Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 24

ਦਾਊਦ ਦਾ ਇੱਕ ਗੀਤ।

24 ਧਰਤੀ ਅਤੇ ਇਸਦੀ ਹਰ ਸ਼ੈਅ ਯਹੋਵਾਹ ਦੀ ਮਲਕੀਅਤ ਹੈ।
    ਦੁਨੀਆਂ ਤੇ ਇਸਦੇ ਸਾਰੇ ਲੋਕ ਉਸ ਦੇ ਹਨ।
ਯਹੋਵਾਹ ਨੇ ਧਰਤੀ ਨੂੰ ਪਾਣੀ ਉੱਤੇ ਸਾਜਿਆ।
    ਉਸ ਨੇ ਇਸ ਨੂੰ ਦਰਿਆਵਾਂ ਉੱਤੇ ਸਾਜਿਆ।

ਯਹੋਵਾਹ ਦੇ ਪਰਬਤ ਉੱਤੇ ਕੌਣ ਚੜ੍ਹ ਸੱਕਦਾ ਹੈ।
    ਕੌਣ ਖਲੋ ਸੱਕਦਾ ਹੈ ਤੇ ਯਹੋਵਾਹ ਦੇ ਪਵਿੱਤਰ ਮੰਦਰ ਵਿੱਚ ਉਪਾਸਨਾ ਕਰ ਸੱਕਦਾ ਹੈ?
ਕਿਹੜੇ ਲੋਕ ਗਿਰਜਾਘਰ ਤੱਕ ਜਾ ਸੱਕਦੇ ਹਨ?
    ਪਵਿੱਤਰ ਹੱਥਾਂ ਅਤੇ ਜਿਨ੍ਹਾਂ ਦੇ ਦਿਲ ਸ਼ੁੱਧ ਹਨ।
ਉਹ ਲੋਕ ਜਿਨ੍ਹਾਂ ਨੇ ਮੰਦੇ ਕੰਮ ਨਹੀਂ ਕੀਤੇ ਹਨ, ਉਹ ਲੋਕ ਜਿਨ੍ਹਾ ਦੇ ਹਿਰਦੇ ਸ਼ੁੱਧ ਹਨ, ਉਹ ਲੋਕ ਜਿਨ੍ਹਾਂ ਨੇ ਝੂਠੀ ਸੌਂਹ ਖਾਣ ਲਈ ਮੇਰੇ ਨਾਂ ਦੀ ਵਰਤੋਂ ਨਹੀਂ ਕੀਤੀ
    ਅਤੇ ਉਹ ਲੋਕ ਜਿਨ੍ਹਾਂ ਨੇ ਧੋਖਾ ਦੇਣ ਵਾਲੇ ਵਾਅਦੇ ਨਹੀਂ ਕੀਤੇ ਹਨ।

ਚੰਗੇ ਬੰਦੇ ਯਹੋਵਾਹ ਤਾਈਂ ਹੋਰਾਂ ਨੂੰ ਅਸੀਸ ਦੇਣ ਲਈ ਆਖਦੇ ਹਨ।
    ਉਹ ਲੋਕ ਆਪਣੇ ਪਰਮੇਸ਼ੁਰ, ਆਪਣੇ ਮੁਕਤੀਦਾਤਾ ਨੂੰ ਸ਼ੁਭ ਕਾਰਜ ਕਰਨ ਲਈ ਆਖਦੇ ਹਨ।
ਉਹ ਚੰਗੇ ਲੋਕ ਪਰਮੇਸ਼ੁਰ ਦਾ ਅਨੁਸਰਣ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ,
    ਉਹ ਲੋਕ ਯਾਕੂਬ ਦੇ ਪਰਮੇਸ਼ੁਰ ਕੋਲ ਮਦਦ ਲਈ ਜਾਂਦੇ ਹਨ।

ਦਰਵਾਜਿਉ ਆਪਣੇ ਸਿਰ ਚੁੱਕੋ।
    ਪੁਰਾਤਨ ਦਰਵਾਜਿਉ ਖੁਲ੍ਹ ਜਾਵੋ,
    ਤਾਂ ਜੋ ਮਹਿਮਾਮਈ ਰਾਜਾ ਅੰਦਰ ਆ ਸੱਕੇ।
ਉਹ ਤੇਜਸਵੀ ਰਾਜਾ ਕੌਣ ਹੈ?
    ਯਹੋਵਾਹ ਸਰਬ ਸ਼ਕਤੀਮਾਨ ਉਹ ਰਾਜਾ ਹੈ।
    ਉਹ ਤੇਜਸਵੀ ਰਾਜਾ ਹੈ। ਉਹੀ ਯੁੱਧ ਦਾ ਨਾਇੱਕ ਹੈ।

ਦਰਵਾਜਿਉ, ਆਪਣੇ ਸਿਰ ਚੁੱਕੋ।
    ਪੁਰਾਤਨ ਦਰਵਾਜਿਉ ਖੁਲ੍ਹ ਜਾਵੋ,
    ਮਹਿਮਾਮਈ ਰਾਜਾ ਅੰਦਰ ਆਏਗਾ।
10 ਉਹ ਮਹਾਨ ਰਾਜਾ ਕੌਣ ਹੈ?
    ਪਰਮੇਸ਼ੁਰ ਹੀ ਉਹ ਅੱਤ ਮਹਾਨ ਰਾਜਾ ਹੈ।
    ਉਹ ਮਹਿਮਾਮਈ ਰਾਜਾ ਹੈ।

ਜ਼ਬੂਰ 29

ਦਾਊਦ ਦਾ ਇੱਕ ਗੀਤ।

29 ਪਰਮੇਸ਼ੁਰ ਦੇ ਪੁੱਤਰੋ, ਯਹੋਵਾਹ ਦੀ ਉਸਤਤਿ ਕਰੋ।
    ਉਸਦੀ ਮਹਿਮਾ ਦੀ, ਉਸਦੀ ਸ਼ਕਤੀ ਦੀ ਉਸਤਤਿ ਕਰੋ।
ਯਹੋਵਾਹ ਦੀ ਉਸਤਤਿ ਕਰੋ ਅਤੇ ਉਸ ਦੇ ਨਾਂ ਦੀ ਇੱਜ਼ਤ ਕਰੋ।
    ਆਪਣੀ ਖਾਸ ਪੁਸ਼ਾਕ ਵਿੱਚ ਉਸਦੀ ਉਪਾਸਨਾ ਕਰੋ।
ਯਹੋਵਾਹ ਸਮੁੰਦਰ ਉੱਤੇ ਆਪਣੀ ਅਵਾਜ਼ ਬੁਲਦ ਕਰਦਾ ਹੈ,
    ਇਹ ਅਵਾਜ਼ ਮਹਾਨ ਪਰਮੇਸ਼ੁਰ ਦੀ ਹੈ ਜਿਹੜੀ ਮਹਾਂ ਸਾਗਰ ਉੱਤੇ ਗਰਜ ਵਾਂਗ ਫ਼ੈਲਦੀ ਹੈ।
ਯਹੋਵਾਹ ਦੀ ਕੜਕਦਾਰ ਅਵਾਜ਼ ਉਸਦੀ ਸ਼ਕਤੀ
    ਅਤੇ ਤੇਜ ਨੂੰ ਦਰਸ਼ਾਉਂਦਾ ਹੈ।
ਯਹੋਵਾਹ ਦੀ ਅਵਾਜ਼ ਦਿਉਦਾਰਾਂ ਦੇ ਰੁੱਖਾਂ ਨੂੰ ਟੁਕੜੇ-ਟੁਕੜੇ ਕਰ ਦਿੰਦੀ ਹੈ।
    ਯਹੋਵਾਹ ਦੀ ਅਵਾਜ਼ ਲਬਾਨੋਨ ਦੇ ਦਿਉਦਾਰਾਂ ਦੇ ਰੁੱਖਾਂ ਨੂੰ ਵੱਢਦੀ ਹੈ।
ਯਹੋਵਾਹ ਲਬਾਨੋਨ ਨੂੰ ਹਿਲਾ ਦਿੰਦਾ ਹੈ।
    ਇਹ ਛੋਟੇ ਵੱਛੇ ਦੇ ਨੱਚਣ ਵਰਗਾ ਲੱਗਦਾ ਹੈ।
ਸਿਰਯੋਨ ਹਿਲਦਾ ਹੈ।
    ਇਹ ਬੱਕਰੀ ਦੇ ਬੱਚੇ ਦੇ ਕੁੱਦਣ ਵਾਂਗ ਲੱਗਦਾ ਹੈ।
ਯਹੋਵਾਹ ਦੀ ਅਵਾਜ਼ ਬਿਜਲੀ ਦੀ ਲਸ਼ਕੋਰ ਨਾਲ ਹਵਾ ਨੂੰ ਚੀਰਦੀ ਹੈ।
ਯਹੋਵਾਹ ਦੀ ਅਵਾਜ਼ ਮਾਰੂਥਲ ਨੂੰ ਹਿਲਾ ਦਿੰਦੀ ਹੈ।
    ਯਹੋਵਾਹ ਦੀ ਅਵਾਜ਼ ਨਾਲ ਕਾਦੇਸ਼ ਮਾਰੂਥਲ ਕੰਬਦਾ ਹੈ।
ਯਹੋਵਾਹ ਦੀ ਆਵਾਜ਼ ਹਿਰਨ ਨੂੰ ਹਿਲਾ ਦਿੰਦੀ ਹੈ।
    ਯਹੋਵਾਹ ਜੰਗਲਾਂ ਨੂੰ ਤਬਾਹ ਕਰਦਾ ਹੈ।
ਪਰ ਉਸ ਦੇ ਮਹਿਲ ਅੰਦਰ ਲੋਕੀਂ ਉਸਦੀ ਮਹਿਮਾ ਦੇ ਗੀਤ ਗਾਉਂਦੇ ਹਨ।

10 ਹੜ੍ਹ ਵੇਲੇ ਯਹੋਵਾਹ ਰਾਜਾ ਸੀ।
    ਅਤੇ ਪਰਮੇਸ਼ੁਰ ਸਦਾ ਲਈ ਰਾਜੇ ਵਾਂਗ ਰਹੇਗਾ।
11 ਯਹੋਵਾਹ ਨੂੰ ਆਪਣੇ ਲੋਕਾਂ ਦੀ ਰੱਖਿਆ ਕਰਨ ਦਿਉ।
    ਯਹੋਵਾਹ ਨੂੰ ਆਪਣੇ ਲੋਕਾਂ ਨੂੰ ਸ਼ਾਂਤੀ ਦੀ ਅਸੀਸ ਦੇਣ ਦੇਵੋ।

ਜ਼ਬੂਰ 8

ਨਿਰਦੇਸ਼ਕ ਲਈ: ਗਿੱਟੀਥ ਦੇ ਸਾਜ਼ ਨਾਲ [a]। ਦਾਊਦ ਦਾ ਇੱਕ ਗੀਤ।

ਯਹੋਵਾਹ ਸਾਡੇ ਮਾਲਕ, ਸਾਰੀ ਧਰਤੀ ਵਿੱਚ ਤੇਰਾ ਨਾਂ ਵੱਧੇਰੇ ਅਦਭੁਤ ਹੈ।
    ਤੇਰੇ ਨਾਮ ਨੂੰ ਸਵਰਗ ਵਿੱਚ ਹਰ ਥਾਂ ਉਸਤਤਿ ਮਿਲਦੀ ਹੈ।

ਬੱਚੇ ਤੇ ਨਿਆਣੇ ਤੇਰੀਆਂ ਉਸਤਤਾਂ ਦੇ ਗੀਤ ਗਾਉਂਦੇ ਹਨ।
    ਤੂੰ ਉਨ੍ਹਾਂ ਨੂੰ ਇਹ ਗੀਤ ਆਪਣੇ ਸਾਰੇ ਦੁਸ਼ਮਣਾਂ ਦੇ ਮੂੰਹ ਬੰਦ ਕਰਨ ਲਈ ਦਿੱਤੇ ਹਨ।

ਯਹੋਵਾਹ, ਮੈਂ ਉਸ ਸਵਰਗ ਵੱਲ ਵੇਖਦਾ ਹਾਂ, ਜਿਹੜਾ ਤੂੰ ਆਪਣੇ ਖੁਦ ਦੇ ਹੱਥੀਂ ਸਾਜਿਆ ਹੈ।
    ਜਦ ਮੈਂ ਤੇਰੇ ਸਾਜੇ ਚੰਨ ਤੇ ਤਾਰਿਆਂ ਨੂੰ ਵੇਖਦਾ ਹਾਂ, ਮੈਂ ਅਚੰਭਿਤ ਹੁੰਦਾ ਹਾਂ;
“ਲੋਕੀਂ ਤੇਰੇ ਲਈ ਇੰਨੇ ਮਹੱਤਵਪੂਰਣ ਕਿਉਂ ਹਨ?
    ਤੁਸੀਂ ਉਨ੍ਹਾਂ ਨੂੰ ਯਾਦ ਚੇਤੇ ਕਿਉਂ ਰੱਖਦੇ ਹੋ?
ਲੋਕੀਂ ਤੇਰੇ ਲਈ ਇੰਨੇ ਮਹੱਤਵਪੂਰਣ ਕਿਉਂ ਹਨ?
    ਤੁਸੀਂ ਉਨ੍ਹਾਂ ਵੱਲ ਧਿਆਨ ਕਿਉਂ ਦਿੰਦੇ ਹੋਂ?”

ਪਰ ਲੋਕੀਂ ਤੇਰੇ ਲਈ ਮਹੱਤਵਪੂਰਣ ਹਨ।
ਤੁਸੀਂ ਲੋਕਾਂ ਨੂੰ ਦੇਵਤਿਆਂ ਤੋਂ ਬੱਸ ਥੋੜਾ ਜਿਹਾ ਹੀ ਘੱਟ ਬਣਾਇਆ ਹੈ।
    ਤੁਸੀਂ ਉਨ੍ਹਾਂ ਨੂੰ ਮਹਿਮਾ ਅਤੇ ਸਤਿਕਾਰ ਦਾ ਤਾਜ ਪੁਆਇਆ ਹੈ।
ਤੁਸੀਂ ਲੋਕਾਂ ਨੂੰ ਆਪਣੀਆਂ ਸਾਜੀਆਂ ਸਾਰੀਆਂ ਚੀਜ਼ਾਂ ਉੱਤੇ ਅਧਿਕਾਰ ਦੇ ਦਿੱਤਾ।
    ਤੁਸੀਂ ਸਭ ਕੁਝ ਉਨ੍ਹਾਂ ਦੇ ਨਿਯੰਤ੍ਰਣ ਅਧੀਨ ਪਾ ਦਿੱਤਾ।
ਲੋਕੀਂ ਭੇਡਾਂ, ਜਾਨਵਰਾਂ ਅਤੇ ਜੰਗਲ ਦੇ ਸਾਰੇ ਜਾਨਵਰਾਂ ਉੱਪਰ ਹਕੂਮਤ ਕਰਦੇ ਹਨ।
ਉਹ ਅਕਾਸ਼ ਵਿੱਚਲੇ ਪੰਛੀਆਂ ਉੱਤੇ
    ਅਤੇ ਸਮੁੰਦਰ ਵਿੱਚ ਤੈਰਦੀਆਂ ਮੱਛੀਆਂ ਉੱਤੇ ਰਾਜ ਕਰਦੇ ਹਨ।
ਹੇ ਪਰਮੇਸ਼ੁਰ ਸਾਡੇ ਯਹੋਵਾਹ, ਸਾਰੀ ਧਰਤੀ ਉੱਪਰ ਤੇਰਾ ਨਾਂ ਵੱਧੇਰੇ ਅਦਭੁਤ ਹੈ।

ਜ਼ਬੂਰ 84

ਨਿਰਦੇਸ਼ਕ ਲਈ: ਗਿੱਤੀਥ ਦੀ ਸੰਗਤ ਕੋਰਹ ਪਰਿਵਾਰ ਵੱਲੋਂ ਇੱਕ ਉਸਤਤਿ ਗੀਤ।

84 ਸਰਬ ਸ਼ਕਤੀਮਾਨ ਯਹੋਵਾਹ, ਤੁਹਾਡਾ ਮੰਦਰ ਸੱਚਮੁੱਚ ਹੀ ਪਿਆਰਾ ਹੈ।
ਯਹੋਵਾਹ, ਮੈਂ ਤੁਹਾਡੇ ਮੰਦਰ ਵਿੱਚ ਦਾਖਲ ਹੋਣ ਲਈ ਹੋਰ ਵੱਧੇਰੇ ਇੰਤਜ਼ਾਰ ਨਹੀਂ ਕਰ ਸੱਕਦਾ।
    ਮੈਂ ਇੰਨਾ ਉਤਸਾਹਿਤ ਹਾਂ।
ਮੇਰੇ ਸ਼ਰੀਰ ਦਾ ਰੋਮ-ਰੋਮ ਜਿਉਂਦੇ ਪਰਮੇਸ਼ੁਰ ਦਾ ਸੰਗ ਚਾਹੁੰਦਾ ਹੈ।
ਯਹੋਵਾਹ ਸਰਬ ਸ਼ਕਤੀਮਾਨ, ਮੇਰੇ ਰਾਜੇ, ਮੇਰੇ ਪਰਮੇਸ਼ੁਰ,
    ਪੰਛੀਆਂ ਨੇ ਵੀ ਤੇਰੇ ਮੰਦਰ ਵਿੱਚ ਘਰ ਬਣਾ ਲਿਆ ਹੈ।
ਉਹ ਤੁਹਾਡੀ ਜਗਵੇਦੀ ਨੇੜੇ ਆਪਣੇ ਆਲ੍ਹਣੇ ਬਣਾਉਂਦੇ ਹਨ
    ਅਤੇ ਉੱਥੇ ਹੀ ਉਹ ਆਪਣੇ ਬੱਚੇ ਪੈਦਾ ਕਰਦੇ ਹਨ।
ਤੁਹਾਡੇ ਮੰਦਰ ਵਿੱਚ ਰਹਿਣ ਵਾਲੇ ਲੋਕ ਬਹੁਤ ਸੁਭਾਗੇ ਹਨ।
    ਉਹ ਹਾਲੇ ਵੀ ਤੁਹਾਡੀ ਉਸਤਤਿ ਕਰ ਰਹੇ ਹਨ।

ਦਿਲਾਂ ਅੰਦਰ ਗੀਤ ਲੈ ਕੇ ਆਉਣ ਵਾਲੇ ਲੋਕ
    ਤੁਹਾਡੇ ਮੰਦਰ ਵਿੱਚ ਬਹੁਤ ਖੁਸ਼ ਹਨ।
ਉਹ ਬਾਕਾ ਵਾਦੀ ਵਿੱਚੋਂ ਦੀ ਸਫ਼ਰ ਕਰਦੇ ਹਨ
    ਜਿਹੜੀ ਪਰਮੇਸ਼ੁਰ ਨੇ ਚਸ਼ਮੇ ਵਾਂਗ ਬਣਾਈ ਹੈ।
    ਪਤਝੜ ਦੀ ਵਰੱਖਾ ਪਾਣੀ ਦੇ ਤਲਾ ਬਣਾਉਂਦੀ ਹੈ।
ਉਹ ਲੋਕੀਂ ਸੀਯੋਨ ਵੱਲ ਜਾਂਦੇ ਆਪਣੇ ਰਾਹ ਉੱਤੇ ਸ਼ਹਿਰੋਂ-ਸ਼ਹਿਰ ਸਫ਼ਰ ਕਰਦੇ ਹਨ
    ਜਿੱਥੇ ਉਹ ਆਪਣੇ ਪਰਮੇਸ਼ੁਰ ਨੂੰ ਮਿਲਣਗੇ।

ਯਹੋਵਾਹ ਸਰਬ ਸ਼ਕਤੀਮਾਨ ਮੇਰੀ ਪ੍ਰਾਰਥਨਾ ਸੁਣੋ।
    ਯਾਕੂਬ ਦੇ ਪਰਮੇਸ਼ੁਰ, ਮੇਰੀ ਗੱਲ ਸੁਣੋ।

ਹੇ ਪਰਮੇਸ਼ੁਰ ਸਾਡੇ ਰੱਖਿਅਕ ਦੀ ਰੱਖਿਆ ਕਰੋ।
    ਆਪਣੇ ਚੁਣੇ ਹੋਏ ਰਾਜੇ ਉੱਤੇ ਮਿਹਰ ਕਰੋ।
10 ਤੁਹਾਡੇ ਮੰਦਰ ਵਿੱਚਲਾ ਇੱਕ ਵੀ ਦਿਨ
    ਕਿਸੇ ਹੋਰ ਥਾਂ ਦੇ ਹਜ਼ਾਰਾਂ ਦਿਨਾ ਨਾਲੋਂ ਬਿਹਤਰ ਹੈ।
ਮੇਰੇ ਪਰਮੇਸ਼ੁਰ ਦੇ ਘਰ ਦੇ ਦਰਾਂ ਉੱਤੇ ਖੜ੍ਹੇ ਹੋਣਾ
    ਦੁਸ਼ਟ ਵਿਅਕਤੀ ਦੇ ਘਰੇ ਰਹਿਣ ਨਾਲੋਂ ਬਿਹਤਰ ਹੈ।
11 ਯਹੋਵਾਹ ਹੀ ਸਾਡਾ ਰੱਖਿਅਕ ਅਤੇ ਗੌਰਵਮਈ ਰਾਜਾ ਹੈ।
    ਪਰਮੇਸ਼ੁਰ ਸਾਨੂੰ ਮਿਹਰ ਅਤੇ ਮਹਿਮਾ ਨਾਲ ਅਸੀਸ ਦਿੰਦਾ ਹੈ।
ਯਹੋਵਾਹ ਉਨ੍ਹਾਂ ਲੋਕਾਂ ਨੂੰ ਹਰ ਚੰਗੀ ਸ਼ੈਅ ਦਿੰਦਾ ਹੈ
    ਜਿਹੜੇ ਉਸ ਦੇ ਪਿੱਛੇ ਤੁਰਦੇ ਹਨ ਅਤੇ ਉਸਦਾ ਆਖਾ ਮੰਨਦੇ ਹਨ।
12 ਯਹੋਵਾਹ ਸਰਬ ਸ਼ਕਤੀਮਾਨ ਜਿਹੜੇ ਲੋਕ ਤੁਹਾਡੇ ਉੱਤੇ ਵਿਸ਼ਵਾਸ ਕਰਦੇ ਹਨ ਉਹ ਸੱਚਮੁੱਚ ਪ੍ਰਸੰਨ ਹਨ।

ਉਤਪਤ 3:8-15

ਦਿਨ ਦੇ ਸੁਹਾਵਨੇ ਸਮੇਂ, ਯਹੋਵਾਹ ਪਰਮੇਸ਼ੁਰ ਬਾਗ ਵਿੱਚ ਸੈਰ ਕਰ ਰਿਹਾ ਸੀ। ਆਦਮ ਅਤੇ ਔਰਤ ਨੇ ਉਸਦੀ ਆਹਟ ਸੁਣੀ, ਅਤੇ ਬਾਗ ਦੇ ਰੁੱਖਾਂ ਵਿੱਚ ਛੁੱਪ ਗਏ। ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਆਵਾਜ਼ ਦਿੱਤੀ, “ਕਿੱਥੇ ਹੈਂ ਤੂੰ?”

10 ਆਦਮ ਨੇ ਆਖਿਆ, “ਮੈਂ ਤੁਹਾਡੀ ਬਾਗ਼ ਵਿੱਚ ਤੁਰਨ ਫ਼ਿਰਨ ਦੀ ਆਹਟ ਸੁਣਕੇ ਮੈਂ ਡਰ ਗਿਆ ਸੀ। ਮੈਂ ਨੰਗਾ ਸੀ ਇਸ ਲਈ ਮੈਂ ਛੁਪ ਗਿਆ।”

11 ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਆਖਿਆ, “ਤੈਨੂੰ ਕਿਸਨੇ ਦੱਸਿਆ ਕਿ ਤੂੰ ਨੰਗਾ ਹੈਂ? ਕੀ ਤੂੰ ਉਸ ਖਾਸ ਰੁੱਖ ਦਾ ਫ਼ਲ ਖਾਧਾ? ਮੈਂ ਤੈਨੂੰ ਹੁਕਮ ਦਿੱਤਾ ਸੀ ਕਿ ਤੂੰ ਉਸ ਰੁੱਖ ਦਾ ਫ਼ਲ ਨਾ ਖਾਵੀਂ!”

12 ਆਦਮੀ ਨੇ ਆਖਿਆ, “ਜਿਹੜੀ ਔਰਤ ਤੂੰ ਮੇਰੇ ਲਈ ਸਾਜੀ ਸੀ ਉਸ ਨੇ ਮੈਨੂੰ ਉਸ ਰੁੱਖ ਦਾ ਫ਼ਲ ਦਿੱਤਾ ਸੀ। ਇਸ ਲਈ ਮੈਂ ਖਾ ਲਿਆ।”

13 ਤਾਂ ਯਹੋਵਾਹ ਪਰਮੇਸ਼ੁਰ ਨੇ ਔਰਤ ਨੂੰ ਆਖਿਆ, “ਤੂੰ ਕੀ ਕਰ ਬੈਠੀ ਹੈਂ?”

ਔਰਤ ਨੇ ਆਖਿਆ, “ਸੱਪ ਨੇ ਮੈਨੂੰ ਗੁਮਰਾਹ ਕਰ ਦਿੱਤਾ ਸੀ, ਇਸ ਲਈ ਮੈਂ ਫ਼ਲ ਖਾ ਲਿਆ।”

14 ਇਸ ਲਈ ਯਹੋਵਾਹ ਪਰਮੇਸ਼ੁਰ ਨੇ ਸੱਪ ਨੂੰ ਆਖਿਆ,

“ਤੂੰ ਇਹ ਬਹੁਤ ਮੰਦੀ ਗੱਲ ਕੀਤੀ,
    ਇਸ ਲਈ ਤੇਰੇ ਨਾਲ ਮੰਦੀਆਂ ਗੱਲਾ ਵਾਪਰਨਗੀਆਂ।
ਤੇਰੇ ਨਾਲ ਹੋਰ ਕਿਸੇ ਵੀ
    ਜਾਨਵਰ ਨਾਲੋਂ ਮੰਦਾ ਹੋਵੇਗਾ।
ਤੈਨੂੰ ਢਿੱਡ ਭਾਰ ਰੀਂਗਣਾ ਪਵੇਗਾ
    ਅਤੇ ਤੈਨੂੰ ਜੀਵਨ ਭਰ ਲਈ ਮਿੱਟੀ ਖਾਣੀ ਪਵੇਗੀ।
15 ਮੈਂ ਤੈਨੂੰ ਅਤੇ ਔਰਤ ਨੂੰ ਇੱਕ
    ਦੂਜੇ ਦੇ ਦੁਸ਼ਮਣ ਬਣਾ ਦਿਆਂਗਾ।
ਤੇਰੇ ਬੱਚੇ ਅਤੇ ਉਸ ਦੇ ਬੱਚੇ ਇੱਕ
    ਦੂਜੇ ਦੇ ਦੁਸ਼ਮਣ ਹੋਣਗੇ।
ਉਸਦਾ ਪੁੱਤਰ ਤੇਰਾ ਸਿਰ ਕੁਚਲੇਗਾ,
    ਅਤੇ ਤੂੰ ਉਸ ਦੇ ਪੈਰ ਨੂੰ ਡਸੇਂਗਾ।”

ਪਰਕਾਸ਼ ਦੀ ਪੋਥੀ 12:1-10

ਔਰਤ ਤੇ ਅਜਗਰ

12 ਫ਼ੇਰ ਸਵਰਗ ਵਿੱਚ ਇੱਕ ਵੱਡਾ ਅਜੀਬ ਨਿਸ਼ਾਨ ਪ੍ਰਗਟ ਹੋਇਆ। ਉੱਥੇ ਇੱਕ ਔਰਤ ਸੀ ਜੋ, ਕਿ ਸੂਰਜ ਪਹਿਨੇ ਹੋਈ ਸੀ। ਚੰਦਰਮਾਂ ਉਸ ਦੇ ਪੈਰਾਂ ਹੇਠਾਂ ਸੀ। ਉਸ ਦੇ ਸਿਰ ਤੇ ਬਾਰ੍ਹਾਂ ਸਿਤਾਰਿਆਂ ਵਾਲਾ ਤਾਜ ਸੀ। ਔਰਤ ਗਰਭਵਤੀ ਸੀ। ਉਹ ਜਣਨ ਦੀਆਂ ਪੀੜਾਂ ਨਾਲ ਕੁਰਲਾਹ ਰਹੀ ਸੀ ਕਿਉਂਕਿ ਉਹ ਬੱਚੇ ਨੂੰ ਜਨਮ ਦੇਣ ਹੀ ਵਾਲੀ ਸੀ।

ਫ਼ੇਰ ਸਵਰਗ ਵਿੱਚ ਇੱਕ ਹੋਰ ਨਿਸ਼ਾਨ ਪ੍ਰਗਟ ਹੋਇਆ; ਉੱਥੇ ਇੱਕ ਲਾਲ ਰੰਗ ਦਾ ਵੱਡਾ ਅਜਗਰ ਸੀ। ਵੱਡੇ ਅਜਗਰ ਦੇ ਸੱਤ ਸਿਰ ਸਨ ਜਿਨ੍ਹਾਂ ਉੱਤੇ ਤਾਜ ਸਨ। ਅਜਗਰ ਦੇ ਦਸ ਸਿੰਗ ਵੀ ਸਨ। ਅਜਗਰ ਦੀ ਪੂਛ ਨੇ ਅਕਾਸ਼ ਵਿੱਚੋਂ ਇੱਕ ਤਿਹਾਈ ਤਾਰੇ ਕੱਢ ਲਏ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਸੁੱਟ ਦਿੱਤਾ। ਅਜਗਰ ਗਿਆ ਅਤੇ ਉਸ ਔਰਤ ਅੱਗੇ ਖਲੋ ਗਿਆ ਜੋ ਜਨਮ ਦੇਣ ਵਾਲੀ ਸੀ। ਜਿਵੇਂ ਹੀ ਉਹ ਬੱਚਾ ਪੈਦਾ ਹੋਵੇ ਅਜਗਰ ਉਸ ਔਰਤ ਦੇ ਬੱਚੇ ਨੂੰ ਨਿਗਲ ਜਾਣਾ ਚਾਹੁੰਦਾ ਸੀ।

ਔਰਤ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ, ਜੋ ਇੱਕ ਲੋਹੇ ਦੇ ਡੰਡੇ ਨਾਲ ਸਾਰੀ ਕੌਮਾਂ ਤੇ ਸ਼ਾਸਨ ਕਰੇਗਾ। ਅਤੇ ਉਸ ਦੇ ਬੱਚੇ ਨੂੰ ਪਰਮੇਸ਼ੁਰ ਅਤੇ ਉਸ ਦੇ ਤਖਤ ਕੋਲ ਲਿਜਾਇਆ ਗਿਆ। ਔਰਤ ਮਾਰੂਥਲ ਵਿੱਚ ਉਸ ਥਾਂ ਵੱਲ ਭੱਜ ਪਈ ਜਿਸ ਨੂੰ ਪਰਮੇਸ਼ੁਰ ਨੇ ਉਸ ਲਈ ਤਿਆਰ ਕੀਤਾ ਸੀ। ਮਾਰੂਥਲ ਵਿੱਚ ਉਸਦੀ ਇੱਕ ਹਜ਼ਾਰ ਦੋ ਸੌ ਸਠ ਦਿਨਾਂ ਤੱਕ ਦੇਖ ਭਾਲ ਕੀਤੀ ਜਾਵੇਗੀ।

ਫ਼ੇਰ ਸਵਰਗ ਵਿੱਚ ਜੰਗ ਛਿੜ ਗਈ। ਮੀਕਾਏਲ ਅਤੇ ਉਸ ਦੇ ਦੂਤ ਅਜਗਰ ਦੇ ਵਿਰੁੱਧ ਲੜੇ। ਅਜਗਰ ਅਤੇ ਉਸ ਦੇ ਦੂਤਾਂ ਨੇ ਜਵਾਬੀ ਹਮਲਾ ਕੀਤਾ। ਪਰ ਅਜਗਰ ਇੰਨਾ ਤਾਕਤਵਰ ਨਹੀਂ ਸੀ। ਵੱਡੇ ਅਜਗਰ ਅਤੇ ਉਸ ਦੇ ਦੂਤਾਂ ਨੇ ਸਵਰਗ ਵਿੱਚਲੀ ਆਪਣੀ ਥਾਂ ਗਵਾ ਲਈ। ਅਜਗਰ ਨੂੰ ਸਵਰਗ ਤੋਂ ਬਾਹਰ ਸੁੱਟ ਦਿੱਤਾ ਗਿਆ। ਉਹ ਵੱਡਾ ਅਜਗਰ ਉਹੀ ਪੁਰਾਣਾ ਸੱਪ ਸੀ ਜੋ ਕਿ ਦੈਂਤ ਜਾਂ ਸ਼ੈਤਾਨ ਸਦਾਉਂਦਾ ਹੈ। ਉਹ ਸਾਰੀ ਦੁਨੀਆਂ ਨੂੰ ਕੁਰਾਹੇ ਪਾ ਰਿਹਾ ਹੈ। ਅਜਗਰ ਨੂੰ ਉਸ ਦੇ ਦੂਤਾਂ ਸਣੇ ਧਰਤੀ ਤੇ ਸੁੱਟ ਦਿੱਤਾ ਗਿਆ।

10 ਪਰ ਮੈਂ ਸਵਰਗ ਵਿੱਚ ਇੱਕ ਉੱਚੀ ਅਵਾਜ਼ ਨੂੰ ਇਹ ਆਖਦਿਆਂ ਸੁਣਿਆ, “ਉਸਦੇ ਮਸੀਹ ਦੀ ਫ਼ਤਿਹ, ਸ਼ਕਤੀ, ਸਲਤਨਤ ਅਤੇ ਅਧਿਕਾਰ ਹੁਣ ਆਇਆ ਹੈ। ਇਹ ਗੱਲਾਂ ਇਸ ਲਈ ਆਈਆਂ ਹਨ ਕਿਉਂਕਿ ਸਾਡੇ ਭਰਾਵਾਂ ਉੱਤੇ ਦੋਸ਼ ਲਾਉਣ ਵਾਲੇ ਨੂੰ ਬਾਹਰ ਸੁੱਟ ਦਿੱਤਾ ਗਿਆ ਹੈ। ਉਹੀ ਇੱਕ ਸੀ ਜੋ ਸਾਡੇ ਭਰਾਵਾਂ ਤੇ ਦੋਸ਼ ਲਾ ਰਿਹਾ ਸੀ।

ਯੂਹੰਨਾ 3:16-21

16 ਪਰਮੇਸ਼ੁਰ ਨੇ ਜੱਗਤ ਨੂੰ ਇੰਨਾ ਪਿਆਰ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਵੀ ਦੇ ਦਿੱਤਾ। ਤਾਂ ਜੋ ਕੋਈ ਵੀ ਜੋ ਉਸ ਵਿੱਚ ਵਿਸ਼ਵਾਸ ਰੱਖਦਾ ਹੈ ਨਾਸ਼ ਨਾ ਹੋਵੇ ਸਗੋਂ ਸਦੀਪਕ ਜੀਵਨ ਪ੍ਰਾਪਤ ਕਰ ਲਵੇਗਾ। 17 ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਦੁਨੀਆਂ ਵਿੱਚ ਭੇਜ ਦਿੱਤਾ। ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਇਸ ਦੁਨੀਆਂ ਅੰਦਰ ਲੋਕਾਂ ਨੂੰ ਦੋਸ਼ੀ ਠਹਿਰਾਣ ਲਈ ਨਹੀਂ ਭੇਜਿਆ ਸਗੋਂ ਉਸ ਨੇ ਆਪਣੇ ਪੁੱਤਰ ਨੂੰ ਦੁਨੀਆਂ ਨੂੰ ਉਸ ਰਾਹੀਂ ਬਚਾਉਣ ਲਈ ਭੇਜਿਆ। 18 ਜਿਹੜਾ ਵਿਅਕਤੀ ਪਰਮੇਸ਼ੁਰ ਦੇ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ, ਦੋਸ਼ੀ ਨਹੀਂ ਮੰਨਿਆ ਜਾਵੇਗਾ। ਪਰ ਜੋ ਵਿਅਕਤੀ ਵਿਸ਼ਵਾਸ ਨਹੀਂ ਕਰਦਾ ਉਹ ਪਹਿਲਾਂ ਤੋਂ ਹੀ ਦੋਸ਼ੀ ਮੰਨਿਆ ਗਿਆ ਹੈ। ਕਿਉਂਕਿ ਉਸ ਨੂੰ ਪਰਮੇਸ਼ੁਰ ਦੇ ਇੱਕਲੇ ਪੁੱਤਰ ਉੱਤੇ ਵਿਸ਼ਵਾਸ ਨਹੀਂ। 19 ਲੋਕਾਂ ਦਾ ਇਸ ਤੱਥ ਉੱਤੇ ਨਿਰਨਾ ਕੀਤਾ ਜਾਵੇਗਾ, ਚਾਨਣ ਸੰਸਾਰ ਵਿੱਚ ਆ ਚੁੱਕਿਆ ਹੈ, ਪਰ ਲੋਕਾਂ ਨੇ ਚਾਨਣ ਨੂੰ ਪਸੰਦ ਨਹੀਂ ਕੀਤਾ। ਉਹ ਸਿਰਫ਼ ਹਨੇਰਾ ਹੀ ਚਾਹੁੰਦੇ ਸਨ। ਕਿਉਂਕਿ ਜਿਹੜੀਆਂ ਗੱਲਾਂ ਉਨ੍ਹਾਂ ਨੇ ਕੀਤੀਆਂ ਉਹ ਭਰਿਸ਼ਟ ਸਨ। 20 ਜਿਹੜਾ ਬੰਦਾ ਪਾਪ ਕਰਦਾ ਹੈ ਉਹ ਚਾਨਣ ਨੂੰ ਨਫ਼ਰਤ ਕਰਦਾ ਹੈ। ਉਹ ਚਾਨਣ ਵੱਲ ਨਹੀਂ ਆਉਂਦਾ, ਕਿਉਂ ਕਿ ਚਾਨਣ ਉਸ ਦੀਆਂ ਬਦ ਕਰਨੀਆਂ ਨੂੰ ਵਿਖਾ ਦੇਵੇਗਾ। 21 ਪਰ ਜੋ ਵਿਅਕਤੀ ਸੱਚ ਤੇ ਚੱਲਦਾ ਹੈ ਉਹ ਚਾਨਣ ਕੋਲ ਆਉਂਦਾ ਹੈ। ਚਾਨਣ ਇਹ ਸਪੱਸ਼ਟ ਤੌਰ ਤੇ ਵਿਖਾਉਂਦਾ ਹੈ ਕਿ ਜਿਹੜੇ ਕੰਮ ਵਿਅਕਤੀ ਨੇ ਕੀਤੇ ਹਨ ਉਹ ਪਰਮੇਸ਼ੁਰ ਰਾਹੀਂ ਕੀਤੇ ਗਏ ਸਨ।

Punjabi Bible: Easy-to-Read Version (ERV-PA)

2010 by World Bible Translation Center