Readings for Celebrating Advent
ਨਵਾਂ ਯਰੂਸ਼ਲਮ
21 ਫ਼ੇਰ ਮੈਂ ਇੱਕ ਨਵਾਂ ਅਕਾਸ਼ ਅਤੇ ਨਵੀਂ ਧਰਤੀ ਦੇਖੀ। ਪਹਿਲਾ ਅਕਾਸ਼ ਅਤੇ ਪਹਿਲੀ ਧਰਤੀ ਅਲੋਪ ਹੋ ਗਏ ਸਨ। ਹੁਣ ਉੱਥੇ ਕੋਈ ਸਮੁੰਦਰ ਨਹੀਂ ਸੀ। 2 ਮੈਂ ਸਵਰਗ ਤੋਂ ਪਰਮੇਸ਼ੁਰ ਵੱਲੋਂ ਨਿਕਲ ਕੇ ਥੱਲੇ ਆ ਰਹੇ ਪਵਿੱਤਰ ਸ਼ਹਿਰ ਨੂੰ ਵੀ ਦੇਖਿਆ। ਇਹ ਪਵਿੱਤਰ ਸ਼ਹਿਰ ਨਵਾਂ ਯਰੂਸ਼ਲਮ ਹੈ। ਇਸ ਨੂੰ ਲਾੜੇ ਲਈ ਲਾੜੀ ਦੀ ਤਰ੍ਹਾਂ ਸਜਾਇਆ ਗਿਆ ਸੀ।
3 ਮੈਂ ਤਖਤ ਵੱਲੋਂ ਆਉਂਦੀ ਇੱਕ ਉੱਚੀ ਅਵਾਜ਼ ਸੁਣੀ। ਅਵਾਜ਼ ਨੇ ਆਖਿਆ, “ਹੁਣ ਪਰਮੇਸ਼ੁਰ ਦਾ ਘਰ ਲੋਕਾਂ ਦੇ ਨਾਲ ਹੈ। ਉਹ ਉਨ੍ਹਾਂ ਦੇ ਨਾਲ ਹੋਵੇਗਾ। ਉਹ ਉਸ ਦੇ ਲੋਕ ਹੋਣਗੇ। ਪਰਮੇਸ਼ੁਰ ਖੁਦ ਉਨ੍ਹਾਂ ਦੇ ਨਾਲ ਰਹੇਗਾ ਅਤੇ ਉਨ੍ਹਾਂ ਦਾ ਪਰਮੇਸ਼ੁਰ ਹੋਵੇਗਾ। 4 ਪਰਮੇਸ਼ੁਰ ਉਨ੍ਹਾਂ ਦੀਆਂ ਅੱਖਾਂ ਵਿੱਚਲਾ ਹਰ ਅੱਥਰੂ ਪੂੰਝ ਦੇਵੇਗਾ। ਹੁਣ ਕਦੀ ਵੀ ਮੌਤ, ਉਦਾਸੀ, ਰੋਣਾ ਜਾਂ ਦੁੱਖ ਦਰਦ ਨਹੀਂ ਹੋਵੇਗਾ। ਸਾਰੇ ਪੁਰਾਣੇ ਰਾਹ ਗੁਜ਼ਰ ਗਏ ਹਨ।”
5 ਜਿਹੜਾ ਤਖਤ ਉੱਤੇ ਬੈਠਾ ਸੀ ਉਸ ਨੇ ਆਖਿਆ, “ਦੇਖੋ। ਮੈਂ ਹਰ ਚੀਜ਼ ਨਵੀਂ ਬਣਾ ਰਿਹਾ ਹਾਂ।” ਫ਼ੇਰ ਉਸ ਨੇ ਆਖਿਆ, “ਇਸ ਨੂੰ ਲਿਖੋ ਕਿਉਂਕਿ ਇਹ ਸ਼ਬਦ ਸੱਚੇ ਹਨ ਅਤੇ ਇਨ੍ਹਾਂ ਉੱਪਰ ਭਰੋਸਾ ਕੀਤਾ ਜਾ ਸੱਕਦਾ ਹੈ।”
6 ਜਿਹੜਾ ਤਖਤ ਉੱਤੇ ਬੈਠਾ ਸੀ ਉਸ ਨੇ ਮੈਨੂੰ ਆਖਿਆ, “ਇਹ ਖਤਮ ਹੋ ਚੁੱਕਿਆ ਹੈ। ਮੈਂ ਹੀ ਅਲਫ਼ਾ ਅਤੇ ਓਮੇਗਾ ਹਾਂ। ਮੈਂ ਹੀ ਆਦ ਅਤੇ ਅੰਤ ਹਾਂ। ਮੈਂ ਉਨ੍ਹਾਂ ਸਾਰਿਆਂ ਨੂੰ ਮੁਫ਼ਤ ਹੀ ਜੀਵਨ ਦੇ ਪਾਣੀ ਦੇ ਝਰਨੇ ਤੋਂ ਪਾਣੀ ਦਿਆਂਗਾ, ਜਿਹੜੇ ਪਿਆਸੇ ਹਨ। 7 ਜਿਹੜਾ ਵੀ ਵਿਅਕਤੀ ਜਿੱਤ ਪ੍ਰਾਪਤ ਕਰਦਾ ਹੈ ਉਹ ਇਸ ਸਭ ਕੁਝ ਨੂੰ ਪ੍ਰਾਪਤ ਕਰੇਗਾ। ਅਤੇ ਮੈਂ ਉਸਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ।
2010 by World Bible Translation Center