Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 118

118 ਯਹੋਵਾਹ ਦਾ ਮਾਨ ਕਰੋ ਕਿਉਂਕਿ ਉਹ ਪਰਮੇਸ਼ੁਰ ਹੈ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਇਸਰਾਏਲ ਆਖ,
    “ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ!”
ਜਾਜਕੋ ਆਖੋ,
    “ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ!”
ਯਹੋਵਾਹ ਦੀ ਉਪਾਸਨਾ ਕਰਨ ਵਾਲੇ ਤੁਸੀਂ ਸਮੂਹ ਲੋਕੋਂ ਆਖੋ,
    “ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ!”

ਮੈਂ ਮੁਸੀਬਤ ਵਿੱਚ ਸਾਂ ਇਸ ਲਈ ਮੈਂ ਸਹਾਇਤਾ ਲਈ ਯਹੋਵਾਹ ਅੱਗੇ ਪੁਕਾਰ ਕੀਤੀ।
    ਯਹੋਵਾਹ ਨੇ ਮੈਨੂੰ ਉੱਤਰ ਦਿੱਤਾ ਅਤੇ ਮੈਨੂੰ ਮੁਕਤ ਕਰ ਦਿੱਤਾ।
ਯਹੋਵਾਹ ਮੇਰੇ ਨਾਲ ਹੈ, ਇਸ ਲਈ ਮੈਂ ਨਹੀਂ ਡਰਾਂਗਾ।
    ਲੋਕ ਮੇਰਾ ਕੋਈ ਨੁਕਸਾਨ ਨਹੀਂ ਕਰ ਸੱਕਦੇ।
ਯਹੋਵਾਹ ਮੇਰਾ ਮਦਦਗਾਰ ਹੈ।
    ਮੈਂ ਆਪਣੇ ਦੁਸ਼ਮਣਾਂ ਨੂੰ ਹਾਰਦਿਆਂ ਵੇਖਾਂਗਾ।
ਲੋਕਾਂ ਵਿੱਚ ਯਕੀਨ ਰੱਖਣ ਨਾਲੋਂ
    ਯਹੋਵਾਹ ਵਿੱਚ ਯਕੀਨ ਰੱਖਣਾ ਬਿਹਤਰ ਹੈ।
ਤੁਹਾਡੇ ਸਾਰੇ ਆਗੂਆਂ ਉੱਤੇ ਵਿਸ਼ਵਾਸ ਕਰਨ ਨਾਲੋਂ
    ਯਹੋਵਾਹ ਵਿੱਚ ਯਕੀਨ ਰੱਖਣਾ ਬਿਹਤਰ ਹੈ।

10 ਅਨੇਕਾਂ ਦੁਸ਼ਮਣਾਂ ਨੇ ਮੈਨੂੰ ਘੇਰ ਲਿਆ ਸੀ।
    ਪਰ ਯਹੋਵਾਹ ਦੀ ਸ਼ਕਤੀ ਨਾਲ ਮੈਂ ਆਪਣੇ ਦੁਸ਼ਮਣਾਂ ਨੂੰ ਹਰਾ ਦਿੱਤਾ।
11 ਦੁਸ਼ਮਣਾਂ ਨੇ ਮੈਨੂੰ ਬਾਰ-ਬਾਰ ਘੇਰਿਆ,
    ਮੈਂ ਉਨ੍ਹਾਂ ਨੂੰ ਯਹੋਵਾਹ ਦੀ ਸ਼ਕਤੀ ਨਾਲ ਹਰਾਇਆ।
12 ਮੈਨੂੰ ਦੁਸ਼ਮਣਾਂ ਨੇ ਮਧੂ ਮੱਖੀਆਂ ਵਾਂਗ ਘੇਰਿਆ।
    ਪਰ ਛੇਤੀ ਹੀ ਲਟ-ਲਟ ਬਲਦੀ ਝਾੜੀ ਵਾਂਗ ਉਹ ਭਸਮ ਹੋ ਗਏ।
ਮੈਂ ਉਨ੍ਹਾਂ ਨੂੰ ਯਹੋਵਾਹ ਦੀ ਸ਼ਕਤੀ ਨਾਲ ਹਰਾਇਆ।

13 ਮੇਰੇ ਦੁਸ਼ਮਣਾਂ ਮੇਰੇ ਉੱਤੇ ਹਮਲਾ ਕੀਤਾ, ਅਤੇ ਲਗਭਗ ਮੈਨੂੰ ਤਬਾਹ ਕਰ ਦਿੱਤਾ।
    ਯਹੋਵਾਹ ਨੇ ਮੇਰੀ ਸਹਾਇਤਾ ਕੀਤੀ।
14 ਯਹੋਵਾਹ ਹੀ ਮੇਰੀ ਸ਼ਕਤੀ ਅਤੇ ਜਿੱਤ ਦਾ ਗੀਤ ਹੈ।
    ਯਹੋਵਾਹ ਮੈਨੂੰ ਬਚਾਉਂਦਾ ਹੈ।
15 ਤੁਸੀਂ ਨੇਕ ਲੋਕਾਂ ਦੇ ਘਰੀਂ ਫ਼ਤਿਹ ਦਾ ਜਸ਼ਨ ਸੁਣ ਸੱਕਦੇ ਹੋ।
    ਯਹੋਵਾਹ ਨੇ ਆਪਣੀ ਮਹਾਨ ਸ਼ਕਤੀ ਫ਼ੇਰ ਦਰਸਾਈ ਹੈ।
16 ਯਹੋਵਾਹ ਦੇ ਹੱਥ ਜਿੱਤ ਵਿੱਚ ਉੱਠੇ ਹੋਏ ਹਨ,
    ਯਹੋਵਾਹ ਨੇ ਫ਼ੇਰ ਆਪਣੀ ਮਹਾਨ ਸ਼ਕਤੀ ਦਰਸਾਈ ਹੈ।

17 ਮੈਂ ਜੀਵਾਂਗਾ, ਮਰਾਂਗਾ ਨਹੀਂ
    ਅਤੇ ਮੈਂ ਯਹੋਵਾਹ ਦੀ ਕਰਨੀ ਦੱਸਾਂਗਾ।
18 ਯਹੋਵਾਹ ਨੇ ਮੈਨੂੰ ਦੰਡ ਦਿੱਤਾ ਸੀ।
    ਪਰ ਉਸ ਨੇ ਮੈਨੂੰ ਮਰਨ ਨਹੀਂ ਦਿੱਤਾ ਸੀ।
19 ਸ਼ੁਭ ਦਰਵਾਜਿਉ, ਮੇਰੇ ਲਈ ਖੁਲ੍ਹ ਜਾਵੋ,
    ਅਤੇ ਮੈਂ ਆਵਾਂਗਾ ਅਤੇ ਮੈਂ ਯਹੋਵਾਹ ਦੀ ਉਪਾਸਨਾ ਕਰਾਂਗਾ।
20 ਉਹ ਦਰਵਾਜੇ ਯਹੋਵਾਹ ਦੇ ਹਨ।
    ਇਨ੍ਹਾਂ ਵਿੱਚੋਂ ਦੀ ਸਿਰਫ਼ ਨੇਕ ਬੰਦੇ ਹੀ ਜਾ ਸੱਕਦੇ ਹਨ।
21 ਹੇ ਯਹੋਵਾਹ, ਮੇਰੀ ਪ੍ਰਾਰਥਨਾ ਦਾ ਉੱਤਰ ਦੇਣ ਲਈ ਮੈਂ ਤੁਹਾਨੂੰ ਧੰਨਵਾਦ ਕਰਦਾ ਹਾਂ।
    ਮੈਨੂੰ ਬਚਾਉਣ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ।

22 ਉਹ ਪੱਥਰ ਜਿਸਦੀ ਉਸਾਰੀਆਂ ਨੂੰ ਲੋੜ ਨਹੀਂ ਸੀ, ਨੀਂਹ ਦਾ ਪੱਥਰ ਬਣ ਗਿਆ ਸੀ।
23 ਯਹੋਵਾਹ ਨੇ ਇਹ ਕੀਤਾ ਅਤੇ ਅਸੀਂ ਸੋਚਦੇ ਹਾਂ
    ਕਿ ਇਹ ਗੱਲ ਵਿਸਮਾਦ ਭਰੀ ਹੈ।
24 ਅੱਜ ਦਾ ਦਿਨ, ਪਰਮੇਸ਼ੁਰ ਦੁਆਰਾ ਬਣਾਇਆ ਹੋਇਆ ਦਿਨ ਹੈ।
    ਆਉ ਅੱਜ ਹੀ ਖੁਸ਼ੀ ਮਨਾਈਏ ਅਤੇ ਪ੍ਰਸੰਨ ਹੋਈਏ!

25 ਲੋਕਾਂ ਆਖਿਆ, “ਯਹੋਵਾਹ ਦੀ ਉਸਤਤਿ ਕਰੋ!
    ਯਹੋਵਾਹ ਨੇ ਅਸਾਂ ਨੂੰ ਬਚਾਇਆ!
26     ਯਹੋਵਾਹ ਦਾ ਨਾਮ ਲੈ ਕੇ ਆਉਣ ਵਾਲੇ ਬੰਦੇ ਦਾ ਸਵਾਗਤ ਕਰੋ।”

ਜਾਜਕਾਂ ਨੇ ਜਵਾਬ ਦਿੱਤਾ, “ਅਸੀਂ ਯਹੋਵਾਹ ਦੇ ਘਰ ਅੰਦਰ ਤੁਹਾਡਾ ਸਵਾਗਤ ਕਰਦੇ ਹਾਂ।
27 ਯਹੋਵਾਹ ਹੀ ਪਰਮੇਸ਼ੁਰ ਹੈ।
ਅਤੇ ਉਹ ਅਸਾਂ ਨੂੰ ਪ੍ਰਵਾਨ ਕਰਦਾ ਹੈ।
    ਬਲੀ ਲਈ ਲੇਲਾ ਬੰਨ੍ਹ ਦਿਉ, ਅਤੇ ਇਸ ਨੂੰ ਚੁੱਕ ਕੇ ਜਗਵੇਦੀ ਦੇ ਸਿੰਗਾਂ ਉੱਤੇ ਲੈ ਚੱਲੋ।”

28 ਯਹੋਵਾਹ, ਤੁਸੀਂ ਮੇਰੇ ਪਰਮੇਸ਼ੁਰ ਹੋ ਅਤੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ।
    ਮੈਂ ਤੁਹਾਡੀ ਉਸਤਤਿ ਕਰਦਾ ਹਾਂ।
29 ਯਹੋਵਾਹ ਦੀ ਉਸਤਤਿ ਕਰੋ ਕਿਉਂ ਕਿ ਉਹ ਭਲਾ ਹੈ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।

ਜ਼ਬੂਰ 145

ਦਾਊਦ ਦਾ ਇੱਕ ਗੀਤ।

145 ਮੈਂ ਤੁਹਾਡੀ ਉਸਤਤਿ ਕਰਦਾ ਹਾਂ। ਮੇਰੇ ਪਰਮੇਸ਼ੁਰ ਅਤੇ ਰਾਜੇ,
    ਮੈਂ ਸਦਾ-ਸਦਾ ਲਈ ਤੁਹਾਡੇ ਨਾਮ ਨੂੰ ਅਸੀਸ ਦਿੰਦਾ ਹਾਂ।
ਮੈਂ ਹਰ-ਰੋਜ਼ ਤੁਹਾਡੀ ਉਸਤਤਿ ਕਰਦਾ ਹਾਂ,
    ਮੈਂ ਸਦਾ-ਸਦਾ ਲਈ ਤੁਹਾਡੇ ਨਾਮ ਦੀ ਉਸਤਤਿ ਕਰਦਾ ਹਾਂ।
ਯਹੋਵਾਹ ਮਹਾਨ ਹੈ।
ਲੋਕ ਉਸਦੀ ਉਸਤਤਿ ਬਹੁਤ ਕਰਦੇ ਹਨ।
    ਅਸੀਂ ਉਸ ਦੇ ਸਾਰੇ ਮਹਾਨ ਕਾਰਜਾਂ ਨੂੰ ਨਹੀਂ ਗਿਣ ਸੱਕਦੇ।
ਯਹੋਵਾਹ, ਲੋਕ ਸਦਾ-ਸਦਾ ਲਈ ਤੁਹਾਡੇ ਕਾਰਜਾਂ ਲਈ ਤੁਹਾਡੀ ਉਸਤਤਿ ਕਰਨਗੇ।
    ਉਹ ਤੁਹਾਡੇ ਮਹਾਨ ਕਾਰਜਾ ਬਾਰੇ ਦੱਸਣਗੇ।
ਤੁਹਾਡੀ ਸ਼ਾਨੋ-ਸ਼ੌਕਤ ਬਹੁਤ ਅਦਭੁਤ ਹੈ।
    ਮੈਂ ਤੁਹਾਡੇ ਚਮਤਕਾਰਾਂ ਬਾਰੇ ਦੱਸਾਂਗਾ।
ਯਹੋਵਾਹ, ਲੋਕ ਤੁਹਾਡੇ ਅਦਭੁਤ ਕਾਰਿਆਂ ਬਾਰੇ ਦੱਸਣਗੇ।
    ਮੈਂ ਤੁਹਾਡੇ ਮਹਾਨ ਕਾਰਜਾਂ ਬਾਰੇ ਦੱਸਾਂਗਾ।
ਲੋਕ ਤੁਹਾਡੇ ਸ਼ੁਭ ਕਾਰਜਾ ਬਾਰੇ ਦੱਸਣਗੇ।
    ਲੋਕ ਤੁਹਾਡੀ ਨੇਕੀ ਦੇ ਗੀਤ ਗਾਉਣਗੇ।

ਯਹੋਵਾਹ ਮਿਹਰਬਾਨ ਅਤੇ ਦਿਆਲੂ ਹੈ।
    ਯਹੋਵਾਹ ਸਹਿਜ ਅਤੇ ਪਿਆਰ ਭਰਿਆ ਹੈ।
ਯਹੋਵਾਹ ਹਰ ਇੱਕ ਨਾਲ ਨੇਕੀ ਕਰਦਾ ਹੈ।
    ਯਹੋਵਾਹ ਹਰ ਚੀਜ਼ ਨੂੰ ਆਪਣੀ ਦਯਾ ਦਰਸਾਉਂਦਾ ਹੈ ਜਿਸ ਨੂੰ ਉਸ ਨੇ ਬਣਾਇਆ।
10 ਯਹੋਵਾਹ, ਜੋ ਵੀ ਗੱਲਾਂ ਤੁਸੀਂ ਕਰਦੇ ਹੋ। ਤੁਹਾਨੂੰ ਉਸਤਤਿ ਦਵਾਉਂਦੀਆਂ ਹਨ।
    ਤੁਹਾਡੇ ਅਨੁਯਾਈ ਤੁਹਾਨੂੰ ਅਸੀਸ ਦਿੰਦੇ ਹਨ।
11 ਉਹ ਦੱਸਦੇ ਹਨ ਕਿ ਤੁਹਾਡੀ ਸਲਤਨਤ ਕਿੰਨੀ ਮਹਾਨ ਹੈ।
    ਉਹ ਦੱਸਦੇ ਹਨ ਤੁਸੀਂ ਕਿੰਨੇ ਮਹਾਨ ਹੋ।
12 ਇਉਂ ਹੋਰ ਲੋਕੀ ਵੀ ਤੁਹਾਡੇ ਮਹਾਨ ਕਾਰਨਾਮਿਆ ਬਾਰੇ ਜਾਣ ਲੈਂਦੇ ਹਨ, ਯਹੋਵਾਹ।
    ਉਹ ਲੋਕ ਜਾਣ ਲੈਂਦੇ ਹਨ ਕਿ ਤੁਹਾਡੀ ਸਲਤਨਤ ਕਿੰਨੀ ਮਹਾਨ ਅਤੇ ਅਦਭੁਤ ਹੈ।
13 ਯਹੋਵਾਹ, ਤੁਹਾਡੀ ਸਲਤਨਤ ਸਦਾ-ਸਦਾ ਲਈ ਰਹੇਗੀ।
    ਤੁਸੀਂ ਸਦਾ-ਸਦਾ ਲਈ ਰਾਜ ਕਰੋਂਗੇ।

14 ਯਹੋਵਾਹ ਨੀਵੇਂ ਡਿੱਗਿਆ ਨੂੰ ਉੱਚਿਆਂ ਚੁੱਕਦਾ ਹੈ।
    ਯਹੋਵਾਹ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜੋ ਮੁਸੀਬਤ ਵਿੱਚ ਹਨ।
15 ਯਹੋਵਾਹ, ਸਾਰੇ ਜਿਉਂਦੇ ਪ੍ਰਾਣੀ ਤੁਹਾਡੇ ਵੱਲ ਆਪਣੇ ਭੋਜਨ ਲਈ ਤੱਕਦੇ ਹਨ।
    ਅਤੇ ਤੁਸੀਂ ਉਨ੍ਹਾਂ ਨੂੰ ਸਮੇਂ ਸਿਰ ਭੋਜਨ ਦਿੰਦੇ ਹੋ।
16 ਯਹੋਵਾਹ, ਤੁਸੀਂ ਆਪਣੇ ਹੱਥ ਖੋਲ੍ਹ ਦਿੰਦੇ ਹੋ,
    ਅਤੇ ਤੁਸੀਂ ਹਰ ਜਿਉਂਦੇ ਪ੍ਰਾਣੀ ਨੂੰ ਜੋ ਵੀ ਉਸ ਦੀ ਲੋੜ ਹੈ ਉਸ ਨੂੰ ਦਿੰਦੇ ਹੋ।
17 ਹਰ ਗੱਲ ਜਿਹੜੀ ਯਹੋਵਾਹ ਕਰਦਾ ਹੈ, ਸ਼ੁਭ ਹੈ।
    ਹਰ ਗੱਲ ਜਿਹੜੀ ਉਹ ਕਰਦਾ ਹੈ ਦਰਸਾਉਂਦੀ ਹੈ ਕਿ ਉਹ ਕਿੰਨਾ ਮਹਾਨ ਹੈ।
18 ਯਹੋਵਾਹ ਹਰ ਉਸ ਬੰਦੇ ਦੇ ਨੇੜੇ ਹੈ ਜੋ ਉਸ ਨੂੰ ਮਦਦ ਵਾਸਤੇ ਪੁਕਾਰਦਾ ਹੈ।
    ਪਰਮੇਸ਼ੁਰ ਹਰ ਉਸ ਵਿਅਕਤੀ ਦੇ ਨੇੜੇ ਹੈ ਜਿਹੜਾ ਨਿਸ਼ਕਪਟਤਾ ਨਾਲ ਉਸ ਨੂੰ ਪ੍ਰਾਰਥਨਾ ਕਰਦਾ ਹੈ।
19 ਯਹੋਵਾਹ ਉਹੀ ਕਰਦਾ ਹੈ ਜੋ ਉਸ ਦੇ ਚੇਲੇ ਚਾਹੁੰਦੇ ਹਨ, ਯਹੋਵਾਹ ਆਪਣੇ ਪੈਰੋਕਾਰਾ ਦੀ ਸੁਣਦਾ ਹੈ।
    ਉਹ ਉਨ੍ਹਾਂ ਦੀਆਂ ਅਰਦਾਸਾ ਮੰਨਦਾ ਹੈ।
    ਅਤੇ ਉਹ ਉਨ੍ਹਾਂ ਨੂੰ ਬਚਾਉਂਦਾ ਹੈ।
20 ਯਹੋਵਾਹ ਹਰ ਬੰਦੇ ਨੂੰ ਬਚਾਉਂਦਾ ਹੈ, ਜਿਹੜਾ ਉਸ ਨੂੰ ਪਿਆਰ ਕਰਦਾ ਹੈ।
    ਪਰ ਯਹੋਵਾਹ ਮੰਦੇ ਬੰਦੇ ਦਾ ਨਾਸ਼ ਕਰਦਾ ਹੈ।
21 ਮੈਂ ਯਹੋਵਾਹ ਦੀ ਉਸਤਤਿ ਕਰਾਂਗਾ!
    ਮੈਂ ਚਾਹੁੰਦਾ ਹਾਂ ਕਿ ਹਰ ਬੰਦਾ ਉਸ ਦੇ ਪਵਿੱਤਰ ਨਾਮ ਦੀ ਸਦਾ-ਸਦਾ ਲਈ ਉਸਤਤਿ ਕਰ ਸੱਕੇ।

ਕਹਾਉਤਾਂ 1:20-33

ਨੇਕ ਔਰਤ — ਸਿਆਣਪ

20 ਸਿਆਣਪ ਰਾਹਾਂ ਤੇ ਰੋ ਰਹੀ ਹੈ, ਉਹ ਬਜ਼ਾਰਾਂ ਵਿੱਚ ਦੁਹਾਈ ਦੇ ਰਹੀ ਹੈ। 21 ਉਹ ਭੀੜ ਭਰੇ ਚੌਰਾਹਿਆਂ ਉੱਤੇ ਹੋਕਾ ਦੇ ਰਹੀ ਹੈ। ਉਹ ਸ਼ਹਿਰ ਦੇ ਫ਼ਾਟਕਾਂ ਦੇ ਨੇੜੇ ਖਲੋਤੀ ਹੈ ਅਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਸਿਆਣਪ ਆਖਦੀ ਹੈ:

22 “ਕਿੰਨਾ ਕੁ ਚਿਰ ਤੁਸੀਂ ਮੂਰਖ ਲੋਕੋ ਆਪਣੀ ਮੂਰਖਤਾ ਨੂੰ ਪਿਆਰ ਕਰਦੇ ਰਹੋਂਗੇ? ਤੁਸੀਂ ਮਖੌਲੀਏ ਕਿੰਨਾ ਕੁ ਚਿਰ ਹੋਰਨਾਂ ਦਾ ਮਖੌਲ ਉਡਾਉਂਗੇ? ਤੁਸੀਂ ਮੂਰੱਖੋ ਕਦੋਂ ਤੀਕ ਗਿਆਨ ਨੂੰ ਨਫ਼ਰਤ ਕਰੋਂਗੇ? 23 ਜੇ ਤੁਸੀਂ ਮੇਰੀ, ਤੁਹਾਨੂੰ ਸੁਧਾਰਨ ਦੀ ਪੁਕਾਰ ਦਾ ਜਵਾਬ ਦਿੱਤਾ ਹੁੰਦਾ ਮੈਂ ਤੁਹਾਨੂੰ ਉਹ ਹਰ ਗੱਲ ਦੱਸ ਦਿੰਦੀ ਜੋ ਮੈਂ ਜਾਣਦੀ ਸਾਂ। ਮੈਂ ਤੁਹਾਨੂੰ ਆਪਣਾ ਸਾਰਾ ਗਿਆਨ ਦੇ ਦਿੰਦੀ।

24 “ਪਰ ਤੁਸੀਂ ਮੇਰੀ ਗੱਲ ਸੁਣਨ ਤੋਂ ਇਨਕਾਰ ਕੀਤਾ। ਮੈਂ ਤੁਹਾਡੀ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਤੁਹਾਡੇ ਵੱਲ ਆਪਣਾ ਹੱਥ ਵੱਧਾਇਆ-ਪਰ ਤੁਸੀਂ ਮੇਰੀ ਸਹਾਇਤਾ ਪ੍ਰਵਾਨ ਕਰਨ ਤੋਂ ਇਨਕਾਰ ਕੀਤਾ। 25 ਤੁਸੀਂ ਮੂੰਹ ਫ਼ੇਰ ਲਿਆ ਅਤੇ ਮੇਰੀ ਤੁਹਾਨੂੰ ਸੁਧਾਰਨ ਦੀ ਕੋਸ਼ਿਸ ਨੂੰ ਤੁਸਾਂ ਅਣਗੌਲਿਆਂ ਕਰ ਦਿੱਤਾ। ਤੁਸੀਂ ਮੇਰੇ ਸ਼ਬਦਾਂ ਉੱਤੇ ਭਰੋਸਾ ਕਰਨ ਤੋਂ ਇਨਕਾਰ ਕਰ ਦਿੱਤਾ। 26 ਇਸ ਲਈ, ਮੈਂ ਤੁਹਾਡੀ ਬਿਪਤਾ ਉੱਤੇ ਹੱਸਾਂਗੀ। ਮੈਂ ਤੁਹਾਡਾ ਮਜ਼ਾਕ ਉਡਾਵਾਂਗੀ ਜਦੋਂ ਤੁਹਾਡੇ ਉੱਤੇ ਡਰ ਆਉਣ ਲੱਗੇਗਾ। 27 ਜਦੋਂ ਮੁਸੀਬਤਾਂ ਭਿਆਨਕ ਤੂਫ਼ਾਨ ਵਾਂਗ ਤੁਹਾਡੇ ਉੱਤੇ ਟੁੱਟ ਪੈਣਗੀਆਂ, ਜਦੋਂ ਮੁਸੀਬਤਾਂ ਤੁਹਾਡੇ ਉੱਪਰ ਆਉਣਗੀਆਂ ਜਦੋਂ ਮੁਸੀਬਤ ਅਤੇ ਗ਼ਮ ਤੁਹਾਨੂੰ ਦਬਾ ਲੈਣਗੇ।

28 “ਜਦੋਂ ਇਹ ਸਭ ਗੱਲਾਂ ਵਾਪਰਨਗੀਆਂ ਤਾਂ ਤੁਸੀਂ ਮੇਰੇ ਕੋਲੋਂ ਸਹਾਇਤਾ ਮੰਗੋਂਗੇ। ਮੈਂ ਤੁਹਾਡੀ ਸਹਾਇਤਾ ਨਹੀਂ ਕਰਾਂਗੀ। ਤੁਸੀਂ ਮੇਰੀ ਤਲਾਸ਼ ਕਰੋਂਗੇ ਪਰ ਮੈਂ ਤੁਹਾਨੂੰ ਨਹੀਂ ਮਿਲਾਂਗੀ। 29 ਕਿਉਂ ਕਿ ਉਨ੍ਹਾਂ ਨੇ ਗਿਆਨ ਨੂੰ ਨਫ਼ਰਤ ਕੀਤੀ ਅਤੇ ਤੁਸੀਂ ਯਹੋਵਾਹ ਤੋਂ ਡਰਨ ਤੋਂ ਇਨਕਾਰ ਕਰ ਦਿੱਤਾ। 30 ਕਿਉਂਕਿ ਉਨ੍ਹਾਂ ਨੇ ਮੇਰੀ ਸਲਾਹ ਦੀ ਇੱਛਾ ਨਹੀਂ ਕੀਤੀ ਅਤੇ ਮੇਰੀ ਉਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਨੂੰ ਅਪ੍ਰਵਾਨ ਕਰ ਦਿੱਤਾ, 31 ਉਹ ਆਪਣੇ ਰਾਹਾਂ ਦਾ ਫ਼ਲ ਖਾਣਗੇ, ਅਤੇ ਆਪਣੀਆਂ ਹੀ ਸੱਕੀਮਾਂ ਨਾਲ ਭਰ ਜਾਣਗੇ!

32 “ਜੇਕਰ ਮੂਰਖ ਲੋਕ ਇਸਤੋਂ ਦੂਰ ਪਰਤ ਜਾਣਗੇ, ਇਹ ਉਨ੍ਹਾਂ ਨੂੰ ਮਾਰ ਦੇਵੇਗਾ, ਅਤੇ ਆਤਮ-ਸੰਤੁਸ਼ਟੀ ਮੂਰੱਖਾਂ ਨੂੰ ਤਬਾਹ ਕਰ ਦੇਵੇਗੀ। 33 ਪਰ ਉਹ ਬੰਦਾ ਜਿਹੜਾ ਮੇਰੀ ਗੱਲ ਮੰਨਦਾ ਹੈ ਉਹ ਸੁਰੱਖਿਆ ਨਾਲ ਜੀਵੇਗਾ। ਉਹ ਮੁਸੀਬਤ ਦੇ ਡਰ ਤੋਂ ਬਿਨਾਂ ਸੌਖੇ ਹੋਕੇ ਰਹਿ ਸੱਕਦੇ ਹਨ।”

2 ਕੁਰਿੰਥੀਆਂ ਨੂੰ 5:11-21

ਲੋਕਾਂ ਨੂੰ ਪਰਮੇਸ਼ੁਰ ਦੇ ਦੋਸਤ ਬਨਣ ਵਿੱਚ ਸਹਾਇਤਾ ਕਰਨਾ

11 ਅਸੀਂ ਸਾਰੇ ਜਾਣਦੇ ਹਾਂ ਕਿ ਪ੍ਰਭੂ ਤੋਂ ਡਰਨ ਦਾ ਕੀ ਅਰਥ ਹੈ। ਇਸ ਲਈ ਅਸੀਂ ਲੋਕਾਂ ਦੀ ਸੱਚ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦੇ ਹਾਂ। ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਅਸਲ ਵਿੱਚ ਕੀ ਹਾਂ। ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਨੂੰ ਆਪਣੇ ਦਿਲਾਂ ਵਿੱਚ ਜਾਣਦੇ ਹੋਂ। 12 ਅਸੀਂ ਤੁਹਾਨੂੰ ਆਪਣੇ ਆਪ ਦਾ ਮੁੜਕੇ ਪ੍ਰਮਾਣ ਦੇਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਪਰ ਅਸੀਂ ਤੁਹਾਨੂੰ ਆਪਣੇ ਬਾਰੇ ਦੱਸ ਰਹੇ ਹਾਂ। ਅਸੀਂ ਕਾਰਣ ਦੇ ਰਹੇ ਹਾਂ ਜਿਸ ਵਾਸਤੇ ਤੁਸੀਂ ਸਾਡੇ ਉੱਤੇ ਮਾਣ ਕਰ ਸੱਕਦੇ ਹੋ। ਫ਼ੇਰ ਤੁਹਾਡਾ ਕਲ ਉਨ੍ਹਾਂ ਲਈ ਉੱਤਰ ਹੋਵੇਗਾ ਜਿਹੜੇ ਦ੍ਰਿਸ਼ਟਮਾਨ ਚੀਜ਼ਾਂ ਉੱਤੇ ਮਾਣ ਕਰਦੇ ਹਨ। ਉਹ ਲੋਕ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ ਕਿ ਕਿਸੇ ਵਿਅਕਤੀ ਦੇ ਦਿਲ ਵਿੱਚ ਕੀ ਹੈ। 13 ਜੇ ਅਸੀਂ ਝੱਲੇ ਹਾਂ ਤਾਂ ਇਹ ਪਰਮੇਸ਼ੁਰ ਲਈ ਹੈ। ਜੇ ਸਾਡਾ ਦਿਮਾਗ ਸਹੀ ਹੈ ਤਾਂ ਤੁਹਾਡੇ ਲਈ ਹੈ। 14 ਅਸੀਂ ਮਸੀਹ ਦੇ ਪਿਆਰ ਦੇ ਵੱਸ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਉਹ ਸਾਰਿਆਂ ਲਈ ਮਰਿਆ, ਇਸੇ ਲਈ ਸਾਰੇ ਮਰ ਗਏ ਹਨ। 15 ਮਸੀਹ ਸਾਰਿਆਂ ਲਈ ਮਰਿਆ, ਤਾਂ ਜੋ ਜਿਹੜੇ ਲੋਕ ਜਿਉ ਰਹੇ ਹਨ ਉਨ੍ਹਾਂ ਨੂੰ ਆਪਣੇ ਆਪ ਲਈ ਜਿਉਣਾ ਬੰਦ ਕਰ ਦੇਣਾ ਚਾਹੀਦਾ ਹੈ। ਉਹ ਉਨ੍ਹਾਂ ਲਈ ਮਰਿਆ ਅਤੇ ਮੁਰਦਿਆਂ ਵਿੱਚੋਂ ਜੀ ਉੱਠਿਆ। ਤਾਂ ਜੋ ਉਹ ਲੋਕ ਉਸ ਦੇ ਲਈ ਜਿਉਣ।

16 ਹੁਣ ਤੋਂ ਅਸੀਂ ਕਿਸੇ ਵਿਅਕਤੀ ਬਾਰੇ ਉਸ ਤਰ੍ਹਾਂ ਨਹੀਂ ਸੋਚਦੇ ਜਿਵੇਂ ਦੁਨੀਆਂ ਦੇ ਲੋਕ ਸੋਚਦੇ ਹਨ। ਇਹ ਸੱਚ ਹੈ ਕਿ ਪਿੱਛਲੇ ਸਮੇਂ ਅਸੀਂ ਮਸੀਹ ਬਾਰੇ ਦੁਨੀਆਂ ਦੇ ਲੋਕਾਂ ਵਾਂਗ ਹੀ ਸੋਚਿਆ ਸੀ। ਪਰ ਹੁਣ ਅਸੀਂ ਉਸ ਤਰ੍ਹਾਂ ਨਹੀਂ ਸੋਚਦੇ। 17 ਜੇਕਰ ਕੋਈ ਵੀ ਮਸੀਹ ਵਿੱਚ ਹੈ, ਉਹ ਨਵਾਂ ਬਣ ਗਿਆ ਹੈ। ਪੁਰਾਣੀਆਂ ਚੀਜ਼ਾਂ ਦੂਰ ਚਲੀਆਂ ਗਈਆਂ ਅਤੇ ਹੁਣ ਸਭ ਕੁਝ ਨਵਾਂ ਹੈ। 18 ਇਹ ਸਾਰਾ ਕੁਝ ਪਰਮੇਸ਼ੁਰ ਵੱਲੋਂ ਹੈ। ਪਰਮੇਸ਼ੁਰ ਨੇ ਮਸੀਹ ਦੇ ਰਾਹੀਂ ਸਾਡੇ ਅਤੇ ਆਪਣੇ ਵਿੱਚਕਾਰ ਸ਼ਾਂਤੀ ਦਾ ਸੰਬੰਧ ਜੋੜਿਆ ਹੈ। ਅਤੇ ਪਰਮੇਸ਼ੁਰ ਨੇ ਸਾਨੂੰ ਲੋਕਾਂ ਅਤੇ ਉਸ ਵਿੱਚਕਾਰ ਸ਼ਾਂਤੀ ਬਨਾਉਣ ਦਾ ਕੰਮ ਦਿੱਤਾ ਹੈ। 19 ਭਾਵ ਇਹ ਹੈ ਕਿ ਪਰਮੇਸ਼ੁਰ ਮਸੀਹ ਵਿੱਚ ਆਪਣੇ ਅਤੇ ਦੁਨੀਆਂ ਵਿੱਚਕਾਰ ਸ਼ਾਂਤੀ ਸਥਾਪਿਤ ਕਰ ਰਿਹਾ ਸੀ। ਮਸੀਹ ਵਿੱਚ ਪਰਮੇਸ਼ੁਰ ਨੇ ਲੋਕਾਂ ਨੂੰ ਉਨ੍ਹਾਂ ਦੇ ਜੁਰਮੀ ਗੁਨਾਹਾਂ ਦਾ ਜ਼ਿੰਮੇਦਾਰ ਨਹੀਂ ਠਹਿਰਾਇਆ। ਉਸ ਨੇ ਸਾਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ। 20 ਲਈ ਅਸੀਂ ਮਸੀਹ ਬਾਰੇ ਗੱਲ ਕਰਨ ਲਈ ਭੇਜੇ ਗਏ ਹਾਂ। ਇਹ ਇਸ ਤਰ੍ਹਾਂ ਹੈ ਜਿਵੇ ਪਰਮੇਸ਼ੁਰ ਸਾਡੇ ਰਾਹੀਂ ਲੋਕਾਂ ਨੂੰ ਸੱਦ ਰਿਹਾ ਹੈ। ਇਸ ਲਈ ਮਸੀਹ ਦੇ ਪੱਖੋਂ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ; ਪਰਮੇਸ਼ੁਰ ਨਾਲ ਸ਼ਾਂਤੀ ਬਣਾਓ। 21 ਮਸੀਹ ਵਿੱਚ ਕੋਈ ਪਾਪ ਨਹੀਂ ਸੀ। ਪਰ ਪਰਮੇਸ਼ੁਰ ਨੇ ਉਸ ਨੂੰ ਪਾਪ ਬਣਾ ਦਿੱਤਾ। ਪਰਮੇਸ਼ੁਰ ਨੇ ਇਹ ਸਾਡੇ ਲਈ ਕੀਤਾ ਸੀ ਤਾਂ ਜੋ ਉਸ ਰਾਹੀਂ ਅਸੀਂ ਪਰਮੇਸ਼ੁਰ ਨਾਲ ਧਰਮੀ ਬਣ ਸੱਕਦੇ ਹਾਂ।

ਮਰਕੁਸ 10:35-45

ਯਾਕੂਬ ਅਤੇ ਯੂਹੰਨਾ ਦਾ ਉਸਤੋਂ ਮਦਦ ਮੰਗਣਾ(A)

35 ਤਦ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ ਉਸ ਦੇ ਕੋਲ ਆਣਕੇ ਉਸ ਨੂੰ ਕਹਿਣ ਲੱਗੇ, “ਗੁਰੂ ਜੀ! ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਲਈ ਇੱਕ ਮਿਹਰਬਾਨੀ ਕਰੋ।”

36 ਯਿਸੂ ਨੇ ਆਖਿਆ, “ਤੁਸੀਂ ਮੈਥੋਂ ਆਪਣੇ ਲਈ ਕੀ ਕਰਾਉਣਾ ਚਾਹੁੰਦੇ ਹੋ?”

37 ਉਨ੍ਹਾਂ ਨੇ ਜਵਾਬ ਦਿੱਤਾ, “ਸਾਨੂੰ ਦੋਹਾਂ ਨੂੰ ਵਚਨ ਦੇ ਕਿ ਤੇਰੀ ਮਹਿਮਾ ਵਿੱਚ, ਸਾਡੇ ਵਿੱਚੋਂ ਇੱਕ ਤੇਰੇ ਸੱਜੇ ਪਾਸੇ ਅਤੇ ਦੂਜਾ ਤੇਰੇ ਖੱਬੇ ਪਾਸੇ ਬੈਠੇ!”

38 ਉਸ ਨੇ ਕਿਹਾ, “ਤੁਹਾਨੂੰ ਨਹੀ ਪਤਾ ਕਿ ਤੁਸੀਂ ਕੀ ਮੰਗ ਰਹੇ ਹੋ। ਕੀ ਜਿਸ ਤਰ੍ਹਾਂ ਦੇ ਦੁੱਖ ਮੈਨੂੰ ਝੱਲਣੇ ਪੈ ਰਹੇ ਹਨ, ਓਹੋ ਜਿਹੇ ਤੁਸੀਂ ਸਹਾਰਣ ਨੂੰ ਤਿਆਰ ਹੋ? ਅਤੇ ਜਿਹੋ ਜਿਹਾ ਬਪਤਿਸਮਾ ਮੈਂ ਲੈਣਾ ਹੈ, ਕੀ ਤੁਸੀਂ ਉਹੋ ਜਿਹਾ ਬਪਤਿਸਮਾ ਲੈ ਸੱਕਦੇ ਹੋ?”

39 ਉਨ੍ਹਾਂ ਉਸ ਨੂੰ ਆਖਿਆ, “ਹਾਂ ਹੋ ਸੱਕਦਾ ਹੈ!”

ਯਿਸੂ ਨੇ ਉਨ੍ਹਾਂ ਨੂੰ ਆਖਿਆ, “ਜਿਨ੍ਹਾਂ ਤਕਲੀਫ਼ਾਂ ਰਾਹੀਂ ਮੈਂ ਗੁਜਰਾਂਗਾ, ਤੁਸੀਂ ਵੀ ਗੁਜਰੋਂਗੇ ਜਿਹੜਾ ਬਪਤਿਸਮਾ ਮੈਂ ਲਵਾਂਗਾ ਤੁਸੀਂ ਵੀ ਲਵੋਂਗੇ। 40 ਪਰ ਕੌਣ ਮੇਰੇ ਸੱਜੇ ਅਤੇ ਖੱਬੇ ਪਾਸੇ ਬੈਠੇਗਾ ਇਸਦਾ ਫ਼ੈਸਲਾ ਕਰਨ ਵਾਲਾ ਮੈਂ ਨਹੀਂ ਹਾਂ! ਇਹ ਜਗ੍ਹਾਵਾਂ ਉਨ੍ਹਾਂ ਲਈ ਰੱਖੀਆਂ ਗਈਆਂ ਹਨ ਜਿਨ੍ਹਾਂ ਲਈ ਇਹ ਤਿਆਰ ਕੀਤੀਆਂ ਗਈਆਂ ਹਨ।”

41 ਬਾਕੀ ਦਸ ਚੇਲਿਆਂ ਨੇ ਵੀ ਇਹ ਸੁਣਿਆ। ਉਨ੍ਹਾਂ ਨੂੰ ਯਾਕੂਬ ਅਤੇ ਯੂਹੰਨਾ ਤੇ ਕਰੋਧ ਆਇਆ ਤਾਂ 42 ਯਿਸੂ ਨੇ ਸਾਰੇ ਚੇਲਿਆਂ ਨੂੰ ਇਕੱਠਿਆਂ ਕੀਤਾ ਅਤੇ ਕਿਹਾ, “ਤੁਸੀਂ ਜਾਣਦੇ ਹੋ ਕਿ ਉਹ ਲੋਕ ਜਿਨ੍ਹਾਂ ਨੂੰ ਪਰਾਈਆਂ ਕੌਮਾਂ ਦੇ ਹਾਕਮ ਸਮਝਿਆ ਜਾਂਦਾ ਹੈ, ਉਹ ਉਨ੍ਹਾਂ ਤੇ ਦਬਦਬਾ ਰੱਖਣਾ ਪਸੰਦ ਕਰਦੇ ਹਨ ਅਤੇ ਉਨ੍ਹਾਂ ਦੇ ਵਿਸ਼ੇਸ਼ ਆਗੂ ਉਨ੍ਹਾਂ ਉੱਤੇ ਅਧਿਕਾਰ ਇਸਤੇਮਾਲ ਕਰਨਾ ਪਸੰਦ ਕਰਦੇ ਹਨ। 43 ਪਰ ਤੁਹਾਡੇ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ। ਸਗੋਂ ਤੁਹਾਡੇ ਵਿੱਚੋਂ ਜੇਕਰ ਕੋਈ ਮਹਾਨ ਹੋਣਾ ਚਾਹੁੰਦਾ ਹੈ ਉਸ ਨੂੰ ਤੁਹਾਡਾ ਸੇਵਕ ਹੋਣਾ ਚਾਹੀਦਾ ਹੈ। 44 ਜੇਕਰ ਤੁਹਾਡੇ ਵਿੱਚੋਂ ਕੋਈ ਸਭ ਤੋਂ ਵੱਡਾ ਬਨਣਾ ਚਾਹੁੰਦਾ ਹੈ, ਤਾਂ ਉਸ ਨੂੰ ਨੋਕਰ ਵਾਂਗ ਸਭ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। 45 ਕਿਉਂਕਿ ਮਨੁੱਖ ਦਾ ਪੁੱਤਰ ਦੂਜਿਆਂ ਤੋਂ ਆਪਣੀ ਸੇਵਾ ਨਹੀਂ ਕਰਾਉਣ ਆਇਆ ਪਰ ਲੋਕਾਂ ਦੀ ਸੇਵਾ ਕਰਨ ਅਤੇ ਬਹੁਤੇ ਲੋਕਾਂ ਨੂੰ ਬਚਾਉਣ ਦੀ ਖਾਤਰ ਆਪਣੀ ਜਾਨ ਦੇਣ ਲਈ ਆਇਆ ਹੈ।”

Punjabi Bible: Easy-to-Read Version (ERV-PA)

2010 by World Bible Translation Center