Readings for Celebrating Advent
ਕੁਆਰੀ ਮਰਿਯਮ
26-27 ਜਦੋਂ ਇਲੀਸਬਤ ਗਰਭ ਅਵਸਥਾ ਦੇ ਛੇਵੇਂ ਮਹੀਨੇ ਵਿੱਚ ਸੀ ਤਾਂ ਜ਼ਿਬਰਾਏਲ ਦੂਤ ਨੂੰ ਪਰਮੇਸ਼ੁਰ ਦੇ ਵੱਲੋਂ ਨਾਸਰਤ ਨਾਮੀ ਗਲੀਲ ਦੇ ਇੱਕ ਨਗਰ ਦੇ ਵਿੱਚ ਇੱਕ ਕੁਆਰੀ ਕੁੜੀ ਕੋਲ ਭੇਜਿਆ ਗਿਆ। ਉਸ ਕੁੜੀ ਦੀ ਦਾਊਦ ਦੇ ਪਰਿਵਾਰ ਵਿੱਚੋਂ ਯੂਸੁਫ਼ ਨਾਉਂ ਦੇ ਇੱਕ ਆਦਮੀ ਨਾਲ ਕੁੜਮਾਈ ਹੋਈ ਸੀ, ਅਤੇ ਉਸ ਕੁੜੀ ਦਾ ਨਾਮ ਮਰਿਯਮ ਸੀ। 28 ਦੂਤ ਉਸ ਕੁੜੀ ਕੋਲ ਆਇਆ ਅਤੇ ਆਖਿਆ, “ਮੁਬਾਰਕ ਹੋਵੇ! ਪ੍ਰਭੂ ਤੇਰੇ ਨਾਲ ਹੈ ਅਤੇ ਤੇਰੇ ਤੇ ਪ੍ਰਭੂ ਨੇ ਆਪਣੀ ਕਿਰਪਾ ਵਿਖਾਈ ਹੈ।”
29 ਜਦੋਂ ਉਸ ਨੇ ਦੂਤ ਦੇ ਸ਼ਬਦ ਸੁਣੇ, ਉਹ ਪਰੇਸ਼ਾਨ ਹੋ ਗਈ ਅਤੇ ਘਬਰਾ ਗਈ। ਉਹ ਸੋਚਣ ਲੱਗੀ, “ਇਸ ਸ਼ੁਭਕਾਮਨਾ ਦਾ ਕੀ ਅਰਥ ਹੋਇਆ।”
30 ਦੂਤ ਨੇ ਉਸ ਨੂੰ ਆਖਿਆ, “ਮਰਿਯਮ, ਤੂੰ ਘਬਰਾ ਨਾ, ਕਿਉਂ ਕਿ ਪਰਮੇਸ਼ੁਰ ਤੇਰੇ ਤੇ ਬੜਾ ਪ੍ਰਸੰਨ ਹੈ। 31 ਅਤੇ ਵੇਖ! ਤੂੰ ਗਰਭਵਤੀ ਹੋਵੇਂਗੀ, ਅਤੇ ਇੱਕ ਪੁੱਤਰ ਜਣੇਂਗੀ ਅਤੇ ਉਸਦਾ ਨਾਉਂ ਯਿਸੂ ਰੱਖਣਾ। 32 ਉਹ ਮਹਾਨ ਹੋਵੇਗਾ ਅਤੇ ਲੋਕ ਉਸ ਨੂੰ ਅੱਤ ਉੱਚ ਪਰਮੇਸ਼ੁਰ ਦਾ ਪੁੱਤਰ ਆਖਣਗੇ। ਅਤੇ ਪ੍ਰਭੂ ਪਰਮੇਸ਼ੁਰ ਉਸ ਦੇ ਪਿਤਾ ਦਾਊਦ ਦਾ ਤਖਤ ਉਸ ਨੂੰ ਦੇਵੇਗਾ। 33 ਉਹ ਹਮੇਸ਼ਾ ਲਈ ਇਸਰਾਏਲੀਆਂ ਤੇ ਹਕੂਮਤ ਕਰੇਗਾ ਅਤੇ ਉਸਦਾ ਰਾਜ ਕਦੀ ਵੀ ਖਤਮ ਨਹੀਂ ਹੋਵੇਗਾ।”
34 ਤਾਂ ਮਰਿਯਮ ਨੇ ਦੂਤ ਨੂੰ ਪੁੱਛਿਆ, “ਇਹ ਕਿਵੇਂ ਵਾਪਰੇਗਾ? ਮੈਂ ਤਾਂ ਅਜੇ ਕੁਆਰੀ ਹਾਂ!”
35 ਦੂਤ ਨੇ ਮਰਿਯਮ ਨੂੰ ਕਿਹਾ, “ਪਵਿੱਤਰ ਆਤਮਾ ਤੇਰੇ ਉੱਪਰ ਆਵੇਗਾ ਅਤੇ ਅੱਤ ਉੱਚ ਪਰਮੇਸ਼ੁਰ ਦੀ ਸ਼ਕਤੀ ਤੇਰੇ ਉੱਪਰ ਆਪਣੀ ਛਾਇਆ ਕਰੇਗੀ ਅਤੇ ਇਸ ਲਈ ਜਿਹੜਾ ਪਵਿੱਤਰ ਬਾਲਕ ਪੈਦਾ ਹੋਣ ਵਾਲਾ ਹੈ, ਪਰਮੇਸ਼ੁਰ ਦਾ ਪੁੱਤਰ ਕਹਾਵੇਗਾ। 36 ਅਤੇ ਸੁਣ, ਤੇਰੀ ਰਿਸ਼ਤੇਦਾਰ ਇਲੀਸਬਤ ਵੀ ਗਰਭਵਤੀ ਹੈ। ਭਾਵੇਂ ਉਹ ਬੜੀ ਬੁੱਢੀ ਹੈ ਪਰ ਉਸ ਨੂੰ ਬੱਚਾ ਹੋਣ ਵਾਲਾ ਹੈ। ਉਹ ਔਰਤ, ਜਿਸ ਨੂੰ ਲੋਕ ਬਾਂਝ ਆਖਦੇ ਸਨ, ਇਸ ਨੂੰ ਗਰਭਵਤੀ ਹੋਈ ਨੂੰ ਛੇ ਮਹੀਨੇ ਹੋ ਗਏ ਹਨ! 37 ਕਿਉਂ ਕਿ ਪਰਮੇਸ਼ੁਰ ਲਈ ਕੁਝ ਵੀ ਅਸੰਭਵ ਨਹੀਂ ਹੈ।”
38 ਮਰਿਯਮ ਨੇ ਕਿਹਾ, “ਮੈਂ ਤਾਂ ਪ੍ਰਭੂ ਦੀ ਦਾਸੀ ਹਾਂ ਸੋ ਮੇਰੇ ਨਾਲ ਸਭ ਤੇਰੇ ਕਹੇ ਅਨੁਸਾਰ ਹੀ ਵਾਪਰੇ!” ਤਦ ਦੂਤ ਉਸ ਪਾਸੋਂ ਚੱਲਾ ਗਿਆ।
2010 by World Bible Translation Center