Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 70-71

ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ। ਲੋਕਾਂ ਦੀ ਸਹਾਇਤਾ ਕਰਨ ਲਈ ਯਾਦ ਰੱਖੋ।

70 ਹੇ ਪਰਮੇਸ਼ੁਰ, ਮੈਨੂੰ ਬਚਾਉ!
    ਪਰਮੇਸ਼ੁਰ ਛੇਤੀ ਕਰੋ ਅਤੇ ਮੇਰੀ ਸਹਾਇਤਾ ਕਰੋ!
ਲੋਕ ਮੈਨੂੰ ਮਾਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
    ਉਨ੍ਹਾਂ ਨੂੰ ਨਿਰਾਸ਼ ਕਰ ਦਿਉ!
    ਉਨ੍ਹਾਂ ਨੂੰ ਨਿਵਾਉ! ਲੋਕੀਂ
ਮੇਰਾ ਬੁਰਾ ਕਰਨਾ ਚਾਹੁੰਦੇ ਹਨ।
    ਮੈਨੂੰ ਆਸ ਹੈ ਕਿ ਉਹ ਡਿੱਗਣਗੇ ਅਤੇ ਸ਼ਰਮਸਾਰ ਹੋਣਗੇ।
ਲੋਕਾਂ ਨੇ ਮੇਰਾ ਮਜ਼ਾਕ ਉਡਾਇਆ।
    ਮੈਨੂੰ ਆਸ ਹੈ ਉਹ ਉਹੀ ਪਾਉਣਗੇ ਜਿਸਦੇ ਉਹ ਅਧਿਕਾਰੀ ਹਨ ਅਤੇ ਉਹ ਸ਼ਰਮਸਾਰ ਹੋਣਗੇ।
ਮੈਨੂੰ ਆਸ ਹੈ ਕਿ ਜਿਹੜੇ ਲੋਕ ਤੁਹਾਡੀ ਉਪਾਸਨਾ ਕਰਦੇ ਹਨ ਬਹੁਤ ਖੁਸ਼ ਹੋਣਗੇ, ਬਹੁਤ ਖੁਸ਼।
ਮੈਨੂੰ ਆਸ ਹੈ ਕਿ ਜਿਹੜੇ ਲੋਕ ਤੁਹਾਡੀ ਸਹਾਇਤਾ ਚਾਹੁੰਦੇ ਹਨ, “ਸਦਾ ਪਰਮੇਸ਼ੁਰ ਉਸਤਤਿ ਕਰਨ” ਦੇ ਯੋਗ ਹੋਣਗੇ।

ਮੈਂ ਗਰੀਬ ਅਤੇ ਬੇਸਹਾਰਾ ਅਦਮੀ ਹਾਂ।
    ਪਰਮੇਸ਼ੁਰ, ਛੇਤੀ ਕਰੋ। ਆਉ ਤੇ ਮੈਨੂੰ ਬਚਾਉ।
ਹੇ ਪਰਮੇਸ਼ੁਰ, ਸਿਰਫ਼ ਤੁਸੀਂ ਹੀ ਮੈਨੂੰ ਬਚਾ ਸੱਕਦੇ ਹੋਂ।
    ਬਹੁਤੀ ਦੇਰ ਨਾ ਕਰੋ।

71 ਯਹੋਵਾਹ, ਮੈਂ ਤੁਹਾਡੇ ਵਿੱਚ ਸ਼ਰਨ ਲਈ ਹੈ।
    ਇਸ ਲਈ ਮੈਂ ਕਦੀ ਵੀ ਨਿਰਾਸ਼ ਨਹੀਂ ਹੋਵਾਂਗਾ।
ਆਪਣੀ ਚੰਗਿਆਈ ਕਾਰਣ, ਤੁਸੀਂ ਮੈਨੂੰ ਬਚਾਵੋਂਗੇ।
    ਤੁਸੀਂ ਮੈਨੂੰ ਮੁਸ਼ਕਿਲ ਵਿੱਚੋਂ ਕੱਢੋਂਗੇ, ਮੇਰੀ ਗੱਲ ਸੁਣੋ ਮੈਨੂੰ ਬਚਾਉ।
ਮੇਰਾ ਕਿਲ੍ਹਾ ਬਣਾਉ, ਅਤੇ ਉਹ ਘਰ ਜਿਸ ਵਿੱਚ ਮੈਂ ਸੁਰੱਖਿਆ ਲਈ ਨੱਸ ਕੇ ਆ ਵੜਾਂ।
    ਤੁਸੀਂ ਮੇਰੀ ਓਟ ਹੋ ਮੇਰਾ ਸੁਰੱਖਿਅਤ ਟਿਕਾਣਾ।
ਇਸ ਲਈ ਮੇਰੀ ਸੁਰੱਖਿਆ ਦਾ ਨਿਰਦੇਸ਼ ਦੇ ਦੇਵੋ।
ਮੇਰੇ ਪਰਮੇਸ਼ੁਰ, ਮੈਨੂੰ ਬੁਰੇ ਬੰਦਿਆਂ ਤੋਂ ਬਚਾਉ।
    ਮੈਨੂੰ ਜ਼ਾਲਮ ਬਦ ਲੋਕਾਂ ਤੋਂ ਬਚਾਉ।
ਮੇਰੇ ਮਾਲਕ, ਤੁਸੀਂ ਮੇਰੀ ਆਸ ਹੋਂ।
    ਮੈਂ ਤੁਹਾਡੇ ਉੱਪਰ ਉਦੋਂ ਤੋਂ ਵਿਸ਼ਵਾਸ ਕੀਤਾ ਹੈ ਜਦੋਂ ਹਾਲੇ ਮੈਂ ਨੌਜਵਾਨ ਸਾਂ।
ਜਨਮ ਤੋਂ ਪਹਿਲਾਂ ਵੀ ਮੈਂ ਤੁਹਾਡੇ ਉੱਤੇ ਭਰੋਸਾ ਕੀਤਾ।
    ਆਪਣੀ ਮਾਂ ਦੇ ਗਰਭ ਵਿੱਚ ਵੀ ਮੈਂ ਤੁਹਾਡੇ ਉੱਤੇ ਨਿਰਭਰ ਸਾਂ।
ਮੈਂ ਹਮੇਸ਼ਾ ਤੁਹਾਨੂੰ ਪ੍ਰਾਰਥਨਾ ਕੀਤੀ ਹੈ।
ਤੁਸੀਂ ਹੀ ਮੇਰੀ ਸ਼ਕਤੀ ਦੇ ਸਾਧਨ ਹੋਂ।
    ਇਸੇ ਲਈ ਮੈਂ ਹੋਰਾਂ ਲਈ ਮਿਸਾਲ ਬਣਿਆ ਹਾਂ।
ਮੈਂ ਹਮੇਸ਼ਾ ਤੁਹਾਡੇ ਕੀਤੇ ਅਦਭੁਤ ਕਾਰਿਆਂ ਬਾਰੇ ਗਾਉਂਦਾ ਰਿਹਾ ਹਾਂ।
ਮੈਨੂੰ ਇਸ ਲਈ ਦੂਰ ਨਾ ਸੁੱਟੋ ਕਿ ਮੈਂ ਬੁੱਢਾ ਹਾਂ।
    ਮੈਨੂੰ ਉਦੋਂ ਛੱਡ ਕੇ ਨਾ ਜਾਉ ਜਦੋਂ ਮੈਂ ਕਮਜ਼ੋਰ ਹੋ ਰਿਹਾ ਹਾਂ।
10 ਮੇਰੇ ਵੈਰੀਆਂ ਨੇ ਮੇਰੇ ਲਈ ਛੜਯਂਤਰ ਰਚੇ ਹਨ।
    ਉਹ ਲੋਕ ਸੱਚਮੁੱਚ ਇਕੱਠੇ ਹੋਏ ਸਨ ਅਤੇ ਉਨ੍ਹਾਂ ਨੇ ਮੈਨੂੰ ਮਾਰਨ ਦੀ ਯੋਜਨਾ ਬਣਾਈ।
11 ਮੇਰੇ ਵੈਰੀਆਂ ਆਖਿਆ, “ਜਾਓ, ਉਸ ਨੂੰ ਫ਼ੜੋ ਪਰਮੇਸ਼ੁਰ ਨੇ ਉਸ ਨੂੰ ਛੱਡ ਦਿੱਤਾ ਹੈ।
    ਤੇ ਕੋਈ ਵੀ ਬੰਦਾ ਉਸਦੀ ਸਹਾਇਤਾ ਨਹੀਂ ਕਰੇਗਾ।”
12 ਹੇ ਪਰਮੇਸ਼ੁਰ, ਮੈਨੂੰ ਛੱਡ ਕੇ ਨਾ ਜਾਉ।
    ਹੇ ਪਰਮੇਸ਼ੁਰ, ਛੇਤੀ ਕਰੋ।
    ਆਉ ਮੈਨੂੰ ਬਚਾਉ।
13 ਮੇਰੇ ਵੈਰੀਆਂ ਨੂੰ ਹਰਾ ਦਿਉ,
    ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਉ।
ਉਹ ਮੈਨੂੰ ਦੁੱਖ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
    ਮੈਨੂੰ ਆਸ ਹੈ ਉਹ ਸ਼ਰਮ ਅਤੇ ਬੇਇੱਜ਼ਤੀ ਮਹਿਸੂਸ ਕਰਨਗੇ।
14 ਫ਼ੇਰ, ਮੈਂ ਹੇਮਸ਼ਾ ਤੁਹਾਡੇ ਵਿੱਚ ਯਕੀਨ ਰੱਖਾਂਗਾ
    ਅਤੇ ਵੱਧ ਤੋਂ ਵੱਧ ਤੇਰੀ ਉਸਤਤਿ ਕਰਾਂਗਾ।
15 ਮੈਂ ਲੋਕਾਂ ਨੂੰ ਦੱਸਾਂਗਾ ਕਿ ਤੁਸੀਂ ਕਿੰਨੇ ਚੰਗੇ ਹੋ।
    ਮੈਂ ਲੋਕਾਂ ਨੂੰ ਦੱਸਾਂਗਾ ਕਿ ਤੁਸੀਂ ਮੈਨੂੰ ਕਿੰਨੀ ਵਾਰੀ ਬਚਾਇਆ।
    ਇਹ ਅਣਗਿਣਤ ਵਾਰੀ ਵਾਪਰਿਆ।
16 ਮੈਂ ਤੁਹਾਡੀ ਮਹਾਨਤਾ ਬਾਰੇ ਦੱਸਾਂਗਾ, ਯਹੋਵਾਹ ਮੇਰੇ ਮਾਲਕ।
    ਮੈਂ ਸਿਰਫ਼ ਤੇਰੀ ਅਤੇ ਤੇਰੀ ਚੰਗਿਆਈ ਬਾਰੇ ਗੱਲ ਕਰਾਂਗਾ।
17 ਹੇ ਪਰਮੇਸ਼ੁਰ, ਤੁਸੀਂ ਮੈਨੂੰ ਉਦੋਂ ਤੋਂ ਸਿੱਖਿਆ ਦਿੱਤੀ ਹੈ ਜਦੋਂ ਮੈਂ ਹਾਲੇ ਜਵਾਨ ਮੁੰਡਾ ਸਾਂ।
    ਅਤੇ ਅੱਜ ਦੇ ਦਿਨ ਤੱਕ ਵੀ ਮੈਂ ਲੋਕਾਂ ਨੂੰ ਤੁਹਾਡੇ ਅਦਭੁਤ ਕਾਰਜਾਂ ਬਾਰੇ ਦੱਸਿਆ ਹੈ।
18 ਹੁਣ ਮੈਂ ਬੁੱਢਾ ਹਾਂ ਅਤੇ ਮੇਰੇ ਵਾਲ ਧੌਲੇ ਹਨ।
ਪਰ ਹੇ ਪਰਮੇਸ਼ੁਰ ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਨਹੀਂ ਛੱਡੇਂਗਾ।
    ਮੈਂ ਤੁਹਾਡੀ ਸ਼ਕਤੀ ਅਤੇ ਮਹਾਨਤਾ ਬਾਰੇ ਹਰ ਨਵੀਂ ਪੀੜੀ ਨੂੰ ਦੱਸਾਂਗਾ।
19 ਹੇ ਪਰਮੇਸ਼ੁਰ, ਤੁਹਾਡੀ ਮਹਾਨਤਾ ਅਕਾਸ਼ਾਂ ਤੱਕ ਪਹੁੰਚਦੀ ਹੈ।
    ਹੇ ਪਰਮੇਸ਼ੁਰ ਕੋਈ ਵੀ ਦੇਵਤਾ ਤੇਰੇ ਵਰਗਾ ਨਹੀਂ ਹੈ।
    ਤੁਸਾਂ ਮਹਾਨ ਅਤੇ ਅਦਭੁਤ ਗੱਲਾਂ ਕੀਤੀਆਂ ਹਨ।
20 ਤੁਸੀਂ ਮੈਨੂੰ ਮੂਸੀਬਤਾਂ ਅਤੇ ਬੁਰੇ ਵਕਤ ਵਿਖਾਏ,
    ਪਰ ਤੂੰ ਮੇਰੀ ਉਨ੍ਹਾਂ ਸਭ ਤੋਂ ਰੱਖਿਆ ਕੀਤੀ, ਅਤੇ ਮੈਨੂੰ ਜਿਉਂਦਿਆਂ ਰੱਖਿਆ।
    ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਮੈਂ ਕਿੰਨਾ ਡੂੰਘਾ ਡੁੱਬਿਆ, ਤੁਸੀਂ ਮੈਨੂੰ ਮੇਰੀਆਂ ਮੁਸੀਬਤਾਂ ਤੋਂ ਬਾਹਰ ਕੱਢ ਲਿਆ।
21 ਤੁਸੀਂ ਪਹਿਲਾਂ ਨਾਲੋਂ ਵੱਡੇਰੀਆਂ ਗੱਲਾਂ ਕਰਨ ਵਿੱਚ ਮੇਰੀ ਸਹਾਇਤਾ ਕਰੋ।
    ਮੈਨੂੰ ਸੁਕੂਨ ਪਹੁੰਚਾਉਂਦੇ ਰਹੋ।
22     ਮੈਂ ਸਾਜ਼ ਵਜਾਵਾਂਗਾ ਅਤੇ ਤੁਹਾਡੀ ਉਸਤਤਿ ਕਰਾਂਗਾ,
    ਮੇਰੇ ਪਰਮੇਸ਼ੁਰ, ਮੈਂ ਗਾਵਾਂਗਾ ਕਿ ਤੁਹਾਡੇ ਉੱਤੇ ਇਤਬਾਰ ਕੀਤਾ ਜਾ ਸੱਕਦਾ ਹੈ।
    ਮੈਂ ਆਪਣੀ ਸਾਰੰਗੀ ਨਾਲ ਇਸਰਾਏਲ ਦੇ ਪਵਿੱਤਰ ਯਹੋਵਾਹ ਲਈ ਗੀਤ ਗਾਵਾਂਗਾ।
23 ਤੁਸੀਂ ਮੇਰੀ ਆਤਮਾ ਨੂੰ ਬਚਾਇਆ। ਮੇਰੀ ਆਤਮਾ ਖੁਸ਼ ਹੋਵੇਗੀ।
    ਮੈਂ ਆਪਣੇ ਬੁਲ੍ਹਾਂ ਨਾਲ ਉਸਤਤਿ ਦੇ ਗੀਤ ਗਾਵਾਂਗਾ।
24 ਮੇਰੀ ਜ਼ੁਬਾਨ ਸਦਾ ਤੁਹਾਡੀ ਚੰਗਿਆਈ ਬਾਰੇ ਗਾਵੇਗੀ
    ਅਤੇ ਉਹ ਲੋਕ ਜਿਹੜੇ ਮੈਨੂੰ ਮਾਰਨਾ ਚਾਹੁੰਦੇ ਹਨ ਹਾਰ ਜਾਣਗੇ ਅਤੇ ਬੇਇੱਜ਼ਤ ਹੋਣਗੇ।

ਜ਼ਬੂਰ 74

ਆਸਾਫ਼ ਦਾ ਇੱਕ ਭੱਗਤੀ ਗੀਤ।

74 ਹੇ ਪਰਮੇਸ਼ੁਰ, ਕੀ ਤੁਸੀਂ ਸਾਨੂੰ ਸਦਾ ਲਈ ਛੱਡ ਦਿੱਤਾ ਹੈ?
    ਕੀ ਤੁਸੀਂ ਹਾਲੇ ਵੀ ਆਪਣੇ ਲੋਕਾਂ ਉੱਤੇ ਕ੍ਰੋਧਵਾਨ ਹੋ?
ਉਨ੍ਹਾਂ ਲੋਕਾਂ ਨੂੰ ਯਾਦ ਕਰੋ ਜਿਨ੍ਹਾਂ ਨੂੰ ਬਹੁਤ ਸਮਾਂ ਪਹਿਲਾਂ ਤੁਸੀਂ ਖਰੀਦ ਲਿਆ ਸੀ।
    ਤੁਸੀਂ ਸਾਨੂੰ ਬਚਾਇਆ।
    ਅਸੀਂ ਤੇਰੇ ਨਾਲ ਸੰਬੰਧਿਤ ਹਾਂ।
ਸੀਯੋਨ ਪਰਬਤ ਨੂੰ ਯਾਦ ਕਰੋ, ਜਿੱਥੇ ਤੁਸੀਂ ਰਹਿੰਦੇ ਸੀ।
ਹੇ ਪਰਮੇਸ਼ੁਰ, ਆਪ ਇਨ੍ਹਾਂ ਕਦੀਮੀ ਖੰਡ੍ਹਰਾਂ ਵਿੱਚੋਂ ਵੀ ਗੁਜਰੋ।
    ਉਸ ਪਵਿੱਤਰ ਥਾਂ ਉੱਤੇ ਆ ਜਾਉ ਜਿਸ ਨੂੰ ਵੈਰੀਆਂ ਨੇ ਤਬਾਹ ਕੀਤਾ ਸੀ।

ਵੈਰੀਆਂ ਨੇ ਮੰਦਰ ਵਿੱਚ ਜੰਗਜੂ ਨਾਹਰੇ ਲਾਏ ਸਨ।
    ਉਨ੍ਹਾਂ ਨੇ ਇਹ ਦਰਸਾਉਣ ਲਈ ਮੰਦਰ ਉੱਤੇ ਝੰਡੇ ਗਡ ਦਿੱਤੇ ਸੀ ਕਿ ਉਨ੍ਹਾਂ ਨੇ ਜੰਗ ਜਿੱਤ ਲਈ ਸੀ।
ਵੈਰੀਆਂ ਦੇ ਸਿਪਾਹੀ ਉਨ੍ਹਾਂ ਬੰਦਿਆਂ ਵਰਗੇ ਸਨ
    ਜਿਹੜੇ ਦਾਤਰੀ ਨਾਲ ਘਾਹ-ਫ਼ੂਸ ਵੱਢਦੇ ਹਨ।
ਹੇ ਪਰਮੇਸ਼ੁਰ, ਉਨ੍ਹਾਂ ਨੇ ਤੇਰੇ ਮੰਦਰ ਦੇ ਸੱਜਿਤ ਦਰਾਂ ਨੂੰ ਬਰਬਾਦ ਕਰਨ ਲਈ
    ਕੁਲਹਾੜੀਆਂ ਅਤੇ ਕਹੀਆਂ ਦਾ ਇਸਤੇਮਾਲ ਕੀਤਾ।
ਉਨ੍ਹਾਂ ਦੇ ਸਿਪਾਹੀਆਂ ਨੇ ਤੁਹਾਡਾ ਪਵਿੱਤਰ ਸਥਾਨ ਸਾੜ ਸੁੱਟਿਆ।
    ਉਹ ਮੰਦਰ ਤੁਹਾਡੇ ਨਾਮ ਨੂੰ ਆਦਰ ਦੇਣ ਲਈ ਬਣਾਇਆ ਗਿਆ ਸੀ।
    ਪਰ ਉਨ੍ਹਾਂ ਨੇ ਇਸ ਨੂੰ ਢਹਿ-ਢੇਰੀ ਕਰ ਦਿੱਤਾ।
ਵੈਰੀਆਂ ਨੇ ਸਾਨੂੰ ਪੂਰੀ ਤਰ੍ਹਾਂ ਕੁਚਲਣ ਦਾ ਫ਼ੈਸਲਾ ਕੀਤਾ ਸੀ।
    ਉਨ੍ਹਾਂ ਨੇ ਦੇਸ਼ ਦਾ ਹਰ ਪਵਿੱਤਰ ਸਥਾਨ ਸਾੜ ਦਿੱਤਾ।
ਅਸੀਂ ਉਨ੍ਹਾਂ ਕਰਾਮਾਤੀ ਨਿਸ਼ਾਨਾਂ ਵਿੱਚੋਂ ਕੋਈ ਵੀ ਨਾ ਵੇਖ ਸੱਕੇ।
    ਜੋ ਸਾਡੇ ਦਰਮਿਆਨ ਵਾਪਰਦੇ ਸਨ। ਅਤੇ ਉੱਥੇ ਹੋਰ ਨਬੀ ਨਹੀਂ ਹਨ।
    ਕੋਈ ਕੀ ਕਰੇ, ਕੋਈ ਬੰਦਾ ਨਹੀਂ ਜਾਣਦਾ ਸੀ।
10 ਹੇ ਪਰਮੇਸ਼ੁਰ, ਕਿੰਨਾ ਕੁ ਚਿਰ ਵੈਰੀ ਸਾਡਾ ਹੋਰ ਮਜ਼ਾਕ ਉਡਾਉਣਗੇ?
    ਕੀ ਤੁਸਾਂ ਸਦਾ ਹੀ ਉਨ੍ਹਾਂ ਕੋਲੋਂ ਆਪਣਾ ਨਾਮ ਬੇਇੱਜ਼ਤ ਕਰ ਦੇਵੋਂਗੇ?
11 ਹੇ ਪਰਮੇਸ਼ੁਰ, ਤੁਸਾਂ ਸਾਨੂੰ ਇੰਨਾ ਸਖਤ ਦੰਡ ਕਿਉਂ ਦਿੱਤਾ?
    ਤੁਸੀਂ ਆਪਣੀ ਮਹਾਂ ਸ਼ਕਤੀ ਦਾ ਇਸਤੇਮਾਲ ਕੀਤਾ ਅਤੇ ਸਾਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।
12 ਹੇ ਪਰਮੇਸ਼ੁਰ, ਲੰਬੇ ਸਮੇਂ ਤੋਂ ਤੁਸੀਂ ਸਾਡੇ ਪਾਤਸ਼ਾਹ ਰਹੇ ਹੋ।
    ਇਸ ਦੇਸ਼ ਅੰਦਰ ਤੁਸੀਂ ਸਾਡੀਆਂ ਬਹੁਤ ਲੜਾਈਆਂ ਜਿੱਤਣ ਵਿੱਚ ਸਹਾਈ ਹੋਏ ਹੋਂ।
13 ਹੇ ਪਰਮੇਸ਼ੁਰ ਤੁਸਾਂ ਲਾਲ ਸਾਗਰ ਨੂੰ ਪਾੜਨ ਲਈ
    ਆਪਣੀ ਮਹਾਨ ਸ਼ਕਤੀ ਦਾ ਇਸਤੇਮਾਲ ਕੀਤਾ।
14 ਤੁਸੀਂ ਵੱਡੇ ਸਮੁੰਦਰੀ ਦੈਤਾਂ ਉੱਤੇ ਫ਼ਤੇਹ ਹਾਸਲ ਕੀਤੀ।
ਤੁਸਾਂ ਲੇਵੀਥਾਨ ਦੇ ਸਿਰ ਭੰਨ ਸੁੱਟੇ
    ਅਤੇ ਉਸਦੀ ਲਾਸ਼ ਜਾਨਵਰਾਂ ਦੇ ਖਾਣ ਲਈ ਛੱਡ ਦਿੱਤੀ।
15 ਤੁਸੀਂ ਨਦੀ ਅਤੇ ਚਸ਼ਮਿਆਂ ਨੂੰ ਰਵਾਨੀ ਦਿੰਦੇ ਹੋ।
    ਅਤੇ ਤੁਸੀਂ ਨਦੀਆਂ ਨੂੰ ਸੁਕਾ ਦਿੰਦੇ ਹੋ।
16 ਹੇ ਪਰਮੇਸ਼ੁਰ, ਤੁਸੀਂ ਹਰ ਦਿਨ ਉੱਤੇ ਕਾਬੂ ਰੱਖਦੇ ਹੋਂ
    ਅਤੇ ਹਰ ਰਾਤ ਉੱਤੇ ਵੀ ਕਾਬੂ ਰੱਖਦੇ ਹੋਂ। ਤੁਸਾਂ ਸੂਰਜ ਅਤੇ ਚੰਨ ਨੂੰ ਸਾਜਿਆ।
17 ਤੁਸਾਂ ਧਰਤੀ ਉੱਤੇ ਹਰ ਸ਼ੈਅ ਦੀ ਸੀਮਾ ਰੱਖ ਦਿੱਤੀ।
    ਅਤੇ ਤੁਸੀਂ ਗਰਮੀ ਤੇ ਸਰਦੀ ਨੂੰ ਸਾਜਿਆ।
18 ਹੇ ਪਰਮੇਸ਼ੁਰ, ਇਨ੍ਹਾਂ ਗੱਲਾਂ ਨੂੰ ਯਾਦ ਕਰੋ।
ਯਾਦ ਕਰੋ ਕਿ ਵੈਰੀਆਂ ਨੇ ਤੁਹਾਡੇ ਉੱਤੇ ਬੇਪਰਤੀਤੀ ਕੀਤੀ ਸੀ।
    ਉਹ ਮੂਰਖ ਲੋਕ ਤੁਹਾਡੇ ਨਾਮ ਨੂੰ ਨਫ਼ਰਤ ਕਰਦੇ ਹਨ।
19 ਉਨ੍ਹਾਂ ਜੰਗਲੀ ਜਾਨਵਰਾਂ ਨੂੰ ਆਪਣੀ ਘੁੱਗੀ ਨਾ ਫ਼ੜਨ ਦਿਉ।
    ਆਪਣੇ ਗਰੀਬ ਲੋਕਾਂ ਨੂੰ ਸਦਾ ਲਈ ਨਾ ਭੁੱਲੋ।
20 ਸਾਡੇ ਕਰਾਰ ਨੂੰ ਯਾਦ ਰੱਖ!
    ਇਸ ਧਰਤੀ ਦੀ ਹਰ ਹਨੇਰੀ ਥਾਂ ਉੱਤੇ ਹਿੰਸਾ ਹੈ।
21 ਹੇ ਪਰਮੇਸ਼ੁਰ, ਤੁਹਾਡੇ ਲੋਕਾਂ ਨਾਲ ਬਦਸਲੂਕੀ ਕੀਤੀ ਗਈ ਸੀ।
    ਉਨ੍ਹਾਂ ਨੂੰ ਹੋਰ ਵੱਧੇਰੇ ਸੱਟ ਨਾ ਖਾਣ ਦਿਉ।
    ਤੁਹਾਡੇ ਗਰੀਬ ਬੇਸਹਾਰੇ ਲੋਕ ਤੁਹਾਡੀ ਉਸਤਤਿ ਕਰਦੇ ਹਨ।
22 ਹੇ ਪਰਮੇਸ਼ੁਰ ਉੱਠੋ ਅਤੇ ਜੰਗ ਕਰੋ।
    ਯਾਦ ਕਰੋ ਉਨ੍ਹਾਂ ਮੂਰੱਖਾਂ ਨੇ ਤੁਹਾਨੂੰ ਵੰਗਾਰਿਆ ਸੀ।
23 ਆਪਣੇ ਵੈਰੀਆਂ ਦੇ ਨਾਰਿਆਂ ਨੂੰ ਨਾ ਭੁੱਲੋ।
    ਉਹ ਬਾਰ-ਬਾਰ ਤੁਹਾਡੀ ਬੇਇੱਜ਼ਤੀ ਕਰਦੇ ਹਨ।

ਅਜ਼ਰਾ 7:1-26

ਅਜ਼ਰਾ ਦਾ ਯਰੂਸ਼ਲਮ ਵਿੱਚ ਆਉਣਾ

ਇਨ੍ਹਾਂ ਗੱਲਾਂ ਉਪਰੰਤ ਫਾਰਸ ਦੇ ਪਾਤਸ਼ਾਹ ਅਰਤਹਸ਼ਸ਼ਤਾ ਦੇ ਰਾਜ ਦੌਰਾਨ ਅਜ਼ਰਾ ਸਰਾਯਾਹ ਦਾ ਪੁੱਤਰ ਬਾਬਲ ਤੋਂ ਯਰੂਸ਼ਲਮ ਵਿੱਚ ਆਇਆ। ਸਰਾਯਾਹ ਅਜ਼ਰਯਾਹ ਦਾ ਪੁੱਤਰ ਸੀ। ਅਜ਼ਰਯਾਹ ਹਿਲਕੀਯਾਹ ਦਾ ਪੁੱਤਰ ਸੀ। ਹਿਲਕੀਯਾਹ ਸ਼ੱਲੂਮ ਦਾ ਪੁੱਤਰ ਤੇ ਸ਼ਲੂਮ ਸਾਦੋਕ ਦਾ ਪੁੱਤਰ ਸੀ। ਸਾਦੋਕ ਆਹੀਟੂਬ ਦਾ ਪੁੱਤਰ ਸੀ। ਅਹੀਟੂਬ ਅਮਰਯਾਹ ਦਾ, ਅਮਰਯਾਹ ਅਜ਼ਰਯਾਹ ਦਾ ਅਤੇ ਅਜ਼ਰਯਾਹ ਮਰਾਯੋਬ ਦਾ ਪੁੱਤਰ ਸੀ। ਮਰਾਯੋਬ ਜ਼ਰਹਯਾਹ ਦਾ ਤੇ ਜ਼ਰਹਯਾਹ ਉਜ਼ੀ ਦਾ ਤੇ ਉਜ਼ੀ ਬੁੱਕੀ ਦਾ ਪੁੱਤਰ ਸੀ। ਬੁੱਕੀ ਅਬੀਸ਼ੂਆ ਦਾ ਪੁੱਤਰ ਸੀ ਤੇ ਅਬੀਸ਼ੂਆ ਫੀਨਹਾਸ ਦਾ ਪੁੱਤਰ ਸੀ ਤੇ ਫੀਨਹਾਸ ਅਲਆਜ਼ਾਹ ਦਾ ਪੁੱਤਰ ਸੀ ਅਤੇ ਅਲਆਜ਼ਾਰ ਪ੍ਰਧਾਨ ਜਾਜਕ ਹਾਰੂਨ ਦਾ ਪੁੱਤਰ ਸੀ।

ਅਜ਼ਰਾ ਜੋ ਕਿ ਇੱਕ ਉਸਤਾਦ ਸੀ ਬਾਬਲ ਤੋਂ ਯਰੂਸ਼ਲਮ ਨੂੰ ਆਇਆ ਅਤੇ ਉਹ ਮੂਸਾ ਦੀ ਬਿਵਸਬਾ ਨੂੰ ਭਲੀ-ਭਾਂਤੀ ਸਮਝਦਾ ਸੀ। ਮੂਸਾ ਦੀ ਬਿਵਸਬਾ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਦੁਆਰਾ ਦਿੱਤੀ ਗਈ ਸੀ। ਪਾਤਸ਼ਾਹ ਨੇ ਹਰ ਵਸਤ ਜੋ ਅਜ਼ਰਾ ਨੇ ਚਾਹੀ ਉਸ ਨੂੰ ਦਿੱਤੀ ਕਿਉਂ ਕਿ ਯਹੋਵਾਹ, ਉਸ ਦੇ ਪਰਮੇਸ਼ੁਰ ਦੀ ਮਿਹਰ ਉਸ ਉੱਪਰ ਸੀ। ਇਸਰਾਏਲ ਦੇ ਕੁਝ ਲੋਕ ਅਜ਼ਰਾ ਦੇ ਨਾਲ ਆਏ ਜਿਨ੍ਹਾਂ ਵਿੱਚ ਜਾਜਕ, ਲੇਵੀ, ਗਵੱਈਯੇ, ਦਰਬਾਨ ਅਤੇ ਮੰਦਰ ਦੇ ਸੇਵਕ ਸਨ। ਇਹ ਇਸਰਾਏਲੀ ਅਰਤਹਸ਼ਸ਼ਤਾ ਪਾਤਸ਼ਾਹ ਦੇ ਸੱਤਵੇਂ ਵਰ੍ਹੇ ਵਿੱਚ ਯਰੂਸ਼ਲਮ ਨੂੰ ਆਏ। ਅਜ਼ਰਾ ਅਰਤਹਸ਼ਸ਼ਤਾ ਪਾਤਸ਼ਾਹ ਦੇ ਰਾਜ ਦੇ ਸੱਤਵੇਂ ਵਰ੍ਹੇ ਦੇ ਪੰਜਵੇਂ ਮਹੀਨੇ ਵਿੱਚ ਯਰੂਸ਼ਲਮ ਦੇ ਆਇਆ। ਅਜ਼ਰਾ ਅਤੇ ਉਸ ਦੇ ਸਾਬੀ ਪਹਿਲੇ ਮਹੀਨੇ ਦੇ ਪਹਿਲੇ ਦਿਨ ਬਾਬਲ ਤੋਂ ਤੁਰੇ ਅਤੇ ਪੰਜਵੇਂ ਮਹੀਨੇ ਦੇ ਪਹਿਲੇ ਦਿਨ ਯਰੂਸ਼ਲਮ ਵਿੱਚ ਪਹੁੰਚ ਗਏ। ਉਸ ਦਾ ਯਹੋਵਾਹ ਪਰਮੇਸ਼ੁਰ ਉਸ ਦੇ ਨਾਲ ਸੀ। 10 ਅਜ਼ਰਾ ਨੇ ਆਪਣਾ ਸਾਰਾ ਸਮਾਂ ਤੇ ਧਿਆਨ ਯਹੋਵਾਹ ਦੀ ਬਿਵਸਬਾ ਨੂੰ ਸਮਝਣ ਵਿੱਚ ਅਤੇ ਮੰਨਣ ਵਿੱਚ ਹੀ ਲੱਗਾਇਆ। ਅਤੇ ਉਹ ਇਨ੍ਹਾਂ ਬਿਧੀਆਂ ਅਤੇ ਹੁਕਮਾਂ ਦਾ ਇਸਰਾਏਲ ਵਿੱਚ ਵਰਣਨ ਕਰਨਾ ਚਾਹੁੰਦਾ ਸੀ।

ਅਰਤਹਸ਼ਸ਼ਤਾ ਰਾਜੇ ਦੀ ਅਜ਼ਰਾ ਨੂੰ ਚਿੱਠੀ

11 ਅਜ਼ਰਾ ਜੋ ਕਿ ਇੱਕ ਜਾਜਕ ਅਤੇ ਗਿਆਨੀ ਉਸਤਾਦ ਸੀ। ਉਹ ਯਹੋਵਾਹ ਦੀਆਂ ਬਿਧੀਆਂ ਅਤੇ ਇਸਰਾਏਲੀਆਂ ਲਈ ਦਿੱਤੇ ਹੁਕਮਾਂ ਨੂੰ ਜਾਣਦਾ ਸੀ। ਪਾਤਸ਼ਾਹ ਅਰਤਹਸ਼ਸ਼ਤਾ ਦੁਆਰਾ ਉਸ ਨੂੰ ਦਿੱਤੀ ਗਈ ਚਿੱਠੀ ਦੀ ਨਕਲ ਇਉਂ ਸੀ:

12 ਰਾਜਿਆਂ ਦੇ ਰਾਜੇ ਅਰਤਹਸ਼ਤਤਾ ਵੱਲੋਂ,

ਜਾਜਕ ਅਜ਼ਰਾ, ਅਕਾਸ਼ ਦੇ ਪਰਮੇਸ਼ੁਰ ਦੀ ਬਿਵਸਬਾ ਦੇ ਲਿਖਾਰੀ ਨੂੰ

ਸਲਾਮ!

13 ਮੈਂ ਇਹ ਆਦੇਸ਼ ਦਿੰਦਾ ਹਾਂ, ਜੇਕਰ ਇਸਰਾਏਲ ਦਾ ਕੋਈ ਵੀ ਮਨੁੱਖ, ਇਸ ਦਾ ਕੋਈ ਵੀ ਜਾਜਕ ਜਾਂ ਲੇਵੀ ਜੋ ਮੇਰੇ ਰਾਜ ਵਿੱਚ ਰਹਿ ਰਿਹਾ ਹੋਵੇ ਤੇ ਉਹ ਅਜ਼ਰਾ ਨਾਲ ਯਰੂਸ਼ਲਮ ਨੂੰ ਜਾਣਾ ਚਾਹੁੰਦਾ ਹੋਵੇ, ਉਹ ਜਾ ਸੱਕਦਾ ਹੈ।

14 ਅਜ਼ਰਾ, ਮੈਂ ਤੇ ਮੇਰੇ ਸੱਤ ਸਲਾਹਕਾਰ ਤੈਨੂੰ ਭੇਜ ਰਹੇ ਹਾਂ। ਤੈਨੂੰ ਯਰੂਸ਼ਲਮ ਅਤੇ ਯਹੂਦਾਹ ਨੂੰ ਜਾਣਾ ਚਾਹੀਦਾ। ਜਾ ਅਤੇ ਵੇਖ ਕਿ ਕਿੰਨਾ ਕੁ ਤੇਰੇ ਲੋਕ ਤੇਰੇ ਪਰਮੇਸ਼ੁਰ ਦੀ ਬਿਵਸਬਾ ਮੁਤਾਬਕ ਜੋ ਤੇਰੇ ਹੱਥ ਵਿੱਚ ਹੈ ਚੱਲਦੇ ਅਤੇ ਉਸ ਨੂੰ ਮੰਨਦੇ ਹਨ।

15 ਮੈਂ ਤੇ ਮੇਰੇ ਸਲਾਹਕਾਰ ਇਸਰਾਏਲ ਦੇ ਪਰਮੇਸ਼ੁਰ ਲਈ ਸੋਨਾ ਅਤੇ ਚਾਂਦੀ ਭੇਂਟ ਕਰਦੇ ਹਾਂ। ਪਰਮੇਸ਼ੁਰ ਯਰੂਸ਼ਲਮ ਵਿੱਚ ਵੱਸਦਾ ਹੈ ਇਸ ਲਈ ਤੂੰ ਇਹ ਸੋਨਾ ਚਾਂਦੀ ਜ਼ਰੂਰ ਆਪਣੇ ਨਾਲ ਲੈ ਕੈ ਜਾਵੀਂ। 16 ਇਨ੍ਹਾਂ ਚੀਜ਼ਾਂ ਦੇ ਸਮੇਤ, ਜੋ ਵੀ ਸੋਨਾ ਅਤੇ ਚਾਂਦੀ ਤੁਸੀਂ ਬਾਬਲ ਦੇ ਸੂਬਿਆਂ ਵਿੱਚੋਂ ਜਿੱਬੋ ਕਿਤੋਂ ਵੀ ਇੱਕਤ੍ਰ ਕੀਤੀ ਸੀ ਲਵੋ। ਉਹ ਕੋਈ ਵੀ ਸੁਗਾਤ ਲੈ ਲਵੋ ਜੋ ਲੋਕ ਅਤੇ ਜਾਜਕ ਯਰੂਸ਼ਲਮ ਵਿੱਚ ਆਪਣੇ ਪਰਮੇਸ਼ੁਰ ਦੇ ਮੰਦਰ ਲਈ ਦੇਣ ਦੇ ਇਛਿੱਤ ਹਨ।

17 ਖਾਸੱਕਰ ਉਸ ਪੈਸੇ ਨਾਲ ਬਲਦ, ਭੇਡੂ ਅਤੇ ਲੇਲੇ ਖਰੀਦੀਣਾ ਅਤੇ ਅਨਾਜ ਦੀਆਂ ਭੇਟਾਂ ਅਤੇ ਪੀਣ ਦੀ ਭੇਟਾਂ ਖਰੀਦੀ ਅਤੇ ਉਨ੍ਹਾਂ ਨੂੰ ਯਰੂਸ਼ਲਮ ਵਿੱਚ ਆਪਣੇ ਪਰਮੇਸ਼ੁਰ ਦੀ ਜਗਵਦੀ ਉੱਤੇ ਚੜ੍ਹਾਵੀਂ। 18 ਅਤੇ ਬਾਕੀ ਬਚੇ ਸੋਨੇ ਚਾਂਦੀ ਨਾਲ, ਜੋ ਕੁਝ ਤੈਨੂੰ ਅਤੇ ਤੇਰੇ ਸੰਬੰਧੀਆਂ ਨੂੰ ਚੰਗਾ ਲੱਗੇ, ਉਹ ਆਪਣੇ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਕਰੀਂ। 19 ਜਿਹੜੇ ਭਾਂਡੇ ਤੈਨੂੰ ਤੇਰੇ ਪਰਮੇਸ਼ੁਰ ਦੇ ਮੰਦਰ ਵਿੱਚ ਉਪਾਸਨਾ ਲਈ ਸੌਂਪੇ ਗਏ ਹਨ, ਉਨ੍ਹਾਂ ਨੂੰ ਯਰੂਸ਼ਲਮ ਦੇ ਪਰਮੇਸ਼ੁਰ ਨੂੰ ਵਾਪਸ ਕਰ ਦੇਵੀਂ। 20 ਅਤੇ ਜੋ ਕੁਝ ਹੋਰ ਤੇਰੇ ਪਰਮੇਸ਼ੁਰ ਦੇ ਮੰਦਰ ਲਈ ਲੋੜੀਂਦਾ ਹੋਵੇ, ਤਾਂ ਉਹ ਸਭ ਕੁਝ ਖਰੀਦਣ ਲਈ ਧੰਨ ਤੂੰ ਸ਼ਾਹੀ ਖਜ਼ਾਨੇ ਵਿੱਚੋਂ ਵਰਤ ਲਵੀਂ।

21 ਹੁਣ ਮੈਂ, ਅਤਰਹਸ਼ਤਤਾ ਪਾਤਸ਼ਾਹ ਇਹ ਸੰਦੇਸ਼ ਦਿੰਦਾ ਹਾਂ: ਪਾਤਸ਼ਾਹ ਦੇ ਸਾਰੇ ਖਜਾਨਚੀ ਜੋ ਫ਼ਰਾਤ ਦਰਿਆ ਦੇ ਪੱਛਮੀ ਪਾਸੇ ਤੇ ਰਹਿੰਦੇ ਹਨ ਅਜ਼ਰਾ ਨੂੰ ਉਸਦੀਆਂ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਦੇਣ। ਅਜ਼ਰਾ ਅਕਾਸ਼ ਦੇ ਪਰਮੇਸ਼ੁਰ ਦੀ ਬਿਵਸਬਾ ਦਾ ਉਸਤਾਦ ਅਤੇ ਜਾਜਕ ਹੈ। ਇਹ ਬੜੀ ਜਲਦੀ ਹੀ ਕੀਤਾ ਜਾਵੇ। 22 ਅਜ਼ਰਾ ਨੂੰ ਜਿੰਨਾ ਹੋ ਸੱਕੇ: 3,400 ਕਿਲੋ ਚਾਂਦੀ, 600 ਬੁਸ਼ਲ ਕਣਕ, 600 ਗੈਲਨ ਮੈਅ ਅਤੇ 600 ਗੈਲਨ ਜੈਤੂਨ ਦਾ ਤੇਲ ਅਤੇ ਉਸਦੀ ਲੋੜ ਮੁਤਾਬਕ ਜਿੰਨਾ ਚਾਹੇ ਲੈਣ ਦਿਓ। 23 ਜੋ ਕੁਝ ਵੀ ਅਕਾਸ਼ ਦੇ ਪਰਮੇਸ਼ੁਰ ਨੇ ਅਜ਼ਰਾ ਲਈ ਹੁਕਮ ਦਿੱਤਾ ਹੈ, ਉਸ ਨੂੰ ਬਿਲਕੁਲ ਉਵੇਂ ਹੀ ਦਿੱਤਾ ਜਾਵੇ। ਉਹ ਸਭ ਕੁਝ ਅਕਾਸ਼ ਦੇ ਪਰਮੇਸ਼ੁਰ ਦੇ ਮੰਦਰ ਲਈ ਕੀਤਾ ਜਾਵੇ। ਮੈਂ ਨਹੀਂ ਚਾਹੁੰਦਾ ਕਿ ਪਰਮੇਸ਼ੁਰ ਮੇਰੇ ਰਾਜ ਜਾਂ ਮੇਰੇ ਪੁੱਤਰਾਂ ਤੇ ਕ੍ਰੋਧਿਤ ਹੋਵੇ।

24 ਮੈਂ ਤੁਹਾਨੂੰ ਸੂਚਨਾ ਦੇ ਰਿਹਾ ਹਾਂ ਕਿ ਜਾਜਕਾਂ, ਲੇਵੀਆਂ, ਗਵੈਯਾਂ, ਦਰਬਾਨਾਂ, ਮੰਦਰ ਦੇ ਸੇਵਕਾਂ ਅਤੇ ਪਰਮੇਸ਼ੁਰ ਦੇ ਮੰਦਰ ਦੇ ਹੋਰ ਮਜ਼ਦੂਰਾਂ ਕੋਲੋਂ ਕਰ ਲੈਣਾ ਬਿਵਸਬਾ ਦੇ ਖਿਲਾਫ ਹੈ। 25 ਹੇ ਅਜ਼ਰਾ! ਤੂੰ ਆਪਣੇ ਪਰਮੇਸ਼ੁਰ ਦੁਆਰਾ ਤੈਨੂੰ ਬਖਸ਼ੇ ਗਿਆਨ ਦੇ ਮੁਤਾਬਕ ਹਾਕਮਾਂ ਅਤੇ ਨਿਆਂਕਾਰ ਦੀ ਚੋਣ ਕਰ ਤਾਂ ਕਿ ਉਹ ਫਰਾਤ ਦਰਿਆ ਤੋਂ ਪਾਰ ਪੱਛਮੀ ਪਾਸੇ ਰਹਿੰਦੇ ਲੋਕਾਂ ਦਾ ਨਿਆਂ ਕਰ ਸੱਕਣ। ਉਹ ਉਨ੍ਹਾਂ ਸਾਰਿਆਂ ਦਾ ਨਿਆਂ ਕਰਨਗੇ ਜੋ ਤੇਰੇ ਪਰਮੇਸ਼ੁਰ ਦੀ ਬਿਧੀਆਂ ਨੂੰ ਜਾਣਦੇ ਹਨ। ਇਨ੍ਹਾਂ ਨਿਆਂ ਕਰਾਂ ਅਤੇ ਤੈਨੂੰ ਉਨ੍ਹਾਂ ਸਾਰੇ ਲੋਕਾਂ ਨੂੰ ਵੀ ਸਿੱਖਿਆ ਦੇਣੀ ਚਾਹੀਦੀ ਹੈ ਜਿਹੜੇ ਪਰਮੇਸ਼ੁਰ ਦੀ ਬਿਵਸਬਾ ਤੋਂ ਅਨਜਾਣ ਹਨ। 26 ਜਿਹੜਾ ਵੀ ਮਨੁੱਖ ਤੇਰੇ ਪਰਮੇਸ਼ੁਰ ਦੀ ਜਾਂ ਪਾਤਸ਼ਾਹ ਦੀ ਬਿਵਸਬਾ ਨੂੰ ਨਾ ਮਂਨੇ ਉਸ ਨੂੰ ਜ਼ਰੂਰ ਸਜ਼ਾ ਦਿੱਤੀ ਜਾਵੇ। ਇਸ ਮਨੁੱਖ ਨੂੰ ਉਸ ਦੇ ਪਾਪ ਮੁਤਾਬਕ ਮੌਤ ਦੀ ਸਜ੍ਹਾ, ਦੇਸ਼ ਨਿਕਾਲਾ, ਜਾਇਦਾਦ ਜ਼ਬਤ ਕਰਨ ਦਾ ਦੰਡ ਜਾਂ ਕੈਦ ਦੀ ਸਜ਼ਾ ਦਿੱਤੀ ਜਾਵੇ।

ਪਰਕਾਸ਼ ਦੀ ਪੋਥੀ 14:1-13

ਮੁਕਤ ਲੋਕਾਂ ਦਾ ਗੀਤ

14 ਫ਼ਿਰ ਮੈਂ ਤੱਕਿਆ, ਅਤੇ ਉੱਥੇ ਮੇਰੇ ਸਾਹਮਣੇ ਇੱਕ ਲੇਲਾ ਸੀ। ਉਹ ਸੀਯੋਨ ਪਰਬਤ ਉੱਤੇ ਖਲੋਤਾ ਸੀ। ਉਸ ਦੇ ਨਾਲ 144,000 ਲੋਕ ਸਨ। ਉਨ੍ਹਾਂ ਸਾਰਿਆਂ ਦੇ ਮੱਥਿਆਂ ਉੱਤੇ ਉਸਦਾ ਅਤੇ ਉਸ ਦੇ ਪਿਤਾ ਦਾ ਨਾਮ ਲਿਖਿਆ ਹੋਇਆ ਸੀ।

ਫ਼ੇਰ ਮੈਂ ਸਵਰਗ ਵਿੱਚੋਂ ਆਉਂਦੀ ਇੱਕ ਅਵਾਜ਼ ਸੁਣੀ ਜੋ ਕਿ ਹੜ੍ਹ ਦੇ ਪਾਣੀ ਅਤੇ ਉੱਚੀ ਗਰਜ ਦੀ ਅਵਾਜ਼ ਵਰਗੀ ਸੀ। ਜਿਹੜੀ ਅਵਾਜ਼ ਮੈਂ ਸੁਣੀ ਉਹ ਲੋਕਾਂ ਦੇ ਰਬਾਬ ਵਜਾਉਣ ਦੀ ਅਵਾਜ਼ ਵਰਗੀ ਸੀ। ਲੋਕਾਂ ਨੇ ਤਖਤ ਦੇ ਸਾਹਮਣੇ ਅਤੇ ਚਾਰ ਸਜੀਵ ਚੀਜ਼ਾਂ ਅਤੇ ਬਜ਼ੁਰਗਾਂ ਦੇ ਸਾਹਮਣੇ ਇੱਕ ਨਵਾਂ ਗੀਤ ਗਾਇਆ। ਇਹ ਨਵਾਂ ਗੀਤ ਸਿਰਫ਼ ਉਹ ਇੱਕ ਲੱਖ ਚੁਤਾਲੀ ਹਜ਼ਾਰ ਲੋਕੀਂ ਹੀ ਸਿੱਖ ਸੱਕਦੇ ਸਨ ਜਿਹੜੇ ਧਰਤੀ ਤੋਂ ਖਰੀਦੇ ਗਏ ਸਨ। ਕੋਈ ਹੋਰ ਇਸ ਗੀਤ ਨੂੰ ਨਾ ਗਾ ਸੱਕਿਆ।

ਇਹ 144,000 ਲੋਕ ਉਹੀ ਸਨ ਜਿਨ੍ਹਾਂ ਨੇ ਔਰਤਾਂ ਨਾਲ ਕੁਝ ਵੀ ਅਪਵਿੱਤਰ ਨਹੀਂ ਕੀਤਾ ਸੀ ਉਨ੍ਹਾਂ ਨੇ ਆਪਣੇ ਆਪ ਨੂੰ ਪਵਿੱਤਰ ਰੱਖਿਆ। ਉਹ ਜਿੱਥੇ ਕਿਤੇ ਵੀ ਲੇਲਾ ਜਾਂਦਾ ਉਸਦਾ ਪਿੱਛਾ ਕਰਦੇ, ਇਨ੍ਹਾਂ ਲੋਕਾਂ ਨੂੰ ਧਰਤੀ ਤੋਂ ਖਰੀਦਿਆ ਗਿਆ ਸੀ। ਇਹੀ ਪਹਿਲੇ ਲੋਕ ਸਨ ਜਿਹੜੇ ਪਰਮੇਸ਼ੁਰ ਅਤੇ ਲੇਲੇ ਨੂੰ ਅਰਪਣ ਕੀਤੇ ਗਏ ਸਨ। ਇਹ ਲੋਕ ਝੂਠ ਬੋਲਣ ਦੇ ਦੋਸ਼ੀ ਨਹੀਂ ਸਨ। ਇਹ ਲੋਕ ਬਿਨਾ ਕਿਸੇ ਦੋਸ਼ ਤੋਂ ਸਨ।

ਤਿੰਨ ਦੂਤ

ਫ਼ਿਰ ਮੈਂ ਇੱਕ ਹੋਰ ਦੂਤ ਨੂੰ ਹਵਾ ਵਿੱਚ ਉੱਚਾ ਉਡਦਿਆਂ ਵੇਖਿਆ। ਇਸ ਦੂਤ ਕੋਲ ਧਰਤੀ ਤੇ ਰਹਿਣ ਵਾਲੇ ਲੋਕਾਂ – ਹਰ ਕੌਮ, ਕਬੀਲੇ ਭਾਸ਼ਾ ਅਤੇ ਜਾਤੀ ਦੇ ਲੋਕਾਂ ਨੂੰ ਕਦੀ ਵੀ ਨਾ ਖਤਮ ਹੋਣ ਵਾਲੀ ਖੁਸ਼ਖਬਰੀ ਦਿੱਤੀ ਗਈ ਸੀ। ਦੂਤ ਨੇ ਉੱਚੀ ਅਵਾਜ਼ ਵਿੱਚ ਆਖਿਆ, “ਪਰਮੇਸ਼ੁਰ ਤੋਂ ਡਰੋ ਅਤੇ ਉਸ ਨੂੰ ਮਹਿਮਾ ਦਿਉ। ਪਰਮੇਸ਼ੁਰ ਲਈ ਨਿਆਂ ਦੇਣ ਦਾ ਸਮਾਂ ਆ ਗਿਆ ਹੈ। ਉਸਦੀ ਉਪਾਸਨਾ ਕਰੋ। ਉਸ ਨੇ ਸਵਰਗ, ਧਰਤੀ, ਸਮੁੰਦਰ ਅਤੇ ਪਾਣੀ ਦੇ ਚਸ਼ਮੇ ਬਣਾਏ ਹਨ।”

ਫ਼ਿਰ ਪਹਿਲੇ ਦੂਤ ਦੇ ਪਿੱਛੇ ਦੂਸਰਾ ਦੂਤ ਆਇਆ ਅਤੇ ਉਸ ਨੇ ਆਖਿਆ, “ਉਹ ਤਬਾਹ ਹੋ ਚੁੱਕੀ ਹੈ। ਬੇਬੀਲੋਨ ਦੀ ਮਹਾਨ ਨਗਰੀ ਤਬਾਹ ਹੋ ਚੁੱਕੀ ਹੈ। ਉਸ ਨੇ ਹੀ ਸਾਰੀਆਂ ਕੌਮਾਂ ਨੂੰ ਆਪਣੀ ਬਦਕਾਰੀ ਦੀ ਮੈਅ ਪੀਣ ਅਤੇ ਪਰਮੇਸ਼ੁਰ ਦੇ ਗੁੱਸੇ ਨੂੰ ਪਿਲਾਇਆ।”

ਦੋਨਾਂ ਦੂਤਾਂ ਦੇ ਪਿੱਛੇ ਤੀਜਾ ਦੂਤ ਆਇਆ। ਇਸ ਤੀਜੇ ਦੂਤ ਨੇ ਉੱਚੀ ਅਵਾਜ਼ ਵਿੱਚ ਆਖਿਆ, “ਉਸ ਵਿਅਕਤੀ ਲਈ ਇਹ ਭਿਆਨਕ ਹੋਵੇਗਾ ਜਿਹੜਾ ਜਾਨਵਰ ਅਤੇ ਜਾਨਵਰ ਦੀ ਮੂਰਤੀ ਦੀ ਪੂਜਾ ਕਰਦਾ ਹੈ ਅਤੇ ਆਪਣੇ ਮੱਥੇ ਜਾਂ ਹੱਥ ਉੱਤੇ ਨਿਸ਼ਾਨ ਪ੍ਰਾਪਤ ਕਰਾਉਂਦਾ ਹੈ। 10 ਉਹ ਵਿਅਕਤੀ ਪਰਮੇਸ਼ੁਰ ਦੇ ਗੁੱਸੇ ਦੀ ਮੈਅ ਪੀਂਦਾ ਹੈ। ਇਹ ਮੈਅ ਪਰਮੇਸ਼ੁਰ ਦੇ ਗੁੱਸੇ ਵਾਲੇ ਪਿਆਲੇ ਵਿੱਚ ਬਿਨ ਪਤਲੀ ਕੀਤਿਆਂ ਵਰਤਾਈ ਜਾਵੇਗੀ। ਇਸ ਵਿਅਕਤੀ ਨੂੰ ਬਲਦੀ ਹੋਈ ਗੰਧਕ ਨਾਲ ਪਵਿੱਤਰ ਦੂਤਾਂ ਅਤੇ ਲੇਲੇ ਦੇ ਸਾਹਮਣੇ ਕਸ਼ਟ ਦਿੱਤੇ ਜਾਣਗੇ। 11 ਅਤੇ ਉਨ੍ਹਾਂ ਦੀ ਬਲਦੀ ਹੋਈ ਪੀੜਾ ਦਾ ਧੂੰਆਂ ਹਮੇਸ਼ਾ-ਹਮੇਸ਼ਾ ਲਈ ਉੱਡਦਾ ਰਹੇਗਾ। ਉਨ੍ਹਾਂ ਲੋਕਾਂ ਨੂੰ ਕਦੇ ਵੀ ਦਿਨ ਜਾਂ ਰਾਤ ਨੂੰ ਅਰਾਮ ਨਹੀਂ ਮਿਲੇਗਾ। ਜਿਹੜੇ ਜਾਨਵਰ ਅਤੇ ਉਸਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਉਸ ਦੇ ਨਾਂ ਦਾ ਨਿਸ਼ਾਨ ਪ੍ਰਾਪਤ ਕਰਦੇ ਹਨ।” 12 ਇਸਦਾ ਅਰਥ ਹੈ ਕਿ ਪਰਮੇਸ਼ੁਰ ਦੇ ਪਵਿੱਤਰ ਲੋਕਾਂ (ਵਿਸ਼ਵਾਸੀਆਂ) ਨੂੰ ਧੀਰਜ ਵਾਲੇ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਪਰਮੇਸ਼ੁਰ ਦੇ ਆਦੇਸ਼ ਮੰਨਣ ਅਤੇ ਯਿਸੂ ਵਿੱਚ ਆਪਣੀ ਨਿਹਚਾ ਰੱਖਣ।

13 ਫ਼ੇਰ ਮੈਂ ਸਵਰਗ ਵਿੱਚੋਂ ਇੱਕ ਅਵਾਜ਼ ਸੁਣੀ। ਅਵਾਜ਼ ਨੇ ਆਖਿਆ, “ਇਸ ਨੂੰ ਲਿਖੋ; ਧੰਨ ਹਨ ਉਹ ਲੋਕ ਜਿਹੜੇ ਹੁਣੇ ਤੋਂ ਪ੍ਰਭੂ ਵਿੱਚ ਪ੍ਰਾਣ ਹੀਣ ਹੁੰਦੇ ਹਨ।”

ਆਤਮਾ ਆਖਦਾ, “ਹਾਂ, ਇਹ ਸੱਚ ਹੈ। ਇਹ ਲੋਕ ਹੁਣ ਆਪਣੇ ਕਰੜੇ ਕੰਮ ਤੋਂ ਅਰਾਮ ਪਾਉਣਗੇ। ਜਿਹੜੇ ਕੰਮ ਉਨ੍ਹਾਂ ਨੇ ਕੀਤੇ ਹਨ ਉਨ੍ਹਾਂ ਦੇ ਨਾਲ ਰਹਿਣਗੇ।”

ਮੱਤੀ 14:1-12

ਹੇਰੋਦੇਸ ਨੂੰ ਯਿਸੂ ਬਾਰੇ ਖਬਰ(A)

14 ਉਸ ਸਮੇਂ ਰਾਜੇ ਹੇਰੋਦੇਸ, ਗਲੀਲੀ ਦੇ ਸ਼ਾਸਕ ਨੇ ਯਿਸੂ ਦੀ ਖਬਰ ਸੁਣੀ। ਉਸ ਨੇ ਆਪਣੇ ਨੋਕਰਾਂ ਨੂੰ ਆਖਿਆ, “ਇਹ ਮਨੁੱਖ ਬਪਤਿਸਮਾ ਦੇਣ ਵਾਲਾ ਯੂਹੰਨਾ ਹੈ। ਉਹ ਜ਼ਰੂਰ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਇਸੇ ਲਈ ਇਸ ਵਿੱਚ ਅਜਿਹੀਆਂ ਚਮਤਕਾਰੀ ਸ਼ਕਤੀਆਂ ਕੰਮ ਕਰ ਰਹੀਆਂ ਹਨ।”

ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਮੌਤ

ਹੇਰੋਦੇਸ ਨੇ ਆਪਣੇ ਭਰਾ ਫ਼ਿਲਿਪੁੱਸ ਦੀ ਤੀਵੀਂ ਹੇਰੋਦਿਯਾਸ ਦੇ ਕਾਰਣ ਯੂਹੰਨਾ ਨੂੰ ਫ਼ੜਕੇ ਬੰਨ੍ਹਿਆ ਅਤੇ ਕੈਦ ਵਿੱਚ ਪਾ ਦਿੱਤਾ ਸੀ। ਉਸ ਨੇ ਯੂਹੰਨਾ ਨੂੰ ਇਸ ਲਈ ਕੈਦ ਕੀਤਾ ਕਿਉਂਕਿ, ਯੂਹੰਨਾ ਨੇ ਉਸ ਨੂੰ ਆਖਿਆ, “ਹੇਰੋਦਿਯਾਸ ਨੂੰ ਰੱਖਣਾ ਤੁਹਾਨੂੰ ਯੋਗ ਨਹੀਂ।” ਉਹ ਯੂਹੰਨਾ ਨੂੰ ਮਾਰਨਾ ਚਾਹੁੰਦਾ ਸੀ, ਪਰ ਉਹ ਲੋਕਾਂ ਤੋਂ ਡਰਦਾ ਸੀ ਕਿਉਂਕਿ ਉਨ੍ਹਾਂ ਨੇ ਯੂਹੰਨਾ ਨੂੰ ਨਬੀ ਸਮਝਿਆ ਹੋਇਆ ਸੀ।

ਪਰ ਹੇਰੋਦੇਸ ਦੇ ਜਨਮਦਿਨ ਤੇ ਹੇਰੋਦਿਯਾਸ ਦੀ ਧੀ, ਹੇਰੋਦੇਸ ਅਤੇ ਉਸ ਦੇ ਮਹਿਮਾਨਾਂ ਵਾਸਤੇ ਨੱਚੀ। ਹੇਰੋਦੇਸ ਉਸਤੋਂ ਬਹੁਤ ਪ੍ਰਸੰਨ ਹੋਇਆ। ਤਾਂ ਹੇਰੋਦੇਸ ਨੇ ਸੌਂਹ ਖਾਕੇ ਉਸ ਨੂੰ, ਜੋ ਕੁਝ ਵੀ ਉਹ ਮੰਗੇ, ਦੇਣ ਦਾ ਇਕਰਾਰ ਕੀਤਾ। ਉਸਦੀ ਮਾਂ ਨੇ ਉਸ ਨੂੰ ਦੱਸਿਆ ਹੋਇਆ ਸੀ ਕਿ ਉਹ ਕੀ ਮੰਗੇ, ਤਾਂ ਉਸ ਨੇ ਆਖਿਆ, “ਹੁਣੇ ਇੱਥੇ ਥਾਲ ਤੇ ਰੱਖ ਕੇ ਮੈਨੂੰ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਦਿਉ।”

ਹੇਰੋਦੇਸ ਉਦਾਸ ਹੋ ਗਿਆ, ਪਰ ਆਪਣੀਆਂ ਸੌਹਾਂ ਦੇ ਕਾਰਣ ਅਤੇ ਉਨ੍ਹਾਂ ਲੋਕਾਂ ਦੇ ਕਾਰਣ, ਜਿਹੜੇ ਉਸ ਦੇ ਨਾਲ ਬੈਠੇ ਹੋਏ ਸਨ, ਉਸ ਨੇ ਹੁਕਮ ਦਿੱਤਾ ਕਿ ਉਸਦੀ ਬੇਨਤੀ ਤੁਰੰਤ ਪੂਰੀ ਕੀਤੀ ਜਾਵੇ। 10 ਅਤੇ ਉਸ ਨੇ ਮਨੁੱਖ ਨੂੰ ਭੇਜਕੇ ਕੈਦਖਾਨੇ ਵਿੱਚ ਯੂਹੰਨਾ ਦਾ ਸਿਰ ਵੱਢਵਾ ਸੁੱਟਿਆ। 11 ਫ਼ੇਰ ਉਸਦਾ ਸਿਰ ਥਾਲ ਵਿੱਚ ਲਿਆਂਦਾ ਗਿਆ ਅਤੇ ਉਸਦੀ ਕੁੜੀ ਨੂੰ ਦਿੱਤਾ ਗਿਆ ਅਤੇ ਉਹ ਇਹ ਸਿਰ ਆਪਣੀ ਮਾਂ ਹੇਰੋਦਿਯਾਸ ਕੋਲ ਲੈ ਗਈ। 12 ਯੂਹੰਨਾ ਦੇ ਚੇਲਿਆਂ ਨੇ ਉੱਥੇ ਜਾਕੇ ਲੋਥ ਚੁੱਕੀ ਅਤੇ ਉਸ ਨੂੰ ਦਬਿਆ ਅਤੇ ਆਕੇ ਯਿਸੂ ਨੂੰ ਖਬਰ ਦਿੱਤੀ।

Punjabi Bible: Easy-to-Read Version (ERV-PA)

2010 by World Bible Translation Center