Book of Common Prayer
ਕੋਰਹ ਪਰਿਵਾਰ ਦਾ ਇੱਕ ਉਸਤਤਿ ਗੀਤ।
87 ਪਰਮੇਸ਼ੁਰ ਨੇ ਯਰੂਸ਼ਲਮ ਦੀਆਂ ਪਵਿੱਤਰ ਪਹਾੜੀਆਂ ਉੱਤੇ ਆਪਣਾ ਮੰਦਰ ਬਣਾਇਆ।
2 ਯਹੋਵਾਹ ਸੀਯੋਨ ਦੇ ਦਰਵਾਜਿਆਂ ਨੂੰ ਇਸਰਾਏਲ ਦੀ ਹੋਰ ਕਿਸੇ ਵੀ ਥਾਂ ਨਾਲੋਂ ਵੱਧੇਰੇ ਪਿਆਰ ਕਰਦਾ ਹੈ।
3 ਹੇ ਪਰਮੇਸ਼ੁਰ ਦੇ ਸ਼ਹਿਰ, ਲੋਕ ਤੇਰੇ ਬਾਰੇ ਬਹੁਤ ਅਦਭੁਤ ਗੱਲਾਂ ਬੋਲਦੇ ਹਨ।
4 ਪਰਮੇਸ਼ੁਰ ਆਪਣੇ ਸਾਰੇ ਬੰਦਿਆਂ ਦੀ ਸੂਚੀ ਰੱਖਦਾ।
“ਉਨ੍ਹਾਂ ਵਿੱਚੋਂ ਕੁਝ ਮਿਸਰ ਅਤੇ ਕੁਝ ਬੇਬੀਲੋਨ ਵਿੱਚ ਰਹਿੰਦੇ ਹਨ।
ਉਨ੍ਹਾਂ ਵਿੱਚੋਂ ਕੁਝ ਲੋਕ ਫ਼ਲਿਸਤੀਨੀਆਂ, ਸੂਰ ਅਤੇ ਇਥੋਮੀਆਂ ਵਿੱਚ ਵੀ ਜਨਮੇ ਸਨ।”
5 ਪਰਮੇਸ਼ੁਰ ਸੀਯੋਨ ਉੱਤੇ ਜੰਮੇ ਹਰ ਬੰਦੇ ਨੂੰ ਜਾਣਦਾ ਹੈ।
ਸਰਬ ਉੱਚ ਪਰਮੇਸ਼ੁਰ ਨੇ ਉਸ ਸ਼ਹਿਰ ਨੂੰ ਬਣਾਇਆ।
6 ਪਰਮੇਸ਼ੁਰ ਆਪਣੇ ਸਾਰੇ ਲੋਕਾਂ ਦੀ ਸੂਚੀ ਰੱਖਦਾ।
ਪਰਮੇਸ਼ੁਰ ਜਾਣਦਾ ਹੈ ਕਿ ਹਰ ਇੱਕ ਬੰਦਾ ਕਿੱਥੇ ਜੰਮਿਆ ਹੈ।
7 ਪਰਮੇਸ਼ੁਰ ਦੇ ਖਾਸ ਬੰਦੇ ਯਰੂਸ਼ਲਮ ਨੂੰ ਤਿਉਹਾਰ ਮਨਾਉਣ ਲਈ ਜਾਂਦੇ ਹਨ।
ਉਹ ਬਹੁਤ ਖੁਸ਼ ਹਨ।
ਉਹ ਗਾ ਅਤੇ ਨੱਚ ਰਹੇ ਹਨ ਉਹ ਆਖਦੇ ਹਨ,
“ਸਾਰੀਆਂ ਸ਼ੁਭ ਚੀਜ਼ਾਂ ਯਰੂਸ਼ਲਮ ਤੋਂ ਆਉਂਦੀਆਂ ਹਨ।”
ਚੌਥਾ ਭਾਗ
(ਜ਼ਬੂਰ 90-106)
ਪਰਮੇਸ਼ੁਰ ਦੇ ਬੰਦੇ ਮੂਸਾ ਦੀ ਪ੍ਰਾਰਥਨਾ।
90 ਹੇ ਮਾਲਕ, ਤੁਸੀਂ ਸਦਾ-ਸਦਾ ਲਈ ਸਾਡਾ ਘਰ ਰਹੇ ਹੋਂ।
2 ਹੇ ਪਰਮੇਸ਼ੁਰ, ਤੁਸੀਂ ਪਰਬਤਾਂ ਦੇ ਪੈਦਾ ਹੋਣ ਤੋਂ ਪਹਿਲਾਂ
ਅਤੇ ਧਰਤੀ ਅਤੇ ਦੁਨੀਆਂ ਸਾਜੇ ਜਾਣ ਤੋਂ ਪਹਿਲਾਂ ਵੀ ਤੁਸੀਂ ਪਰਮੇਸ਼ੁਰ ਸੀ।
ਹੇ ਪਰਮੇਸ਼ੁਰ ਤੁਸੀਂ ਸਦਾ ਰਹੇ ਹੋਂ ਅਤੇ ਤੁਸੀਂ ਸਦਾ ਰਹੋਂਗੇ, ਹੇ ਪਰਮੇਸ਼ੁਰ।
3 ਤੁਸੀਂ ਲੋਕਾਂ ਨੂੰ ਇਸ ਦੁਨੀਆਂ ਵਿੱਚ ਲਿਆਉਂਦੇ ਹੋ।
ਅਤੇ ਫ਼ੇਰ ਤੁਸੀਂ ਉਨ੍ਹਾਂ ਨੂੰ ਖਾਕ ਵਿੱਚ ਬਦਲ ਦਿੰਦੇ ਹੋ।
4 ਤੁਹਾਡੇ ਲਈ ਹਜ਼ਾਰ ਸਾਲ ਕੱਲ ਦੀ ਤਰ੍ਹਾਂ
ਅਤੇ ਰਾਤ ਦੀ ਤਰ੍ਹਾਂ ਹਨ।
5 ਤੁਸੀਂ ਸਾਨੂੰ ਪਰ੍ਹਾਂ ਹੂੰਝ ਸੁੱਟਦੇ ਹੋਂ। ਸਾਡੀ ਜ਼ਿੰਦਗੀ ਇੱਕ ਸੁਪਨੇ ਵਾਂਗ ਹੈ, ਅਤੇ ਸਵੇਰ ਨੂੰ ਅਸੀਂ ਜਾ ਚੁੱਕੇ ਹੁੰਦੇ ਹਾਂ।
ਅਸੀਂ ਘਾਹ ਦੀ ਤਰ੍ਹਾਂ ਹਾਂ।
6 ਘਾਹ ਸਵੇਰ ਵੇਲੇ ਉਘਦਾ ਹੈ,
ਅਤੇ ਸ਼ਾਮ ਨੂੰ ਇਹ ਸੁੱਕ ਜਾਂਦਾ ਹੈ ਅਤੇ ਮਰ ਰਿਹਾ ਹੁੰਦਾ ਹੈ।
7 ਹੇ ਪਰਮੇਸ਼ੁਰ, ਸਾਨੂੰ ਤੁਹਾਡਾ ਗੁੱਸਾ ਤਬਾਹ ਕਰ ਸੱਕਦਾ ਹੈ।
ਸਾਨੂੰ ਤੁਹਾਡੇ ਕਹਿਰ ਤੋਂ ਡਰ ਲੱਗਦਾ ਹੈ।
8 ਤੁਸੀਂ ਸਾਡੇ ਗੁਨਾਹਾਂ ਬਾਰੇ ਸਭ ਕੁਝ ਜਾਣਦੇ ਹੋ।
ਤੁਸੀਂ ਸਾਡਾ ਹਰ ਲੁਕਵਾਂ ਗੁਨਾਹ ਵੀ ਵੇਖ ਲੈਂਦੇ ਹੋ।
9 ਤੁਹਾਡਾ ਕਹਿਰ ਸਾਡੀ ਜ਼ਿੰਦਗੀ ਨੂੰ ਖਤਮ ਕਰ ਸੱਕਦਾ ਹੈ।
ਸਾਡੀ ਜ਼ਿੰਦਗੀ ਸਰਗੋਸ਼ੀ ਦੀ ਤਰ੍ਹਾਂ ਮੁੱਕ ਜਾਂਦੀ ਹੈ।
10 ਇਹ ਹੋ ਸੱਕਦਾ ਹੈ, ਕਿ ਅਸੀਂ 70 ਸਾਲਾਂ ਤੱਕ ਜੀਵੀਏ।
ਜੇ ਅਸੀਂ ਹਾਲੇ ਵੀ ਤਕੜੇ ਹਾਂ, ਤਾਂ ਇਹ ਉਮਰ 80 ਸਾਲਾ ਹੋ ਸੱਕਦੀਆਂ ਹਨ।
ਸਾਡੀਆਂ ਜ਼ਿੰਦਗੀਆਂ ਸਖਤ ਮਿਹਨਤ ਅਤੇ ਵਿਅਰਥ ਪ੍ਰਾਪਤੀਆਂ ਨਾਲ ਭਰਪੂਰ ਹਨ।
ਫ਼ਿਰ ਅਚਾਨਕ, ਸਾਡੀਆਂ ਜ਼ਿੰਦਗੀਆਂ ਖਤਮ ਹੋ ਜਾਂਦੀਆਂ ਹਨ ਅਤੇ ਅਸੀਂ ਦੂਰ ਉੱਡ ਜਾਂਦੇ ਹਾਂ।
11 ਕੋਈ ਵੀ ਬੰਦਾ ਤੁਹਾਡੇ ਗੁੱਸੇ ਦੀ ਪੂਰੀ ਸ਼ਕਤੀ ਨੂੰ ਨਹੀਂ ਜਾਣ ਸੱਕਦਾ, ਪਰਮੇਸ਼ੁਰ।
ਪਰ ਹੇ ਪਰਮੇਸ਼ੁਰ, ਤੁਹਾਡੇ ਲਈ ਸਾਡਾ ਡਰ ਅਤੇ ਆਦਰ ਓਨਾ ਹੀ ਵੱਡਾ ਹੈ ਜਿੰਨਾ ਤੁਹਾਡਾ ਗੁੱਸਾ।
12 ਸਾਨੂੰ ਸਿੱਖਾਉ ਕਿ ਸਾਡੀਆਂ ਜ਼ਿੰਦਗੀਆਂ ਕਿੰਨੀਆਂ ਛੋਟੀਆਂ ਹਨ
ਅਤੇ ਜੋ ਅਸੀਂ ਸੱਚਮੁੱਚ ਸਿਆਣੇ ਬਣ ਸੱਕੀਏ।
13 ਯਹੋਵਾਹ, ਸਾਡੇ ਵੱਲ ਸਦਾ ਲਈ ਵਾਪਸ ਆ ਜਾਉ।
ਆਪਣੇ ਸੇਵਕਾਂ ਉੱਪਰ ਮਿਹਰ ਕਰੋ।
14 ਹਰ ਸਵੇਰ ਸਾਨੂੰ ਆਪਣੇ ਪਿਆਰ ਨਾਲ ਭਰ ਦਿਉ।
ਸਾਨੂੰ ਪ੍ਰਸੰਨ ਹੋਣ ਦਿਉ ਅਤੇ ਆਪਣੀਆਂ ਜ਼ਿੰਦਗੀਆਂ ਮਾਨਣ ਦਿਉ।
15 ਤੁਸਾਂ ਸਾਨੂੰ ਬਹੁਤ ਉਦਾਸੀ ਅਤੇ ਸਾਡੇ ਵਿੱਚ ਬਹੁਤ ਮੁਸੀਬਤਾਂ ਦਿੱਤੀਆਂ ਹਨ।
ਹੁਣ ਸਾਨੂੰ ਖੁਸ਼ੀ ਲੈਣ ਦਿਉ।
16 ਆਪਣੇ ਸੇਵਕਾਂ ਨੂੰ ਉਹ ਚਮਤਕਾਰ ਵੇਖਣ ਦਿਉ ਜਿਹੜੇ ਤੁਸੀਂ ਉਨ੍ਹਾਂ ਲਈ ਕਰਨ ਯੋਗ ਹੋਂ
ਅਤੇ ਉਨ੍ਹਾਂ ਦੇ ਬੱਚਿਆਂ ਨੂੰ ਤੁਹਾਡੀ ਮਹਿਮਾ ਵੇਖਣ ਦਿਉ।
17 ਜੋ ਕੁਝ ਵੀ ਅਸੀਂ ਕਰਦੇ ਹਾਂ ਉਸ ਵਿੱਚ ਅਸੀਂ ਪਰਮੇਸ਼ੁਰ ਦੀ ਪ੍ਰਸੰਨਤਾ ਮਹਿਸੂਸ ਕਰੀਏ।
ਜਿਸ ਨੂੰ ਅਸੀਂ ਸਾਧਦੇ ਹਾਂ ਉਸ ਨੂੰ ਸਥਾਪਿਤ ਕਰਦਿਆਂ
ਅਤੇ ਸਹਾਰਾ ਦਿੰਦਿਆਂ ਉਹ ਸਾਨੂੰ ਅਸੀਸ ਦੇਵੇ।
136 ਯਹੋਵਾਹ ਦੀ ਉਸਤਤਿ ਕਰੋ, ਕਿਉਂਕਿ ਉਹ ਭਲਾ ਹੈ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
2 ਦੇਵਤਿਆਂ ਦੇ ਪਰਮੇਸ਼ੁਰ ਦੀ ਉਸਤਤਿ ਕਰੋ
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
3 ਪ੍ਰਭੂਆਂ ਦੇ ਯਹੋਵਾਹ ਦੀ ਉਸਤਤਿ ਕਰੋ,
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
4 ਪਰਮੇਸ਼ੁਰ ਦੀ ਉਸਤਤਿ ਕਰੋ ਸਿਰਫ਼ ਉਹੀ ਹੈ ਜਿਹੜਾ ਚਮਤਕਾਰ ਕਰਦਾ ਹੈ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
5 ਪਰਮੇਸ਼ੁਰ ਦੀ ਉਸਤਤਿ ਕਰੋ।
ਉਹ ਜਿਸਨੇ ਅਕਾਸ਼ਾ ਨੂੰ ਸਾਜਣ ਲਈ ਸਿਆਣਪ ਵਰਤੀ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
6 ਪਰਮੇਸ਼ੁਰ ਨੇ ਸਮੁੰਦਰ ਉੱਤੇ ਧਰਤੀ ਖੁਸ਼ਕ ਰੱਖੀ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
7 ਪਰਮੇਸ਼ੁਰ ਨੇ ਮਹਾਨ ਰੌਸ਼ਨੀਆਂ ਸਾਜੀਆਂ
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
8 ਪਰਮੇਸ਼ੁਰ ਨੇ ਸੂਰਜ ਨੂੰ ਦਿਨ ਉੱਤੇ ਰਾਜ ਕਰਨ ਲਈ ਸਾਜਿਆ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
9 ਪਰਮੇਸ਼ੁਰ ਨੇ ਰਾਤ ਉੱਤੇ ਰਾਜ ਕਰਨ ਲਈ ਚੰਨ ਅਤੇ ਤਾਰਿਆਂ ਨੂੰ ਸਾਜਿਆ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
10 ਪਰਮੇਸ਼ੁਰ ਨੇ, ਮਿਸਰ ਵਿੱਚ ਪਹਿਲੋਠੇ ਬੰਦੇ ਅਤੇ ਜਾਨਵਰ ਮਾਰ ਦਿੱਤੇ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
11 ਪਰਮੇਸ਼ੁਰ ਇਸਰਾਏਲ ਨੂੰ ਮਿਸਰ ਤੋਂ ਬਾਹਰ ਲੈ ਗਿਆ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
12 ਪਰਮੇਸ਼ੁਰ ਨੇ ਆਪਣੀ ਮਹਾਨ ਸ਼ਕਤੀ ਅਤੇ ਤਾਕਤ ਦਰਸਾਈ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
13 ਪਰਮੇਸ਼ੁਰ ਨੇ ਲਾਲ ਸਾਗਰ ਨੂੰ ਦੋ ਹਿਸਿਆਂ ਵਿੱਚ ਚੀਰ ਦਿੱਤਾ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
14 ਫ਼ਿਰ ਪਰਮੇਸ਼ੁਰ ਨੇ ਇਸਰਾਏਲ ਦੀ ਅਗਵਾਈ ਸਮੁੰਦਰ ਵਿੱਚੋਂ ਦੀ ਕੀਤੀ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
15 ਪਰਮੇਸ਼ੁਰ ਨੇ ਫ਼ਿਰਊਨ ਅਤੇ ਉਸਦੀ ਫ਼ੌਜ ਨੂੰ ਲਾਲ ਸਾਗਰ ਵਿੱਚ ਡੋਬ ਦਿੱਤਾ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
16 ਪਰਮੇਸ਼ੁਰ ਨੇ ਆਪਣੇ ਲੋਕਾਂ ਦੀ ਅਗਵਾਈ ਮਾਰੂਥਲ ਵਿੱਚ ਕੀਤੀ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
17 ਪਰਮੇਸ਼ੁਰ ਨੇ ਬਲਵਾਨ ਰਾਜਿਆਂ ਨੂੰ ਹਰਾਇਆ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
18 ਪਰਮੇਸ਼ੁਰ ਨੇ ਮਜ਼ਬੂਰ ਰਾਜਿਆਂ ਨੂੰ ਹਰਾਇਆ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
19 ਪਰਮੇਸ਼ੁਰ ਨੇ ਅਮੋਰੀਆਂ ਦੇ ਰਾਜੇ ਸੀਹੋਨ ਨੂੰ ਹਰਾਇਆ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
20 ਪਰਮੇਸ਼ੁਰ ਨੇ ਬਾਸ਼ਾਨ ਦੇ ਰਾਜੇ ਓਗ ਨੂੰ ਹਰਾਇਆ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
21 ਪਰਮੇਸ਼ੁਰ ਨੇ ਉਨ੍ਹਾਂ ਦੀ ਧਰਤੀ ਇਸਰਾਏਲ ਨੂੰ ਦੇ ਦਿੱਤੀ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
22 ਪਰਮੇਸ਼ੁਰ ਨੇ ਉਹ ਧਰਤੀ ਸੁਗਾਤ ਵਜੋਂ ਇਸਰਾਏਲ ਨੂੰ ਦੇ ਦਿੱਤੀ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
23 ਪਰਮੇਸ਼ੁਰ ਨੇ ਸਾਨੂੰ ਯਾਦ ਰੱਖਿਆ, ਜਦੋਂ ਅਸੀਂ ਹਾਰੇ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
24 ਪਰਮੇਸ਼ੁਰ ਨੇ ਸਾਨੂੰ ਸਾਡੇ ਦੁਸ਼ਮਣਾ ਤੋਂ ਬਚਾਇਆ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
25 ਪਰਮੇਸ਼ੁਰ ਹਰ ਬੰਦੇ ਨੂੰ ਭੋਜਨ ਦਿੰਦਾ ਹੈ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
26 ਸਵਰਗ ਦੇ ਪਰਮੇਸ਼ੁਰ ਦੀ ਉਸਤਤਿ ਕਰੋ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
16 ਯਹੋਵਾਹ ਨੇ ਮੂਸਾ ਨੂੰ ਆਖਿਆ, “ਮੇਰੇ ਕੋਲ ਇਸਰਾਏਲ ਦੇ 70 ਬਜ਼ੁਰਗਾਂ ਨੂੰ ਲਿਆ। ਇਹ ਆਦਮੀ ਲੋਕਾਂ ਦੇ ਆਗੂ ਹਨ। ਉਨ੍ਹਾਂ ਨੂੰ ਮੰਡਲੀ ਵਾਲੇ ਤੰਬੂ ਕੋਲ ਲਿਆ। ਉਨ੍ਹਾਂ ਨੂੰ ਆਪਣੇ ਨਾਲ ਉੱਥੇ ਖੜ੍ਹੇ ਕਰੋ। 17 ਫ਼ੇਰ ਮੈਂ ਹੇਠਾ ਆਵਾਂਗਾ ਅਤੇ ਉੱਥੇ ਤੇਰੇ ਨਾਲ ਗੱਲ ਕਰਾਂਗਾ। ਆਤਮਾ ਹੁਣ ਤੇਰੇ ਉੱਪਰ ਹੈ ਪਰ ਮੈਂ ਉਸ ਆਤਮੇ ਦਾ ਕੁਝ ਹਿੱਸਾ ਉਨ੍ਹਾਂ ਲੋਕਾਂ ਨੂੰ ਵੀ ਦੇਵਾਂਗਾ। ਫ਼ੇਰ ਉਹ ਲੋਕਾਂ ਦੀ ਦੇਖ-ਭਾਲ ਕਰਨ ਵਿੱਚ ਤੇਰੀ ਸਹਾਇਤਾ ਕਰਨਗੇ ਅਤੇ ਤੈਨੂੰ ਇੱਕਲੇ ਨੂੰ ਸਾਰੇ ਲੋਕਾਂ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਨਹੀਂ ਚੁੱਕਣੀ ਪਵੇਗੀ।
24 ਇਸ ਲਈ ਮੂਸਾ ਲੋਕਾਂ ਨਾਲ ਗੱਲ ਕਰਨ ਲਈ ਗਿਆ। ਮੂਸਾ ਨੇ ਉਨ੍ਹਾਂ ਨੂੰ ਦੱਸਿਆ ਕਿ ਯਹੋਵਾਹ ਨੇ ਕੀ ਆਖਿਆ ਸੀ। ਫ਼ੇਰ ਮੂਸਾ ਨੇ 70 ਬਜ਼ੁਰਗਾਂ ਨੂੰ ਇਕੱਠਿਆ ਕੀਤਾ। ਮੂਸਾ ਨੇ ਉਨ੍ਹਾਂ ਨੂੰ ਤੰਬੂ ਦੇ ਆਲੇ-ਦੁਆਲੇ ਖੜ੍ਹਾ ਹੋਣ ਲਈ ਆਖਿਆ। 25 ਫ਼ੇਰ ਯਹੋਵਾਹ ਬੱਦਲ ਵਿੱਚੋਂ ਹੇਠਾਂ ਉਤਰਿਆ ਅਤੇ ਮੂਸਾ ਨਾਲ ਗੱਲ ਕੀਤੀ। ਆਤਮਾ ਮੂਸਾ ਦੇ ਉੱਪਰ ਸੀ। ਯਹੋਵਾਹ ਨੇ ਉਹੀ ਆਤਮਾ 70 ਬਜ਼ੁਰਗਾਂ ਦੇ ਉੱਪਰ ਰੱਖ ਦਿੱਤਾ ਜਦੋਂ ਆਤਮਾ ਉਨ੍ਹਾਂ ਦੇ ਉੱਪਰ ਉਤਰਿਆ, ਉਨ੍ਹਾਂ ਨੇ ਭਵਿੱਖਬਾਣੀ ਕਰਨੀ ਸ਼ੁਰੂ ਕਰ ਦਿੱਤੀ। ਪਰ ਇਹੀ ਇੱਕ ਮੌਕਾ ਸੀ ਜਦੋਂ ਇਨ੍ਹਾਂ ਲੋਕਾਂ ਨੇ ਅਜਿਹਾ ਕੀਤਾ।
26 ਬਜ਼ੁਰਗਾਂ ਵਿੱਚੋਂ ਦੋ ਅਲਦਾਦ ਅਤੇ ਮੇਦਾਦ ਤੰਬੂ ਕੋਲ ਨਹੀਂ ਗਏ ਉਨ੍ਹਾਂ ਦੇ ਨਾਮ ਬਜ਼ੁਰਗਾ ਦੀ ਸੂਚੀ ਵਿੱਚ ਸਨ। ਪਰ ਉਹ ਡੇਰੇ ਵਿੱਚ ਹੀ ਰੁਕੇ ਰਹੇ ਪਰ ਆਤਮਾ ਉਨ੍ਹਾਂ ਉੱਤੇ ਵੀ ਉਤਰਿਆ ਅਤੇ ਉਨ੍ਹਾਂ ਨੇ ਡੇਰੇ ਵਿੱਚ ਭਵਿੱਖਬਾਣੀ ਕਰਨੀ ਸ਼ੁਰੂ ਕਰ ਦਿੱਤੀ। 27 ਇੱਕ ਨੌਜਵਾਨ ਭੱਜਕੇ ਮੂਸਾ ਕੋਲ ਗਿਆ ਅਤੇ ਉਸ ਨੂੰ ਦੱਸਿਆ, “ਅਲਦਾਦ ਅਤੇ ਮੇਦਾਦ ਡੇਰੇ ਵਿੱਚ ਭਵਿੱਖਬਾਣੀ ਕਰ ਰਹੇ ਹਨ।”
28 ਨੂਨ ਦੇ ਪੁੱਤਰ ਯਹੋਸ਼ੁਆ ਨੇ ਮੂਸਾ ਨੂੰ ਆਖਿਆ, “ਸ੍ਰੀਮਾਨ ਮੂਸਾ ਜੀ ਤੁਹਾਨੂੰ ਉਨ੍ਹਾਂ ਨੂੰ ਰੋਕਣਾ ਚਾਹੀਦਾ ਹੈ!” (ਯਹੋਸ਼ੁਆ ਉਦੋਂ ਤੋਂ ਹੀ ਮੂਸਾ ਦਾ ਸਹਾਇਕ ਸੀ। ਜਦੋਂ ਉਹ ਹਾਲੇ ਮੁੰਡਾ ਹੀ ਸੀ।)
29 ਪਰ ਮੂਸਾ ਨੇ ਜਵਾਬ ਦਿੱਤਾ, “ਕੀ ਤੂੰ ਇਸ ਗੱਲੋਂ ਡਰਦਾ ਹੈਂ ਕਿ ਲੋਕ ਸੋਚਣਗੇ ਕਿ ਹੁਣ ਮੈਂ ਆਗੂ ਨਹੀਂ ਹਾਂ? ਮੈਂ ਚਾਹੁੰਦਾ ਹਾਂ ਕਿ ਯਹੋਵਾਹ ਦੇ ਸਾਰੇ ਲੋਕ ਭਵਿੱਖਬਾਣੀ ਕਰਨ ਦੇ ਯੋਗ ਹੋਣ। ਮੈਂ ਚਾਹੁੰਦਾ ਹਾਂ ਕਿ ਯਹੋਵਾਹ ਉਨ੍ਹਾਂ ਸਾਰਿਆਂ ਉੱਪਰ ਆਪਣਾ ਆਤਮਾ ਪਾਵੇ!”
ਮਸੀਹ ਵਿੱਚ ਇੱਕਮਿਕ
11 ਤੁਸੀਂ ਗੈਰ ਯਹੂਦੀਆਂ ਦੇ ਤੌਰ ਤੇ ਜਨਮੇ ਸੀ। ਤੁਸੀਂ ਉਹ ਲੋਕ ਹੋ ਜਿਨ੍ਹਾਂ ਨੂੰ ਯਹੂਦੀ “ਬੇ-ਸੁੰਨਤੀਏ” ਆਖਦੇ ਹਨ। ਉਹ ਯਹੂਦੀ ਜਿਹੜੇ ਤੁਹਾਨੂੰ “ਬੇ-ਸੁੰਨਤੀਏ” ਆਖਦੇ ਹਨ ਉਹ ਆਪਣੇ ਆਪ ਨੂੰ “ਸੁੰਨਤੀ” ਅਖਵਾਉਂਦੇ ਹਨ। ਉਨ੍ਹਾਂ ਦੀ ਸੁੰਨਤ ਅਜਿਹੀ ਹੈ ਜਿਹੜੀ ਉਹ ਖੁਦ ਆਪਣੇ ਸਰੀਰਾਂ ਉੱਪਰ ਕਰਦੇ ਹਨ। 12 ਅਤੀਤ ਵਿੱਚ, ਯਾਦ ਰੱਖੋ ਕਿ ਤੁਸੀਂ ਮਸੀਹ ਤੋਂ ਬਿਨਾ ਸੀ। ਤੁਸੀਂ ਇਸਰਾਏਲ ਦੇ ਨਾਗਰਿਕ ਨਹੀਂ ਸੀ। ਤੁਹਾਡੇ ਕੋਲ ਵਾਇਦੇ ਦਾ ਉਹ ਕਰਾਰ ਨਹੀਂ ਸੀ, ਜਿਹੜਾ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਦਿੱਤਾ ਸੀ। ਤੁਹਾਨੂੰ ਕੋਈ ਉਮੀਦ ਨਹੀਂ ਸੀ ਅਤੇ ਤੁਸੀਂ ਪਰਮੇਸ਼ੁਰ ਨੂੰ ਨਹੀਂ ਜਾਣਦੇ ਸੀ। 13 ਇਸ ਤਰ੍ਹਾਂ ਇੱਕ ਸਮੇਂ ਤੁਸੀਂ ਪਰਮੇਸ਼ੁਰ ਤੋਂ ਬਹੁਤ ਦੂਰ ਸੀ। ਪਰ ਹੁਣ ਤੁਸੀਂ ਮਸੀਹ ਯਿਸੂ ਵਿੱਚ ਉਸ ਦੇ ਲਹੂ ਰਾਹੀਂ ਪਰਮੇਸ਼ੁਰ ਦੇ ਨੇੜੇ ਲਿਆਏ ਗਏ ਹੋ।
14 ਮਸੀਹ ਦੇ ਕਾਰਣ ਹੁਣ ਸਾਨੂੰ ਸ਼ਾਂਤੀ ਮਿਲੀ ਹੋਈ ਹੈ। ਮਸੀਹ ਨੇ ਸਾਨੂੰ ਦੋਹਾਂ ਨੂੰ ਇੱਕ ਕੌਮ ਵਾਂਗ ਇਕੱਠਿਆਂ ਕੀਤਾ ਹੈ। ਯਹੂਦੀ ਅਤੇ ਗੈਰ ਯਹੂਦੀ ਇਸ ਤਰ੍ਹਾਂ ਵੰਡੇ ਹੋਏ ਸਨ ਜਿਵੇਂ ਉਨ੍ਹਾਂ ਵਿੱਚਕਾਰ ਇੱਕ ਕੰਧ ਹੋਵੇ। ਉਹ ਇੱਕ ਦੂਸਰੇ ਨੂੰ ਨਫ਼ਰਤ ਕਰਦੇ ਸਨ। ਪਰ ਮਸੀਹ ਨੇ ਆਪਣਾ ਸਰੀਰ ਦੇਕੇ ਨਫ਼ਰਤ ਦੀ ਉਸ ਕੰਧ ਨੂੰ ਢਾਹ ਦਿੱਤਾ। 15 ਯਹੂਦੀ ਸ਼ਰ੍ਹਾ ਵਿੱਚ ਕਈ ਹੁਕਮ ਅਤੇ ਅਸੂਲ ਸਨ। ਪਰ ਮਸੀਹ ਨੇ ਉਸ ਸ਼ਰ੍ਹਾ ਦਾ ਅੰਤ ਕਰ ਦਿੱਤਾ। ਮਸੀਹ ਦਾ ਉਦੇਸ਼ ਲੋਕਾਂ ਦੇ ਦੋ ਸਮੂਹਾਂ ਨੂੰ ਆਪਣੇ ਵਿੱਚ ਇੱਕ ਕੌਮ ਬਨਾਉਣਾ ਅਤੇ ਉੱਥੇ ਸ਼ਾਂਤੀ ਸਥਾਪਿਤ ਕਰਨਾ ਸੀ। 16 ਮਸੀਹ ਨੇ ਸਲੀਬ ਤੇ ਮਰਕੇ ਇਨ੍ਹਾਂ ਦੋਹਾਂ ਸਮੂਹਾਂ ਵਿੱਚਲੀ ਨਫ਼ਰਤ ਦਾ ਅੰਤ ਕਰ ਦਿੱਤਾ ਹੈ। ਜਦੋਂ ਦੋ ਸਮੂਹ ਇੱਕ ਸਰੀਰ ਬਣ ਗਏ, ਉਹ ਵਾਪਸ ਉਨ੍ਹਾਂ ਨੂੰ ਪਰਮੇਸ਼ੁਰ ਕੋਲ ਲੈ ਆਇਆ। ਇਹ ਮਸੀਹ ਨੇ ਸਲੀਬ ਉੱਤੇ ਆਪਣੀ ਮੌਤ ਰਾਹੀਂ ਕੀਤਾ। 17 ਮਸੀਹ ਆਇਆ ਅਤੇ ਉਸ ਨੇ ਸ਼ਾਂਤੀ ਦਾ ਪ੍ਰਚਾਰ ਤੁਹਾਡੇ ਸਭਨਾਂ ਵਿੱਚ ਕੀਤਾ ਤੁਸੀਂ ਜੋ ਪਰਮੇਸ਼ੁਰ ਤੋਂ ਦੂਰ ਹੋ ਅਤੇ ਤੁਸੀਂ ਜਿਹੜੇ ਪਰਮੇਸ਼ੁਰ ਦੇ ਨਜ਼ਦੀਕ ਹੋ। 18 ਹਾਂ, ਮਸੀਹ ਰਾਹੀਂ, ਸਾਡੇ ਦੋਹਾਂ ਸਮੂਹਾਂ ਨੂੰ ਇੱਕ ਆਤਮਾ ਵਿੱਚ ਪਿਤਾ ਕੋਲ ਆਉਣ ਦਾ ਹੱਕ ਹੈ।
19 ਹੁਣ ਤੁਸੀਂ ਗੈਰ ਯਹੂਦੀਓ ਓਪਰੇ ਜਾਂ ਯਾਤਰੀ ਨਹੀਂ ਹੋ। ਹੁਣ ਤੁਸੀਂ, ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦੇ ਨਾਲ ਦੇ ਨਾਗਰਿਕ ਹੋ ਤੁਸੀਂ ਪਰਮੇਸ਼ੁਰ ਦੇ ਪਰਿਵਾਰ ਦੇ ਹੋਂ। 20 ਤੁਸੀਂ ਵਿਸ਼ਵਾਸੀ ਉਸ ਇਮਾਰਤ ਵਾਂਗ ਹੋ ਜਿਸਦਾ ਮਾਲਕ ਪਰਮੇਸ਼ੁਰ ਹੈ। ਇਹ ਇਮਾਰਤ ਰਸੂਲਾਂ ਅਤੇ ਨਬੀਆਂ ਦੁਆਰਾ ਬਣਾਈ ਉਸ ਬੁਨਿਯਾਦ ਉੱਪਰ ਉਸਾਰੀ ਗਈ ਸੀ। ਮਸੀਹ ਯਿਸੂ ਖੁਦ ਇਸ ਇਮਾਰਤ ਦਾ ਸਭ ਤੋਂ ਮਹੱਤਵਪੂਰਣ ਪੱਥਰ ਹੈ। 21 ਇਹ ਸਾਰੀ ਇਮਾਰਤ ਮਸੀਹ ਵਿੱਚ ਸੰਯੁਕਤ ਹੈ। ਅਤੇ ਇਸ ਨੂੰ ਵੱਧਾਕੇ, ਮਸੀਹ ਇਸ ਨੂੰ ਪ੍ਰਭੂ ਵਿੱਚ ਇੱਕ ਪਵਿੱਤਰ ਮੰਦਰ ਬਣਾ ਦਿੰਦਾ ਹੈ। 22 ਅਤੇ ਮਸੀਹ ਵਿੱਚ, ਤੁਸੀਂ ਲੋਕ ਹੋਰਨਾਂ ਲੋਕਾਂ ਸਮੇਤ ਉਸਾਰੇ ਜਾ ਰਹੇ ਹੋਂ। ਤੁਸੀਂ ਇੱਕ ਅਜਿਹੇ ਸਥਾਨ ਤੇ ਨਿਰਮਾਣਿਤ ਕੀਤੇ ਜਾ ਰਹੇ ਹੋ ਜਿੱਥੇ ਆਤਮਾ ਦੇ ਰਾਹੀਂ ਪਰਮੇਸ਼ੁਰ ਨਿਵਾਸ ਕਰਦਾ ਹੈ।
28 ਜਦੋਂ ਯਿਸੂ ਇਹ ਗੱਲਾਂ ਆਖ ਹਟਿਆ, ਤਾਂ ਲੋਕ ਉਸ ਦੇ ਉਪਦੇਸ਼ ਉੱਤੇ ਹੈਰਾਨ ਹੋ ਗਏ। 29 ਕਿਉਂਕਿ ਯਿਸੂ ਨੇ ਉਨ੍ਹਾਂ ਨੇਮ ਦੇ ਉਪਦੇਸ਼ਕਾਂ ਵਾਂਗ ਉਪਦੇਸ਼ ਨਾ ਦਿੱਤਾ ਸਗੋਂ ਯਿਸੂ ਨੇ ਇੱਕ ਅਜਿਹੇ ਮਨੁੱਖ ਵਾਂਗ ਉਪਦੇਸ਼ ਦਿੱਤਾ ਜਿਸ ਕੋਲ ਅਧਿਕਾਰ ਸੀ।
ਯਿਸੂ ਦਾ ਰੋਗੀ ਨੂੰ ਚੰਗਾ ਕਰਨਾ(A)
8 ਜਦੋਂ ਉਹ ਪਹਾੜੀ ਤੋਂ ਉੱਤਰਿਆ ਤਾਂ ਵੱਡੀ ਭੀੜ ਉਸ ਦੇ ਮਗਰ ਲੱਗ ਪਈ। 2 ਇੱਕ ਕੋੜ੍ਹੀ ਨੇ ਯਿਸੂ ਕੋਲ ਆਕੇ ਉਸ ਅੱਗੇ ਮੱਥਾ ਟੇਕਿਆ ਅਤੇ ਕਿਹਾ, “ਪ੍ਰਭੂ ਜੀ ਜੇ ਤੁਸੀਂ ਚਾਹੋ ਤਾਂ ਮੈਨੂੰ ਠੀਕ ਕਰ ਸੱਕਦੇ ਹੋਂ।”
3 ਯਿਸੂ ਨੇ ਆਪਣਾ ਹੱਥ ਫ਼ੈਲਾਇਆ ਅਤੇ ਉਸ ਆਦਮੀ ਨੂੰ ਛੋਹਿਆ ਅਤੇ ਆਖਿਆ, “ਮੈਂ ਤੈਨੂੰ ਠੀਕ ਕਰਨਾ ਚਾਹੁੰਦਾ ਹਾਂ।” ਅਤੇ ਉਸੇ ਵੇਲੇ ਕੋੜ੍ਹੀ ਦਾ ਕੋੜ੍ਹ ਜਾਂਦਾ ਰਿਹਾ। 4 ਤਾਂ ਯਿਸੂ ਨੇ ਉਸ ਨੂੰ ਆਖਿਆ, “ਹੁਣੇ ਜੋ ਕੁਝ ਵਾਪਰਿਆ ਹੈ ਜਾਕੇ ਕਿਸੇ ਨੂੰ ਨਾ ਦੱਸੀਂ, ਪਰ ਜਾਕੇ ਆਪਣੇ ਜਾਜਕ ਨੂੰ ਵਿਖਾਈਂ ਅਤੇ ਮੂਸਾ ਦੀ ਸ਼ਰ੍ਹਾ ਦੇ ਹੁਕਮ ਅਨੁਸਾਰ ਜਾਕੇ ਭੇਟਾ ਚੜ੍ਹਾ ਲੋਕਾਂ ਲਈ ਇਹ ਇੱਕ ਸਾਖੀ ਹੋਵੇਗੀ।”
2010 by World Bible Translation Center