Add parallel Print Page Options

ਜਾਜਕ ਮਲਕਿਸਿਦਕ

ਮਲਕਿਸਿਦਕ ਸਲੇਮ ਦਾ ਰਾਜਾ ਸੀ ਅਤੇ ਸਭ ਤੋਂ ਉੱਚੇ ਪਰਮੇਸ਼ੁਰ ਦਾ ਜਾਜਕ ਸੀ। ਜਦੋਂ ਅਬਰਾਹਾਮ ਰਾਜਿਆਂ ਨੂੰ ਹਰਾ ਕੇ ਵਾਪਸ ਪਰਤ ਰਿਹਾ ਸੀ ਤਾਂ ਮਲਿਕਸਿਦਕ ਨੇ ਅਬਰਾਹਾਮ ਨੂੰ ਮਿਲਿਆ। ਉਸ ਦਿਨ ਮਲਕਿਸਿਦਕ ਨੇ ਅਬਰਾਹਾਮ ਨੂੰ ਅਸੀਸ ਦਿੱਤੀ। ਅਤੇ ਅਬਰਾਹਾਮ ਨੇ ਆਪਣੀ ਹਰ ਸ਼ੈਅ ਦਾ ਦਸਵਾਂ ਹਿੱਸਾ ਮਲਕਿਸਿਦਕ ਨੂੰ ਦੇ ਦਿੱਤਾ।

ਮਲਕਿਸਿਦਕ ਦੇ ਨਾਂ ਸਲੇਮ ਦੇ ਰਾਜੇ ਦੇ ਦੋ ਅਰਥ ਹਨ। ਪਹਿਲਾਂ ਮਲਕਿਸਿਦਕ ਦਾ ਅਰਥ “ਚੰਗਿਆਈ ਦਾ ਰਾਜਾ,” ਅਤੇ, “ਸਲੇਮ ਦਾ ਰਾਜਾ,” ਦਾ ਮਤਲਬ ਹੈ “ਸ਼ਾਂਤੀ ਦਾ ਰਾਜਾ” “ਕੋਈ ਨਹੀਂ ਜਾਣਦਾ ਕਿ ਮਲਕਿਸਿਦਕ ਦੇ ਮਾਤਾ ਪਿਤਾ ਕੌਣ ਸਨ ਜਾਂ ਉਹ ਕਿੱਥੋਂ ਆਇਆ ਸੀ।” [a] ਅਤੇ ਕੋਈ ਨਹੀਂ ਜਾਣਦਾ ਕਿ ਉਹ ਕਦੋਂ ਪੈਦਾ ਹੋਇਆ ਅਤੇ ਕਦੋਂ ਮਰਿਆ। ਮਲਕਿਸਿਦਕ ਪਰਮੇਸ਼ੁਰ ਦੇ ਪੁੱਤਰ ਵਰਗਾ ਸੀ ਅਤੇ ਉਹ ਸਦਾ ਇੱਕ ਜਾਜਕ ਬਣਨਾ ਜਾਰੀ ਰੱਖਦਾ ਹੈ।

ਤੁਸੀਂ ਦੇਖ ਸੱਕਦੇ ਹੋ ਕਿ ਮਲਕਿਸਿਦਕ ਬਹੁਤ ਮਹਾਨ ਸੀ। ਅਬਰਾਹਾਮ ਇੱਕ ਮਹਾਨ ਪਿਤਾ ਨੇ ਲੜਾਈ ਵਿੱਚ ਜਿੱਤੀ ਹੋਈ ਆਪਣੀ ਹਰ ਸ਼ੈਅ ਦਾ ਦਸਵਾਂ ਹਿੱਸਾ ਮਲਕਿਸਿਦਕ ਨੂੰ ਦੇ ਦਿੱਤਾ। ਹੁਣ ਨੇਮ ਆਖਦਾ ਹੈ, ਕਿ ਲੇਵੀ ਦੇ ਘਰਾਣੇ ਦੇ ਉਨ੍ਹਾਂ ਲੋਕਾਂ ਨੂੰ ਜਿਹੜੇ ਜਾਜਕ ਬਣਦੇ ਹਨ, ਲੋਕਾਂ ਪਾਸੋਂ ਦਸਵੰਧ ਮਿਲਣਾ ਚਾਹੀਦਾ ਹੈ। ਜਾਜਕ ਇਸ ਨੂੰ ਆਪਣੇ ਲੋਕਾਂ ਪਾਸੋਂ ਇਕੱਠਾ ਕਰਦੇ ਹਨ, ਭਾਵੇਂ ਜਾਜਕ ਅਤੇ ਉਹ ਲੋਕ ਦੋਵੇਂ ਹੀ ਅਬਰਾਹਾਮ ਦੇ ਪਰਿਵਾਰ ਵਿੱਚੋਂ ਸਨ। ਮਲਕਿਸਿਦਕ ਲੇਵੀ ਦੇ ਘਰਾਣੇ ਵਿੱਚੋਂ ਨਹੀਂ ਸੀ। ਪਰ ਉਸ ਨੇ ਅਬਰਾਹਾਮ ਕੋਲੋਂ ਦਸਵੰਧ ਹਾਸਿਲ ਕੀਤਾ। ਅਤੇ ਉਸ ਨੇ ਅਬਰਾਹਾਮ ਨੂੰ – ਉਸ ਵਿਅਕਤੀ ਨੂੰ ਜਿਸਦੇ ਕੋਲ ਪਰਮੇਸ਼ੁਰ ਦੇ ਵਾਇਦੇ ਸਨ – ਅਸੀਸ ਦਿੱਤੀ। ਅਤੇ ਸਾਰੇ ਲੋਕ ਜਾਣਦੇ ਹਨ ਕਿ ਵੱਧੇਰੇ ਮਹੱਤਵਪੂਰਣ ਵਿਅਕਤੀ ਘੱਟ ਮਹੱਤਵਪੂਰਣ ਵਿਅਕਤੀ ਨੂੰ ਅਸੀਸ ਦਿੰਦਾ ਹੈ।

ਇਹ ਜਾਜਕ ਦਸਵੰਧ ਪ੍ਰਾਪਤ ਕਰਦੇ ਹਨ ਪਰ ਉਹ ਇਨਸਾਨ ਹਨ ਜਿਉਂਦੇ ਅਤੇ ਮਰ ਜਾਂਦੇ ਹਨ। ਪਰ ਮਲਕਿਸਿਦਕ, ਜਿਸਨੇ ਅਬਰਾਹਾਮ ਤੋਂ ਦਸਵੰਧ ਪ੍ਰਾਪਤ ਕੀਤਾ, ਜੋ ਪੋਥੀਆਂ ਵਿੱਚ ਆਖਿਆ ਹੈ, ਉਸ ਦੇ ਅਨੁਸਾਰ ਸਦੀਵੀ ਜਿਉਂਦਾ ਹੈ। ਇਹ ਲੇਵੀ ਹੈ ਜਿਹੜਾ ਲੋਕਾਂ ਪਾਸੋਂ ਦਸਵੰਧ ਇਕੱਠਾ ਕਰਦਾ ਹੈ ਪਰ ਅਸੀਂ ਆਖ ਸੱਕਦੇ ਹਾਂ ਕਿ ਜਦੋਂ ਅਬਰਾਹਾਮ ਨੇ ਮਲਕਿਸਿਦਕ ਨੂੰ ਦਸਵੰਧ ਦਿੱਤਾ, ਲੇਵੀ ਨੇ ਵੀ ਉਸ ਨੂੰ ਦਸਵੰਧ ਦਿੱਤਾ। 10 ਲੇਵੀ ਤਾਂ ਹਾਲੇ ਪੈਦਾ ਹੀ ਨਹੀਂ ਸੀ ਹੋਇਆ। ਪਰ ਜਦੋਂ ਮਲਕਿਸਿਦਕ ਅਬਰਾਹਾਮ ਨੂੰ ਮਿਲਿਆ ਤਾਂ ਲੇਵੀ ਹਾਲੇ ਆਪਣੇ ਪੁਰਖੇ ਅਬਰਾਹਾਮ ਦੇ ਸਰੀਰ ਵਿੱਚ ਹੀ ਸੀ।

11 ਲੋਕਾਂ ਨੂੰ ਲੇਵੀ ਦੇ ਘਰਾਣੇ ਵੱਲੋਂ ਜਾਜਕ-ਵਰਗ ਦੇ ਅਧਾਰ ਤੇ ਸ਼ਰ੍ਹਾ ਦਿੱਤੀ ਗਈ ਸੀ। ਪਰ ਲੋਕਾਂ ਨੂੰ ਜਾਜਕਾਂ ਦੀ ਉਸ ਬਿਵਸਥਾ ਰਾਹੀਂ ਆਤਮਕ ਤੌਰ ਤੇ ਪੂਰਣ ਨਹੀਂ ਬਣਾਇਆ ਜਾ ਸੱਕਿਆ। ਇਸ ਲਈ ਕਿਸੇ ਹੋਰ ਜਾਜਕ ਦੀ ਆਮਦ ਦੀ ਲੋੜ ਸੀ। ਮੇਰਾ ਭਾਵ ਹੈ ਉਸ ਜਾਜਕ ਦੀ ਜਿਹੜਾ ਹਾਰੂਨ ਵਰਗਾ ਨਹੀਂ ਸਗੋਂ ਮਲਕਿਸਿਦਕ ਵਰਗਾ ਹੋਵੇ। 12 ਅਤੇ ਜਦੋਂ ਇੱਕ ਵੱਖਰੀ ਤਰ੍ਹਾਂ ਦਾ ਜਾਜਕ ਆਉਂਦਾ ਹੈ, ਤਾਂ ਸ਼ਰ੍ਹਾ ਵੀ ਬਦਲੀ ਜਾਣੀ ਚਾਹੀਦੀ ਹੈ। 13 ਅਸੀਂ ਇਹ ਗੱਲਾਂ ਮਸੀਹ ਬਾਰੇ ਆਖ ਰਹੇ ਹਾਂ। ਉਹ ਇੱਕ ਵੱਖਰੇ ਪਰਿਵਾਰਕ ਸਮੂਹ ਤੋਂ ਸੀ। ਉਸ ਘਰਾਣੇ ਵਿੱਚੋਂ ਕਦੇ ਵੀ ਕਿਸੇ ਨੇ ਜਗਵੇਦੀ ਤੇ ਇੱਕ ਜਾਜਕ ਦੀ ਤਰ੍ਹਾਂ ਸੇਵਾ ਨਹੀਂ ਕੀਤੀ। 14 ਕਿਉਂਕਿ ਇਹ ਸਪੱਸ਼ਟ ਹੈ ਕਿ ਸਾਡਾ ਪ੍ਰਭੂ ਯਹੂਦਾਹ ਦੇ ਘਰਾਣੇ ਵਿੱਚੋਂ ਸੀ ਅਤੇ ਮੂਸਾ ਇਸ ਘਰਾਣੇ ਵਿੱਚੋਂ ਜਾਜਕਾਂ ਬਾਰੇ ਕਦੇ ਕੁਝ ਨਹੀਂ ਬੋਲਿਆ।

ਯਿਸੂ ਮਲਕਿਸਿਦਕ ਵਰਗਾ ਇੱਕ ਜਾਜਕ ਹੈ

15 ਅਤੇ ਇਹ ਗੱਲਾਂ ਹੋਰ ਵੀ ਸਾਗ ਹੋ ਜਾਂਦੀਆਂ ਹਨ। ਅਸੀਂ ਦੇਖਦੇ ਹਾਂ ਕਿ ਇੱਕ ਹੋਰ ਜਾਜਕ ਆਉਂਦਾ ਹੈ ਜਿਹੜਾ ਮਲਕਿਸਿਦਕ ਵਰਗਾ ਹੈ। 16 ਉਹ ਨਾ ਹੀ ਸ਼ਰ੍ਹਾ ਦੁਆਰਾ ਤੇ ਨਾ ਹੀ ਉਸ ਦੇ ਇਨਸਾਨੀ ਪਰਿਵਾਰ ਦੇ ਅਸੂਲਾਂ ਕਾਰਣ, ਜਾਜਕ ਬਣਿਆ। ਉਹ ਆਪਣੇ ਜੀਵਨ ਦੀ ਉਸ ਸ਼ਕਤੀ ਦੁਆਰਾ ਜਾਜਕ ਬਣਿਆ ਜਿਹੜੀ ਸਦਾ ਜਾਰੀ ਰਹਿੰਦੀ ਹੈ। 17 ਉਸ ਬਾਰੇ ਪੋਥੀਆਂ ਵਿੱਚ ਇਹ ਲਿਖਿਆ ਹੈ: “ਤੂੰ ਮਲਕਿਸਿਦਕ ਦੀ ਤਰ੍ਹਾਂ ਇੱਕ ਸਦੀਵੀ ਜਾਜਕ ਹੈ।” [b]

18 ਪੁਰਾਣਾ ਨੇਮ (ਸ਼ਰ੍ਹਾ) ਹੁਣ ਅੰਤ ਤੇ ਆਣ ਪੁੱਜਿਆ ਹੈ ਕਿਉਂ ਕਿ ਇਹ ਕਮਜ਼ੋਰ ਤੇ ਵਿਅਰਥ ਸੀ। 19 ਮੂਸਾ ਦੀ ਸ਼ਰ੍ਹਾ ਕਿਸੇ ਚੀਜ਼ ਨੂੰ ਵੀ ਸੰਪੂਰਣ ਨਹੀਂ ਬਣਾ ਸੱਕਦੀ ਸੀ। ਅਤੇ ਹੁਣ ਸਾਨੂੰ ਬਿਹਤਰ ਉਮੀਦ ਪ੍ਰਦਾਨ ਕੀਤੀ ਗਈ ਹੈ। ਅਤੇ ਉਸ ਉਮੀਦ ਨਾਲ ਅਸੀਂ ਪਰਮੇਸ਼ੁਰ ਦੇ ਨਜ਼ਦੀਕ ਹੋ ਸੱਕਦੇ ਹਾਂ।

20 ਇਹ ਮਹੱਤਵਪੂਰਣ ਹੈ ਕਿ ਜਦੋਂ ਪਰਮੇਸ਼ੁਰ ਨੇ ਯਿਸੂ ਨੂੰ ਇੱਕ ਸਰਦਾਰ ਜਾਜਕ ਬਣਾਇਆ, ਉਸ ਨੇ ਇੱਕ ਸੌਂਹ ਖਾਧੀ। ਜਦੋਂ ਦੂਸਰੇ ਜਾਜਕ ਬਣਾਏ ਗਏ ਸਨ, ਉੱਥੇ ਕੋਈ ਸੌਂਹ ਨਹੀਂ ਸੀ। 21 ਪਰ ਯਿਸੂ ਪਰਮੇਸ਼ੁਰ ਦੀ ਸੌਂਹ ਅਨੁਸਾਰ ਜਾਜਕ ਬਣਿਆ। ਪਰਮੇਸ਼ੁਰ ਨੇ ਉਸ ਨੂੰ ਆਖਿਆ,

“ਪ੍ਰਭੂ ਨੇ ਇੱਕ ਸੌਂਹ ਖਾਧੀ ਹੈ,
    ਅਤੇ ਉਹ ਆਪਣਾ ਮਨ ਨਹੀਂ ਬਦਲੇਗਾ:
‘ਤੂੰ ਸਦਾ ਲਈ ਇੱਕ ਜਾਜਕ ਹੈ।’” (A)

22 ਇਸ ਲਈ ਇਸ ਦਾ ਅਰਥ ਹੈ ਕਿ ਯਿਸੂ ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਲਈ ਬਿਹਤਰ ਕਰਾਰ ਦੀ ਜ਼ਾਮਨੀ (ਜਮਾਨਤ) ਹੈ।

23 ਅਤੇ, ਜਦੋਂ ਉਨ੍ਹਾਂ ਹੋਰਨਾਂ ਜਾਜਕਾਂ ਵਿੱਚੋਂ ਕੋਈ ਮਰ ਜਾਂਦਾ ਸੀ ਤਾਂ ਉਹ ਜਾਜਕ ਬਣਿਆ ਨਹੀਂ ਸੀ ਰਹਿ ਸੱਕਦਾ। ਇਸ ਲਈ ਉਹੋ ਜਿਹੇ ਅਨੇਕਾਂ ਜਾਜਕ ਸਨ। 24 ਪਰ ਯਿਸੂ ਸਦਾ ਜਿਉਂਦਾ ਹੈ। ਉਹ ਕਦੇ ਵੀ ਜਾਜਕ ਹੋਣ ਤੋਂ ਨਹੀਂ ਹਟੇਗਾ। 25 ਇਸ ਲਈ ਮਸੀਹ ਉਨ੍ਹਾਂ ਲੋਕਾਂ ਨੂੰ ਮੁਕਤੀ ਦੇ ਸੱਕਦਾ ਹੈ ਜਿਹੜੇ ਉਸ ਦੇ ਰਾਹੀਂ ਪਰਮੇਸ਼ੁਰ ਵੱਲ ਆਉਂਦੇ ਹਨ। ਮਸੀਹ ਸਦੀਵ ਕਾਲ ਲਈ ਅਜਿਹਾ ਕਰ ਸੱਕਦਾ ਹੈ ਕਿਉਂਕਿ ਉਹ ਸਦਾ ਜਿਉਂਦਾ ਹੈ, ਲੋਕਾਂ ਦੀ ਸਹਾਇਤਾ ਲਈ ਤਤਪਰ ਹੈ ਜਦੋਂ ਉਹ ਪਰਮੇਸ਼ੁਰ ਦੇ ਸਨਮੁੱਖ ਆਉਂਦੇ ਹਨ।

26 ਇਸ ਲਈ ਯਿਸੂ ਇੱਕ ਤਰ੍ਹਾਂ ਦਾ ਸਰਦਾਰ ਜਾਜਕ ਹੈ ਜਿਸਦੀ ਸਾਨੂੰ ਲੋੜ ਹੈ। ਉਹ ਪਵਿੱਤਰ ਹੈ ਉਸ ਵਿੱਚ ਕੋਈ ਪਾਪ ਨਹੀਂ ਹੈ। ਉਹ ਸ਼ੁੱਧ ਹੈ ਅਤੇ ਪਾਪੀਆਂ ਤੋਂ ਪ੍ਰਭਾਵਿਤ ਨਹੀਂ ਹੈ। ਉਹ ਸਵਰਗ ਨਾਲੋਂ ਵੀ ਉੱਚਾ ਚੁੱਕਿਆ ਗਿਆ ਹੈ। 27 ਉਹ ਹੋਰਨਾਂ ਜਾਜਕਾਂ ਵਰਗਾ ਨਹੀਂ ਹੈ। ਹੋਰਨਾਂ ਸਾਰੇ ਜਾਜਕਾਂ ਨੂੰ ਹਰ ਰੋਜ਼ ਬਲੀ ਦੇਣੀ ਪੈਂਦੀ ਸੀ। ਉਨ੍ਹਾਂ ਨੂੰ ਪਹਿਲਾਂ ਲੋਕਾਂ ਦੇ ਪਾਪਾਂ ਖਾਤਰ ਬਲੀ ਦੇਣੀ ਪੈਂਦੀ ਸੀ ਅਤੇ ਫ਼ੇਰ ਆਪਣੇ ਖੁਦ ਦੇ ਪਾਪਾਂ ਲਈ। ਪਰ ਮਸੀਹ ਨੂੰ ਅਜਿਹਾ ਕਰਨ ਦੀ ਕੋਈ ਲੋੜ ਨਹੀਂ ਸੀ। ਮਸੀਹ ਨੇ ਸਾਰੇ ਸਮਿਆਂ ਲਈ ਕੇਵਲ ਇੱਕ ਹੀ ਬਲੀ ਦਿੱਤੀ, ਉਸ ਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। 28 ਸ਼ਰ੍ਹਾ ਸਰਦਾਰ ਜਾਜਕਾਂ ਦੀ ਚੋਣ ਉਨ੍ਹਾਂ ਲੋਕਾਂ ਵਿੱਚੋਂ ਕਰਦੀ ਹੈ ਜਿਨ੍ਹਾਂ ਦੀਆਂ ਕਮਜ਼ੋਰੀਆਂ ਲੋਕਾਂ ਵਰਗੀਆਂ ਹੀ ਹੁੰਦੀਆਂ ਹਨ। ਪਰ ਪਰਮੇਸ਼ੁਰ ਨੇ ਇੱਕ ਸੌਂਹ ਖਾਧੀ, ਜਿਹੜੀ ਸ਼ਰ੍ਹਾ ਤੋਂ ਬਾਦ ਆਈ। ਇਸ ਵਾਇਦੇ ਨੇ ਪਰਮੇਸ਼ੁਰ ਦੇ ਪੁੱਤਰ ਨੂੰ ਸਰਦਾਰ ਜਾਜਕ ਬਣਾਇਆ। ਉਹ ਪੁੱਤਰ ਸਦਾ ਲਈ ਸੰਪੂਰਣ ਬਣਾਇਆ ਗਿਆ ਸੀ।

ਯਿਸੂ ਸਾਡਾ ਸਰਦਾਰ ਜਾਜਕ

ਜੋ ਕੁਝ ਅਸੀਂ ਆਖ ਰਹੇ ਹਾਂ ਉਸ ਵਿੱਚ ਨੁਕਤਾ ਇਹੇ ਹੈ; ਸਾਡੇ ਕੋਲ ਅਜਿਹਾ ਇੱਕ ਸਰਦਾਰ ਜਾਜਕ ਹੈ ਜਿਸ ਬਾਰੇ ਅਸੀਂ ਤੁਹਾਨੂੰ ਦੱਸ ਰਹੇ ਹਾਂ। ਉਹ ਸਰਦਾਰ ਜਾਜਕ ਹੁਣ ਸਵਰਗ ਵਿੱਚ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੈ। ਉਹ ਅੱਤ ਪਵਿੱਤਰ ਸਥਾਨ ਤੇ ਸੇਵਾ ਕਰ ਰਿਹਾ ਹੈ, ਅਸਲੀ ਉਪਾਸਨਾ ਦਾ ਸਥਾਨ, ਜਿਹੜਾ ਪਰਮੇਸ਼ੁਰ ਨੇ ਬਣਾਇਆ ਹੈ ਅਤੇ ਨਾ ਕਿ ਕਿਸੇ ਇਨਸਾਨ ਨੇ।

ਹਰ ਸਰਦਾਰ ਜਾਜਕ ਦੇ ਜ਼ਿੰਮੇ ਪਰਮੇਸ਼ੁਰ ਨੂੰ ਬਲੀ ਅਤੇ ਤੋਹਫ਼ੇ ਅਰਪਨ ਕਰਨ ਦਾ ਕਾਰਜ ਦਿੱਤਾ ਗਿਆ ਹੈ। ਇਸ ਲਈ ਸਾਡੇ ਉੱਚ ਜਾਜਕ ਨੇ ਵੀ ਪਰਮੇਸ਼ੁਰ ਨੂੰ ਕੁਝ ਅਰਪਣ ਕਰਨਾ ਸੀ। ਜੇ ਸਾਡਾ ਸਰਦਾਰ ਜਾਜਕ ਹੁਣ ਧਰਤੀ ਉੱਪਰ ਰਹਿ ਰਿਹਾ ਹੁੰਦਾ ਤਾਂ ਉਸ ਨੇ ਜਾਜਕ ਨਹੀਂ ਸੀ ਹੋਣਾ। ਅਜਿਹਾ ਮੈਂ ਇਸ ਲਈ ਆਖ ਰਿਹਾ ਹਾਂ ਕਿਉਂਕਿ ਇੱਥੇ ਪਹਿਲਾਂ ਹੀ ਜਾਜਕ ਹਨ ਜਿਹੜੇ ਸ਼ਰ੍ਹਾ ਅਨੁਸਾਰ ਪਰਮੇਸ਼ੁਰ ਨੂੰ ਤੋਹਫ਼ੇ ਭੇਂਟ ਕਰਦੇ ਹਨ। ਜਿਹੜਾ ਕਾਰਜ ਇਹ ਜਾਜਕ ਕਰਦੇ ਹਨ ਉਹ ਅਸਲ ਵਿੱਚ ਸਵਰਗੀ ਚੀਜ਼ਾਂ ਦੀ ਨਕਲ ਤੇ ਪ੍ਰਛਾਵਾਂ ਮਾਤਰ ਹਨ। ਇਹੀ ਕਾਰਣ ਹੈ ਕਿ ਜਦੋਂ ਮੂਸਾ ਪਵਿੱਤਰ ਖੈਮਾ ਉਸਾਰਨ ਲਈ ਤਿਆਰ ਸੀ ਤਾਂ ਪਰਮੇਸ਼ੁਰ ਨੇ ਉਸ ਨੂੰ ਚੇਤਾਵਨੀ ਦਿੱਤੀ ਸੀ। “ਤੈਨੂੰ ਸਭ ਕੁਝ ਧਿਆਨ ਨਾਲ ਉਸੇ ਨਮੂਨੇ ਤੇ ਬਨਾਉਣਾ ਚਾਹੀਦਾ ਜੋ ਮੈਂ ਤੈਨੂੰ ਪਰਬਤ ਉੱਤੇ ਦਰਸ਼ਾਇਆ ਸੀ।” [c] ਪਰ ਜਿਹੜਾ ਕਾਰਜ ਯਿਸੂ ਨੂੰ ਸੌਂਪਿਆ ਗਿਆ ਹੈ ਉਹ ਉਨ੍ਹਾਂ ਜਾਜਕਾਂ ਨੂੰ ਸੌਂਪੇ ਹੋਏ ਕਾਰਜ ਨਾਲੋਂ ਕਿਤੇ ਵਡੇਰਾ ਹੈ। ਇਸੇ ਤਰ੍ਹਾਂ ਹੀ, ਉਹ ਕਰਾਰ, ਜੋ ਯਿਸੂ ਪਰਮੇਸ਼ੁਰ ਵੱਲੋਂ ਲੋਕਾਂ ਲਈ ਲਿਆਇਆ ਪੁਰਾਣੇ, ਕਰਾਰ ਨਾਲੋਂ ਵੀ ਕਿਤੇ ਵਡੇਰਾ ਹੈ। ਅਤੇ ਇਹ ਨਵਾਂ ਕਰਾਰ ਬਿਹਤਰ ਚੀਜ਼ਾਂ ਦੇ ਵਾਇਦੇ ਉੱਤੇ ਸਥਾਪਿਤ ਕੀਤਾ ਗਿਆ ਹੈ।

ਜੇ ਪਹਿਲੇ ਕਰਾਰ ਵਿੱਚ ਕੋਈ ਗਲਤੀ ਨਾ ਹੁੰਦੀ ਤਾਂ ਦੂਸਰੇ ਕਰਾਰ ਦੀ ਲੋੜ ਹੀ ਨਹੀਂ ਸੀ ਪੈਣੀ। ਪਰ ਪਰਮੇਸ਼ੁਰ ਨੇ ਲੋਕਾਂ ਵਿੱਚ ਕੁਝ ਗਲਤੀਆਂ ਦੇਖੀਆਂ। ਪਰਮੇਸ਼ੁਰ ਨੇ ਆਖਿਆ,

“ਵਕਤ ਆ ਰਿਹਾ ਹੈ
    ਜਦੋਂ ਮੈਂ ਇਸਰਾਏਲ ਦੇ ਲੋਕਾਂ ਅਤੇ ਯਹੂਦਾਹ ਦੇ ਲੋਕਾਂ ਨਾਲ ਇੱਕ ਨਵਾਂ ਕਰਾਰ ਬਣਾਵਾਂਗਾ।
ਇਹ ਉਸ ਕਰਾਰ ਵਰਗਾ ਨਹੀਂ ਹੋਵੇਗਾ। ਜਿਹੜਾ ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਕੀਤਾ ਸੀ।
    ਇਹ ਕਰਾਰ ਉਹ ਸੀ ਜੋ ਮੈਂ ਉਨ੍ਹਾਂ ਨੂੰ ਹੱਥ ਫ਼ੜਕੇ ਮਿਸਰ ਤੋਂ ਬਾਹਰ ਲੈ ਜਾਣ ਵੇਲੇ ਕੀਤਾ ਸੀ।
ਉਨ੍ਹਾਂ ਲੋਕਾਂ ਨੇ ਉਹ ਕਰਾਰ ਨਿਭਾਉਣਾ ਜਾਰੀ ਨਹੀਂ ਰੱਖਿਆ ਜਿਹੜਾ ਮੈਂ ਉਨ੍ਹਾਂ ਨਾਲ ਕੀਤਾ ਸੀ
    ਅਤੇ ਪ੍ਰਭੂ ਆਖਦਾ ਹੈ ਕਿ ਇਸੇ ਲਈ ਮੈਂ ਉਨ੍ਹਾਂ ਵੱਲ ਆਪਣੀ ਪਿੱਠ ਭੁਆ ਲਈ।
10 ਇਹ ਨਵਾਂ ਕਰਾਰ ਹੈ ਜਿਹੜਾ ਮੈਂ ਇਜ਼ਰਾਏਲ ਦੇ ਲੋਕਾਂ ਨਾਲ ਕਰਾਂਗਾ।
    ਮੈਂ ਇਹ ਨਵਾਂ ਕਰਾਰ ਆਉਣ ਵਾਲੇ ਦਿਨਾਂ ਵਿੱਚ ਦੇਵਾਂਗਾ ਪ੍ਰਭੂ ਆਖਦਾ ਹੈ।
ਮੈਂ ਆਪਣੇ ਨੇਮ ਉਨ੍ਹਾਂ ਦੇ ਮਨਾਂ ਵਿੱਚ ਰੱਖ ਦਿਆਂਗਾ,
    ਅਤੇ ਮੈਂ ਆਪਣੇ ਨੇਮ ਉਨ੍ਹਾਂ ਦੇ ਦਿਲਾਂ ਉੱਪਰ ਲਿਖ ਦਿਆਂਗਾ।
ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ
    ਅਤੇ ਉਹ ਮੇਰੇ ਲੋਕ ਹੋਣਗੇ।
11 ਫ਼ੇਰ ਕਦੇ ਵੀ ਕਿਸੇ ਵਿਅਕਤੀ ਨੂੰ ਆਪਣੇ ਭਰਾ ਜਾਂ ਹੋਰਾਂ ਲੋਕਾਂ ਨੂੰ ਪਰਮੇਸ਼ੁਰ ਬਾਰੇ ਸਿੱਖਾਉਣ ਦੀ ਲੋੜ ਨਹੀਂ ਪਵੇਗੀ।
ਤੇ ਨਾ ਹੀ ਕਿ ਪਰਮੇਸ਼ੁਰ ਨੂੰ ਜਾਣ ਬਾਰੇ ਦੱਸਣ ਦੀ ਲੋੜ ਹੋਵੇਗੀ। ਕਿਉਂਕਿ ਸਾਰੇ ਮਹਾਨ ਲੋਕ ਅਤੇ ਹੀਣੇ ਲੋਕ ਮੈਨੂੰ ਜਾਣ ਜਾਣਗੇ।
12 ਮੈਂ ਉਨ੍ਹਾਂ ਨੂੰ ਮੇਰੇ ਖਿਲਾਫ਼ ਕੀਤੀਆਂ ਬਦੀਆਂ ਮੁਆਫ਼ ਕਰ ਦਿਆਂਗਾ
    ਅਤੇ ਮੈਂ ਉਨ੍ਹਾਂ ਦੇ ਪਾਪਾਂ ਨੂੰ ਚੇਤੇ ਨਹੀਂ ਰੱਖਾਂਗਾ।” (B)

13 ਪਰਮੇਸ਼ੁਰ ਨੇ ਇਸ ਨੂੰ ਨਵਾਂ ਕਰਾਰ ਆਖਿਆ, ਇਸ ਲਈ ਪਰਮੇਸ਼ੁਰ ਨੇ ਪਹਿਲੇ ਕਰਾਰ ਨੂੰ ਪੁਰਾਣਾ ਬਣਾ ਦਿੱਤਾ ਹੈ। ਅਤੇ ਜਿਹੜੀ ਚੀਜ਼ ਪੁਰਾਣੀ ਅਤੇ ਬੇਕਾਰ ਹੈ ਉਹ ਅਲੋਪ ਹੋਣ ਵਾਲੀ ਹੈ।

Footnotes

  1. ਇਬਰਾਨੀਆਂ ਨੂੰ 7:3 “ਕੋਈ ਨਹੀਂ … ਆਇਆ ਸੀ” ਅੱਖਰੀ ਤੌਰ ਤੇ, “ਮਲਕਿਸਿਦਕ ਮਾਂ ਪਿਉ ਬਾਹਰਾ ਅਤੇ ਜੱਗ ਤੋਂ ਬਾਹਰਾ ਸੀ।”
  2. ਇਬਰਾਨੀਆਂ ਨੂੰ 7:17 ਹਵਾਲਾ: ਜ਼ਬੂਰ 110:4
  3. ਇਬਰਾਨੀਆਂ ਨੂੰ 8:5 ਹਵਾਲਾ: ਕੂਚ 25:40