Revised Common Lectionary (Semicontinuous)
ਨਿਰਦੇਸ਼ਕ ਲਈ: ਯਦੂਥੂਨ ਲਈ। ਆਸਾਫ਼ ਦਾ ਇੱਕ ਉਸਤਤਿ ਗੀਤ।
77 ਮੈਂ ਪਰਮੇਸ਼ੁਰ ਨੂੰ ਆਵਾਜ਼ ਦਿੰਦਾ ਹਾਂ ਅਤੇ ਸਹਾਇਤਾ ਲਈ ਰੋਂਦਾ ਹਾਂ।
ਹੇ ਪਰਮੇਸ਼ੁਰ ਮੈਂ ਤੈਨੂੰ ਆਵਾਜ਼ ਦਿੰਦਾ ਹਾਂ, ਮੇਰੀ ਆਵਾਜ਼ ਸੁਣੋ।
2 ਮੇਰੇ ਮਾਲਕ, ਮੈਂ ਜਦੋਂ ਵੀ ਮੁਸੀਬਤ ਵਿੱਚ ਹੁੰਦਾ ਹਾਂ ਤੇਰੇ ਕੋਲ ਆਉਂਦਾ ਹਾਂ।
ਮੈਂ ਰਾਤ ਭਰ ਤੁਹਾਡੇ ਲਈ ਪੁਕਾਰਿਆ।
ਮੇਰੀ ਰੂਹ ਨੇ ਸੁਖੀ ਹੋਣਾ ਨਾਮੰਜ਼ੂਰ ਕਰ ਦਿੱਤਾ।
3 ਮੈਂ ਪਰਮੇਸ਼ੁਰ ਬਾਰੇ ਸੋਚਦਾ ਹਾਂ,
ਅਤੇ ਉਸ ਨੂੰ ਦੱਸਣ ਦੀ ਕੋਸ਼ਿਸ਼ ਕਰਦਾ ਹਾਂ ਕਿ ਮੇਰਾ ਕੀ ਹਾਲ ਹੈ।
ਪਰ ਮੈਂ ਅਜਿਹਾ ਨਹੀਂ ਕਰ ਸੱਕਦਾ।
4 ਤੁਸੀਂ ਮੈਨੂੰ ਸੌਣ ਨਹੀਂ ਦਿੰਦੇ ਹੋ।
ਮੈਂ ਕੁਝ ਆਖਣ ਦੀ ਕੋਸ਼ਿਸ਼ ਵੀ ਕੀਤੀ, ਪਰ ਮੈਂ ਬਹੁਤ ਪਰੇਸ਼ਾਨ ਸਾਂ।
5 ਮੈਂ ਅਤੀਤ ਬਾਰੇ ਸੋਚਦਾ ਰਿਹਾ।
ਮੈਂ ਉਨ੍ਹਾਂ ਗੱਲਾਂ ਬਾਰੇ ਸੋਚਦਾ ਰਿਹਾ ਜਿਹੜੀਆਂ ਬਹੁਤ ਪਹਿਲਾਂ ਵਾਪਰੀਆਂ ਸਨ।
6 ਰਾਤ ਵੇਲੇ ਮੈਂ ਆਪਣੇ ਗੀਤਾਂ ਬਾਰੇ ਸੋਚਣ ਦੀ ਕੋਸ਼ਿਸ਼ ਕਰਦਾ ਹਾਂ।
ਮੈਂ ਆਪਣੇ-ਆਪ ਨਾਲ ਗੱਲਾਂ ਕਰਦਾ ਹਾਂ ਅਤੇ ਸਮਝਣ ਦੀ ਕੋਸ਼ਿਸ਼ ਕਰਦਾ ਹਾਂ।
7 ਮੈਂ ਹੈਰਾਨ ਹੁੰਦਾ ਹਾਂ, “ਕੀ ਸਾਡਾ ਯਹੋਵਾਹ ਸਾਨੂੰ ਸਦਾ ਲਈ ਛੱਡ ਗਿਆ ਹੈ?
ਕੀ ਉਹ ਸਾਨੂੰ ਫ਼ੇਰ ਕਦੀ ਵੀ ਨਹੀਂ ਚਾਹੇਗਾ?
8 ਕੀ ਪਰਮੇਸ਼ੁਰ ਦਾ ਪਿਆਰ ਸਦਾ ਲਈ ਮੁੱਕ ਗਿਆ ਹੈ?
ਕੀ ਫ਼ੇਰ ਕਦੀ ਵੀ ਉਹ ਸਾਡੇ ਨਾਲ ਨਹੀਂ ਬੋਲੇਗਾ?
9 ਕੀ ਪਰਮੇਸ਼ੁਰ ਮਿਹਰ ਕਰਨੀ ਭੁੱਲ ਗਿਆ ਹੈ?
ਕੀ ਉਸਦੀ ਹਮਦਰਦੀ ਗੁੱਸੇ ਵਿੱਚ ਬਦਲ ਗਈ ਹੈ?”
10 ਮੈਂ ਫ਼ੇਰ ਸੋਚਿਆ, “ਜਿਹੜਾ ਮਾਮਲਾ ਮੈਨੂੰ ਸਤਾਉਂਦਾ ਹੈ ਇਹ ਹੈ,
ਕੀ ਸਰਬ ਉੱਚ ਪਰਮੇਸ਼ੁਰ ਆਪਣੀ ਸ਼ਕਤੀ ਖੋਹ ਚੁੱਕਿਆ ਹੈ?”
11 ਮੈਨੂੰ ਯਾਦ ਹੈ ਯਹੋਵਾਹ ਨੇ ਕੀ ਕੁਝ ਕੀਤਾ।
ਹੇ ਪਰਮੇਸ਼ੁਰ, ਮੈਨੂੰ ਉਹ ਅਦਭੁਤ ਗੱਲਾਂ ਚੇਤੇ ਹਨ ਜਿਹੜੀਆਂ ਤੁਸਾਂ ਬਹੁਤ ਸਮਾਂ ਪਹਿਲਾਂ ਕੀਤੀਆਂ ਸਨ।
12 ਮੈਂ ਉਸ ਬਾਰੇ ਸੋਚਿਆ ਜੋ ਤੁਸਾਂ ਨੇ ਕੀਤਾ ਹੈ।
ਮੈਂ ਉਨ੍ਹਾਂ ਗੱਲਾਂ ਬਾਰੇ ਸੋਚਿਆ।
13 ਹੇ ਪਰਮੇਸ਼ੁਰਾ ਤੁਹਾਡੇ ਰਾਹ ਪਵਿੱਤਰ ਹਨ।
ਹੇ ਪਰਮੇਸ਼ੁਰ ਤੁਹਾਡੇ ਜਿਹਾ ਕੋਈ ਮਹਾਨ ਨਹੀਂ ਹੈ।
14 ਤੁਸੀਂ ਪਰਮੇਸ਼ੁਰ ਹੋ ਜਿਸਨੇ ਅਦਭੁਤ ਗੱਲਾਂ ਕੀਤੀਆਂ ਹਨ।
ਤੁਸੀਂ ਲੋਕਾਂ ਨੂੰ ਆਪਣੀ ਮਹਾਨ ਸ਼ਕਤੀ ਦਰਸ਼ਾਈ।
15 ਤੁਸੀਂ ਆਪਣੇ ਲੋਕਾਂ ਨੂੰ ਆਪਣੀ ਸ਼ਕਤੀ ਨਾਲ ਬਚਾਇਆ।
ਤੁਸੀਂ ਯਾਕੂਬ ਅਤੇ ਯੂਸੁਫ਼ ਦੀ ਔਲਾਦਾਂ ਨੂੰ ਬਚਾਇਆ।
16 ਹੇ ਪਰਮੇਸ਼ੁਰ, ਪਾਣੀ ਨੇ ਤੁਹਾਨੂੰ ਵੇਖਿਆ ਅਤੇ ਡਰ ਗਿਆ।
ਡੂੰਘਾ ਪਾਣੀ ਡਰ ਨਾਲ ਕੰਬ ਉੱਠਿਆ।
17 ਮੋਟੇ ਬੱਦਲਾਂ ਨੇ ਆਪਣਾ ਪਾਣੀ ਸੁੱਟ ਦਿੱਤਾ।
ਲੋਕਾਂ ਨੇ ਉੱਚੇ ਬੱਦਲਾਂ ਵਿੱਚ ਉੱਚੀ ਕੜਕ ਸੁਣੀ।
ਫ਼ੇਰ ਤੁਹਾਡੇ ਬਿਜਲੀ ਦੇ ਤੀਰ ਬੱਦਲਾਂ ਵਿੱਚ ਚਮਕੇ।
18 ਬਹੁਤ ਉੱਚੀ ਗਰਜ ਹੋਈ।
ਬਿਜਲੀ ਨੇ ਸਾਰੀ ਦੁਨੀਆਂ ਰੌਸ਼ਨ ਕੀਤੀ।
ਕੰਬੀ ਅਤੇ ਹਿੱਲੀ ਧਰਤੀ।
19 ਹੇ ਪਰਮੇਸ਼ੁਰ, ਤੁਸੀਂ ਡੂੰਘੇ ਪਾਣੀਆਂ ਵਿੱਚੋਂ ਦੀ ਚੱਲੇ, ਤੁਸੀਂ ਡੂੰਘਾ ਸਮੁੰਦਰ ਪਾਰ ਕੀਤਾ।
ਪਰ ਤੁਸੀਂ ਕੋਈ ਵੀ ਪੈਰ ਚਿਨ੍ਹ ਨਹੀਂ ਛੱਡਿਆ।
20 ਤੁਸੀਂ ਮੂਸਾ ਅਤੇ ਹਾਰੂਨ ਨੂੰ ਆਪਣੇ ਲੋਕਾਂ ਦੀ ਭੇਡਾਂ ਵਾਂਗ
ਅਗਵਾਈ ਕਰਨ ਲਈ ਇਸਤੇਮਾਲ ਕੀਤਾ।
ਏਲੀਯਾਹ ਨੂੰ ਉੱਠਾਉਣ ਦੀ ਯਹੋਵਾਹ ਦੀ ਵਿਉਂਤ
2 ਜਦੋਂ ਯਹੋਵਾਹ, ਏਲੀਯਾਹ ਨੂੰ ਇੱਕ ਵਾਵਰੋਲੇ ਵਿੱਚ ਅਕਾਸ਼ ਵੱਲ ਚੁੱਕਣ ਹੀ ਵਾਲਾ ਸੀ, ਏਲੀਯਾਹ, ਅਤੇ ਅਲੀਸ਼ਾ ਗਿਲਗਾਲ ਤੋਂ ਜਾ ਰਹੇ ਸਨ।
2 ਏਲੀਯਾਹ ਨੇ ਅਲੀਸ਼ਾ ਨੂੰ ਕਿਹਾ, “ਕਿਰਪਾ ਕਰਕੇ ਇੱਥੇ ਰੁਕ ਜਾ ਕਿਉਂ ਕਿ ਯਹੋਵਾਹ ਨੇ ਮੈਨੂੰ ਬੈਤਏਲ ਤੀਕ ਜਾਣ ਲਈਂ ਕਿਹਾ ਹੈ।”
ਪਰ ਅਲੀਸ਼ਾ ਨੇ ਕਿਹਾ, “ਮੈਂ ਯਹੋਵਾਹ ਦੀ ਜ਼ਿੰਦਗੀ ਦੀ ਅਤੇ ਤੇਰੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ, ਮੈਂ ਤੈਨੂੰ ਛੱਡ ਕੇ ਨਾ ਜਾਵਾਂਗਾ।” ਤਦ ਇਹ ਦੋਨੋ ਮਨੁੱਖ ਬੈਤਏਲ ਨੂੰ ਤੁਰ ਪਏ।
3 ਨਬੀਆਂ ਦਾ ਇੱਕ ਸਮੂਹ, ਜੋ ਕਿ ਬੈਤਏਲ ਵਿੱਚ ਸੀ, ਅਲੀਸ਼ਾ ਕੋਲ ਆਇਆ ਅਤੇ ਉਸ ਨੂੰ ਕਹਿਣ ਲੱਗਾ, “ਕੀ ਤੂੰ ਜਾਣਦਾ ਹੈਂ ਕਿ ਯਹੋਵਾਹ ਅੱਜ ਤੇਰੇ ਸੁਆਮੀ ਨੂੰ, ਤੇਰੇ ਤੋਂ ਅਲੱਗ ਕਰ ਦੇਵੇਗਾ?”
ਅਲੀਸ਼ਾ ਨੇ ਕਿਹਾ, “ਮੈਨੂੰ ਪਤਾ ਹੈ, ਇਸ ਬਾਰੇ ਗੱਲ ਨਾ ਕਰੋ।”
4 ਏਲੀਯਾਹ ਨੇ ਅਲੀਸ਼ਾ ਨੂੰ ਕਿਹਾ, “ਅਲੀਸ਼ਾ ਤੂੰ ਇੱਥੇ ਠਹਿਰ ਜਾਵੀਂ ਕਿਉਂ ਕਿ ਯਹੋਵਾਹ ਨੇ ਮੈਨੂੰ ਯਰੀਹੋ ਨੂੰ ਭੇਜਿਆ ਹੈ।”
ਪਰ ਅਲੀਸ਼ਾ ਨੇ ਕਿਹਾ, “ਮੈਂ ਇਕਰਾਰ ਕੀਤਾ ਸੀ ਕਿ ਜਦ ਤੱਕ ਯਹੋਵਾਹ ਜਿਉਂਦਾ ਰਹੇਗਾ ਤੇ ਜਦ ਤੀਕ ਤੂੰ ਜਿਉਂਦਾ ਰਹੇਂਗਾ, ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗਾ।” ਇਸ ਲਈ ਉਹ ਦੋਨੋ ਫ਼ੇਰ ਯਰੀਹੋ ਨੂੰ ਤੁਰ ਪਏ।
5 ਯਰੀਹੋ ਵਿੱਚ ਇੱਕ ਨਬੀਆਂ ਦੀ ਟੋਲੀ ਅਲੀਸ਼ਾ ਕੋਲ ਆਈ ਅਤੇ ਆਕੇ ਉਸ ਨੂੰ ਕਹਿਣ ਲਗੀ, “ਕੀ ਤੂੰ ਜਾਣਦਾ ਹੈਂ ਕਿ ਅੱਜ ਯਹੋਵਾਹ ਤੇਰੇ ਸੁਆਮੀ ਨੂੰ ਤੇਰੇ ਤੋਂ ਜੁਦਾਅ ਕਰ ਦੂਰ ਲੈ ਜਾਵੇਗਾ?”
ਏਲੀਯਾਹ ਨੇ ਜਵਾਬ ਦਿੱਤਾ, “ਹਾਂ, ਮੈਂ ਜਾਣਦਾ ਹਾਂ, ਪਰ ਇਸ ਬਾਰੇ ਕੋਈ ਗੱਲ ਨਾ ਕਰੋ।”
6 ਏਲੀਯਾਹ ਨੇ ਅਲੀਸ਼ਾ ਨੂੰ ਕਿਹਾ, “ਤੂੰ ਇੱਥੇ ਰੁਕ ਜਾਵੀਂ ਕਿਉਂ ਕਿ ਯਹੋਵਾਹ ਨੇ ਮੈਨੂੰ ਯਰਦਨ ਦਰਿਆ ਦੇ ਕੰਢੇ ਤੇ ਜਾਣ ਨੂੰ ਕਿਹਾ ਹੈ।”
ਅਲੀਸ਼ਾ ਨੇ ਆਖਿਆ, “ਮੈਂ ਯਹੋਵਹਾ ਦੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ ਕਿ ਜਦ ਤਕ ਯਹੋਵਾਹ ਅਤੇ ਤੂੰ ਜਿਉਂਦਾ ਹੈਂ, ਮੈਂ ਛੱਡ ਕੇ ਨਹੀਂ ਜਾਵਾਂਗਾ।” ਇਸ ਲਈ ਦੋਵੇਂ ਚੱਲੇ ਗਏ।
7 ਉੱਥੇ ਨਬੀਆਂ ਦੇ ਟੋਲੇ ਵਿੱਚੋਂ ਕੋਈ 50 ਦੇ ਕਰੀਬ ਮਨੁੱਖ ਸਨ, ਜਿਨ੍ਹਾਂ ਉਨ੍ਹਾਂ ਦਾ ਪਿੱਛਾ ਕੀਤਾ। ਏਲੀਯਾਹ ਅਤੇ ਅਲੀਸ਼ਾ ਯਰਦਨ ਦਰਿਆ ਕੋਲ ਠਹਿਰ ਗਏ ਅਤੇ ਉਹ 50 ਮਨੁੱਖ ਉਨ੍ਹਾਂ ਤੋਂ ਕਾਫ਼ੀ ਦੂਰ ਜਾਕੇ ਠਹਿਰ ਗਏ। 8 ਏਲੀਯਾਹ ਨੇ ਆਪਣਾ ਕੋਟ ਲਾਹ ਕੇ ਵਲੇਟਿਆ ਅਤੇ ਇਸ ਨਾਲ ਪਾਣੀ ਨੂੰ ਮਾਰਿਆ। ਇਸ ਨਾਲ ਪਾਣੀ ਖੱਬੇ ਅਤੇ ਸੱਜੇ ਦੋ ਹਿੱਸਿਆਂ ਵਿੱਚ ਵੰਡ ਗਿਆ। ਫ਼ੇਰ ਏਲੀਯਾਹ ਅਤੇ ਅਲੀਸ਼ਾ ਸੁੱਕੀ ਧਰਤੀ ਤੋਂ ਦੀ ਤੁਰ ਕੇ ਯਰਦਨ ਨਦੀ ਦੇ ਦੂਜੇ ਪਾਸੇ ਚੱਲੇ ਗਏ।
9 ਜਦੋਂ ਉਨ੍ਹਾਂ ਨੇ ਦਰਿਆ ਪਾਰ ਕਰ ਲਿਆ ਤਾਂ ਏਲੀਯਾਹ ਨੇ ਅਲੀਸ਼ਾ ਨੂੰ ਕਿਹਾ, “ਇਸ ਤੋਂ ਪਹਿਲਾਂ ਕਿ ਪਰਮੇਸ਼ੁਰ ਮੈਨੂੰ ਤੇਰੇ ਤੋਂ ਜੁਦਾਅ ਕਰ ਦੇਵੇ, ਦੱਸ ਤੂੰ ਕਿ ਮੈਂ ਤੇਰੇ ਲਈ ਕੀ ਕਰਾਂ?”
ਅਲੀਸ਼ਾ ਨੇ ਕਿਹਾ, “ਤੇਰੇ ਆਤਮੇ ਦਾ ਦੋਹਰਾ ਹਿੱਸਾ ਮੇਰੇ ਉੱਤੇ ਹੋਵੇ।”
10 ਏਲੀਯਾਹ ਨੇ ਕਿਹਾ, “ਤੂੰ ਕੁਝ ਅਜਿਹਾ ਮੰਗਿਆ ਜੋ ਕਿ ਬਹੁਤ ਮੁਸ਼ਕਿਲ ਹੈ! ਜੇਕਰ ਤੂੰ ਮੈਨੂੰ ਉਸ ਵੇਲੇ ਵੇਖੇਂ ਜਦੋਂ ਮੈਂ ਤੈਥੋਂ ਦੂਰ ਲਿਜਾਇਆ ਜਾਵਾਂਗਾ, ਤਾਂ ਤੇਰੇ ਲਈ ਉਵੇਂ ਹੀ ਹੋਵੇਗਾ, ਪਰ ਜੇ ਤੂੰ ਨਹੀਂ ਵੇਖੇਂਗਾ, ਤਾਂ ਇਹ ਨਹੀਂ ਵਾਪਰੇਗਾ।”
ਪਰਮੇਸ਼ੁਰ ਦਾ ਏਲੀਯਾਹ ਨੂੰ ਸੁਰਗਾਂ ’ਚ ਲੈ ਜਾਣਾ
11 ਏਲੀਯਾਹ ਅਤੇ ਅਲੀਸ਼ਾ ਦੋਨੋ ਇਕੱਠੇ ਚੱਲਦੇ ਗੱਲਾਂ ਕਰ ਰਹੇ ਸਨ। ਅਚਾਨਕ ਕੁਝ ਘੋੜੇ ਅਤੇ ਰੱਥ ਆਏ ਅਤੇ ਏਲੀਯਾਹ ਨੂੰ ਅਲੀਸ਼ਾ ਤੋਂ ਅਲੱਗ ਕਰ ਗਏ। ਉਹ ਘੋੜੇ ਅਤੇ ਰੱਥ ਅੱਗ ਵਾਂਗ ਸਨ। ਤਦ ਏਲੀਯਾਹ ਇਸ ਵਾਵਰੋਲੇ ਵਿੱਚ ਅਕਾਸ਼ ਨੂੰ ਉੱਠਾਇਆ ਗਿਆ।
12 ਅਲੀਸ਼ਾ ਨੇ ਇਹ ਸਭ ਵੇਖਿਆ ਤਾਂ ਉੱਚੀ ਅਵਾਜ਼ ਵਿੱਚ ਚਿਲਾਇਆ, “ਹੇ ਮੇਰੇ ਪਿਤਾ! ਮੇਰੇ ਪਿਤਾ! ਇਸਰਾਏਲ ਦੇ ਘੋੜੇ ਤੇ ਰੱਥ!”
ਜਦੋਂ ਅਲੀਸ਼ਾ ਨੂੰ ਏਲੀਯਾਹ ਹੋਰ ਨਾ ਦਿਖਿਆ, ਅਲੀਸ਼ਾ ਨੇ ਕਸੱਕੇ ਆਪਣੇ ਕੱਪੜਿਆਂ ਨੂੰ ਫ਼ੜਿਆ ਅਤੇ ਆਪਣੀ ਉਦਾਸੀ ਦਰਸਾਉਣ ਲਈ ਇਨ੍ਹਾਂ ਨੂੰ ਦੋ ਟੁਕੜਿਆਂ ਵਿੱਚ ਪਾੜ ਦਿੱਤਾ। 13 ਏਲੀਯਾਹ ਦਾ ਕੋਟ ਜ਼ਮੀਨ ਤੇ ਡਿੱਗ ਪਿਆ, ਤਾਂ ਅਲੀਸ਼ਾ ਨੇ ਉਸ ਨੂੰ ਚੁੱਕਿਆ ਅਤੇ ਯਰਦਨ ਨਦੀ ਦੇ ਕਿਨਾਰੇ ਆ ਗਿਆ ਅਲੀਸ਼ਾ ਨੇ ਪਾਣੀ ਨੂੰ ਮਾਰਿਆ ਅਤੇ ਆਖਿਆ, “ਯਹੋਵਾਹ, ਏਲੀਯਾਹ ਦਾ ਪਰਮੇਸ਼ੁਰ ਕਿੱਥੇ ਹੈ?” 14 ਜਦ ਅਲੀਸ਼ਾ ਨੇ ਪਾਣੀ ਨੂੰ ਮਾਰਿਆ ਤਾਂ ਪਾਣੀ ਖੱਬੇ-ਸੱਜੇ ਦੋ ਹਿੱਸਿਆ ਵਿੱਚ ਵੰਡਿਆਂ ਗਿਆ ਅਤੇ ਅਲੀਸ਼ਾ ਦਰਿਆ ਪਾਰ ਕਰ ਗਿਆ।
ਨਬੀਆਂ ਨੇ ਏਲੀਯਾਹ ਬਾਰੇ ਪੁੱਛਿਆ
15 ਜਦੋਂ ਯਰੀਹੋ ਵਿੱਚ ਨਬੀਆਂ ਦੀ ਟੋਲੀ ਨੇ ਅਲੀਸ਼ਾ ਨੂੰ ਵੇਖਿਆ ਤਾਂ ਉਨ੍ਹਾਂ ਕਿਹਾ, “ਏਲੀਯਾਹ ਦੀ ਆਤਮਾ ਹੁਣ ਅਲੀਸ਼ਾ ਵਿੱਚ ਹੈ।” ਤਾਂ ਉਹ ਅਲੀਸ਼ਾ ਨੂੰ ਮਿਲਣ ਲਈ ਆਏ। ਉਨ੍ਹਾਂ ਅਲੀਸ਼ਾ ਦੇ ਸਾਹਮਣੇ ਸਿਰ ਝੁਕਾਇਆ ਅਤੇ ਉਸ ਨੂੰ ਕਿਹਾ, 16 “ਵੇਖ ਸਾਡੇ ਕੋਲ 50 ਤਕੜੇ ਆਦਮੀ ਹਨ। ਉਨ੍ਹਾਂ ਨੂੰ ਤੇਰੇ ਸੁਆਮੀ ਦੀ ਭਾਲ ਵਿੱਚ ਜਾਣ ਦੇ। ਹੋ ਸੱਕਦਾ ਹੈ ਕਿ ਯਹੋਵਾਹ ਦੇ ਆਤਮਾ ਨੇ ਏਲੀਯਾਹ ਨੂੰ ਉੱਪਰ ਚੁੱਕ ਲਿਆ ਹੋਵੇ ਅਤੇ ਕਿਸੇ ਪਹਾੜੀ ਦੀ ਚੋਟੀ ਉੱਤੇ ਛੱਡ ਦਿੱਤਾ ਹੋਵੇ ਜਾਂ ਕਿਸੇ ਵਾਦੀ ਵਿੱਚ ਲਾਹ ਦਿੱਤਾ ਹੋਵੇ।”
ਪਰ ਅਲੀਸ਼ਾ ਨੇ ਕਿਹਾ, “ਨਹੀਂ! ਤੁਸੀਂ ਏਲੀਯਾਹ ਨੂੰ ਭਾਲਣ ਲਈ ਆਪਣੇ ਬੰਦਿਆਂ ਨੂੰ ਨਾ ਭੇਜੋ।”
17 ਪਰ ਜਦ ਨਬੀਆਂ ਨੇ ਇੰਨਾ ਹਠ ਕੀਤਾ ਤਾਂ ਉਹ ਸ਼ਰਮਿੰਦਾ ਹੋ ਗਿਆ ਤਾਂ ਉਸ ਨੇ ਆਖਿਆ , “ਭੇਜ ਦੇਵੋ।”
ਤਾਂ ਉਨ੍ਹਾਂ ਨੇ 50 ਮਨੁੱਖ ਭੇਜੇ। ਉਨ੍ਹਾਂ ਤਿੰਨ ਦਿਨ ਉਸ ਦੀ ਖੋਜ ਕੀਤੀ ਪਰ ਉਹ ਕਿਤੇ ਨਾ ਲੱਭਾ। 18 ਤਦ ਆਦਮੀ ਯਰੀਹੋ ਵੱਲ ਗਏ, ਜਿੱਥੇ ਕਿ ਅਲੀਸ਼ਾ ਠਹਿਰਿਆ ਹੋਇਆ ਸੀ ਅਤੇ ਉਨ੍ਹਾਂ ਨੇ ਉਸ ਨੂੰ ਦੱਸਿਆ ਕਿ ਉੱਨ੍ਹਾਂ ਨੂੰ ਏਲੀਯਾਹ ਕਿਤੇ ਨਹੀਂ ਲੱਭਿਆ। ਅਲੀਸ਼ਾ ਨੇ ਉਨ੍ਹਾਂ ਨੂੰ ਆਖਿਆ, “ਕੀ ਮੈਂ ਤੁਹਾਨੂੰ ਨਾ ਜਾਣ ਲਈ ਨਹੀਂ ਆਖਿਆ ਸੀ?”
ਯਿਸੂ ਨੇ ਵਿਸ਼ਵਾਸ ਦੀ ਤਾਕਤ ਵਿਖਾਈ(A)
20 ਅਗਲੀ ਸਵੇਰ, ਜਦ ਯਿਸੂ ਆਪਣੇ ਚੇਲਿਆਂ ਨਾਲ ਜਾ ਰਿਹਾ ਸੀ, ਉਨ੍ਹਾਂ ਨੇ ਉਹ ਰੁੱਖ ਵੇਖਿਆ ਜਿਸ ਨੂੰ ਯਿਸੂ ਨੇ ਪਿੱਛਲੇ ਦਿਨ ਸਰਾਪ ਦਿੱਤਾ ਸੀ। ਉਹ ਸੁੱਕ ਗਿਆ ਸੀ ਅਤੇ ਉਸ ਦੀਆਂ ਜੜ੍ਹਾਂ ਵੀ ਸੜ ਗਈਆਂ ਸਨ। 21 ਤਦ ਪਤਰਸ ਨੇ ਚੇਤੇ ਕਰਕੇ ਉਸ ਨੂੰ ਕਿਹਾ, “ਗੁਰੂ ਜੀ ਵੇਖੋ, ਕੱਲ ਤੁਸੀਂ ਇਸ ਰੁੱਖ ਨੂੰ ਸਰਾਪ ਦਿੱਤਾ ਸੀ ਤੇ ਉਹ ਸੁੱਕ ਗਿਆ ਹੈ।”
22 ਯਿਸੂ ਨੇ ਆਖਿਆ, “ਪਰਮੇਸ਼ੁਰ ਤੇ ਵਿਸ਼ਵਾਸ ਰੱਖੋ। 23 ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਜੇਕਰ ਤੁਸੀਂ ਇਸ ਪਹਾੜ ਨੂੰ ਕਹੋ, ‘ਖੜ੍ਹਾ ਹੋ ਅਤੇ ਆਪਣੇ-ਆਪ ਨੂੰ ਸਮੁੰਦਰ ਵਿੱਚ ਸੁੱਟ ਲੈ।’ ਅਤੇ ਜੇਕਰ ਤੁਸੀਂ ਮਨ ਵਿੱਚ ਬਿਨਾ ਕਿਸੇ ਸ਼ੰਕਾ ਵਿਸ਼ਵਾਸ ਰੱਖੋ ਕਿ ਤੁਸੀਂ ਜੋ ਆਖਿਆ ਉਹ ਵਾਪਰੇਗਾ, ਤਾਂ ਤੁਹਾਡੇ ਲਈ ਉਹ ਜ਼ਰੂਰ ਹੀ ਵਾਪਰੇਗਾ। 24 ਇਸੇ ਲਈ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੁਝ ਵੀ ਤੁਸੀਂ ਪ੍ਰਾਰਥਨਾ ਵਿੱਚ ਮੰਗੋ ਤਾਂ ਪਰਮੇਸ਼ੁਰ ਤੇ ਭਰੋਸਾ ਰੱਖੋ ਕਿ ਜੋ ਤੁਸੀਂ ਮੰਗਿਆ ਹੈ, ਉਹ ਤੁਹਾਨੂੰ ਮਿਲ ਗਿਆ ਹੈ, ਤਾਂ ਤੁਹਾਨੂੰ ਜ਼ਰੂਰ ਮਿਲੇਗਾ। 25 ਜਦੋਂ ਤੁਸੀਂ ਪ੍ਰਾਰਥਨਾ ਕਰੋ, ਜੇਕਰ ਤੁਹਾਨੂੰ ਯਾਦ ਆਵੇ ਕਿ ਤੁਸੀਂ ਕਿਸੇ ਨਾਲ ਗੁੱਸੇ ਹੋ, ਤੁਸੀਂ ਮਨੁੱਖ ਨੂੰ ਮਾਫ਼ ਕਰ ਦੇਵੋ। ਜੇਕਰ ਤੁਸੀਂ ਉਸ ਇੰਝ ਕਰੋਂਗੇ, ਸੁਰਗ ਵਿੱਚ ਬੈਠਾ ਤੁਹਾਡਾ ਪਿਤਾ ਵੀ ਤੁਹਾਡੇ ਪਾਪ ਮਾਫ਼ ਕਰ ਦੇਵੇਗਾ।”
2010 by World Bible Translation Center