Print Page Options
Previous Prev Day Next DayNext

Revised Common Lectionary (Semicontinuous)

Daily Bible readings that follow the church liturgical year, with sequential stories told across multiple weeks.
Duration: 1245 days
Punjabi Bible: Easy-to-Read Version (ERV-PA)
Version
ਜ਼ਬੂਰ 100

ਧੰਨਵਾਦ ਦਾ ਗੀਤ।

100 ਹੇ ਧਰਤੀ ਯਹੋਵਾਹ ਦੇ ਗੀਤ ਗਾ।
ਯਹੋਵਾਹ ਦੀ ਸੇਵਾ ਕਰਦਿਆਂ ਖੁਸ਼ ਹੋ।
    ਪ੍ਰਸੰਨ ਗੀਤਾਂ ਦੇ ਨਾਲ ਯਹੋਵਾਹ ਦੇ ਸਨਮੁੱਖ ਆ।
ਜਾਣ ਲਵੋ ਕਿ ਯਹੋਵਾਹ ਪਰਮੇਸ਼ੁਰ ਹੈ।
    ਉਸ ਨੇ ਅਸਾਂ ਨੂੰ ਸਾਜਿਆ। ਅਸੀਂ ਉਸ ਦੇ ਲੋਕ ਹਾਂ,
    ਅਸੀਂ ਉਸ ਦੀਆਂ ਭੇਡਾਂ ਹਾਂ।
ਉਸ ਦੇ ਸ਼ਹਿਰ ਵਿੱਚ ਧੰਨਵਾਦ ਦੇ ਗੀਤ ਲੈ ਕੇ ਆਵੋ।
    ਉਸ ਦੇ ਮੰਦਰ ਵੱਲ ਉਸਤਤਿ ਦੇ ਗੀਤ ਲੈ ਕੇ ਆਵੋ।
    ਉਸਦੀ ਉਸਤਤਿ ਕਰੋ ਅਤੇ ਉਸ ਦੇ ਨਾਮ ਨੂੰ ਅਸੀਸ ਦੇਵੋ।
ਯਹੋਵਾਹ ਸ਼ੁਭ ਹੈ।
    ਉਸਦਾ ਪਿਆਰ ਸਦੀਵੀ ਹੈ।
    ਅਸੀਂ ਉਸ ਉੱਤੇ ਸਦਾ-ਸਦਾ ਲਈ ਉਸ ਉੱਤੇ ਵਿਸ਼ਵਾਸ ਕਰ ਸੱਕਦੇ ਹਾਂ।

ਉਤਪਤ 48:15-22

15 ਅਤੇ ਇਸਰਾਏਲ ਨੇ ਯੂਸੁਫ਼ ਨੂੰ ਅਸੀਸ ਦਿੱਤੀ ਅਤੇ ਆਖਿਆ,

“ਮੇਰੇ ਪੁਰਖਿਆਂ, ਅਬਰਾਹਾਮ ਅਤੇ ਇਸਹਾਕ ਨੇ, ਸਾਡੇ ਪਰਮੇਸ਼ੁਰ ਦੀ ਉਪਾਸਨਾ ਕੀਤੀ ਸੀ।
    ਅਤੇ ਉਸ ਪਰਮੇਸ਼ੁਰ ਨੇ ਸਾਰੀ ਉਮਰ ਮੇਰੀ ਅਗਵਾਈ ਕੀਤੀ ਹੈ।
16 ਉਹ ਦੂਤ ਸੀ, ਜਿਸਨੇ ਮੈਨੂੰ ਮੇਰੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਇਆ ਸੀ।
    ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਨ੍ਹਾਂ ਮੁੰਡਿਆਂ ਨੂੰ ਅਸੀਸ ਦੇਵੇ।
ਹੁਣ ਇਨ੍ਹਾਂ ਮੁੰਡਿਆਂ ਨੂੰ ਮੇਰਾ ਅਤੇ ਸਾਡੇ ਪੁਰਖਿਆਂ ਅਬਰਾਹਾਮ ਅਤੇ ਇਸਹਾਕ ਦਾ ਨਾਮ ਮਿਲੇਗਾ।
    ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਹ ਵੱਧ ਫ਼ੁੱਲ ਕੇ ਧਰਤੀ ਦੇ ਮਹਾਨ ਪਰਿਵਾਰ ਅਤੇ ਕੌਮਾਂ ਬਨਣ।”

17 ਯੂਸੁਫ਼ ਨੇ ਦੇਖਿਆ ਕਿ ਉਸ ਦੇ ਪਿਤਾ ਨੇ ਆਪਣਾ ਸੱਜਾ ਹੱਥ ਇਫ਼ਰਾਈਮ ਦੇ ਸਿਰ ਉੱਤੇ ਰੱਖਿਆ ਸੀ। ਇਸ ਨਾਲ ਯੂਸੁਫ਼ ਨੂੰ ਖੁਸ਼ੀ ਨਹੀਂ ਹੋਈ। ਯੂਸੁਫ਼ ਨੇ ਆਪਣੇ ਪਿਤਾ ਦਾ ਹੱਥ ਫ਼ੜ ਲਿਆ। ਉਹ ਇਸ ਨੂੰ ਇਫ਼ਰਾਈਮ ਦੇ ਸਿਰ ਤੋਂ ਹਟਾਕੇ ਮਨੱਸ਼ਹ ਦੇ ਸਿਰ ਉੱਤੇ ਰੱਖਣਾ ਚਾਹੁੰਦਾ ਸੀ। 18 ਯੂਸੁਫ਼ ਨੇ ਆਪਣੇ ਪਿਤਾ ਨੂੰ ਆਖਿਆ, “ਤੁਸੀਂ ਆਪਣਾ ਸੱਜਾ ਹੱਥ ਗਲਤ ਮੁੰਡੇ ਦੇ ਸਿਰ ਉੱਤੇ ਰੱਖਿਆ ਹੈ। ਮਨੱਸ਼ਹ ਪਹਿਲੋਠਾ ਹੈ। ਆਪਣਾ ਸੱਜਾ ਹੱਥ ਉਸ ਉੱਤੇ ਰੱਖੋ।”

19 ਪਰ ਉਸ ਦੇ ਪਿਤਾ ਨੇ ਦਲੀਲ ਦਿੱਤੀ ਅਤੇ ਆਖਿਆ, “ਮੈਂ ਜਾਣਦਾ ਹਾਂ, ਪੁੱਤਰ। ਮੈਂ ਜਾਣਦਾ ਹਾਂ ਮਨੱਸ਼ਹ ਪਹਿਲੋਠਾ ਹੈ ਅਤੇ ਉਹ ਮਹਾਨ ਬਣੇਗਾ। ਉਹ ਬਹੁਤ ਸਾਰੇ ਲੋਕਾਂ ਦਾ ਪਿਤਾਮਾ ਹੋਵੇਗਾ। ਪਰ ਛੋਟਾ ਭਰਾ ਵੱਡੇ ਨਾਲੋਂ ਵੱਧੇਰੇ ਮਹਾਨ ਹੋਵੇਗਾ। ਅਤੇ ਛੋਟੇ ਭਰਾ ਦਾ ਪਰਿਵਾਰ ਬਹੁਤ ਵੱਡੇਰਾ ਹੋਵੇਗਾ।”

20 ਇਸ ਲਈ ਇਸਰਾਏਲ ਨੇ ਉਨ੍ਹਾਂ ਨੂੰ ਉਸ ਦਿਨ ਅਸੀਸ ਦਿੱਤੀ। ਉਸ ਨੇ ਆਖਿਆ,

“ਇਸਰਾਏਲ ਦੇ ਲੋਕ, ਜਦੋਂ ਵੀ ਕਿਸੇ
    ਨੂੰ ਅਸੀਸ ਦੇਣਗੇ ਤੁਹਾਡਾ ਨਾਮ ਲੈਣਗੇ।
ਉਹ ਆਖਣਗੇ, ‘ਪਰਮੇਸ਼ੁਰ ਤੁਹਾਨੂੰ ਇਫ਼ਰਾਈਮ
    ਅਤੇ ਮਨੱਸ਼ਹ ਵਰਗਾ ਬਣਾਵੇ।’”

ਇਸ ਤਰ੍ਹਾਂ, ਇਸਰਾਏਲ ਨੇ ਇਫ਼ਰਾਈਮ ਨੂੰ ਮਨੱਸ਼ਹ ਤੋਂ ਉੱਚਾ ਰੁਤਬਾ ਦਿੱਤਾ।

21 ਫ਼ੇਰ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, “ਦੇਖ, ਮੇਰੇ ਦੇਹਾਂਤ ਦਾ ਸਮਾਂ ਤਕਰੀਬਨ ਆ ਚੁੱਕਾ ਹੈ। ਪਰ ਪਰਮੇਸ਼ੁਰ ਹਾਲੇ ਵੀ ਤੁਹਾਡੇ ਨਾਲ ਹੋਵੇਗਾ। ਉਹ ਤੁਹਾਨੂੰ ਤੁਹਾਡੇ ਪੁਰਖਿਆਂ ਦੀ ਧਰਤੀ ਉੱਤੇ ਜਾਣ ਵਿੱਚ ਅਗਵਾਈ ਦੇਵੇਗਾ।

22 “ਮੈਂ ਤੈਨੂੰ ਤੇਰੇ ਭਰਾਵਾਂ ਨੂੰ ਦਿੱਤੇ ਨਾਲੋਂ, ਇੱਕ ਭਾਗ ਵੱਧ ਦਿੱਤਾ ਹੈ। ਮੈਂ ਤੈਨੂੰ ਉਹ ਪਰਬਤ ਦਿੱਤਾ ਜਿਹੜਾ ਮੈਂ ਅਮੋਰੀ ਲੋਕਾਂ ਤੋਂ ਮੇਰੀ ਤਲਵਾਰ ਅਤੇ ਮੇਰੇ ਧਨੁੱਖ ਨਾਲ ਲਿਆ ਸੀ। ਮੈਂ ਧਰਤੀ ਦੇ ਉਸ ਭਾਗ ਲਈ ਲੜਨ ਦੀ ਖਾਤਰ ਆਪਣੀ ਤਲਵਾਰ ਆਪਣੇ ਧਨੁਖ ਦੀ ਵਰਤੋਂ ਕੀਤੀ ਸੀ ਅਤੇ ਮੈਂ ਜਿੱਤ ਗਿਆ ਸੀ।”

ਪਰਕਾਸ਼ ਦੀ ਪੋਥੀ 14:1-11

ਮੁਕਤ ਲੋਕਾਂ ਦਾ ਗੀਤ

14 ਫ਼ਿਰ ਮੈਂ ਤੱਕਿਆ, ਅਤੇ ਉੱਥੇ ਮੇਰੇ ਸਾਹਮਣੇ ਇੱਕ ਲੇਲਾ ਸੀ। ਉਹ ਸੀਯੋਨ ਪਰਬਤ ਉੱਤੇ ਖਲੋਤਾ ਸੀ। ਉਸ ਦੇ ਨਾਲ 144,000 ਲੋਕ ਸਨ। ਉਨ੍ਹਾਂ ਸਾਰਿਆਂ ਦੇ ਮੱਥਿਆਂ ਉੱਤੇ ਉਸਦਾ ਅਤੇ ਉਸ ਦੇ ਪਿਤਾ ਦਾ ਨਾਮ ਲਿਖਿਆ ਹੋਇਆ ਸੀ।

ਫ਼ੇਰ ਮੈਂ ਸਵਰਗ ਵਿੱਚੋਂ ਆਉਂਦੀ ਇੱਕ ਅਵਾਜ਼ ਸੁਣੀ ਜੋ ਕਿ ਹੜ੍ਹ ਦੇ ਪਾਣੀ ਅਤੇ ਉੱਚੀ ਗਰਜ ਦੀ ਅਵਾਜ਼ ਵਰਗੀ ਸੀ। ਜਿਹੜੀ ਅਵਾਜ਼ ਮੈਂ ਸੁਣੀ ਉਹ ਲੋਕਾਂ ਦੇ ਰਬਾਬ ਵਜਾਉਣ ਦੀ ਅਵਾਜ਼ ਵਰਗੀ ਸੀ। ਲੋਕਾਂ ਨੇ ਤਖਤ ਦੇ ਸਾਹਮਣੇ ਅਤੇ ਚਾਰ ਸਜੀਵ ਚੀਜ਼ਾਂ ਅਤੇ ਬਜ਼ੁਰਗਾਂ ਦੇ ਸਾਹਮਣੇ ਇੱਕ ਨਵਾਂ ਗੀਤ ਗਾਇਆ। ਇਹ ਨਵਾਂ ਗੀਤ ਸਿਰਫ਼ ਉਹ ਇੱਕ ਲੱਖ ਚੁਤਾਲੀ ਹਜ਼ਾਰ ਲੋਕੀਂ ਹੀ ਸਿੱਖ ਸੱਕਦੇ ਸਨ ਜਿਹੜੇ ਧਰਤੀ ਤੋਂ ਖਰੀਦੇ ਗਏ ਸਨ। ਕੋਈ ਹੋਰ ਇਸ ਗੀਤ ਨੂੰ ਨਾ ਗਾ ਸੱਕਿਆ।

ਇਹ 144,000 ਲੋਕ ਉਹੀ ਸਨ ਜਿਨ੍ਹਾਂ ਨੇ ਔਰਤਾਂ ਨਾਲ ਕੁਝ ਵੀ ਅਪਵਿੱਤਰ ਨਹੀਂ ਕੀਤਾ ਸੀ ਉਨ੍ਹਾਂ ਨੇ ਆਪਣੇ ਆਪ ਨੂੰ ਪਵਿੱਤਰ ਰੱਖਿਆ। ਉਹ ਜਿੱਥੇ ਕਿਤੇ ਵੀ ਲੇਲਾ ਜਾਂਦਾ ਉਸਦਾ ਪਿੱਛਾ ਕਰਦੇ, ਇਨ੍ਹਾਂ ਲੋਕਾਂ ਨੂੰ ਧਰਤੀ ਤੋਂ ਖਰੀਦਿਆ ਗਿਆ ਸੀ। ਇਹੀ ਪਹਿਲੇ ਲੋਕ ਸਨ ਜਿਹੜੇ ਪਰਮੇਸ਼ੁਰ ਅਤੇ ਲੇਲੇ ਨੂੰ ਅਰਪਣ ਕੀਤੇ ਗਏ ਸਨ। ਇਹ ਲੋਕ ਝੂਠ ਬੋਲਣ ਦੇ ਦੋਸ਼ੀ ਨਹੀਂ ਸਨ। ਇਹ ਲੋਕ ਬਿਨਾ ਕਿਸੇ ਦੋਸ਼ ਤੋਂ ਸਨ।

ਤਿੰਨ ਦੂਤ

ਫ਼ਿਰ ਮੈਂ ਇੱਕ ਹੋਰ ਦੂਤ ਨੂੰ ਹਵਾ ਵਿੱਚ ਉੱਚਾ ਉਡਦਿਆਂ ਵੇਖਿਆ। ਇਸ ਦੂਤ ਕੋਲ ਧਰਤੀ ਤੇ ਰਹਿਣ ਵਾਲੇ ਲੋਕਾਂ – ਹਰ ਕੌਮ, ਕਬੀਲੇ ਭਾਸ਼ਾ ਅਤੇ ਜਾਤੀ ਦੇ ਲੋਕਾਂ ਨੂੰ ਕਦੀ ਵੀ ਨਾ ਖਤਮ ਹੋਣ ਵਾਲੀ ਖੁਸ਼ਖਬਰੀ ਦਿੱਤੀ ਗਈ ਸੀ। ਦੂਤ ਨੇ ਉੱਚੀ ਅਵਾਜ਼ ਵਿੱਚ ਆਖਿਆ, “ਪਰਮੇਸ਼ੁਰ ਤੋਂ ਡਰੋ ਅਤੇ ਉਸ ਨੂੰ ਮਹਿਮਾ ਦਿਉ। ਪਰਮੇਸ਼ੁਰ ਲਈ ਨਿਆਂ ਦੇਣ ਦਾ ਸਮਾਂ ਆ ਗਿਆ ਹੈ। ਉਸਦੀ ਉਪਾਸਨਾ ਕਰੋ। ਉਸ ਨੇ ਸਵਰਗ, ਧਰਤੀ, ਸਮੁੰਦਰ ਅਤੇ ਪਾਣੀ ਦੇ ਚਸ਼ਮੇ ਬਣਾਏ ਹਨ।”

ਫ਼ਿਰ ਪਹਿਲੇ ਦੂਤ ਦੇ ਪਿੱਛੇ ਦੂਸਰਾ ਦੂਤ ਆਇਆ ਅਤੇ ਉਸ ਨੇ ਆਖਿਆ, “ਉਹ ਤਬਾਹ ਹੋ ਚੁੱਕੀ ਹੈ। ਬੇਬੀਲੋਨ ਦੀ ਮਹਾਨ ਨਗਰੀ ਤਬਾਹ ਹੋ ਚੁੱਕੀ ਹੈ। ਉਸ ਨੇ ਹੀ ਸਾਰੀਆਂ ਕੌਮਾਂ ਨੂੰ ਆਪਣੀ ਬਦਕਾਰੀ ਦੀ ਮੈਅ ਪੀਣ ਅਤੇ ਪਰਮੇਸ਼ੁਰ ਦੇ ਗੁੱਸੇ ਨੂੰ ਪਿਲਾਇਆ।”

ਦੋਨਾਂ ਦੂਤਾਂ ਦੇ ਪਿੱਛੇ ਤੀਜਾ ਦੂਤ ਆਇਆ। ਇਸ ਤੀਜੇ ਦੂਤ ਨੇ ਉੱਚੀ ਅਵਾਜ਼ ਵਿੱਚ ਆਖਿਆ, “ਉਸ ਵਿਅਕਤੀ ਲਈ ਇਹ ਭਿਆਨਕ ਹੋਵੇਗਾ ਜਿਹੜਾ ਜਾਨਵਰ ਅਤੇ ਜਾਨਵਰ ਦੀ ਮੂਰਤੀ ਦੀ ਪੂਜਾ ਕਰਦਾ ਹੈ ਅਤੇ ਆਪਣੇ ਮੱਥੇ ਜਾਂ ਹੱਥ ਉੱਤੇ ਨਿਸ਼ਾਨ ਪ੍ਰਾਪਤ ਕਰਾਉਂਦਾ ਹੈ। 10 ਉਹ ਵਿਅਕਤੀ ਪਰਮੇਸ਼ੁਰ ਦੇ ਗੁੱਸੇ ਦੀ ਮੈਅ ਪੀਂਦਾ ਹੈ। ਇਹ ਮੈਅ ਪਰਮੇਸ਼ੁਰ ਦੇ ਗੁੱਸੇ ਵਾਲੇ ਪਿਆਲੇ ਵਿੱਚ ਬਿਨ ਪਤਲੀ ਕੀਤਿਆਂ ਵਰਤਾਈ ਜਾਵੇਗੀ। ਇਸ ਵਿਅਕਤੀ ਨੂੰ ਬਲਦੀ ਹੋਈ ਗੰਧਕ ਨਾਲ ਪਵਿੱਤਰ ਦੂਤਾਂ ਅਤੇ ਲੇਲੇ ਦੇ ਸਾਹਮਣੇ ਕਸ਼ਟ ਦਿੱਤੇ ਜਾਣਗੇ। 11 ਅਤੇ ਉਨ੍ਹਾਂ ਦੀ ਬਲਦੀ ਹੋਈ ਪੀੜਾ ਦਾ ਧੂੰਆਂ ਹਮੇਸ਼ਾ-ਹਮੇਸ਼ਾ ਲਈ ਉੱਡਦਾ ਰਹੇਗਾ। ਉਨ੍ਹਾਂ ਲੋਕਾਂ ਨੂੰ ਕਦੇ ਵੀ ਦਿਨ ਜਾਂ ਰਾਤ ਨੂੰ ਅਰਾਮ ਨਹੀਂ ਮਿਲੇਗਾ। ਜਿਹੜੇ ਜਾਨਵਰ ਅਤੇ ਉਸਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਉਸ ਦੇ ਨਾਂ ਦਾ ਨਿਸ਼ਾਨ ਪ੍ਰਾਪਤ ਕਰਦੇ ਹਨ।”

Punjabi Bible: Easy-to-Read Version (ERV-PA)

2010 by World Bible Translation Center