Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 40

ਨਿਰਦੇਸ਼ਕ ਲਈ : ਦਾਊਦ ਦਾ ਇੱਕ ਗੀਤ।

40 ਮੈਂ ਯਹੋਵਾਹ ਨੂੰ ਪੁਕਾਰਿਆ ਅਤੇ ਉਸ ਨੇ ਮੇਰੀ ਪੁਕਾਰ ਸੁਣੀ।
    ਉਸ ਨੇ ਮੇਰੀਆਂ ਚੀਕਾਂ ਸੁਣੀਆਂ।
ਯਹੋਵਾਹ ਨੇ ਮੈਨੂੰ ਕਬਰ ਤੋਂ ਬਚਾ ਲਿਆ।
    ਉਸ ਨੇ ਮੈਨੂੰ ਚਿੱਕੜ ਵਿੱਚੋਂ ਉਤਾਹਾਂ ਚੁੱਕਿਆ।
ਉਸ ਨੇ ਮੈਨੂੰ ਚੁੱਕਿਆ ਅਤੇ ਠੋਸ ਧਰਤੀ ਉੱਤੇ ਸਥਾਪਿਤ ਕੀਤਾ
    ਅਤੇ ਮੇਰੇ ਪੈਰ ਨੂੰ ਤਿਲਕਣ ਤੋਂ ਬਚਾਇਆ।
ਪਰਮੇਸ਼ੁਰ ਨੇ ਮੇਰੇ ਮੂੰਹ ਵਿੱਚ ਇੱਕ ਨਵਾਂ ਗੀਤ ਪਾਇਆ।
    ਮੇਰੇ ਪਰਮੇਸ਼ੁਰ ਦੀ ਉਸਤਤਿ ਦਾ ਗੀਤ।
ਬਹੁਤ ਸਾਰੇ ਲੋਕ ਗਵਾਹੀ ਦੇਣਗੇ ਕਿ ਮੇਰੇ ਨਾਲ ਕੀ ਵਾਪਰਿਆ ਅਤੇ ਉਹ ਪਰਮੇਸ਼ੁਰ ਦੀ ਉਪਾਸਨਾ ਕਰਨਗੇ।
    ਉਨ੍ਹਾਂ ਨੂੰ ਯਹੋਵਾਹ ਵਿੱਚ ਭਰੋਸਾ ਹੋਵੇਗਾ।
ਜੇ ਕੋਈ ਵਿਅਕਤੀ ਯਹੋਵਾਹ ਵਿੱਚ ਆਪਣੀ ਆਸਥਾ ਰੱਖਦਾ ਹੈ, ਉਹ ਸੱਚਮੁੱਚ ਖੁਸ਼ ਹੋਵੇਗਾ।
    ਉਹ ਵਿਅਕਤੀ ਸੱਚਮੁੱਚ ਖੁਸ਼ ਹੋਵੇਗਾ ਜੋ ਮਦਦ ਲਈ ਭੂਤਾਂ ਅਤੇ ਝੂਠੇ ਦੇਵਤਿਆਂ ਵੱਲ ਨਹੀਂ ਤੱਕਦਾ।
ਯਹੋਵਾਹ, ਸਾਡੇ ਪਰਮੇਸ਼ੁਰ ਤੁਸੀਂ ਬਹੁਤ ਅਦਭੁਤ ਗੱਲਾਂ ਕੀਤੀਆਂ ਹਨ।
    ਸਾਡੇ ਲਈ ਤੁਹਾਡੀਆਂ ਅਦਭੁਤ ਯੋਜਨਾਵਾਂ ਹਨ।
ਜਿਨ੍ਹਾਂ ਸਾਰੀਆਂ ਦੀ ਕੋਈ ਵੀ ਗਿਣਤੀ ਨਹੀਂ ਕਰ ਸੱਕਦਾ।
    ਮੈਂ ਇਨ੍ਹਾਂ ਗੱਲਾਂ ਬਾਰੇ ਬਾਰ-ਬਾਰ ਦੱਸਾਂਗਾ ਜਿਹੜੀਆਂ ਗਿਣਤੀ ਬਾਹਰੀਆਂ ਹਨ।
ਯਹੋਵਾਹ, ਤੁਸੀਂ ਮੈਨੂੰ ਇਹੀ ਸਮਝਾਇਆ;
    ਅਸਲ ਵਿੱਚ, ਤੁਹਾਨੂੰ ਬਲੀਆਂ ਅਤੇ ਅੰਨ੍ਹ ਦੇ ਚੜ੍ਹਾਵੇ ਨਹੀਂ ਚਾਹੀਦੇ।
    ਤੁਹਾਨੂੰ ਸੱਚਮੁੱਚ ਹੋਮ ਚੜ੍ਹਾਵੇ ਅਤੇ ਪਾਪ ਦੇ ਚੜ੍ਹਾਵੇ ਨਹੀਂ ਚਾਹੀਦੇ।
ਇਸ ਲਈ ਮੈਂ ਆਖਿਆ, “ਮੈਂ ਇੱਥੇ ਹਾਂ।
    ਮੈਨੂੰ ਲੈ ਜਾਉ। ਮੈਂ ਆ ਰਿਹਾ।
    ਮੇਰੇ ਬਾਰੇ ਪੁਸਤਕ ਵਿੱਚ ਇਹ ਲਿਖਿਆ ਗਿਆ ਹੈ।
ਮੇਰੇ ਪਰਮੇਸ਼ੁਰ ਮੈਂ ਉਹੀ ਕਰਨਾ ਚਾਹੁੰਦਾ ਹਾਂ ਜੋ ਤੁਸੀਂ ਚਾਹੁੰਦੇ ਹੋ।
    ਮੈਂ ਤੁਹਾਡੀਆਂ ਸਿੱਖਿਆਵਾਂ ਤੋਂ ਵਾਕਿਫ਼ ਹਾਂ।”
ਮੈਂ ਲੋਕਾਂ ਨੂੰ ਮਹਾਂ ਸਭਾ ਵਿੱਚ ਤੇਰੀ ਜਿੱਤ ਬਾਰੇ ਖੁਸ਼ਖਬਰੀ ਦੱਸੀ।
    ਅਤੇ ਯਹੋਵਾਹ, ਤੁਸੀਂ ਜਾਣਦੇ ਹੋ, ਮੈਂ ਕਦੇ ਵੀ ਉਹ ਖੁਸ਼ਖਬਰੀ ਦੇਣ ਤੋਂ ਨਹੀਂ ਰੁਕਾਂਗਾ।
10 ਹੇ ਯਹੋਵਾਹ, ਮੈਂ ਤੇਰੀਆਂ ਕੀਤੀਆਂ ਚੰਗੀਆਂ ਗੱਲਾਂ ਬਾਰੇ ਦੱਸਿਆ।
    ਮੈਂ ਉਨ੍ਹਾਂ ਗੱਲਾਂ ਨੂੰ ਦਿਲ ਅੰਦਰ ਨਹੀਂ ਛੁਪਾਇਆ।
ਯਹੋਵਾਹ, ਮੈਂ ਲੋਕਾਂ ਨੂੰ ਦੱਸਿਆ ਕਿ ਉਹ ਆਪਣੇ ਬਚਾਉ ਲਈ ਤੁਹਾਡੇ ਉੱਪਰ ਨਿਰਭਰ ਕਰ ਸੱਕਦੇ ਹਨ।
    ਮੈਂ ਸਭਾ ਵਿੱਚ ਲੋਕਾਂ ਕੋਲੋਂ ਤੁਹਾਡੀ ਨਿਸ਼ਠਾ ਅਤੇ ਤੁਹਾਡਾ ਸੱਚਾ ਪਿਆਰ ਨਹੀਂ ਲੁਕੋਇਆ।
11 ਇਸ ਲਈ ਯਹੋਵਾਹ, ਮੇਰੇ ਪਾਸੋਂ ਆਪਣਾ ਰਹਮ ਨਾ ਛੁਪਾਉ।
    ਤੁਹਾਡੀ ਦਯਾ ਅਤੇ ਵਫ਼ਾਦਾਰੀ ਨੂੰ ਮੇਰੀ ਰੱਖਿਆ ਕਰਨ ਦਿਉ।

12 ਬੁਰੇ ਲੋਕੀਂ ਮੈਨੂੰ ਘੇਰੀ ਬੈਠੇ ਹਨ।
    ਉਨ੍ਹਾਂ ਦੀ ਗਿਣਤੀ ਬੇਸ਼ੁਮਾਰ ਹੈ।
ਮੈਨੂੰ ਮੇਰੇ ਗੁਨਾਹਾਂ ਨੇ ਫ਼ੜ ਲਿਆ ਹੈ
    ਅਤੇ ਮੈਂ ਉਨ੍ਹਾਂ ਤੋਂ ਨਹੀਂ ਬਚ ਸੱਕਦਾ।
ਉਹ ਗਿਣਤੀ ਵਿੱਚ ਮੇਰੇ ਸਿਰ ਦੇ ਵਾਲਾਂ ਨਾਲੋਂ ਵੀ ਵੱਧ ਹਨ,
    ਇਸ ਲਈ ਮੈਂ ਆਪਣਾ ਹੌਂਸਲਾ ਹਾਰ ਗਿਆ ਹਾਂ।
13 ਯਹੋਵਾਹ, ਮੇਰੇ ਕੋਲ ਨੱਸੱਕੇ ਆਉ ਅਤੇ ਮੈਨੂੰ ਬਚਾ ਲਵੋ।
    ਯਹੋਵਾਹ ਛੇਤੀ ਆਉ ਅਤੇ ਮੇਰੀ ਸਹਾਇਤਾ ਕਰੋ।
14 ਉਹ ਮੰਦੇ ਲੋਕ ਮੈਨੂੰ ਮਾਰਨ ਦੀ ਕੋਸ਼ਿਸ਼ ਵਿੱਚ ਹਨ।
    ਯਹੋਵਾਹ, ਉਨ੍ਹਾਂ ਲੋਕਾਂ ਨੂੰ ਸ਼ਰਮਸਾਰ ਅਤੇ ਨਾ ਉੱਮੀਦ ਕਰੋ।
ਉਹ ਲੋਕ ਮੈਨੂੰ ਦੁੱਖ ਦੇਣਾ ਚਾਹੁੰਦੇ ਹਨ।
    ਉਨ੍ਹਾਂ ਨੂੰ ਸ਼ਰਮਸਾਰ ਹੋਕੇ ਭੱਜ ਜਾਣ ਦਿਉ।
15 ਉਹ ਮੰਦੇ ਲੋਕ ਮੇਰਾ ਮਜ਼ਾਕ ਉਡਾ ਰਹੇ ਹਨ।
    ਉਨ੍ਹਾਂ ਨੂੰ ਬੋਲਣ ਤੋਂ ਵੀ ਸੰਗਾਉ।
16 ਉਨ੍ਹਾਂ ਲੋਕਾਂ ਨੂੰ, ਜਿਹੜੇ ਤੁਹਾਡੇ ਕੋਲ ਆਉਂਦੇ ਹਨ ਉਨ੍ਹਾਂ ਨੂੰ ਖੁਸ਼ੀ ਅਤੇ ਆਨੰਦ ਮਨਾਉਣ ਦਿਉ।
    ਉਹ ਤੁਹਾਡੇ ਦੁਆਰਾ ਬਚਾਏ ਜਾਣ ਨੂੰ ਪਸੰਦ ਕਰਦੇ ਹਨ।
    ਇਸ ਲਈ ਉਨ੍ਹਾਂ ਨੂੰ ਹਮੇਸ਼ਾ ਆਖਣ ਦਿਉ, “ਯਹੋਵਾਹ ਦੀ ਉਸਤਤਿ ਕਰੋ।”

17 ਮਾਲਕ, ਮੈਂ ਸਿਰਫ਼ ਇੱਕ ਕੰਗਾਲ ਅਤੇ ਬੇਸਹਾਰਾ ਬੰਦਾ ਹਾਂ।
    ਮੇਰੀ ਸਹਾਇਤਾ ਕਰੋ।
ਮੈਨੂੰ ਬਚਾਉ।
    ਮੇਰੇ ਪਰਮੇਸ਼ੁਰ ਬਹੁਤ ਦੇਰੀ ਨਾ ਲਾਵੋ।

ਜ਼ਬੂਰ 54

ਨਿਰਦੇਸ਼ਕ ਲਈ: ਸਾਜ਼ਾਂ ਨਾਲ। ਦਾਊਦ ਦਾ ਮਸੱਕੀਲ, ਉਦੋਂ ਦੀ ਲਿਖੀ ਹੋਈ, ਜਦੋਂ ਜ਼ਿਫ਼ੀਆਂ ਸ਼ਾਊਲ ਕੋਲ ਆਇਆ ਅਤੇ ਆਖਿਆ, “ਸਾਡਾ ਖਿਆਲ ਹੈ ਕਿ ਦਾਊਦ ਆਪਣੇ-ਆਪ ਨੂੰ ਸਾਡੇ ਲੋਕਾਂ ਦਰਮਿਆਨ ਲੁਕੋ ਰਿਹਾ ਹੈ।”

54 ਹੇ ਪਰਮੇਸ਼ੁਰ, ਆਪਣੀ ਤਾਕਤ ਵਰਤੋਂ ਅਤੇ ਮੈਨੂੰ ਬਚਾਵੋ।
    ਆਪਣੀ ਅਸੀਸ ਦੀ ਸ਼ਕਤੀ ਦੀ ਵਰਤੋਂ ਕਰਕੇ ਮੈਨੂੰ ਮੁਕਤ ਕਰੋ।
ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਸੁਣੋ,
    ਉਹ ਗੱਲਾਂ ਸੁਣੋ ਜੋ ਮੈਂ ਆਖਦਾ ਹਾਂ।
ਉਹ ਅਜਨਬੀ ਜਿਹੜੇ ਪਰਮੇਸ਼ੁਰ ਦੀ ਉਪਾਸਨਾ ਵੀ ਨਹੀਂ ਕਰਦੇ ਮੇਰੇ ਖਿਲਾਫ਼ ਹੋ ਗਏ ਹਨ।
    ਉਹ ਤਕੜੇ ਆਦਮੀ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ।

ਦੇਖੋ, ਮੇਰਾ ਪਰਮੇਸ਼ੁਰ ਮੇਰੀ ਸਹਾਇਤਾ ਕਰੇਗਾ।
    ਮੇਰਾ ਮਾਲਕ ਮੈਨੂੰ ਸਹਾਰਾ ਦੇਣ ਵਾਲਿਆਂ ਵਿੱਚੋਂ ਇੱਕ ਹੈ।
ਮੇਰਾ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗਾ ਜਿਹੜੇ ਮੇਰੇ ਖਿਲਾਫ਼ ਹੋ ਗਏ ਹਨ।
    ਪਰਮੇਸ਼ੁਰ ਮੇਰੇ ਨਾਲ ਵਫ਼ਾ ਕਰੇਗਾ, ਅਤੇ ਉਹ ਉਨ੍ਹਾਂ ਲੋਕਾਂ ਨੂੰ ਬਰਬਾਦ ਕਰ ਦੇਵੇਗਾ।

ਹੇ ਪਰਮੇਸ਼ੁਰ, ਮੈਂ ਤੁਹਾਨੂੰ ਆਪਣੀ ਮਰਜ਼ੀ ਨਾਲ ਸੁਗਾਤਾਂ ਭੇਟ ਕਰਾਂਗਾ।
    ਹੇ ਯਹੋਵਾਹ, ਮੈਂ ਤੇਰੇ ਚੰਗੇ ਨਾਮ ਦੀ ਉਸਤਤਿ ਕਰਾਂਗਾ।
ਕਿਉਂਕਿ ਤੁਸੀਂ ਹੀ ਮੈਨੂੰ ਮੇਰੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਇਆ।
    ਮੈਂ ਆਪਣਿਆ ਵੈਰੀਆਂ ਨੂੰ ਹਾਰਦਿਆਂ ਦੇਖਿਆ।

ਜ਼ਬੂਰ 51

ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ। ਇਹ ਗੀਤ ਉਸ ਸਮੇਂ ਬਾਰੇ ਹੈ ਜਦੋਂ ਨਾਥਾਨ ਨੱਬੀ ਦਾਊਦ ਦੇ ਬਥਸ਼ਬਾ ਨਾਲ ਗੁਨਾਹ ਤੋਂ ਬਾਅਦ ਦਾਊਦ ਕੋਲ ਜਾਂਦਾ ਹੈ।

51 ਹੇ ਪਰਮੇਸ਼ੁਰ, ਆਪਣੀ ਪਿਆਰ ਭਰੀ ਮਿਹਰ ਕਾਰਣ ਮੇਰੇ ਉੱਤੇ ਦਯਾ ਕਰ।
    ਆਪਣੀ ਮਹਾਨ ਦਯਾ ਕਾਰਣ, ਮੇਰੇ ਸਾਰੇ ਪਾਪ ਮਿਟਾ ਦੇ।
ਹੇ ਪਰਮੇਸ਼ੁਰ, ਮੇਰਾ ਦੋਸ਼ ਧੋ ਸੁੱਟ।
    ਮੇਰੇ ਗੁਨਾਹ ਧੋ ਸੁੱਟ, ਮੈਨੂੰ ਇੱਕ ਵਾਰ ਫ਼ੇਰ ਨਿਰਮਲ ਬਣਾ ਦੇ।
ਮੈਂ ਜਾਣਦਾ ਹਾਂ ਕਿ ਮੈਂ ਗੁਨਾਹ ਕੀਤਾ ਸੀ
    ਮੈਂ ਹਮੇਸ਼ਾ ਉਨ੍ਹਾਂ ਗੁਨਾਹਾਂ ਨੂੰ ਦੇਖਦਾ ਹਾਂ।
ਮੈਂ ਉਹੀ ਗੱਲਾਂ ਕੀਤੀਆਂ ਜਿਨ੍ਹਾਂ ਨੂੰ ਤੁਸੀਂ ਗਲਤ ਆਖਦੇ ਹੋਂ।
    ਹੇ ਪਰਮੇਸ਼ੁਰ ਤੁਸੀਂ ਹੀ ਹੋ ਜਿਸਦੇ ਖਿਲਾਫ਼ ਮੈਂ ਗੁਨਾਹ ਕੀਤੇ ਸਨ।
ਮੈਂ ਇਨ੍ਹਾਂ ਗੱਲਾਂ ਨੂੰ ਲੋਕਾਂ ਦੇ ਜਾਨਣ ਲਈ ਸਵੀਕਾਰਦਾ ਹਾਂ,
    ਕਿ ਮੈਂ ਗਲਤ ਸਾਂ ਅਤੇ ਤੁਸੀਂ ਸਹੀ ਸੀ।
    ਤੁਹਾਡੇ ਨਿਆਂ ਨਿਰਪੱਖ ਹਨ।
ਮੈਂ ਗੁਨਾਹਾਂ ਵਿੱਚ ਜੰਮਿਆ ਸਾਂ,
    ਅਤੇ ਵਿੱਚ ਹੀ ਮੇਰੀ ਮਾਂ ਨੇ ਮੈਨੂੰ ਗਰਭ ਅੰਦਰ ਧਾਰਣ ਕੀਤਾ ਸੀ।
ਹੇ ਪਰਮੇਸ਼ੁਰ, ਤੁਸੀਂ ਚਾਹੁੰਦੇ ਹੋ ਕਿ ਮੈਂ ਸੱਚਮੁੱਚ ਤੁਹਾਡਾ ਵਫ਼ਾਦਾਰ ਹੋਵਾਂ
    ਇਸ ਲਈ ਆਪਣੀ ਸੱਚੀ ਸੂਝ ਮੇਰੇ ਧੁਰ ਅੰਦਰ ਰੱਖੋ।
ਪਵਿੱਤਰ ਪੌਦੇ ਦੀ ਵਰਤੋਂ ਕਰੋ ਅਤੇ ਗੁਨਾਹ ਮੈਨੂੰ ਸ਼ੁੱਧ ਬਨਾਉਣ ਦੀ ਰਸਮ ਕਰੋ।
    ਮੈਨੂੰ ਉਦੋਂ ਤੱਕ ਧੋਵੋ ਜਦੋਂ ਤੱਕ ਮੈਂ ਬਰਫ਼ ਵਾਂਗੂ ਚਿੱਟਾ ਨਾ ਹੋ ਜਾਵਾਂ।
ਮੈਨੂੰ ਖੁਸ਼ੀ ਪ੍ਰਦਾਨ ਕਰੋ।
ਮੈਨੂੰ ਫ਼ੇਰ ਤੋਂ ਖੁਸ਼ ਹੋਣ ਦੀ ਜਾਂਚ ਦੱਸੋਂ
    ਉਨ੍ਹਾਂ ਹੱਡੀਆਂ ਨੂੰ ਖੁਸ਼ ਹੋਣ ਦਿਉ ਜਿਨ੍ਹਾਂ ਨੂੰ ਤੁਸਾਂ ਕੁਚੱਲਿਆ ਸੀ।
ਹੇ ਪਰਮੇਸ਼ੁਰ ਮੇਰੇ ਗੁਨਾਹਾਂ ਵੱਲ ਨਾ ਤੱਕੋ,
    ਉਨ੍ਹਾਂ ਸਭ ਨੂੰ ਮਿਟਾ ਦਿਉ।
10 ਹੇ ਪਰਮੇਸ਼ੁਰ, ਮੇਰੇ ਅੰਦਰ ਸ਼ੁੱਧ ਹਿਰਦੇ ਦੀ ਸਾਜਨਾ ਕਰੋ।
    ਇੱਕ ਵਾਰੀ ਫ਼ੇਰ ਮੇਰੀ ਰੂਹ ਨੂੰ ਮਜ਼ਬੂਤ ਬਣਾ ਦਿਉ।
11 ਮੈਨੂੰ ਧੱਕ ਕੇ ਦੂਰ ਨਾ ਕਰੋ।
    ਅਤੇ ਆਪਣਾ ਪਵਿੱਤਰ ਆਤਮਾ ਮੇਰੇ ਵਿੱਚੋਂ ਨਾ ਖਿੱਚੋ।
12 ਤੁਹਾਡੀ ਸਹਾਇਤਾ ਨੇ ਮੈਨੂੰ ਕਿੰਨੀ ਖੁਸ਼ੀ ਦਿੱਤੀ ਹੈ।
    ਮੈਨੂੰ ਉਹ ਖੁਸ਼ੀ ਫ਼ੇਰ ਦਿਉ।
    ਮੇਰੀ ਰੂਹ ਨੂੰ ਮਜ਼ਬੂਤ ਅਤੇ ਤੁਹਾਡਾ ਹੁਕਮ ਮੰਨਣ ਲਈ ਤੱਤਪਰ ਬਣਾਉ।
13 ਮੈਂ ਗੁਨਾਹਗਾਰਾਂ ਨੂੰ ਉਹੀ ਸਿੱਖਾਵਾਂਗਾ ਜਿਵੇਂ ਤੁਸੀਂ ਚਾਹੁੰਦੇ ਹੋ
    ਕਿ ਉਹ ਜਿਉਣ ਅਤੇ ਉਹ ਵਾਪਸ ਤੁਹਾਡੇ ਵੱਲ ਪਰਤਨਗੇ।
14 ਹੇ ਪਰਮੇਸ਼ੁਰ, ਮੈਨੂੰ ਸਜਾਏ ਮੌਤ ਤੋਂ ਬਚਾਉ,
    ਮੇਰੇ ਯਹੋਵਾਹ, ਇਹ ਤੁਸੀਂ ਹੀ ਹੋ ਜੋ ਮੇਰੀ ਰੱਖਿਆ ਕਰਦੇ ਹੋ।
ਮੈਨੂੰ ਤੁਹਾਡੀ ਵਫ਼ਾਦਾਰੀ ਬਾਰੇ ਗਾਉਣ ਦਿਉ।
15     ਮੇਰੇ ਮਾਲਕ, ਮੈਂ ਆਪਣਾ ਮੂੰਹ ਖੋਲ੍ਹਾਂਗਾ ਅਤੇ ਤੁਹਾਡੀਆਂ ਉਸਤਤਾਂ ਗਾਵਾਂਗਾ।
16 ਅਸਲ ਵਿੱਚ ਤੁਹਾਨੂੰ ਬਲੀਆਂ ਨਹੀਂ ਚਾਹੀਦੀਆਂ,
    ਇਸ ਲਈ ਮੈਨੂੰ ਬਲੀਆਂ ਕਿਉਂ ਚੜ੍ਹਾਉਣੀਆਂ ਚਾਹੀਦੀਆਂ ਜਿਹੜੀਆਂ ਤੈਨੂੰ ਚਾਹੀਦੀਆਂ ਵੀ ਨਹੀਂ।
17 ਪਰਮੇਸ਼ੁਰ ਜਿਹੜੀ ਬਲੀ ਚਾਹੁੰਦਾ ਹੈ ਉਹ ਗੁਮਾਨ ਨਾਲ ਨਾ ਭਰੀ ਹੋਈ ਰੂਹ ਹੈ।
    ਹੇ ਪਰਮੇਸ਼ੁਰ, ਤੁਸੀਂ ਉਸ ਬੰਦੇ ਨੂੰ ਵਾਪਸ ਨਹੀਂ ਮੋੜਦੇ ਜਿਹੜਾ ਲਾਚਾਰ ਅਤੇ ਨਿਮ੍ਰਤਾ ਨਾਲ ਤੁਹਾਡੇ ਕੋਲ ਆਉਂਦਾ ਹੈ।

18 ਹੇ ਪਰਮੇਸ਼ੁਰ, ਕਿਰਪਾ ਕਰਕੇ ਸੀਯੋਨ ਨਾਲ ਚੰਗਾ ਹੋ।
    ਯਰੂਸ਼ਲਮ ਦੀਆਂ ਕੰਧਾਂ ਦੀ ਪੁਨਰ ਉਸਾਰੀ ਕਰੋ।
19 ਫ਼ੇਰ ਤੁਸੀਂ ਚੰਗੀਆਂ ਬਲੀਆਂ
    ਅਤੇ ਅਗਨ ਭੇਟਾਂ ਕੀਤੇ ਚੜ੍ਹਾਵਿਆਂ ਨੂੰ ਮਾਣੋਂਗੇ
    ਅਤੇ ਫ਼ੇਰ ਲੋਕ ਤੁਹਾਡੀ ਜਗਵੇਦੀ ਉੱਤੇ ਬਲਦ ਚੜ੍ਹਾਉਣਗੇ।

ਕੂਚ 34:18-35

18 “ਪਤੀਰੀ ਰੋਟੀ ਦੇ ਪਰਬ ਦਾ ਜਸ਼ਨ ਮਨਾਉ। ਸੱਤ ਦਿਨ ਤੱਕ ਉਹੀ ਪਤੀਰੀ ਰੋਟੀ ਖਾਓ, ਜਿਹਾ ਕਿ ਮੈਂ ਤੁਹਾਨੂੰ ਪਹਿਲਾਂ ਹੁਕਮ ਦਿੱਤਾ ਸੀ। ਅਜਿਹਾ ਉਸ ਮਹੀਨੇ ਦੌਰਾਨ ਕਰੋ ਜਿਸਦੀ ਮੈਂ ਚੋਣ ਕੀਤੀ ਹੈ, ਅਬੀਬ ਦਾ ਮਹੀਨਾ। ਕਿਉਂਕਿ ਇਹੀ ਉਹ ਮਹੀਨਾ ਹੈ ਜਦੋਂ ਤੁਸੀਂ ਮਿਸਰ ਵਿੱਚੋਂ ਬਾਹਰ ਆਏ ਸੀ।

19 “ਕਿਸੇ ਵੀ ਔਰਤ ਦਾ ਪਹਿਲੋਠਾ ਨਰ ਬੱਚਾ ਮੇਰਾ ਹੈ। ਉਹ ਪਹਿਲੋਠੇ ਨਰ ਜਾਨਵਰ ਵੀ ਜਿਨ੍ਹਾਂ ਨੂੰ ਤੁਹਾਡੇ ਪਸ਼ੂ ਜਾਂ ਭੇਡਾਂ ਜਨਮ ਦਿੰਦੀਆਂ ਹਨ ਮੇਰੇ ਹਨ। 20 ਜੇ ਤੁਸੀਂ ਕਿਸੇ ਪਹਿਲੋਠੇ ਜੰਮੇ ਖੋਤੇ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਲੇਲਾ ਦੇਕੇ ਖਰੀਦ ਸੱਕਦੇ ਹੋ। ਪਰ ਜੇ ਤੁਸੀਂ ਇਸ ਖੋਤੇ ਨੂੰ ਲੇਲੇ ਨਾਲ ਨਹੀਂ ਖਰੀਦਦੇ, ਤਾਂ ਤੁਹਾਨੂੰ ਉਸ ਖੋਤੇ ਦੀ ਗਰਦਨ ਤੋੜ ਦੇਣੀ ਚਾਹੀਦੀ ਹੈ। ਤੁਹਾਨੂੰ ਚਾਹੀਦਾ ਹੈ ਕਿ ਆਪਣੇ ਸਾਰੇ ਪਹਿਲੋਠੇ ਪੁੱਤਰ ਮੇਰੇ ਪਾਸੋਂ ਵਪਸ ਖਰੀਦੋਂ। ਕੋਈ ਵੀ ਬੰਦਾ ਬਿਨਾ ਸੁਗਾਤ ਦੇ ਮੇਰੇ ਕੋਲ ਨਹੀਂ ਆਉਣਾ ਚਾਹੀਦਾ।

21 “ਤੁਸੀਂ ਛੇ ਦਿਨ ਤੱਕ ਕੰਮ ਕਰੋਂਗੇ। ਪਰ ਸੱਤਵੇਂ ਦਿਨ ਤੁਹਾਨੂੰ ਅਰਾਮ ਕਰਨਾ ਚਾਹੀਦਾ ਹੈ। ਤੁਹਾਨੂੰ ਫ਼ਸਲਾਂ ਬੀਜਣ ਅਤੇ ਵਢਣ ਦੇ ਸਮੇਂ ਦੌਰਾਨ ਵੀ ਅਰਾਮ ਕਰਨਾ ਚਾਹੀਦਾ ਹੈ।

22 “ਅੱਠਵਾਰੇ ਦੇ ਪਰਬ ਨੂੰ ਮਨਾਉ। ਇਸ ਤਿਉਹਾਰ ਲਈ ਕਣਕ ਦੀ ਫ਼ਸਲ ਦੇ ਪਹਿਲੇ ਦਾਣੇ ਵਰਤੋਂ। ਅਤੇ ਪਤਝੜ ਵਿੱਚ ਵਾਢੀ ਦਾ ਪਰਬ ਮਨਾਓ।

23 “ਤੁਹਾਡੇ ਸਾਰੇ ਆਦਮੀ ਸਾਲ ਵਿੱਚ ਤਿੰਨ ਵਾਰੀ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਅਤੇ ਸੁਆਮੀ ਕੋਲ ਜ਼ਰੂਰ ਜਾਣ।

24 “ਜਦੋਂ ਤੁਸੀਂ ਆਪਣੀ ਧਰਤੀ ਤੇ ਜਾਵੋਂਗੇ, ਮੈਂ ਤੁਹਾਡੇ ਦੁਸ਼ਮਣਾਂ ਨੂੰ ਉਸ ਧਰਤੀ ਤੋਂ ਬਾਹਰ ਧੱਕ ਦਿਆਂਗਾ ਮੈਂ ਤੁਹਾਡੀਆਂ ਸਰਹੱਦਾਂ ਨੂੰ ਫ਼ੈਲਾ ਦਿਆਂਗਾ-ਤੁਹਾਨੂੰ ਹੋਰ ਧਰਤੀ ਮਿਲੇਗੀ। ਤੁਸੀਂ ਸਾਲ ਵਿੱਚ ਤਿੰਨ ਵਾਰੀ ਯਹੋਵਾਹ ਆਪਣੇ ਪਰਮੇਸ਼ੁਰ ਕੋਲ ਜਾਵੋਂਗੇ। ਉਸ ਸਮੇਂ ਕੋਈ ਵੀ ਬੰਦਾ ਤੁਹਾਡੇ ਕੋਲੋਂ ਤੁਹਾਡੀ ਧਰਤੀ ਖੋਹਣ ਦੀ ਕੋਸ਼ਿਸ਼ ਨਹੀਂ ਕਰੇਗਾ।

25 “ਜਦੋਂ ਵੀ ਤੁਸੀਂ ਮੈਨੂੰ ਬਲੀ ਦਾ ਖੂਨ ਚੜ੍ਹਾਵੋਂ ਤਾਂ ਉਸ ਵੇਲੇ ਕਦੇ ਵੀ ਖਮੀਰ ਨਾ ਚੜ੍ਹਾਓ।

“ਪਸਾਹ ਦੇ ਭੋਜਨ ਦਾ ਬੱਚਿਆਂ ਹੋਇਆ ਮਾਸ ਅਗਲੀ ਸਵੇਰ ਲਈ ਨਹੀਂ ਰੱਖਣਾ।

26 “ਆਪਣੀ ਵਾਢੀ ਦੀਆਂ ਪਹਿਲੀਆਂ ਫ਼ਸਲਾਂ ਯਹੋਵਾਹ ਨੂੰ ਦੇਵੋ। ਉਹ ਚੀਜ਼ਾ ਯਹੋਵਾਹ ਆਪਣੇ ਪਰਮੇਸ਼ੁਰ ਦੇ ਘਰ ਲੈ ਕੇ ਆਉ।

“ਕਦੇ ਵੀ ਕਿਸੇ ਬੱਕਰੀ ਦੇ ਬੱਚੇ ਨੂੰ ਉਸ ਦੇ ਮਾਂ ਦੇ ਦੁੱਧ ਵਿੱਚ ਨਾ ਪਕਾਉ।”

27 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਉਹ ਸਾਰੀਆਂ ਗੱਲਾਂ ਲਿਖ ਲੈ ਜੋ ਮੈਂ ਤੈਨੂੰ ਆਖੀਆਂ ਹਨ। ਉਹ ਗੱਲਾਂ ਉਹ ਇਕਰਾਰਨਾਮਾ ਹੈ ਜਿਹੜਾ ਮੈਂ ਤੁਹਾਡੇ ਅਤੇ ਇਸਰਾਏਲ ਦੇ ਲੋਕਾਂ ਨਾਲ ਕੀਤਾ ਹੈ।”

28 ਮੂਸਾ ਉੱਥੇ ਯਹੋਵਾਹ ਦੇ ਨਾਲ 40 ਦਿਨ ਅਤੇ 40 ਰਾਤਾਂ ਠਹਿਰਿਆ। ਮੂਸਾ ਨੇ ਨਾ ਕੋਈ ਭੋਜਨ ਖਾਧਾ ਨਾ ਕੋਈ ਪਾਣੀ ਪੀਤਾ। ਅਤੇ ਮੂਸਾ ਨੇ ਪੱਥਰ ਦੀਆਂ ਦੋ ਤਖਤੀਆਂ ਉੱਤੇ ਇਕਰਾਰਨਾਮੇ ਦੇ ਸ਼ਬਦ (ਦਸ ਹੁਕਮ) ਲਿਖੇ।

ਮੂਸਾ ਦਾ ਚਮਕਦਾ ਹੋਇਆ ਚਿਹਰਾ

29 ਫ਼ੇਰ ਮੂਸਾ ਸੀਨਈ ਪਰਬਤ ਤੋਂ ਹੇਠਾਂ ਉਤਰ ਆਇਆ। ਉਸ ਦੇ ਕੋਲ ਪੱਥਰ ਦੀਆਂ ਦੋ ਤਖਤੀਆਂ ਸਨ ਜਿਨ੍ਹਾਂ ਉੱਤੇ ਇਕਰਾਰਨਾਮਾ ਲਿਖਿਆ ਹੋਇਆ ਸੀ। ਮੂਸਾ ਦਾ ਚਿਹਰਾ ਚਮਕ ਰਿਹਾ ਸੀ ਕਿਉਂਕਿ ਉਸ ਨੇ ਯਹੋਵਾਹ ਨਾਲ ਗੱਲਾਂ ਕੀਤੀਆਂ ਸਨ। ਪਰ ਮੂਸਾ ਨੂੰ ਇਸ ਗੱਲ ਦਾ ਪਤਾ ਨਹੀਂ ਸੀ। 30 ਹਾਰੂਨ ਨੇ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਮੂਸਾ ਦਾ ਚਿਹਰਾ ਦੇਖਿਆ ਜਿਹੜਾ ਤੇਜ ਨਾਲ ਚਮਕ ਰਿਹਾ ਸੀ। ਇਸ ਲਈ ਉਹ ਉਸ ਦੇ ਕੋਲ ਜਾਣ ਤੋਂ ਡਰਦੇ ਸਨ। 31 ਪਰ ਮੂਸਾ ਨੇ ਉਨ੍ਹਾਂ ਨੂੰ ਬੁਲਾਇਆ। ਇਸ ਲਈ ਹਾਰੂਨ ਅਤੇ ਲੋਕਾਂ ਦੇ ਸਾਰੇ ਆਗੂ ਮੂਸਾ ਕੋਲ ਗਏ। ਮੂਸਾ ਨੇ ਉਨ੍ਹਾਂ ਨਾਲ ਗੱਲ ਕੀਤੀ। 32 ਇਸਤੋਂ ਮਗਰੋਂ ਇਸਰਾਏਲ ਦੇ ਸਾਰੇ ਲੋਕ ਮੂਸਾ ਦੇ ਨੇੜੇ ਆ ਗਏ। ਅਤੇ ਮੂਸਾ ਨੇ ਉਨ੍ਹਾਂ ਨੂੰ ਉਹ ਹੁਕਮ ਦਿੱਤੇ ਜਿਹੜੇ ਯਹੋਵਾਹ ਨੇ ਉਸ ਨੂੰ ਸੀਨਈ ਪਰਬਤ ਉੱਤੇ ਦਿੱਤੇ ਸਨ।

33 ਜਦੋਂ ਮੂਸਾ ਲੋਕਾਂ ਨਾਲ ਗੱਲ ਕਰ ਹਟਿਆ ਉਸ ਨੇ ਆਪਣੇ ਚਿਹਰੇ ਉੱਤੇ ਪਰਦਾ ਪਾ ਲਿਆ। 34 ਜਿਸ ਵੇਲੇ ਵੀ ਮੂਸਾ ਯਹੋਵਾਹ ਨਾਲ ਗੱਲ ਕਰਨ ਲਈ ਉਸ ਦੇ ਸਾਹਮਣੇ ਗਿਆ, ਮੂਸਾ ਨੇ ਉਹ ਪਰਦਾ ਲਾਹ ਦਿੱਤਾ। ਫ਼ੇਰ ਮੂਸਾ ਬਾਹਰ ਆਉਂਦਾ ਅਤੇ ਇਸਰਾਏਲ ਦੇ ਲੋਕਾਂ ਨੂੰ ਉਹ ਗੱਲਾਂ ਦੱਸਦਾ ਜਿਨ੍ਹਾਂ ਦਾ ਯਹੋਵਾਹ ਹੁਕਮ ਦਿੰਦਾ ਸੀ। 35 ਲੋਕ ਦੇਖਦੇ ਸਨ ਕਿ ਮੂਸਾ ਦਾ ਚਿਹਰਾ ਤੇਜ ਨਾਲ ਚਮਕਦਾ ਸੀ, ਇਸ ਲਈ ਮੂਸਾ ਆਪਣਾ ਚਿਹਰਾ ਫ਼ੇਰ ਢੱਕ ਲੈਂਦਾ ਸੀ। ਮੂਸਾ ਉਦੋਂ ਤੱਕ ਆਪਣਾ ਚਿਹਰਾ ਢੱਕੀ ਰੱਖਦਾ ਜਦੋਂ ਤੱਕ ਕਿ ਉਹ ਇੱਕ ਵਾਰੀ ਫ਼ੇਰ ਯਹੋਵਾਹ ਨਾਲ ਗੱਲ ਕਰਨ ਲਈ ਅੰਦਰ ਨਹੀਂ ਸੀ ਜਾਂਦਾ।

1 ਥੱਸਲੁਨੀਕੀਆਂ ਨੂੰ 3

ਅਸੀਂ ਤੁਹਾਡੇ ਕੋਲ ਨਹੀਂ ਆ ਸੱਕੇ, ਪਰ ਹੋਰ ਕੁਝ ਸਮਾਂ ਇੰਤਜਾਰ ਕਰਨਾ ਬਹੁਤ ਔਖਾ ਸੀ। ਇਸ ਲਈ ਅਸੀਂ ਫ਼ੈਸਲਾ ਕੀਤਾ ਕਿ ਤਿਮੋਥਿਉਸ ਨੂੰ ਤੁਹਾਡੇ ਕੋਲ ਭੇਜੀਏ ਤੇ ਅਥੇਨੇ ਵਿੱਚ ਇੱਕਲੇ ਰਹੀਏ। ਤਿਮੋਥਿਉਸ ਸਾਡਾ ਭਰਾ ਹੈ। ਉਹ ਪਰਮੇਸ਼ੁਰ ਲਈ ਸਾਡੇ ਨਾਲ ਕੰਮ ਕਰਦਾ ਹੈ ਉਹ ਯਿਸੂ ਮਸੀਹ ਬਾਰੇ ਖੁਸ਼ਖਬਰੀ ਫ਼ੈਲਾ ਰਿਹਾ ਹੈ। ਅਸੀਂ ਤਿਮੋਥਿਉਸ ਨੂੰ ਤੁਹਾਡੇ ਵਿਸ਼ਵਾਸ ਨੂੰ ਮਜਬੂਤ ਬਨਾਉਣ ਲਈ ਅਤੇ ਤੁਹਾਨੂੰ ਆਰਾਮ ਦੇਣ ਲਈ ਭੇਜਿਆ। ਅਸੀਂ ਤਿਮੋਥਿਉਸ ਨੂੰ ਇਸ ਲਈ ਭੇਜਿਆ ਤਾਂ ਜੋ ਤੁਹਾਡੇ ਵਿੱਚੋਂ ਕੋਈ ਵੀ ਉਨ੍ਹਾਂ ਮੁਸੀਬਤਾਂ ਤੋਂ ਪਰੇਸ਼ਾਨ ਨਾ ਹੋਵੇ ਜਿਹੜੀਆਂ ਹੁਣ ਸਾਨੂੰ ਹਨ। ਤੁਸੀਂ ਖੁਦ ਜਾਣਦੇ ਹੋ ਕਿ ਉਹ ਮੁਸੀਬਤਾਂ ਸਾਡੇ ਨਾਲ ਵਾਪਰਨ ਵਾਲੀਆਂ ਹਨ। ਜਦੋਂ ਅਸੀਂ ਤੁਹਾਡੇ ਨਾਲ ਸਾਂ, ਅਸੀਂ ਤੁਹਾਨੂੰ ਦੱਸਿਆ ਸੀ ਕਿ ਸਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਅਤੇ ਤੁਸੀਂ ਜਾਣਦੇ ਹੋ ਕਿ ਜਿਵੇਂ ਅਸੀਂ ਤੁਹਾਨੂੰ ਆਖਿਆ ਸੀ ਇਹ ਉਵੇਂ ਹੀ ਹੋਇਆ ਹੈ। ਇਹੀ ਕਾਰਣ ਹੈ ਕਿ ਮੈਂ ਤਿਮੋਥਿਉਸ ਨੂੰ ਤੁਹਾਡੇ ਵੱਲ ਭੇਜਿਆ ਤਾਂ ਜੋ ਮੈਂ ਤੁਹਾਡੇ ਵਿਸ਼ਵਾਸ ਬਾਰੇ ਜਾਣਕਾਰੀ ਹਾਸਿਲ ਕਰ ਸੱਕਾਂ। ਜਦੋਂ ਮੈਂ ਹੋਰ ਇੰਤਜਾਰ ਨਾ ਕਰ ਸੱਕਿਆ ਤਾਂ ਮੈਂ ਉਸ ਨੂੰ ਭੇਜ ਦਿੱਤਾ। ਮੈਨੂੰ ਡਰ ਸੀ ਕਿ ਸ਼ੈਤਾਨ ਜਿਹੜਾ ਲੋਕਾਂ ਨੂੰ ਪਰਤਾਉਂਦਾ ਹੈ ਸ਼ਾਇਦ ਉਸ ਨੇ ਤੁਹਾਨੂੰ ਪਰਤਾਵਿਆਂ ਨਾਲ ਹਰਾ ਦਿੱਤਾ ਹੋਵੇ। ਫ਼ੇਰ ਤਾਂ ਸਾਡੀ ਕੜੀ ਮਿਹਨਤ ਬੇਕਾਰ ਹੋ ਗਈ ਹੋਵੇਗ਼ੀ।

ਪਰ ਤਿਮੋਥਿਉਸ ਤੁਹਾਡੇ ਕੋਲੋਂ ਸਾਡੇ ਕੋਲ ਵਾਪਸ ਆ ਗਿਆ। ਉਹ ਸਾਡੇ ਲਈ ਤੁਹਾਡੇ ਵਿਸ਼ਵਾਸ ਅਤੇ ਪ੍ਰੇਮ ਬਾਰੇ ਖੁਸ਼ਖਬਰੀ ਲਿਆਇਆ। ਉਸ ਨੇ ਸਾਨੂੰ ਦੱਸਿਆ ਕਿ ਤੁਹਾਡੇ ਕੋਲ ਹਮੇਸ਼ਾ ਸਾਡੀਆਂ ਚੰਗੀਆਂ ਯਾਦਾਂ ਹਨ। ਉਸ ਨੇ ਸਾਨੂੰ ਦੱਸਿਆ ਕਿ ਤੁਹਾਨੂੰ ਸਾਨੂੰ ਫ਼ੇਰ ਮਿਲਣ ਦੀ ਬਹੁਤ ਚਾਹਨਾ ਹੈ। ਇਸੇ ਤਰ੍ਹਾਂ, ਸਾਨੂੰ ਵੀ ਤੁਹਾਨੂੰ ਮਿਲਣ ਦੀ ਬਹੁਤ ਚਾਹਨਾ ਹੈ। ਇਸ ਲਈ ਭਰਾਵੋ ਅਤੇ ਭੈਣੋ, ਅਸੀਂ ਤੁਹਾਡੇ ਬਾਰੇ ਤੁਹਾਡੇ ਵਿਸ਼ਵਾਸ ਕਾਰਣ ਸੁਖੀ ਹਾਂ। ਅਸੀਂ ਤਕਲੀਫ਼ਾਂ ਅਤੇ ਪਰੇਸ਼ਾਨੀਆਂ ਨਾਲ ਘਿਰੇ ਹੋਈਏ ਪਰ ਅਸੀਂ ਹਾਲੇ ਵੀ ਸੁਖੀ ਹਾਂ। ਜੇਕਰ ਤੁਸੀਂ ਦ੍ਰਿੜਤਾ ਨਾਲ ਪ੍ਰਭੂ ਵਿੱਚ ਖਲੋਤੇ ਹੋਂ, ਫ਼ੇਰ ਸਾਡਾ ਜੀਵਨ ਸੱਚਮੁੱਚ ਭਰਪੂਰ ਹੈ। ਤੁਹਾਡੇ ਕਾਰਣ ਸਾਨੂੰ ਆਪਣੇ ਪਰਮੇਸ਼ੁਰ ਅੱਗੇ ਕਿੰਨੀ ਖੁਸ਼ੀ ਹੈ। ਇਸ ਲਈ ਅਸੀਂ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ। ਪਰ ਅਸੀਂ ਆਪਣੀ ਸਾਰੀ ਪ੍ਰਸੰਨਤਾ ਲਈ ਉਸਦਾ ਕਾਫ਼ੀ ਧੰਨਵਾਦ ਨਹੀਂ ਕਰ ਸੱਕਦੇ। 10 ਅਸੀਂ ਰਾਤ ਦਿਨ ਤੁਹਾਡੇ ਬਾਰੇ ਪ੍ਰਾਰਥਨਾ ਕਰਦੇ ਰਹਿੰਦੇ ਹਾਂ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਅਸੀਂ ਇੱਕ ਵਾਰ ਫ਼ੇਰ ਉੱਥੇ ਆ ਸੱਕੀਏ ਤੇ ਤੁਹਾਨੂੰ ਮਿਲ ਸੱਕੀਏ ਤੁਹਾਡੇ ਵਿਸ਼ਵਾਸ ਨੂੰ ਹੋਰ ਮਜਬੂਤ ਬਨਾਉਣ ਲਈ ਤੁਹਾਨੂੰ ਸਾਰੀਆਂ ਚੀਜ਼ਾਂ ਪ੍ਰਦਾਨ ਕਰ ਸੱਕੀਏ।

11 ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸਾਡਾ ਪਰਮੇਸ਼ੁਰ ਤੇ ਪਿਤਾ ਸਾਡਾ ਪ੍ਰਭੂ ਯਿਸੂ ਮਸੀਹ ਤੁਹਾਡੇ ਕੋਲ ਆਉਣ ਲਈ ਸਾਡਾ ਰਾਹ ਬਣਾਵੇਗਾ। 12 ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਤੁਹਾਡਾ ਪਿਆਰ ਵੱਧਾਵੇਗਾ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ੁਰ ਤੁਹਾਡੇ ਪ੍ਰੇਮ ਨੂੰ ਇੱਕ ਦੂਸਰੇ ਲਈ ਅਤੇ ਸਾਰਿਆਂ ਲਈ ਹੋਰ ਛਲਕਾਵੇਗਾ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਸਭ ਲੋਕਾਂ ਨੂੰ ਉਸੇ ਤਰ੍ਹਾਂ ਪਿਆਰ ਕਰੋ ਜਿਵੇਂ ਅਸੀਂ ਤੁਹਾਨੂੰ ਕਰਦੇ ਹਾਂ। 13 ਅਸੀਂ ਇਹ ਪ੍ਰਾਰਥਨਾ ਇਸ ਲਈ ਕਰਦੇ ਹਾਂ ਤਾਂ ਜੋ ਤੁਹਾਡੇ ਹਿਰਦੇ ਮਜ਼ਬੂਤ ਬਣਾਏ ਜਾ ਸੱਕਣ। ਫ਼ੇਰ ਤੁਸੀਂ ਸਾਡੇ ਪਰਮੇਸ਼ੁਰ ਅਤੇ ਪਿਤਾ ਅੱਗੇ ਪਵਿੱਤਰ ਅਤੇ ਦੋਸ਼ ਰਹਿਤ ਹੋਵੋਂਗੇ ਜਦੋਂ ਸਾਡਾ ਪ੍ਰਭੂ ਯਿਸੂ ਆਪਣੇ ਸਾਰੇ ਪਵਿੱਤਰ ਲੋਕਾਂ ਨਾਲ ਆਵੇਗਾ।

ਮੱਤੀ 5:27-37

ਯਿਸੂ ਦਾ ਜਿਨਸੀ ਪਾਪ ਬਾਰੇ ਉਪਦੇਸ਼

27 “ਤੁਸੀਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ, ‘ਕਿ ਤੂੰ ਬਦਕਾਰੀ ਦਾ ਪਾਪ ਨਾ ਕਰ।’ [a] 28 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਜੇਕਰ ਕੋਈ ਵਿਅਕਤੀ ਕਿਸੇ ਔਰਤ ਵੱਲ ਬੁਰੀ ਇੱਛਾ ਨਾਲ ਵੇਖਦਾ ਹੈ, ਤਾਂ ਉਹ ਪਹਿਲਾਂ ਹੀ ਆਪਣੇ ਦਿਲੋਂ ਉਸ ਔਰਤ ਨਾਲ ਬਦਕਾਰੀ ਦਾ ਪਾਪ ਕਰ ਚੁੱਕਿਆ ਹੈ। 29 ਜੋ ਤੇਰੀ ਸੱਜੀ ਅੱਖ ਪਾਪ ਕਰਾਵੇ ਤਾਂ ਉਸ ਨੂੰ ਆਪਣੇ ਸ਼ਰੀਰ ਵਿੱਚੋਂ ਕੱਢ ਕੇ ਸੁੱਟ ਦੇ। ਕਿਉਂ ਜੋ ਤੇਰੇ ਲਈ ਇਹੋ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ ਪਰ ਤੇਰਾ ਸਾਰਾ ਸ਼ਰੀਰ ਨਰਕ ਵਿੱਚ ਨਾ ਜਾਵੇ। 30 ਤੇਰਾ ਸੱਜਾ ਹੱਥ ਜਦੋਂ ਤੈਥੋਂ ਪਾਪ ਕਰਾਵੇ ਤਾਂ ਉਸ ਨੂੰ ਕੱਟਕੇ ਸੁੱਟ ਦੇ। ਕਿਉਂਕਿ ਤੇਰੇ ਲਈ ਇਹ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ਼ ਹੋਵੇ ਪਰ ਤੇਰਾ ਸਾਰਾ ਸ਼ਰੀਰ ਨਰਕ ਵਿੱਚ ਨਾ ਜਾਵੇ।

ਯਿਸੂ ਦਾ ਤਲਾਕ ਬਾਰੇ ਉਪਦੇਸ਼(A)

31 “ਇਹ ਵੀ ਆਖਿਆ ਗਿਆ ਹੈ, ‘ਜਿਹੜਾ ਵਿਅਕਤੀ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਉਹ ਉਸ ਨੂੰ ਤਲਾਕਨਾਮਾ ਲਿਖਕੇ ਦੇਵੇ।’ [b] 32 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਵੀ ਵਿਅਕਤੀ ਜੋ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ, ਉਹ ਉਸ ਨੂੰ ਬਦਕਾਰੀ ਦਾ ਪਾਪ ਕਰਨ ਦਾ ਦੋਸ਼ੀ ਬਣਾਉਂਦਾ ਹੈ। ਕਿਸੇ ਵਿਅਕਤੀ ਕੋਲ ਆਪਣੀ ਪਤਨੀ ਨੂੰ ਤਲਾਕ ਦੇਣ ਦਾ ਇੱਕ ਹੀ ਕਾਰਣ ਹੈ, ਕਿ ਜੇਕਰ ਉਸਦੀ ਪਤਨੀ ਨੇ ਦੂਸਰੇ ਆਦਮੀ ਨਾਲ ਜਿਨਸੀ ਸੰਬੰਧ ਬਣਾਏ ਹੋਣ। ਅਤੇ ਕੋਈ ਵੀ ਵਿਅਕਤੀ ਜੋ ਉਸ ਤਲਾਕਸ਼ੁਦਾ ਔਰਤ ਨਾਲ ਵਿਆਹ ਕਰਵਾਉਦਾ ਹੈ, ਬਦਕਾਰੀ ਦਾ ਪਾਪ ਕਰਨ ਦਾ ਦੋਸ਼ੀ ਹੈ।

ਯਿਸੂ ਦਾ ਵਾਅਦੇ ਕਰਨ ਬਾਰੇ ਉਪਦੇਸ਼

33 “ਤੁਸੀਂ ਸੁਣਿਆ ਹੈ ਕਿ ਸਾਡੇ ਪੁਰਖਿਆਂ ਨੂੰ ਆਖਿਆ ਗਿਆ ਸੀ। ਜੇਕਰ ਤੁਸੀਂ ਵਾਅਦਾ ਕਰੋਂ ਤਾਂ ਇਸ ਨੂੰ ਨਾ ਤੋੜੋ। ਜੋ ਵਾਅਦੇ ਤੁਸੀਂ ਪ੍ਰਭੂ ਨਾਲ ਕੀਤੇ ਹਨ ਉਨ੍ਹਾਂ ਨੂੰ ਪੂਰਿਆਂ ਕਰਨਾ ਚਾਹੀਦਾ ਹੈ। [c] 34 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ, ਕਦੇ ਵੀ ਵਾਅਦਾ ਨਾ ਕਰੋ। ਕਦੇ ਵੀ ਸੁਰਗ ਦੀ ਸੌਂਹ ਨਾ ਖਾਓ ਕਿਉਂਕਿ ਇਹ ਪਰਮੇਸ਼ੁਰ ਦਾ ਸਿੰਘਾਸਨ ਹੈ। 35 ਅਤੇ ਨਾ ਹੀ ਧਰਤੀ ਦੀ ਸੌਂਹ ਖਾਓ ਕਿਉਂਕਿ ਇਹ ਉਸ ਦੇ ਚਰਨਾਂ ਦੀ ਚੌਂਕੀ ਹੈ। ਨਾ ਹੀ ਯਰੂਸ਼ਲਮ ਦੀ ਕਿਉਂਕਿ ਇਹ ਮਹਾਨ ਰਾਜੇ ਦਾ ਸ਼ਹਿਰ ਹੈ। 36 ਅਤੇ ਨਾਹੀ ਆਪਣੇ ਸਿਰ ਦੀ ਸੌਂਹ ਖਾਓ, ਕਿਉਂਕਿ ਤੁਸੀਂ ਇੱਕ ਵਾਲ ਨੂੰ ਵੀ ਚਿੱਟਾ ਜਾਂ ਕਾਲਾ ਨਹੀਂ ਕਰ ਸੱਕਦੇ। 37 ਪਰ ਤੁਸੀਂ ਆਪਣੇ ਬੋਲਣ ਵਿੱਚ ‘ਹਾਂ’ ਦੀ ਹਾਂ, ਅਤੇ ‘ਨਾ’ ਦੀ ਨਾ, ਆਖੋ। ‘ਹਾਂ’ ਜਾਂ ‘ਨਾ’ ਤੋਂ ਵੱਧ ਆਖਣਾ ਬਦੀ ਵੱਲੋਂ ਹੈ।

Punjabi Bible: Easy-to-Read Version (ERV-PA)

2010 by World Bible Translation Center