Revised Common Lectionary (Semicontinuous)
ਇਸਰਾਏਲ ਦੀ ਸਜ਼ਾ ਮੁੱਕ ਜਾਵੇਗੀ
40 ਤੁਹਾਡਾ ਪਰਮੇਸ਼ੁਰ ਆਖਦਾ ਹੈ,
“ਹੌਸਲਾ ਦੇਵੋ, ਮੇਰੇ ਲੋਕਾਂ ਨੂੰ!
2 ਯਰੂਸ਼ਲਮ ਨਾਲ ਪਿਆਰ ਨਾਲ ਗੱਲ ਕਰੋ! ਯਰੂਸ਼ਲਮ ਨੂੰ ਆਖੋ,
‘ਤੇਰੀ ਸੇਵਾ ਦਾ ਸਮਾਂ ਮੁੱਕ ਗਿਆ ਹੈ।
ਤੂੰ ਆਪਣੇ ਪਾਪਾਂ ਦੀ ਕੀਮਤ ਅਦਾ ਕਰ ਦਿੱਤੀ ਹੈ।’
ਯਹੋਵਾਹ ਨੇ ਯਰੂਸ਼ਲਮ ਨੂੰ ਉਸ ਦੇ ਹਰ
ਇੱਕ ਗੁਨਾਹ ਦੀ ਸਜ਼ਾ ਦੋ ਵਾਰ ਦਿੱਤੀ ਹੈ।”
3 ਸੁਣੋ, ਕੋਈ ਬੰਦਾ ਸ਼ੋਰ ਮਚਾ ਰਿਹਾ ਹੈ!
“ਯਹੋਵਾਹ ਲਈ ਮਾਰੂਬਲ ਅੰਦਰ ਰਸਤਾ ਬਣਾਓ!
ਸਾਡੇ ਪਰਮੇਸ਼ੁਰ ਲਈ ਮਾਰੂਬਲ ਦੀ ਸੜਕ ਪੱਧਰੀ ਕਰ ਦਿਓ!
4 ਹਰ ਵਾਦੀ ਨੂੰ ਭਰ ਦਿਓ।
ਹਰ ਪਰਬਤ ਪਹਾੜੀ ਨੂੰ ਪੱਧਰ ਕਰ ਦਿਓ।
ਟੇਢਿਆਂ ਰਾਹਾਂ ਨੂੰ ਸਿੱਧਾ ਕਰੋ।
ਖੁਦਦਰੀ ਥਾਂ ਨੂੰ ਪੱਧਰਾ ਕਰੋ।
5 ਫ਼ੇਰ, ਸਾਡੇ ਯਹੋਵਾਹ ਦਾ ਪਰਤਾਪ ਪ੍ਰਗਟ ਹੋਵੇਗਾ।
ਤੇ ਸਾਰੇ ਲੋਕ ਇਕੱਠੇ ਹੀ ਯਹੋਵਾਹ ਦੇ ਪਰਤਾਪ ਨੂੰ ਦੇਖਣਗੇ।
ਹਾਂ, ਯਹੋਵਾਹ ਨੇ ਖੁਦ ਇਹ ਗੱਲਾਂ ਆਖੀਆਂ ਨੇ।”
6 ਇੱਕ ਆਵਾਜ਼ ਨੇ ਆਖਿਆ, “ਬੋਲੋ!”
ਇਸ ਲਈ ਇੱਕ ਬੰਦੇ ਨੇ ਪੁੱਛਿਆ, “ਮੈਂ ਕੀ ਆਖਾਂ?”
ਆਵਾਜ਼ ਨੇ ਜਵਾਬ ਦਿੱਤਾ, “ਲੋਕ ਸਦਾ ਲਈ ਨਹੀਂ ਰਹਿੰਦੇ ਉਹ ਸਾਰੇ ਹੀ ਘਾਹ ਫ਼ੂਸ ਵਰਗੇ ਹਨ।
ਅਤੇ ਉਨ੍ਹਾਂ ਦੀ ਚੰਗਿਆਈ ਜੰਗਲੀ ਫ਼ੁੱਲ ਵਰਗੀ ਹੈ।
7 ਯਹੋਵਾਹ ਵੱਲੋਂ ਤਾਕਤਵਰ ਹਵਾ, ਘਾਹ ਉੱਤੇ ਵਗਦੀ ਹੈ,
ਅਤੇ ਘਾਹ ਮਰ ਜਾਂਦਾ ਹੈ ਅਤੇ ਜੰਗਲੀ ਫ਼ੁੱਲ ਡਿੱਗ ਪੈਂਦਾ ਹੈ।
ਹਾਂ, ਸਭ ਲੋਕ ਘਾਹ ਵਰਗੇ ਨੇ।
8 ਜੰਗਲੀ ਘਾਹ ਮਰ ਜਾਂਦਾ ਤੇ ਜੰਗਲੀ ਫ਼ੁੱਲ ਡਿੱਗ ਪੈਂਦੇ ਨੇ।
ਪਰ ਸਾਡੇ ਪਰਮੇਸ਼ੁਰ ਦਾ ਸ਼ਬਦ ਸਦਾ-ਸਦਾ ਲਈ ਰਹਿੰਦਾ ਹੈ।”
ਮੁਕਤੀ: ਪਰਮੇਸ਼ੁਰ ਦਾ ਸ਼ੁਭ ਸੰਦੇਸ਼
9 ਸੀਯੋਨ, ਤੇਰੇ ਕੋਲ ਦੱਸਣ ਲਈ, ਸ਼ੁਭ ਸਮਾਚਾਰ ਹੈ।
ਉੱਚੇ ਪਰਬਤ ਉੱਤੇ ਜਾਓ ਅਤੇ ਉੱਚੀ ਸ਼ੁਭ ਸਮਾਚਾਰ ਸੁਣਾਓ!
ਯਰੂਸ਼ਲਮ, ਤੇਰੇ ਕੋਲ ਦੱਸਣ ਲਈ, ਸ਼ੁਭ ਸਮਾਚਾਰ ਹੈ।
ਡਰੋ ਨਹੀਂ, ਉੱਚੀ ਬੋਲੋ!
ਇਹ ਖਬਰ ਯਹੂਦਾਹ ਦੇ ਸਾਰੇ ਸ਼ਹਿਰਾਂ ਨੂੰ ਦੱਸੋ:
“ਦੇਖੋ, ਤੁਹਾਡਾ ਪਰਮੇਸ਼ੁਰ ਇੱਥੇ ਹੈ!”
10 ਮੇਰਾ ਪ੍ਰਭੂ, ਯਹੋਵਾਹ ਸ਼ਕਤੀ ਨਾਲ ਆ ਰਿਹਾ ਹੈ।
ਉਹ ਆਪਣੀ ਸ਼ਕਤੀ ਨੂੰ ਸਮੂਹ ਲੋਕਾਂ ਤੇ ਹਕੂਮਤ ਕਰਨ ਲਈ ਵਰਤੇਗਾ।
ਉਹ ਆਪਣੇ ਲੋਕਾਂ ਲਈ ਇਨਾਮ ਲਿਆਵੇਗਾ
ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਚੰਗੀਆਂ ਕਰਨੀਆਂ ਲਈ ਇਨਾਮ ਦੇਵੇਗਾ।
11 ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਕਰੇਗਾ ਜਿਵੇਂ ਅਯਾਲੀ ਆਪਣੀਆਂ ਭੇਡਾਂ ਦੀ ਅਗਵਾਈ ਕਰਦਾ ਹੈ।
ਯਹੋਵਾਹ ਆਪਣੇ ਬਾਜ਼ੂ ਦੀ ਵਰਤੋਂ ਕਰੇਗਾ ਤੇ ਆਪਣੀਆਂ ਭੇਡਾਂ ਇਕੱਠੀਆਂ ਕਰੇਗਾ।
ਯਹੋਵਾਹ ਲੇਲਿਆਂ ਨੂੰ ਚੁੱਕ ਲਵੇਗਾ ਅਤੇ ਉਨ੍ਹਾਂ ਨੂੰ ਆਪਣੀਆਂ ਬਾਹਾਂ ਵਿੱਚ ਫ਼ੜੀ ਰੱਖੇਗਾ।
ਉਨ੍ਹਾਂ ਦੀਆਂ ਮਾਵਾਂ ਉਸ ਦੇ ਨਾਲ-ਨਾਲ ਤੁਰਨਗੀਆਂ।
ਨਿਰਦੇਸ਼ਕ ਲਈ: ਕੋਰਹ ਪਰਿਵਾਰ ਵੱਲੋਂ ਇੱਕ ਉਸਤਤਿ ਗੀਤ।
85 ਯਹੋਵਾਹ, ਆਪਣੇ ਦੇਸ਼ ਉੱਤੇ ਮਿਹਰਬਾਨ ਹੋਵੋ।
ਉਨ੍ਹਾਂ ਨੂੰ ਜਲਾਵਤਨੀ ਵਿੱਚ ਉਨ੍ਹਾਂ ਦੇ ਦੇਸ਼ ਵਿੱਚ ਵਾਪਸ ਲਿਆ।
2 ਯਹੋਵਾਹ, ਆਪਣੇ ਲੋਕਾਂ ਨੂੰ ਬਖਸ਼ ਦਿਉ।
ਉਨ੍ਹਾਂ ਦੇ ਗੁਨਾਹ ਮਿਟਾ ਦਿਉ।
8 ਯਹੋਵਾਹ ਪਰਮੇਸ਼ੁਰ ਨੇ ਜੋ ਕੁਝ ਆਖਿਆ ਮੈਂ ਸੁਣਿਆ।
ਉਸ ਨੇ ਆਖਿਆ ਸੀ ਕਿ ਉਸ ਦੇ ਲੋਕਾਂ ਅਤੇ ਵਫ਼ਾਦਾਰ ਪੈਰੋਕਾਰਾਂ ਲਈ ਅਮਨ ਹੋਵੇਗਾ।
ਇਸ ਲਈ ਉਨ੍ਹਾਂ ਨੂੰ ਮੂਰੱਖਾਂ ਵਾਲੇ ਜੀਵਨ ਢੰਗ ਵੱਲ ਨਹੀਂ ਪਰਤ ਜਾਣਾ ਚਾਹੀਦਾ।
9 ਪਰਮੇਸ਼ੁਰ ਛੇਤੀ ਆਪਣੇ ਪੈਰੋਕਾਰਾਂ ਨੂੰ ਬਚਾਏਗਾ।
ਅਸੀਂ ਛੇਤੀ ਹੀ ਇੱਜ਼ਤ ਨਾਲ ਆਪਣੀ ਜ਼ਮੀਨ ਉੱਤੇ ਰਹਾਂਗੇ।
10 ਪਰਮੇਸ਼ੁਰ ਦਾ ਸੱਚਾ ਪਿਆਰ ਉਸ ਦੇ ਚੇਲਿਆਂ ਨੂੰ ਮਿਲੇਗਾ।
ਚੰਗਿਆਈ ਅਤੇ ਅਮਨ ਚੁੰਮਣ ਨਾਲ ਉਹ ਉਨ੍ਹਾਂ ਦਾ ਸਵਾਗਤ ਕਰਨਗੇ।
11 ਧਰਤੀ ਦੇ ਲੋਕ ਪਰਮੇਸ਼ੁਰ ਦੇ ਵਫ਼ਾਦਾਰ ਹੋਣਗੇ
ਅਤੇ ਸਵਰਗ ਵਿੱਚ ਪਰਮੇਸ਼ੁਰ ਵੀ ਉਨ੍ਹਾਂ ਨਾਲ ਚੰਗਾ ਵਿਹਾਰ ਕਰੇਗਾ।
12 ਯਹੋਵਾਹ ਸਾਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਦੇਵੇਗਾ।
ਧਰਤੀ ਬਹੁਤ ਸਾਰੀਆਂ ਚੰਗੀਆਂ ਫ਼ਸਲਾਂ ਉਗਾਏਗੀ।
13 ਚੰਗਿਆਈ ਪਰਮੇਸ਼ੁਰ ਦੇ ਅੱਗੇ ਜਾਵੇਗੀ
ਅਤੇ ਉਸਦਾ ਰਾਹ ਤਿਆਰ ਕਰੇਗੀ।
8 ਪਰ ਮੇਰੇ ਪਿਆਰੇ ਮਿੱਤਰੋ। ਇਹ ਇੱਕ ਗੱਲ ਨਾ ਭੁੱਲਿਓ। ਪ੍ਰਭੂ ਲਈ ਇੱਕ ਦਿਨ ਹਜ਼ਾਰਾਂ ਸਾਲਾਂ ਵਰਗਾ ਹੈ ਅਤੇ ਹਜ਼ਾਰਾਂ ਸਾਲ ਇੱਕ ਦਿਨ ਵਰਗੇ ਹਨ। 9 ਪ੍ਰਭੂ ਉਹ ਗੱਲ ਕਰਨ ਵਿੱਚ ਢਿੱਲ ਨਹੀਂ ਲਾ ਰਿਹਾ ਜਿਸ ਬਾਰੇ ਉਸ ਨੇ ਵਾਅਦਾ ਕੀਤਾ ਹੈ, ਜਿਵੇਂ ਕੁਝ ਲੋਕ ਸਮਝਦੇ ਹਨ। ਪਰ ਪਰਮੇਸ਼ੁਰ ਤੁਹਾਡੇ ਨਾਲ ਸਬਰ ਤੋਂ ਕੰਮ ਲੈ ਰਿਹਾ ਹੈ। ਪਰਮੇਸ਼ੁਰ ਨਹੀਂ ਚਾਹੁੰਦਾ ਕਿ ਕੋਈ ਵੀ ਵਿਅਕਤੀ ਤਬਾਹ ਹੋ ਜਾਵੇ। ਉਹ ਚਾਹੁੰਦਾ ਹੈ ਕਿ ਹਰ ਵਿਅਕਤੀ ਆਪਣੇ ਆਪ ਨੂੰ ਬਦਲ ਦੇਵੇ ਅਤੇ ਪਾਪ ਕਰਨਾ ਛੱਡ ਦੇਵੇ।
10 ਪ੍ਰਭੂ ਦੇ ਆਉਣ ਦਾ ਦਿਨ ਉਸੇ ਤਰ੍ਹਾਂ ਹੈਰਾਨੀਜਨਕ ਹੋਵੇਗਾ ਜਿਵੇਂ ਇੱਕ ਚੋਰ ਆਉਂਦਾ ਹੈ। ਇੱਕ ਉੱਚੀ ਅਵਾਜ਼ ਨਾਲ ਅਕਾਸ਼ ਅਲੋਪ ਹੋ ਜਾਵੇਗਾ ਅਤੇ ਅਕਾਸ਼ ਵਿੱਚਲੀ ਹਰ ਚੀਜ਼ ਅੱਗ ਦੁਆਰਾ ਤਬਾਹ ਕਰ ਦਿੱਤੀ ਜਾਵੇਗੀ। ਧਰਤੀ ਅਤੇ ਇਸ ਉਤਲੀ ਹਰ ਸ਼ੈਅ ਸਾੜ ਦਿੱਤੀ ਜਾਵੇਗੀ। 11 ਇਸ ਤਰ੍ਹਾਂ ਹਰ ਚੀਜ਼ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ, ਤਬਾਹ ਹੋ ਜਾਵੇਗੀ। ਇਸ ਲਈ ਸੋਚੋ ਤੁਹਾਨੂੰ ਕਿਸ ਤਰ੍ਹਾਂ ਦੇ ਲੋਕ ਹੋਣਾ ਚਾਹੀਦਾ ਹੈ? ਤੁਹਾਨੂੰ ਇੱਕ ਪਵਿੱਤਰ ਜੀਵਨ ਜਿਉਣਾ ਚਾਹੀਦਾ ਹੈ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਲਈ ਗੱਲਾਂ ਕਰਨੀਆਂ ਚਾਹੀਦੀਆਂ ਹਨ। 12 ਤੁਹਾਨੂੰ ਪਰਮੇਸ਼ੁਰ ਦੇ ਦਿਨ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ, ਅਤੇ ਉਤਸੁਕਤਾ ਨਾਲ ਇਸ ਵਾਸਤੇ ਅਗਾਂਹ ਵੇਖੋ। ਜਦੋਂ ਉਹ ਦਿਨ ਆਵੇਗਾ, ਅਕਾਸ਼ ਅੱਗ ਦੁਆਰਾ ਤਬਾਹ ਹੋ ਜਾਵੇਗਾ, ਅਤੇ ਇਸ ਵਿੱਚਲਾ ਸਭ ਕੁਝ ਗਰਮੀ ਦੇ ਕਾਰਣ ਪਿਘਲ ਜਾਵੇਗਾ। 13 ਪਰ ਜਿਵੇਂ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ, ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦਾ ਇੰਤਜ਼ਾਰ ਕਰ ਰਹੇ ਹਾਂ ਜਿੱਥੇ ਧਾਰਮਿਕਤਾ ਵੱਸੇਗੀ।
14 ਇਸ ਲਈ ਮੇਰੇ ਪਿਆਰੇ ਮਿੱਤਰੋ, ਕਿਉਂ ਕਿ ਤੁਸੀਂ ਇਨ੍ਹਾਂ ਗੱਲਾਂ ਦੇ ਵਾਪਰਨ ਦਾ ਇੰਤਜ਼ਾਰ ਕਰ ਰਹੇ ਹੋਂ ਪਰਮੇਸ਼ੁਰ ਅੱਗੇ ਸ਼ੁੱਧ ਅਤੇ ਨਿਰਦੋਸ਼ ਪ੍ਰਗਟ ਹੋਣ ਦੀ ਆਪਣੀ ਪੂਰੀ ਕੋਸ਼ਿਸ਼ ਕਰੋ। ਪਰਮੇਸ਼ੁਰ ਨਾਲ ਸ਼ਾਂਤੀ ਵਿੱਚ ਰਹਿਣ ਦੀ ਕੋਸ਼ਿਸ਼ ਕਰੋ। 15 ਯਾਦ ਰੱਖੋ ਕਿ ਪਰਮੇਸ਼ੁਰ ਦਾ ਸਬਰ ਬਚਣ ਦਾ ਇੱਕ ਮੌਕਾ ਹੈ। ਸਾਡੇ ਪਿਆਰੇ ਭਰਾ ਪੌਲੁਸ ਨੇ ਤੁਹਾਨੂੰ ਇਹੀ ਗੱਲ ਦੱਸੀ ਸੀ ਜਦੋਂ ਉਸ ਨੇ ਤੁਹਾਨੂੰ ਉਸ ਸਿਆਣਪ ਨਾਲ ਚਿੱਠੀ ਲਿਖੀ ਸੀ ਜਿਹੜੀ ਪਰਮੇਸ਼ੁਰ ਨੇ ਉਸ ਨੂੰ ਸੂਝ ਦਿੱਤੀ ਸੀ।
ਯਿਸੂ ਦਾ ਆਗਮਨ(A)
1 ਪਰਮੇਸ਼ੁਰ ਦੇ ਪੁੱਤਰ ਯਿਸੂ ਮਸੀਹ ਦੀ ਖੁਸ਼ਖਬਰੀ ਦਾ ਆਰੰਭ: 2 ਜਿਵੇਂ ਕਿ ਇਹ ਨਬੀ ਯਸਾਯਾਹ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ:
“ਸੁਣੋ! ਮੈਂ ਆਪਣੇ ਦੂਤ ਨੂੰ ਤੇਰੇ ਅੱਗੇ ਭੇਜਾਂਗਾ।
ਉਹ ਤੇਰੇ ਲਈ ਰਸਤਾ ਤਿਆਰ ਕਰੇਗਾ।” (B)
3 “ਉਜਾੜ ਵਿੱਚ ਇੱਕ ਮਨੁੱਖ ਪੁਕਾਰ ਰਿਹਾ ਹੈ:
‘ਪ੍ਰਭੂ ਲਈ ਰਸਤੇ ਨੂੰ ਤਿਆਰ ਕਰੋ,
ਉਸ ਦੇ ਰਾਹਾਂ ਨੂੰ ਸਿਧੇ ਕਰੋ।’” (C)
4 ਯੂਹੰਨਾ ਬਪਤਿਸਮਾ ਦੇਣ ਵਾਲਾ ਆਇਆ, ਅਤੇ ਉਸ ਨੇ ਉਜਾੜ ਵਿੱਚ ਆਕੇ ਲੋਕਾਂ ਨੂੰ ਬਪਤਿਸਮਾ ਦਿੱਤਾ। ਉਸ ਨੇ ਉਨ੍ਹਾਂ ਨੂੰ ਸਿੱਖਾਇਆ ਕਿ ਉਹ ਬਪਤਿਸਮਾ ਲੈ ਕੇ ਇਹ ਵਿਖਾਉਣ ਕਿ ਉਨ੍ਹਾਂ ਨੇ ਆਪਣੇ ਜੀਵਨ ਬਦਲ ਲਏ ਹਨ। ਇਸ ਤਰ੍ਹਾਂ, ਉਨ੍ਹਾਂ ਦੇ ਪਾਪ ਮਾਫ਼ ਕੀਤੇ ਜਾ ਸੱਕਣਗੇ। 5 ਸਾਰੇ ਯਹੂਦਿਯਾ ਅਤੇ ਯਰੂਸ਼ਲਮ ਦੇਸ਼ ਦੇ ਲੋਕ ਉਸ ਕੋਲ ਆਏ ਅਤੇ ਆਪੋ-ਆਪਣੇ ਕੀਤੇ ਪਾਪਾਂ ਬਾਰੇ ਦੱਸਣ ਲੱਗੇ ਤਾਂ ਉਸਤੋਂ ਬਾਦ ਯੂਹੰਨਾ ਨੇ ਉਨ੍ਹਾਂ ਨੂੰ ਯਰਦਨ ਨਦੀ ਵਿੱਚ ਬਪਤਿਸਮਾ ਦਿੱਤਾ।
6 ਯੂਹੰਨਾ ਦੇ ਕੱਪੜੇ ਊਠ ਦੇ ਵਾਲਾਂ ਦੇ ਸਨ ਅਤੇ ਉਸਦੀ ਕਮਰ ਉੱਤੇ ਚਮੜੇ ਦੀ ਪੇਟੀ ਬੰਧੀ ਹੋਈ ਸੀ। ਉਹ ਟਿੱਡੀਆਂ ਅਤੇ ਜੰਗਲੀ ਸ਼ਹਿਦ ਖਾਂਦਾ ਸੀ।
7 ਅਤੇ ਉਸ ਨੇ ਲੋਕਾਂ ਵਿੱਚ ਇਹ ਪ੍ਰਚਾਰ ਕੀਤਾ ਕਿ ਭਈ: “ਮੇਰੇ ਤੋਂ ਬਾਦ ਉਹ ਇੱਕ ਆਵੇਗਾ ਅਤੇ ਉਹ ਮੇਰੇ ਤੋਂ ਵੱਧ ਮਹਾਨ ਹੈ ਅਤੇ ਮੈਂ ਇਸ ਲਾਇੱਕ ਵੀ ਨਹੀਂ ਕਿ ਨਿਉਂ ਕੇ ਉਸਦੀ ਜੁੱਤੀ ਦਾ ਤਸਮਾ ਖੋਲ੍ਹਾਂ। 8 ਮੈਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੱਤਾ ਹੈ ਪਰ ਉਹ ਮਨੁੱਖ ਜਿਹੜਾ ਕਿ ਆ ਰਿਹਾ ਹੈ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਵੇਗਾ।”
2010 by World Bible Translation Center