Revised Common Lectionary (Semicontinuous)
ਮੰਦਰ ਜਾਣ ਵੇਲੇ ਦਾ ਇੱਕ ਗੀਤ।
123 ਹੇ ਪਰਮੇਸ਼ੁਰ, ਮੈਂ ਉੱਪਰ ਤੱਕਦਾ ਹਾਂ ਅਤੇ ਤੁਹਾਡੇ ਅੱਗੇ ਪ੍ਰਾਰਥਨਾ ਕਰਦਾ ਹਾਂ।
ਤੁਸੀਂ ਸਵਰਗ ਵਿੱਚ ਵੱਡੇ ਰਾਜੇ ਵਾਂਗ ਬੈਠੋ।
2 ਗੁਲਾਮ ਆਪਣੀਆਂ ਲੋੜਾਂ ਲਈ ਆਪਣੇ ਮਾਲਕ ਉੱਤੇ ਨਿਰਭਰ ਕਰਦੇ ਹਨ।
ਇਸੇ ਤਰ੍ਹਾਂ, ਅਸੀਂ ਆਪਣੇ ਯਹੋਵਾਹ ਪਰਮੇਸ਼ੁਰ ਉੱਤੇ ਨਿਰਭਰ ਕਰਦੇ ਹਾਂ,
ਅਸੀਂ ਪਰਮੇਸ਼ੁਰ ਦਾ ਸਾਡੇ ਉੱਤੇ
ਮਿਹਰ ਕਰਨ ਲਈ ਇੰਤਜ਼ਾਰ ਕਰਦੇ ਹਾਂ।
3 ਯਹੋਵਾਹ, ਸਾਡੇ ਉੱਪਰ ਮਿਹਰ ਕਰੋ;
ਕਿਉਂਕਿ ਅਸੀਂ ਬਹੁਤ ਚਿਰ ਤੱਕ ਬੇਇੱਜ਼ਤ ਹੋਏ ਹਾਂ।
4 ਅਸੀਂ ਉਨ੍ਹਾਂ ਸੁਸਤ ਗੁਮਾਨੀ ਲੋਕਾਂ ਵੱਲੋਂ ਬਹੁਤ ਬੇਇੱਜ਼ਤੀਆ
ਅਤੇ ਤੁਹਮਤਾਂ ਸਹਾਰੀਆਂ ਹਨ।
16 ਫ਼ੇਰ ਯਹੋਵਾਹ ਨੇ ਉਨ੍ਹਾਂ ਆਗੂਆਂ ਨੂੰ ਚੁਣਿਆ ਜਿਨ੍ਹਾਂ ਨੂੰ ਨਿਆਂਕਾਰ ਆਖਿਆ ਜਾਂਦਾ ਸੀ। ਇਨ੍ਹਾਂ ਆਗੂਆਂ ਨੇ ਇਸਰਾਏਲ ਦੇ ਲੋਕਾਂ ਨੂੰ ਉਨ੍ਹਾਂ ਦੁਸ਼ਮਣਾ ਕੋਲੋਂ ਬਚਾਇਆ ਜਿਨ੍ਹਾਂ ਨੇ ਉਨ੍ਹਾਂ ਨੂੰ ਲੁੱਟ ਲਿਆ ਸੀ। 17 ਇਸਰਾਏਲੀਆਂ ਨੇ ਆਪਣੇ ਨਿਆਂਕਾਰਾ ਦੀ ਗੱਲ ਨਹੀਂ ਸੁਣੀ। ਉਹ ਪਰਮੇਸ਼ੁਰ ਦੇ ਵਫ਼ਾਦਾਰ ਨਹੀਂ ਸਨ, ਉਹ ਹੋਰਨਾਂ ਦੇਵਤਿਆਂ ਦੇ ਪਿੱਛੇ ਲੱਗੇ। ਅਤੀਤ ਵਿੱਚ, ਇਸਰਾਏਲੀਆਂ ਦੇ ਪੁਰਖਿਆਂ ਨੇ ਯਹੋਵਾਹ ਦੇ ਹੁਕਮ ਮੰਨੇ ਸਨ। ਪਰ ਹੁਣ ਇਸਰਾਏਲੀ ਬਦਲ ਗਏ ਸਨ ਅਤੇ ਯਹੋਵਾਹ ਦਾ ਕਹਿਣਾ ਮੰਨਣੋ ਹਟ ਗਏ ਸਨ।
18 ਅਨੇਕਾਂ ਵਾਰੀ ਇਸਰਾਏਲ ਦੇ ਦੁਸ਼ਮਣਾਂ ਨੇ ਲੋਕਾਂ ਨਾਲ ਬੁਰਾ ਸਲੂਕ ਕੀਤਾ। ਇਸ ਲਈ ਇਸਰਾਏਲ ਦੇ ਲੋਕ ਸਹਾਇਤਾ ਲਈ ਪੁਕਾਰਦੇ। ਅਤੇ ਹਰ ਵਾਰੀ, ਯਹੋਵਾਹ ਨੇ ਲੋਕਾਂ ਲਈ ਦੁੱਖ ਮਹਿਸੂਸ ਕੀਤਾ। ਹਰ ਵਾਰੀ ਉਸ ਨੇ ਲੋਕਾਂ ਨੂੰ ਉਨ੍ਹਾਂ ਦੇ ਦੁਸ਼ਮਣ ਤੋਂ ਬਚਾਉਣ ਲਈ ਕਿਸੇ ਨਿਆਂਕਾਰ ਨੂੰ ਭੇਜਿਆ। ਯਹੋਵਾਹ ਹਮੇਸ਼ਾ ਉਨ੍ਹਾਂ ਨਿਆਂਕਾਰਾਂ ਦੇ ਨਾਲ ਸੀ। ਇਸ ਲਈ ਹਰ ਵਾਰੀ ਇਸਰਾਏਲ ਦੇ ਲੋਕ ਆਪਣੇ ਦੁਸ਼ਮਣਾ ਕੋਲੋਂ ਬਚ ਗਏ। 19 ਪਰ ਜਦੋਂ ਹਰੇਕ ਨਿਆਂਕਾਰ ਦਾ ਦੇਹਾਂਤ ਹੋਇਆ, ਇਸਰਾਏਲ ਦੇ ਲੋਕ ਫ਼ੇਰ ਪਾਪ ਕਰਨ ਲੱਗੇ ਅਤੇ ਝੂਠੇ ਦੇਵਤਿਆਂ ਦੀ ਉਪਾਸਨਾ ਕਰਨ ਲੱਗ ਪਏ। ਇਸਰਾਏਲ ਦੇ ਲੋਕ ਬਹੁਤ ਜ਼ਿੱਦੀ ਸਨ-ਉਨ੍ਹਾਂ ਨੇ ਆਪਣੇ ਬਦੀ ਵਾਲੇ ਰਾਹਾਂ ਨੂੰ ਬਦਲਣ ਤੋਂ ਇਨਕਾਰ ਕੀਤਾ। ਉਹ ਆਪਣੇ ਪੁਰਖਿਆਂ ਨਾਲੋਂ ਵੀ ਵੱਧੇਰੇ ਦੁਸ਼ਟ ਸਨ।
20 ਇਸ ਲਈ ਯਹੋਵਾਹ ਇਸਰਾਏਲੀਆਂ ਉੱਤੇ ਕਹਿਰਵਾਨ ਹੋ ਗਿਆ ਅਤੇ ਆਖਿਆ, “ਇਸ ਕੌਮ ਨੇ ਉਸ ਇਕਰਾਰਨਾਮੇ ਨੂੰ ਤੋੜ ਦਿੱਤਾ ਹੈ ਜਿਹੜਾ ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਕੀਤਾ ਸੀ। ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ। 21 ਇਸ ਲਈ ਮੈਂ ਹੁਣ ਫ਼ੇਰ ਕੌਮਾਂ ਨੂੰ ਨਹੀਂ ਹਰਾਵਾਂਗਾ ਅਤੇ ਇਸਰਾਏਲ ਦੇ ਲੋਕਾਂ ਲਈ ਰਾਹ ਪੱਧਰਾ ਨਹੀਂ ਕਰਾਂਗਾ। ਉਹ ਕੌਮਾਂ ਹਾਲੇ ਵੀ ਇਸ ਧਰਤੀ ਉੱਤੇ ਸਨ ਜਦੋਂ ਯਹੋਸ਼ੁਆ ਦਾ ਦੇਹਾਂਤ ਹੋਇਆ ਸੀ। ਅਤੇ ਮੈਂ ਉਨ੍ਹਾਂ ਕੌਮਾਂ ਨੂੰ ਇਸ ਧਰਤੀ ਉੱਤੇ ਟਿਕੇ ਰਹਿਣ ਦਿਆਂਗਾ। 22 ਮੈਂ ਉਨ੍ਹਾਂ ਕੌਮਾਂ ਦੀ ਵਰਤੋਂ ਇਸਰਾਏਲ ਦੇ ਲੋਕਾਂ ਦੀ ਪਰਖ ਕਰਨ ਲਈ ਕਰਾਂਗਾ। ਮੈਂ ਦੇਖਾਂਗਾ ਕਿ ਕੀ ਇਸਰਾਏਲ ਦੇ ਲੋਕ ਆਪਣੇ ਪੁਰਖਿਆਂ ਵਾਂਗ ਯਹੋਵਾਹ ਦੇ ਆਦੇਸ਼ਾਂ ਦਾ ਪਾਲਣ ਕਰ ਸੱਕਦੇ ਹਨ।” 23 ਯਹੋਵਾਹ ਨੇ ਉਨ੍ਹਾਂ ਕੌਮਾਂ ਨੂੰ ਧਰਤੀ ਉੱਤੇ ਰਹਿਣ ਦਿੱਤਾ। ਉਸ ਨੇ ਇਨ੍ਹਾਂ ਕੌਮਾਂ ਨੂੰ ਛੇਤੀ-ਛੇਤੀ ਧਰਤੀ ਛੱਡ ਜਾਣ ਲਈ ਮਜ਼ਬੂਰ ਨਹੀਂ ਕੀਤਾ ਅਤੇ ਯਹੋਸ਼ੁਆ ਦੀ ਫ਼ੌਜ ਦੀ ਉਨ੍ਹਾਂ ਨੂੰ ਹਰਾਉਣ ਵਿੱਚ ਸਹਾਇਤਾ ਨਹੀਂ ਕੀਤੀ।
8 ਚੌਥੇ ਦੂਤ ਨੇ ਆਪਣਾ ਕਟੋਰਾ ਸੂਰਜ ਉੱਤੇ ਡੋਲ੍ਹ ਦਿੱਤਾ। ਸੂਰਜ ਨੂੰ ਲੋਕਾਂ ਨੂੰ ਅੱਗ ਨਾਲ ਸਾੜਨ ਦੀ ਸ਼ਕਤੀ ਦਿੱਤੀ ਗਈ। 9 ਲੋਕੀ ਤੇਜ਼ ਗਰਮੀ ਦੇ ਕਾਰਣ ਮਰ ਗਏ। ਇਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੇ ਨਾਂ ਨੂੰ ਸਰਾਪਿਆ ਜਿਸਨੇ ਇਨ੍ਹਾਂ ਮੁਸੀਬਤਾਂ ਤੇ ਨਿਯੰਤ੍ਰਣ ਕੀਤਾ ਸੀ। ਪਰ ਲੋਕਾਂ ਨੇ ਆਪਣੇ ਦਿਲਾਂ ਤੇ ਜ਼ਿੰਦਗੀਆਂ ਬਦਲਣ ਤੋਂ ਅਤੇ ਪਰਮੇਸ਼ੁਰ ਨੂੰ ਮਹਿਮਾ ਦੇਣ ਤੋਂ ਇਨਕਾਰ ਕੀਤਾ।
10 ਪੰਜਵੇਂ ਦੂਤ ਨੇ ਆਪਣਾ ਕਟੋਰਾ ਜਾਨਵਰ ਦੇ ਤਖਤ ਉੱਤੇ ਖਾਲੀ ਕਰ ਦਿੱਤਾ। ਅਤੇ ਜਾਨਵਰ ਦੀ ਸਲਤਨਤ ਨੂੰ ਹਨੇਰੇ ਨੇ ਕੱਜ ਲਿਆ। ਲੋਕਾਂ ਨੇ ਦਰਦ ਦੇ ਮਾਰੇ ਆਪਣੀਆਂ ਜੀਭਾਂ ਟੁੱਕ ਲਈਆਂ। 11 ਜਿਹੜੇ ਦਰਦ ਅਤੇ ਜ਼ਖਮ ਲੋਕਾਂ ਨੂੰ ਮਿਲੇ ਸਨ ਉਨ੍ਹਾਂ ਕਾਰਣ ਉਨ੍ਹਾਂ ਨੇ ਸਵਰਗ ਦੇ ਪਰਮੇਸ਼ੁਰ ਨੂੰ ਮੰਦਾ ਬੋਲਿਆ। ਪਰ ਲੋਕਾਂ ਨੇ ਆਪਣੇ ਦਿਲਾਂ ਨੂੰ ਬਦਲਣ ਅਤੇ ਆਪਣੇ ਮੰਦੇ ਕਾਰਿਆਂ ਨੂੰ ਬੰਦ ਕਰਨ ਤੋਂ ਇਨਕਾਰ ਕੀਤਾ।
12 ਛੇਵੇ ਦੂਤ ਨੇ ਆਪਣਾ ਕਟੋਰਾ ਮਹਾਨ ਫ਼ਰਾਤ ਦਰਿਆ ਉੱਤੇ ਖਾਲੀ ਕਰ ਦਿੱਤਾ। ਦਰਿਆ ਦਾ ਪਾਣੀ ਸੁੱਕ ਗਿਆ। ਇਸਨੇ ਰਾਜਿਆਂ ਨੂੰ ਪੂਰਬ ਤੋਂ ਆਉਣ ਦਾ ਰਾਹ ਬਣਾ ਦਿੱਤਾ। 13 ਫ਼ੇਰ ਮੈਂ ਤਿੰਨ ਬਦਰੂਹਾਂ ਦੇਖੀਆਂ ਜਿਹੜੀਆਂ ਡੱਡੂਆਂ ਵਾਂਗ ਦਿਖਾਈ ਦਿੰਦੀਆਂ ਸਨ। ਉਹ ਵੱਡੇ ਅਜਗਰ ਦੇ ਮੂੰਹ ਤੋਂ, ਜਾਨਵਰ ਦੇ ਮੂੰਹ ਤੋਂ ਅਤੇ ਝੂਠੇ ਨਬੀ ਦੇ ਮੂੰਹ ਤੋਂ ਨਿਕਲੀਆਂ ਸਨ। 14 ਇਨ੍ਹਾਂ ਭੂਤਾਂ ਦੀਆਂ ਰੂਹਾਂ ਕੋਲ ਕਰਿਸ਼ਮੇ ਕਰਨ ਦੀ ਸ਼ਕਤੀ ਸੀ। ਇਹ ਬਦਰੂਹਾਂ ਸਾਰੀ ਦੁਨੀਆਂ ਦੇ ਰਾਜਿਆਂ ਕੋਲ ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ਹੋਣ ਵਾਲੀ ਜੰਗ ਲਈ ਉਨ੍ਹਾਂ ਨੂੰ ਇਕੱਠਾ ਕਰਨ ਲਈ ਗਈਆਂ।
15 “ਸੁਣੋ। ਮੈਂ ਚੋਰ ਦੇ ਆਉਣ ਵਾਂਗ ਅਚਾਨਕ ਆਵਾਂਗਾ, ਉਹ ਵਿਅਕਤੀ ਸੁਭਾਗਾ ਹੈ ਜਿਹੜਾ ਜਾਗਦਾ ਰਹਿੰਦਾ ਹੈ ਅਤੇ ਆਪਣੇ ਨਾਲ ਆਪਣੇ ਵਸਤਰ ਤਿਆਰ ਰੱਖਦਾ ਹੈ। ਫ਼ੇਰ ਉਸ ਨੂੰ ਬਿਨਾ ਕੱਪੜਿਆਂ ਤੋਂ ਨਹੀਂ ਜਾਣਾ ਪਵੇਗਾ ਅਤੇ ਲੋਕੀ ਉਹ ਚੀਜ਼ਾਂ ਨਹੀਂ ਦੇਖਣਗੇ ਜਿਹੜੀਆਂ ਉਹ ਲੋਕਾਂ ਨੂੰ ਦਿਖਾਉਣ ਤੋਂ ਸੰਗਦਾ ਹੈ।”
16 ਫ਼ੇਰ ਬਦਰੂਹਾਂ ਨੇ ਰਾਜਿਆਂ ਨੂੰ ਉਸ ਸਥਾਨ ਤੇ ਇਕੱਠਿਆਂ ਕੀਤਾ ਜਿਸ ਨੂੰ ਇਬਰਾਨੀ ਭਾਸ਼ਾ ਵਿੱਚ ਹਰਮਗਿੱਦੋਨ ਆਖਿਆ ਜਾਂਦਾ ਹੈ।
17 ਸੱਤਵੇਂ ਦੂਤ ਨੇ ਆਪਣਾ ਬਰਤਨ ਹਵਾ ਵਿੱਚ ਖਾਲੀ ਕਰ ਦਿੱਤਾ। ਫ਼ੇਰ ਮੰਦਰ ਵਿੱਚੋਂ ਤਖਤ ਤੋਂ ਉੱਚੀ ਅਵਾਜ਼ ਆਈ। ਅਵਾਜ਼ ਨੇ ਆਖਿਆ, “ਇਸਦਾ ਖਾਤਮਾ ਹੋ ਗਿਆ।” 18 ਉੱਥੇ ਫ਼ੇਰ ਬਿਜਲੀ ਦੀ ਲਿਸ਼ਕ, ਸ਼ੋਰ ਗਰਜ ਅਤੇ ਵੱਡੇ ਭੁਚਾਲ ਹੋਏ। ਇਹ ਉਸ ਸਮੇਂ ਤੱਕ ਆਏ ਸਭ ਭੁਚਾਲਾਂ ਤੋਂ ਵੱਡਾ ਭੁਚਾਲ ਸੀ, ਜਦੋਂ ਤੋਂ ਲੋਕ ਧਰਤੀ ਤੇ ਰਹਿ ਰਹੇ ਸਨ। 19 ਵੱਡਾ ਸ਼ਹਿਰ ਤਿੰਨ ਹਿੱਸਿਆਂ ਵਿੱਚ ਪਾਟ ਗਿਆ। ਕੌਮਾਂ ਦੇ ਸ਼ਹਿਰ ਤਬਾਹ ਹੋ ਗਏ। ਅਤੇ ਪਰਮੇਸ਼ੁਰ ਬੇਬੀਲੋਨ ਨੂੰ ਸਜ਼ਾ ਦੇਣੀ ਨਹੀਂ ਭੁੱਲਿਆ। ਉਸ ਨੇ ਉਸ ਨੂੰ ਆਪਣੇ ਭਿਆਨਕ ਕਰੋਧ ਨਾਲ ਭਰਿਆ ਇੱਕ ਮੈਅ ਦਾ ਪਿਆਲਾ ਦਿੱਤਾ। 20 ਹਰ ਜੰਜੀਰਾ ਅਲੋਪ ਹੋ ਗਿਆ ਅਤੇ ਉੱਥੇ ਹੁਣ ਕੋਈ ਵੀ ਪਹਾੜ ਨਹੀਂ ਸੀ। 21 ਲੋਕਾਂ ਤੇ ਅਕਾਸ਼ ਤੋਂ ਵੱਡੇ ਗੜ੍ਹੇ ਡਿੱਗਣੇ ਸ਼ੁਰੂ ਹੋ ਗਏ। ਇਨ੍ਹਾਂ ਗੜਿਆਂ ਦਾ ਵਜ਼ਨ ਤਕਰੀਬਨ 50 ਕਿੱਲੋ ਗ੍ਰਾਮ ਸੀ। ਲੋਕਾਂ ਨੇ ਗੜਿਆਂ ਦੀ ਇਸ ਮੁਸੀਬਤ ਲਈ ਪਰਮੇਸ਼ੁਰ ਨੂੰ ਕੋਸਿਆ। ਇਹ ਮੁਸੀਬਤ ਬੜੀ ਭਿਆਨਕ ਸੀ।
2010 by World Bible Translation Center