Revised Common Lectionary (Semicontinuous)
ਦਾਊਦ ਦਾ ਇੱਕ ਗੀਤ।
27 ਯਹੋਵਾਹ, ਤੁਸੀਂ ਮੇਰੀ ਰੌਸ਼ਨੀ ਵੀ, ਮੇਰੇ ਮੁਕਤੀਦਾਤਾ ਵੀ ਹੋ।
ਮੈਨੂੰ ਕਿਸੇ ਕੋਲੋਂ ਵੀ ਨਹੀਂ ਡਰਨਾ ਚਾਹੀਦਾ।
ਯਹੋਵਾਹ, ਮੇਰੇ ਜੀਵਨ ਦੀ ਸੁਰੱਖਿਆ ਦਾ ਟਿਕਾਣਾ ਹੈ।
ਇਸ ਲਈ ਮੈਂ ਕਿਸੇ ਕੋਲੋਂ ਵੀ ਨਹੀਂ ਡਰਾਂਗਾ।
2 ਦੁਸ਼ਟ ਲੋਕ ਮੇਰੇ ਤੇ ਹਮਲਾ ਕਰ ਸੱਕਦੇ ਹਨ।
ਉਹ ਮੇਰੇ ਸ਼ਰੀਰ ਨੂੰ ਤਲਵਾਰ ਨਾਲ ਵੱਢਣ ਦੀ ਕੋਸ਼ਿਸ਼ ਕਰ ਸੱਕਦੇ ਹਨ।
ਮੇਰੇ ਦੁਸ਼ਮਣ ਮੇਰੇ ਉੱਤੇ ਹਮਲਾ ਕਰਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਸੱਕਦੇ ਹਨ।
ਪਰ ਉਹ ਔਕੜਨਗੇ ਅਤੇ ਡਿੱਗਣਗੇ।
3 ਪਰ ਭਾਵੇਂ ਪੂਰੀ ਫ਼ੌਜ ਮੈਨੂੰ ਘੇਰ ਲਵੇ, ਫ਼ੇਰ ਵੀ ਮੈਂ ਨਹੀਂ ਡਰਾਂਗਾ।
ਭਾਵੇਂ ਯੁੱਧ ਵਿੱਚ ਲੋਕ ਮੇਰੇ ਉੱਤੇ ਹਮਲਾ ਕਰਨ, “ਮੈਨੂੰ ਕੋਈ ਡਰ ਨਹੀਂ ਹੋਵੇਗਾ।
ਕਿਉਂਕਿ ਮੈਨੂੰ ਯਹੋਵਾਹ ਵਿੱਚ ਯਕੀਨ ਹੈ।”
4 ਯਹੋਵਾਹ ਤੋਂ ਮੈਂ ਇੱਕੋ ਚੀਜ਼ ਮੰਗਦਾ ਹਾਂ,
ਮੈਨੂੰ ਸਾਰੀ ਉਮਰ ਆਪਣੇ ਮੰਦਰ ਵਿੱਚ ਬੈਠਣ ਦੇ,
ਤਾਂ ਜੋ ਮੈਂ ਯਹੋਵਾਹ ਦੀ ਸੁੰਦਰਤਾ ਵੇਖ ਸੱਕਾਂ।
ਅਤੇ ਉਸਦਾ ਮਹਿਲ ਵੇਖ ਸੱਕਾਂ।
5 ਜਦੋਂ ਵੀ ਮੈਂ ਸੰਕਟ ਵਿੱਚ ਹੋਵਾਂਗਾ ਯਹੋਵਾਹ ਮੇਰੀ ਰੱਖਿਆ ਕਰੇਗਾ।
ਉਹ ਮੈਨੂੰ ਆਪਣੇ ਤੰਬੂ ਵਿੱਚ ਛੁਪਾ ਲਵੇਗਾ,
ਉਹ ਮੈਨੂੰ ਆਪਣੀ ਸੁਰੱਖਿਅਤ ਥਾਂ ਉੱਤੇ ਲੈ ਜਾਵੇਗਾ।
6 ਮੇਰੇ ਦੁਸ਼ਮਣਾਂ ਨੇ ਮੈਨੂੰ ਘੇਰ ਲਿਆ ਹੈ।
ਪਰ ਉਨ੍ਹਾਂ ਨੂੰ ਹਰਾਉਣ ਵਿੱਚ ਯਹੋਵਾਹ ਮੇਰੀ ਮਦਦ ਕਰੇਗਾ।
ਫ਼ੇਰ ਮੈਂ ਉਸ ਦੇ ਤੰਬੂ ਵਿੱਚ ਬਲੀ ਦੇ ਤੌਰ ਤੇ ਜੈ-ਕਾਰੇ ਚੜ੍ਹਾਵਾਂਗਾ।
ਅਤੇ ਮੈਂ ਗਾਵਾਂਗਾ ਅਤੇ ਯਹੋਵਾਹ ਨੂੰ ਸਤਿਕਾਰਨ ਲਈ ਸਾਜ ਵਜਾਵਾਂਗਾ।
7 ਯਹੋਵਾਹ, ਮੇਰੀ ਪੁਕਾਰ ਨੂੰ ਸੁਣ ਅਤੇ ਹੁੰਘਾਰਾ ਭਰ।
ਮੇਰੇ ਤੇ ਦਯਾਵਾਨ ਹੋ।
8 ਯਹੋਵਾਹ, ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਹਾਂ।
ਮੈਂ ਆਪਣੇ ਦਿਲ ਦੀਆਂ ਗੱਲਾਂ ਆਖਣੀਆਂ ਚਾਹੁੰਦਾ ਹਾਂ।
ਮੈਂ ਤੁਹਾਡੇ ਨਾਲ ਗੱਲ ਕਰਨ ਲਈ ਤੁਹਾਡੇ ਸਨਮੁੱਖ ਆ ਗਿਆ ਹਾਂ।
9 ਯਹੋਵਾਹ, ਆਪਣੇ ਸੇਵਕ ਕੋਲੋਂ ਮੁੱਖ ਨਾ ਮੋੜੋ।
ਮੇਰੀ ਸਹਾਇਤਾ ਕਰੋ।
ਮੈਨੂੰ ਦੂਰ ਨਾ ਧੱਕੋ, ਮੈਨੂੰ ਛੱਡ ਕੇ ਨਾ ਜਾਓ।
ਮੇਰੇ ਪਰਮੇਸ਼ੁਰ, ਤੁਸੀਂ ਮੇਰੇ ਮੁਕਤੀਦਾਤਾ ਹੋ।
10 ਮੇਰੇ ਮਾਪਿਆਂ ਨੇ ਮੈਨੂੰ ਛੱਡ ਦਿੱਤਾ ਸੀ।
ਪਰ ਯਹੋਵਾਹ ਨੇ ਮੇਰੀ ਬਾਂਹ ਫ਼ੜੀ ਅਤੇ ਮੈਨੂੰ ਆਪਣਾ ਬਣਾਇਆ।
11 ਹੇ ਯਹੋਵਾਹ, ਲੋਕ ਵੇਖ ਰਹੇ ਹਨ ਕਿ ਮੈਂ ਕੋਈ ਗਲਤੀ ਕਰਾਂ।
ਇਸ ਲਈ ਮੈਨੂੰ ਸਹੀ ਗੱਲਾਂ ਕਰਨੀਆਂ ਸਿੱਖਾ।
12 ਮੈਨੂੰ ਮੇਰੇ ਦੁਸ਼ਮਣਾਂ ਦੇ ਘਾਤਕ ਫ਼ੰਦਿਆਂ ਵਿੱਚ ਨਾ ਫ਼ਸਣ ਦੇਵੋ।
ਉਨ੍ਹਾਂ ਨੇ ਮੇਰੇ ਉੱਤੇ ਝੂਠੀਆਂ ਗਵਾਹੀਆਂ ਨਾਲ ਹਮਲਾ ਕੀਤਾ ਹੈ।
ਉਹ ਮੇਰੇ ਉੱਤੇ ਹਿੰਸਕ ਹਮਲੇ ਕਰਨ ਲਈ ਤਿਆਰ ਹਨ।
13 ਮੈਨੂੰ ਪੱਕਾ ਵਿਸ਼ਵਾਸ ਹੈ ਕਿ ਮੈਂ ਮਰਨ ਤੋਂ ਪਹਿਲਾਂ ਯਹੋਵਾਹ ਦੀ ਚੰਗਿਆਈ ਦੇਖਾਂਗਾ।
14 ਯਹੋਵਾਹ ਦੀ ਸਹਾਇਤਾ ਲਈ ਇੰਤਜ਼ਾਰ ਕਰੋ।
ਮਜ਼ਬੂਤ ਅਤੇ ਬਹਾਦੁਰ ਬਣੋ,
ਅਤੇ ਯਹੋਵਾਹ ਦੀ ਸਹਾਇਤਾ ਲਈ ਇੰਤਜ਼ਾਰ ਕਰੋ।
2 ਯਹੋਵਾਹ ਦੀ ਟਹਿਣੀ ਬਹੁਤ ਸੁੰਦਰ ਅਤੇ ਮਹਾਨ ਹੋਵੇਗੀ। ਅਤੇ ਇਸਰਾਏਲ ਵਿੱਚ ਬਚੇ ਹੋਏ ਉਸ ਧਰਤੀ ਵਿੱਚ ਉੱਗੀਆਂ ਚੀਜਾਂ ਬਾਰੇ ਬੜੇ ਗੁਮਾਨੀ ਹੋਣਗੇ। 3 ਉਸ ਸਮੇਂ, ਉਹ ਸਾਰੇ ਲੋਕ ਜਿਹੜੇ ਹਾਲੇ ਸੀਯੋਨ ਵਿੱਚ ਅਤੇ ਯਰੂਸ਼ਲਮ ਵਿੱਚ ਜਿਉਂ ਰਹੇ ਹੋਣਗੇ, ਪਵਿੱਤਰ (ਖਾਸ) ਲੋਕ ਅਖਵਾਣਗੇ। ਇਹ ਗੱਲ ਉਨ੍ਹਾਂ ਸਾਰੇ ਲੋਕਾਂ ਨਾਲ ਵਾਪਰੇਗੀ ਜਿਨ੍ਹਾਂ ਦੇ ਨਾਮ ਖਾਸ ਸੂਚੀ ਵਿੱਚ ਹੋਣਗੇ, ਉਨ੍ਹਾਂ ਲੋਕਾਂ ਦੀ ਸੂਚੀ ਵਿੱਚ ਜਿਨ੍ਹਾਂ ਨੂੰ ਜਿਉਂਦੇ ਰਹਿਣ ਦੀ ਇੱਜ਼ਤ ਮਿਲੀ ਹੋਈ ਹੋਵੇਗੀ।
4 ਯਹੋਵਾਹ ਸੀਯੋਨ ਦੀਆਂ ਔਰਤਾਂ ਨੂੰ ਖੂਨ ਤੋਂ ਪਾਕ ਕਰ ਦੇਵੇਗਾ। ਯਹੋਵਾਹ ਯਰੂਸ਼ਲਮ ਤੋਂ ਸਾਰਾ ਖੂਨ ਧੋ ਦੇਵੇਗਾ। ਪਰਮੇਸ਼ੁਰ ਇਨਸਾਫ਼ ਦੀ ਰੂਹ ਦੀ ਵਰਤੋਂ ਕਰੇਗਾ ਸੱਚਾ ਇਨਸਾਫ਼ ਕਰੇਗਾ। ਅਤੇ ਉਹ ਅਗਨੀ ਦੇ ਆਤਮੇ ਦੀ ਵਰਤੋਂ ਕਰੇਗਾ, ਅਤੇ ਹਰ ਚੀਜ਼ ਨੂੰ ਪਾਕ ਕਰ ਦੇਵੇਗਾ। 5 ਉਸ ਸਮੇਂ ਪਰਮੇਸ਼ੁਰ ਸਾਬਤ ਕਰ ਦੇਵੇਗਾ ਕਿ ਉਹ ਆਪਣੇ ਲੋਕਾਂ ਦੇ ਨਾਲ ਹੈ। ਦਿਨ ਵੇਲੇ, ਪਰਮੇਸ਼ੁਰ ਧੂਏਂ ਦਾ ਬੱਦਲ ਪੈਦਾ ਕਰੇਗਾ। ਅਤੇ ਰਾਤ ਵੇਲੇ ਪਰਮੇਸ਼ੁਰ ਚਮਕਦਾਰ ਅਗਨੀ ਦੀ ਲਾਟ ਬਣਾਵੇਗਾ। ਇਹ ਸਾਰੇ ਸਬੂਤ ਅਕਾਸ਼ ਵਿੱਚ ਹੋਣਗੇ, ਹਰ ਮਕਾਨ ਉੱਤੇ ਅਤੇ ਸੀਯੋਨ ਪਰਬਤ ਉੱਤੇ ਲੋਕਾਂ ਦੀ ਹਰ ਮਜਲਿਸ ਉੱਤੇ। ਹਰ ਬੰਦੇ ਉੱਤੇ ਸੁਰੱਖਿਆ ਦਾ ਪਰਦਾ ਹੋਵੇਗਾ। 6 ਇਹ ਪਰਦਾ ਸੁਰੱਖਿਆ ਦਾ ਸਥਾਨ ਹੋਵੇਗਾ। ਇਹ ਪਰਦਾ ਲੋਕਾਂ ਨੂੰ ਸੂਰਜ ਦੀ ਗਰਮੀ ਤੋਂ ਬਚਾਵੇਗਾ। ਇਹ ਪਰਦਾ ਹਰ ਤਰ੍ਹਾਂ ਦੇ ਹੜ੍ਹ ਅਤੇ ਬਰੱਖਾ ਤੋਂ ਬਚਾ ਲਈ ਹੋਵੇਗਾ।
ਪਤਰਸ ਦਾ ਯਰੂਸ਼ਲਮ ਨੂੰ ਪਰਤਣਾ
11 ਯਹੂਦਿਯਾ ਵਿੱਚ ਰਸੂਲ ਅਤੇ ਭਰਾ ਜਾਣ ਗਏ ਕਿ ਗੈਰ-ਯਹੂਦੀ ਲੋਕਾਂ ਨੇ ਵੀ ਪਰਮੇਸ਼ੁਰ ਦੇ ਬਚਨਾਂ ਨੂੰ ਕਬੂਲ ਲਿਆ ਹੈ। 2 ਪਰ ਜਦੋਂ ਪਤਰਸ ਯਰੂਸ਼ਲਮ ਨੂੰ ਵਾਪਸ ਆਇਆ, ਤਾਂ ਕੁਝ ਯਹੂਦੀ ਨਿਹਚਾਵਾਨਾਂ ਨੇ ਉਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਆਖਿਆ, 3 “ਤੂੰ ਉਨ੍ਹਾਂ ਲੋਕਾਂ ਵੱਲ ਗਿਆ ਜਿਨ੍ਹਾਂ ਦੀ ਸੁੰਨਤ ਨਹੀਂ ਹੋਈ। ਸਗੋਂ ਤੂੰ ਉਨ੍ਹਾਂ ਨਾਲ ਰਲਕੇ ਭੋਜਨ ਵੀ ਕੀਤਾ।”
4 ਤਾਂ ਪਤਰਸ ਨੇ ਉਨ੍ਹਾਂ ਨੂੰ ਇਹ ਸਾਰਾ ਬਿਰਤਾਂਤ ਸੁਣਾਇਆ ਅਤੇ ਕਿਹਾ, 5 “ਜਦੋਂ ਮੈਂ ਯੱਪਾ ਸ਼ਹਿਰ ਵਿੱਚ ਸੀ, ਮੈਂ ਪ੍ਰਾਰਥਨਾ ਕਰਦੇ ਹੋਇਆਂ ਇੱਕ ਨਜ਼ਾਰੇ ਦਾ ਦਰਸ਼ਨ ਕੀਤਾ। ਉਸ ਦਰਸ਼ਨ ਵਿੱਚ ਮੈਂ ਕੁਝ ਅਕਾਸ਼ ਤੋਂ ਉੱਤਰਦਾ ਹੋਇਆ ਵੇਖਿਆ ਜੋ ਕਿ ਇੱਕ ਵੱਡੀ ਚਾਦਰ ਦੇ ਅਕਾਰ ਜਿਹਾ ਸੀ, ਜਿਸਦੇ ਚਾਰੇ ਪਲ੍ਹੇ ਬੰਨ੍ਹੇ ਹੋਏ ਸਨ, ਉਹ ਥੱਲੇ ਉੱਤਰਿਆ ਤੇ ਮੇਰੇ ਬੜੇ ਨਜ਼ਦੀਕ ਆਕੇ ਰੁਕ ਗਿਆ। 6 ਮੈਂ ਉਸ ਦੇ ਅੰਦਰ ਵੇਖਿਆ ਤਾਂ ਉਸ ਵਿੱਚ ਜੰਗਲੀ ਤੇ ਪਾਲਤੂ ਜਾਨਵਰ, ਰੀਂਗਣ ਵਾਲੇ ਜੀਵ, ਅਕਾਸ਼ ਤੇ ਉੱਡਣ ਵਾਲੇ ਪੰਛੀ ਸਨ। 7 ਮੈਂ ਇੱਕ ਅਵਾਜ਼ ਸੁਣੀ ਜੋ ਮੈਨੂੰ ਕਹਿ ਰਹੀ ਸੀ ‘ਪਤਰਸ ਉੱਠ, ਖਲੋ ਅਤੇ ਇਸ ਵਿੱਚੋਂ ਕਿਸੇ ਵੀ ਜੀਵ ਨੂੰ ਮਾਰਕੇ ਖਾ ਲੈ।’
8 “ਪਰ ਮੈਂ ਕਿਹਾ, ‘ਪ੍ਰਭੂ ਮੈਂ ਅਜਿਹਾ ਕਦੇ ਵੀ ਨਹੀਂ ਕਰ ਸੱਕਦਾ, ਮੈਂ ਕਦੇ ਵੀ ਕਿਸੇ ਅਸ਼ੁੱਧ ਜਾਂ ਅਪਵਿੱਤਰ ਵਸਤੂ ਦਾ ਸੇਵਨ ਨਹੀਂ ਕੀਤਾ।’
9 “ਪਰ ਅਕਾਸ਼ ਵੱਲੋਂ ਅਵਾਜ਼ ਨੇ ਫ਼ਿਰ ਉੱਤਰ ਦਿੱਤਾ, ‘ਪਰਮੇਸ਼ੁਰ ਨੇ ਇਹ ਵਸਤਾਂ ਪਵਿੱਤਰ ਬਣਾਈਆਂ ਹਨ, ਇਨ੍ਹਾਂ ਨੂੰ ਅਪਵਿੱਤਰ ਨਾ ਆਖ।’
10 “ਇੰਝ ਤਿੰਨ ਵਾਰ ਵਾਪਰਿਆ ਅਤੇ ਫ਼ੇਰ ਉਹ ਸਾਰੀਆਂ ਚੀਜ਼ਾਂ ਵਾਪਸ ਉੱਪਰ ਅਕਾਸ਼ ਵੱਲ ਲਿਜਾਈਆਂ ਗਈਆਂ। 11 ਉਸੇ ਵਕਤ, ਤਿੰਨ ਆਦਮੀ ਉਸ ਜਗ਼੍ਹਾ ਆਏ ਜਿੱਥੇ ਮੈਂ ਰਹਿ ਰਿਹਾ ਸੀ। ਇਹ ਤਿੰਨ ਆਦਮੀ ਕੈਸਰਿਯਾ ਸ਼ਹਿਰ ਤੋਂ ਮੇਰੇ ਕੋਲ ਭੇਜੇ ਗਏ ਸਨ। 12 ਆਤਮਾ ਨੇ ਮੈਨੂੰ ਉਨ੍ਹਾਂ ਨਾਲ ਬਿਨਾ ਝਿਜਕ ਜਾਣ ਨੂੰ ਕਿਹਾ। ਇਹ ਛੇ ਭਰਾ, ਜੋ ਇੱਥੇ ਮੇਰੇ ਨਾਲ ਹਨ, ਇਹ ਵੀ ਮੇਰੇ ਨਾਲ ਗਏ। ਅਸੀਂ ਕੁਰਨੇਲਿਯੁਸ ਦੇ ਘਰ ਗਏ। 13 ਉਸ ਨੇ ਸਾਨੂੰ ਕਿਹਾ, ਉਸ ਦੇ ਘਰ ਇੱਕ ਦੂਤ ਪ੍ਰਗਟਿਆ ਅਤੇ ਦੂਤ ਨੇ ਉਸ ਨੂੰ ਆਖਿਆ, ‘ਕੁਝ ਆਦਮੀਆਂ ਨੂੰ ਯੱਪਾ ਵਿੱਚ ਭੇਜ ਤਾਂ ਕਿ ਉਹ ਸ਼ਮਊਨ ਪਤਰਸ ਨੂੰ ਸੱਦਾ ਦੇਣ। 14 ਉਹ ਤੈਨੂੰ ਉਹ ਗੱਲਾਂ ਦਸੇਗਾ ਜੋ ਤੈਨੂੰ ਅਤੇ ਤੇਰੇ ਘਰ ਵਿੱਚ ਸਾਰਿਆਂ ਨੂੰ ਬਚਾ ਸੱਕਦੀਆਂ ਹਨ।’
15 “ਜਦੋਂ ਮੈਂ ਬੋਲਣਾ ਸ਼ੁਰੂ ਕੀਤਾ, ਤਾਂ ਉਸੇ ਢੰਗ ਨਾਲ ਪਵਿੱਤਰ ਆਤਮਾ ਉਨ੍ਹਾਂ ਉੱਪਰ ਆਇਆ ਜਿਵੇਂ ਅਰੰਭ ਵਿੱਚ ਸਾਡੇ ਉੱਪਰ ਆਇਆ ਸੀ। 16 ਤਦ ਮੈਨੂੰ ਪ੍ਰਭੂ ਦੇ ਬਚਨ ਚੇਤੇ ਆਏ। ਪ੍ਰਭੂ ਨੇ ਆਖਿਆ ਸੀ, ‘ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ ਸੀ, ਪਰ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ।’ 17 ਇਸ ਲਈ ਜੇਕਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਹੀ ਦਾਤ ਪ੍ਰਦਾਨ ਕੀਤੀ ਹੈ ਜੋ ਉਸ ਨੇ ਸਾਨੂੰ ਦਿੱਤੀ, ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕੀਤਾ, ਤਾਂ ਫ਼ਿਰ ਪਰਮੇਸ਼ੁਰ ਦੇ ਕਾਰਜ ਦਾ ਵਿਰੋਧ ਕਰਨ ਵਾਲਾ ਮੈਂ ਕੌਣ ਸੀ?”
18 ਜਦੋਂ ਯਹੂਦੀ ਨਿਹਚਾਵਾਨਾ ਨੇ ਇਹ ਸਭ ਸੁਣਿਆ ਤਾਂ ਉਨ੍ਹਾਂ ਨੇ ਬਹਿਸ ਕਰਨੀ ਬੰਦ ਕੀਤੀ ਅਤੇ ਪਰਮੇਸ਼ੁਰ ਦੀ ਉਸਤਤਿ ਕਰਦੇ ਹੋਏ ਆਖਿਆ, “ਇਸਦਾ ਮਤਲਬ ਹੈ ਕਿ ਪਰਮੇਸ਼ੁਰ ਨੇ ਪਰਾਈਆਂ ਕੌਮਾਂ ਨੂੰ ਵੀ ਮੌਕਾ ਦਿੱਤਾ ਹੈ ਕਿ ਉਹ ਵੀ ਆਪਣੇ ਆਪ ਨੂੰ ਬਦਲ ਕੇ ਸਾਡੇ ਵਰਗਾ ਜੀਵਨ ਬਤੀਤ ਕਰ ਸੱਕਣ।”
2010 by World Bible Translation Center