Revised Common Lectionary (Semicontinuous)
ਮਰਿਯਮ ਪਰਮੇਸ਼ੁਰ ਦੀ ਉਸਤਤਿ ਕਰਦੀ ਹੈ
46 ਤਾਂ ਮਰਿਯਮ ਨੇ ਕਿਹਾ,
47 “ਮੇਰਾ ਆਤਮਾ ਪ੍ਰਭੂ ਦੀ ਉਸਤਤਿ ਕਰਦਾ ਹੈ
ਮੇਰਾ ਦਿਲ ਬੜਾ ਖੁਸ਼ ਹੈ ਕਿਉਂਕਿ ਪਰਮੇਸ਼ੁਰ ਮੇਰਾ ਮੁਕਤੀਦਾਤਾ ਹੈ।
48 ਉਸ ਨੇ ਆਪਣੀ ਦੀਨ ਦਾਸੀ
ਵੱਲ ਆਪਣਾ ਧਿਆਨ ਦਿੱਤਾ ਹੈ।
ਹਾਂ, ਹੁਣ ਤੋਂ ਸਭ
ਮੈਨੂੰ ਧੰਨ ਆਖਣਗੇ,
49 ਕਿਉਂਕਿ, ਇਸ ਸਰਬ ਸ਼ਕਤੀਮਾਨ ਨੇ ਮੇਰੇ ਲਈ ਮਹਾਨ ਕਾਰਜ ਕੀਤੇ ਹਨ
ਅਤੇ ਉਸਦਾ ਨਾਮ ਪਵਿੱਤਰ ਹੈ।
50 ਜਿਹੜੇ ਲੋਕ ਉਸਤੋਂ ਡਰਦੇ ਹਨ ਉਹ ਉਨ੍ਹਾਂ ਤੇ,
ਅਤੇ ਉਨ੍ਹਾਂ ਦੀਆਂ ਉਲਾਦਾਂ ਤੇ ਮਿਹਰਬਾਨ ਹੁੰਦਾ ਹੈ।
51 ਉਸ ਨੇ ਆਪਣੀਆਂ ਬਾਹਾਂ ਦੀ ਤਾਕਤ ਵਿਖਾਈ।
ਉਸ ਨੇ ਹੰਕਾਰੀ ਲੋਕਾਂ ਨੂੰ ਉਨ੍ਹਾਂ ਦੀਆਂ ਹੰਕਾਰੀ ਸੋਚਾਂ ਨਾਲ ਖਿੰਡਾ ਦਿੱਤਾ।
52 ਉਸ ਨੇ ਸ਼ਕਤੀਸ਼ਾਲੀ ਹਾਕਮਾਂ ਨੂੰ ਉਨ੍ਹਾਂ ਦੇ ਸਿੰਘਾਸਨਾਂ ਤੋਂ ਹਟਾ ਦਿੱਤਾ ਹੈ
ਅਤੇ ਉਸ ਨੇ ਦੀਨ ਲੋਕਾਂ ਨੂੰ ਉੱਚਾ ਉੱਠਾਇਆ।
53 ਉਸ ਨੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾ ਦਿੱਤਾ
ਅਤੇ ਅਮੀਰ ਲੋਕਾਂ ਨੂੰ ਖਾਲੀ ਹੱਥੀ ਭੇਜ ਦਿੱਤਾ।
54 ਉਹ ਇਸਰਾਏਲ ਦੇ ਲੋਕਾਂ ਦੀ ਮਦਦ ਲਈ ਆਇਆ ਜਿਨ੍ਹਾਂ ਨੂੰ ਉਸ ਨੇ ਆਪਣੀ ਸੇਵਾ ਲਈ ਚੁਣਿਆ ਸੀ।
ਉਸ ਨੇ ਸਾਨੂੰ ਆਪਣੀ ਮਿਹਰ ਵਿਖਾਈ ਤਾਂ ਜੋ ਅਸੀਂ ਉਸ ਨੂੰ ਯਾਦ ਰੱਖੀਏ।
55 ਇਸ ਤਰ੍ਹਾਂ ਉਸ ਨੇ ਸਾਡੇ ਪੁਰਖਿਆਂ, ਅਬਰਾਹਾਮ ਅਤੇ ਉਸਦੀਆਂ ਉਲਾਦਾਂ,
ਨਾਲ ਕੀਤਾ ਵਚਨ ਸਦੀਵੀ ਪੂਰਾ ਕੀਤਾ।”
ਅਲਕਾਨਾਹ ਅਤੇ ਉਸ ਦੇ ਪਰਿਵਾਰ ਦਾ ਸ਼ੀਲੋਹ ਵਿੱਚ ਉਪਾਸਨਾ ਕਰਨਾ
1 ਇਫ਼ਰਾਈਮ ਦੇ ਪਹਾੜੀ ਇਲਾਕੇ ਵਿੱਚ ਰਾਮਾਤੈਮ ਤੋਂ ਇੱਕ ਮਨੁੱਖ ਸੀ ਜਿਸਦਾ ਨਾਮ ਅਲਕਾਨਾਹ ਸੀ। ਉਹ ਸੂਫ਼ ਪਰਿਵਾਰ ਤੋਂ ਸੀ ਅਤੇ ਯਰੋਹਾਮ ਦਾ ਪੁੱਤਰ ਸੀ। ਯਰੋਹਾਮ ਅਲੀਹੂ ਦਾ ਪੁੱਤਰ ਸੀ ਅਤੇ ਅਲੀਹੂ ਤੋਹੁ ਦਾ ਪੁੱਤਰ ਸੀ। ਅਤੇ ਤੋਂਹੁ ਸੂਫ਼ ਦਾ ਪੁੱਤਰ ਸੀ ਜੋ ਕਿ ਇਫ਼ਰਾਈਮ ਪਰਿਵਾਰ ਵਿੱਚੋਂ ਸੀ।
2 ਅਲਕਾਨਾਹ ਦੀਆਂ ਦੋ ਬੀਵੀਆਂ ਸਨ। ਇੱਕ ਦਾ ਨਾਮ ਹੰਨਾਹ ਅਤੇ ਦੂਜੀ ਦਾ ਨਾਮ ਪਨਿੰਨਾਹ ਸੀ। ਪਨਿੰਨਾਹ ਦੇ ਘਰ ਉਲਾਦ ਸੀ ਪਰ ਹੰਨਾਹ ਦੇ ਘਰ ਕੋਈ ਸੰਤਾਨ ਨਹੀਂ ਸੀ।
3 ਹਰ ਸਾਲ ਅਲਕਾਨਾਹ ਆਪਣਾ ਰਾਮਾਹ ਸ਼ਹਿਰ ਛੱਡ ਕੇ ਸ਼ੀਲੋਹ ਵੱਲ ਜਾਂਦਾ ਹੁੰਦਾ ਸੀ। ਅਲਕਾਨਾਹ ਸ਼ੀਲੋਹ ਵਿੱਚ ਸਰਬਸ਼ਕਤੀਮਾਨ ਯਹੋਵਾਹ ਦੀ ਉਪਾਸਨਾ ਕਰਨ ਅਤੇ ਬਲੀਆਂ ਚੜ੍ਹਾਉਣ ਜਾਂਦਾ ਸੀ। ਇਹ ਥਾਂ ਸ਼ੀਲੋਹ ਉੱਤੇ ਸੀ ਜਿੱਥੇ ਹਾਫ਼ਨੀ ਅਤੇ ਫ਼ੀਨਹਾਸ ਜੋ ਕਿ ਏਲੀ ਦੇ ਪੁੱਤਰ ਸਨ ਉੱਥੇ ਜਾਜਕ ਵਜੋਂ ਸੇਵਾ ਕਰਦੇ ਸਨ। 4 ਹਰ ਵਾਰ ਅਲਕਾਨਾਹ ਜੋ ਵੀ ਬਲੀਆਂ ਚੜ੍ਹਾਉਂਦਾ, ਉਸ ਭੋਜਨ ਵਿੱਚੋਂ ਇੱਕ ਹਿੱਸਾ ਉਹ ਆਪਣੀ ਪਤਨੀ ਪਨਿੰਨਾਹ ਨੂੰ ਦਿੰਦਾ ਅਤੇ ਕੁਝ ਹਿੱਸਾ ਉਸ ਵਿੱਚੋਂ ਪਨਿੰਨਾਹ ਦੇ ਬੱਚਿਆਂ ਨੂੰ ਵੀ ਦਿੰਦਾ। 5 ਅਲਕਾਨਾਹ ਹੰਨਾਹ ਨੂੰ ਵੀ ਭੋਜਨ ਦਾ ਬਰਾਬਰ ਦਾ ਹਿੱਸਾ ਦਿੰਦਾ। ਭਾਵੇਂ ਹੰਨਾਹ ਦੇ ਕੋਈ ਸੰਤਾਨ ਨਹੀਂ ਸੀ ਪਰ ਉਹ ਬਰਾਬਰ ਦਾ ਉਨ੍ਹਾਂ ਦਾ ਹਿੱਸਾ ਵੀ ਹੰਨਾਹ ਨੂੰ ਦਿੰਦਾ, ਇਹ ਉਹ ਇਸ ਲਈ ਕਰਦਾ ਕਿਉਂਕਿ ਉਹ ਸੱਚਮੁੱਚ ਆਪਣੀ ਪਤਨੀ ਹੰਨਾਹ ਨਾਲ ਪਿਆਰ ਕਰਦਾ ਸੀ।
ਪਨਿੰਨਾਹ ਦਾ ਹੰਨਾਹ ਨੂੰ ਬੇਚੈਨ ਕਰਨਾ
6 ਪਨਿੰਨਾਹ ਆਪਣੀ ਸੌਁਕਣ ਨੂੰ ਸਤਾਉਣ ਲਈ ਉਸ ਨੂੰ ਬੜਾ ਤੰਗ ਕਰਦੀ ਅਤੇ ਹਮੇਸ਼ਾ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦੀ ਕਿਉਂਕਿ ਹੰਨਾਹ ਬੈਔਲਾਦੀ ਸੀ। ਹਰ ਸਾਲ ਇੰਝ ਹੀ ਹੁੰਦਾ। 7 ਹਰ ਸਾਲ ਜਦੋਂ ਉਨ੍ਹਾਂ ਦਾ ਪਰਿਵਾਰ ਸ਼ੀਲੋਹ ਵਿੱਚ ਯਹੋਵਾਹ ਦੇ ਘਰ ਜਾਂਦਾ ਹੁੰਦਾ ਸੀ, ਪਨਿੰਨਾਹ, ਹੰਨਾਹ ਨੂੰ ਉਦੋਂ ਤੱਕ ਖਿਜਾਉਂਦੀ ਜਦੋਂ ਤੱਕ ਉਹ ਉਦਾਸ ਨਾ ਹੋ ਜਾਂਦੀ। ਇੱਕ ਦਿਨ ਜਦੋਂ ਅਲਕਾਨਾਹ ਬਲੀਆਂ ਚੜ੍ਹਾ ਰਿਹਾ ਸੀ, ਹੰਨਾਹ ਬਹੁਤ ਦੁੱਖੀ ਸੀ ਅਤੇ ਉਸ ਨੇ ਰੋਣਾ ਸ਼ੁਰੂ ਕਰ ਦਿੱਤਾ। ਉਸ ਨੇ ਕੁਝ ਵੀ ਖਾਣ ਤੋਂ ਇਨਕਾਰ ਕਰ ਦਿੱਤਾ। 8 ਉਸ ਦੇ ਪਤੀ ਅਲਕਾਨਾਹ ਨੇ ਉਸ ਨੂੰ ਕਿਹਾ, “ਹੰਨਾਹ, ਤੂੰ ਰੋ ਕਿਉਂ ਰਹੀ ਹੈ? ਤੂੰ ਭੋਜਨ ਕਿਉਂ ਨਹੀਂ ਖਾਂਦੀ? ਤੂੰ ਉਦਾਸ ਕਿਉਂ ਹੈ? ਮੈਂ ਤੇਰਾ ਪਤੀ ਹਾਂ। ਮੈਂ ਤੇਰਾ ਹਾਂ। ਕੀ ਤੂੰ ਇਹ ਨਹੀਂ ਸੋਚਦੀ ਕਿ ਮੇਰੇ ਜਿਹਾ ਪਤੀ ਹੋਣਾ ਦਸ ਪੁੱਤਰ ਹੋਣ ਨਾਲੋਂ ਵੱਧੇਰੇ ਬਿਹਤਰ ਹੈ।”
ਹੰਨਾਹ ਦੀ ਪ੍ਰਾਰਥਨਾ
9 ਖਾਣ-ਪੀਣ ਤੋਂ ਬਾਦ ਹੰਨਾਹ ਚੁੱਪ ਕਰਕੇ ਉੱਠੀ ਅਤੇ ਯਹੋਵਾਹ ਅੱਗੇ ਪ੍ਰਾਰਥਨਾ ਕਰਨ ਚਲੀ ਗਈ। ਉਸ ਵਕਤ ਏਲੀ ਨਾਮ ਦਾ ਜਾਜਕ ਯਹੋਵਾਹ ਦੀ ਪਵਿੱਤਰ ਇਮਾਰਤ ਦੇ ਦਰਵਾਜ਼ੇ ਕੋਲ ਕੁਰਸੀ ਉੱਤੇ ਬੈਠਾ ਹੋਇਆ ਸੀ। 10 ਹੰਨਾਹ ਬੜੀ ਉਦਾਸ ਸੀ। ਜਦੋਂ ਉਹ ਯਹੋਵਾਹ ਅੱਗੇ ਪ੍ਰਾਰਥਨਾ ਕਰ ਰਹੀ ਸੀ ਤਾਂ ਉਹ ਹਟਕੋਰੇ ਭਰ-ਭਰ ਰੋ ਰਹੀ ਸੀ। 11 ਉਸ ਨੇ ਪਰਮੇਸ਼ੁਰ ਨੂੰ ਖਾਸ ਬਚਨ ਦਿੱਤਾ ਅਤੇ ਕਿਹਾ, “ਹੇ ਸਰਬ ਸ਼ਕਤੀਮਾਨ ਯਹੋਵਾਹ! ਵੇਖ ਮੈਂ ਕਿੰਨੀ ਉਦਾਸ ਹਾਂ? ਮੈਨੂੰ ਚੇਤੇ ਰੱਖੀਂ! ਮੈਨੂੰ ਭੁੱਲ ਨਾ ਜਾਵੀਂ! ਜੇਕਰ ਤੂੰ ਮੇਰੇ ਘਰ ਪੁੱਤਰ ਬਖਸ਼ੀਸ਼ ਕਰੇ ਤਾਂ ਉਸ ਨੂੰ ਮੈਂ ਤੇਰੇ ਹਵਾਲੇ ਕਰ ਦੇਵਾਂਗੀ। ਉਹ ਨਜ਼ੀਰੀ ਹੋਵੇਗਾ। ਉਹ ਸੋਮਰਸ ਜਾਂ ਤੇਜ਼ ਸ਼ਰਾਬ ਵੀ ਨਹੀਂ ਪੀਵੇਗਾ ਅਤੇ ਨਾ ਹੀ ਕੋਈ ਸਿਰ ਦੇ ਵਾਲ ਮੁੰਨੇਗਾ।” [a]
12 ਹੰਨਾਹ ਲੰਬੇ ਸਮੇਂ ਤਾਈਂ ਪ੍ਰਾਰਥਨਾ ਕਰਦੀ ਰਹੀ। ਜਦੋਂ ਉਹ ਪ੍ਰਾਰਥਨਾ ਕਰ ਰਹੀ ਸੀ, ਏਲੀ ਉਸਦਾ ਮੂੰਹ ਵੇਖ ਰਿਹਾ ਸੀ। 13 ਹੰਨਾਹ ਆਪਣੇ ਮਨ ਵਿੱਚ ਪ੍ਰਾਰਥਨਾ ਕਰ ਰਹੀ ਸੀ। ਉਸ ਦੇ ਬੁਲ੍ਹ ਫ਼ੜਫ਼ੜਾ ਰਹੇ ਸਨ ਪਰ ਉਸ ਦੇ ਮੂੰਹ ਵਿੱਚੋਂ ਕੋਈ ਆਵਾਜ਼ ਨਹੀਂ ਆ ਰਹੀ ਸੀ। ਇਸ ਲਈ ਏਲੀ ਨੇ ਸੋਚਿਆ ਕਿ ਉਹ ਸ਼ਰਾਬਣ ਸੀ। 14 ਉਸ ਨੇ ਹੰਨਾਹ ਨੂੰ ਕਿਹਾ, “ਤੈਨੂੰ ਪੀਣ ਲਈ ਬਹੁਤ ਜ਼ਿਆਦੇ ਮਿਲ ਗਈ, ਇਹ ਮੈਅ ਨੂੰ ਦੂਰ ਰੱਖਣ ਦਾ ਸਮਾਂ ਹੈ।”
15 ਹੰਨਾਹ ਨੇ ਆਖਿਆ, “ਹੇ ਸੁਆਮੀ! ਨਾ ਮੈਂ ਕੋਈ ਨਸ਼ਾ ਕੀਤਾ ਹੈ ਨਾ ਮੈਅ ਪੀਤੀ ਹੈ। ਮੈਂ ਤਾਂ ਬੜੀ ਮੁਸੀਬਤ ਵਿੱਚ ਹਾਂ। ਮੈਂ ਤਾਂ ਯਹੋਵਾਹ ਨੂੰ ਆਪਣੀਆਂ ਦੁੱਖਾਂ ਤਕਲੀਫ਼ਾਂ ਬਾਰੇ ਦੱਸ ਰਹੀ ਸੀ। 16 ਮੈਨੂੰ ਬੁਰੀ ਔਰਤ ਨਾ ਸਮਝ। ਮੈਂ ਇੰਨੀ ਲੰਬੀ ਪ੍ਰਾਰਥਨਾ ਇਸ ਲਈ ਕਰ ਰਹੀ ਸਾਂ ਕਿਉਂਕਿ ਮੈਂ ਬੜੀ ਉਦਾਸ ਹਾਂ ਅਤੇ ਮੇਰੇ ਦੁੱਖਾਂ ਦੀ ਕਹਾਣੀ ਬੜੀ ਲੰਬੀ ਹੈ।”
17 ਏਲੀ ਨੇ ਕਿਹਾ, “ਜਾ! ਹੁਣ ਤੂੰ ਸੁੱਖ-ਸ਼ਾਂਤੀ ਨਾਲ ਘਰ ਜਾ। ਇਸਰਾਏਲ ਦਾ ਪਰਮੇਸ਼ੁਰ ਤੇਰੀ ਅਰਜ਼ੋਈ ਪੂਰੀ ਕਰੇ ਜੋ ਤੂੰ ਉਸ ਤੋਂ ਮੰਗੀ ਹੈ।”
18 ਹੰਨਾਹ ਨੇ ਕਿਹਾ, “ਮੈਨੂੰ ਉਮੀਦ ਹੈ ਤੂੰ ਮੇਰੇ ਉੱਪਰ ਮਿਹਰਬਾਨੀ ਨਾਲ ਵੇਖੇਂਗਾ।” ਫ਼ੇਰ ਉਹ ਚੱਲੀ ਗਈ ਅਤੇ ਕੁਝ ਖਾਧਾ। ਉਹ ਹੋਰ ਵੱਧੇਰੇ ਉਦਾਸ ਨਹੀਂ ਸੀ।
ਪੁਰਾਣੇ ਕਰਾਰ ਵਿੱਚ ਨਿਹਚਾ
9 ਪਹਿਲੇ ਕਰਾਰ ਵਿੱਚ, ਉੱਥੇ ਉਪਾਸਨਾ ਵਾਸਤੇ ਅਸੂਲ ਅਤੇ ਆਦਮੀਆਂ ਦੁਆਰਾ ਬਣਾਇਆ ਉਪਾਸਨਾ ਸਥਾਨ ਸੀ। 2 ਇਹ ਸਥਾਨ ਇੱਕ ਤੰਬੂ ਦੇ ਅੰਦਰ ਸੀ। ਤੰਬੂ ਵਿੱਚਲੇ ਅਗਲੇ ਹਿੱਸੇ ਨੂੰ ਪਵਿੱਤਰ ਸਥਾਨ ਆਖਿਆ ਜਾਂਦਾ ਸੀ। ਪਵਿੱਤਰ ਸਥਾਨ ਵਿੱਚ ਇੱਕ ਸ਼ਮਾਂਦਾਨ ਅਤੇ ਮੇਜ਼ ਸੀ ਜਿਸ ਉੱਪਰ ਪਰਮੇਸ਼ੁਰ ਨੂੰ ਚੜ੍ਹਾਈ ਖਾਸ ਰੋਟੀ ਸੀ। 3 ਦੂਸਰੇ ਪਰਦੇ ਪਿੱਛੇ ਇੱਕ ਕਮਰਾ ਸੀ ਜਿਸ ਨੂੰ ਸਭ ਤੋਂ ਪਵਿੱਤਰ ਸਥਾਨ ਆਖਿਆ ਜਾਂਦਾ ਸੀ। 4 ਸਭ ਤੋਂ ਪਵਿੱਤਰ ਸਥਾਨ ਵਿੱਚ ਇੱਕ ਸੁਨਿਹਰੀ ਵੇਦੀ ਸੀ ਜਿਸ ਉੱਪਰ ਧੂਪ ਧੁਖਾਈ ਜਾਂਦੀ ਸੀ। ਅਤੇ ਉੱਥੇ ਇੱਕ ਨੇਮ ਦਾ ਸੰਦੂਕ ਵੀ ਸੀ ਜਿਸ ਵਿੱਚ ਪੁਰਾਣਾ ਕਰਾਰ ਰੱਖਿਆ ਹੋਇਆ ਸੀ। ਸੰਦੂਕ ਸੋਨੇ ਨਾਲ ਮੜ੍ਹਿਆ ਹੋਇਆ ਸੀ। ਸੰਦੂਕ ਵਿੱਚ, ਉੱਥੇ ਇੱਕ ਸੁਨਿਹਰੀ ਮਰਤਬਾਨ ਵਿੱਚ ਮੰਨ ਸੀ ਅਤੇ ਹਾਰੂਨ ਦੀ ਸੋਟੀ, ਉਹ ਸੋਟੀ ਜਿਸ ਉੱਪਰ ਪਹਿਲਾਂ ਪੱਤੇ ਉੱਗੇ ਹੋਏ ਸਨ। ਬਕਸੇ ਵਿੱਚ ਚਪਟੇ ਪੱਥਰ ਵੀ ਸਨ ਜਿਨ੍ਹਾਂ ਉੱਪਰ ਪੁਰਾਣੇ ਕਰਾਰ ਦੇ ਦਸ ਆਦੇਸ਼ ਉਕਰੇ ਹੋਏ ਸਨ। 5 ਬਕਸੇ ਉੱਪਰ ਦੋ ਕਰੂਬੀ ਫ਼ਰਿਸ਼ਤਿਆਂ ਦੀਆਂ ਮੂਰਤਾਂ ਸਨ ਜੋ ਪਰਮੇਸ਼ੁਰ ਦੀ ਮਹਿਮਾ ਦਰਸ਼ਾਉਂਦੀਆਂ ਸਨ। ਉਨ੍ਹਾਂ ਦੂਤਾਂ ਦੀਆਂ ਮੂਰਤਾਂ ਬਕਸੇ ਦੇ ਮਿਹਰ-ਸਥਾਨ ਦੇ ਉੱਪਰ ਸਨ। ਪਰ ਹੁਣ ਅਸੀਂ ਇਨ੍ਹਾਂ ਚੀਜ਼ਾਂ ਬਾਰੇ ਸਭ ਕੁਝ ਨਹੀਂ ਆਖ ਸੱਕਦੇ।
6 ਤੰਬੂ ਵਿੱਚਲੀ ਸਾਰੀ ਸਮਾਗਰੀ ਉਸੇ ਤਰ੍ਹਾਂ ਸੀ ਜਿਵੇਂ ਮੈਂ ਬਿਆਨ ਕੀਤੀ ਹੈ। ਫ਼ੇਰ ਜਾਜਕ ਹਰ ਰੋਜ਼ ਆਪਣੀ ਉਪਾਸਨਾ ਲਈ ਪਹਿਲੇ ਕਮਰੇ ਵਿੱਚ ਜਾਂਦੇ ਸਨ। 7 ਪਰ ਦੂਸਰੇ ਕਮਰੇ ਵਿੱਚ ਸਿਰਫ਼ ਸਰਦਾਰ ਜਾਜਕ ਹੀ ਜਾ ਸੱਕਦਾ ਸੀ। ਅਤੇ ਸਰਦਾਰ ਜਾਜਕ ਉਸ ਦੂਸਰੇ ਕਮਰੇ ਵਿੱਚ ਸਾਲ ਵਿੱਚ ਸਿਰਫ਼ ਇੱਕ ਵਾਰੀ ਜਾਂਦਾ ਸੀ। ਅਤੇ ਸਰਦਾਰ ਜਾਜਕ ਆਪਣੇ ਨਾਲ ਲਹੂ ਲਿਆਏ ਬਿਨਾ ਦਾਖਲ ਨਹੀਂ ਸੀ ਹੋ ਸੱਕਦਾ। ਜਾਜਕ ਉਹ ਲਹੂ ਪਰਮੇਸ਼ੁਰ ਨੂੰ ਆਪਣੇ ਅਤੇ ਲੋਕਾਂ ਦੇ ਪਾਪਾਂ ਲਈ ਅਰਪਨ ਕਰਦਾ ਸੀ। ਇਹ ਪਾਪ ਉਹ ਸਨ ਜਿਹੜੇ ਲੋਕਾਂ ਨੇ ਇਹ ਨਾ ਜਾਣਦੇ ਹੋਏ ਕੀਤੇ ਕਿ ਉਹ ਪਾਪ ਕਰ ਰਹੇ ਸਨ।
8 ਪਵਿੱਤਰ ਆਤਮਾ ਸਾਨੂੰ ਇਨ੍ਹਾਂ ਦੋਹਾਂ ਕਮਰਿਆਂ ਰਾਹੀਂ ਸਿੱਖਾਉਂਦਾ ਹੈ ਕਿ ਉਦੋਂ ਅੱਤ ਪਵਿੱਤਰ ਸਥਾਨ ਦਾ ਰਾਹ ਨਹੀਂ ਖੁਲ੍ਹਾ ਸੀ ਜਦੋਂ ਤੱਕ ਅਜੇ ਪਹਿਲਾ ਕਮਰਾ ਸਥਿਰ ਸੀ। 9 ਇਹ ਸਾਡੇ ਲਈ ਅੱਜ ਇੱਕ ਉਦਾਹਰਣ ਹੈ। ਇਹ ਸਾਡੇ ਲਈ ਸਪੱਸ਼ਟ ਹੈ ਕਿ ਪਰਮੇਸ਼ੁਰ ਨੂੰ ਭੇਂਟ ਕੀਤੇ ਚੜ੍ਹਾਵੇ ਅਤੇ ਬਲੀਆਂ ਉਸ ਵਿਅਕਤੀ ਨੂੰ ਪੂਰੀ ਤਰ੍ਹਾਂ ਸਾਫ਼ ਨਾ ਕਰ ਸੱਕੇ, ਜਿਹੜਾ ਉਪਾਸਨਾ ਕਰਦਾ ਹੈ। ਉਹ ਬਲੀਆਂ ਉਸ ਵਿਅਕਤੀ ਨੂੰ ਦਿਲ ਵਿੱਚ ਸੰਪੂਰਣ ਨਹੀਂ ਬਣਾ ਸੱਕਦੀਆਂ ਸਨ। 10 ਇਹ ਚੜ੍ਹਾਵੇ ਅਤੇ ਬਲੀਆਂ, ਖਾਣ ਅਤੇ ਪੀਣ ਵਾਲੇ ਪਦਾਰੱਥਾਂ ਅਤੇ ਵਿਸ਼ੇਸ਼ ਸਫ਼ਾਈਆਂ, ਨਾਲ ਹੀ ਸੰਬੰਧਿਤ ਸਨ। ਇਹ ਚੀਜ਼ਾਂ ਕੇਵਲ ਸਰੀਰ ਨਾਲ ਸੰਬੰਧਿਤ ਅਸੂਲ ਸਨ, ਪਰ ਦਿਲ ਨਾਲ ਸੰਬੰਧਿਤ ਨਹੀਂ ਸਨ। ਪਰਮੇਸ਼ੁਰ ਨੇ ਇਹ ਅਨੁਸ਼ਾਸਨ ਉਦੋਂ ਤੱਕ ਗ੍ਰੈਹਣ ਕਰਨ ਲਈ ਦਿੱਤੇ ਜਦੋਂ ਤੱਕ ਕਿ ਪਰਮੇਸ਼ੁਰ ਦਾ ਨਵਾਂ ਆਦੇਸ਼ ਨਹੀਂ ਆਇਆ।
ਨਵੇਂ ਕਰਾਰ ਦੇ ਅਧੀਨ ਅਨੁਸਰਣ ਕਰੋ
11 ਪਰ ਹੁਣ ਮਸੀਹ ਸਰਦਾਰ ਜਾਜਕ ਵਾਂਗ ਆਇਆ ਹੈ। ਉਹ ਉਨ੍ਹਾਂ ਸਾਰੀਆਂ ਚੰਗੀਆਂ ਚੀਜ਼ਾਂ ਦਾ ਸਰਦਾਰ ਜਾਜਕ ਹੈ ਜਿਹੜੀਆਂ ਹੁਣ ਸਾਡੇ ਕੋਲ ਹਨ। ਪਰ ਮਸੀਹ ਕਿਸੇ ਤੰਬੂ ਵਿੱਚ ਉਸ ਤਰ੍ਹਾਂ ਸੇਵਾ ਨਹੀਂ ਕਰਦਾ ਜਿਸ ਤਰ੍ਹਾਂ ਉਨ੍ਹਾਂ ਦੂਸਰੇ ਜਾਜਕਾਂ ਨੇ ਸੇਵਾ ਕੀਤੀ। ਮਸੀਹ ਉਸ ਤੰਬੂ ਨਾਲੋਂ ਬਿਹਤਰ ਸਥਾਨ ਤੇ ਸੇਵਾ ਕਰਦਾ ਹੈ। ਇਹ ਜ਼ਿਆਦਾ ਸੰਪੂਰਣ ਹੈ। ਅਤੇ ਇਹ ਸਥਾਨ ਮਨੁੱਖਾਂ ਦਾ ਬਣਾਇਆ ਹੋਇਆ ਨਹੀਂ ਹੈ। ਇਹ ਇਸ ਦੁਨੀਆਂ ਦਾ ਨਹੀਂ ਹੈ। 12 ਮਸੀਹ ਸਭ ਤੋਂ ਪਵਿੱਤਰ ਸਥਾਨ ਵਿੱਚ ਕੇਵਲ ਇੱਕ ਵਾਰੀ ਦਾਖਲ ਹੋਇਆ ਸੀ ਜਿਹੜਾ ਅੰਤ ਸਮੇਂ ਤੀਕ ਕਾਫ਼ੀ ਸੀ। ਮਸੀਹ ਸਭ ਤੋਂ ਪਵਿੱਤਰ ਸਥਾਨ ਵਿੱਚ ਆਪਣੇ ਆਵਦੇ ਲਹੂ ਨਾਲ ਦਾਖਿਲ ਹੋਇਆ ਸੀ। ਬੱਕਰਿਆਂ ਤੇ ਜਾਂ ਵਹਿੜਕਿਆਂ ਦਾ ਲਹੂ ਲੈ ਕੇ ਨਹੀਂ। ਮਸੀਹ ਕੇਵਲ ਇੱਕ ਹੀ ਵਾਰ ਦਾਖਲ ਹੋਇਆ ਅਤੇ ਸਾਡੇ ਲਈ ਅਮਰ ਆਜ਼ਾਦੀ ਲਿਆਇਆ।
13 ਬੱਕਰੀਆਂ ਅਤੇ ਬਲਦਾਂ ਦਾ ਲਹੂ ਅਤੇ ਵੱਛੇ ਦੀ ਰਾਖ ਉਨ੍ਹਾਂ ਲੋਕਾਂ ਉੱਪਰ ਛਿੜਕੀ ਗਈ ਸੀ ਜੋ ਸਾਫ਼ ਨਹੀਂ ਸਨ ਅਤੇ ਉਪਾਸਨਾ ਸਥਾਨ ਵਿੱਚ ਦਾਖਲ ਨਹੀਂ ਹੋ ਸੱਕਦੇ ਸਨ। ਉਸ ਲਹੂ ਅਤੇ ਉਸ ਰਾਖ ਨੇ ਉਨ੍ਹਾਂ ਨੂੰ ਫ਼ੇਰ ਪਵਿੱਤਰ ਬਣਾ ਦਿੱਤਾ ਪਰ ਸਿਰਫ਼ ਉਨ੍ਹਾਂ ਦੇ ਸਰੀਰਾਂ ਨੂੰ। 14 ਇਸ ਲਈ ਅਵਸ਼ ਹੀ ਮਸੀਹ ਦਾ ਲਹੂ ਬਹੁਤ-ਬਹੁਤ ਵੱਧ ਕਰ ਸੱਕਦਾ ਹੈ। ਮਸੀਹ ਨੇ ਆਪਣੇ ਆਪ ਨੂੰ ਅਮਰ ਆਤਮਾ ਦੇ ਰਾਹੀਂ ਪਰਮੇਸ਼ੁਰ ਲਈ ਇੱਕ ਸੰਪੂਰਣ ਬਲੀ ਦੇ ਰੂਪ ਵਿੱਚ ਅਰਪਿਤ ਕੀਤਾ। ਉਸ ਦਾ ਲਹੂ ਸਾਨੂੰ ਆਪਣੇ ਕੀਤੇ ਮੰਦੇ ਕੰਮਾਂ ਤੋਂ ਪਾਕ ਕਰ ਦੇਵੇਗਾ। ਉਸ ਦਾ ਖੂਨ ਸਾਨੂੰ ਆਪਣੇ ਦਿਲਾਂ ਵਿੱਚ ਵੀ ਪਵਿੱਤਰ ਬਣਾਵੇਗਾ। ਸਾਨੂੰ ਇਸ ਲਈ ਸ਼ੁੱਧ ਬਣਾਇਆ ਗਿਆ ਹੈ ਤਾਂ ਜੋ ਅਸੀਂ ਜਿਉਂਦੇ ਪਰਮੇਸ਼ੁਰ ਦੀ ਉਪਾਸਨਾ ਕਰ ਸੱਕੀਏ।
2010 by World Bible Translation Center