Book of Common Prayer
ਦਾਊਦ ਦਾ ਇੱਕ ਗੀਤ।
23 ਯਹੋਵਾਹ ਮੇਰਾ ਆਜੜੀ ਹੈ,
ਮੈਨੂੰ ਕਦੇ ਵੀ ਕਿਸੇ ਚੀਜ਼ ਦੀ ਕੋਈ ਤੋਂਟ ਨਹੀਂ ਆਵੇਗੀ।
2 ਉਹ ਮੈਨੂੰ ਹਰਿਆਂ ਖੇਤਾਂ ਵਿੱਚ ਬੈਠ ਜਾਣ ਦਿੰਦਾ ਹੈ।
ਉਹ ਪਾਣੀ ਦੇ ਸ਼ਾਂਤ ਤਲਾਵਾਂ ਦੇ ਪਾਸੀਂ ਮੇਰੀ ਅਗਵਾਈ ਕਰਦਾ ਹੈ।
3 ਉਹ ਆਪਣੇ ਨਾਂ ਦੇ ਚੰਗੇ ਲਈ, ਮੇਰੀ ਰੂਹ ਨੂੰ ਤਾਜ਼ੀ ਊਰਜਾ ਦਿੰਦਾ ਹੈ।
ਇਹ ਦਰਸਾਉਣ ਲਈ ਕਿ ਉਹ ਸੱਚਮੁੱਚ ਚੰਗਾ ਹੈ ਉਹ ਚੰਗਿਆਈ ਦੇ ਰਾਹਾਂ ਤੇ ਮੇਰੀ ਅਗਵਾਈ ਕਰਦਾ ਹੈ।
4 ਜੇ ਕਿਤੇ ਮੈਂ ਕਿਸੇ ਵਾਦੀ ਵਿੱਚੋਂ ਦੀ ਲੰਘਦਾ ਹਾਂ ਜੋ ਕਬਰ ਜਿੰਨੀ ਹਨੇਰੀ ਹੈ
ਮੈਂ ਕਿਸੇ ਖਤਰੇ ਤੋਂ ਨਹੀਂ ਡਰਾਂਗਾ।
ਕਿਉਂਕਿ ਹੇ ਯਹੋਵਾਹ, ਤੂੰ ਮੇਰੇ ਨਾਲ ਹੈਂ
ਅਤੇ ਤੇਰੀ ਸਲਾਖ ਤੇ ਡਾਂਗ ਮੈਨੂੰ ਆਰਾਮ ਦਿੰਦੀਆਂ ਹਨ।
5 ਯਹੋਵਾਹ, ਤੁਸੀਂ ਮੇਰੇ ਦੁਸ਼ਮਣਾਂ ਦੇ ਸਨਮੁੱਖ ਮੇਰਾ ਮੇਜ ਸਜਾਇਆ ਹੈ।
ਤੁਸੀਂ ਮੇਰੇ ਸਿਰ ਉੱਤੇ ਤੇਲ ਪਾਇਆ ਹੈ
ਮੇਰਾ ਭਰਿਆ ਪਿਆਲਾ ਛਲਕ ਰਿਹਾ ਹੈ।
6 ਨੇਕੀ ਤੇ ਮਿਹਰ ਮੇਰੇ ਰਹਿੰਦੇ ਜੀਵਨ ਤੱਕ ਅੰਗ-ਸੰਗ ਹੋਵੇਗੀ।
ਅਤੇ ਮੈਂ ਯਹੋਵਾਹ ਦੇ ਮੰਦਰ ਵਿੱਚ ਲੰਮੇ-ਲੰਮੇ ਸਮੇਂ ਲਈ ਬੈਠਾਂਗਾ।
ਮੰਦਰ ਵਿੱਚ ਜਾਣ ਵਾਲਿਆ ਲਈ ਇੱਕ ਗੀਤ।
121 ਮੈਂ ਮਦਦ ਲਈ ਪਹਾੜੀਆਂ ਵੱਲ ਵੇਖਿਆ,
ਪਰ ਅਸਲ ਵਿੱਚ ਮੇਰੇ ਲਈ ਮਦਦ ਕਿੱਥੋਂ ਆਵੇਗੀ।
2 ਮੇਰੇ ਲਈ ਮਦਦ ਯਹੋਵਾਹ ਵਲੋਂ
ਧਰਤੀ ਅਤੇ ਅਕਾਸ਼ ਦੇ ਸਿਰਜਣਹਾਰੇ ਵੱਲੋਂ ਆਵੇਗੀ।
3 ਪਰਮੇਸ਼ੁਰ ਤੁਹਾਨੂੰ ਡਿੱਗਣ ਨਹੀਂ ਦੇਵੇਗਾ।
ਤੁਹਾਡਾ ਰੱਖਿਅਕ ਸੌਵੇਗਾ ਨਹੀਂ।
4 ਇਸਰਾਏਲ ਦੇ ਰੱਖਿਅਕ ਨੂੰ ਨੀਂਦ ਨਹੀਂ ਆਉਂਦੀ
ਪਰਮੇਸ਼ੁਰ ਕਦੇ ਸੌਦਾ ਨਹੀਂ।
5 ਯਹੋਵਾਹ ਤੁਹਾਡਾ ਰੱਖਿਅਕ ਹੈ।
ਉਹ ਆਪਣੀ ਮਹਾਨ ਸ਼ਕਤੀ ਨਾਲ ਤੁਹਾਡੀ ਰੱਖਿਆ ਕਰਦਾ ਹੈ।
6 ਦਿਨ ਵੇਲੇ ਸੂਰਜ ਤੁਹਾਨੂੰ ਦੁੱਖ ਨਹੀਂ ਦੇ ਸੱਕਦਾ।
ਅਤੇ ਚੰਨ ਤੁਹਾਨੂੰ ਰਾਤ ਵੇਲੇ ਦੁੱਖ ਨਹੀਂ ਦੇ ਸੱਕਦਾ।
7 ਯਹੋਵਾਹ ਤੁਹਾਨੂੰ ਹਰ ਖਤਰੇ ਕੋਲੋਂ ਬਚਾਵੇਗਾ।
ਯਹੋਵਾਹ ਤੁਹਾਡੀ ਆਤਮਾ ਨੂੰ ਬਚਾਵੇਗਾ।
8 ਆਉਣ ਜਾਣ ਵੇਲੇ ਯਹੋਵਾਹ ਤੁਹਾਡੀ ਮਦਦ ਕਰੇਗਾ।
ਯਹੋਵਾਹ ਹੁਣ ਅਤੇ ਸਦਾ ਹੀ ਤੁਹਾਡੀ ਮਦਦ ਕਰੇਗਾ।
ਅੱਯੂਬ ਦਾ ਯਹੋਵਾਹ ਨੂੰ ਜਵਾਬ
42 ਫਿਰ ਅੱਯੂਬ ਨੇ ਯਹੋਵਾਹ ਨੂੰ ਜਵਾਬ ਦਿੱਤਾ। ਅੱਯੂਬ ਨੇ ਅਖਿਆ:
2 “ਯਹੋਵਾਹ ਜੀ, ਮੈਂ ਜਾਣਦਾ ਹਾਂ ਕਿ ਤੁਸੀਂ ਸਭ ਕੁਝ ਕਰ ਸੱਕਦੇ ਹੋ।
ਤੁਸੀਂ ਯੋਜਨਾਵਾਂ ਬਣਾਉਂਦੇ ਹੋ ਤੇ ਕੋਈ ਵੀ ਤੁਹਾਡੀਆਂ ਯੋਜਨਾਵਾਂ ਰੋਕ ਜਾਂ ਬਦਲ ਨਹੀਂ ਸੱਕਦਾ।
3 ਯਹੋਵਾਹ, ਤੂੰ ਇਹ ਸਵਾਲ ਪੁੱਛਿਆ: ‘ਇਹ ਮੂਰਖ ਗੱਲਾਂ ਆਖਦਾ ਹੋਇਆ ਇਹ ਅਗਿਆਨੀ ਆਦਮੀ ਕੌਣ ਹੈ?’
ਯਹੋਵਾਹ, ਮੈਂ ਉਨ੍ਹਾਂ ਗੱਲਾਂ ਬਾਰੇ ਸੋਚਿਆ ਜੋ ਮੈਂ ਸਮਝਿਆ ਨਹੀਂ ਸਾਂ।
ਮੈਂ ਉਨ੍ਹਾਂ ਗੱਲਾਂ ਬਾਰੇ ਬੋਲਿਆ ਜੋ ਮੇਰੇ ਲਈ ਹੈਰਾਨਕੁਨ ਸਨ ਅਤੇ ਜੋ ਮੇਰੀ ਸਮਝ ਤੋਂ ਬਾਹਰ ਸਨ।
4 “ਯਹੋਵਾਹ ਜੀ ਤੁਸੀਂ ਮੈਨੂੰ ਆਖਿਆ, ‘ਅੱਯੂਬ ਸੁਣ, ਤੇ ਮੈਂ ਬੋਲਾਂਗਾ।
ਮੈਂ ਤੈਨੂੰ ਸਵਾਲ ਪੁੱਛਾਂਗਾ, ਤੇ ਤੂੰ ਮੈਨੂੰ ਜਵਾਬ ਦੇਵੇਂਗਾ।’
5 ਯਹੋਵਾਹ ਜੀ ਅਤੀਤ ਵਿੱਚ ਮੈਂ ਤੁਹਾਡੇ ਬਾਰੇ ਸੁਣਿਆ ਸੀ,
ਪਰ ਹੁਣ ਮੈਂ ਆਪਣੀਆਂ ਅੱਖਾਂ ਨਾਲ ਤੁਹਾਡਾ ਦੀਦਾਰ ਕੀਤਾ ਹੈ।
6 ਅਤੇ ਯਹੋਵਾਹ ਜੀ ਮੈਂ ਆਪਣੇ ਬਾਰੇ ਸ਼ਰਮਿੰਦਾ ਹਾਂ,
ਯਹੋਵਾਹ ਜੀ ਮੈਨੂੰ ਬਹੁਤ ਅਫ਼ਸੋਸ ਹੈ।
ਜਿਵੇਂ ਮੈਂ ਘੱਟੇ ਅਤੇ ਸੁਆਹ ਵਿੱਚ ਬੈਠਦਾ ਹਾਂ,
ਮੈਂ ਆਪਣੇ ਦਿਲ ਅਤੇ ਜੀਵਨ ਨੂੰ ਬਦਲਣ ਦਾ ਇਕਰਾਰ ਕਰਦਾ ਹਾਂ।”
ਜਿਉਂਦੀ ਆਸ
3 ਪਰਮੇਸ਼ੁਰ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਦੀ ਉਸਤਤਿ ਹੋਵੇ। ਪਰਮੇਸ਼ੁਰ ਬਹੁਤ ਮਿਹਰਬਾਨ ਹੈ ਅਤੇ ਉਸਦੀ ਮਿਹਰ ਕਾਰਣ ਹੀ ਸਾਨੂੰ ਨਵਾਂ ਜੀਵਨ ਮਿਲਿਆ ਹੈ। ਇਹ ਨਵੀਂ ਜ਼ਿੰਦਗੀ ਸਾਡੇ ਲਈ ਯਿਸੂ ਮਸੀਹ ਦੇ ਮੌਤ ਤੋਂ ਜਿਵਾਲਣ ਰਾਹੀਂ ਜਿਉਂਦੀ ਆਸ ਲੈ ਕੇ ਆਈ ਹੈ। 4 ਹੁਣ ਅਸੀਂ ਪਰਮੇਸ਼ੁਰ ਦੀਆਂ ਅਸੀਸਾਂ ਦੀ ਉਮੀਦ ਰੱਖ ਸੱਕਦੇ ਹਾਂ ਜਿਹੜੀਆਂ ਉਸ ਨੇ ਉਸ ਦੇ ਬੱਚਿਆਂ ਲਈ ਰੱਖੀਆਂ ਹਨ। ਇਹ ਅਸੀਸਾਂ ਤੁਹਾਡੇ ਲਈ ਸਵਰਗ ਵਿੱਚ ਰੱਖੀਆਂ ਹੋਈਆਂ ਹਨ। ਉਹ ਨਾਂ ਹੀ ਬਰਬਾਦ ਤੇ ਨਾਂ ਹੀ ਨਾਸ਼ ਹੋ ਸੱਕਦੀਆਂ, ਨਾ ਹੀ ਉਹ ਆਪਣੀ ਸੁੰਦਰਤਾ ਗੁਆ ਸੱਕਦੀਆਂ ਹਨ।
5 ਪਰਮੇਸ਼ੁਰ ਦੀ ਸ਼ਕਤੀ ਤੁਹਾਨੂੰ ਤੁਹਾਡੀ ਨਿਹਚਾ ਰਾਹੀਂ ਉਦੋਂ ਤੱਕ ਸੁਰੱਖਿਅਤ ਰੱਖੇਗੀ ਜਦੋਂ ਤੱਕ ਤੁਸੀਂ ਮੁਕਤੀ ਪ੍ਰਾਪਤ ਨਹੀਂ ਕਰ ਲੈਂਦੇ। ਇਹ ਮੁਕਤੀ ਜੋ ਤਿਆਰ ਹੈ, ਤੁਹਾਨੂੰ ਅੰਤਲੇ ਸਮੇਂ ਵਿੱਚ ਦਿੱਤੀ ਜਾਵੇਗੀ। 6 ਇਸ ਨਾਲ ਤੁਹਾਨੂੰ ਬਹੁਤ ਖੁਸ਼ੀ ਹੁੰਦੀ ਹੈ। ਪਰ ਹੁਣ, ਬਸ ਥੋੜੇ ਹੀ ਸਮੇਂ ਲਈ, ਤੁਹਾਨੂੰ ਉਦਾਸ ਕਰਨ ਵਾਲੀਆਂ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਹੋ ਸੱਕਦੀਆਂ ਹਨ। 7 ਅਜਿਹੀਆਂ ਮੁਸ਼ਕਿਲਾਂ ਕਿਉਂ ਆਉਂਦੀਆਂ ਹਨ? ਇਹ ਸਾਬਤ ਕਰਨ ਲਈ ਕਿ ਤੁਹਾਡੀ ਨਿਹਚਾ ਸੱਚੀ ਹੈ। ਤੁਹਾਡੀ ਨਿਹਚਾ ਦੀ ਇਹ ਸ਼ੁੱਧਤਾ ਉਸ ਸੋਨੇ ਨਾਲੋਂ ਵੀ ਵੱਧ ਮੁੱਲਵਾਨ ਹੈ ਜਿਹੜਾ ਕਿ ਅੱਗ ਰਾਹੀਂ ਸ਼ੁੱਧ ਕਰਨ ਦੇ ਬਾਵਜ਼ੂਦ ਵੀ ਖੇਹ ਹੋ ਜਾਂਦਾ ਹੈ। ਤੁਹਾਡੀ ਨਿਹਚਾ ਦੀ ਸ਼ੁੱਧਤਾ ਤੁਹਾਨੂੰ ਉਦੋਂ ਉਸਤਤਿ ਮਹਿਮਾ ਅਤੇ ਸਤਿਕਾਰ ਦੇਵੇਗੀ ਜਦੋਂ ਯਿਸੂ ਮਸੀਹ ਪ੍ਰਗਟ ਹੋਵੇਗਾ।
8 ਤੁਸੀਂ ਮਸੀਹ ਨੂੰ ਨਹੀਂ ਦੇਖਿਆ ਪਰ ਫ਼ਿਰ ਵੀ ਤੁਸੀਂ ਉਸ ਨੂੰ ਪਿਆਰ ਕਰਦੇ ਹੋ। ਹੁਣ ਵੀ ਤੁਸੀਂ ਉਸ ਨੂੰ ਦੇਖ ਨਹੀਂ ਸੱਕਦੇ ਪਰ ਤੁਸੀਂ ਉਸ ਵਿੱਚ ਵਿਸ਼ਵਾਸ ਰੱਖਦੇ ਹੋ। ਤੁਸੀਂ ਇੰਨੇ ਖੁਸ਼ ਹੋ ਜਿਹੜੀ ਬਿਆਨ ਨਹੀਂ ਕੀਤੀ ਜਾ ਸੱਕਦੀ ਅਤੇ ਉਹ ਖੁਸ਼ੀ ਮਹਿਮਾ ਨਾਲ ਭਰੀ ਹੋਈ ਹੈ। 9 ਤੁਹਾਡੀ ਨਿਹਚਾ ਦਾ ਇੱਕ ਟੀਚਾ ਹੈ ਅਤੇ ਤੁਸੀਂ ਉਹ ਟੀਚਾ ਪ੍ਰਾਪਤ ਕਰ ਰਹੇ ਹੋਂ, ਜੋ ਕਿ ਤੁਹਾਡੀ ਮੁਕਤੀ ਹੈ।
ਦਾਊਦ ਦਾ ਇੱਕ ਗੀਤ।
27 ਯਹੋਵਾਹ, ਤੁਸੀਂ ਮੇਰੀ ਰੌਸ਼ਨੀ ਵੀ, ਮੇਰੇ ਮੁਕਤੀਦਾਤਾ ਵੀ ਹੋ।
ਮੈਨੂੰ ਕਿਸੇ ਕੋਲੋਂ ਵੀ ਨਹੀਂ ਡਰਨਾ ਚਾਹੀਦਾ।
ਯਹੋਵਾਹ, ਮੇਰੇ ਜੀਵਨ ਦੀ ਸੁਰੱਖਿਆ ਦਾ ਟਿਕਾਣਾ ਹੈ।
ਇਸ ਲਈ ਮੈਂ ਕਿਸੇ ਕੋਲੋਂ ਵੀ ਨਹੀਂ ਡਰਾਂਗਾ।
2 ਦੁਸ਼ਟ ਲੋਕ ਮੇਰੇ ਤੇ ਹਮਲਾ ਕਰ ਸੱਕਦੇ ਹਨ।
ਉਹ ਮੇਰੇ ਸ਼ਰੀਰ ਨੂੰ ਤਲਵਾਰ ਨਾਲ ਵੱਢਣ ਦੀ ਕੋਸ਼ਿਸ਼ ਕਰ ਸੱਕਦੇ ਹਨ।
ਮੇਰੇ ਦੁਸ਼ਮਣ ਮੇਰੇ ਉੱਤੇ ਹਮਲਾ ਕਰਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਸੱਕਦੇ ਹਨ।
ਪਰ ਉਹ ਔਕੜਨਗੇ ਅਤੇ ਡਿੱਗਣਗੇ।
3 ਪਰ ਭਾਵੇਂ ਪੂਰੀ ਫ਼ੌਜ ਮੈਨੂੰ ਘੇਰ ਲਵੇ, ਫ਼ੇਰ ਵੀ ਮੈਂ ਨਹੀਂ ਡਰਾਂਗਾ।
ਭਾਵੇਂ ਯੁੱਧ ਵਿੱਚ ਲੋਕ ਮੇਰੇ ਉੱਤੇ ਹਮਲਾ ਕਰਨ, “ਮੈਨੂੰ ਕੋਈ ਡਰ ਨਹੀਂ ਹੋਵੇਗਾ।
ਕਿਉਂਕਿ ਮੈਨੂੰ ਯਹੋਵਾਹ ਵਿੱਚ ਯਕੀਨ ਹੈ।”
4 ਯਹੋਵਾਹ ਤੋਂ ਮੈਂ ਇੱਕੋ ਚੀਜ਼ ਮੰਗਦਾ ਹਾਂ,
ਮੈਨੂੰ ਸਾਰੀ ਉਮਰ ਆਪਣੇ ਮੰਦਰ ਵਿੱਚ ਬੈਠਣ ਦੇ,
ਤਾਂ ਜੋ ਮੈਂ ਯਹੋਵਾਹ ਦੀ ਸੁੰਦਰਤਾ ਵੇਖ ਸੱਕਾਂ।
ਅਤੇ ਉਸਦਾ ਮਹਿਲ ਵੇਖ ਸੱਕਾਂ।
5 ਜਦੋਂ ਵੀ ਮੈਂ ਸੰਕਟ ਵਿੱਚ ਹੋਵਾਂਗਾ ਯਹੋਵਾਹ ਮੇਰੀ ਰੱਖਿਆ ਕਰੇਗਾ।
ਉਹ ਮੈਨੂੰ ਆਪਣੇ ਤੰਬੂ ਵਿੱਚ ਛੁਪਾ ਲਵੇਗਾ,
ਉਹ ਮੈਨੂੰ ਆਪਣੀ ਸੁਰੱਖਿਅਤ ਥਾਂ ਉੱਤੇ ਲੈ ਜਾਵੇਗਾ।
6 ਮੇਰੇ ਦੁਸ਼ਮਣਾਂ ਨੇ ਮੈਨੂੰ ਘੇਰ ਲਿਆ ਹੈ।
ਪਰ ਉਨ੍ਹਾਂ ਨੂੰ ਹਰਾਉਣ ਵਿੱਚ ਯਹੋਵਾਹ ਮੇਰੀ ਮਦਦ ਕਰੇਗਾ।
ਫ਼ੇਰ ਮੈਂ ਉਸ ਦੇ ਤੰਬੂ ਵਿੱਚ ਬਲੀ ਦੇ ਤੌਰ ਤੇ ਜੈ-ਕਾਰੇ ਚੜ੍ਹਾਵਾਂਗਾ।
ਅਤੇ ਮੈਂ ਗਾਵਾਂਗਾ ਅਤੇ ਯਹੋਵਾਹ ਨੂੰ ਸਤਿਕਾਰਨ ਲਈ ਸਾਜ ਵਜਾਵਾਂਗਾ।
7 ਯਹੋਵਾਹ, ਮੇਰੀ ਪੁਕਾਰ ਨੂੰ ਸੁਣ ਅਤੇ ਹੁੰਘਾਰਾ ਭਰ।
ਮੇਰੇ ਤੇ ਦਯਾਵਾਨ ਹੋ।
8 ਯਹੋਵਾਹ, ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਹਾਂ।
ਮੈਂ ਆਪਣੇ ਦਿਲ ਦੀਆਂ ਗੱਲਾਂ ਆਖਣੀਆਂ ਚਾਹੁੰਦਾ ਹਾਂ।
ਮੈਂ ਤੁਹਾਡੇ ਨਾਲ ਗੱਲ ਕਰਨ ਲਈ ਤੁਹਾਡੇ ਸਨਮੁੱਖ ਆ ਗਿਆ ਹਾਂ।
9 ਯਹੋਵਾਹ, ਆਪਣੇ ਸੇਵਕ ਕੋਲੋਂ ਮੁੱਖ ਨਾ ਮੋੜੋ।
ਮੇਰੀ ਸਹਾਇਤਾ ਕਰੋ।
ਮੈਨੂੰ ਦੂਰ ਨਾ ਧੱਕੋ, ਮੈਨੂੰ ਛੱਡ ਕੇ ਨਾ ਜਾਓ।
ਮੇਰੇ ਪਰਮੇਸ਼ੁਰ, ਤੁਸੀਂ ਮੇਰੇ ਮੁਕਤੀਦਾਤਾ ਹੋ।
10 ਮੇਰੇ ਮਾਪਿਆਂ ਨੇ ਮੈਨੂੰ ਛੱਡ ਦਿੱਤਾ ਸੀ।
ਪਰ ਯਹੋਵਾਹ ਨੇ ਮੇਰੀ ਬਾਂਹ ਫ਼ੜੀ ਅਤੇ ਮੈਨੂੰ ਆਪਣਾ ਬਣਾਇਆ।
11 ਹੇ ਯਹੋਵਾਹ, ਲੋਕ ਵੇਖ ਰਹੇ ਹਨ ਕਿ ਮੈਂ ਕੋਈ ਗਲਤੀ ਕਰਾਂ।
ਇਸ ਲਈ ਮੈਨੂੰ ਸਹੀ ਗੱਲਾਂ ਕਰਨੀਆਂ ਸਿੱਖਾ।
12 ਮੈਨੂੰ ਮੇਰੇ ਦੁਸ਼ਮਣਾਂ ਦੇ ਘਾਤਕ ਫ਼ੰਦਿਆਂ ਵਿੱਚ ਨਾ ਫ਼ਸਣ ਦੇਵੋ।
ਉਨ੍ਹਾਂ ਨੇ ਮੇਰੇ ਉੱਤੇ ਝੂਠੀਆਂ ਗਵਾਹੀਆਂ ਨਾਲ ਹਮਲਾ ਕੀਤਾ ਹੈ।
ਉਹ ਮੇਰੇ ਉੱਤੇ ਹਿੰਸਕ ਹਮਲੇ ਕਰਨ ਲਈ ਤਿਆਰ ਹਨ।
13 ਮੈਨੂੰ ਪੱਕਾ ਵਿਸ਼ਵਾਸ ਹੈ ਕਿ ਮੈਂ ਮਰਨ ਤੋਂ ਪਹਿਲਾਂ ਯਹੋਵਾਹ ਦੀ ਚੰਗਿਆਈ ਦੇਖਾਂਗਾ।
14 ਯਹੋਵਾਹ ਦੀ ਸਹਾਇਤਾ ਲਈ ਇੰਤਜ਼ਾਰ ਕਰੋ।
ਮਜ਼ਬੂਤ ਅਤੇ ਬਹਾਦੁਰ ਬਣੋ,
ਅਤੇ ਯਹੋਵਾਹ ਦੀ ਸਹਾਇਤਾ ਲਈ ਇੰਤਜ਼ਾਰ ਕਰੋ।
ਯਿਸੂ ਦਾ ਆਪਣੇ ਚੇਲਿਆਂ ਨੂੰ ਦਿਲਾਸਾ ਦੇਣਾ
14 ਯਿਸੂ ਨੇ ਆਖਿਆ, “ਤੁਹਾਡਾ ਦਿਲ ਨਾਂ ਘਬਰਾਏ, ਪਰਮੇਸ਼ੁਰ ਵਿੱਚ ਭਰੋਸਾ ਕਰੋ ਅਤੇ ਮੇਰੇ ਵਿੱਚ ਭਰੋਸਾ ਕਰੋ। 2 ਮੇਰੇ ਪਿਤਾ ਦੇ ਘਰ ਵਿੱਚ ਬਹੁਤ ਕਮਰੇ ਹਨ। ਜੇਕਰ ਇਹ ਸੱਚ ਨਾ ਹੁੰਦਾ ਤਾਂ ਮੈਂ ਤੁਹਾਨੂੰ ਨਾ ਕਿਹਾ ਹੁੰਦਾ। ਮੈਂ ਉੱਥੇ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਲਈ ਜਾ ਰਿਹਾ ਹਾਂ। 3 ਉੱਥੇ ਜਾਣ ਅਤੇ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਤੋਂ ਬਾਦ, ਮੈਂ ਵਾਪਿਸ ਆਵਾਂਗਾ ਅਤੇ ਤੁਹਾਨੂੰ ਆਪਣੇ ਨਾਲ ਰਹਿਣ ਲਈ ਲੈ ਜਾਵਾਂਗਾ। 4 ਜਿੱਥੇ ਮੈਂ ਜਾ ਰਿਹਾ ਹਾਂ ਤੁਸੀਂ ਉੱਥੋਂ ਦਾ ਰਾਹ ਜਾਣਦੇ ਹੋ।”
5 ਥੋਮਾ ਨੇ ਉਸ ਨੂੰ ਕਿਹਾ, “ਪ੍ਰਭੂ ਜੀ ਜੇ ਸਾਨੂੰ ਇਹ ਪਤਾ ਨਹੀਂ ਕਿ ਤੂੰ ਕਿੱਥੇ ਜਾ ਰਿਹਾ ਹੈ, ਫਿਰ ਅਸੀਂ ਰਸਤਾ ਕਿੱਥੋਂ ਜਾਣ ਸੱਕਦੇ ਹਾਂ?”
6 ਯਿਸੂ ਨੇ ਆਖਿਆ, “ਮੈਂ ਹੀ ਰਸਤਾ, ਸੱਚ ਅਤੇ ਜੀਵਨ ਹਾਂ। ਮੇਰੇ ਰਾਹੀਂ ਆਉਣ ਤੋਂ ਬਿਨਾ ਕੋਈ ਪਿਤਾ ਕੋਲ ਨਹੀਂ ਆ ਸੱਕਦਾ। 7 ਜੇਕਰ ਤੁਸੀਂ ਮੈਨੂੰ ਜਾਣਦੇ ਹੁੰਦੇ ਤਾਂ ਤੁਸੀਂ ਪਿਤਾ ਨੂੰ ਵੀ ਜਾਣਦੇ ਹੁੰਦੇ। ਪਰ ਹੁਣ ਤੋਂ ਤੁਸੀਂ ਪਿਤਾ ਨੂੰ ਜਾਣਦੇ ਹੋ, ਤੁਸੀਂ ਉਸ ਨੂੰ ਵੇਖਿਆ ਹੈ।”
2010 by World Bible Translation Center