Revised Common Lectionary (Semicontinuous)
97 ਯਹੋਵਾਹ ਰਾਜ ਕਰਦਾ ਹੈ ਅਤੇ ਧਰਤੀ ਖੁਸ਼ ਹੈ।
ਦੂਰ ਦੁਰਾਡੇ ਦੇ ਸਾਰੇ ਦੇਸ਼, ਖੁਸ਼ ਹਨ।
2 ਘਨਘੋਰ ਬੱਦਲਾਂ ਨੇ ਯਹੋਵਾਹ ਨੂੰ ਘੇਰਿਆ ਹੋਇਆ ਹੈ।
ਚੰਗਿਆਈ ਅਤੇ ਇਨਸਾਫ਼ ਉਸ ਦੇ ਰਾਜ ਨੂੰ ਮਜ਼ਬੂਤ ਬਣਾਉਂਦੇ ਹਨ।
3 ਯਹੋਵਾਹ ਦੇ ਸਾਹਮਣੇ ਅੱਗ ਬਲਦੀ ਹੈ
ਅਤੇ ਉਸ ਦੇ ਦੁਸ਼ਮਣਾਂ ਨੂੰ ਤਬਾਹ ਕਰਦੀ ਹੈ।
4 ਉਸਦੀ ਬਿਜਲੀ ਚਮਕ ਆਕਾਸ਼ ਵਿੱਚ ਚਮਕਦੀ ਹੈ
ਲੋਕ ਇਸ ਨੂੰ ਵੇਖਦੇ ਹਨ ਅਤੇ ਭੈਭੀਤ ਹੋ ਜਾਂਦੇ ਹਨ।
5 ਧਰਤੀ ਦੇ ਮਾਲਕ ਯਹੋਵਾਹ ਦੇ ਸਾਹਮਣੇ
ਪਰਬਤ ਮੋਮ ਵਾਂਗ ਪਿਘਲਦੇ ਹਨ।
6 ਹੇ ਸਵਰਗਾ, ਉਸਦੀ ਚੰਗਿਆਈ ਬਾਰੇ ਦੱਸ।
ਹਰ ਆਦਮੀ ਨੂੰ ਪਰਮੇਸ਼ੁਰ ਦੀ ਮਹਿਮਾ ਵੇਖਣ ਦਿਉ।
7 ਲੋਕ ਆਪਣੀਆਂ ਮੂਰਤੀਆਂ ਦੀ ਉਪਾਸਨਾ ਕਰਦੇ ਹਨ।
ਉਹ ਆਪਣੇ “ਦੇਵਤਿਆਂ” ਬਾਰੇ ਡੀਂਗਾ ਮਾਰਦੇ ਹਨ।
ਪਰ ਉਨ੍ਹਾਂ ਲੋਕਾਂ ਨੂੰ ਸ਼ਰਮਸਾਰ ਕੀਤਾ ਜਾਵੇਗਾ।
ਉਨ੍ਹਾਂ ਦੇ “ਦੇਵਤੇ” ਝੁਕ ਜਾਵਣਗੇ ਅਤੇ ਪਰਮੇਸ਼ੁਰ ਦੀ ਉਪਾਸਨਾ ਕਰਨਗੇ।
8 ਹੇ ਸੀਯੋਨ ਹੁਣ ਖੁਸ਼ ਹੋ।
ਯਹੂਦਾਹ ਦੇ ਸ਼ਹਿਰੋ ਖੁਸ਼ ਹੋਵੋ।
ਕਿਉਂਕਿ ਯਹੋਵਾਹ ਸਿਆਣੇ ਨਿਆਂ ਕਰਦਾ ਹੈ।
9 ਹੇ ਸਭ ਤੋਂ ਉੱਚੇ ਯਹੋਵਾਹ ਅਸਲ ਵਿੱਚ ਤੁਸੀਂ ਹੀ ਧਰਤੀ ਦੇ ਹਾਕਮ ਹੋ।
ਤੁਸੀਂ ਬਹੁਤਿਆਂ “ਦੇਵਤਿਆਂ” ਨਾਲੋਂ ਵੱਧੀਆ ਹੋ।
10 ਜਿਹੜੇ ਬੰਦੇ ਯਹੋਵਾਹ ਨੂੰ ਨਫ਼ਰਤ ਕਰਦੇ ਹਨ ਉਹ ਬਦੀ ਨੂੰ ਨਫ਼ਰਤ ਕਰਦੇ ਹਨ।
ਇਸ ਲਈ ਪਰਮੇਸ਼ੁਰ ਆਪਣੇ ਚੇਲਿਆਂ ਨੂੰ ਬਚਾਉਂਦਾ ਹੈ।
ਪਰਮੇਸ਼ੁਰ ਆਪਣੇ ਚੇਲਿਆਂ ਨੂੰ ਬੁਰੇ ਵਿਅਕਤੀਆਂ ਤੋਂ ਬਚਾਉਂਦਾ ਹੈ।
11 ਨੇਕ ਲੋਕਾਂ ਉੱਤੇ ਰੌਸ਼ਨੀ ਅਤੇ ਖੁਸ਼ੀ ਚਮਕਦੀ ਹੈ।
12 ਚੰਗੇ ਲੋਕੋ, ਯਹੋਵਾਹ ਵਿੱਚ ਖੁਸ਼ ਹੋਵੋ।
ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰੋ।
7 ਇਹ ਸਭ ਇਸ ਲਈ ਵਾਪਰਿਆ ਕਿਉਂ ਕਿ ਇਸਰਾਏਲੀਆਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਖਿਲਾਫ਼ ਪਾਪ ਕੀਤਾ ਜਿਸਨੇ ਉਨ੍ਹਾਂ ਨੂੰ ਮਿਸਰ ਤੋਂ ਬਾਹਰ ਕੱਢ ਲਿਆਇਆ ਸੀ। ਅਤੇ ਮਿਸਰ ਦੇ ਰਾਜੇ ਫ਼ਿਰਊਨ ਤੋਂ ਬਚਾਇਆ ਸੀ। ਉਨ੍ਹਾਂ ਨੇ ਹੋਰਾਂ ਦੇਵਤਿਆਂ ਦੀ ਵੀ ਉਪਾਸਨਾ ਕੀਤੀ। 8 ਉਹ ਹੋਰਨਾ ਲੋਕਾਂ ਦੇ ਨਿਯਮਾਂ ਅਤੇ ਰੀਤਾਂ ਨੂੰ ਮੰਨਦੇ ਸਨ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਵਿੱਚੋਂ ਕੱਢ ਦਿੱਤਾ ਸੀ। ਉਨ੍ਹਾਂ ਨੇ ਸਾਰਿਆਂ ਦੁਆਰਾ ਸ਼ਾਸਨ ਕਰਾਉਣ ਨੂੰ ਚੁਣਿਆ, ਨਾ ਕਿ ਪਰਮੇਸ਼ੁਰ ਦੁਆਰਾ। 9 ਅਤੇ ਇਸਰਾਏਲੀਆਂ ਨੇ ਛੁੱਪੇ-ਲੁਕੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਵਿਰੁੱਧ ਉਹ ਕੰਮ ਕੀਤੇ ਜੋ ਚੰਗੇ ਨਹੀਂ ਸਨ।
ਅਤੇ ਉਨ੍ਹਾਂ ਨੇ ਪਹਿਰੇਦਾਰਾਂ ਦੇ ਗੁੰਮਟ ਤੋਂ ਲੈ ਕੇ ਗੜ੍ਹ ਵਾਲੇ ਸ਼ਹਿਰ ਤੀਕ ਆਪਣੇ ਸਾਰੇ ਸ਼ਹਿਰਾਂ ਵਿੱਚ ਉੱਚੀਆਂ ਥਾਵਾਂ ਬਣਾਈਆਂ। 10 ਅਤੇ ਇਸਰਾਏਲੀਆਂ ਨੇ ਹਰ ਪਹਾੜੀ ਉੱਤੇ ਹਰੇਕ ਰੁੱਖ ਦੇ ਹੇਠਾਂ ਆਪਣੇ ਲਈ ਯਾਦਗਾਰੀ ਪੱਥਰ ਤੇ ਥੰਮ ਖੜ੍ਹੇ ਕਰ ਲੇ। 11 ਉੱਥੇ ਸਾਰੇ ਉੱਚੇ ਥਾਵਾਂ ਉੱਪਰ ਉਨ੍ਹਾਂ ਕੌਮਾਂ ਵਾਂਗ ਜਿਨ੍ਹਾਂ ਨੂੰ ਯਹੋਵਾਹ ਨੇ ਉਨ੍ਹਾਂ ਸਾਹਮਣਿਓ ਕੱਢ ਦਿੱਤਾ ਸੀ ਇਸਰਾਏਲੀਆਂ ਨੇ ਵੀ ਧੂਫ਼ ਧੁਖਾਈ ਅਤੇ ਯਹੋਵਾਹ ਦੇ ਕਰੋਧ ਨੂੰ ਭੜਕਾਉਣ ਲਈ ਉਹ ਕੰਮ ਕੀਤੇ ਜੋ ਮਾੜੇ ਸਨ। 12 ਉਨ੍ਹਾਂ ਨੇ ਬੁੱਤਪਰਸਤੀ ਕੀਤੀ ਜਿਸ ਬਾਰੇ ਉਨ੍ਹਾਂ ਨੂੰ ਯਹੋਵਾਹ ਨੇ ਰੋਕਿਆ ਸੀ ਕਿ, “ਤੁਸੀਂ ਬੁੱਤ ਉਪਾਸਨਾ ਨਹੀਂ ਕਰਨਾ।”
13 ਯਹੋਵਾਹ ਨੇ ਸਾਰੇ ਨਬੀਆਂ ਤੇ ਪੈਗੰਬਰਾਂ ਦੇ ਰਾਹੀਂ ਇਹ ਆਖ ਕੇ ਇਸਰਾਏਲ ਤੇ ਯਹੂਦਾਹ ਨੂੰ ਚਿਤਾਵਨੀ ਦਿੰਦਾ ਰਿਹਾ ਕਿ ਤੁਸੀਂ ਆਪਣੇ ਭੈੜੇ ਰਾਹਾਂ ਤੋਂ ਮੁੜੋ। ਮੇਰੇ ਹੁਕਮਾਂ ਅਤੇ ਬਿਵਸਥਾ ਦਾ ਪਾਲਣ ਕਰੋ। ਉਸ ਸਾਰੀ ਬਿਵਸਥਾ ਦਾ ਅਨੁਸਰਣ ਕਰੋ ਜੋ ਮੈਂ ਤੁਹਾਡੇ ਪੁਰਖਿਆਂ ਨੂੰ ਆਪਣੇ ਸੇਵਕਾਂ, ਨਬੀਆਂ ਰਾਹੀਂ ਦਿੱਤਾ ਸੀ।
14 ਤਾਂ ਵੀ ਲੋਕਾਂ ਨੇ ਉਸਦੀ ਇੱਕ ਨਾ ਸੁਣੀ ਉਹ ਵੀ ਆਪਣੇ ਪੁਰਖਿਆਂ ਵਰਗੇ ਢੀਠ ਤੇ ਅੜੀਅਲ ਸਨ। ਉਨ੍ਹਾਂ ਦੇ ਪੂਰਵਜਾਂ ਨੇ ਵੀ ਯਹੋਵਾਹ ਆਪਣੇ ਪਰਮੇਸ਼ੁਰ ਦੀ ਇੱਕ ਨਹੀਂ ਮੰਨੀ ਸੀ। 15 ਯਹੋਵਾਹ ਨੇ ਜੋ ਨੇਮ ਅਤੇ ਵਿਧੀਆਂ ਉਨ੍ਹਾਂ ਦੇ ਪੁਰਖਿਆਂ ਨਾਲ ਬੰਨ੍ਹੀਆਂ ਸਨ ਉਨ੍ਹਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਯਹੋਵਾਹ ਦੀਆਂ ਚਿਤਾਵਨੀਆਂ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਨਕਾਰੇ ਹੋਏ ਦੇਵਤਿਆਂ ਦੀ ਉਪਾਸਨਾ ਕਰਨੀ ਸ਼ੁਰੂ ਕੀਤੀ ਤਾਂ ਉਹ ਆਪ ਵੀ ਨਕਾਰੇ ਗਏ। ਉਹ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਪਿੱਛੇ ਲੱਗ ਗਏ। ਉਨ੍ਹਾਂ ਨੇ ਵੀ ਉਨ੍ਹਾਂ ਦੇ ਵਾਂਗ ਭੈੜੇ ਕੰਮ ਕੀਤੇ ਜਦ ਕਿ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਭੈੜੇ ਕੰਮ ਕਰਨ ਤੋਂ ਖਬਰਦਾਰ ਕੀਤਾ ਸੀ।
16 ਲੋਕਾਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕੀਤਾ। ਉਨ੍ਹਾਂ ਨੇ ਦੋ ਵੱਛੇ ਸੋਨੇ ਦੇ ਬਣਾਏ ਅਤੇ ਜਿਸ ਅਸ਼ੀਰਾ ਦੀ ਮੂਰਤੀ ਦੀ ਕਨਾਨੀ ਉਪਾਸਨਾ ਕਰਦੇ ਸਨ ਉਸਦਾ ਬੁੱਤ ਤਿਆਰ ਕੀਤਾ ਅਤੇ ਉਨ੍ਹਾਂ ਨੇ ਅਕਾਸ਼ ਦੀ ਸਾਰੀ ਸੈਨਾ ਦੀ ਉਪਾਸਨਾ ਕੀਤੀ ਅਤੇ ਬਆਲ ਦੀ ਸੇਵਾ ਕਰਨ ਲੱਗ ਪਏ। 17 ਉਨ੍ਹਾਂ ਨੇ ਅੱਗ ਵਿੱਚ ਆਪਣੀ ਧੀਆਂ ਪੁੱਤਰਾਂ ਦੀ ਬਲੀ ਚੜ੍ਹਾਈ ਅਤੇ ਭਵਿੱਖ ਨੂੰ ਜਾਨਣ ਵਾਸਤੇ ਜਾਦੂਗਰੀ ਤੇ ਕਾਲੇ ਇਲਮ ਸਿਖੇ ਅਤੇ ਹਰ ਉਹ ਕੰਮ ਕੀਤਾ ਜਿਸ ਨੂੰ ਯਹੋਵਾਹ ਨੇ ਮਾੜਾ ਆਖਿਆ। ਇਹ ਸਭ ਉਨ੍ਹਾਂ ਨੇ ਯਹੋਵਾਹ ਦੇ ਕਰੋਧ ਨੂੰ ਭੜਕਾਉਣ ਲਈ ਹੀ ਕੀਤਾ 18 ਇਸ ਲਈ ਯਹੋਵਾਹ ਇਸਰਾਏਲੀਆਂ ਉੱਪਰ ਬੜਾ ਕਰੋਧ ਵਿੱਚ ਆਇਆ ਅਤੇ ਉਨ੍ਹਾਂ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਕੀਤਾ। ਹੁਣ ਉੱਥੇ ਸਿਵਾਏ ਯਹੂਦਾਹ ਦੇ ਪਰਿਵਾਰ-ਸਮੂਹ ਤੋਂ ਇਲਾਵਾ ਹੋਰ ਇੱਕ ਵੀ ਇਸਰਾਏਲੀ ਨਾ ਰਹਿ ਗਿਆ।
ਯਹੂਦਾਹ ਦੇ ਲੋਕ ਵੀ ਕਸੂਰਵਾਰ ਸਨ
19 ਪਰ ਯਹੂਦਾਹ ਦੇ ਲੋਕਾਂ ਨੇ ਵੀ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਨਾ ਮੰਨਿਆ। ਯਹੂਦਾਹ ਦੇ ਲੋਕ ਵੀ ਇਸਰਾਏਲ ਦੇ ਲੋਕਾਂ ਵਾਂਗ ਹੀ ਰਹੇ।
20 ਯਹੋਵਾਹ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਰੱਦ ਕਰ ਦਿੱਤਾ। ਉਸ ਨੇ ਉਨ੍ਹਾਂ ਨੂੰ ਬੜੇ ਕਸ਼ਟ ਦਿੱਤੇ। ਉਸ ਨੇ ਉਨ੍ਹਾਂ ਨੂੰ ਗਰਕ ਹੋਣ ਦਿੱਤਾ ਅਤੇ ਬਾਹਰ ਕੱਢ ਮਾਰਿਆ ਅਤੇ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦਿੱਤਾ।
ਯਿਸੂ ਜੀਵਨ ਦੀ ਰੋਟੀ
25 ਜਦੋਂ ਲੋਕਾਂ ਨੇ ਯਿਸੂ ਨੂੰ ਝੀਲ ਦੇ ਪਰਲੇ ਪਾਰ ਲੱਭਿਆ, ਉਨ੍ਹਾਂ ਨੇ ਉਸ ਨੂੰ ਪੁੱਛਿਆ, “ਗੁਰੂ ਜੀ, ਤੁਸੀਂ ਇੱਥੇ ਕਦੋਂ ਆਏ?”
26 ਯਿਸੂ ਨੇ ਆਖਿਆ, “ਤੁਸੀਂ ਮੇਰੀ ਭਾਲ ਕਿਉਂ ਕਰ ਰਹੇ ਹੋ? ਕੀ ਇਸ ਲਈ ਕਿ ਤੁਸੀਂ ਮੈਨੂੰ ਕਰਿਸ਼ਮੇ ਕਰਦਿਆਂ ਵੇਖਿਆ ਹੈ ਜਿਹੜੇ ਕਿ ਮੇਰੀ ਸ਼ਕਤੀ ਨੂੰ ਸਾਬਤ ਕਰਦੇ ਹਨ? ਨਹੀਂ! ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਤੁਸੀਂ ਮੇਰੀ ਭਾਲ ਇਸ ਲਈ ਕਰ ਰਹੇ ਸੀ, ਕਿਉਂ ਕਿ ਤੁਸੀਂ ਰੋਟੀ ਖਾਧੀ ਤੇ ਤੁਸੀਂ ਸੰਤੁਸ਼ਟ ਹੋ ਗਏ ਸੀ। 27 ਨਾਸ਼ ਹੋਣ ਵਾਲਾ ਭੋਜਨ ਪ੍ਰਾਪਤ ਕਰਨ ਲਈ ਕੰਮ ਨਾ ਕਰੋ। ਪਰ ਉਸ ਭੋਜਨ ਲਈ ਕੰਮ ਕਰੋ ਜੋ ਹਮੇਸ਼ਾ ਲਈ ਰਹਿੰਦਾ ਅਤੇ ਜੋ ਤੁਹਾਨੂੰ ਸਦੀਪਕ ਜੀਵਨ ਦਿੰਦਾ ਹੈ। ਮਨੁੱਖ ਦਾ ਪੁੱਤਰ ਉਹ ਭੋਜਨ ਦੇਵੇਗਾ। ਪਿਤਾ ਪਰਮੇਸ਼ੁਰ ਨੇ ਆਪਣੀ ਪਰਵਾਨਗੀ ਦੀ ਮੋਹਰ ਆਦਮੀ ਦੇ ਪੁੱਤਰ ਉੱਤੇ ਲਾ ਦਿੱਤੀ ਹੈ।”
28 ਭੀੜ ਨੇ ਪੁੱਛਿਆ, “ਉਹ ਕਿਹੜੀਆਂ ਕਰਨੀਆਂ ਹਨ ਜਿਹੜੀਆਂ ਪਰਮੇਸ਼ੁਰ ਸਾਥੋਂ ਕਰਨ ਦੀ ਆਸ ਰੱਖਦਾ ਹੈ?”
29 ਯਿਸੂ ਨੇ ਉੱਤਰ ਦਿੱਤਾ, “ਪਰਮੇਸ਼ੁਰ ਤੁਹਾਥੋਂ ਇਸ ਗੱਲ ਦੀ ਆਸ ਰੱਖਦਾ ਹੈ ਕਿ, ਜਿਸ ਨੂੰ ਉਸ ਨੇ ਭੇਜਿਆ ਤੁਸੀਂ ਉਸ ਵਿੱਚ ਵਿਸ਼ਵਾਸ ਕਰੋ।”
30 ਭੀੜ ਨੇ ਪੁੱਛਿਆ, “ਤੂੰ ਕਿਹੜਾ ਕਰਿਸ਼ਮਾ ਕਰੇਂਗਾ ਕਿ ਅਸੀਂ ਵੇਖ ਸੱਕੀਏ ਅਤੇ ਵਿਸ਼ਵਾਸ ਕਰ ਸੱਕੀਏ? ਤੂੰ ਕੀ ਕਰਨ ਵਾਲਾ ਹੈ? 31 ਸਾਡੇ ਪੂਰਵਜਾਂ ਨੇ ਉਜਾੜ ਵਿੱਚ ਮੰਨ ਖਾਧਾ ਜਿਵੇਂ ਕਿ ਪੋਥੀਆਂ ਵਿੱਚ ਲਿਖਿਆ ਹੋਇਆ ਹੈ, ‘ਉਸਨੇ ਸਵਰਗ ਤੋਂ ਉਨ੍ਹਾਂ ਨੂੰ ਰੋਟੀ ਖਾਣ ਨੂੰ ਦਿੱਤੀ।’” [a]
32 ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਇਹ ਮੂਸਾ ਨਹੀਂ ਸੀ ਜਿਸਨੇ ਤੁਹਾਨੂੰ ਸਵਰਗ ਵੱਲੋਂ ਰੋਟੀ ਖਾਣ ਨੂੰ ਦਿੱਤੀ। ਇਹ ਮੇਰਾ ਪਿਤਾ ਹੈ ਜੋ ਤੁਹਾਨੂੰ ਸਵਰਗ ਤੋਂ ਸੱਚੀ ਰੋਟੀ ਦਿੰਦਾ ਹੈ। 33 ਪਰਮੇਸ਼ੁਰ ਦੀ ਰੋਟੀ ਉਹ ਹੈ ਜੋ ਸੁਰਗਾਂ ਤੋਂ ਉੱਤਰਦੀ ਹੈ ਅਤੇ ਸੰਸਾਰ ਨੂੰ ਜੀਵਨ ਦਿੰਦੀ ਹੈ।”
34 ਲੋਕਾਂ ਨੇ ਆਖਿਆ, “ਪ੍ਰਭੂ, ਉਹ ਰੋਟੀ ਸਾਨੂੰ ਹਮੇਸ਼ਾ ਦੇਵੀਂ।”
35 ਯਿਸੂ ਨੇ ਉਨ੍ਹਾਂ ਨੂੰ ਕਿਹਾ “ਮੈਂ ਹੀ ਜੀਵਨ ਦੀ ਰੋਟੀ ਹਾਂ। ਜਿਹੜਾ ਕੋਈ ਮੇਰੇ ਕੋਲ ਆਉਂਦਾ ਹੈ ਕਦੇ ਭੁੱਖਾ ਨਹੀਂ ਰਹੇਗਾ ਅਤੇ ਜਿਹੜਾ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਕਦੇ ਪਿਆਸਾ ਨਹੀਂ ਰਹੇਗਾ।
2010 by World Bible Translation Center