਾ । ਉਸ ਨੇ ਦੇਸ ਵਿੱਚੋਂ ਉਚਿਆਂ ਥਾਵਾਂ ਅਤੇ ਅਸ਼ੇਰਾਹ ਦੇ ਥੰਮਾਂ ਨੂੰ ਬਾਹਰ ਕੱਢ ਸੁੱਟਿਆ।

ਉਸ ਨੇ ਆਪਣੇ ਆਗੂਆਂ ਨੂੰ ਯਹੂਦਾਹ ਦੇ ਸ਼ਹਿਰਾਂ ਵਿੱਚ ਸਿੱਖਿਆ ਦੇਣ ਲਈ ਭੇਜਿਆ ਇਉਂ ਉਸ ਨੇ ਆਪਣੇ ਰਾਜ ਦੇ ਤੀਜੇ ਵਰ੍ਹੇ ਕੀਤਾ। ਉਹ ਆਗੂ ਬਨਹਯਿਲ, ਓਬਦਯਾਹ, ਜ਼ਕਰਯਾਹ, ਨਥਾਨਏਲ ਅਤੇ ਮੀਕਾਯਾਹ ਸਨ। ਯਹੋਸ਼ਾਫ਼ਾਟ ਨੇ ਆਗੂਆਂ ਦੇ ਨਾਲ਼ ਲੇਵੀਆਂ ਨੂੰ ਵੀ ਭੇਜਿਆ ਜਿਹੜੇ ਸ਼ਮਆਯਾਹ, ਨਥਨਯਾਹ, ਜ਼ਬਦਯਾਹ, ਅਸਾਹੇਲ, ਸ਼ਮੀਰਮੋਥ, ਯਹੋਨਾਥਾਨ, ਅਦੋਨੀਯਾਹ, ਟੋਬੀਯਾਹ ਅਤੇ ਟੋਬ-ਅਦੋਨੀਯਾਹ ਸਨ। ਇਨ੍ਹਾਂ ਦੇ ਨਾਲ ਉਸ ਨੇ ਅਲੀਸ਼ਾਮਾ ਅਤੇ ਯਹੋਰਾਮ ਜਾਜਕਾਂ ਨੂੰ ਵੀ ਭੇਜਿਆ। ਉਨ੍ਹਾਂ ਆਗੂਆਂ, ਲੇਵੀਆਂ ਅਤੇ ਜਾਜਕਾਂ ਨੇ ਯਹੂਦਾਹ ਵਿੱਚ ਉਨ੍ਹਾਂ ਲੋਕਾਂ ਨੂੰ ਸਿੱਖਿਆ ਦਿੱਤੀ। ਪਰਮੇਸ਼ੁਰ ਦੇ ਨਿਆਂ ਦੀ ਪੋਥੀ ਉਨ੍ਹਾਂ ਦੇ ਕੋਲ ਹੁੰਦੀ ਤੇ ਇਉਂ ਯਹੂਦਾਹ ਦੇ ਨਗਰ-ਨਗਰ ਵਿੱਚ ਜਾਕੇ ਉਨ੍ਹਾਂ ਨੇ ਲੋਕਾਂ ਨੂੰ ਸਿੱਖਿਆ ਦਿੱਤੀ।

10 ਯਹੋਵਾਹ ਦਾ ਡਰ ਯਹੂਦਾਹ ਦੇ ਆਸ-ਪਾਸ ਦੇ ਸਾਰੇ ਰਾਜਾਂ ਵਿੱਚ ਛਾ ਗਿਆ। ਇਸ ਭੈਅ ਨਾਲ ਉਹ ਯਹੋਸ਼ਾਫ਼ਾਟ ਨਾਲ ਜੰਗ ਕਰਨ ਤੋਂ ਡਰਦੇ। 11 ਕੁਝ ਫ਼ਲਿਸਤੀ ਲੋਕ ਯਹੋਸ਼ਾਫ਼ਾਟ ਲਈ ਤੋਹਫ਼ੇ ਲਿਆਏ ਤੇ ਉਸਦੀ ਤਾਕਤ ਨੂੰ ਜਾਣਦੇ ਹੋਏ ਸਗੋਂ ਉਹ ਉਸ ਲਈ ਚਾਂਦੀ ਦੇ ਤੋਹਫ਼ੇ ਲੈ ਕੇ ਆਏ। ਅਰਬ ਦੇ ਲੋਕ ਉਸ ਕੋਲ ਨਜ਼ਰਾਨੇ ਵਿੱਚ ਇੱਜੜ ਲਿਆਏ ਜਿਸ ਵਿੱਚ 7,700 ਭੇਡਾਂ ਅਤੇ 7,700 ਬੱਕਰੀਆਂ ਸਨ।

12 ਇਉਂ ਯਹੋਸ਼ਾਫ਼ਾਟ ਦਿਨੋ-ਦਿਨ ਸ਼ਕਤੀਸ਼ਾਲੀ ਹੁੰਦਾ ਗਿਆ ਤੇ ਉਸ ਨੇ ਯਹੂਦਾਹ ਦੇਸ ਵਿੱਚ ਗੜ੍ਹ ਅਤੇ ਗੋਦਾਮ ਬਣਵਾਏ। 13 ਅਤੇ ਗੁਦਾਮਾਂ ਵਾਲੇ ਸ਼ਹਿਰਾਂ ਵਿੱਚ ਉਸ ਨੇ ਭੰਡਾਰ ਰੱਖੇ ਅਤੇ ਯਰੂਸ਼ਲਮ ਵਿੱਚ ਉਸ ਨੇ ਸੂਰਮੇ ਯੋਧੇ ਰੱਖੇ। 14 ਉਨ੍ਹਾਂ ਸਿਪਾਹੀਆਂ ਦੀ ਸੂਚੀ ਜਿਹੜੇ ਯਰੂਸ਼ਲਮ ਵਿੱਚ ਸਨ, ਉਨ੍ਹਾਂ ਦੇ ਪਰਿਵਾਰ-ਸਮੂਹਾਂ ਮੁਤਾਬਕ ਇਉਂ ਸੀ:

ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ ਜਿਹੜੇ ਸਰਦਾਰ ਸਨ, ਇਉਂ ਸਨ: ਅਦਨਾਹ 3,00,000ਸੂਰਬੀਰ ਸਿਪਾਹੀਆਂ ਦਾ ਸਰਦਾਰ ਸੀ।

15 ਦੂਜੇ ਦਰਜੇ ਤੇ ਯਹੋਹਾਨਾਨ 2,80,000 ਸਿਪਾਹੀਆਂ ਦਾ ਸਰਦਾਰ ਸੀ।

16 ਅਮਸਯਾਹ ਜੋ ਕਿ ਜ਼ਿਕਰੀ ਦਾ ਪੁੱਤਰ ਸੀ, ਉਸ ਹੇਠ 2,00,000 ਸਿਪਾਹੀ ਸਨ ਅਤੇ ਉਹ ਆਪਣੇ ਆਪ ਨੂੰ ਯਹੋਵਾਹ ਨੂੰ ਅਰਪਿਤ ਕਰਕੇ ਬੜਾ ਖੁਸ਼ ਸੀ।

17 ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਜਿਹੜੇ ਆਗੂ ਸਰਦਾਰ ਸਨ: ਅਲਯਾਦਾ ਕੋਲ 2,00,000 ਸਿਪਾਹੀ ਸਨ ਜਿਹੜੇ ਧਨੁੱਖ, ਤੀਰ, ਅਤੇ ਢਾਲਾਂ ਵਰਤਦੇ ਸਨ। ਅਲਯਾਦਾ ਖੁਦ ਵੀ ਇੱਕ ਬਹਾਦੁਰ ਸਿਪਾਹੀ ਸੀ।

18 ਯਹੋਜ਼ਾਬਾਦ ਕੋਲ 1,80,000 ਸਿਪਾਹੀ ਸਨ ਜਿਹੜੇ ਹਮੇਸ਼ਾ ਯੁੱਧ ਲਈ ਤਿਆਰ ਹੁੰਦੇ ਸਨ।

19 ਇਹ ਸਾਰੇ ਯੋਧੇ ਯਹੋਸ਼ਾਫ਼ਾਟ ਪਾਤਸ਼ਾਹ ਦੇ ਸੇਵਾਦਾਰ ਸਨ ਅਤੇ ਪਾਤਸ਼ਾਹ ਕੋਲ ਹੋਰ ਵੀ ਅਜਿਹੇ ਆਦਮੀ ਸਨ ਜਿਨ੍ਹਾਂ ਨੂੰ ਉਸ ਨੇ ਗੜ੍ਹ ਵਾਲੇ ਸ਼ਹਿਰਾਂ ਵਿੱਚ ਰੱਖਿਆ ਹੋਇਆ ਸੀ।

Punjabi Bible: Easy-to-Read Version (ERV-PA)

2010 by World Bible Translation Center