Chronological
ਸੁਲੇਮਾਨ ਦਾ ਮਹਿਲ
7 ਸੁਲੇਮਾਨ ਪਾਤਸ਼ਾਹ ਨੇ ਆਪਣੇ ਲਈ ਵੀ ਇੱਕ ਮਹਿਲ ਬਣਵਾਇਆ। ਉਸ ਦੇ ਮਹਿਲ ਨੂੰ ਪੂਰੇ ਹੋਣ ਵਿੱਚ ਤੇਰ੍ਹਾਂ ਵਰ੍ਹੇ ਲੱਗੇ। 2 ਉਸ ਨੇ ਇੱਕ ਹੋਰ ਵੀ ਇਮਾਰਤ ਬਣਵਾਈ ਜਿਸ ਨੂੰ “ਲਬਾਨੋਨ ਜੰਗਲ ਦਾ ਮਹਿਲ” ਆਖਿਆ ਜਾਂਦਾ ਸੀ। ਇਹ ਇਮਾਰਤ 100 ਹੱਥ ਮੀਟਰ ਲੰਬੀ ਅਤੇ 50 ਹੱਥ ਮੀਟਰ ਚੌੜੀ ਅਤੇ 30 ਹੱਥ ਮੀਟਰ ਉਚਾਈ ਦੀ ਸੀ। ਇਸ ਤੇ ਦਿਆਰ ਦੇ ਰੁੱਖਾਂ ਤੋਂ ਬਣੇ ਥੰਮਾਂ ਦੀਆਂ ਚਾਰ ਪਾਲਾਂ ਸਨ। ਹਰ ਥੰਮ ਦੇ ਉਪਰਲੇ ਪਾਸੇ ਇੱਕ ਦਿਆਰ ਦਾ ਤਾਜ ਸੀ। 3 ਉਨ੍ਹਾਂ ਬਾਲਿਆਂ ਨੂੰ ਉੱਪਰਲੀ ਵੱਲੋਂ ਦਿਆਰ ਨਾਲ ਕੱਜਿਆ ਗਿਆ ਜਿਹੜੇ ਪਤਲੀਆਂ ਥੰਮਾਂ ਉੱਪਰ ਸਨ ਅਤੇ ਇੱਕ-ਇੱਕ ਲਾਈਨ ਵਿੱਚ ਪੰਦਰ੍ਹਾਂ-ਪੰਦਰ੍ਹਾਂ ਸਨ। ਇਉਂ ਕੁੱਲ ਮਿਲਾ ਕੇ ਇਹ 45 ਸਨ। 4 ਤਿੰਨ ਪਾਲਾਂ ਚੁਗਾਠਾਂ ਦੀਆਂ ਸਨ ਅਤੇ ਖਿੜਕੀਆਂ ਆਹਮੋ-ਸਾਹਮਣੇ ਤਿੰਨ ਲਾਈਨਾਂ ਵਿੱਚ ਸਨ। 5 ਹਰ ਇੱਕ ਦੇ ਅਖੀਰ ਵਿੱਚ ਇਉਂ ਕੁੱਲ ਤਿੰਨ ਦਰਵਾਜ਼ੇ ਸਨ ਅਤੇ ਸਾਰੇ ਦਰਵਾਜ਼ੇ ਅਤੇ ਚੁਗਾਠਾਂ ਚੌਰਸ ਸਨ।
6 ਸੁਲੇਮਾਨ ਨੇ “ਥੰਮਾਂ ਦਾ ਵਿਹੜਾ” ਵੀ ਬਣਵਾਇਆ। ਇਹ 50 ਹੱਥ ਮੀਟਰ ਲੰਬਾ ਅਤੇ 30 ਹੱਥ ਮੀਟਰ ਚੌੜਾ ਸੀ ਅਤੇ ਇਨ੍ਹਾਂ ਥੰਮਾਂ ਉੱਪਰ ਇੱਕ ਛੱਤ ਸੀ।
7 ਉਸ ਨੇ ਸਿੰਘਾਸਣ ਲਈ ਇੱਕ ਕਮਰਾ ਬਣਵਾਇਆ ਜਿੱਥੇ ਉਸ ਨੇ ਲੋਕਾਂ ਨੂੰ ਨਿਆਂ ਦਿੱਤਾ ਅਤੇ ਇਸ ਨੂੰ “ਨਿਆਂ ਦਾ ਕਮਰਾ” ਸੱਦਿਆ। ਇਹ ਕਮਰਾ ਥੱਲਿਓਂ ਲੈ ਕੇ ਛੱਤ ਤੀਕ ਦਿਆਰ ਨਾਲ ਬਣਿਆ ਹੋਇਆ ਸੀ।
8 ਜਿਸ ਮਹਿਲ ਵਿੱਚ ਸੁਲੇਮਾਨ ਰਹਿੰਦਾ ਸੀ, ਨਿਆਂ ਦੇ ਕਮਰੇ ਦੇ ਪਿੱਛੇ ਦੂਸਰੇ ਵਿਹੜੇ ਵਿੱਚ ਸੀ। ਇਸ ਨੂੰ ਅਦਾਲਤ ਵਾਂਗ ਬਣਾਇਆ ਗਿਆ ਸੀ। ਉਸ ਨੇ ਅਜਿਹਾ ਹੀ ਮਹਿਲ ਆਪਣੀ ਪਤਨੀ, ਮਿਸਰ ਦੇ ਰਾਜੇ ਦੀ ਧੀ ਲਈ ਵੀ ਬਣਵਾਇਆ।
9 ਇਹ ਸਾਰੀਆਂ ਇਮਾਰਤਾਂ, ਅੰਦਰੋਂ ਅਤੇ ਬਾਹਰੋ ਸਮਤਲ ਕਰਕੇ, ਸਭ ਤੋਂ ਵੱਧੀਆਂ ਕਿਸਮ ਦੇ ਪੱਥਰ ਤੋਂ ਬਣਾਈਆਂ ਗਈਆਂ ਸਨ। ਇਹ ਪੱਥਰ ਅੰਦਰੋਂ ਅਤੇ ਬਾਹਰੋ ਆਰਾ ਵਰਤ ਕੇ ਸਹੀ ਮਾਪ ਅਨੁਸਾਰ ਚੀਰੇ ਗਏ ਸਨ ਇਹ ਨੀਂਹਾਂ ਤੋਂ ਲੈ ਕੇ ਕੰਧਾਂ ਦੀ ਟੀਸੀ ਤੀਕ ਇਸਤੇਮਾਲ ਕੀਤੇ ਗਏ ਸਨ। ਵਿਹੜੇ ਦੇ ਦੁਆਲੇ ਦੀ ਕੰਧ ਵੀ ਸਭ ਤੋਂ ਵੱਧੀਆ ਕਿਸਮ ਦੇ ਪੱਥਰ ਤੋਂ ਬਣੀ ਹੋਈ ਸੀ। 10 ਭਵਨ ਦੀ ਬੁਨਿਆਦ ਤੇ ਨੀਹਾਂ ਨੂੰ ਵੱਡੇ ਵੱਡੇ ਅਤੇ ਕੀਮਤੀ ਪੱਥਰਾਂ ਨਾਲ ਬਣਾਇਆ ਗਿਆ ਜਿਹੜੇ ਕਿ ਸਵਾ 10 ਹੱਥ ਲੰਬੇ ਤੇ ਕੁਝ 8 ਹੱਥ ਲੰਬੇ ਸਨ। 11 ਉਨ੍ਹਾਂ ਪੱਥਰ ਦੇ ਉੱਪਰ ਸਹੀ ਮਾਪ ਦੇ ਚੀਰੇ ਹੋਏ ਕੁਝ ਹੋਰ ਸਭ ਤੋਂ ਵੱਧੀਆ ਕਿਸਮ ਦੇ ਪੱਥਰ ਅਤੇ ਦਿਆਰ ਦੀਆਂ ਸ਼ਤੀਰੀਆਂ ਵੀ ਸਨ। 12 ਓੱਥੇ ਮਹਿਲ ਦੇ ਵਿਹੜੇ ਦੇ ਦੁਆਲੇ, ਮੰਦਰ ਦੇ ਵਿਹੜੇ ਅਤੇ ਮੰਦਰ ਦੇ ਪ੍ਰਵੇਸ਼ ਵਾਲੇ ਕਮਰੇ ਦੇ ਦੁਆਲੇ ਕੰਧਾਂ ਸਨ। ਇਹ ਕੰਧਾਂ ਪੱਥਰਾਂ ਦੀਆਂ ਤਿੰਨਾਂ ਕਤਾਰਾਂ ਅਤੇ ਦਿਆਰ ਦੀ ਲੱਕੜ ਤੋਂ ਬਣੀ ਇੱਕ ਕਤਾਰ ਦੀਆਂ ਬਣੀਆਂ ਹੋਈਆਂ ਸਨ।
13 ਸੁਲੇਮਾਨ ਨੇ ਸੂਰ ਦੇ ਹੀਰਾਮ ਨਾਮੀ ਆਦਮੀ ਨੂੰ ਇੱਕ ਸੁਨੇਹਾ ਭੇਜਿਆ ਅਤੇ ਉਸ ਨੂੰ ਯਰੂਸ਼ਲਮ ਵਿੱਚ ਲੈ ਆਂਦਾ। 14 ਉਹ ਨਫ਼ਤਾਲੀ ਪਰਿਵਾਰ-ਸਮੂਹ ਵਿੱਚੋਂ ਇੱਕ ਵਿਧਵਾ ਦਾ ਪੁੱਤਰ ਸੀ, ਅਤੇ ਉਸਦਾ ਪਿਤਾ ਸੂਰ ਤੋਂ, ਇੱਕ ਠਠਿਆਰ ਸੀ। ਉਹ ਇੱਕ ਬਹੁਤ ਚੰਗਾ ਕਾਰੀਗਰ ਸੀ ਜੋ ਕਾਂਸੇ ਦੀਆਂ ਚੀਜ਼ਾ ਬਣਾਉਂਦਾ ਸੀ। ਇਸੇ ਲਈ ਪਾਤਸ਼ਾਹ ਸੁਲੇਮਾਨ ਨੇ ਉਸ ਨੂੰ ਸੱਦਾ ਦਿੱਤਾ ਅਤੇ ਹੀਰਾਮ ਨੇ ਸੱਦਾ ਕਬੂਲ ਲਿਆ। ਸੁਲੇਮਾਨ ਨੇ ਉਸ ਨੂੰ ਕਾਂਸੇ ਦਾ ਕੰਮ ਕਰਨ ਵਾਲੇ ਸਾਰੇ ਆਦਮੀਆਂ ਦਾ ਇੰਚਾਰਜ ਬਣਾ ਦਿੱਤਾ।
15 ਹੀਰਾਮ ਨੇ ਕਾਂਸੇ ਦੇ ਦੋ ਥੰਮ ਬਣਾਏ। ਦੋਨੋ ਥੰਮ 18 ਹੱਥ ਉੱਚੇ ਅਤੇ ਘੇਰ ਵਿੱਚ 12 ਹੱਥ ਸਨ। ਥੰਮ ਖੋਖਲੇ ਸਨ ਅਤੇ ਧਾਤ ਦੀ ਮੋਟਾਈ 3 ਇੰਚ ਸੀ। 16 ਹੀਰਾਮ ਨੇ ਥੰਮਾਂ ਦੇ ਉੱਪਰ ਪਾਉਣ ਲਈ ਦੋ ਕਾਂਸੇ ਦੇ ਗੁੰਬਦ ਬਣਾਏ। ਹਰ ਇੱਕ ਦੀ ਉੱਚਾਈ 5 ਹੱਥ ਸੀ। 17 ਫ਼ੇਰ ਉਸ ਨੇ ਥੰਮਾਂ ਉੱਪਰ ਗੁੰਬਦਾਂ ਨੂੰ ਢੱਕਣ ਲਈ ਜੰਜੀਰੀਆਂ ਦੇ ਦੋ ਜਾਲ ਬਣਾਏ। ਓੱਥੇ ਹਰ ਇੱਕ ਗੁੰਬਦ ਲਈ ਸੱਤ ਜੰਜੀਰੀਆਂ ਸਨ। 18 ਫ਼ੇਰ ਉਸ ਨੇ ਸਜਾਵਟ ਦੀਆਂ ਦੋ ਕਤਾਰਾਂ ਬਣਾਈਆਂ ਜਿਹੜੀਆਂ ਅਨਾਰਾਂ ਵਰਗੀਆਂ ਦਿਖਦੀਆਂ ਸਨ। ਉਸ ਨੇ ਕਾਂਸੇ ਦੇ ਇਨ੍ਹਾਂ ਅਨਾਰਾਂ ਨੂੰ ਥੰਮਾਂ ਉੱਪਰ ਗੁਂਬਦਾਂ ਨੂੰ ਢੱਕਦੀਆਂ, ਜਾਲੀਆਂ ਉੱਤੇ ਪਾ ਦਿੱਤਾ। 19 ਪੰਜ ਹੱਥ ਉੱਚੇ ਥੰਮਾਂ ਉੱਪਰ ਪਾਏ ਗੁਂਬਦ, ਫੁੱਲਾਂ ਦੇ ਅਕਾਰ ਦੇ ਸਨ। 20 ਥੰਮਾਂ ਦੇ ਗੁੰਬਦ ਉੱਪਰ ਵੱਲ ਉਭਾਰ ਤਾਈਂ ਵੱਧਾਏ ਗਏ ਸਨ ਜੋ ਕਿ ਜੰਜੀਰੀਆਂ ਦੀ ਜਾਲੀ ਦੇ ਪਾਸੇ ਤੇ ਸੀ। ਦੋ ਗੁੰਬਦਾਂ ਦੇ ਆਲੇ-ਦੁਆਲੇ ਦੀਆਂ ਕਤਾਰਾਂ ਵਿੱਚ 200 ਅਨਾਰ ਸਨ। 21 ਹੀਰਾਮ ਨੇ ਇਨ੍ਹਾਂ ਥੰਮਾਂ ਨੂੰ ਮੰਦਰ ਦੇ ਵਰਾਂਡੇ ਕੋਲ ਟਿਕਾ ਦਿੱਤਾ। ਇੱਕ ਥੰਮ ਸੱਜੇ ਪਾਸੇ ਟਿਕਾਇਆ ਅਤੇ ਉਸਦਾ ਨਾਉਂ ਯਾਕੀਨ ਰੱਖਿਆ ਅਤੇ ਦੂਜਾ ਥੰਮ ਖੱਬੇ ਪਾਸੇ ਟਿਕਾਇਆ ਅਤੇ ਉਸਦਾ ਨਾਉਂ ਬੋਅਜ਼ ਰੱਖਿਆ। 22 ਉੱਸਨੇ ਫੁੱਲਾਂ ਦੇ ਅਕਾਰ ਦੇ ਗੁੰਬਦ ਥੰਮਾਂ ਦੇ ਉੱਪਰ ਪਾ ਦਿੱਤੇ। ਇਉ, ਦੋ ਥੰਮਾਂ ਦਾ ਕੰਮ ਸੰਪੂਰਨ ਹੋਇਆ।
23 ਫ਼ੇਰ ਹੀਰਾਮ ਨੇ ਕਾਂਸੇ ਦਾ ਇੱਕ ਗੋਲ ਹੌਦ ਬਣਾਇਆ ਜੋ “ਸਾਗਰ” ਕਹਾਉਂਦਾ ਸੀ। ਇਹ ਹੌਦ ਘੇਰੇ ਵਿੱਚ 30 ਹੱਥ, ਵਿਆਸ ਵਿੱਚ 10 ਹੱਥ ਅਤੇ 5 ਹੱਥ ਡੂੰਘਾ ਸੀ। 24 ਹੌਁਦ ਦੇ ਦੁਆਲੇ, ਇਸਦੇ ਰਿਂਮ ਦੇ ਹੇਠਾਂ ਕਾਂਸੇ ਦੇ ਗੋਲੇ ਸਨ। ਗੋਲੇ ਇੱਕੋ ਜਿਹੇ ਬਣਾਕੇ ਹੌਦ ਦੇ ਆਲੇ- ਦੁਆਲੇ ਵਿਛਾਏ ਹੋਏ ਸਨ ਅਤੇ ਦੋ ਕਤਾਰਾਂ ਵਿੱਚ ਸਨ। 25 ਹੌਦ ਕਾਂਸੇ ਦੇ 12 ਬਲਦਾਂ ਉੱਤੇ ਟਿਕਿਆ ਹੋਇਆ ਸੀ। ਤਿੰਨਾਂ ਬਲਦਾਂ ਦੇ ਚਿਹਰੇ ਉੱਤਰ ਵੱਲ, ਤਿੰਨਾਂ ਦੇ ਚਿਹਰੇ ਪੂਰਬ ਵੱਲ, ਤਿਨਾਂ ਦੇ ਚਿਹਰੇ ਦੱਖਣ ਵੱਲ ਅਤੇ ਤਿੰਨਾਂ ਦੇ ਚਿਹਰੇ ਪੱਛਮ ਵੱਲ ਸਨ, ਇਨ੍ਹਾਂ ਦੇ ਲੱਕ ਅੰਦਰਲੇ ਪਾਸੇ ਨੂੰ ਮੁੜੇ ਹੋਏ ਸਨ। 26 ਹੌਦ ਦੀ ਚਾਦਰ ਦੀ ਮੋਟਾਈ 3 ਇੰਚ ਸੀ ਅਤੇ ਉਸ ਦੇ ਕੰਢੇ ਕਟੋਰੇ ਦੇ ਕੰਢਿਆਂ ਵਰਗੇ ਜਾਂ ਫੁੱਲਾਂ ਦੀ ਪੱਤੀਆਂ ਦੇ ਆਕਾਰ ਦੇ ਘੜੇ ਹੋਏ ਸਨ ਅਤੇ ਇਸ ਹੌਦ ਵਿੱਚ 11,000 ਗੇਲਣ ਪਾਣੀ ਸਮਾ ਜਾਂਦਾ ਸੀ।
27 ਫ਼ੇਰ ਹੀਰਾਮ ਨੇ 10 ਕਾਂਸੇ ਦੇ ਗੱਡੇ ਬਣਾਏ। ਹਰ ਗੱਡਾ 4 ਹੱਥ ਲੰਬਾ, 4 ਹੱਥ ਚੌੜਾ ਅਤੇ 3 ਹੱਥ ਉੱਚਾ ਸੀ। 28 ਇਹ ਗੱਡੇ ਫ਼ਰੇਮਾਂ ’ਚ ਜੜੇ ਫੱਟਿਆਂ ਤੋਂ ਬਣੇ ਹੋਏ ਸਨ। 29 ਇਨ੍ਹਾਂ ਫ਼ਰੇਮਾਂ ਉੱਪਰ ਸ਼ੇਰ, ਬਲਦ ਅਤੇ ਕਰੂਬੀ ਫ਼ਰਿਸ਼ਤੇ ਬਣੇ ਹੋਏ ਸਨ। ਇਨ੍ਹਾਂ ਸ਼ੇਰਾਂ ਤੇ ਬਲਦਾਂ ਦੇ ਉੱਪਰ ਤੇ ਥੱਲੇ, ਕਾਂਸੇ ਦੇ ਫ਼ੁੱਲ ਠੋਕ ਕੇ ਲਗਾਏ ਗਏ ਸਨ। 30 ਹਰ ਗੱਡੇ ਦੇ ਕਾਂਸੇ ਦੇ ਧੁਰਾਂ ਉੱਤੇ ਕਾਂਸੇ ਦੇ 4 ਪਹੀਏ ਸਨ ਕਿਨਾਰਿਆਂ ਤੇ ਕਟੋਰੇ ਲਈ ਸਹਾਰੇ ਸਨ। ਇਨ੍ਹਾਂ ਸਾਰਿਆਂ ਉੱਪਰ ਫੁੱਲ ਕਾਂਸੇ ਵਿੱਚ ਠੋਕੇ ਹੋਏ ਸਨ। 31 ਕਟੋਰੇ ਲਈ, ਇੱਕ ਫ਼ਰੇਮ ਬਣਾਇਆ ਗਿਆ ਸੀ। ਇਹ ਕਟੋਰੇ ਉੱਤੇ 1 ਹੱਥ ਤਾਈਂ ਸੀ। ਕਟੋਰੇ ਦਾ ਪ੍ਰਵੇਸ਼ ਗੋਲ ਸੀ, ਅਤੇ ਇਸਦਾ ਵਿਆਸ ਡੇਢ ਹੱਥ ਸੀ ਅਤੇ ਫ਼ਰੇਮ ਉੱਪਰ ਕਾਂਸੇ ਦੇ ਫੁੱਲ ਉਕਰੇ ਹੋਏ ਸਨ। ਇਹ ਫ਼ਰੇਮ ਗੋਲ ਨਾ ਹੋਕੇ ਚੌਰਸ ਸੀ। 32 ਫ਼ਰੇਮ ਦੇ ਥੱਲੇ ਚਾਰ ਪਹੀਏ ਸਨ। ਇਹ ਪਹੀਏ ਵਿਆਸ ਵਿੱਚ ਡੇਢ ਹੱਥ ਸਨ। ਪਹੀਆਂ ਦੇ ਧੁਰੇ ਗੱਡੇ ਵਿੱਚ ਲੱਗੇ ਹੋਏ ਸਨ। 33 ਪਹੀਏ ਰੱਥ ਦੇ ਪਹੀਆਂ ਵਰਗੇ ਸਨ। ਪਹੀਆਂ ਦਾ ਹਰ ਹਿੱਸਾ, ਉਨ੍ਹਾਂ ਦੇ ਧੁਰੇ, ਤਾਰਾਂ, ਚੱਕੇ ਅਤੇ ਹੱਥਾਂ ਕਾਂਸੇ ਦੀਆਂ ਬਣੀਆਂ ਹੋਈਆਂ ਸਨ।
34 ਹਰ ਗੱਡੇ ਦੇ ਚਾਰੇ ਕੋਨਿਆਂ ਤੇ ਚਾਰ ਆਸਰੇ ਸਨ ਜੋ ਕਿ ਗੱਡੇ ਨਾਲ ਇੱਕੋ ਹੀ ਟੁਕੜੇ ਵਿੱਚ ਬਣੇ ਹੋਏ ਸਨ। 35 ਹਰ ਗੱਡੇ ਦੇ ਉੱਪਰਲੇ ਪਾਸੇ ਇੱਕ ਕਾਂਸੇ ਦੀ ਅੱਧ ਹੱਥ ਉੱਚੀ ਪੱਟੀ ਸੀ। 36 ਗੱਡੇ ਦੀ ਬਾਡੀ ਅਤੇ ਫ਼ਰੇਮ ਤੇ ਕਰੂਬੀ ਫ਼ਰਿਸ਼ਤੇ, ਸ਼ੇਰ ਅਤੇ ਖਜੂਰ ਦੇ ਰੁੱਖ ਕਾਂਸੇ ਵਿੱਚ ਉਕਰੇ ਹੋਏ ਸਨ। ਇਹ ਮੀਨਾਕਾਰੀ ਜਿੱਥੇ ਵੀ ਗੱਡੇ ਤੇ ਜਗ੍ਹਾ ਸੀ ਕੀਤੀ ਗਈ ਸੀ ਅਤੇ ਗੱਡੇ ਦੇ ਦੁਆਲੇ ਫ਼ੁੱਲ ਉਕਰੇ ਹੋਏ ਸਨ। 37 ਹੀਰਾਮ ਨੇ ਦਸ ਗੱਡੇ ਬਣਾਏ, ਉਹ ਸਾਰੇ ਕਾਂਸੇ ਵਿੱਚ ਢਾਲੇ ਗਏ ਸਨ। ਇਹ ਦਸੇ ਗੱਡੇ ਇੱਕੋ ਅਕਾਰ ਅਤੇ ਨਾਪ ਦੇ ਸਨ।
38 ਹੀਰਾਮ ਨੇ ਕਾਂਸੇ ਦੇ ਦਸ ਕਟੋਰੇ ਬਣਾਏ। ਹਰ ਕਟੋਰਾ ਵਿਆਸ ਵਿੱਚ 4 ਹੱਥ ਸੀ ਅਤੇ 230 ਗੇਲਿਨਾਂ ਦੀ ਸਮਰੱਥਾ ਸੀ। 39 ਹੀਰਾਮ ਨੇ ਪੰਜ ਗੱਡੇ ਮੰਦਰ ਦੇ ਦੱਖਣੀ ਪਾਸੇ ਵੱਲ ਰੱਖੇ ਅਤੇ ਦੂਜੇ ਪੰਜ ਗੱਡੇ ਮੰਦਰ ਦੀ ਉੱਤਰ ਦਿਸ਼ਾ ਵੱਲ। ਉਸ ਨੇ ਵੱਡਾ ਤਲਾਅ ਮੰਦਰ ਦੇ ਦੱਖਣੀ ਪੂਰਬੀ ਕੰਢੇ ਵੱਲ ਰੱਖਿਆ। 40-45 ਇਸ ਦੇ ਇਲਾਵਾ ਹੀਰਾਮ ਨੇ ਹੌਦੀਆਂ, ਬਾਟੀਆਂ ਅਤੇ ਕੜਛੇ ਬਣਾਏ ਅਤੇ ਹੀਰਾਮ ਨੇ ਉਹ ਸਾਰਾ ਕੰਮ ਕੀਤਾ ਜਿਹੜਾ ਉਸ ਨੇ ਯਹੋਵਾਹ ਦੇ ਭਵਨ ਉੱਤੇ ਸੁਲੇਮਾਨ ਪਾਤਸ਼ਾਹ ਲਈ ਬਣਾਇਆ ਸੀ ਸੰਪੂਰਨ ਕੀਤਾ।
ਥੰਮਾਂ ਦੇ ਉੱਪਰ ਰੱਖਣ ਲਈ
ਕੌਲਿਆਂ ਦੇ ਅਕਾਰ ਦੇ ਦੋ ਗੁੰਬਦ ਅਤੇ ਦੋ ਥੰਮ,
ਗੁੰਬਦਾਂ ਦੇ ਦੁਆਲੇ ਪਾਉਣ ਲਈ ਦੋ ਜਾਲੀਆਂ।
ਦੋ ਜਾਲੀਆਂ ਲਈ 400 ਅਨਾਰ।
ਥੰਮਾਂ ਦੇ ਉੱਪਰ ਗੁੰਬਦਾਂ ਲਈ ਦੋ ਕੌਲਿਆਂ ਨੂੰ ਢੱਕਣ ਲਈ ਉੱਥੇ ਅਨਾਰਾਂ ਦੀਆਂ ਦੋ ਕਤਾਰਾਂ ਸਨ।
ਦਸ ਗੱਡੇ ਅਤੇ ਹਰ ਗੱਡੇ ਦੇ ਉੱਪਰ ਪਾਸੇ ਇੱਕ ਹੌਦ।
ਇੱਕ ਵੱਡਾ ਤਲਾਅ ਅਤੇ ਉਸ ਦੇ ਥੱਲੇ 12 ਬਲਦ।
ਭਾਂਡੇ, ਛੋਟੇ ਕੜਛੇ, ਛੋਟੇ ਕੌਲੇ ਅਤੇ ਯਹੋਵਾਹ ਦੇ ਮੰਦਰ ਲਈ ਬਾਕੀ ਸਾਰੇ ਭਾਂਡੇ।
ਇਹ ਸਾਰੇ ਮਾਂਜੇ ਹੋਏ ਕਾਂਸੇ ਤੋਂ ਬਣੇ ਸਨ। 46-47 ਸੁਲੇਮਾਨ ਨੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਬਨਾਉਣ ਲਈ ਵਰਤੇ ਗਏ ਕਾਂਸੇ ਦਾ ਵਜਨ ਨਾ ਕੀਤਾ ਕਿਉਂ ਕਿ ਇਹ ਇੰਨੀ ਵੱਡੀ ਮਾਤਰਾ ਵਿੱਚ ਸੀ ਕਿ ਇਸਦਾ ਵਜਨ ਕਰਨਾ ਅਸੰਭਵ ਸੀ। ਇਸ ਲਈ ਇਹ ਕਦੇ ਨਾ ਪਤਾ ਲੱਗ ਸੱਕਿਆ ਕਿ ਕਿੰਨਾਂ ਕਾਂਸਾ ਇਸਤੇਮਾਲ ਕੀਤਾ ਗਿਆ ਸੀ। ਰਾਜੇ ਨੇ ਇਨ੍ਹਾਂ ਚੀਜ਼ਾਂ ਨੂੰ ਕਿਤੇ ਸੁੱਕੋਥ ਅਤੇ ਸਾਰਥਾਨ ਦੇ ਮੱਧ ਵਿੱਚ ਯਰਦਨ ਦਰਿਆ ਦੇ ਨੇੜੇ ਬਨਾਉਣ ਦਾ ਆਦੇਸ਼ ਦਿੱਤਾ ਸੀ। ਇਹ ਸਾਰੀਆਂ ਚੀਜ਼ਾਂ ਕਾਂਸੇ ਨੂੰ ਢਾਲ ਕੇ ਮਿੱਟੀ ਦੇ ਸਾਂਚਿਆਂ ਵਿੱਚ ਪਾਕੇ ਬਣਾਈਆਂ ਗਈਆਂ ਸਨ।
48-50 ਸੁਲੇਮਾਨ ਨੇ ਮੰਦਰ ਲਈ ਵੀ ਬਹੁਤ ਸਾਰੀਆਂ ਚੀਜ਼ਾ ਸੋਨੇ ਤੋਂ ਬਣਾਏ ਜਾਣ ਦਾ ਆਦੇਸ਼ ਦਿੱਤਾ। ਉਹ ਸਨ:
ਸੁਨਿਹਰੀ ਜਗਵੇਦੀ,
ਸੁਨਿਹਰੀ ਮੇਜ਼, (ਇਸ ਮੇਜ਼ ਉੱਪਰ ਪਰਮੇਸ਼ੁਰ ਨੂੰ ਭੇਟ ਕੀਤੀ ਰੋਟੀ ਰੱਖੀ ਜਾਂਦੀ ਸੀ।)
ਸ਼ੁੱਧ ਸੋਨੇ ਦੇ ਸ਼ਮਾਦਾਨ (ਇਹ ਸ਼ਮਾਦਾਨ ਅੱਤ ਪਵਿੱਤਰ ਸਥਾਨ ਵਿੱਚ ਰੱਖੇ ਗਏ, ਪੰਜ ਦੱਖਣੀ ਪਾਸੇ ਵੱਲ ਅਤੇ ਪੰਜ ਉੱਤਰੀ ਪਾਸੇ ਵੱਲ।)
ਸੁਨਿਹਰੀ ਫ਼ੁੱਲ, ਦੀਵੇ ਅਤੇ ਚਿਮਟੇ, ਭਾਂਡੇ,
ਸ਼ੁੱਧ ਸੋਨੇ ਦੇ ਕਟੋਰੇ, ਗੁਲ ਤਰਾਸ਼, ਛੋਟੀਆਂ ਕੌਲੀਆਂ, ਕੜ੍ਹਾਹੀਆਂ,
ਅਤੇ ਕੋਲੇ ਚੁੱਕਣ ਲਈ ਭਾਂਡੇ, ਅੰਦਰਲੇ ਕਮਰੇ (ਅੱਤ ਪਵਿੱਤਰ ਸਥਾਨ) ਦੇ ਦਰਵਾਜ਼ਿਆਂ
ਅਤੇ ਮੰਦਰ ਦੇ ਵੱਡੇ ਕਮਰੇ ਦੇ ਦਰਵਾਜ਼ਿਆਂ ਲਈ ਕਬਜ਼ੇ।
51 ਇਉਂ ਯਹੋਵਾਹ ਦੇ ਮੰਦਰ ਦਾ ਸਾਰਾ ਕੰਮ ਜਿਹੜਾ ਸੁਲੇਮਾਨ ਪਾਤਸ਼ਾਹ ਨੇ ਬਣਵਾਇਆ ਮੁਕੰਮਲ ਹੋਇਆ ਤਾਂ ਸੁਲੇਮਾਨ ਆਪਣੇ ਪਿਤਾ ਦਾਊਦ ਦੀਆਂ ਪਵਿੱਤਰ ਵਸਤਾਂ ਅੰਦਰ ਲਿਆਇਆ ਜਿਹੜੀਆਂ ਕਿ ਉਸ ਨੇ ਇੱਕ ਖਾਸ ਮੌਕੇ ਲਈ ਇਕੱਠੀਆਂ ਕੀਤੀਆਂ ਹੋਈਆਂ ਸੀ। ਉਸ ਨੇ ਉਨ੍ਹਾਂ ਨੂੰ ਯਹੋਵਾਹ ਦੇ ਮੰਦਰ ਦੇ ਖਜ਼ਾਨਿਆਂ ਵਿੱਚ ਰੱਖ ਦਿੱਤਾ।
ਮੰਦਰ ਲਈ ਸਮਾਨ
4 ਸੁਲੇਮਾਨ ਨੇ ਪਿੱਤਲ ਦੀ ਇੱਕ ਜਗਵੇਦੀ ਬਣਾਈ। ਉਸ ਜਗਵੇਦੀ ਦੀ ਲੰਬਾਈ 20 ਹੱਥ ਅਤੇ ਚੌੜਾਈ ਵੀ 20 ਹੱਥ ਸੀ ਤੇ ਉਸ ਦੀ ਉੱਚਾਈ 10 ਹੱਥ ਸੀ। 2 ਫ਼ਿਰ ਸੁਲੇਮਾਨ ਨੇ ਇੱਕ ਵਿਸ਼ਾਲ ਹੌਦ ਬਨਾਉਣ ਲਈ ਢਾਲਿਆ ਹੋਇਆ ਪਿੱਤਲ ਵਰਤਿਆ ਅਤੇ ਉਸ ਤਲਾਅ ਦਾ ਜੋ ਕਿ ਗੋਲ ਸੀ ਉਸਦਾ ਘੇਰਾ 10 ਹੱਥ ਸੀ। ਉਸਦੀ ਉਚਾਈ 5 ਹੱਥ ਅਤੇ ਘੇਰੇ ਦੀ ਮਿਣਤੀ 30 ਹੱਥ ਸੀ। 3 ਕਾਂਸੇ ਦੇ ਵੱਡੇ ਹੌਦ ਦੇ ਰਿੰਮ ਹੇਠਾਂ ਬਲਦਾਂ ਦੀਆਂ ਮੂਰਤਾਂ ਘੜੀਆਂ ਗਈਆਂ ਸਨ। ਜਿਨ੍ਹਾਂ ਨੂੰ ਦੋ ਕਤਾਰਾਂ ਵਿੱਚ ਰੱਖਿਆ ਗਿਆ ਸੀ ਅਤੇ ਜਿਨ੍ਹਾਂ ਨੇ ਹੌਦ ਨੂੰ ਘੇਰਿਆ ਹੋਇਆ ਸੀ। ਇਨ੍ਹਾਂ ਬਲਦਾਂ ਨੂੰ ਵੀ ਉਸੇ ਥਾਵੇਂ ਘੜਿਆ ਗਿਆ ਸੀ ਜਦੋਂ ਹੌਦ ਨੂੰ ਅਕਾਰ ਦਿੱਤਾ ਗਿਆ ਸੀ। 4 ਇਹ ਵੱਡਾ ਹੌਦ12 ਬਲਦਾਂ ਜੋ ਕਿ ਅਕਾਰ ਵਿੱਚ ਬੜੇ ਵੱਡੇ ਸਨ, ਉਨ੍ਹਾਂ ਉੱਪਰ ਰੱਖਿਆ ਗਿਆ। ਉੱਨ੍ਹਾਂ ਵਿੱਚੋਂ 3 ਬਲਦਾਂ ਦੇ ਮੂੰਹ ਉੱਤਰ ਦਿਸ਼ਾ ਵੱਲ, ਅਤੇ ਤਿੰਨਾਂ ਦੇ ਮੂੰਹ ਪੱਛਮ ਵੱਲ ਸਨ। ਤਿੰਨ ਬਲਦਾਂ ਦੇ ਮੂੰਹ ਦੱਖਣ ਦਿਸ਼ਾ ਵੱਲ ਤੇ ਬਾਕੀ ਦੇ ਤਿੰਨ ਬਲਦਾਂ ਦੇ ਮੁੱਖ ਪੂਰਬ ਵੱਲ ਨੂੰ ਸਨ। ਤੇ ਇਹ ਵੱਡਾ ਸਾਰਾ ਪਿੱਤਲ ਦਾ ਹੌਦ ਇਨ੍ਹਾਂ ਬਲਦਾਂ ਦੇ ਉੱਪਰ ਟਿਕਿਆ ਹੋਇਆ ਸੀ। ਇਨ੍ਹਾਂ ਸਾਰੇ ਬਲਦਾਂ ਦੇ ਪਿੱਛਲੇ ਅੰਗ ਅਤੇ ਹਿੱਸੇ ਅੰਦਰਲੇ ਪਾਸੇ ਸਨ। 5 ਵੱਡੇ ਹੌਦ ਦੀ ਮੋਟਾਈ ਤਿੰਨ ਇੰਚ ਸੀ ਅਤੇ ਉਸਦਾ ਕੰਢਾ ਪਿਆਲੇ ਦੇ ਕੰਢੇ ਵਰਗਾ ਸੀ, ਜੋ ਕੁਮਦਿਨੀ ਵਰਗਾ ਲੱਗਦਾ ਸੀ। ਇਸ ਵਿੱਚ 17,500 ਗੈਲਨ ਪਾਣੀ ਪਾਇਆ ਜਾ ਸੱਕਦਾ ਸੀ।
6 ਸੁਲੇਮਾਨ ਨੇ 10 ਹੌਦੀਆਂ ਬਣਵਾਈਆਂ ਜਿਹੜੀਆਂ ਕਿ ਪੰਜ-ਪੰਜ ਵੱਡੇ ਪਿੱਤਲ ਦੇ ਹੌਦ ਦੇ ਖੱਬੇ ਅਤੇ ਸੱਜੇ ਪਾਸੇ ਰੱਖੀਆਂ ਗਈਆਂ। ਇਹ 10 ਹੌਦੀਆਂ ਹੋਮ ਦੀਆਂ ਭੇਟਾਂ ਦੀਆਂ ਵਸਤਾਂ ਨੂੰ ਧੋਣ ਲਈ ਵਰਤੀਆਂ ਜਾਂਦੀਆਂ ਸਨ। ਪਰ ਵੱਡਾ ਪਿੱਤਲ ਦਾ ਤਲਾਅਨੁਮਾ ਹੌਦ ਬਲੀ ਭੇਂਟ ਤੋਂ ਪਹਿਲਾਂ ਅਸ਼ਨਾਨ ਲਈ ਵਰਤਿਆ ਜਾਂਦਾ ਸੀ।
7 ਸੁਲੇਮਾਨ ਨੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਦਸ ਸ਼ਮਾਦਾਨ ਬਣਵਾਏ ਅਤੇ ਉਸ ਨੇ ਇਨ੍ਹਾਂ ਸ਼ਮਾਦਾਨਾਂ ਨੂੰ ਮੰਦਰ ਵਿੱਚ ਰੱਖਵਾ ਦਿੱਤਾ। ਪੰਜ ਸ਼ਮਾਦਾਨ ਖੱਬੇ ਪਾਸੇ ਅਤੇ ਬਾਕੀ ਦੇ ਪੰਜ ਮੰਦਰ ਦੇ ਸੱਜੇ ਪਾਸੇ ਰੱਖੇ ਗਏ ਸਨ। 8 ਉਸ ਨੇ 10 ਮੇਜ਼ਾਂ ਬਣਵਾ ਕੇ ਵੀ ਮੰਦਰ ਅੰਦਰ ਰੱਖੀਆਂ ਜਿਹੜੀਆਂ ਕਿ ਮੰਦਰ ਦੇ ਸੱਜੇ-ਖੱਬੇ ਪੰਜ-ਪੰਜ ਰੱਖੀਆਂ ਗਈਆਂ ਅਤੇ 100 ਹੌਦੀਆਂ ਬਨਵਾਉਣ ਲਈ ਉਸ ਨੇ ਸੋਨਾ ਵਰਤਿਆ। 9 ਸੁਲੇਮਾਨ ਨੇ ਜਾਜਕਾਂ ਲਈ ਵਲਗਣ ਅਤੇ ਵਿਹੜੇ ਬਣਵਾਏ ਅਤੇ ਉਨ੍ਹਾਂ ਦੇ ਦਰਵਾਜ਼ਿਆਂ ਨੂੰ ਕਾਂਸੇ ਨਾਲ ਢੱਕ ਦਿੱਤਾ। 10 ਫ਼ਿਰ ਉਸ ਨੇ ਵੱਡੇ ਪਿੱਤਲ ਦੇ ਹੌਦ ਨੂੰ ਪੂਰਬ ਵੱਲ ਮੰਦਰ ਦੇ ਸੱਜੇ ਪਾਸੇ ਦੱਖਣ ਵਾਲੇ ਘੁਮਾ ਕੇ ਰੱਖਿਆ।
11 ਹੂਰਾਮ ਨੇ ਭਾਂਡੇ, ਬੇਲਚੇ ਅਤੇ ਹੌਦੀਆਂ ਬਣਾਈਆਂ। ਫ਼ਿਰ ਹੂਰਾਮ ਨੇ ਉਹ ਕੰਮ ਖਤਮ ਕੀਤਾ ਜੋ ਉਹ ਸੁਲੇਮਾਨ ਲਈ ਪਰਮੇਸ਼ੁਰ ਦੇ ਮੰਦਰ ਲਈ ਕਰਦਾ ਸੀ।
12 ਹੂਰਾਮ ਨੇ ਦੋ ਥੰਮ ਅਤੇ ਉਨ੍ਹਾਂ ਥੰਮਾਂ ਦੇ ਉੱਪਰ ਦੋ ਵੱਡੇ ਮੁਕਟਨੁਮਾ ਕਟੋਰੇ ਬਣਾਏ ਸਨ। ਇਹੀ ਨਹੀਂ ਸਗੋਂ ਉਸ ਨੇ ਦੋ ਸਜਾਵਟੀ ਜਾਲੀਆਂ, ਜਿਹੜੀਆਂ ਕਿ ਉਨ੍ਹਾਂ ਥੰਮਾਂ ਦੇ ਮੁਕਟਾਂ ਨੂੰ ਕੱਜਦੀਆਂ ਸਨ, ਵੀ ਬਣਾਈਆਂ। 13 ਹੂਰਾਮ ਨੇ ਉਨ੍ਹਾਂ ਦੋ ਸਜਾਵਟੀ ਜਾਲੀਆਂ ਲਈ ਵੀ 400 ਅਨਾਰ ਬਣਵਾਏ। ਹਰ ਜਾਲੀ ਲਈ ਦੋ ਕਤਾਰਾਂ ਸਨ ਜਿਨ੍ਹਾਂ ਵਿੱਚ ਅਨਾਰ ਜੜੇ ਗਏ ਸਨ ਅਤੇ ਇਹ ਜਾਲੀਆਂ ਖੰਭਿਆਂ ਦੇ ਉਪਰਲੇ ਮੁਕਟਾਂ ਨੂੰ ਕੱਜਦੀਆਂ ਸਨ। 14 ਹੂਰਾਮ ਨੇ ਬੜੇ ਅਤੇ ਉਨ੍ਹਾਂ ਉੱਪਰ ਟਿਕਾਉਣ ਵਾਲੇ ਕਟੋਰੇ ਵੀ ਬਣਾਏ। 15 ਹੂਰਾਮ ਨੇ ਇੱਕ ਵੱਡਾ ਪਿੱਤਲ ਦਾ ਹੌਦ ਵੀ ਬਣਾਇਆ ਅਤੇ ਉਸ ਦੇ ਥੱਲੇ ਟਿਕਾਅ ਲਈ 12 ਬਲਦ ਵੀ ਬਣਾਏ। 16 ਉਸ ਨੇ ਭਾਂਡੇ, ਬੇਲਚੇ, ਚਮਚੇ ਅਤੇ ਹੋਰ ਕਈ ਅਜਿਹੀਆਂ ਵਸਤਾਂ ਸੁਲੇਮਾਨ ਪਾਤਸ਼ਾਹ ਲਈ ਯਹੋਵਾਹ ਦੇ ਮੰਦਰ ਲਈ ਬਣਾਈਆਂ।
ਇਹ ਸਭ ਵਸਤਾਂ ਚਮਕਦੇ ਪਿੱਤਲ ਦੀਆਂ ਬਣਾਈਆਂ ਗਈਆਂ। 17 ਪਹਿਲਾਂ ਸੁਲੇਮਾਨ ਪਾਤਸ਼ਾਹ ਨੇ ਇਨ੍ਹਾਂ ਵਸਤਾਂ ਨੂੰ ਚੀਕਣੀ ਮਿੱਟੀ ਦੇ ਸਾਂਚਿਆਂ ’ਚ ਪਾਇਆ। ਇਹ ਸਾਂਚੇ ਯਰਦਨ ਦੀ ਵਾਦੀ ਵਿੱਚ ਤਿਆਰ ਕੀਤੇ ਗਏ ਜੋ ਕਿ ਸੁਕੋਥ ਅਤੇ ਸਰੇਦਾਥਾਹ ਦੇ ਵਿੱਚਕਾਰ ਕਰਕੇ ਹੈ। 18 ਸੁਲੇਮਾਨ ਪਾਤਸ਼ਾਹ ਨੇ ਇੰਨੀ ਤਾਦਾਤ ਵਿੱਚ ਇਹ ਸਭ ਕੁਝ ਬਣਵਾਇਆ ਕਿ ਕੋਈ ਵੀ ਮਨੁੱਖ ਇਸ ਪਿੱਤਲ ਨੂੰ ਤੋਲ ਨਹੀਂ ਸੀ ਸੱਕਦਾ।
19 ਸੁਲੇਮਾਨ ਨੇ ਪਰਮੇਸ਼ੁਰ ਦੇ ਮੰਦਰ ਲਈ ਵੀ ਬੜਾ ਕੁਝ ਬਣਵਾਇਆ। ਉਸ ਨੇ ਸੋਨੇ ਦੀ ਜਗਵੇਦੀ ਬਣਵਾਈ। ਜਿਨ੍ਹਾਂ ਮੇਜ਼ਾਂ ਉੱਪਰ ਹਜ਼ੂਰੀ ਰੋਟੀ ਹੁੰਦੀ ਸੀ, ਉਹ ਵੀ ਬਣਵਾਈਆਂ। 20 ਉਸ ਨੇ ਸ਼ੁੱਧ ਸੋਨੇ ਦੇ ਸ਼ਮਾਦਾਨ ਅਤੇ ਦੀਵੇ ਵੀ ਬਣਵਾਏ ਤਾਂ ਜੋ ਉਹ ਰੀਤ ਮੁਤਾਬਕ ਪਵਿੱਤਰ ਅਸਥਾਨ ਦੇ ਅੱਗੇ ਬਲਦੇ ਰਹਿਣ। 21 ਸੁਲੇਮਾਨ ਨੇ ਫ਼ੁੱਲ, ਦੀਵੇ ਅਤੇ ਚਿਮਟੇ ਆਦਿ ਬਨਵਾਉਣ ਲਈ ਸ਼ੁੱਧ ਸੋਨਾ ਵਰਤਿਆ। 22 ਉਸ ਨੇ ਗੁਲਤਰਾਸ਼ [a] ਅਤੇ ਪਰਾਤਾਂ, ਕਟੋਰੀਆਂ ਅਤੇ ਧੂਫ਼ਦਾਨ ਸਭ ਸ਼ੁੱਧ ਸੋਨੇ ਦੇ ਬਣਵਾਏ। ਉਸ ਨੇ ਮੰਦਰ ਦੇ ਦਰਵਾਜ਼ਿਆਂ ਉੱਪਰ, ਅੱਤ ਪਵਿੱਤਰ ਸਥਾਨ ਦੇ ਅੰਦਰਲੇ ਦਰਵਾਜਿਆਂ ਉੱਪਰ ਅਤੇ ਮੁੱਖ ਵੰਡੇ ਕਮਰੇ ਦੇ ਦਰਵਾਜਿਆਂ ਉੱਪਰ ਵੀ ਸੌਨਾ ਚੜ੍ਹਾਇਆ।
2010 by World Bible Translation Center